ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ: ‘ਜੋ ਅਕਾਲੀ ਤਨਖ਼ਾਹ ਲਾਏ ਬਿਨਾਂ ਨਹੀਂ ਕਰਦੇ, ਰਾਹੁਲ ਉਹ ਕਰ ਗਏ’

ਤਸਵੀਰ ਸਰੋਤ, INC
- ਲੇਖਕ, ਅਰਸ਼ਦੀਪ ਕੌਰ/ ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਆਗੂ ਰਾਹੁਲ ਗਾਂਧੀ ਪਿਛਲੇ ਦੋ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਉੱਤੇ ਹਨ। ਬਿਨਾਂ ਲਾਮ-ਲਸ਼ਕਰ ਤੋਂ ਆਮ ਸ਼ਰਧਾਲੂ ਆਏ ਰਾਹੁਲ ਗਾਂਧੀ ਨੇ ਇਸ ਸਮੇਂ ਦੌਰਾਨ ਜਲ ਸੇਵਾ, ਜੋੜਿਆਂ ਦੀ ਸੇਵਾ, ਲੰਗਰ ਸੇਵਾ ਦੇ ਨਾਲ-ਨਾਲ ਪਾਲਕੀ ਸਾਹਿਬ ਦੀ ਸੇਵਾ ਵਿੱਚ ਵੀ ਭਾਗ ਲਿਆ।
ਉਹ ਪਹਿਲੀ ਵਾਰ ਦਰਬਾਰ ਸਾਹਿਬ ਨਹੀਂ ਆਏ ਹਨ ਪਰ ਇਸ ਵਾਰ ਜਿਵੇਂ ਉਹ ਦੋ ਦਿਨਾਂ ਤੋਂ ਸਿੱਖ ਧਰਮ ਦੇ ਇਸ ਰੂਹਾਨੀ ਅਸਥਾਨ ਉੱਤੇ ਸੇਵਾ ਕਰ ਰਹੇ ਹਨ, ਉਸ ਨੇ ਸਿਆਸੀ ਤੇ ਮੀਡੀਆ ਹਲਕਿਆ ਦਾ ਧਿਆਨ ਖਿੱਚਿਆ ਹੈ।
ਭਾਵੇਂ ਕਿ ਕਾਂਗਰਸ ਪਾਰਟੀ ਵੱਲੋਂ ਇਸ ਫੇਰੀ ਨੂੰ ਉਨ੍ਹਾਂ ਦੀ ‘ਨਿੱਜੀ ਅਤੇ ਰੂਹਾਨੀ (ਸਪਿਰੀਚੂਅਲ)’ ਫੇਰੀ ਹੀ ਕਿਹਾ ਜਾ ਰਿਹਾ ਹੈ।
ਪਰ ਕਿਉਂਕਿ ਗਾਂਧੀ ਪਰਿਵਾਰ ਦੀ ਸੱਤਾ ਦੌਰਾਨ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਹੋਣ ਅਤੇ ਇਸੇ ਸਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ਵਿੱਚ ਕਈ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਹੋਇਆ ਸੀ।
ਜਿਸ ਦਾ ਇਲਜ਼ਾਮ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਉੱਤੇ ਲੱਗਦਾ ਰਿਹਾ ਹੈ। ਇਸ ਨੂੰ ਅਕਾਲੀ ਦਲ ਅਤੇ ਦੂਜੀਆਂ ਸਿਆਸੀ ਪਾਰਟੀਆਂ ਸਿਆਸੀ ਮੁੱਦੇ ਦੇ ਤੌਰ ਉੱਤੇ ਵਰਤਦੀਆਂ ਰਹੀਆਂ ਹਨ।
ਇਸ ਲਈ ਰਾਹੁਲ ਗਾਂਧੀ ਦੇ ਮੌਜੂਦਾ ਫੇਰੀ ਆਮ ਸ਼ਰਧਾਲੂ ਵਾਂਗ ਹੋਣ ਦੇ ਬਾਵਜੂਦ ਪੰਜਾਬ ਅਤੇ ਭਾਰਤ ਦੇ ਸਿਆਸੀ ਅਤੇ ਗ਼ੈਰ-ਸਿਆਸੀ ਹਲਕਿਆਂ ਵਿੱਚ ਚਰਚਾ ਦਾ ਸਬੱਬ ਬਣ ਗਈ ਹੈ।

ਤਸਵੀਰ ਸਰੋਤ, Getty Images
ਰਾਹੁਲ ਦੀ ਸੇਵਾ ਜਾਂ ਸਿਆਸਤ
