ਰਾਹੁਲ ਗਾਂਧੀ ਨੇ ਹਲਫਨਾਮੇ 'ਚ ਆਪਣੀ ਜਾਇਦਾਦ ਤੇ ਨਿਵੇਸ਼ ਬਾਰੇ ਕੀ ਦੱਸਿਆ ਹੈ

ਤਸਵੀਰ ਸਰੋਤ, @PRIYANKAGANDHI
ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਦੂਜੀ ਵਾਰ ਨਾਮਜ਼ਦਗੀ ਦਾਖਲ ਕੀਤੀ।
ਸਾਲ 2019 ਵਿੱਚ, ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਦੇ ਨਾਲ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜੀ ਸੀ।
ਅਮੇਠੀ ਵਿੱਚ ਰਾਹੁਲ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਵਾਇਨਾਡ ਤੋਂ ਜਿੱਤ ਗਏ ਸਨ। ਰਾਹੁਲ, ਹਾਲਾਂਕਿ ਇਸ ਵਾਰ ਅਮੇਠੀ ਤੋਂ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਪਾਰਟੀ ਚੁੱਪ ਹੈ।
ਨਾਮਜ਼ਦਗੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭੈਣ ਪ੍ਰਿਅੰਕਾ ਗਾਂਧੀ ਨਾਲ ਵਾਇਨਾਡ ਵਿੱਚ ਦੋ ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੇ ਸੀਪੀਆਈ ਦੇ ਪੀਪੀ ਸੁਨੀਰ ਨੂੰ ਚਾਰ ਲੱਖ ਵੋਟਾਂ ਨਾਲ ਹਰਾਇਆ ਸੀ।
ਇਸ ਸੀਟ 'ਤੇ 26 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਰਾਹੁਲ ਗਾਂਧੀ ਨੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਨਾਮਜ਼ਦਗੀ ਭਰਦੇ ਸਮੇਂ ਆਪਣਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ।
ਰਾਹੁਲ ਨੇ ਲਿਖਿਆ, “ਵਾਇਨਾਡ ਮੇਰਾ ਘਰ ਹੈ ਅਤੇ ਇੱਥੋਂ ਦੇ ਲੋਕ ਮੇਰਾ ਪਰਿਵਾਰ ਹਨ। ਮੈਂ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਕੁਝ ਸਿੱਖਿਆ ਹੈ ਅਤੇ ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਅਤੇ ਸਨੇਹ ਦਿੱਤਾ ਹੈ। "ਬਹੁਤ ਮਾਣ ਅਤੇ ਨਿਮਰਤਾ ਨਾਲ, ਮੈਂ ਇੱਕ ਵਾਰ ਫਿਰ ਇਸ ਸੁੰਦਰ ਧਰਤੀ ਤੋਂ ਲੋਕ ਸਭਾ 2024 ਲਈ ਨਾਮਜ਼ਦਗੀ ਭਰ ਰਿਹਾ ਹਾਂ।"
