'ਸਾਵਰਕਰ ਨੂੰ ਵੀਰ ਦਾ ਅਹੁਦਾ ਦੇਣਾ ਕ੍ਰਾਂਤੀਕਾਰੀਆਂ ਦੀ ਬੇਇੱਜ਼ਤੀ' ਨਵੇਂ ਸੰਸਦ ਭਵਨ ਦਾ ਉਦਘਾਟਨ ਸਾਵਰਕਰ ਦੇ ਜਨਮ ਦਿਨ 'ਤੇ ਹੋਣ ਉੱਤੇ ਖੜ੍ਹੇ ਹੁੰਦੇ ਸਵਾਲ

ਨਵੀਂ ਸੰਸਦ

ਤਸਵੀਰ ਸਰੋਤ, getty images and twitter/om birla

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਐਤਵਾਰ 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਇਸ ਦਿਨ ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ਦਾ 140ਵਾਂ ਜਨਮ ਦਿਵਸ ਵੀ ਹੈ।

ਸਾਵਰਕਰ ਸਬੰਧੀ ਜਿਸ ਤਰ੍ਹਾਂ ਦੇ ਵਿਵਾਦ ਚਰਚਾ ’ਚ ਰਹੇ ਹਨ, ਉਨ੍ਹਾਂ ਦੇ ਮੱਦੇਨਜ਼ਰ ਕਈ ਸਿਆਸੀ ਹਲਕਿਆਂ ਵਿੱਚ ਇਸਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਕਿ ਨਵੀਂ ਸੰਸਦ ਦਾ ਉਦਘਾਟਨ ਇਸ ਦਿਨ ਹੀ ਕਿਉਂ ਹੋ ਰਿਹਾ ਹੈ।

ਸਾਵਰਕਰ ਦੀ ਆਲੋਚਨਾ ਉਨ੍ਹਾਂ ਮਾਫ਼ੀਨਾਮਿਆਂ ਲਈ ਕੀਤੀ ਜਾਂਦੀ ਹੈ, ਜੋ ਕਿ ਉਨ੍ਹਾਂ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ’ਚ ਬਤੌਰ ਕੈਦੀ ਵਜੋਂ ਬਰਤਾਨਵੀ ਸਰਕਾਰ ਨੂੰ ਲਿਖੇ ਗਏ ਸਨ।

ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਖ਼ਬਰ ਆਉਣ ਤੋਂ ਬਾਅਦ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ, “ਪ੍ਰਧਾਨ ਮੰਤਰੀ 28 ਮਈ ਨੂੰ ਵੀਡੀ ਸਾਵਰਕਰ ਦੇ ਜਨਮ ਦਿਹਾੜੇ ਮੌਕੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਉਨ੍ਹਾਂ ਨੂੰ ਇਸ ਇਮਾਰਤ ਦਾ ਨਾਮ ‘ਸਾਵਰਕਰ ਸਦਨ’ ਅਤੇ ਸੈਂਟਰਲ ਹਾਲ ਦਾ ਨਾਮ ‘ਮਾਫ਼ੀ ਖੇਤਰ’ ਰੱਖਣਾ ਚਾਹੀਦਾ ਹੈ।”

ਭਾਜਪਾ ਆਗੂ ਅਮਿਤ ਮਾਲਵੀਆ ਨੇ ਕੁਝ ਦਿਨ ਪਹਿਲਾਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਬੰਧੀ ਟਵੀਟ ਕੀਤਾ ਸੀ।

ਉਨ੍ਹਾਂ ਲਿਖਿਆ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ, 2023 ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਇਸ ਦਿਨ ਭਾਰਤ ਦੇ ਮਹਾਨ ਪੁੱਤਰ ਵਿਨਾਇਕ ਦਾਮੋਦਰ ਸਾਵਰਕਰ ਦਾ 140ਵਾਂ ਜਨਮ ਦਿਵਸ ਹੈ।”

ਸੰਸਦ ਭਵਨ

ਤਸਵੀਰ ਸਰੋਤ, TWITTER/OM BIRLA

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ

ਅਮਿਤ ਮਾਲਵੀਆ ਦੇ ਟਵੀਟ ਮੁਤਾਬਕ ਵੀਰ ਸਾਵਰਕਰ ਦਾ ਜਨਮ 28 ਮਈ 1883 ਨੂੰ ਭਾਗੂਰ ਵਿਖੇ ਹੋਇਆ ਸੀ।

''ਨਵੇਂ ਸੰਸਦ ਭਵਨ ਨੂੰ ਘੱਟ ਤੋਂ ਘੱਟ 150 ਸਾਲਾਂ ਤੱਕ ਚੱਲਣ ਲਈ ਡਿਜ਼ਾਇਨ ਕੀਤਾ ਗਿਆ ਹੈ। ਮੌਜੂਦਾ ਸੰਸਦ ਭਵਨ ਬਣੇ ਨੂੰ ਹੁਣ 100 ਸਾਲ ਹੋ ਚੁੱਕੇ ਹਨ।''

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇਸ ਉਦਘਾਟਨ ਨੂੰ ‘ਸਾਡੇ ਸਾਰੇ ਸੰਸਥਾਪਕ ਪਿਤਾਵਾਂ ਅਤੇ ਮਾਤਾਵਾਂ ਦਾ ਪੂਰੀ ਤਰ੍ਹਾਂ ਨਾਲ ਅਪਮਾਨ’ ਦੱਸਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਗਾਂਧੀ, ਨਹਿਰੂ, ਪਟੇਲ, ਬੋਸ, ਅੰਬੇਡਕਰ ਵਰਗੇ ਆਗੂਆਂ ਨੂੰ ਪੂਰਨ ਤੌਰ ’ਤੇ ਨਕਾਰਨਾ ਹੈ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਕਿਹਾ ਕਿ ਨਵੀਂ ਸੰਸਦ ਦੇ ਉਦਘਾਟਨ ਲਈ 26 ਨਵੰਬਰ, 2023 ਦਾ ਦਿਨ ਬਹੁਤ ਢੁੱਕਵਾਂ ਦਿਨ ਹੁੰਦਾ ਕਿਉਂਕਿ ਇਸ ਦਿਨ ਸੰਵਿਧਾਨ ਦਿਵਸ ਹੁੰਦਾ ਹੈ।

ਉਨ੍ਹਾਂ ਨੇ ਟਵੀਟ ਕਰਕੇ ਪੁੱਛਿਆ, “ਪਰ ਇਹ 28 ਮਈ ਨੂੰ ਸਾਵਰਕਰ ਦੇ ਜਨਮ ਦਿਹਾੜੇ ’ਤੇ ਕੀਤਾ ਜਾਵੇਗਾ। ਇਹ ਕਿੰਨਾ ਢੁੱਕਵਾਂ ਹੈ?”

