ਪੋਰਨ ਸਾਈਟਾਂ ’ਤੇ ਕੁੜੀ ਦੀ ਫੋਟੋਆਂ ਪਾਉਣ ਵਾਲਾ ‘ਮਾਸਟਰਮਾਈਂਡ’ ਜਦੋਂ ਉਸ ਦਾ ਸਭ ਤੋ ਵੱਧ ਕਰੀਬੀ ਨਿਕਲਿਆ

ਡੀਪਫੇਕ

ਤਸਵੀਰ ਸਰੋਤ, Getty Images

    • ਲੇਖਕ, ਕੇਟ ਵੈਸਟ
    • ਰੋਲ, ਬੀਬੀਸੀ ਪੱਤਰਕਾਰ (ਫਾਈਲ ਨੰਬਰ 4)

ਜੂਡੀ ਨੂੰ ਡੀਪਫੇਕ ਪੋਰਨ ਵਿੱਚ ਆਪਣੀਆਂ ਤਸਵੀਰਾਂ ਮਿਲੀਆਂ। ਇਸ ਤੋਂ ਬਾਅਦ ਅਜੇ ਇੱਕ ਹੋਰ ਭਿਆਨਕ ਸਦਮਾ ਲੱਗਣਾ ਤਾਂ ਬਾਕੀ ਸੀ। ਜੂਡੀ ਨੇ ਬੀਬੀਸੀ ਫਾਈਲ ਨੰਬਰ 4 ਨੂੰ ਦੱਸਿਆ ਕਿ ਇਹ ਤਸਵੀਰਾਂ ਉਸ ਦੇ ਹੀ ਸਭ ਤੋਂ ਵਧੀਆ ਦੋਸਤ ਨੇ ਬਣਾਈਆਂ ਸਨ।

ਚੇਤਾਵਨੀ- ਲੇਖ ਵਿੱਚ ਗਾਲੀਗਲੋਚ ਵਾਲੀ ਭਾਸ਼ਾ ਅਤੇ ਜਿਣਸੀ ਹਿੰਸਾ ਹੈ।

ਸਾਲ 2021 ਦੀ ਬਸੰਤ ਵਿੱਚ ਜੂ਼ਡੀ (ਬਦਲਿਆ ਨਾਮ) ਨੂੰ ਇੱਕ ਅਨਜਾਣ ਈਮੇਲ ਪਤੇ ਤੋਂ ਇੱਕ ਪੋਰਨ ਵੈਬਸਾਈਟ ਦਾ ਲਿੰਕ ਭੇਜਿਆ ਗਿਆ।

ਜਦੋਂ ਜੂਡੀ ਨੇ ਲਿੰਕ ਖੋਲ੍ਹਿਆ ਤਾਂ ਉੱਥੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਸਨ ਜੋ ਦੇਖਣ ਨੂੰ ਉਸੇ ਦੀਆਂ ਲਗਦੀਆਂ ਸਨ।

ਦੇਖਣ ਨੂੰ ਲੱਗ ਰਿਹਾ ਸੀ ਕਿ ਉਹ ਇੱਕ ਤੋਂ ਜ਼ਿਆਦਾ ਮਰਦਾਂ ਨਾਲ ਸਰੀਰਕ ਸੰਬੰਧ ਬਣਾ ਰਹੇ ਹੋਣ।

ਅਸਲ ਵਿੱਚ ਕਿਸੇ ਨੇ ਵੀਡੀਓ ਐਡਿਟਿੰਗ ਰਾਹੀਂ ਉਨ੍ਹਾਂ ਦਾ ਚਿਹਰਾ ਕਿਸੇ ਹੋਰ ਦੇ ਸਰੀਰ ਉੱਪਰ ਲਗਾ ਦਿੱਤਾ ਸੀ। ਇਸ ਤਕਨੀਕ ਨੂੰ ਡੀਪਫੇਕ ਕਿਹਾ ਜਾਂਦਾ ਹੈ।

ਉਮਰ ਦੇ ਦੂਜੇ ਦਹਾਕੇ ਦੇ ਅੱਧ ਵਿੱਚ ਪਹੁੰਚ ਚੁੱਕੀ ਜੂਡੀ ਨੇ ਆਪਣੇ ਇਸ ਅਨੁਭਵ ਬਾਰੇ ਪਹਿਲੀ ਵਾਰ ਗੱਲ ਕੀਤੀ ਹੈ।