ਰਾਹੁਲ ਗਾਂਧੀ ਵੱਖ-ਵੱਖ ਸਮੇਂ ਸ੍ਰੀ ਦਰਬਾਰ ਸਾਹਿਬ ਆਉਂਦੇ ਰਹੇ ਹਨ, ਪਰ ਇਸ ਵਾਰ ਉਨ੍ਹਾਂ ਇੱਥੇ ਆਮ ਨਾਲੋਂ ਵੱਧ ਸਮਾਂ ਬਿਤਾਇਆ ਅਤੇ ਫੇਰੀ ਨੂੰ ਗ਼ੈਰ-ਰਾਜਨੀਤਿਕ ਰੂਪ ਵਿੱਚ ਪੇਸ਼ ਕੀਤਾ।
ਦੋਵੇਂ ਦਿਨ ਪੰਜਾਬ ਕਾਂਗਰਸ ਦਾ ਕੋਈ ਵੀ ਵੱਡਾ ਚਿਹਰਾ ਰਾਹੁਲ ਗਾਂਧੀ ਨਾਲ ਸ੍ਰੀ ਦਰਬਾਰ ਸਾਹਿਬ ਨਹੀਂ ਗਿਆ।
ਰਾਹੁਲ ਗਾਂਧੀ ਨੇ ਫੇਰੀ ਦੌਰਾਨ ਮੀਡੀਆ ਨੂੰ ਵੀ ਕੋਈ ਵੀ ਬਿਆਨ ਨਹੀਂ ਦਿੱਤਾ। ਭਾਵੇਂ ਕਿ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਦੀ ਸੁਰਖੀਆਂ ਵਿੱਚ ਉਹ ਦੋ ਦਿਨਾਂ ਤੋਂ ਛਾਏ ਹੋਏ ਹਨ।
ਕਾਂਗਰਸ ਪਾਰਟੀ ਨੇ ਵੀ ਆਪਣੇ ਅਧਿਕਾਰਤ ਐਕਸ ਅਕਾਊਂਟ ਉੱਤੇ ਲਿਖਿਆ, ‘‘ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਚੰਦੋਆ ਸਾਹਿਬ ਵੀ ਭੇਂਟ ਕੀਤਾ ਅਤੇ ਪਾਲਕੀ ਸਾਹਿਬ ਨੂੰ ਮੋਢਾ ਦਿੱਤਾ।’’
ਰਾਹੁਲ ਗਾਂਧੀ ਦੀਆਂ ਤਸਵੀਰਾਂ ਤੇ ਵੀਡੀਓ ਉਨ੍ਹਾਂ ਦੇ ਚੁੱਪ-ਚਪੀਤੇ ਸੇਵਾ ਕਰਦਿਆਂ ਦੇ ਮੀਡੀਆ ਵਿੱਚ ਚੱਲਣ ਲੱਗੇ ਤਾਂ ਸੁਭਾਵਕ ਹੈ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਖ਼ਾਸਕਰ ਅਕਾਲੀ ਦਲ ਵਲੋਂ ਕੁਝ ਸਵਾਲ ਵੀ ਚੁੱਕੇ ਜਾਣੇ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰਾਹੁਲ ਦੀ ਸੇਵਾ ਦਾ ਤਾਂ ਸਵਾਗਤ ਕੀਤਾ ਪਰ ਨਾਲ ਹੀ ਉਨ੍ਹਾਂ ਦੇ ਖ਼ਾਨਦਾਨ ਦੀਆਂ ਕਾਰਵਾਈਆਂ ਨੂੰ ਲੈ ਕੇ ਸਟੈਂਡ ਸਪੱਸ਼ਟ ਕਰਨ ਲਈ ਵੀ ਕਿਹਾ।

ਤਸਵੀਰ ਸਰੋਤ, ANI
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਪ੍ਰੋਫੈਸਰ ਡਾਕਟਰ ਮੁਹੰਮਦ ਖ਼ਾਲਿਦ ਨੂੰ ਰਾਹੁਲ ਦੀ ਦਰਬਾਰ ਸਾਹਿਬ ਫੇਰੀ ਬਾਰੇ ਸਵਾਲ ਕੀਤਾ ਗਿਆ।
ਖ਼ਾਲਿਦ ਨੇ ਕਿਹਾ, “ਜਿਵੇਂ ਇਸ ਵੇਲੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ‘ਖ਼ਾਲਿਸਤਾਨੀਆਂ’ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਇਸ ਸੰਦਰਭ ਵਿੱਚ ਰਾਹੁਲ ਗਾਂਧੀ ਦਾ ਸ੍ਰੀ ਦਰਬਾਰ ਸਾਹਿਬ ਆਉਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੁਨੇਹਾ ਦਿੰਦਾ ਹੈ।”