ਰਾਹੁਲ ਗਾਂਧੀ ਦੇ ਚੋਣ ਹਲਫ਼ਨਾਮੇ 'ਚ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਉਸ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਕੋਈ ਗੱਡੀ ਨਹੀਂ ਹੈ।
ਜਾਇਦਾਦ ਵਿੱਚ ਵਾਧਾ

ਤਸਵੀਰ ਸਰੋਤ, Getty Images
ਰਾਹੁਲ ਗਾਂਧੀ ਨੇ ਆਪਣੇ ਹਲਫਨਾਮੇ ਵਿੱਚ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ 6 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਹਲਫ਼ਨਾਮੇ ਵਿੱਚ ਰਾਹੁਲ ਨੇ ਆਪਣੀ ਕੁੱਲ ਜਾਇਦਾਦ 20.39 ਕਰੋੜ ਰੁਪਏ ਦੱਸੀ ਹੈ। ਇਸ ਤੋਂ ਪਹਿਲਾਂ 2019 ਵਿੱਚ ਉਨ੍ਹਾਂ ਨੇ 15.88 ਕਰੋੜ ਰੁਪਏ ਘੋਸ਼ਿਤ ਕੀਤੇ ਸਨ।
ਪਿਛਲੇ 5 ਸਾਲਾਂ ਵਿੱਚ ਰਾਹੁਲ ਗਾਂਧੀ ਦੀ ਜਾਇਦਾਦ ਵਿੱਚ ਕਰੀਬ 5 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਹਲਫ਼ਨਾਮੇ ਮੁਤਾਬਕ ਰਾਹੁਲ ਗਾਂਧੀ ਕੋਲ 55 ਹਜ਼ਾਰ ਰੁਪਏ ਨਕਦ ਹਨ ਅਤੇ ਦੋ ਬੈਂਕ ਖਾਤਿਆਂ ਵਿੱਚ 26.25 ਲੱਖ ਰੁਪਏ ਜਮ੍ਹਾਂ ਹਨ।
ਕਿਹੜੀਆਂ ਕੰਪਨੀਆਂ ਦੇ ਸ਼ੇਅਰ ਖ਼ਰੀਦੇ
ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਕੋਲ ਯੰਗ ਇੰਡੀਅਨ ਦੇ 100 ਰੁਪਏ ਦੇ 1900 ਸ਼ੇਅਰ ਹਨ, ਜਿਨ੍ਹਾਂ ਦੀ ਕੀਮਤ 1 ਲੱਖ 90 ਹਜ਼ਾਰ ਰੁਪਏ ਹੈ।
ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੇ 25 ਕੰਪਨੀਆਂ ਦੇ ਸ਼ੇਅਰ ਖਰੀਦੇ ਹੋਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ 4.33 ਕਰੋੜ ਰੁਪਏ ਜਮ੍ਹਾ ਹਨ।
ਇਸ ਤੋਂ ਇਲਾਵਾ ਸੱਤ ਮਿਊਚਲ ਫੰਡਾਂ ਵਿੱਚ 3.81 ਕਰੋੜ ਰੁਪਏ ਹਨ ਅਤੇ ਕਰੀਬ 15 ਲੱਖ ਰੁਪਏ ਦੇ ਗੋਲਡ ਬਾਂਡ ਵੀ ਹਨ।
ਹਲਫ਼ਨਾਮੇ ਮੁਤਾਬਕ ਰਾਹੁਲ ਗਾਂਧੀ ਨੇ ਬੀਮੇ ਵਜੋਂ 61.52 ਲੱਖ ਰੁਪਏ ਜਮ੍ਹਾਂ ਕੀਤੇ ਹਨ। ਉਨ੍ਹਾਂ ਕੋਲ 4.20 ਲੱਖ ਰੁਪਏ ਦਾ ਸੋਨਾ ਅਤੇ ਹੋਰ ਕਿਸਮ ਦੇ ਗਹਿਣੇ ਹਨ। ਇਸ ਤਰ੍ਹਾਂ ਰਾਹੁਲ ਗਾਂਧੀ ਦੀ ਕੁੱਲ ਚੱਲ ਜਾਇਦਾਦ 9.24 ਕਰੋੜ ਰੁਪਏ ਹੈ।

ਤਸਵੀਰ ਸਰੋਤ, ANI
ਅਚੱਲ ਜਾਇਦਾਦ ਕਿੰਨੀ ਹੈ?