ਉਹ ਕਹਿੰਦੇ ਹਨ, “ਮੈਂ ਚੀਖ ਰਹੀ ਸੀ ਅਤੇ ਰੋ ਰਹੀ ਸੀ ਅਤੇ ਇਹ ਸਮਝਣ ਲਈ ਕਿ ਮੈਂ ਕੀ ਦੇਖ ਪੜ੍ਹ ਰਹੀ ਹਾਂ, ਘਬਰਾਹਟ ਵਿੱਚ ਆਪਣੇ ਫੋਨ ਨੂੰ ਸਕਰੋਲ ਕਰਦੀ ਜਾ ਰਹੀ ਸੀ।“

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਜਾਣਦੀ ਸੀ ਕਿ ਇਹ ਵਾਕਈ ਮੇਰੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ।”

ਪੋਰਨ ਸਾਈਟ ਨੂੰ ਦੇਖਦਿਆਂ ਜੂ਼ਡੀ ਨੂੰ ਲੱਗਿਆ ਜਿਵੇਂ ਪੂਰੀ ਦੁਨੀਆਂ ਢਹਿ ਗਈ ਹੋਵੇ।

ਡੀਪਫੇਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਰਨ ਸਾਈਟ ਨੂੰ ਦੇਖਦਿਆਂ ਜੂ਼ਡੀ ਨੂੰ ਲੱਗਿਆ ਜਿਵੇਂ ਪੂਰੀ ਦੁਨੀਆਂ ਢਹਿ ਗਈ ਹੋਵੇ

ਅਜਿਹਾ ਪਹਿਲੀ ਵਾਰ ਨਹੀਂ ਸੀ

ਫਿਰ ਜੂਡੀ ਨੂੰ ਇੱਕ ਤਸਵੀਰ ਨਜ਼ਰ ਆਈ ਅਤੇ ਉਨ੍ਹਾਂ ਦੇ ਸਾਹਮਣੇ ਇੱਕ ਭਿਆਨਕ ਖੁਲਾਸਾ ਹੋਇਆ।

ਇਹ ਪਹਿਲੀ ਵਾਰ ਨਹੀਂ ਹੋਇਆ ਸੀ ਕਿ ਜੂਡੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੋਵੇ।

ਸਗੋਂ ਇਹ ਤਾਂ ਉਨ੍ਹਾਂ ਦੇ ਕਈ ਸਾਲਾਂ ਤੋਂ ਅਨਜਾਣ ਵਿਅਕਤੀ ਵੱਲੋਂ ਕੀਤੇ ਜਾ ਰਹੇ ਆਨ ਲਾਈਨ ਸ਼ੋਸ਼ਣ ਦਾ ਸਿਲਸਿਲਾ ਸੀ।

ਜਦੋਂ ਜੂਡੀ ਆਪਣੀ ਕਿਸ਼ੋਰ ਉਮਰ ਵਿੱਚ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਨਾਮ ਅਤੇ ਤਸਵੀਰਾਂ ਬਿਨਾਂ ਪੁੱਛੇ ਹੀ ਡੇਟਿੰਗ ਐਪਲੀਕੇਸ਼ਨਾਂ ਉੱਪਰ ਵਰਤੀਆਂ ਜਾ ਰਹੀਆਂ ਸਨ।

ਇਹ ਕਈ ਸਾਲਾਂ ਤੱਕ ਚਲਦਾ ਰਿਹਾ ਅਤੇ ਉਨ੍ਹਾਂ ਨੂੰ ਸਾਲ 2017 ਵਿੱਚ ਇੱਕ ਅਜਨਬੀ ਤੋਂ ਫੇਸਬੁਕ ਮੈਸਜ ਵੀ ਆਇਆ। ਉਹ ਉਨ੍ਹਾਂ ਨੂੰ ਲੀਵਰਪੂਲ ਲੰਡਨ ਵਿੱਚ ਡੇਟ ਲਈ ਮਿਲਣ ਵਾਲਾ ਸੀ।

ਜੂਡੀ ਨੇ ਉਸ ਨੂੰ ਦੱਸਿਆ ਕਿ ਜਿਸ ਨਾਲ ਉਹ ਗੱਲਾਂ ਕਰ ਰਿਹਾ ਸੀ ਉਹ, ਉਹ ਨਹੀਂ ਸੀ। ਜੂਡੀ ਨੂੰ ਅਪਮਾਨਿਤ ਮਹਿਸੂਸ ਹੋਇਆ ਕਿਉਂਕਿ ਸਾਹਮਣੇ ਵਾਲਾ ਉਸ ਬਾਰੇ ਸਭ ਕੁਝ ਜਾਣਦਾ ਸੀ।

