ਲੋਕ ਸਭਾ ਚੋਣਾਂ 2024: ਰਾਹੁਲ ਗਾਂਧੀ ਨੇ ਕਿਵੇਂ ਕਾਂਗਰਸ ਵਿੱਚ ਨਵੀਂ ਜਾਨ ਪਾਈ ਤੇ ਭਾਰਤ ਜੋੜੋ ਯਾਤਰਾ ਕਿਵੇਂ ਕੰਮ ਆਈ

ਤਸਵੀਰ ਸਰੋਤ, ANI
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਗਿਆ ਹੈ। ਹਾਲ ਵਿੱਚ ਆਏ ਨਤੀਜਿਆਂ ਮਗਰੋਂ ਕਾਂਗਰਸ ਦੇ ਹੌਂਸਲੇ ਬੁਲੰਦ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਲੋਕ ਸਭਾ ਦੇ ਪਹਿਲੇ ਸੈਸ਼ਨ ਤੋਂ ਹੀ ਹਮਲਾਵਰ ਰੁਖ ਅਪਣਾਉਣ ਦੀ ਤਿਆਰੀ ਵਿੱਚ ਹੈ।
ਚਾਰ ਜੂਨ ਨੂੰ ਜਦੋਂ ਚੋਣ ਨਤੀਜੇ ਕਾਂਗਰਸ ਅਤੇ ਵਿਰੋਧੀ ਧਿਰ ਦੀ ਬਿਹਤਰ ਕਾਰਗੁਜ਼ਾਰੀ ਵੱਲ ਇਸ਼ਾਰਾ ਕਰ ਰਹੇ ਸਨ ਤਾਂ ਉਸੇ ਦੌਰਾਨ ਕਾਂਗਰਸ ਦਫ਼ਤਰ ਵਿੱਚ ਦੁਪਹਿਰ ਨੂੰ ਰਾਹੁਲ ਮੀਡੀਆ ਨੂੰ ਮਿਲਣ ਪਹੁੰਚੇ। ਉਨ੍ਹਾਂ ਦਾ ਚਿਹਰਾ ਖਿੜਿਆ ਹੋਇਆ ਸੀ।
ਕਾਂਗਰਸ ਮੁਖੀ ਮਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਦੀ ਮੌਜੂਦਗੀ ਵਿੱਚ ਲਾਲ ਜਿਲਦ ਵਾਲਾ ਸੰਵਿਧਾਨ ਲੈ ਕੇ ਪਹੁੰਚੇ ਰਾਹੁਲ ਗਾਂਧੀ ਬੋਲੇ, “ਲੜਾਈ ਸੰਵਿਧਾਨ ਨੂੰ ਬਚਾਉਣ ਦੀ ਸੀ।”
ਸੰਵਿਧਾਨ ਦੀ ਕਾਪੀ ਉਨ੍ਹਾਂ ਦੀਆਂ ਚੋਣ ਰੈਲੀਆਂ, ਯਾਤਰਾਵਾਂ ਦੌਰਾਨ ਕਈ ਵਾਰ ਨਜ਼ਰ ਆਈ। ਰਾਹੁਲ ਗਾਂਧੀ ਦੇ ਇਹ ਭਾਵ ਮਾਰਚ ਵਿੱਚ ਉਨ੍ਹਾਂ ਦੇ ਰੁਖ਼ ਤੋਂ ਬਿਲਕੁਲ ਵੱਖਰੇ ਸਨ। ਉਸ ਦਿਨ ਪ੍ਰੈੱਸ ਕਾਨਫਰੰਸ ਵਿੱਚ ਬੇਹੱਦ ਤਲਖ਼ ਅਵਾਜ਼ ਵਿੱਚ ਉਨ੍ਹਾਂ ਨੇ ਕਿਹਾ ਸੀ, “ਅੱਜ ਭਾਰਤ ਵਿੱਚ ਲੋਕਤੰਤਰ ਨਹੀਂ ਹੈ।”
ਉਸ ਦਿਨ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਬੈਂਕ ਖਾਤੇ ਫਰੀਜ਼ ਕਰ ਦਿੱਤੇ ਗਏ ਸਨ ਅਤੇ ਪਾਰਟੀ ਦੇ ਲਈ ਚੋਣਾਂ ਲੜਨ ਦੀ ਚੁਣੌਤੀ ਸੀ।
ਲੋਕਤੰਤਰ ਖ਼ਤਰੇ ਵਿੱਚ ਹੈ ਅਤੇ ਈਡੀ, ਸੀਬੀਆਈ ਵਰਗੀਆਂ ਲੋਕਤੰਤਰੀ ਸੰਸਥਾਵਾਂ ਦੀ ਕਥਿਤ ਦੁਰਵਰਤੋਂ ਦਾ ਨਰਸਿੰਘਾ ਲੈ ਕੇ ਚੋਣਾਂ ਵਿੱਚ ਉਤਰਨ ਵਾਲੀ ਵਿਰੋਧੀ ਧਿਰ ਤੋਂ ਸ਼ਾਇਦ ਹੀ ਕਿਸੇ ਵਿਸ਼ਲੇਸ਼ਕ ਨੂੰ ਬਿਹਤਰ ਕਾਰਗੁਜ਼ਾਰੀ ਦੀ ਉਮੀਦ ਰਹੀ ਹੋਵੇਗੀ। ਇਨ੍ਹਾਂ ਚੋਣਾਂ ਨੂੰ ਵਿਰੋਧੀ ਧਿਰ ਲਈ ‘ਕਰੋ ਜਾਂ ਮਰੋ’ ਦੱਸਿਆ ਗਿਆ ਸੀ।

ਬਦਲੇ ਸੁਰ
ਸਾਨੂੰ ਇੰਡੀਆ ਗਠਬੰਧਨ ਦੀਆਂ ਬੈਠਕਾਂ ਵਿੱਚ, ਕਾਂਗਰਸ ਦਫ਼ਤਰ ਦੇ ਬਾਹਰ, ਭਾਰਤ ਜੋੜੋ ਨਿਆਇ ਯਾਤਰਾ ਦੇ ਦੌਰਾਨ ਕਾਂਗਰਸ ਅਤੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਕਈ ਪੱਤਰਕਾਰ ਅਤੇ ‘ਜਾਣਕਾਰ’ ਮਿਲੇ ਸਨ।
ਦੂਜੀਆਂ ਪਾਰਟੀਆਂ ਦੇ ਵਸੀਲਿਆਂ ਵਿੱਚ ਕਿਤੇ ਅੱਗੇ ਭਾਜਪਾ ਦਾ ਵਿਸ਼ਾਲ ਬਹੁਮਤ ਨਾਲ ਸਰਕਾਰ ਵਿੱਚ ਵਾਪਸ ਆਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ।