ਹਲਫਨਾਮੇ ਮੁਤਾਬਕ ਰਾਹੁਲ ਗਾਂਧੀ ਕੋਲ ਕਰੀਬ 11 ਕਰੋੜ 15 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ।
ਰਾਹੁਲ ਨੇ ਦੱਸਿਆ ਕਿ ਭੈਣ ਪ੍ਰਿਅੰਕਾ ਗਾਂਧੀ ਦੇ ਨਾਲ ਉਨ੍ਹਾਂ ਨੇ ਦਿੱਲੀ ਦੇ ਸੁਲਤਾਨਪੁਰ ਪਿੰਡ ਮਹਿਰੌਲੀ ਵਿੱਚ ਦੋ ਵਾਹੀਯੋਗ ਜ਼ਮੀਨਾਂ ਲਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਅੱਧਾ ਹਿੱਸਾ ਹੈ।
ਹਲਫ਼ਨਾਮੇ ਮੁਤਾਬਕ ਇਸ ਦੀ ਮੌਜੂਦਾ ਬਾਜ਼ਾਰੀ ਕੀਮਤ 2.10 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਨਾਂ 'ਤੇ ਗੁਰੂਗ੍ਰਾਮ ਵਿੱਚ 5 ਹਜ਼ਾਰ 538 ਵਰਗ ਫੁੱਟ ਦੀ ਦਫਤਰੀ ਥਾਂ ਹੈ, ਜਿਸ ਦੀ ਮੌਜੂਦਾ ਕੀਮਤ ਕਰੀਬ 9 ਕਰੋੜ ਰੁਪਏ ਹੈ।

ਤਸਵੀਰ ਸਰੋਤ, Getty Images
ਕਿੱਥੋਂ ਪੜ੍ਹੇ
ਹਲਫਨਾਮੇ ਵਿੱਚ ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੇ 1989 'ਚ CBSE ਤੋਂ 12ਵੀਂ ਜਮਾਤ ਪਾਸ ਕੀਤੀ ਸੀ।
ਜਿਸ ਤੋਂ ਬਾਅਦ ਸਾਲ 1994 ਵਿੱਚ ਉਸਨੇ ਰੋਲਿਨਸ ਕਾਲਜ, ਫਲੋਰੀਡਾ, ਅਮਰੀਕਾ ਤੋਂ ਬੈਚਲਰ ਆਫ਼ ਆਰਟਸ ਕੀਤੀ।
ਉਸਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1995 ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਤੋਂ ਡਿਵੈਲਪਮੈਂਟ ਸਟੱਡੀਜ਼ ਵਿੱਚ ਐੱਮਫਿਲ ਕੀਤੀ ਹੈ।

ਤਸਵੀਰ ਸਰੋਤ, Getty Images
ਰਾਹੁਲ ਲਈ ਵਾਇਨਾਡ ਦੀ ਲੜਾਈ ਕਿੰਨੀ ਮੁਸ਼ਕਲ ਹੈ?
ਖੱਬੇ ਪੱਖੀਆਂ ਨੇ ਵਾਇਨਾਡ ਸੀਟ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।
ਸੀਪੀਆਈ (ਐੱਮ) ਆਗੂ ਵਰਿੰਦਾ ਕਰਾਤ ਨੇ ਫਰਵਰੀ ਵਿੱਚ ਕਿਹਾ ਸੀ, “ਸੀਪੀਆਈ ਨੇ ਵਾਇਨਾਡ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ। ਕਾਮਰੇਡ ਐਨੀ ਰਾਜਾ, ਜਿਨ੍ਹਾਂ ਨੇ ਔਰਤ ਲਹਿਰ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ। ਹੁਣ ਉਹ ਸਮੁੱਚੇ ਐੱਲਡੀਐਫ (ਖੱਬੇ ਜਮਹੂਰੀ ਫਰੰਟ) ਦੀ ਤਰਫੋਂ ਉਮੀਦਵਾਰ ਹੋਣਗੇ।"