ਸੰਸਦ ਭਵਨ

ਤਸਵੀਰ ਸਰੋਤ, @JPNADDA

ਤਸਵੀਰ ਕੈਪਸ਼ਨ, ਇਹ ਸੇਂਗੋਲ ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਜਾਵੇਗਾ

ਵਿਰੋਧੀ ਸੁਰਾਂ

ਇਸ ਗੱਲ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ।

ਆਲੋਚਕਾਂ ਦਾ ਕਹਿਣਾ ਹੈ ਕਿ ਸੰਵਿਧਾਨਕ ਤੌਰ ’ਤੇ ਤਰਜੀਹੀ ਕ੍ਰਮਬੱਧਤਾ ਦੇ ਆਧਾਰ ’ਤੇ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਜਾਂ ਦੋਵਾਂ ਸਦਨਾਂ ਦੇ ਕਿਸੇ ਇੱਕ ਮੁਖੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਪ੍ਰਧਾਨ ਮੰਤਰੀ ਵੱਲੋਂ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਟਵੀਟ ’ਚ ਕਿਹਾ ਹੈ ਕਿ “ਰਾਸ਼ਟਰਪਤੀ ਤੋਂ ਸੰਸਦ ਦਾ ਉਦਘਾਟਨ ਨਾ ਕਰਵਾਉਣਾ ਅਤੇ ਨਾ ਹੀ ਉਨ੍ਹਾਂ ਨੂੰ ਸਮਾਗਮ ’ਚ ਆਉਣ ਦਾ ਸੱਦਾ ਦੇਣਾ...ਇਹ ਦੇਸ਼ ਦੇ ਸਰਵਉੱਚ ਸੰਵਿਧਾਨਿਕ ਅਹੁਦੇ ਦਾ ਅਪਮਾਨ ਹੈ। ਸੰਸਦ ਹੰਕਾਰ ਦੀਆਂ ਇੱਟਾਂ ਨਾਲ ਨਹੀਂ ਸਗੋਂ ਸੰਵਿਧਾਨਕ ਕਦਰਾਂ-ਕੀਮਤਾਂ ਨਾਲ ਬਣਦੀ ਹੈ।”

ਸੰਸਦ ਭਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਸਿਆਸੀ ਮਾਹਰ ਸਾਵਰਕਰ ਦੇ ਜਨਮ ਦਿਨ ਮੌਕੇ ਸੰਸਦ ਭਵਨ ਦੇ ਉਦਘਾਟਨ ਨੂੰ ਮਹਾਤਮਾ ਗਾਂਧੀ ਦੀ ਸੋਚ ਨੂੰ ਨਕਾਰਨਾ ਕਹਿੰਦੇ ਹਨ

ਦੂਜੇ ਪਾਸੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਅਗਸਤ 1975 ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਸਦ ਐਨੇਕਸੀ ਭਵਨ ਦਾ ਉਦਘਾਟਨ ਕੀਤਾ ਸੀ ਅਤੇ ਬਾਅਦ ’ਚ 1987 ’ਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸੰਸਦ ਦੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀ।

ਉਨ੍ਹਾਂ ਅੱਗੇ ਕਿਹਾ ਕਿ “ਜੇਕਰ ਤੁਹਾਡੀ (ਕਾਂਗਰਸ) ਸਰਕਾਰ ਦੇ ਮੁਖੀ ਇਮਾਰਤਾਂ ਦਾ ਉਦਘਾਟਨ ਕਰ ਸਕਦੇ ਹਨ ਤਾਂ ਸਾਡੀ ਸਰਕਾਰ ਦੇ ਮੁਖੀ ਅਜਿਹਾ ਕਿਉਂ ਨਹੀਂ ਕਰ ਸਕਦੇ ਹਨ?”

ਇਸ ਦੌਰਾਨ ਕਾਂਗਰਸ, ਟੀਐੱਮਸੀ, ਆਮ ਆਦਮੀ ਪਾਰਟੀ ਸਮੇਤ 19 ਵਿਰੋਧੀ ਧਿਰਾਂ ਨੇ ਬੁੱਧਵਾਰ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।

ਵਿਰੋਧੀ ਪਾਰਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਬਾਈਕਾਟ ਦੇ ਕਾਰਨਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਦਾ ਫ਼ੈਸਲਾ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੂਰੀ ਤਰ੍ਹਾਂ ਨਾਲ ਦਰਕਿਨਾਰ ਕਰਨਾ ਨਾ ਸਿਰਫ਼ ਇੱਕ ਗੰਭੀਰ ਅਪਮਾਨ ਹੈ ਸਗੋਂ ਸਾਡੇ ਲੋਕਤੰਤਰ ’ਤੇ ਸਿੱਧਾ ਹਮਲਾ ਹੈ, ਜਿਸ ਦਾ ਢੁੱਕਵਾਂ ਜਵਾਬ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ।

ਸੰਸਦ ਭਵਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕਾਂਗਰਸ, ਆਮ ਆਦਮੀ ਪਾਰਟੀ ਤੇ ਟੀਐੱਮਸੀ ਸਣੇ 19 ਵਿਰੋਧੀ ਦਲਾਂ ਨੇ ਬੁੱਧਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕੀਤਾ ਹੈ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਸਬੰਧੀ ਵਿਵਾਦ

ਸੀਨੀਅਰ ਪੱਤਰਕਾਰ ਅਤੇ ਲੇਖਕ ਨੀਲਾਂਜਨ ਮੁਖੋਪਾਧਿਆਏ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵੱਡੇ ਨਾਵਾਂ ’ਤੇ 'ਦਿ ਆਰਐੱਸਐੱਸ: ਆਈਕਨਜ਼ ਆਫ਼ ਦਿ ਇੰਡੀਅਨ ਰਾਈਟ’ ਨਾਮ ਦੀ ਕਿਤਾਬ ਲਿਖੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 79 ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਸੰਸਦ ਰਾਸ਼ਟਰਪਤੀ ਅਤੇ ਦੋ ਸਦਨਾਂ ਨਾਲ ਮਿਲ ਕੇ ਬਣੇਗੀ। ਪ੍ਰਧਾਨ ਮੰਤਰੀ ਦਫ਼ਤਰ ਅਤੇ ਪ੍ਰਧਾਨ ਮੰਤਰੀ ਦੀ ਨਿੱਜੀ ਤੌਰ ’ਤੇ ਸੰਸਦ ’ਚ ਕੋਈ ਭੂਮਿਕਾ ਨਹੀਂ ਹੈ।

“ਇਸ ਲਈ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾਂ ਨਵੇਂ ਸੰਸਦ ਭਵਨ ਦੀ ਭੂਮੀ ਪੂਜਾ ਕਰਨਾ ਅਤੇ ਹੁਣ ਉਦਘਾਟਨ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ।”