ਇਸੇ ਕਾਰਨ ਉਹ ਉਸ ਨੂੰ ਫੇਸਬੁਕ ਉੱਤੇ ਲੱਭ ਸਕਿਆ ਸੀ। ਜਦੋਂ ਡੇਟਿੰਗ ਐਪ ਵਾਲੀ ਜੂਡੀ ਨੇ ਉਸ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਤਾਂ ਉਸ ਨੇ ਜੂ਼ਡੀ ਨੂੰ ਫੇਸਬੁਕ ਉੱਤੇ ਲੱਭਣਾ ਸ਼ੁਰੂ ਕੀਤਾ ਸੀ।

ਮਈ 2020 ਵਿੱਚ ਜਦੋਂ ਯੂਕੇ ਵਿੱਚ ਲਾਕਡਾਊਨ ਲੱਗਿਆ ਹੋਇਆ ਸੀ ਤਾਂ ਜੂ਼ਡੀ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਟਵਿੱਟਰ ਉੱਤੇ ਕਈ ਖਾਤੇ ਉਨ੍ਹਾਂ ਦੀਆਂ ਤਸਵੀਰਾਂ ਪਾ ਰਹੇ ਸਨ। ਕੈਪਸ਼ਨ ਸੁਝਾਅ ਰਹੇ ਸਨ ਕਿ ਉਹ ਕੋਈ ਸੈਕਸ ਵਰਕਰ ਹੈ।

ਜੂਡੀ ਦੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਲਈ ਗਈ ਉਸ ਦੀ ਇੱਕ ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ, “ਤੁਸੀਂ ਜੂਡੀ ਵਰਗੀ ਨਿੱਕੀ ਕਿਸ਼ੋਰ ਨਾਲ ਕੀ ਕਰਨਾ ਚਾਹੋਗੇ?”

ਜੂਡੀ ਦੀਆਂ ਅਜਿਹੀਆਂ ਤਸਵੀਰਾਂ ਪਾਉਣ ਵਾਲੇ ਟਵਿੱਟਰ ਅਕਾਊਂਟ ਸਨ, ਜਿਵੇਂ “ਸਲੱਟ ਐਕਸਪੋਜ਼ਰ”, “ਚੀਫ ਪਰਵ” ਵਗੈਰਾ।

ਇਹ ਸਾਰੀਆਂ ਤਸਵੀਰਾਂ ਉਹ ਸਨ ਜੋ ਕਦੇ ਜੂਡੀ ਨੇ ਬੜੀ ਖੁਸ਼ੀ ਨਾਲ ਆਪਣੇ ਪਰਿਵਾਰ ਅਤੇ ਦੋਸਤਾਂ ਲਈ (ਨਾ ਕਿ ਕਿਸੇ ਹੋਰ ਲਈ) ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਸਨ।

ਫਿਰ ਜੂਡੀ ਨੂੰ ਪਤਾ ਲੱਗਿਆ ਕਿ ਇਹ ਖਾਤੇ ਜੂਡੀ ਦੀ ਜਾਣ-ਪਛਾਣ ਦੀਆਂ ਹੋਰ ਔਰਤਾਂ ਦੀਆਂ ਤਸਵੀਰਾਂ ਵੀ ਪਾ ਰਹੇ ਸਨ। ਇਨ੍ਹਾਂ ਔਰਤਾਂ ਨੂੰ ਉਹ ਯੂਨੀਵਰਸਿਟੀ ਤੋਂ ਜਾਣਦੀ ਸੀ ਜਾਂ ਉਸ ਦੇ ਗ੍ਰਹਿ ਨਗਰ ਕੈਂਬਰਿਜ ਤੋਂ ਸਨ।

ਉਹ ਕਹਿੰਦੇ ਹਨ, “ਉਸ ਪਲ਼ ਮੈਨੂੰ ਲੱਗਿਆ ਕਿ ਮੈਂ ਇਸ ਸਭ ਦੇ ਕੇਂਦਰ ਵਿੱਚ ਹਾਂ ਅਤੇ ਇਹ ਵਿਅਕਤੀ ਮੈਨੂੰ ਦੁਖੀ ਕਰਨਾ ਚਾਹੁੰਦਾ ਹੈ।”