ਵਰਿੰਦਾ ਨੇ ਅੱਗੇ ਕਿਹਾ, ''ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਲੜਾਈ ਭਾਜਪਾ ਨਾਲ ਹੈ। ਕੇਰਲ ਵਿੱਚ ਭਾਜਪਾ ਦੇ ਖਿਲਾਫ ਨਹੀਂ, ਖੱਬੇਪੱਖੀਆਂ ਦੇ ਖਿਲਾਫ ਆ ਕੇ ਲੜਦੇ ਹੋ, ਤਾਂ ਤੁਸੀਂ ਕੀ ਸੰਦੇਸ਼ ਦੇਉਂਗੇ? ਇਸ ਲਈ ਉਸ ਨੂੰ ਆਪਣੀ ਸੀਟ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ।"
ਸੀਪੀਆਈ (ਐੱਮ) ਅਤੇ ਕਾਂਗਰਸ ਇੰਡੀਆ ਗੱਠਜੋੜ ਦਾ ਹਿੱਸਾ ਹਨ। ਜਦਕਿ ਰਾਹੁਲ ਗਾਂਧੀ ਦੀ ਸੀਟ ਉੱਤੇ ਇਹ ਦੋਵੇਂ ਸਹਿਯੋਗੀ ਆਹਮੋ-ਸਾਹਮਣੇ ਹੋਣਗੇ।
ਕੇਰਲ ਵਿੱਚ ਲੋਕ ਸਭਾ ਦੀਆਂ 20 ਸੀਟਾਂ ਹਨ। ਸੀਪੀਆਈ ਇਨ੍ਹਾਂ 20 ਵਿੱਚੋਂ ਚਾਰ ਸੀਟਾਂ ਉੱਤੇ ਚੋਣ ਲੜ ਰਹੀ ਹੈ।
ਸੀਪੀਆਈ ਦੇ ਸੂਬਾ ਸਕੱਤਰ ਬਿਨੋਏ ਵਿਸ਼ਵਮ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ। ਸ਼ਸ਼ੀ ਥਰੂਰ 2009 ਤੋਂ ਕੇਰਲ ਦੀ ਤਿਰੂਵਨੰਤਪੁਰਮ ਸੀਟ ਤੋਂ ਸੰਸਦ ਮੈਂਬਰ ਹਨ। ਸੀਪੀਆਈ ਨੇ ਇਸ ਸੀਟ 'ਤੇ ਪਾਰਟੀ ਦੇ ਸੀਨੀਅਰ ਨੇਤਾ ਪਾਨਿਯਾਨ ਰਵਿੰਦਰਨ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਤਸਵੀਰ ਸਰੋਤ, Getty Images
ਜਦੋਂ ਵਰਿੰਦਾ ਕਰਾਤ ਨੇ ਫਰਵਰੀ ਵਿੱਚ ਵਾਇਨਾਡ ਤੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਸੀ ਅਤੇ ਰਾਹੁਲ ਗਾਂਧੀ ਨੂੰ ਸੋਚਣ ਲਈ ਕਿਹਾ ਸੀ, ਤਾਂ ਸ਼ਥੀ ਥਰੂਰ ਨੇ ਇਸ ਬਾਰ ਪ੍ਰਤੀਕਿਰਿਆ ਦਿੱਤੀ ਸੀ।
ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਖੱਬੇਪੱਖੀ ਕੇਰਲ ਦੀਆਂ ਉਨ੍ਹਾਂ ਸੀਟਾਂ 'ਤੇ ਕਾਂਗਰਸ ਦੇ ਸਾਹਮਣੇ ਕਿਉਂ ਆ ਰਹੇ ਹਨ ਜਿੱਥੇ ਭਾਜਪਾ ਮਜ਼ਬੂਤ ਸੀ।
ਸ਼ਸ਼ੀ ਥਰੂਰ ਨੇ ਕਿਹਾ ਸੀ, “ਉਦਾਹਰਨ ਲਈ, ਮੇਰੀ ਸੀਟ ਦੀ ਗੱਲ ਕਰੋ। ਪਿਛਲੀਆਂ ਦੋ ਚੋਣਾਂ ਵਿੱਚ ਇਸ ਸੀਟ ਉੱਤੇ ਭਾਜਪਾ ਦੂਜੇ ਨੰਬਰ ਉੱਤੇ ਰਹੀ ਹੈ। ਭਾਜਪਾ ਵਿਰੋਧੀ ਵੋਟਾਂ ਦਾ ਵੱਡਾ ਹਿੱਸਾ ਤੀਜੇ ਨੰਬਰ ਦੇ ਕਮਿਊਨਿਸਟ ਉਮੀਦਵਾਰ ਨੂੰ ਗਿਆ। ਜੇਕਰ ਤਿਰੂਵਨੰਤਪੁਰਮ ਵਿੱਚ ਖੱਬੇ ਪੱਖੀ ਧਿਰਾਂ ਲਈ ਮੇਰਾ ਵਿਰੋਧ ਕਰਨਾ ਠੀਕ ਹੈ ਤਾਂ ਰਾਹੁਲ ਗਾਂਧੀ ਵਾਇਨਾਡ ਵਿੱਚ ਖੱਬੇ ਪੱਖੀਆਂ ਵਿਰੁੱਧ ਕਿਉਂ ਨਹੀਂ ਲੜ ਸਕਦੇ?"