ਲੇਕਿਨ ਹੁਣ ਸੁਰ ਬਦਲੇ ਹੋਏ ਹਨ ਅਤੇ ਇਹ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਸਮਝੌਤਾ ਸਰਕਾਰ ਦੀ ਅਗਵਾਈ ਕਰਨ ਦੀ ਚੁਣੌਤੀ ਹੋਵੇਗੀ।
ਸਾਲ 2014 ਵਿੱਚ 44 ਸੀਟਾਂ ਉੱਤੇ ਅਤੇ 2019 ਵਿੱਚ 52 ਸੀਟਾਂ ਉੱਤੇ ਸੀਮਤ ਰਹਿ ਜਾਣ ਵਾਲੀ ਕਾਂਗਰਸ ਦਾ 99 ਸੀਟਾਂ ਜਿੱਤਣਾ ਅਤੇ ਇੰਡੀਆ ਗਠਜੋੜ ਦਾ 234 ਦੇ ਆਂਕੜੇ ਤੱਕ ਪਹੁੰਚਣ ਨੂੰ ਵਿਰੋਧੀ ਧਿਰ ਲਈ ਇੱਕ ਵੱਡੀ ਸਫ਼ਲਤਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਅੰਕੜਾ ਭਾਜਪਾ ਦੀਆਂ ਕੁੱਲ ਸੀਟਾਂ ਤੋਂ ਘੱਟ ਹੈ। ਕਾਂਗਰਸ ਦਾ ਵੋਟ ਸ਼ੇਅਰ ਕਰੀਬ ਦੋ ਫੀਸਦੀ ਵਧਿਆ ਹੈ।

ਕਈ ਚੋਣ ਵਿਸ਼ਲੇਸ਼ਕ ਇਹ ਵੀ ਕਹਿ ਰਹੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਮੁੱਦਿਆਂ ਦੀ ਜ਼ਮੀਨ ਤਿਆਰ ਕੀਤੀ ਅਤੇ ਭਾਜਪਾ ਨੇ ਆਪਣਾ ਚੋਣ ਪ੍ਰਚਾਰ ਉਸਦੇ ਵਿਰੋਧ ਵਿੱਚ ਕੀਤਾ। ਗੱਲ ਸਿਰਫ਼ ਮੁੱਦੇ ਤੱਕ ਨਹੀਂ ਰਹੀ— ਰਾਹੁਲ ਗਾਂਧੀ ਦੇ ਖਟਾਖਟ ਵਰਗੇ ਜੁਮਲੇ ਵੀ ਖੂਬ ਚੱਲੇ।
ਸ਼ੁਰੂਆਤ ਵਿੱਚ ਜੋ ਚੋਣ ਮੀਡੀਆ ਵਿੱਚ ਇੱਕ ਤਰਫਾ ਦਿਖਾਈ ਦੇ ਰਿਹਾ ਸੀ। ਜ਼ਮੀਨ ਉੱਤੇ ਇੱਕ ਦੂਜੀ ਇਬਾਰਤ ਲਿਖੀ ਜਾ ਰਹੀ ਸੀ।
ਰਾਹੁਲ ਗਾਂਧੀ ਦੀ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਅਤੇ ਸਵਰਾਜ ਅਭਿਆਨ ਨਾਲ ਜੁੜੇ ਯੋਗੇਂਦਰ ਯਾਦਵ ਕਾਂਗਰਸ ਦੀ ਬਿਹਤਰ ਕਾਰਗੁਜ਼ਾਰੀ ਲਈ ਰਾਹੁਲ ਗਾਂਧੀ ਨੂੰ ਸਿਹਰਾ ਦਿੰਦੇ ਹਨ।
ਉਹ ਕਹਿੰਦੇ ਹਨ, “ਜਦੋਂ ਮਾਹੌਲ ਹਿੰਦੂਤਵ ਦੀ ਪਿੱਚ ਉੱਤੇ ਹੀ ਵੋਟਿੰਗ ਦਾ ਸੀ, ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਦੀ ਨਿੱਜੀ ਜਿੱਦ ਅਤੇ ਦ੍ਰਿੜ ਵਿਸ਼ਵਾਸ ਵੱਡੀ ਗੱਲ ਸੀ।”
ਉਹ ਕਹਿੰਦੇ ਹਨ, “ਜੇ ਕਾਂਗਰਸ ਨੂੰ 60 ਸੀਟਾਂ ਮਿਲਦੀਆਂ ਤਾਂ ਉਨ੍ਹਾਂ ਉੱਤੇ ਹੀ ਸਾਰਾ ਇਲਜ਼ਾਮ ਧਰਿਆ ਜਾਂਦਾ, ਤਾਂ ਇਸ ਕਾਰਗੁਜ਼ਾਰੀ ਦਾ ਕੁਝ ਸਿਹਰਾ ਤਾਂ ਮਿਲਣਾ ਚਾਹੀਦਾ ਹੈ।”

ਤਸਵੀਰ ਸਰੋਤ, ANI
ਯੂਪੀ ਦੇ ਮੁੰਡਿਆਂ ਦਾ ਰਸਾਇਣ ਸ਼ਾਸਤਰ
ਇੰਡੀਆ ਗਠਬੰਧਨ ਦੇ ਇਸ ਆਂਕੜੇ ਤੱਕ ਪਹੁੰਚਣ ਵਿੱਚ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ, ਮਹਾਰਾਸ਼ਟਰ ਵਿੱਚ ਮਹਾਵਿਕਾਸ ਅਘਾੜੀ, ਪੱਛਮੀ ਬੰਗਾਲ ਵਿੱਚ ਟੀਐੱਮਸੀ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ।
ਸਮਾਜਵਾਦੀ ਪਾਰਟੀ ਨੇਤਾ ਜਾਵੇਦ ਅਲੀ ਖ਼ਾਨ ਕਹਿੰਦੇ ਹਨ, “ਅਸੀਂ ਹੇਠਲੇ ਤਬਕੇ, ਨਜ਼ਰ ਅੰਦਾਜ਼ ਕੀਤੇ ਗਏ, ਘੱਟ ਗਿਣਤੀ, ਪਿਛੜੇ ਵਰਗਾਂ ਨੂੰ ਪਹਿਲਤਾ ਉੱਤੇ ਰੱਖਦੇ ਹਾਂ। ਰਾਹੁਲ ਗਾਂਧੀ ਵੀ ਇਨ੍ਹਾਂ ਵਰਗਾਂ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਗੱਲ ਕਰਦੇ ਹਨ। ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੀ ਚੰਗੀ ਕੈਮਿਸਟਰੀ ਬਣ ਗਈ ਸੀ।”