ਸੰਦੇਸ਼

ਤਸਵੀਰ ਸਰੋਤ, Screen Grab

ਲੜਾਈ

ਜੂਡੀ ਨੇ ਹੋਰ ਔਰਤਾਂ, ਜਿਨ੍ਹਾਂ ਦੀਆਂ ਵੀ ਤਸਵੀਰਾਂ ਆਨ ਲਾਈਨ ਪਾਈਆਂ ਜਾ ਰਹੀਆਂ ਸਨ, ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਜਿਨ੍ਹਾਂ ਵਿੱਚ ਉਸ ਦੀ ਖ਼ਾਸ ਦੋਸਤ ਡੇਜ਼ੀ ਵੀ ਸ਼ਾਮਲ ਸੀ।

ਜੂਡੀ ਨੇ ਕਿਹਾ, “ਮੈਨੂੰ ਸਿਰਫ਼ ਬੁਰਾ ਲੱਗ ਰਿਹਾ ਸੀ।”

ਸਾਰਿਆਂ ਨੇ ਮਿਲ ਕੇ ਹੋਰ ਵੀ ਟਵਿੱਟਰ ਖਾਤੇ ਲੱਭ ਲਏ ਜੋ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਕਰ ਰਹੇ ਸਨ।

ਡੇਜ਼ੀ ਨੇ ਦੱਸਿਆ, “ਅਸੀਂ ਜਿੰਨਾ ਲੱਭਦੇ ਗਏ ਇਹ ਉਨਾਂ ਹੀ ਬੁਰਾ ਹੁੰਦਾ ਗਿਆ।”

ਜੂਡੀ ਨੇ ਉਨ੍ਹਾਂ ਟਵਿੱਟਰ ਖਾਤਿਆਂ ਨੂੰ ਸੁਨੇਹੇ ਭੇਜ ਕੇ ਪੁੱਛਿਆ ਕਿ ਇਹ ਤਸਵੀਰਾਂ ਉਨ੍ਹਾਂ ਨੂੰ ਕਿੱਥੋਂ ਮਿਲੀਆਂ ਸਨ। ਜਵਾਬ ਮਿਲਿਆ ਕਿ ਇਹ ਤਸਵੀਰਾਂ ਉਨ੍ਹਾਂ ਨੂੰ ਅਣਪਛਾਤੇ ਲੋਕਾਂ “ਵੱਲੋਂ ਭੇਜੀਆਂ ਗਈਆਂ” ਸਨ ਜੋ ਚਾਹੁੰਦੇ ਸਨ ਕਿ ਇਨ੍ਹਾਂ ਨੂੰ ਸ਼ੇਅਰ ਕੀਤਾ ਜਾਵੇ।

ਇੱਕ ਵਰਤੋਂਕਾਰ ਨੇ ਕਿਹਾ, “ਇਹ ਜਾਂ ਤਾਂ ਤੁਹਾਡਾ ਕੋਈ ਸਾਬਕਾ ਸਾਥੀ ਹੋ ਸਕਦਾ ਹੈ ਜਾਂ ਫਿਰ ਕੋਈ ਅਜਿਹਾ ਜਿਸ ਨੂੰ ਤੁਹਾਡੇ ਵਿੱਚੋਂ ਸੁੱਖ ਮਿਲਦਾ ਹੈ।”

ਡੇਜ਼ੀ ਅਤੇ ਜੂਡੀ ਨੇ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੋਵਾਂ ਨੂੰ ਫਾਲੋ ਕਰਨ ਵਾਲੇ ਮਰਦਾਂ ਦੀ ਸੂਚੀ ਬਣਾਈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਵੀ ਲਿਸਟ ਬਣਾਈ ਜਿਨ੍ਹਾਂ ਕੋਲ ਦੋਵੇਂ ਤਰ੍ਹਾਂ ਦੀਆਂ ਤਸਵੀਰਾਂ ਤੱਕ ਦੀ ਪਹੁੰਚ ਹੋ ਸਕਦੀ ਹੈ।

ਦੋਵਾਂ ਨੇ ਨਤੀਜਾ ਕੱਢਿਆ ਕਿ ਇਹ ਜੂਡੀ ਦਾ ਸਾਬਕਾ ਬੁਆਇਫਰੈਂਡ ਹੋ ਸਕਦਾ ਹੈ। ਜੂਡੀ ਨੇ ਪੁਸ਼ਟੀ ਕੀਤੀ ਅਤੇ ਉਸ ਨੂੰ ਬਲਾਕ ਕਰ ਦਿੱਤਾ।