“ਇਹ ਉਦਘਾਟਨ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਉਹ ਉਪਲਬਧ ਨਾ ਹੋਣ ਤਾਂ ਉਪ-ਰਾਸ਼ਟਰਪਤੀ ਜਾਂ ਫਿਰ ਦੋਵੇਂ ਸਦਨਾਂ ਦੇ ਮੁਖੀਆਂ ਵਿੱਚੋਂ ਕਿਸੇ ਇੱਕ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਜਿੱਥੋਂ ਤੱਕ ਸੰਸਦ ਦਾ ਸਬੰਧ ਹੈ, ਇਹ ਹੀ ਪ੍ਰਾਥਮਿਕਤਾ ਜਾਂ ਤਰਜੀਹ ਦਾ ਕ੍ਰਮ ਹੈ।”

ਨੀਲਾਂਜਨ ਇਸ ਗੱਲ ਨੂੰ ਰੇਖਾਂਕਿਤ ਕਰਦੇ ਹਨ ਕਿ ਭਾਰਤ ’ਚ ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਤਿੰਨੋਂ ਹੀ ਵੱਖ-ਵੱਖ ਹਨ। ਉਹ ਕਹਿੰਦੇ ਹਨ, “ਕਾਰਜ ਪਾਲਿਕਾ ਵਿਧਾਨ ਪਾਲਿਕਾ ਨੂੰ ਨਹੀਂ ਚਲਾ ਰਹੀ ਹੈ। ਸੰਵਿਧਾਨ ਇਹੀ ਕਹਿੰਦਾ ਹੈ। ਇਸ ਲਈ ਇਹ ਸੰਵਿਧਾਨ ਦੀ ਉਲੰਘਣਾ ਹੈ।”

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ’ਚ ਵੀ ਕੁਝ ਸਿਆਸਤਦਾਨ ਅਜਿਹੀਆਂ ਚੀਜ਼ਾਂ ਕਰ ਚੁੱਕੇ ਹਨ।

ਸੰਸਦ ਭਵਨ
ਤਸਵੀਰ ਕੈਪਸ਼ਨ, ਸੰਸਦ ਵਿੱਚ ਜਗ੍ਹਾ ਵਧਾਉਣ ਦੀ ਮੰਗ ਪਿਛਲੇ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਉੱਠਦੀ ਰਹੀ ਹੈ

ਉਹ ਅੱਗੇ ਕਹਿੰਦੇ ਹਨ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ ਸੰਸਦ ਐਨੇਕਸੀ ਇਮਾਰਤ ਦਾ ਨੀਂਹ ਪੱਥਰ ਉਨ੍ਹਾਂ ਸਮਿਆਂ ’ਚ ਰੱਖਿਆ ਸੀ ਜਦੋਂ ਦੇਸ਼ ’ਚ ਲੋਕਤੰਤਰੀ ਅਧਿਕਾਰ ਨਹੀਂ ਸਨ।

ਇਸ ਤਰ੍ਹਾਂ ਹੀ ਰਾਜੀਵ ਗਾਂਧੀ ਨੇ ਵੀ 1987 ’ਚ ਸੰਸਦ ਦੀ ਲਾਇਬ੍ਰੇਰੀ ਦੀ ਇਮਾਰਤ ਦਾ ਨੀਂਹ ਪੱਥਰ ਉਸ ਸਮੇਂ ਰੱਖਿਆ ਸੀ ਜਦੋਂ ਉਹ ਆਪਣੀ ਸੱਤਾ ਦੇ ਸਿਖਰ ’ਤੇ ਸਨ।

ਨੀਲਾਂਜਨ ਮੁਤਾਬਕ ਸੰਸਦ ਲਾਇਬ੍ਰੇਰੀ ਦੀ ਇਮਾਰਤ ਦੀ ਭੂਮੀ ਪੂਜਾ ਤਤਕਾਲੀ ਲੋਕ ਸਭਾ ਸਪੀਕਰ ਸ਼ਿਵਰਾਜ ਪਾਟਿਲ ਵੱਲੋਂ ਕੀਤੀ ਗਈ ਸੀ ਅਤੇ ਉਸਦਾ ਉਦਘਾਟਨ ਸਾਲ 2002 ’ਚ ਰਾਸ਼ਟਰਪਤੀ ਕੇ ਆਰ ਨਾਰਾਇਣ ਵੱਲੋਂ ਕੀਤਾ ਗਿਆ ਸੀ।

ਉਨ੍ਹਾਂ ਕਿਹਾ, “ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਕਿਸੇ ਇਮਾਰਤ ਦੀ ਭੂਮੀ ਪੂਜਾ ਕੀਤੀ ਹੋਵੇ ਅਤੇ ਉਸ ਦਾ ਉਦਘਾਟਨ ਵੀ ਉਹੀ ਕਰਨ। ਅਜਿਹਾ ਤਾਂ ਸਿਰਫ਼ ਉਨ੍ਹਾਂ ਪ੍ਰਧਾਨ ਮੰਤਰੀਆਂ ਵੱਲੋਂ ਕੀਤਾ ਗਿਆ ਹੈ ਜੋ ਕਿ ਉਸ ਸਮੇਂ ਆਪਣੇ ਕੰਮਕਾਜ ’ਚ ਵਧੇਰੇ ਲੋਕਤੰਤਰੀ ਨਹੀਂ ਮੰਨੇ ਜਾਂਦੇ ਸਨ।”

ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੁੱਧਵਾਰ ਨੂੰ 19 ਵਿਰੋਧੀ ਧਿਰਾਂ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

BBC

ਨਵੇਂ ਸੰਸਦ ਭਵਨ ਦਾ ਨਿਰਮਾਣ

  • 65000 ਵਰਗ ਮੀਟਰ ਦੇ ਖੇਤਰ ਵਿੱਚ ਫ਼ੈਲੇ ਨਵੇਂ ਸੰਸਦ ਭਵਨ ਦਾ ਨਿਰਮਾਣ ਜਨਵਰੀ 2021 ਵਿੱਚ ਸ਼ੁਰੂ ਹੋਇਆ ਸੀ।
  • ਇਸ ਨੂੰ 971 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
  • ਲੋਕ ਸਭਾ ਵਿੱਚ 888 ਅਤੇ ਰਾਜ ਸਭਾ ਵਿੱਚ 384 ਸੰਸਦ ਮੈਂਬਰਾਂ ਦੇ ਬੈਠਣ ਦੀ ਥਾਂ ਬਣਾਈ ਗਈ ਹੈ।
  • ਨਵੇਂ ਸੰਸਦ ਭਵਨ ਵਿੱਚ ਸਾਂਝੇ ਇਜਲਾਸ ਵਿੱਚ 1272 ਮੈਂਬਰਾਂ ਦੇ ਬੈਠਣ ਦਾ ਪ੍ਰਬੰਧ ਹੈ।
BBC

ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਬਿਨ੍ਹਾਂ ਕਿਸੇ ਗੱਲ ਦੇ ਮੁੱਦਾ ਬਣਾ ਰਹੀਆਂ ਹਨ ਕਿਉਂਕਿ ਪ੍ਰਧਾਨ ਮੰਤਰੀ ਪਹਿਲਾਂ ਵੀ ਕਈ ਮੌਕਿਆਂ ’ਤੇ ਸੰਸਦ ਕੰਪਲੈਕਸ ’ਚ ਇਮਾਰਤਾਂ ਦਾ ਉਦਘਾਟਨ ਕਰ ਚੁੱਕੇ ਹਨ।