ਇਹ ਕੈਮਿਸਟਰੀ ਹੀ ਸੀ ਜੋ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਗੂਆਂ ਦੇ ਨਿਸ਼ਾਨੇ ਉੱਤੇ ਰਹੀ।
ਸੀਨੀਅਰ ਪੱਤਰਕਾਰ ਸੰਜੀਵ ਸ਼੍ਰੀਵਾਸਤਵ ਕਹਿੰਦੇ ਹਨ, ਇਨ੍ਹਾਂ ਚੋਣਾਂ ਵਿੱਚ ਜੇ ਕੋਈ ਵਿਅਕਤੀ ਮੋਦੀ ਦੇ ਖਿਲਾਫ਼ ਡੰਕਾ ਉਠਾ ਕੇ ਅੰਗਦ ਵਾਂਗ ਪੈਰ ਗੱਡ ਕੇ ਖੜ੍ਹਾ ਰਿਹਾ ਤਾਂ ਉਹ ਰਾਹੁਲ ਗਾਂਧੀ ਸਨ। ਸਾਲ 2014 ਤੋਂ ਬਾਅਦ ਅੱਜ ਪਹਿਲੀ ਵਾਰ ਉਨ੍ਹਾਂ ਨੂੰ ਇਮਾਨਦਾਰੀ ਨਾਲ ਆਪਣੀ ਪਿੱਠ ਉੱਤੇ ਥਾਪੀ ਮਰਵਾਉਣ ਦਾ ਮੌਕਾ ਮਿਲਿਆ ਹੈ।”
ਕਾਂਗਰਸ ਦੇ ਸਾਬਕਾ ਬੁਲਾਰੇ ਸੰਜੇ ਝਾ ਚੋਣ ਫੈਸਲੇ ਨੂੰ ਮੋਦੀ ਵਿਰੋਧੀ ਰਾਇ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਤਾਜ਼ਾ ਆਂਕੜਿਆਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਿਕਲਪ ਦਾ ‘ਗੰਭੀਰ ਦਾਅਵੇਦਾਰ’ ਬਣਾ ਦਿੱਤਾ ਹੈ।

ਤਸਵੀਰ ਸਰੋਤ, ANI
ਸਫ਼ਰ ਸੌਖਾ ਨਹੀਂ ਸੀ
ਕਰੀਬ 150 ਸੰਸਦ ਮੈਂਬਰਾਂ ਦੀ ਮੁਅੱਤਲੀ, ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਦਾ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਜੇਲ੍ਹ ਜਾਣਾ, ਰਾਹੁਲ ਗਾਂਧੀ ਨੂੰ ਲੋਕ ਸਭਾ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਜਾਣਾ, ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਰਾਹੁਲ ਗਾਂਧੀ ਉੱਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਸੀਨੀਅਰ ਭਾਜਪਾ ਆਗੂਆਂ ਦੇ ਲਗਾਤਾਰ ਹਮਲੇ, ਰਾਹੁਲ ਵਿੱਚ ਪਾਰਟੀ ਦੀ ਚੋਣਾਂ ਵਿੱਚ ਹਾਰ— ਪਿਛਲੇ ਕੁਝ ਮਹੀਨਿਆਂ ਵਿੱਚ ਵਿਰੋਧੀ ਧਿਰ ਅਤੇ ਰਾਹੁਲ ਗਾਂਧੀ ਦੇ ਸਾਹਮਣੇ ਚੁਣੌਤੀਆਂ ਦੀ ਕਮੀ ਨਹੀਂ ਰਹੀ। ਇੱਥੋਂ ਤੱਕ ਕਿ ਕਾਂਗਰਸ ਦੀ ਹੋਂਦ ਉੱਤੇ ਵੀ ਸਵਾਲ ਉੱਠੇ।
ਇੰਡੀਆ ਗਠਜੋੜ ਦੀ ਸ਼ੁਰੂਆਤੀ ਬੈਠਕਾਂ ਅਤੇ ਲੜੀਆਂ ਜਾਣ ਵਾਲੀਆਂ ਸੀਟਾਂ ਬਾਰੇ ਸਹਿਮਤੀ ਵਿੱਚ ਦੇਰੀ, ਮਹੀਨਿਆਂ ਤੱਕ ਇਕੱਠੀਆਂ ਰੈਲੀਆਂ ਅਤੇ ਘੋਸ਼ਣਾ ਪੱਤਰ ਦਾ ਨਾ ਹੋ ਸਕਣਾ, ਵਿਰੋਧੀ ਧਿਰ ਦੇ ਸਭ ਤੋਂ ਵੱਡੇ ਸੰਗਠਨ ਹੋਣ ਦੇ ਕਾਰਨ ਕਾਂਗਰਸ ਆਲੋਚਕਾਂ ਦੇ ਨਿਸ਼ਾਨੇ ਉੱਤੇ ਰਹੀ। ਵਾਰ-ਵਾਰ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਕੋਲ ਨਾ ਕੋਈ ਚਿਹਰਾ ਹੈ, ਨਾ ਨਰੇਟਿਵ।
ਇਸਦੇ ਨਾਲ ਹੀ ਭਾਜਪਾ ਰਾਹੁਲ ਗਾਂਧੀ ਨੂੰ ਇੱਕ ਅਜਿਹੇ ਆਗੂ ਵਜੋਂ ਪੇਸ਼ ਕਰਦੀ ਰਹੀ ਹੈ, ਜੋ ਉੱਚ ਅਹੁਦਿਆਂ ਉੱਤੇ ਆਪਣੀ ਯੋਗਤਾ ਨਾਲ ਨਹੀਂ ਸਗੋਂ, ਗਾਂਧੀ ਗੋਤ ਕਾਰਨ ਪਹੁੰਚੇ ਸਨ।