ਇਹ ਵੀ ਪੜ੍ਹੋ-

ਕੁਝ ਮਹੀਨਿਆਂ ਬਾਅਦ ਪੋਸਟਾਂ ਬੰਦ ਹੋ ਗਈਆਂ ਪਰ ਇੱਕ ਅਜਨਬੀ ਈਮੇਲ ਕਰਨ ਵਾਲੇ ਨਾਲ ਰਾਬਤਾ ਹੋਇਆ।

ਅਣਪਛਾਤਾ ਰਹਿਣ ਲਈ ਖਿਮਾਂ। ਪਰ ਮੈਂ ਦੇਖਿਆ ਹੈ ਕਿ ਇਹ ਤੁਹਾਡੀਆਂ ਤਸਵੀਰਾਂ ਗ਼ਲਤ ਢੰਗ ਨਾਲ ਪੋਸਟ ਕਰ ਰਿਹਾ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਡਰਾਉਣਾ ਹੋਵੇਗਾ।

ਜੂ਼ਡੀ ਨੇ ਲਿੰਕ ਖੋਲ੍ਹਿਆ ਅਤੇ ਰੈਡਿਟ ਦੇ ਇੱਕ ਫੋਰਮ ਵਿੱਚ ਦਾਖ਼ਲ ਹੋ ਗਈ। ਉੱਥੇ ਕਿਸੇ ਨੇ ਜੂਡੀ ਅਤੇ ਉਸਦੀਆਂ ਦੋ ਹੋਰ ਸਹੇਲੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਸਨ ਅਤੇ 1,2 ਅਤੇ 3 ਲਿਖਿਆ ਹੋਇਆ ਸੀ।

ਦੂਜੇ ਲੋਕਾਂ ਨੂੰ ਇੱਕ ਖੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਇਨ੍ਹਾਂ ਔਰਤਾਂ ਨਾਲ ਕੀ, ਸੈਕਸ, ਵਿਆਹ ਜਾਂ ਇਨ੍ਹਾਂ ਦਾ ਕਤਲ ਕਰਨਾ ਚਾਹੋਗੇ।

ਉਸ ਪੋਸਟ ਦੇ ਥੱਲੇ 55 ਜਣਿਆਂ ਨੇ ਪਹਿਲਾਂ ਹੀ ਟਿੱਪਣੀਆਂ ਕੀਤੀਆਂ ਹੋਈਆਂ ਸਨ।

ਵੈਬਸਾਈਟ ਉੱਤੇ ਵਰਤੀਆਂ ਤਸਵੀਰਾਂ ਤਾਜ਼ੀਆਂ ਸਨ। ਇਹ ਤਸਵੀਰਾਂ ਜੂਡੀ ਵੱਲੋਂ ਆਪਣੇ ਐਕਸ ਬੁਆਏ ਫ੍ਰੈਂਡ ਨੂੰ ਬਲਾਕ ਕੀਤੇ ਜਾਣ ਤੋਂ ਬਾਅਦ ਪੋਸਟ ਕੀਤੀਆਂ ਗਈਆਂ ਸਨ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਗ਼ਲਤ ਜਣੇ ਉੱਪਰ ਇਲਜ਼ਾਮ ਲਾ ਰਹੀਆਂ ਸਨ।

ਛੇ ਹਫ਼ਤਿਆਂ ਬਾਅਦ ਉਸ ਅਜਨਬੀ ਦੀ ਫਿਰ ਈਮੇਲ ਆਈ। ਇਸ ਵਾਰ ਇਹ ਡੀਪਫੇਕ ਬਾਰੇ ਸੀ।

ਜੂਡੀ ਅਤੇ ਉਸ ਦਾ ਦੋਸਤ ਅਲੈਕਸ
ਤਸਵੀਰ ਕੈਪਸ਼ਨ, ਅਲੈਕਸ ਦੇ ਨਾਲ ਜੂਡੀ (ਧੁੰਦਲੀ) ਦੀ ਫੋਟੋ, ਜਿਸਦਾ ਇੱਕ ਕੱਟਿਆ ਹੋਇਆ ਸੰਸਕਰਣ ਪੋਰਨ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ ਸੀ