ਪਿਛਲੇ ਦਿਨੀਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿੱਚ ਮੁਲਕ ਦੇ ਸਰੀ ਵਿੱਚ ਰਹਿੰਦੇ ਖ਼ਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਦੇ ਇਲਜ਼ਾਮ ਲਾਏ ਸਨ।
ਭਾਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਸੀ, ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਕੈਨੇਡਾ, ਯੂਕੇ ਅਤੇ ਹੋਰ ਕਈ ਥਾਵਾਂ ਉੱਤੇ ਸਿੱਖਾਂ ਵਲੋਂ ਵਿਰੋਧ ਵੀ ਪ੍ਰਗਟਾਇਆ ਜਾ ਰਿਹਾ ਹੈ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਰਾਹੁਲ ਦੀ ਇਸ ਫੇਰੀ ਨੂੰ ‘ਸੰਕੇਤਕ ਪਸ਼ਚਾਤਾਪ’ ਵੀ ਕਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਰਾਹੁਲ ਗਾਂਧੀ ਦੇ ਵਿਰੋਧ ਵਿੱਚ ਬਾਰੇ ਸਖ਼ਤ ਪ੍ਰਤੀਕਰਮ ਜ਼ਾਹਰ ਕੀਤਾ ਹੈ।
ਉਨ੍ਹਾਂ ਰਾਹੁਲ ਗਾਂਧੀ ਨੂੰ 1984 ਵਿੱਚ ਹੋਏ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਅਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਲਈ ਮੁਆਫ਼ੀ ਮੰਗਣ ਲਈ ਕਿਹਾ।

‘ਸਿਆਸੀ ਮਤਲਬ ਤਾਂ ਹੈ’
ਪੰਜਾਬ ਦੀ ਰਾਜਨੀਤੀ ਬਾਰੇ ਸਮਝ ਰੱਖਣ ਵਾਲੇ ਮਾਹਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦੀ ਫੇਰੀ ਦੇ ਕਈ ਸਕਾਰਾਤਮਕ ਨਤੀਜੇ ਹੋ ਸਕਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਇੰਡੀਆ ਗਠਜੋੜ ਸਾਹਮਣੇ ਮੁਸ਼ਕਲਾਂ, 2024 ਦੀਆਂ ਚੋਣਾਂ ਅਤੇ ਦੇਸ ਵਿੱਚ ਘੱਟਗਿਣਤੀਆਂ ਦੀ ਸਥਿਤੀ ਦੇ ਪੱਖ ਤੋਂ ਵੀ ਦੇਖਣਾ ਚਾਹੀਦਾ ਹੈ।
ਡਾ. ਮੁਹੰਮਦ ਖ਼ਾਲਿਦ ਨੇ ਬੀਬੀਸੀ ਨੂੰ ਦੱਸਿਆ, “ਧਾਰਮਿਕ ਆਸਥਾ ਨੂੰ ਇੱਕ ਪਾਸੇ ਰੱਖ ਕੇ ਦੇਖੀਏ ਤਾਂ ਕੋਈ ਰਾਜਨੀਤਿਕ ਆਗੂ ਜਦੋਂ ਵੀ ਕੋਈ ਗੱਲ ਕਰਦਾ ਹੈ, ਇਸਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ।”
ਉਨ੍ਹਾਂ ਕਿਹਾ, “ਇਸ ਯਾਤਰਾ ਨੂੰ ਪੂਰਨ ਤੌਰ ‘ਤੇ ਨਿੱਜੀ ਨਹੀਂ ਮੰਨਿਆ ਜਾ ਸਕਦਾ, ਜੇਕਰ ਇਸ ਵੇਲੇ ਉਨ੍ਹਾਂ ਬਾਰੇ ਬਿਆਨਬਾਜ਼ੀ ਹੋ ਰਹੀ ਹੈ ਤਾਂ ਇਸਦਾ ਸਿਆਸੀ ਮਤਲਬ ਵੀ ਹੈ।”