ਸਾਲ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦਾ ਠੀਕਰਾ ਉਨ੍ਹਾਂ ਦੇ ਸਿਰ ਭੰਨਿਆ ਗਿਆ, ਹਾਲਾਂਕਿ ਕਈ ਕਾਂਗਰਸ ਸਰਥਕ ਇਸ ਨਾਲ ਸਹਿਮਤ ਨਹੀਂ।
ਕਾਂਗਰਸ ਦੇ ਆਗੂ ਮੁਤਾਬਕ, “ਚੋਣਾਂ ਵਿੱਚ ਬੁਰੀ ਕਾਰਗੁਜ਼ਾਰੀ ਦੇ ਬਾਵਜੂਦ ਰਾਹੁਲ ਗਾਂਧੀ ਹੀ ਸਨ ਜੋ ਆਪਣੇ ਵਿਸ਼ਵਾਸ ਵਿੱਚ ਪੱਕੇ ਰਹੇ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਲੋਕਤੰਤਰ ਵਿੱਚ ਸਭ ਤੋਂ ਪਹਿਲਾਂ ਆਮ ਲੋਕ ਆਉਂਦੇ ਹਨ, ਜਿਨ੍ਹਾਂ ਨੇ ਆਪਣੇ ਨੁਮਾਇੰਦੇ ਨੂੰ ਚੁਣਿਆ ਹੈ।”
ਰਾਹੁਲ ਦੇ ਆਲੋਚਕ ਕਹਿੰਦੇ ਰਹੇ ਕਿ ਉਹ ਸਿਆਸੀ ਤਾਕਤ ਤਾਂ ਚਾਹੁੰਦੇ ਹਨ ਪਰ ਜ਼ਿੰਮੇਵਾਰੀ ਨਹੀਂ ਅਤੇ ਇਹ ਕਿ ਉਨ੍ਹਾਂ ਤੱਕ ਪਹੁੰਚਣਾ ਸੌਖਾ ਨਹੀਂ ਹੈ।
ਲੋਕ ਸਭਾ ਚੋਣਾਂ ਤੋਂ ਇਲਾਵਾ ਕਈ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਨੇ ਰਾਹੁਲ ਗਾਂਧੀ ਦੀ ਅਗਵਾਈ ਉੱਤੇ ਲਗਾਤਾਰ ਸਵਾਲ ਖੜ੍ਹੇ ਕੀਤੇ।
ਹਾਲਾਂਕਿ ਇਸ ਦਰਮਿਆਨ ਅਜਿਹਾ ਵੀ ਮੌਕਾ ਆਇਆ ਜਦੋਂ ਪਾਰਟੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਿਹਤਰ ਕਾਰਗੁਜ਼ਾਰੀ ਵੀ ਦਿਖਾਈ। ਲੇਕਿਨ ਚੋਣਾਂ ਵਿੱਚ ਜਿੱਤ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਮੇਸ਼ਾ ਅੱਗੇ ਰਹੀ।
ਰਾਹੁਲ ਗਾਂਧੀ ਲਈ ਭਾਜਪਾ ਆਗੂਆਂ ਨੇ ਪੱਪੂ, ਸ਼ਹਜ਼ਾਦਾ, ਟਿਊਬਲਾਈਟ, ਮੂਰਖਾਂ ਦਾ ਸਰਦਾਰ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ।
ਉਨ੍ਹਾਂ ਬਾਰੇ ਕਿਹਾ ਗਿਆ ਕਿ ਉਹ “ਡਿਜ਼ਨੀ ਦੇ ਅਜਿਹੇ ਰਾਜਕੁਮਾਰ ਵਰਗੇ ਹਨ ਜੋ ਆਪਣੀ ਹੀ ਡਿਜ਼ਨੀ ਦੀ ਦੁਨੀਆਂ ਵਿੱਚ ਰਹਿੰਦੇ ਹਨ” ਅਤੇ ਉਹ “ਪੁਰਾਣੀ ਵੈਕਸੀਨ” ਹਨ।
ਸੰਜੀਵ ਸ਼੍ਰੀਵਾਸਤਵ ਕਹਿੰਦੇ ਹਨ, “ਇੰਨੀ ਜ਼ਿੱਲਤ, ਬੇਇਜ਼ਤੀ ਦੇ ਬਾਵਜੂਦ, ਇੰਨੇ ਜਨਤਕ ਠੱਠੇ ਦੇ ਬਾਵਜੂਦ ਟਿਕੇ ਰਹਿਣ ਲਈ ਉਨ੍ਹਾਂ ਨੂੰ 100 ਵਿੱਚੋਂ 200 ਨੰਬਰ ਹਨ। ਲੇਕਿਨ ਖਾਲੀ ਟਿਕੇ ਰਹਿਣ ਨਾਲ ਕੁਝ ਨਹੀਂ ਹੁੰਦਾ। ਟਿਕੇ ਰਹਿ ਕੇ ਡਲਿਵਰ ਵੀ ਕਰਨਾ ਅਹਿਮ ਹੈ।”

ਬੀਤੇ ਦਿਨ ਤੇ ਹੁਣ ਦਾ ਹਾਲ
ਹੁਣ ਮਾਹੌਲ ਬਦਲਿਆ ਹੋਇਆ ਹੈ ਕਾਂਗਰਸ ਦੇ ਤਾਜ਼ਾ ਆਂਕੜਿਆਂ ਨੂੰ ਉਸ ਡਲਿਵਰੀ ਦਾ ਸਬੂਤ ਮੰਨਿਆ ਜਾ ਰਿਹਾ ਹੈ।
ਕਾਂਗਰਸ ਪਾਰਟੀ ਨੂੰ ਕਈ ਸਾਲਾਂ ਤੋਂ ਪਰਖਦੇ ਆਏ ਸੀਨੀਅਰ ਪੱਤਰਕਾਰ ਅਤੇ ਲੇਖਕ ਰਸ਼ੀਦ ਕਿਦਵਈ ਕਹਿੰਦੇ ਹਨ, “ਮੈਨੂੰ ਨਹੀਂ ਲਗਦਾ ਕਿ ਰਾਹੁਲ ਗਾਂਧੀ ਤੋਂ ਇਲਾਵਾ ਕੋਈ ਹੋਰ ਜਣਾ ਹੁੰਦਾ ਤਾਂ ਸਹਿਣ ਕਰ ਸਕਦਾ ਸੀ।”
“ਜਿਓਤਰਾਦਿੱਤਿਆ ਸਿੰਧੀਆ ਨੂੰ ਉਹ ਚਾਰ ਸਾਲ ਦੀ ਉਮਰ ਤੋਂ ਜਾਣਦੇ ਸਨ। ਮਿਲਿੰਦ ਦੇਵਰਾ, ਜਿਤਿਨ ਪ੍ਰਸਾਦ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਸਨ। ਇੱਕ-ਇੱਕ ਕਰਕੇ ਨਾ ਸਿਰਫ ਲੋਕ ਪਾਰਟੀ ਛੱਡ ਕੇ ਚਲੇ ਗਏ, ਸਗੋਂ ਉਨ੍ਹਾਂ ਉੱਤੇ ਫਬਤੀਆਂ ਵੀ ਕਸਕੇ ਗਏ।”