ਜੋਸ਼ੀ ਨੇ ਕਿਹਾ, “ਬਾਇਕਾਟ ਕਰਨਾ ਅਤੇ ਬੇਵਜ੍ਹਾ ਮੁੱਦਾ ਬਣਾਉਣਾ ਸਭ ਤੋਂ ਮੰਦਭਾਗਾ ਹੈ। ਮੈਂ ਉਨ੍ਹਾਂ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕਰਦਾ ਹਾਂ। ਲੋਕ ਸਭਾ ਦੇ ਸਪੀਕਰ ਸੰਸਦ ਦੇ ਨਿਗਰਾਨ ਹਨ ਅਤੇ ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਹੈ।”

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਇੱਕ ਇਤਿਹਾਸਕ ਘਟਨਾ ਹੈ ਅਤੇ ਹਰ ਘਟਨਾ ਦਾ ਸਿਆਸੀਕਰਨ ਕੀਤਾ ਜਾਣਾ ਵੀ ਠੀਕ ਨਹੀਂ ਹੈ।

ਸਾਵਰਕਰ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, 28 ਮਈ ਨੂੰ ਸਾਵਰਕਰ ਦੇ ਜਨਮ ਦਿਹਾੜੇ ਮੌਕੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ

ਸਾਵਰਕਰ ਨਾਲ ਜੁੜੇ ਸਵਾਲ

ਸਾਵਰਕਰ ਨਾਲ ਜੁੜੇ ਵਿਵਾਦਾਂ ਬਾਰੇ ਤੁਸ਼ਾਰ ਗਾਂਧੀ ਦਾ ਕਹਿਣਾ ਹੈ ਕਿ ਸਾਵਰਕਰ ਦੇ ਇੰਨੇ ਸਾਰੇ ਪਹਿਲੂ ਹਨ ਕਿ ਜਿਸ ਕਿਸੇ ਨੂੰ ਜੋ ਵੀ ਪਹਿਲੂ ਪਸੰਦ ਆਏ, ਉਸ ਦੇ ਹੀ ਆਧਾਰ ’ਤੇ ਉਨ੍ਹਾਂ ਦੀ ਭਗਤੀ ਜਾਂ ਅਪਮਾਨ ਕਰ ਸਕਦਾ ਹੈ।

ਉਹ ਕਹਿੰਦੇ ਹਨ, “ਇਹ ਮੰਨਣਾ ਹੋਵੇਗਾ ਕਿ ਸਾਵਰਕਰ ਨੇ ਸ਼ੁਰੂ-ਸ਼ੁਰੂ ’ਚ ਕ੍ਰਾਂਤੀਕਾਰੀ ਰੂਪ ਧਾਰਨ ਕੀਤਾ ਸੀ, ਜਦੋਂ ਉਨ੍ਹਾਂ ਨੇ ਇੰਗਲੈਂਡ ’ਚ ਰਹਿੰਦਿਆਂ ਭਾਰਤ ’ਚ ਕ੍ਰਾਂਤੀ ਨੂੰ ਉਤਸ਼ਾਹਿਤ ਕੀਤਾ ਸੀ।”

“ਕ੍ਰਾਂਤੀਕਾਰੀ ਦੀ ਜੋ ਇੱਕ ਪਰਿਭਾਸ਼ਾ ਹੈ ਉਸ ਮੁਤਾਬਕ ਸਾਵਰਕਰ ਨੂੰ ਵੱਧ ਤੋਂ ਵੱਧ ਕ੍ਰਾਂਤੀਕਾਰੀਆਂ ਦਾ ਸਮਰਥਕ ਕਿਹਾ ਜਾ ਸਕਦਾ ਹੈ। ਉਨ੍ਹਾਂ ਨੂੰ ਕ੍ਰਾਂਤੀਕਾਰੀ ਤਾਂ ਨਹੀਂ ਕਿਹਾ ਜਾ ਸਕਦਾ ਹੈ।”

ਸਾਵਰਕਰ ਦੀ ਇੱਕ ਵੱਡੀ ਆਲੋਚਨਾ ਕਾਲਾਪਾਣੀ ਜੇਲ੍ਹ ਦੌਰਾਨ ਬਰਤਾਨਵੀ ਸਰਕਾਰ ਨੂੰ ਲਿਖੇ ਉਨ੍ਹਾਂ ਦੇ ਮੁਆਫ਼ੀਨਾਮੇ ਨੂੰ ਲੈ ਕੇ ਹੁੰਦੀ ਹੈ।

ਤੁਸ਼ਾਰ ਗਾਂਧੀ ਦਾ ਕਹਿਣਾ ਹੈ, “ਕਾਲਾਪਾਣੀ ’ਚ ਜਿੰਨੇ ਵੀ ਕੈਦੀ ਗਏ ਸਨ ਉਨ੍ਹਾਂ ਸਾਰਿਆਂ ਨਾਲ ਹੀ ਇੱਕੋ ਜਿਹਾ ਬੇਰਹਿਮੀ ਵਾਲਾ ਸਲੂਕ ਹੋਇਆ ਸੀ। ਸਾਵਰਕਰ ਉਨ੍ਹਾਂ ਕੁਝ ਲੋਕਾਂ ’ਚੋਂ ਇੱਕ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਮਾਫ਼ੀ ਮੰਗੀ ਸੀ।”

“ਬਹੁਤ ਸਾਰੇ ਅਜਿਹੇ ਕ੍ਰਾਂਤੀਕਾਰੀ ਅਤੇ ਸੱਤਿਆਗ੍ਰਹਿ ਕਰਨ ਵਾਲੇ ਸਨ ਜਿਨ੍ਹਾਂ ਨੇ ਹੱਸਦਿਆਂ-ਹੱਸਦਿਆਂ ਆਪਣੀ ਪੂਰੀ ਕਾਲਾਪਾਣੀ ਦੀ ਸਜ਼ਾ ਕੱਟੀ ਅਤੇ ਜੇਕਰ ਆਜ਼ਾਦੀ ਤੋਂ ਬਾਅਦ ਉਹ ਜ਼ਿੰਦਾ ਰਹੇ ਤਾਂ ਵਾਪਸ ਪਰਤੇ। ਸਾਵਰਕਰ ਨੂੰ ਇੱਕ ਵੀਰ ਦਾ ਅਹੁਦਾ ਦੇਣਾ ਉਨ੍ਹਾਂ ਸਾਰੇ ਕ੍ਰਾਂਤੀਕਾਰੀਆ ਦਾ ਅਪਮਾਨ ਹੋਵੇਗਾ।”