ਸੀਟ ਵੰਡ ਨੂੰ ਲੈ ਕੇ ਥਰੂਰ ਨੇ ਕਿਹਾ, "ਕੇਰਲ ਵਿੱਚ ਖੱਬੇ ਪੱਖੀਆਂ ਦਾ ਸਹਿਯੋਗ ਕਰਨ ਦਾ ਕੋਈ ਇਰਾਦਾ ਨਹੀਂ ਦਿਖ ਰਿਹਾ।"
ਗੁਆਂਢੀ ਸੂਬੇ ਤਾਮਿਲਨਾਡੂ ਵਿੱਚ ਸੀਪੀਆਈ (ਐੱਮ), ਸੀਪੀਆਈ, ਮੁਸਲਿਮ ਲੀਗ, ਕਾਂਗਰਸ ਅਤੇ ਡੀਐੱਮਕੇ ਇਕੱਠੇ ਲੜ ਰਹੇ ਹਨ। ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਸਥਿਤੀ ਵੱਖਰੀ ਦਿਖਾਈ ਦਿੰਦੀ ਹੈ।
ਦੂਜੇ ਪਾਸੇ ਐਨੀ ਰਾਜਾ ਨੇ ਕਿਹਾ ਸੀ, "ਇਹ ਕਾਂਗਰਸ ਨੇ ਤੈਅ ਕਰਨਾ ਹੈ ਕਿ ਉਹ ਕਿਹੜੀ ਸੀਟ ਉੱਤੇ ਕਿਸ ਨੂੰ ਉਤਾਰਨਾ ਚਾਹੁੰਦੀ ਹੈ। ਇੱਕ ਆਜ਼ਾਦ ਪਾਰਟੀ ਹੋਣ ਦੇ ਨਾਤੇ ਅਸੀਂ ਇਹ ਫੈਸਲਾ ਲਿਆ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਹੁਲ ਗਾਂਧੀ ਸੀਪੀਆਈ ਉਮੀਦਵਾਰ ਦਾ ਸਾਹਮਣਾ ਕਰਨਗੇ। ਅਜਿਹਾ 2019 ਵਿੱਚ ਵੀ ਹੋਇਆ ਸੀ। ਹਾਲਾਂਕਿ ਇਸ ਦਾ ਅਸਰ 'ਇੰਡੀਆ' ਵੱਲੋਂ ਭਾਜਪਾ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ 'ਤੇ ਪਵੇਗਾ। ਇਸ ਦੀ ਜ਼ਿੰਮੇਵਾਰੀ ਕਾਂਗਰਸ ਦੀ ਹੈ ਨਾ ਕਿ ਸਾਡੀ।
ਐਨੀ ਰਾਜਾ ਕੌਣ ਹਨ

ਤਸਵੀਰ ਸਰੋਤ, ANI
ਐਨੀ ਰਾਜਾ ਸੀਪੀਆਈ (ਐੱਮ) ਦੇ ਕੌਮੀ ਕਾਰਜਕਾਰਨੀ ਮੈਂਬਰ ਹਨ। ਐਨੀ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਦੀ ਪਤਨੀ ਵੀ ਹਨ।
ਉਹ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੇ ਜਨਰਲ ਸਕੱਤਰ ਵੀ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਸਿਆਸਤ ਵਿੱਚ ਸਰਗਰਮ ਰਹੇ ਹਨ।