ਉਨ੍ਹਾਂ ਕਿਹਾ ਕਿ ਇਸ ਵੇਲੇ ਇੰਡੀਆ ਗਠਜੋੜ ਨੂੰ ਇਕੱਠਾ ਰੱਖਣਾ, ਇੱਕ ਚੁਣੌਤੀ ਬਣੀ ਹੋਈ ਹੈ। ਇਸ ਵਿਚਲੀਆਂ ਪਾਰਟੀਆਂ ਦੇ ਆਪਸੀ ਵੱਖਰੇਵੇਂ ਹਨ, ਜਿਵੇਂ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ, ਬੰਗਾਲ ਵਿੱਚ ਮਮਤਾ ਬੈਨਰਜੀ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵੀ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ ਵੀ ਕਾਂਗਰਸ ਦੇ ਵੱਡੇ ਆਗੂਆਂ ਦੇ ਬਿਆਨ ਆਏ ਹਨ, ਕਿ ਉਹ ਨਾ ਇਨਸਾਫੀ ਬਰਦਾਸ਼ਤ ਨਹੀਂ ਕਰਨਗੇ।
“ਆਮ ਆਦਮੀ ਪਾਰਟੀ ਨੂੰ ਇਹ ਪਤਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਛੱਡ ਨਹੀਂ ਸਕਦੀ। ਰਾਹੁਲ ਗਾਂਧੀ ਇਸ ਫੇਰੀ ਰਾਹੀਂ ਵੀ ਕਾਡਰ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ 2024 ਦੀਆਂ ਸੰਸਦੀ ਚੋਣਾਂ ਉੱਤੇ ਧਿਆਨ ਦਿਓ, ਵਿਧਾਨ ਸਭਾ ਉੱਤੇ ਨਹੀਂ।”
ਉਹ ਕਹਿੰਦੇ ਹਨ 2024 ਭਾਜਪਾ ਅਤੇ ਇੰਡੀਆ ਗਠਜੋੜ ਲਈ ‘ਕਰੋ ਜਾਂ ਮਰੋ’ ਵਾਲੀ ਸਥਿਤੀ ਹੈ।

ਤਸਵੀਰ ਸਰੋਤ, Getty Images
ਘੱਟ ਗਿਣਤੀਆਂ ਨੂੰ ਸੁਨੇਹਾ
ਉਨ੍ਹਾਂ ਦੱਸਿਆ ਕਿ, ਹਾਲ ਹੀ ਵਿੱਚ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਵਿੱਚ ਬਾਹਰ ਰਹਿੰਦੇ ਸਿੱਖਾਂ ਨੂੰ ਖ਼ਾਲਿਸਤਾਨੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਦੂਜੀ ਗੱਲ ਇਹ ਵੀ ਹੋਈ ਹੈ ਕਿ ਮੁਸਲਮਾਨ ਸੰਸਦ ਮੈਂਬਰ ਨੂੰ ਭਾਜਪਾ ਆਗੂ ਵੱਲੋਂ ਮਾੜੀ ਸ਼ਬਦਾਵਲੀ ਵਰਤੀ ਗਈ ਅਤੇ ਰਾਹੁਲ ਗਾਂਧੀ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਗਏ।
“ਰਾਹੁਲ ਗਾਂਧੀ ਦਾ ਦਰਬਾਰ ਸਾਹਿਬ ਆਉਣਾ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਘੱਟਗਿਣਤੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ।”
ਉਨ੍ਹਾਂ ਕਿਹਾ ਕਿ ਭਾਜਪਾ ਬਾਰੇ ਇੱਕ ਗੱਲ ਸਥਾਪਤ ਹੋ ਚੁੱਕੀ ਹੈ ਕਿ ਭਾਜਪਾ ਘੱਟਗਿਣਤੀਆਂ ਦੀ ਕੋਈ ਪਰਵਾਹ ਨਹੀਂ ਕਰਦੀ, ਇਸ ਮੌਕੇ ਰਾਹੁਲ ਗਾਂਧੀ ਦਾ ਦਰਬਾਰ ਸਾਹਿਬ ਆਉਣ ਦਾ ‘ਵਿਜ਼ੂਅਲ ਇੰਪੈਕਟ’ ਪਏਗਾ।