ਤਸਵੀਰ ਸਰੋਤ, ANI
ਰਾਹੁਲ ਗਾਂਧੀ ਦੇ ਸਫ਼ਰ
ਕਾਂਗਰਸ ਦੇ ਬਿਹਤਰ ਨਤੀਜਿਆਂ ਦੇ ਲਈ ਰਾਹੁਲ ਗਾਂਧੀ ਦੀਆਂ ਦੋ ਲੰਬੀਆਂ ਯਾਤਰਾਵਾਂ ਨੂੰ ਸਿਹਰਾ ਦਿੱਤਾ ਜਾ ਸਕਦਾ ਹੈ।
ਰਾਹੁਲ ਗਾਂਧੀ ਦੀ 2022-23 ਦੀ ਭਾਰਤ ਜੋੜੋ ਯਾਤਰਾ ਨੂੰ ਪਾਰਟੀ ਅਤੇ ਰਾਹੁਲ ਗਾਂਧੀ ਦੇ ਅਕਸ ਲਈ ਕਾਫ਼ੀ ਸਫ਼ਲ ਮੰਨਿਆ ਗਿਆ ਸੀ। ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪਹੁੰਚਣ ਵਾਲੀ ਇਸ ਯਾਤਰਾ ਦੀ ਕਾਫ਼ੀ ਚਰਚਾ ਹੋਈ।
ਦੂਜੇ ਪੜਾਅ ਵਿੱਚ ਜਨਵਰੀ ਵਿੱਚ ਰਾਹੁਲ ਗਾਂਧੀ ਨੇ ਮਣੀਪੁਰ ਤੋਂ ਭਾਰਤ ਜੋੜੋ ਨਿਆਇ ਯਾਤਰਾ ਸ਼ੁਰੂ ਕੀਤੀ। ਉਸ ਸਮੇਂ ਇਸਦੇ ਸਮੇਂ ਉੱਪਰ ਸਵਾਲ ਚੁੱਕੇ ਗਏ।
ਹਾਲਾਂਕਿ ਵਿਸ਼ਲੇਸ਼ਕ ਰਾਹੁਲ ਵਰਮਾ ਨਿਆਏ ਯਾਤਰਾ ਨੂੰ ‘ਅਸਫ਼ਲ’ ਮੰਨਦੇ ਹਨ ਕਿਉਂਕਿ “ਇਸ ਦੌਰਾਨ ਪਾਰਟੀ ਦੇ ਮਹੱਤਵਪੂਰਨ ਸਹਿਯੋਗੀ ਜਿਵੇਂ ਨੀਤੀਸ਼ ਕੁਮਾਰ ਸਾਥ ਛੱਡ ਕੇ ਚਲੇ ਗਏ।”
ਪਰ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਯੋਗਿੰਦਰ ਯਾਦਵ ਦੇ ਮੁਤਾਬਕ ਨਿਆਏ ਯਾਤਰਾ ਪਾਰਟੀ ਨੂੰ ਉਸਦੇ ਸਮਾਜਿਕ ਅਧਾਰ ਦੇ ਕੋਲ ਲੈ ਕੇ ਆਈ।
ਯੋਗਿੰਦਰ ਯਾਦਵ ਕਹਿੰਦੇ ਹਨ, “ਕਾਂਗਰਸ ਹਮੇਸ਼ਾ ਹੀ ਸਮਾਜ ਦੇ ਗਰੀਬ ਤਬਕੇ ਦੀ ਪਾਰਟੀ ਰਹੀ ਹੈ। ਲੇਕਿਨ ਉਸਦੀਆਂ ਨੀਤੀਆਂ ਅਤੇ ਅਗਵਾਈ ਦੋਵੇਂ ਉਸ ਤੋਂ ਵੱਖ ਹੋ ਰਹੇ ਸਨ। ਰਾਹੁਲ ਨੇ ਜੋ ਕੀਤਾ, ਉਸ ਨਾਲ ਜੁੜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਹ ਪ੍ਰਕਿਰਿਆ ਅਜੇ ਸ਼ੁਰੂ ਹੀ ਹੋਈ ਹੈ ਅਤੇ ਉਸ ਨੂੰ ਪੂਰਾ ਹੋਣ ਵਿੱਚ ਅਜੇ ਸਮਾਂ ਲੱਗੇਗਾ।”
ਯਾਤਰਾ ਨਾਲ ਜੁੜੇ ਕਾਂਗਰਸ ਦੇ ਇੱਕ ਅਹੁਦੇਦਾਰ ਨੇ ਕਿਹਾ, “ਜਦੋਂ ਨਿਆਇ ਯਾਤਰਾ ਸ਼ੁਰੂ ਹੋਈ ਤਾਂ ਅਜਿਹੇ ਬਹੁਤ ਸਾਰੇ ਕਾਂਗਰਸੀ ਆਗੂ ਸਨ ਜਿਨ੍ਹਾਂ ਨੂੰ ਲਗਦਾ ਸੀ ਕਿ ਇਹ ਜ਼ਮੀਨ ਤਿਆਰ ਕਰਨ ਦਾ, ਸਹਿਯੋਗੀਆਂ ਨਾਲ ਗੱਲਬਾਤ ਕਰਨ ਦਾ ਸਮਾਂ ਹੈ, ਨਾ ਕਿ ਯਾਤਰਾ ਕਰਨ ਦਾ, ਲੇਕਿਨ ਰਾਹੁਲ ਗਾਂਧੀ ਹੀ ਸਨ ਜਿਨ੍ਹਾਂ ਨੂੰ ਇਸ ਉੱਤੇ ਅਟੂਟ ਭਰੋਸਾ ਸੀ।”
ਉਨ੍ਹਾਂ ਮੁਤਾਬਾਕ, “ਯਾਤਰਾ ਦੇ ਦੌਰਾਨ ਇੰਡੀਆ ਗਠਜੋੜ ਵੰਡਿਆ ਹੋਇਆ ਸੀ ਪਰ ਜਦੋਂ ਨਿਆਏ ਯਾਤਰਾ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੀ ਏਜੰਡਾ ਸੈਟਿੰਗ ਸ਼ੁਰੂ ਹੋਈ ਅਤੇ ਇਸ ਯਾਤਰਾ ਦੇ ਦੌਰਾਨ ਲੋਕਾਂ ਨਾਲ ਮਿਲੇ ਵਿਚਾਰਾਂ ਤੋਂ ਨਿਆਂ ਪੱਤਰ ਜਾਂ ਕਾਂਗਰਸ ਦੇ ਘੋਸ਼ਣਾ ਪੱਤਰ ਦਾ ਨਿਰਮਾਣ ਹੋਇਆ।”

ਤਸਵੀਰ ਸਰੋਤ, ANI