ਐਨੀ ਦਾ ਜਨਮ ਇੱਕ ਆਰਥੋਡਾਕਸ ਈਸਾਈ ਪਰਿਵਾਰ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਥਾਮਸ ਇੱਕ ਕਿਸਾਨ ਅਤੇ ਇੱਕ ਕਮਿਊਨਿਸਟ ਸਨ। ਐਨੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸੀਪੀਆਈ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਲ ਹੋ ਗਏ ਸੀ।
ਐਨੀ ਵਿਦਿਆਰਥੀ ਮੁੱਦਿਆਂ ਉੱਤੇ ਬਹੁਤ ਸਰਗਰਮ ਸਨ।
ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਐਨੀ ਸੀਪੀਆਈ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਵੀਕੇ ਵਾਸੂਦੇਵਨ ਨਾਇਰ ਦੇ ਕਹਿਣ ਉੱਤੇ ਸਿਆਸਤ ਵਿੱਚ ਸਰਗਰਮ ਹੋਏ ਅਤੇ ਪਾਰਟੀ ਵਿੱਚ ਮਹੱਤਵਪੂਰਣ ਜ਼ਿੰਮੇਵਾਰੀਆਂ ਸੰਭਾਲੀਆਂ।
ਐਨੀ ਕੰਨੂਰ ਵਿੱਚ ਸੀਪੀਆਈ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਸਕੱਤਰ ਬਣੇ 22 ਸਾਲ ਦੀ ਉਮਰ ਵਿੱਚ, ਉਹ ਸੀਪੀਆਈ ਦੀ ਸੂਬਾ ਕਾਰਜਕਾਰਨੀ ਕਮੇਟੀ ਦੀ ਮੈਂਬਰ ਬਣ ਗਏ।
ਐਨੀ ਅਤੇ ਡੀ ਰਾਜਾ ਦਾ ਵਿਆਹ ਸਾਲ 1990 ਵਿੱਚ ਹੋਇਆ ਸੀ। ਬਾਅਦ ਵਿੱਚ ਜੋੜਾ ਦਿੱਲੀ ਆ ਗਿਆ।
ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਨੀ ਨੇ ਬੀ.ਐੱਡ ਦੀ ਪੜ੍ਹਾਈ ਵੀ ਕੀਤੀ ਸੀ। ਉਨ੍ਹਾਂ ਨੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ, ਜਿਸ ਵਿੱਚ ਇੱਕ ਅਧਿਆਪਕ ਦੀ ਨੌਕਰੀ ਵੀ ਸ਼ਾਮਲ ਹੈ।
ਬਾਅਦ ਵਿੱਚ ਐਨੀ ਔਰਤਾਂ ਨਾਲ ਜੁੜੇ ਮੁੱਦਿਆਂ ਉੱਤੇ ਸਰਗਰਮ ਹੋ ਗਏ।
ਜੁਲਾਈ 2023 ਵਿੱਚ, ਐਨੀ ਦੇ ਖਿਲਾਫ ਇੰਫਾਲ ਵਿੱਚ ਮਣੀਪੁਰ ਹਿੰਸਾ ਨੂੰ ਸਟੇਟ ਸਪਾਂਸਰ ਕਹਿਣ ਕਾਰਨ ਇੱਕ ਕੇਸ ਦਰਜ ਕੀਤਾ ਗਿਆ ਸੀ।