ਉਨ੍ਹਾਂ ਕਿਹਾ, “ਜਦੋਂ ਤੁਸੀਂ ਜਨਤਕ ਤੌਰ ‘ਤੇ ਕੁਝ ਨਹੀਂ ਕਹਿੰਦੇ ਤੁਸੀਂ ਨਿੱਜੀ ਤੌਰ ‘ਤੇ ਤਾਂ ਆਪਣੀ ਗੱਲ ਕਹਿੰਦੇ ਹੋ, ਕੋਈ ਵੀ ਲੀਡਰ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬਿਆਨਾਂ ਦਾ ਗ਼ਲਤ ਮਤਲਬ ਕੱਢਿਆ ਜਾਵੇ।
ਉਨ੍ਹਾਂ ਕਿਹਾ, “ਹਾਲਾਂਕਿ ਇਸ ਨੂੰ ਭਾਰਤ ਜੋੜੋ ਯਾਤਰਾ ਨਾਲ ਨਹੀਂ ਜੋੜਿਆ ਜਾ ਸਕਦਾ ਪਰ ਉਸ ਵੇਲੇ ਵੀ ਕਿਹਾ ਗਿਆ ਸੀ ਕਿ ਇਸਦਾ ਕੋਈ ਰਾਜਨੀਤਿਕ ਮਤਲਬ ਨਹੀਂ ਹੈ ਪਰ ਇਸਦਾ ਰਾਜਨੀਤਕ ਮਤਲਬ ਨਿਕਲਿਆ।”

ਤਸਵੀਰ ਸਰੋਤ, Getty Images
‘ਥੋੜ੍ਹੇ ਸਮੇਂ ਵਿੱਚ ਹੀ ਬਣਾਈ ਗਈ ਯੋਜਨਾ’ – ਸੰਸਦ ਮੈਂਬਰ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀਬੀਸੀ ਨੂੰ ਦੱਸਿਆ ਕਿ ਰਾਹੁਲ ਗਾਂਧੀ ਅੰਮ੍ਰਿਤਸਰ ਸਿਰਫ਼ ਇੱਕ ਸ਼ਰਧਾਲੂ ਦੇ ਵਜੋਂ ਦਰਬਾਰ ਸਾਹਿਬ ਆਏ ਹਨ।
ਗੁਰਜੀਤ ਸਿੰਘ, ਰਾਹੁਲ ਗਾਂਧੀ ਨੂੰ ਹਵਾਈ ਅੱਡੇ ਤੋਂ ਲੈਣ ਲਈ ਵੀ ਗਏ ਸਨ।
ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨਹੀਂ ਚਾਹੁੰਦੇ ਸਨ ਕਿ ਕਿਸੇ ਨੂੰ ਵੀ ਉਨ੍ਹਾਂ ਦੇ ਦਰਬਾਰ ਸਾਹਿਬ ਜਾਣ ਨਾਲ ਕੋਈ ਤਕਲੀਫ ਹੋਵੇ। ਉਨ੍ਹਾਂ ਕਿਹਾ, “ਰਾਹੁਲ ਗਾਂਧੀ ਨਾਲ ਇਸ ਵੇਲੇ ਸਿਆਸਤ ਨਾਲ ਸਬੰਧਤ ਲੋਕ ਨਹੀਂ ਹਨ, ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਹੀ ਅਰਦਾਸ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਯੋਜਨਾ ਬਹੁਤ ਥੋੜ੍ਹੇ ਸਮੇਂ ਵਿੱਚ ਬਣਾਈ ਗਈ ਹੈ, “ਇਹ ਮੇਰੇ ਲਈ ਵੀ ਹੈਰਾਨੀ ਭਰੀ ਸੀ"।
ਉਨ੍ਹਾਂ ਦੀ ਇਹ ਫੇਰੀ ਪੂਰੀ ਤਰ੍ਹਾਂ ਨਿੱਜੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਮੀਡੀਆ ਵਿੱਚ ਪਾਰਟੀ ਕਾਡਰ ਨੂੰ ਕੀਤੀ ਗਈ ਅਪੀਲ ਤੋਂ ਵੀ ਇਸ ਦੀ ਸਮਝ ਪੈਂਦੀ ਹੈ ਕਿ ਕੋਈ ਵੀ ਵਰਕਰ ਜਾਂ ਆਗੂ ਦਰਬਾਰ ਸਾਹਿਬ ਰਾਹੁਲ ਗਾਂਧੀ ਨੂੰ ਮਿਲਣ ਉਚੇਚੇ ਤੌਰ ਉੱਤੇ ਨਾ ਜਾਵੇ।

ਤਸਵੀਰ ਸਰੋਤ, Getty Images
‘ਕੀ ਰਾਹੁਲ ਗ਼ਲਤੀਆਂ ਲਈ ਮੁਆਫ਼ੀ ਮੰਗਣਗੇ ?’