ਕਾਂਗਰਸ ਉੱਤਰ-ਪੂਰਬ ਤੋਂ ਕੌਮੀ ਮੀਡੀਆ ਕੋਆਰਡੀਨੇਟਰ ਮੈਥਿਊ ਐਂਟਨੀ ਕਹਿੰਦੇ ਹਨ, “ਇਸ ਯਾਤਰਾ ਵਿੱਚ ਰਾਹੁਲ ਗਾਂਧੀ ਦੀ ਰਣਨੀਤੀ ਸੀ ਕਿ ਆਮ ਲੋਕ ਉਨ੍ਹਾਂ ਦੀ ਸੋਚ ਨੂੰ ਸੁਣਨ। ਆਮ ਲੋਕਾਂ ਦੀਆਂ ਗੱਲਾਂ ਨਿਆਇ ਘੋਸ਼ਣਾ ਪੱਤਰ ਤੱਕ ਪਹੁੰਚੀਆਂ। ਯਾਤਰਾ ਦਾ ਦੂਜਾ ਹਿੱਸਾ ਸੀ ਮੋਦੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਨਾ।”
ਕਾਂਗਰਸ ਨੇ ਪੰਜ ਕਿਸਮ ਦੇ ਇਨਸਾਫ਼ ਦੀ ਗੱਲ ਕਰਦਿਆਂ ਚੋਣਾਂ ਲੜੀਆਂ ਸਨ। ਇਨ੍ਹਾਂ ਵਿੱਚ ਨੌਜਵਾਨਾਂ, ਕਿਸਾਨਾਂ, ਔਰਤਾਂ, ਮਜ਼ਦੂਰਾਂ ਆਦਿ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ ਗਈ। ਦੌਰੇ ਦੌਰਾਨ ਰਾਹੁਲ ਗਾਂਧੀ ਨੇ ਲਗਾਤਾਰ ਮਹਿੰਗਾਈ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਬੇਰੁਜ਼ਗਾਰੀ ਦਾ ਜ਼ਿਕਰ ਕੀਤਾ।
ਸੀਨੀਅਰ ਪੱਤਰਕਾਰ ਅਤੇ ਵਿਸ਼ਲੇਸ਼ਕ ਜਾਵੇਦ ਅੰਸਾਰੀ ਦਾ ਕਹਿਣਾ ਹੈ, "ਰਾਹੁਲ ਗਾਂਧੀ ਨੇ ਦੇਸ ਵਿੱਚ ਮੋਦੀ ਵਿਰੋਧ ਦਾ ਮਾਹੌਲ ਪੈਦਾ ਕੀਤਾ। ਉਨ੍ਹਾਂ ਦੇ ਦੌਰਿਆਂ ਨੇ ਕਾਂਗਰਸੀ ਵਰਕਰਾਂ ਵਿੱਚ ਜੋਸ਼ ਭਰਿਆ ਅਤੇ ਲੜਨ ਦੀ ਭਾਵਨਾ ਪੈਦਾ ਕੀਤੀ।"
ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਨ੍ਹਾਂ ਯਾਤਰਾਵਾਂ ਨੇ ਹਵਾ ਦੀ ਮੂੰਹ ਬਦਲਿਆ ਜਾਂ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਸ਼ਾਮਲ ਰਹੇ ਯੋਗੇਂਦਰ ਯਾਦਵ ਦੇ ਕਹੇ ਵਾਂਗ, ਜਨਤਾਦੀ ਚੋਣ ਹੈ ਅਤੇ ਇਸ ਨਤੀਜੇ ਨੂੰ ਸਿਸਟਮ ਉੱਤੇ ਲੋਕਾਂ ਦੀ ਜਿੱਤ ਮੰਨਿਆ ਜਾਣਾ ਚਾਹੀਦਾ ਹੈ।
ਇਨ੍ਹਾਂ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਲਗਾਤਾਰ ਜਾਤੀ ਜਨਗਣਨਾ ਦੀ ਗੱਲ ਕੀਤੀ। ਉਨ੍ਹਾਂ ਨੇ ਇਸ ਤੋਂ ਹੋਰ ਅੱਗੇ ਜਾਂਦਿਆਂ ਕਿਹਾ ਕਿ ਜਿੰਨੀ ਆਬਾਦੀ ਉਨੀਂ ਹਿੱਸੇਦਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਨਾਅਰਿਆਂ ਨੇ ਯਕੀਨੀ ਤੌਰ 'ਤੇ ਕਈ ਵਰਗਾਂ ਉੱਤੇ ਪ੍ਰਭਾਵ ਪਾਇਆ। ਜਾਤੀ ਜਨਗਣਨਾ ਦੀ ਮੰਗ ਦੀ ਤਿੱਖੀ ਆਲੋਚਨਾ ਵੀ ਹੁੰਦੀ ਰਹੀ ਹੈ।

ਤਸਵੀਰ ਸਰੋਤ, ANI
ਫਰਵਰੀ ਵਿੱਚ ਬੀਬੀਸੀ ਨਾਲ ਗੱਲ ਕਰਦੇ ਹੋਏ ਸਾਬਕਾ ਸਿਆਸੀ ਰਣਨੀਤੀਕਾਰ ਅਤੇ ਜਨ ਸੂਰਜ ਅਭਿਆਨ ਦੇ ਕਨਵੀਨਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ, ''ਜਿਹੜੀ ਤਸਵੀਰ ਬਣਾਈ ਜਾ ਰਹੀ ਹੈ, ਮੋਦੀ ਪੰਜ ਟ੍ਰਿਲੀਅਨ (ਡਾਲਰ) ਦੀ ਅਰਥਵਿਵਸਥਾ ਦੀ ਗੱਲ ਕਰ ਰਹੇ ਹਨ, ਦੇਸ ਨੂੰ ਅੱਗੇ ਲੈ ਕੇ ਜਾ ਰਹੇ ਹਨ, ਪ੍ਰਗਤੀਸ਼ੀਲ, ਵੱਡੇ ਫੈਸਲਿਆਂ ਦੀ ਅਤੇ ਰਾਹੁਲ ਕੀ ਗੱਲ ਕਰ ਰਹੇ ਹਨ? ਜਾਤੀ ਦੀ, ਗਲਤ ਜਾਂ ਸਹੀ, ਉਹ (ਨਰਿੰਦਰ ਮੋਦੀ) ਪ੍ਰਗਤੀਸ਼ੀਲ ਦਿਸ ਰਹੇ ਹਨ, ਤੁਸੀਂ (ਰਾਹੁਲ ਗਾਂਧੀ) ਪਿਛਾਂਹ ਖਿੱਚੂ ਦਿਸ ਰਹੇ ਹਨ। ਜਦੋਂ ਯੂਪੀਏ ਦੀ ਸਰਕਾਰ ਸੀ ਤਾਂ ਜਾਤੀ ਜਨਗਣਨਾ ਕਰਨ ਤੋਂ ਕਰਵਾਉਣ ਤੋਂ ਕਿਸ ਨੇ ਰੋਕਿਆ ਸੀ?