ਸੰਸਦ ਭਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਂਟਰਲ ਵਿਸਟਾ ਅੰਦਰ ਰਾਸ਼ਟਰਪਤੀ ਭਵਨ, ਸੰਸਦ, ਨੌਰਥ ਬਲਾਕ, ਸਾਊਥ ਬਲਾਕ, ਉੱਪ ਰਾਸ਼ਟਰਪਤੀ ਦਾ ਘਰ ਵੀ ਆਉਂਦਾ ਹੈ

ਸਾਵਰਕਰ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣਾ ਉਨ੍ਹਾਂ ਦੀ ਰਣਨੀਤੀ ਸੀ ਤਾਂ ਜੋ ਉਹ ਆਜ਼ਾਦ ਹੋ ਸਕਣ ਅਤੇ ਮੁੜ ਅੰਗਰੇਜ਼ਾਂ ਵਿਰੁੱਧ ਲੋਕਾਂ ਨੂੰ ਲਾਮਬੰਧ ਹੋ ਸਕਣ। ਤੁਸ਼ਾਰ ਗਾਂਧੀ ਮੁਤਾਬਕ ਇਹ ਸਭ ਬਾਅਦ ’ਚ ਸੋਚੇ ਗਏ ਵਿਚਾਰ ਹਨ।

ਉਨ੍ਹਾਂ ਦਾ ਕਹਿਣਾ ਹੈ, “ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਉਹ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਸੀ ਤਾਂ ਸਵਾਲ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਆਜ਼ਾਦੀ ਸੰਗਰਾਮ ’ਚ ਕੀ ਯੋਗਦਾਨ ਪਾਇਆ?”

“ਅਜਿਹਾ ਇੱਕ ਵੀ ਸਬੂਤ ਨਹੀਂ ਮਿਲਦਾ ਹੈ। ਉਲਟਾ ਇਹ ਦੇਖਿਆ ਗਿਆ ਕਿ ਕਾਲਾਪਾਣੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਕਾਂਗਰਸ ਵੱਲੋਂ ਆਯੋਜਿਤ ਸਾਰੇ ਹੀ ਸੱਤਿਆਗ੍ਰਹਿਆਂ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਇਸ ਲਈ ਮਾਫ਼ੀਨਾਮੇ ਨੂੰ ਰਣਨੀਤੀ ਕਹਿਣਾ ਇੱਕ ਬਚਕਾਨਾ ਬਹਾਨਾ ਹੈ।”

ਪ੍ਰਸਾਰ ਭਾਰਤੀ ਦੇ ਚੇਅਰਮੈਨ ਰਹਿ ਚੁੱਕੇ ਏ ਸੂਰਿਆ ਪ੍ਰਕਾਸ਼ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਸਾਵਰਕਰ ਵੱਲੋਂ ਲਿਖੇ ਮੁਆਫ਼ੀਨਾਮਿਆਂ ਦੀ ਗੱਲ ਹੈ, ਤਾਂ ਜੇਕਰ ਗਾਂਧੀ ਅਤੇ ਕਾਂਗਰਸ ਦੇ ਹੋਰ ਕਈ ਆਗੂਆਂ ਵੱਲੋਂ ਲਿਖੀਆਂ ਪਟੀਸ਼ਨਾਂ ’ਤੇ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਅਤੇ ਸਾਵਰਕਰ ਦੀਆਂ ਪਟੀਸ਼ਨਾਂ ’ਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ।

ਉਨ੍ਹਾਂ ਦਾ ਕਹਿਣਾ ਹੈ, “ਉਹ ਭਾਰਤ ਦੇ ਇੱਕ ਮਹਾਨ ਪੁੱਤਰ ਖ਼ਿਲਾਫ਼ ਇਹ ਘਿਨਾਉਣੀ ਮੁਹਿੰਮ ਚਲਾ ਰਹੇ ਹਨ। 1910 ’ਚ ਜਦੋਂ ਸਾਵਰਕਰ ਨੇ 1857 ਦੇ ਆਜ਼ਾਦੀ ਸੰਗਰਾਮ ’ਤੇ ਇੱਕ ਕਿਤਾਬ ਲਿਖੀ ਤਾਂ ਅੰਗਰੇਜ਼ਾਂ ਨੇ ਉਸ ’ਤੇ ਪਾਬੰਦੀ ਲਗਾ ਦਿੱਤੀ।”

“ਸਾਵਰਕਰ ਕਿੰਨੇ ਮਹਾਨ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਸਨ, ਇਸਦਾ ਅੰਦਾਜ਼ਾ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਲਗਾਇਆ ਜਾ ਸਕਦਾ ਹੈ। ਉਹ ਭਾਰਤ ਨੂੰ ਆਜ਼ਾਦ ਵੇਖਣ ਲਈ ਕੁਝ ਵੀ ਕਰਨ ਨੂੰ ਤਿਆਰ ਸਨ।”

ਨੀਲਾਂਜਨ ਮੁਤਾਬਕ ਸਾਵਰਕਰ ਬਾਰੇ ਤਿੰਨ ਵੱਡੇ ਸਵਾਲ ਹਨ। ਪਹਿਲਾ ਇਹ ਕਿ ਕੀ ਵੀਰ ਦਾ ਉਪਨਾਮ ਹਾਸਲ ਕਰਨ ਲਈ ਉਨ੍ਹਾਂ ਨੇ ਕੌਮੀ ਅੰਦੋਲਨ ’ਚ ਬਣਦਾ ਕੰਮ ਕੀਤਾ? ਦੂਜਾ ਕੀ ਉਹ ਡਰਪੋਕ ਸਨ?

ਅਤੇ ਤੀਜਾ ਇਹ ਕਿ ਕੀ ਉਹ ਮਹਾਤਮਾ ਗਾਂਧੀ ਦੇ ਕਤਲ ਦੀ ਸਾਜਿਸ਼ ’ਚ ਸ਼ਾਮਲ ਸਨ?

ਸੰਸਦ ਭਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੇਂ ਸੰਸਦ ਭਵਨ ਸਮੇਤ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਦਰਮਿਆਨ ਕਈ ਇਮਾਰਤਾਂ ਦੇ ਨਿਰਮਾਣ ਦੀ ਯੋਜਨਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਸਨ

ਉਹ ਅੱਗੇ ਕਹਿੰਦੇ ਹਨ, “ਇਨ੍ਹਾਂ ਤਿੰਨਾਂ ਹੀ ਗੱਲਾਂ ’ਤੇ ਅੱਜ ਵੀ ਸਵਾਲੀਆ ਨਿਸ਼ਾਨ ਬਰਕਰਾਰ ਹਨ । ਕੀ ਸਾਨੂੰ ਸੱਚਮੁੱਚ ਅਜਿਹੇ ਵਿਅਕਤੀ ਦੀ 140ਵੀਂ ਜੰਯਤੀ ਮੌਕੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ, ਜਿਸ ਨੇ ਭਾਰਤ ਵੱਲੋਂ ਚੁਣੇ ਗਏ ਲੋਕਤੰਤਰੀ ਰਾਹ ਦਾ ਸਮਰਥਨ ਨਹੀਂ ਕੀਤਾ ਸੀ।”