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ, “ਕੀ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਕੀਤੀਆਂ ਗਲਤੀਆਂ ਲਈ ਮੁਆਫ਼ੀ ਮੰਗਣਗੇ।”
“ਰਾਹੁਲ ਗਾਂਧੀ ਦੇ ਪਿਤਾ ਨੇ ਇਹ ਕਿਹਾ ਸੀ ਜਦੋਂ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਅਤੇ ਹਜ਼ਾਰਾਂ ਸਿੱਖਾਂ ਦੇ ਕਤਲ ਨੂੰ ਜਸਟੀਫਾਈ ਕੀਤਾ ਹੈ, ਇਸ ਗੱਲ ਦਾ ਜਵਾਬ ਉਨ੍ਹਾਂ (ਰਾਹੁਲ ਗਾਂਧੀ) ਨੂੰ ਦੇਣਾ ਚਾਹੀਦਾ ਹੈ।”
ਦੂਜੇ ਪਾਸੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਹਾਲਾਂਕਿ ਗਾਂਧੀ ਪਰਿਵਾਰ ਦੇ ਨਾਂਅ ੳੱਤੇ ਪੰਜਾਬ ਵਿੱਚ ਬਹੁਤ ਸਿਆਸਤ ਹੋਈ ਹੈ, ਪਰ ਵਿਅਕਤੀਗਤ ਪੱਧਰ ਉੱਤੇ ਰਾਹੁਲ ਗਾਂਧੀ ਦਾ ਰਵੱਈਆ ਪੰਜਾਬ ਬਾਰੇ ਬਾਕੀਆਂ ਨਾਲੋਂ ਦਰੁਸਤ ਹੈ।
ਉਨ੍ਹਾਂ ਕਿਹਾ ਕਿ ਰਾਜਾਂ ਦੇ ਹੱਕ, ਖ਼ੁਦ-ਮੁਖਤਿਆਰੀ ਬਾਰੇ ਰਾਹੁਲ ਗਾਂਧੀ ਦੇ ਵਿਚਾਰ ਠੀਕ ਹਨ।
ਉਨ੍ਹਾਂ ਕਿਹਾ, “ਇਹ ਗੱਲ ਠੀਕ ਹੈ ਕਿ 1984 ਇਤਿਹਾਸ ਦਾ ਇੱਕ ਵੱਡਾ ਅਧਿਆਏ ਹੈ, ਪਰ ਭਾਜਪਾ ਦੇ ਕਈ ਆਗੂ ਵੀ ਦਰਬਾਰ ਸਾਹਿਬ ਦੇ ਹਮਲੇ ਦੇ ਪੱਖ ਵਿੱਚ ਸਨ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਨਾਲ ਗੱਠਜੋੜ ਵਿੱਚ ਸਰਕਾਰ ਬਣਾਉਂਦਾ ਰਿਹਾ ਹੈ, ਇਸ ਲਈ ਇਹ ਮਸਲਾ 1984 ਨੂੰ ਅੱਗੇ ਰੱਖ ਕੇ ਨਹੀ ਵਿਚਾਰਨਾ ਚਾਹੀਦਾ।”
“ਸਿੱਖੀ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ, ਚਾਹੇ ਜੋ ਵੀ ਆਉਂਦਾ ਹੈ।”
ਉਨ੍ਹਾਂ ਕਿਹਾ ਕਿ, ਰਾਹੁਲ ਨੇ ਇਹ ਠੀਕ ਕੀਤਾ ਕਿ ਪੰਜਾਬ ਦੇ ਸਿਆਸੀ ਆਗੂਆਂ ਨੂੰ ਕਿਸੇ ਡਰਾਮੇ ਦਾ ਹਿੱਸਾ ਨਹੀਂ ਬਣਾਇਆ।