'ਸੰਵਿਧਾਨ ਖਤਰੇ ਵਿੱਚ ਹੈ'- ਰਾਹੁਲ ਗਾਂਧੀ ਨੇ ਇਹ ਕਹਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਉੱਤੇ ਤਿੱਖੇ ਹਮਲੇ ਕੀਤੇ। ਇਸ ਦਾ ਸਪਸ਼ਟ ਸੰਦੇਸ਼ ਲੋਕਾਂ ਤੱਕ ਪਹੁੰਚਿਆ ਕਿ ਜੇਕਰ ਭਾਜਪਾ ਨੂੰ ਪੂਰਾ ਬਹੁਮਤ ਮਿਲਦਾ ਹੈ ਤਾਂ ਉਹ ਸੰਵਿਧਾਨ ਵਿੱਚ ਸੋਧ ਲਿਆ ਕੇ ਰਾਖਵਾਂਕਰਨ ਖ਼ਤਮ ਕਰ ਦੇਵੇਗੀ।
ਇਸ ਸਬੰਧੀ ਭਾਜਪਾ ਦੇ ਕੁਝ ਆਗੂਆਂ ਦੇ ਬਿਆਨ ਨੇ ਇਸ ਮਾਮਲੇ ਨੂੰ ਹੋਰ ਹਵਾ ਦਿੱਤੀ, ਹਾਲਾਂਕਿ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਅਤੇ ਭਾਜਪਾ ਦੀ ਲੀਡਰਸ਼ਿਪ ਨੇ ਇਸ ਦਾ ਖੰਡਨ ਵੀ ਕੀਤਾ।
ਯੋਗੇਂਦਰ ਯਾਦਵ ਕਹਿੰਦੇ ਹਨ, "ਪਹਿਲਾਂ ਮੈਂ ਸੋਚਦਾ ਸੀ ਕਿ ਸੰਵਿਧਾਨ ਦਾ ਮੁੱਦਾ ਬੁੱਧੀਜੀਵੀਆਂ ਲਈ ਹੈ, ਪਰ ਦਲਿਤ ਸਮਾਜ ਤੱਕ ਇਹ ਸੰਦੇਸ਼ ਪਹੁੰਚਿਆ, ਕਿਉਂਕਿ ਇੱਕ ਦਲਿਤ ਲਈ, ਰਾਖਵੇਂਕਰਨ ਦਾ ਉਹੀ ਮਹੱਤਵ ਹੈ, ਜਿੰਨਾ ਕਿਸੇ ਕਿਸਾਨ ਲਈ ਜ਼ਮੀਨ ਦਾ ਪਟਾ। ਕਿਸਾਨ ਅੰਦੋਲਨ ਇਸ ਲਈ ਖੜ੍ਹਾ ਹੋਇਆ ਸੀ ਕਿਉਂਕਿ ਲੋਕ ਮਹਿਸੂਸ ਕਰਦੇ ਸਨ ਕਿ ਮੇਰੀ ਜ਼ਮੀਨ ਜਾ ਰਹੀ ਹੈ।”

ਤਸਵੀਰ ਸਰੋਤ, ANI
ਭਵਿੱਖ ਦੀਆਂ ਚੁਣੌਤੀਆਂ
ਕਾਂਗਰਸ ਸਾਹਮਣੇ ਚੁਣੌਤੀ ਸੀ ਕਿ ਦੇਸ ਦਾ ਉਹ ਵਰਗ ਜੋ ਕਾਂਗਰਸ ਨੂੰ ਛੱਡ ਕੇ ਹੋਰ ਪਾਰਟੀਆਂ ਨੂੰ ਵੋਟ ਕਰ ਰਿਹਾ ਹੈ, ਉਸ ਨੂੰ ਕਿਵੇਂ ਵਾਪਸ ਲਿਆਂਦਾ ਜਾਵੇ।
ਰਾਸ਼ਿਦ ਕਿਦਵਈ ਕਹਿੰਦੇ ਹਨ, “ਸਾਲ 1991 ਵਿੱਚ ਕਾਂਗਰਸ ਨੇ ਜੋ ਆਰਥਿਕ ਸੁਧਾਰ ਕੀਤੇ ਸਨ, ਉਸ ਨਾਲ ਉਸ ਨੂੰ ਵੋਟ ਨਹੀਂ ਮਿਲੇ ਸਨ। ਨਰਸਿਮਹਾ ਰਾਓ 1996 ਵਿੱਚ ਹਾਰ ਗਏ। ਸਾਲ 2004 ਤੋਂ 2014 ਤੱਕ ਮਨਮੋਹਨ ਸਿੰਘ ਸੁਧਾਰਾਂ ਦਾ ਚਿਹਰਾ ਸਨ। ਉਹ ਗਰੀਬ ਆਦਮੀ ਦਾ ਚਿਹਰਾ ਨਹੀਂ ਸਨ। ਰਾਹੁਲ ਗਾਂਧੀ ਇਸ ਨੂੰ ਮਹਿਸੂਸ ਕਰ ਗਏ ਅਤੇ ਉਨ੍ਹਾਂ ਨੇ 'ਭਾਰਤ' ਉੱਤੇ ਮਿਹਨਤ ਕੀਤੀ।”
"ਹੁਣ ਕਾਂਗਰਸ 'ਭਾਰਤ' ਵਿੱਚ ਦਾਖਲ ਹੋ ਗਈ ਹੈ। 'ਇੰਡੀਆ' ਵਿੱਚ ਤਾਂ ਉਸਦਾ ਸਮਰਥਨ ਸੀ, ਪਰ ਮੱਧ ਵਰਗ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਹੁਣ ਕਾਂਗਰਸ ਗਰੀਬ, ਵਿਹੂਣੇ ਸਮਾਜ ਨੂੰ ਜਿਨ੍ਹਾਂ ਨੂੰ ਆਰਥਿਕ ਸੁਧਾਰ ਦਾ ਫਾਇਦਾ ਨਹੀਂ ਮਿਲਿਆ, ਉਸ ਨਾਲ ਜੋੜ ਸਕੀ ਹੈ।"
ਆਉਣ ਵਾਲੇ ਦਿਨਾਂ ਵਿਚ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਵਰਗੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਸਭ ਦੀਆਂ ਨਜ਼ਰਾਂ ਹੋਣਗੀਆਂ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇੰਡੀਆ ਗਠਜੋੜ ਅਤੇ ਖਾਸ ਕਰਕੇ ਕਾਂਗਰਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ।