“ਵਧੇਰੇ ਉਚਿਤ ਹੁੰਦਾ ਜੇਕਰ 26 ਨਵੰਬਰ ਨੂੰ ਇਹ ਉਦਘਾਟਨੀ ਸਮਾਗਮ ਆਯੋਜਿਤ ਹੁੰਦਾ, ਜੋ ਕਿ ਭਾਰਤ ਦਾ ਸੰਵਿਧਾਨ ਦਿਵਸ ਹੈ।”

ਦੂਜੇ ਪਾਸੇ ਏ ਸੂਰਿਆ ਪ੍ਰਕਾਸ਼ ਦਾ ਕਹਿਣਾ ਹੈ ਕਿ ਸਾਵਰਕਰ ਦੀ ਜੰਯਤੀ ਮੌਕੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ’ਚ ਉਨ੍ਹਾਂ ਨੂੰ ਕੋਈ ਦਿੱਕਤ ਨਜ਼ਰ ਨਹੀਂ ਆਉਂਦੀ ਹੈ।

ਉਹ ਕਹਿੰਦੇ ਹਨ ਕਿ ਭਾਰਤ ’ਚ ਨਹਿਰੂ-ਗਾਂਧੀ ਪਰਿਵਾਰ ਦੀ ਸਿਆਸਤ ਨੇ ਦੇਸ਼ ਅਤੇ ਆਜ਼ਾਦੀ ਸੰਗਰਾਮ ਦੇ ਕੁਝ ਮਹਾਨ ਨਾਇਕਾਂ ਅਤੇ ਕ੍ਰਾਂਤੀਕਾਰੀਆਂ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਨ੍ਹਾਂ ਨਾਇਕਾਂ ’ਚ ਵੀਰ ਸਾਵਰਕਰ, ਬੀ ਆਰ ਅੰਬੇਡਕਰ ਅਤੇ ਸਰਦਾਰ ਵੱਲਭ ਬਾਈ ਪਟੇਲ ਸ਼ਾਮਲ ਹਨ। ਹੁਣ ਚੀਜ਼ਾਂ ਨੂੰ ਸੁਧਾਰਨ ਦੀ ਪ੍ਰਕਿਰਿਆ ਚੱਲ ਰਹੀ ਹੈ।”

ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਨਾਲ ਸਰਦਾਰ ਪਟੇਲ ਅਤੇ ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੇ ਕੰਮਾਂ ਲਈ ਸਰਾਹਿਆ ਨਹੀਂ ਗਿਆ, ਉਸੇ ਤਰ੍ਹਾਂ ਵੀਰ ਸਾਵਰਕਰ ਦੇ ਬਾਰੇ ’ਚ ਵੀ ਸੱਚ ਹੈ।

ਸੰਸਦ ਭਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧੀਰੇਂਦਰ ਝਾਅ ਕਹਿੰਦੇ ਹਨ ਕਿ ਸਾਵਰਕਰ ਦੇ ਜਨਮ ਦਿਹਾੜੇ ਮੌਕੇ ਲੋਕਤੰਤਰ ਦੇ ਮੰਦਰ ਦਾ ਉਦਘਾਟਨ ਕਰਨਾ ਇੱਕ ਮਜ਼ਾਕ ਤੋਂ ਇਲਾਵਾ ਕੁਝ ਵੀ ਨਹੀਂ ਹੈ

ਸਾਵਰਕਰ ਦਾ ਵਿਰੋਧ ਅਤੇ ਸਮਰਥਨ

ਧੀਰੇਂਦਰ ਝਾਅ ਇੱਕ ਮਸ਼ਹੂਰ ਲੇਖਕ ਹਨ। ਉਨ੍ਹਾਂ ਨੇ ‘ਗਾਂਧੀਜ਼ ਅਸੈਸਿਨ: ਦਿ ਮੇਕਿੰਗ ਆਫ਼ ਨੱਥੂਰਾਮ ਗੋਡਸੇ ਐਂਡ ਹਿਜ਼ ਆਈਡੀਆ ਆਫ਼ ਇੰਡੀਆ’ ਅਤੇ ‘ਸ਼ੈਡੋ ਆਰਮੀਜ਼: ਫਰਿੰਜ ਆਰਗੇਨਾਈਜੇਸ਼ਨ ਐਂਡ ਫੁੱਟ ਸੋਲਜਰਜ਼ ਆਫ਼ ਹਿੰਦੂਤਵ’ ਵਰਗੀਆਂ ਪ੍ਰਸਿੱਧ ਕਿਤਾਬਾਂ ਲਿਖੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਸਾਵਰਕਰ ਦੇ ਜਨਮ ਦਿਨ ਮੌਕੇ ਕਰਨਾ ‘ਲੋਕਤੰਤਰ ਦਾ ਕਤਲ’ ਕਰਨ ਦੇ ਬਰਾਬਰ ਹੈ।

ਉਹ ਅੱਗੇ ਕਹਿੰਦੇ ਹਨ ਕਿ ‘ਸਾਵਰਕਰ 20ਵੀਂ ਸਦੀ ਦੇ ਪਹਿਲੇ ਦਹਾਕੇ ’ਚ ਜਦੋਂ ਬਰਤਾਨੀਆਂ ’ਚ ਸਨ ਤਾਂ ਉਦੋਂ ਉਹ ਅੰਗਰੇਜ਼ਾਂ ਦੇ ਖ਼ਿਲਾਫ਼ ਸਨ। ਪਰ ਇੱਕ ਵਾਰ ਜੇਲ੍ਹ ਜਾਣ ਤੋਂ ਬਾਅਦ ਉਹ ਰਹਿਮ ਦੀ ਅਪੀਲ ਲਿਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ।”

ਇਸ ਤੋਂ ਠੀਕ ਪਹਿਲਾਂ ਸਾਵਰਕਰ ਨੇ ‘ਹਿੰਦੂਤਵ: ਹੂ ਇਜ਼ ਏ ਹਿੰਦੂ’ ਨਾਮ ਦੀ ਕਿਤਾਬ ਲਿਖੀ ਸੀ।

ਧੀਰੇਂਦਰ ਝਾਅ ਦੱਸਦੇ ਹਨ ਕਿ ਕਿਤਾਬ ਇੱਕ ਬਲੂਪ੍ਰਿੰਟ ਪੇਸ਼ ਕਰਦੀ ਹੈ ਜਿਸ ਦਾ ਮਕਸਦ ਬ੍ਰਿਟਿਸ਼ ਵਿਰੋਧੀ ਸੁਤੰਤਰਤਾ ਸੰਗਰਾਮ ਨੂੰ ਕਮਜ਼ੋਰ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਇਸ ਜ਼ਰੀਏ ਹਿੰਦੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੰਗਰੇਜ਼ ਨਹੀਂ ਬਲਕਿ ਮੁਸਲਮਾਨ ਉਨ੍ਹਾਂ ਦੇ ਮੁੱਖ ਦੁਸ਼ਮਣ ਹੋਣੇ ਚਾਹੀਦੇ ਹਨ।