ਉਨ੍ਹਾਂ ਕਿਹਾ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮਨਸ਼ਾ, ਭਾਵੇਂ ਉਹ ਰਾਜਨੀਤਿਕ ਹੋਵੇ ਲੈ ਕੇ ਦਰਬਾਰ ਸਾਹਿਬ ਜਾ ਸਕਦਾ ਹੈ, ਹਰੇਕ ਨੂੰ ਇਸਦਾ ਹੱਕ ਹੈ, ਹਰੇਕ ਪਾਰਟੀ ਦੇ ਲੋਕ ਗੁਰੂ ਅੱਗੇ ਅਰਦਾਸ ਕਰਦੇ ਹਨ, ਇਹ ਸਿੱਖੀ ਜਾਂ ਮਾਨਵਤਾ ਦੇ ਖ਼ਿਲਾਫ਼ ਨਹੀਂ ਹੈ।

‘ਸੰਕੇਤਕ ਪਸ਼ਚਾਤਾਪ’
ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਰਾਹੁਲ ਦੀ ਫੇਰੀ ਰਾਜਨੀਤਿਕ ਤੌਰ ‘ਤੇ ਇੱਕ ਬਹੁਤ ਸੋਚਿਆ ਸਮਝਿਆ ਕਦਮ ਹੈ।
“ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਤਨਖਾਹ (ਧਾਰਮਿਕ ਸਜ਼ਾ) ਤੋਂ ਬਗੈਰ ਇਸ ਤਰ੍ਹਾ ਸੇਵਾ ਨਹੀਂ ਕਰਦੇ, ਇਸ ਮੌਕੇ ਉਹ ਜਿਹੋ ਜਿਹੇ ਸਨ, ਉਹੋ ਜਿਹੇ ਬਣ ਕੇ ਗਏ।’
ਉਨ੍ਹਾਂ ਕਿਹਾ ਕਿ ਇਸ ਮੌਕੇ ਰਾਹੁਲ ਗਾਂਧੀ ਦਾ ਪੰਜਾਬ ਦੇ ਕਿਸੇ ਰਾਜਨੀਤਕ ਆਗੂ ਨੂੰ ਨਾਲ ਨਾ ਲੈ ਕੇ ਜਾਣਾ ਵੀ ਮਹੱਤਵ ਰੱਖਦਾ ਹੈ।
ਸਿੱਧੂ ਨੇ ਕਿਹਾ, “ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਕਾਰਨ ਸਿੱਖਾਂ ਦੇ ਮਨ ਵਿੱਚ ਗਾਂਧੀ ਪਰਿਵਾਰ ਪ੍ਰਤੀ ਨਫ਼ਰਤ ਹੈ, ਰਾਹੁਲ ਗਾਂਧੀ ਦੀ ਇਹ ਫੇਰੀ ਸੰਕੇਤਾਮਕ ਤੌਰ ‘ਤੇ ਉਸਦਾ ਇੱਕ ਪਸ਼ਚਾਤਾਪ ਹੈ।”
ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਅਤੇ ਜਾਂ ਹੋਰ ਪਾਰਟੀਆਂ ਦੇ ਦਰਬਾਰ ਸਾਹਿਬ ਉੱਤੇ ਹਮਲੇ ਲਈ ਕਾਂਗਰਸ ਦੇ ਕੀਤੇ ਜਾਂਦੇ ਵਿਰੋਧ ਦਾ ਇੱਕ ਜਵਾਬ ਵੀ ਹੈ।
“ਇਸਦਾ ਸਿਆਸੀ ਮਹੱਤਵ 2024 ਦੇ ਨਜ਼ਰੀਏ ਤੋਂ ਵੀ ਮਹੱਤਵ ਰੱਖਦਾ ਹੈ, ਇਸ ਨਾਲ ਕਾਂਗਰਸ ਦੀ ਸਿੱਖਾਂ ਵਿੱਚ ਪ੍ਰਵਾਨਗੀ ਵਧੇਗੀ।”
ਉਨ੍ਹਾਂ ਕਿਹਾ, “ਇਸ ਵੇਲੇ ਸਿੱਖਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਲੇਬਲ ਕੀਤਾ ਜਾ ਰਿਹਾ ਹੈ। ਇਸ ਫੇਰੀ ਨਾਲ ਉਨ੍ਹਾਂ ਨੇ ਸਿੱਖ ਵਿਰੋਧੀ ਪ੍ਰਚਾਰ ਦੀ ਵੀ ਫੂਕ ਕੱਢੀ ਹੈ।”