ਵਿਸ਼ਵਾਸਘਾਤ

ਪਹਿਲੀ ਲਿਸਟ ਬਣਾਉਣ ਸਮੇਂ ਜੂਡੀ ਅਤੇ ਡੇਜ਼ੀ ਨੇ ਉਨ੍ਹਾਂ ਕੁਝ ਮਰਦਾਂ ਨੂੰ ਲਿਸਟ ਤੋਂ ਬਾਹਰ ਰਹਿਣ ਦਿੱਤਾ ਸੀ ਜਿਨ੍ਹਾਂ ਉੱਪਰ ਦੋਵਾਂ ਨੂੰ ਪਰਿਵਾਰ ਵਾਂਗ ਪੂਰਾ ਭਰੋਸਾ ਸੀ। ਉਨ੍ਹਾਂ ਵਿੱਚ ਜੂਡੀ ਦਾ ਖ਼ਾਸ ਮਿੱਤਰ ਐਲਕਸ ਵੂਲਫ ਵੀ ਆਉਂਦਾ ਸੀ।

ਜੂਡੀ ਅਤੇ ਐਲਕਸ ਦੀ ਅੱਲੜ੍ਹਪੁਣੇ ਤੋਂ ਹੀ ਗੂੜ੍ਹੀ ਦੋਸਤੀ ਸੀ। ਉਨ੍ਹਾਂ ਵਿੱਚ ਕਲਾਸੀਕਲ ਸੰਗੀਤ ਦੀ ਖ਼ਾਸ ਸਾਂਝ ਸੀ।

ਜਦੋਂ ਜੂਡੀ ਨੂੰ ਪਤਾ ਲੱਗਿਆ ਕਿ ਉਸ ਦੇ ਨਾਮ ਅਤੇ ਤਸਵੀਰਾਂ ਦੀ ਇੰਟਰਨੈੱਟ ਉੱਤੇ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਵੁਲਫ ਨੂੰ ਇਹ ਗੱਲ ਸਾਂਝੀ ਕੀਤੀ।

ਵੁਲਫ਼ ਨੇ ਸੰਗੀਤ ਵਿੱਚ ਕਈ ਮੁਕਾਬਲੇ ਜਿੱਤੇ ਸਨ। ਉਸ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਵੀ ਇਨਾਮ ਜਿੱਤਿਆ ਸੀ। ਉਹ ਸਾਲ 2012 ਲਈ ਬੀਬੀਸੀ ਯੰਗ ਕੰਪੋਜ਼ਰ ਦਾ ਵੀ ਜੇਤੂ ਸੀ। ਉਸ ਨੇ ਮਾਸਟਰਮਾਈਂਡ 2021 ਵਿੱਚ ਵੀ ਹਿੱਸਾ ਲਿਆ ਸੀ।

ਜੂਡੀ ਨੇ ਕਿਹਾ, “ਉਹ ਇੰਟਰਨੈਟ ਉੱਪਰ ਔਰਤਾਂ ਦੇ ਦਰਪੇਸ਼ ਮੁੱਦਿਆਂ ਬਾਰੇ ਬਹੁਤ ਸੁਚੇਤ ਸੀ।”

“ਮੈਨੂੰ ਸੱਚੀਂ ਲੱਗਿਆ ਕਿ ਉਹ ਇੱਕ ਕਾਰਕੁਨ ਹੈ।”

ਹਾਲਾਂਕਿ ਜਦੋਂ ਜੂਡੀ ਨੇ ਡੀਪਫੇਕ ਪੋਰਨ ਤਸਵੀਰਾਂ ਦੇਖੀਆਂ ਤਾਂ ਉਸ ਦੀ ਪ੍ਰੋਫਾਈਲ ਵਿੱਚ ਇੱਕ ਤਸਵੀਰ ਸੀ ਜਿਸ ਦੇ ਪਿਛੋਕੜ ਵਿੱਚ ਕਿੰਗਜ਼ ਕਾਲਜ, ਕੈਂਬਰਿਜ ਸੀ।

ਜੂ਼ਡੀ ਨੂੰ ਚੰਗੀ ਤਰ੍ਹਾਂ ਯਾਦ ਸੀ ਇਹ ਕਦੋਂ ਖਿੱਚੀ ਗਈ ਸੀ। ਵੁਲਫ ਵੀ ਉਸ ਤਸਵੀਰ ਵਿੱਚ ਮੌਜੂਦ ਸੀ। ਇਸ ਤੋਂ ਇਲਵਾ ਉਹ ਵਾਹਦ ਸ਼ਖਸ਼ ਸੀ ਜਿਸ ਨਾਲ ਜੂਡੀ ਨੇ ਉਹ ਤਸਵੀਰ ਸਾਂਝੀ ਕੀਤੀ ਸੀ।