ਤਸਵੀਰ ਸਰੋਤ, ANI
ਸੰਜੀਵ ਸ਼੍ਰੀਵਾਸਤਵ ਮੁਤਾਬਕ ਇਹ ਜ਼ਰੂਰੀ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਜ਼ਮੀਨ 'ਤੇ ਲਗਾਤਾਰ ਕੰਮ ਕਰਨ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਅਤੇ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।
ਉਹ ਕਹਿੰਦੇ ਹਨ, "ਵਿਰੋਧੀ ਧਿਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੋਦੀ ਅਤੇ ਭਾਜਪਾ ਦੀ ਹਿੰਦੂਤਵੀ ਸਿਆਸਤ ਫਲਾਪ ਹੋ ਗਈ ਹੈ। ਜੇਕਰ ਇਹ ਫਲਾਪ ਹੁੰਦੀ ਤਾਂ ਇਸ ਦੀ ਗਿਣਤੀ ਹੋਰ ਹੇਠਾਂ ਜਾਣੀ ਸੀ। ਅੱਜ ਉਸਦੀ ਹਵਾ ਨਿਕਲੀ ਹੈ, ਪਰ ਤੁਸੀਂ ਇਸ ਵਿੱਚ ਦੋਬਾਰ ਹਵਾ ਨਾ ਭਰੋ।"
ਸਿਆਸੀ ਵਿਸ਼ਲੇਸ਼ਕ ਰਾਹੁਲ ਵਰਮਾ ਦੇ ਮੁਤਾਬਕ,"ਜ਼ਰੂਰੀ ਹੈ ਕਿ ਕਾਂਗਰਸ ਨੂੰ ਇਹ ਨਾ ਲੱਗੇ ਕਿ ਅਚਾਨਕ ਰਾਹੁਲ ਗਾਂਧੀ ਦਾ ਜਾਦੂ ਬੋਲਣ ਲੱਗ ਪਿਆ ਹੈ।"
ਉਹ ਕਹਿੰਦੇ ਹਨ, "ਭਾਜਪਾ ਨੇ ਓਡੀਸ਼ਾ ਵਰਗੀਆਂ ਥਾਵਾਂ ਉੱਤੇ ਨਵੇਂ ਘਰ ਲੱਭ ਲਏ ਹਨ। ਤਾਜ਼ਾ ਨਤੀਜਿਆਂ ਨੂੰ ਅਧਾਰ ਬਣਾ ਕੇ ਅੱਗੇ ਵਧਣ ਦੀ ਲੋੜ ਹੈ। ਇਹ ਨਾ ਸੋਚਿਆ ਜਾਵੇ ਕਿ ਇੱਥੋਂ ਕਾਂਗਰਸ ਲਈ ਸਿਆਸਤ ਆਸਾਨ ਹੋ ਗਈ ਹੈ।"
ਇਹ ਸੋਚ ਕਾਂਗਰਸ ਨੂੰ ਕਿੰਨਾ ਕੁ ਦੂਰ ਲਿਜਾਂਦੀ ਹੈ, ਇਹ ਦੇਖਣਾ ਹੋਵੇਗਾ।
ਰਾਸ਼ਿਦ ਕਿਦਵਈ ਕਹਿੰਦੇ ਹਨ, "ਜਿੰਨੇ ਜ਼ਿਆਦਾ ਸੂਬਿਆਂ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਵੇਗੀ, ਉਹ ਨਰਿੰਦਰ ਮੋਦੀ ਅਤੇ ਭਾਜਪਾ ਉੱਤੇ ਓਨਾ ਹੀ ਜ਼ਿਆਦਾ ਅਸਰ ਪਾ ਸਕਣਗੇ ਕਿਉਂਕਿ ਚੁਣੌਤੀਆਂ ਅਜੇ ਸ਼ੁਰੂ ਹੋਈਆਂ ਹਨ।"
ਉਹ ਕਹਿੰਦੇ ਹਨ, "ਰਾਹੁਲ ਗਾਂਧੀ ਨੂੰ ਨਵੀਂ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਨਾ ਚਾਹੀਦਾ ਹੈ। ਜੇਕਰ ਤੁਸੀਂ ਸੰਸਦੀ ਪ੍ਰਣਾਲੀ ਵਿੱਚ ਹੋ, ਤਾਂ ਤੁਹਾਨੂੰ ਸੰਸਦ ਅਤੇ ਸਰਕਾਰ ਵਿੱਚ ਭਾਜਪਾ ਨੂੰ ਘੇਰੋ। ਜੇਕਰ ਰਾਹੁਲ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਬਣ ਜਾਂਦੇ ਤਾਂ ਉਹ ਬਹੁਤ ਵੱਡਾ ਪ੍ਰਭਾਵ ਛੱਡਦੇ।"
ਰਾਹੁਲ ਗਾਂਧੀ ਲਈ ਚੁਣੌਤੀ ਇਹ ਹੋਵੇਗੀ ਕਿ ਵਿਰੋਧੀ ਉਨ੍ਹਾਂ ਨੂੰ 'ਮੌਸਮੀ ਸਿਆਸਤਦਾਨ' ਦੇ ਅਕਸ ਵਿੱਚ ਬੰਨ੍ਹਣਾ ਚਾਹੁੰਦੇ ਹਨ, ਉਹ ਉਸ ਨੂੰ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਬਿਹਤਰ ਕਾਰਗੁਜ਼ਾਰੀ ਨਾਲ ਕਿਵੇਂ ਗਲਤ ਸਾਬਤ ਕਰਦੇ ਹਨ। ਅਤੇ ਦਿਖਾਉਣ ਵਿੱਚ ਸਫ਼ਲ ਹੁੰਦੇ ਹਨ ਕਿ ਪਾਰਟੀ ਦੀ ਤਾਜ਼ਾ ਬਿਹਤਰ ਕਾਰਗੁਜ਼ਾਰੀ ਅਚਾਨਕ ਮਿਲੀ ਸਫ਼ਲਤਾ ਨਹੀਂ ਸੀ।