ਸੰਸਦ ਭਵਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੇਂਗੋਲ ਜਿਸ ਨੂੰ ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਜਾਵੇਗਾ ਚੋਲ ਸਾਮਰਾਜ ਨਾਲ ਸਬੰਧਤ ਹੈ ਅਤੇ ਇਸ ਉੱਤੇ ਨੰਦੀ ਵੀ ਬਣੇ ਹੋਏ ਹਨ

ਧੀਰੇਂਦਰ ਝਾਅ ਆਪਣੀ ਗੱਲ ਜਾਰੀ ਰੱਖਦੇ ਹਨ।

“ਇਸ ਲਈ ਉਹ ਅਸਲ ’ਚ ਉਸ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਿ ਭਾਰਤ ’ਚ ਧਰਮ ਨਿਰਪੱਖ ਲੋਕਤੰਤਰ ਨੂੰ ਜਨਮ ਦੇਣ ਵਾਲੀ ਸੀ। ਉਨ੍ਹਾਂ ਦਾ ਪੂਰਾ ਵਿਚਾਰ ਇੱਕ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਦਾ ਸੀ , ਜੋ ਕਿ ਉਹ ਧਰਮ ਨਿਰਪੱਖ ਲੋਕਤੰਤਰ ਦੇ ਵਿਚਾਰ ਦੇ ਵਿਰੁੱਧ ਸੀ, ਜਿਸ ਲਈ ਰਾਸ਼ਟਰਵਾਦੀ ਲੜ ਰਹੇ ਸਨ।”

“ਭਾਵੇਂ ਕਿ ਉਸ ਸਮੇਂ ਪੁਖਤਾ ਸਬੂਤਾਂ ਦੀ ਘਾਟ ਦੇ ਚੱਲਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ ਪਰ ਬਾਅਦ ’ਚ ਕਤਲ ਦੀ ਸਾਜਿਸ਼ ਦੀ ਜਾਂਚ ਲਈ ਬਣਾਏ ਗਏ ਕਪੂਰ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ’ਚ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਸਾਵਰਕਰ ਉਸ ਸਾਜਿਸ਼ ਦਾ ਹਿੱਸਾ ਸਨ।”

ਝਾਅ ਕਹਿੰਦੇ ਹਨ, ਸਾਵਰਕਰ ਦੇ ਜਨਮ ਦਿਨ ਮੌਕੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਕੇ ਸਰਕਾਰ ਸਪੱਸ਼ਟ ਤੌਰ ’ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਲੋਕਤੰਤਰੀ ਸਿਧਾਂਤਾਂ ਦੀ ਬਜਾਏ ਸਾਵਰਕਰ-ਗੋਲਵਲਕਰ ਦੇ ਸਿਧਾਂਤਾਂ ਦੀ ਹਾਮੀ ਭਰਦੀ ਹੈ।”

ਤਾਂ ਫਿਰ ਕੀ ਪ੍ਰਧਾਨ ਮੰਤਰੀ ਮੋਦੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ?

ਧੀਰੇਂਦਰ ਝਾਅ ਕਹਿੰਦੇ ਹਨ, “ਮੇਰਾ ਤਾਂ ਮੰਨਣਾ ਹੈ ਕਿ ਜੇਕਰ ਕਿਸੇ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ ਤਾਂ ਉਹ ਵਿਅਕਤੀ ਭਾਰਤ ਦੇ ਰਾਸ਼ਟਰਪਤੀ ਹੋ ਸਕਦੇ ਹਨ। ਇਸ ’ਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ।”

ਉੱਥੇ ਹੀ ਦੂਜੇ ਪਾਸੇ ਏ ਸੂਰਿਆ ਪ੍ਰਕਾਸ਼ ਦਾ ਕਹਿਣਾ ਹੈ ਕਿ ਸਾਵਰਕਰ ਇੱਕ ਅਸਾਧਾਰਨ ਦਿਮਾਗ ਵਾਲੇ ਇਨਸਾਨ ਸਨ ਅਤੇ ਉਹ ਮਹਾਤਮਾ ਗਾਂਧੀ ਤੋਂ ਕਾਫ਼ੀ ਅਲੱਗ ਸਨ।

“ਮਿਸਾਲ ਦੇ ਤੌਰ ’ਤੇ ਮਹਾਤਮਾ ਗਾਂਧੀ ਜਾਤੀ ਪ੍ਰਣਾਲੀ ਦੇ ਵਿਰੋਧੀ ਨਹੀਂ ਸਨ, ਪਰ ਸਾਵਰਕਰ ਜਾਤੀ ਪ੍ਰਣਾਲੀ ਦੇ ਸਖ਼ਤ ਵਿਰੋਧੀ ਸਨ। ਸਾਵਰਕਰ ਛੂਤ-ਛਾਤ ਦੇ ਖਿਲਾਫ਼ ਅਤੇ ਜਾਤ-ਪਾਤ ਦੇ ਖ਼ਾਤਮੇ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਦੇ ਸਨ।”

“ਉਹ ਹਿੰਦੂ ਸਮਾਜ ’ਚ ਕਰਮ ਕਾਂਢਾਂ ਦੇ ਵਿਰੋਧੀ ਸਨ। ਉਹ ਇੱਕ ਬਹੁਤ ਹੀ ਮਜ਼ਬੂਤ ਅਤੇ ਆਧੁਨਿਕ ਰਾਸ਼ਟਰ, ਵਿਗਿਆਨ ਦੀ ਤਰੱਕੀ ਅਤੇ ਭਾਰਤ ਦਾ ਫ਼ੌਜੀਕਰਨ ਚਾਹੁੰਦੇ ਸਨ।”

ਸੂਰਿਆ ਪ੍ਰਕਾਸ਼ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਦੇ ਪੈਰੋਕਾਰ ਸਾਵਰਕਰ ਦੇ ਪੂਰੀ ਤਰ੍ਹਾਂ ਨਾਲ ਵਿਰੋਧੀ ਸਨ।

ਸੰਸਦ ਭਵਨ

ਤਸਵੀਰ ਸਰੋਤ, AFP/BBC

ਤਸਵੀਰ ਕੈਪਸ਼ਨ, ਸਾਵਰਕਰ ’ਤੇ ਇਲਜ਼ਾਮ ਹਨ ਕਿ ਉਹ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਿਲ ਸਨ ਤੇ ਇਸ ਮਾਮਲੇ ਵਿੱਚ ਉਨ੍ਹਾਂ ’ਤੇ ਮੁਕੱਦਮਾ ਵੀ ਚੱਲਿਆ ਸੀ।