ਇਹ ਵੁਲਫ ਹੀ ਸੀ ਜੋ ਲੋਕਾਂ ਨੂੰ ਡੀਪਫੇਕ ਬਣਾ ਕੇ ਸਾਂਝੀਆਂ ਕਰਨ ਲਈ ਜੂਡੀ ਦੀਆਂ ਹੋਰ ਤਸਵੀਰਾਂ ਸਾਂਝੀਆਂ ਕਰਨ ਦੀ ਪੇਸ਼ਕਸ਼ ਕਰ ਰਿਹਾ ਸੀ।

“ਉਸ ਨੂੰ ਪਤਾ ਸੀ ਕਿ ਇਸਦਾ ਮੇਰੀ ਜ਼ਿੰਦਗੀ ਉੱਪਰ ਕਿੰਨਾ ਅਸਰ ਪਵੇਗਾ। ਉਸ ਨੇ ਫਿਰ ਵੀ ਅਜਿਹਾ ਕੀਤਾ।"

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬੇਹੱਦ ਸ਼ਰਮਿੰਦਾ

ਅਗਸਤ 2021 ਵਿੱਚ, 26 ਸਾਲਾ ਵੁਲਫ਼ ਨੂੰ 15 ਔਰਤਾਂ ( ਜਿਨ੍ਹਾਂ ਵਿੱਚ ਜੂਡੀ ਵੀ ਸ਼ਾਮਲ ਸੀ) ਦੀਆਂ ਤਸਵੀਰਾਂ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਚੋਰੀ ਕਰਨ ਅਤੇ ਪੋਰਨ ਸਾਈਟਾਂ ਉੱਪਰ ਅਪਲੋਡ ਕਰਨ ਦਾ ਮੁਜਰਮ ਕਰਾਰ ਦਿੱਤਾ ਗਿਆ।

ਉਸ ਨੂੰ ਵੀਹ ਹਫ਼ਤਿਆਂ ਦੀ ਕੈਦ, ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਅਤੇ ਹਰੇਕ ਪੀੜਤ ਨੂੰ ਸੌ ਪਾਊਂਡ ਦਾ ਮੁਆਵਜ਼ਾ ਦੇਣ ਦੀ ਸਜ਼ਾ ਸੁਣਾਈ ਗਈ।

ਵੁਲਫ ਨੇ ਬੀਬੀਸੀ ਨੂੰ ਦੱਸਿਆ ਉਹ ਆਪਣੇ ਕੀਤੇ ਉੱਤੇ “ਬੇਹੱਦ ਸ਼ਰਮਿੰਦਾ” ਹੈ ਜਿਸ ਕਾਰਨ ਉਸ ਨੂੰ ਸਜ਼ਾ ਹੋਈ ਹੈ। ਉਹ ਆਪਣੇ ਕੰਮਾਂ ਲਈ “ਤਹਿ ਦਿਲੋਂ ਮਾਫੀ” ਚਾਹੁੰਦਾ ਹੈ।

“ਮੈਂ ਉਸ ਦੁੱਖ ਬਾਰੇ ਸੋਚਦਾ ਹਾਂ ਜੋ ਮੈਂ ਹਰ ਰੋਜ਼ ਪਹੁੰਚਾਇਆ ਹੈ ਅਤੇ ਕੋਈ ਸ਼ੱਕ ਨਹੀਂ ਮੈਂ ਬਾਕੀ ਜ਼ਿੰਦਗੀ ਵੀ ਕਰਦਾ ਰਹਾਂਗਾ।“

“ਜੋ ਮੈਂ ਕੀਤਾ ਹੈ ਉਸ ਲਈ ਕੋਈ ਬਹਾਨਾ ਨਹੀਂ ਹੈ। ਨਾ ਹੀ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਮੈਂ ਇਨ੍ਹਾਂ ਭਾਵਨਾਵਾਂ ਅਧੀਨ ਹੋ ਕੇ ਅਜਿਹਾ ਕਿਉਂ ਕੀਤਾ।”

ਵੁਲਫ ਨੇ ਜੂਡੀ ਦੇ ਸ਼ੋਸ਼ਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣਾ-ਦੇਣਾ ਹੋਣ ਤੋਂ ਇਨਕਾਰ ਕੀਤਾ ਹੈ ਜੋ ਉਸ 'ਤੇ ਇਲਜ਼ਾਮ ਲਾਏ ਜਾਣ ਤੋਂ ਪਹਿਲਾਂ ਵਾਪਰੀਆਂ ਸਨ।

ਜੂਡੀ ਲਈ, ਇਹ ਪਤਾ ਲਗਾਉਣਾ ਕਿ ਉਸ ਦੇ ਦੋਸਤ ਨੇ ਕੀ ਕੀਤਾ ਸੀ "ਅਖ਼ੀਰ ਉਹ ਵਿਸ਼ਵਾਸਘਾਤ ਅਤੇ ਅਪਮਾਨ" ਸੀ।

ਉਹ ਕਹਿੰਦੀ ਹੈ, "ਮੈਂ ਸਾਡੇ ਵਿੱਚ ਹੋਈ ਗੱਲਬਾਤ ਨੂੰ ਮੁੜ ਯਾਦ ਕਰਦੀ ਹਾਂ, ਜਿੱਥੇ ਉਸ ਨੇ ਮੈਨੂੰ ਦਿਲਾਸਾ ਦਿੱਤਾ ਸੀ ਅਤੇ ਮੇਰਾ ਸਮਰਥਨ ਕੀਤਾ ਸੀ ਤੇ ਮੇਰੇ ਨਾਲ ਪਿਆਰ ਕੀਤਾ ਸੀ। ਇਹ ਸਭ ਝੂਠ ਸੀ।"

ਅਸੀਂ ਪੋਸਟਾਂ ਬਾਰੇ ਐਕਸ (ਪਹਿਲਾਂ ਟਵਿੱਟਰ), ਅਤੇ ਰੈਡਿਟ ਨਾਲ ਸੰਪਰਕ ਕੀਤਾ। ਐਕਸ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਰੈਡਿਟ ਦੇ ਇੱਕ ਬੁਲਾਰੇ ਨੇ ਕਿਹਾ, "ਗੈਰ-ਸਹਿਮਤ ਇੰਟੀਮੇਟ ਮੀਡੀਆ (ਐੱਨਸੀਆਈਐੱਮ) ਦੀ ਰੈਡਿਟ ਪਲੇਟਫਾਰਮ 'ਤੇ ਕੋਈ ਥਾਂ ਨਹੀਂ ਹੈ। ਪਾਬੰਦੀ ਲਗਾ ਦਿੱਤੀ ਗਈ ਹੈ ਤੇ ਪੋਰਨ ਸਾਈਟ ਨੂੰ ਵੀ ਹਟਾ ਦਿੱਤਾ ਗਿਆ ਹੈ।"

ਅਕਤੂਬਰ 2023 ਵਿੱਚ, ਆਨਲਾਈਨ ਸੁਰੱਖਿਆ ਬਿੱਲ ਦੇ ਹਿੱਸੇ ਵਜੋਂ ਡੀਪਫੇਕ ਪੋਰਨ ਸਾਂਝਾ ਕਰਨਾ ਇੱਕ ਅਪਰਾਧ ਬਣ ਗਿਆ।

ਆਨਲਾਈਨ ਹਜ਼ਾਰਾਂ ਡੀਪ ਫੇਕ ਵੀਡੀਓਜ਼ ਹਨ। ਤਾਜ਼ਾ ਖੋਜ ਵਿੱਚ ਪਾਇਆ ਗਿਆ ਹੈ ਕਿ 98 ਫੀਸਦ ਅਸ਼ਲੀਲ ਹਨ।

ਹਾਲਾਂਕਿ, ਜੂਡੀ ਬਹੁਤ ਬੁਰਾ ਮਹਿਸੂਸ ਕਰਦੀ ਹੈ ਕਿ ਨਵਾਂ ਕਾਨੂੰਨ ਉਸ ਵਿਅਕਤੀ ਨੂੰ ਅਪਰਾਧੀ ਨਹੀਂ ਬਣਾਉਂਦਾ ਜੋ ਦੂਜਿਆਂ ਨੂੰ ਡੂੰਘੇ ਫੇਕ ਬਣਾਉਣ ਲਈ ਕਹਿੰਦੇ ਹਨ, ਅਜਿਹਾ ਹੀ ਅਲੈਕਸ ਵੁਲਫ ਨੇ ਕੀਤਾ ਸੀ। ਡੀਪਫੇਕ ਬਣਾਉਣਾ ਵੀ ਗ਼ੈਰ-ਕਾਨੂੰਨੀ ਨਹੀਂ ਹੈ।

ਉਹ ਕਹਿੰਦੀ ਹੈ, "ਇਸ ਨਾਲ ਹਜ਼ਾਰਾਂ ਔਰਤਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਾਡੇ ਕੋਲ ਉਚਿਤ ਕਾਨੂੰਨ ਅਤੇ ਸਾਧਨ ਹੋਣੇ ਚਾਹੀਦੇ ਹਨ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)