ਗਾਂਧੀ ਦੇ ਕਤਲ ਦੀ ਸਾਜ਼ਿਸ਼ ਦਾ ਇਲਜ਼ਾਮ

ਤੁਸ਼ਾਰ ਗਾਂਧੀ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਮੋਹਨਦਾਸ ਕਰਮਚੰਦ ਗਾਂਧੀ ਦੇ ਕਤਲ ਦਾ ਸਵਾਲ ਹੈ ਤਾਂ ਅੱਜ ਜੋ ਇਹ ਕਹਿੰਦੇ ਹਨ ਕਿ ਅਦਾਲਤ ਨੇ ਸਾਵਰਕਰ ਨੂੰ ਬਾਇੱਜ਼ਤ ਬਰੀ ਕਰ ਦਿੱਤਾ, ਪਰ ਉਨ੍ਹਾਂ ਨੂੰ ਅਜਿਹਾ ਬਾਇੱਜ਼ਤ ਬਰੀ ਨਹੀਂ ਕੀਤਾ ਸੀ।

ਉਹ ਅੱਗੇ ਕਹਿੰਦੇ ਹਨ, “ਅਦਾਲਤ ਨੇ ਬਹੁਤ ਹੀ ਸਪੱਸ਼ਟ ਤੌਰ ’ਤੇ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇਸਤਗਾਸਾ ਪੱਖ ਨੇ ਲੋੜੀਂਦੇ ਸਬੂਤ ਕਿਉਂ ਨਹੀਂ ਪੇਸ਼ ਕੀਤੇ ਹਨ।”

“ਇਸਤਗਾਸਾ ਪੱਖ ਵੱਲੋਂ ਸਾਵਰਕਰ ਖ਼ਿਲਾਫ਼ ਜੋ ਦੋ ਗਵਾਹ ਪੇਸ਼ ਕੀਤੇ ਗਏ ਸਨ ਉਹ ਦੋਵੇਂ ਹੀ ਇੰਨੇ ਕਮਜ਼ੋਰ ਸਨ ਕਿ ਬਚਾਅ ਪੱਖ ਬਹੁਤ ਹੀ ਆਸਾਨੀ ਨਾਲ ਉਨ੍ਹਾਂ ’ਤੇ ਸ਼ੱਕ ਕਰ ਸਕਿਆ ਤੇ ਉਸ ਬਾਰੇ ਸਵਾਲ ਖੜ੍ਹੇ ਕਰ ਸਕਿਆ।”

“ਕਿਸੇ ਦਾ ਬੇਗੁਨਾਹ ਸਾਬਤ ਹੋਣਾ ਅਤੇ ਸਬੂਤਾਂ ਦੀ ਘਾਟ ਕਾਰਨ ਬਰੀ ਹੋਣਾ, ਦੋਵਾਂ ਸਥਿਤੀਆਂ ’ਚ ਵੱਡਾ ਫ਼ਰਕ ਹੁੰਦਾ ਹੈ।”

ਸੰਸਦ ਭਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦਾ ਕਹਿਣਾ ਹੈ ਕਿ ਨਵੀਂ ਸੰਸਦ ਭਵਨ ਦਾ ਉਦਘਾਟਨ "ਭਾਰਤ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਪੇਸ਼ ਕਰਨ ਦੀ ਕੋਸ਼ਿਸ਼" ਹੈ

‘ਇਤਫ਼ਾਕ ਨਹੀਂ ਸੋਚਿਆ ਸਮਝਿਆ ਫ਼ੈਸਲਾ’

ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਲਈ ਸਾਵਰਕਰ ਦੇ ਜਨਮ ਦਿਵਸ ਨੂੰ ਚੁਣਨ ਦੇ ਸਰਕਾਰ ਦੇ ਫ਼ੈਸਲੇ ਤੋਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਹੈ, ਇਸ ਦੀ ਤਾਂ ਉਮੀਦ ਪਹਿਲਾਂ ਤੋਂ ਹੀ ਸੀ।

ਤੁਸ਼ਾਰ ਗਾਂਧੀ ਮੁਤਾਬਕ ਸਵਾਲਾਂ ਦੇ ਘੇਰੇ ’ਚ ਘਿਰੇ ਇੱਕ ਵਿਅਕਤੀ ਦੇ ਜਨਮ ਦਿਨ ਨੂੰ ਲੋਕਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ ਦੇ ਉਦਘਾਟਨ ਨਾਲ ਜੋੜਨਾ ਕੋਈ ਇਤਫ਼ਾਕ ਨਹੀਂ ਹੈ ਬਲਕਿ ਇਹ ਤਾਂ ਜਾਣਬੁਝ ਕੇ ਕੀਤਾ ਗਿਆ ਹੈ।

ਸੰਸਦ ਭਵਨ

ਤਸਵੀਰ ਸਰੋਤ, SAVARKARSMARAK.COM

ਤਸਵੀਰ ਕੈਪਸ਼ਨ, ਜਾਣਕਾਰ ਕਹਿ ਰਹੇ ਹਨ ਕਿ ਸਾਵਰਕਰ ਨੂੰ ਲੈ ਕੇ ਵਿਰੋਧੀ ਧਿਰਾਂ ਵਿੱਚ ਮਤਭੇਦ ਹੈ ਜਿਸ ਨੂੰ ਭਾਜਪਾ ਆਪਣੇ ਫਾਇਦੇ ਲਈ ਵਰਤਣਾ ਚਾਹੇਗੀ।

ਕੀ ਹੈ ਇਸ ਮਾਮਲੇ ਨਾਲ ਜੁੜੀ ਸਿਆਸਤ

ਨੀਲਾਂਜਨ ਮੁਖੋਪਾਧਿਆਏ ਦਾ ਕਹਿਣਾ ਹੈ ਕਿ ਸਰਕਾਰ ਸਾਵਰਕਰ ਨੂੰ ਇੱਕ ਕੌਮੀ ਪ੍ਰਤੀਕ ਵੱਜੋਂ ਉਭਾਰਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਮੁਾਤਬਕ ਕੁਝ ਅਸਪੱਸ਼ਟ ਲੋਕਾਂ ਦੀ ਜਾਣਕਾਰੀ ਤੋਂ ਬਾਹਰੀ ਕਾਰਨਾਂ ਕਰਕੇ ਮਹਾਰਾਸ਼ਟਰ ਵਰਗੇ ਸੂਬਿਆਂ ’ਚ ਸਾਵਰਕਰ ਪ੍ਰਤੀ ਅਥਾਹ ਸਮਰਪਣ ਅਤੇ ਸ਼ਰਧਾ ਹੈ।

ਸਿਆਸੀ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕਿਉਂਕਿ ਵਿਰੋਧੀ ਸਿਆਸੀ ਧਿਰਾਂ ’ਚ ਸਾਵਰਕਰ ਨੂੰ ਲੈ ਕੇ ਮਤਭੇਦ ਹਨ, ਇਸ ਲਈ ਭਾਜਪਾ ਇਸ ਦੀ ਵਰਤੋਂ ਆਪਣੇ ਫ਼ਾਇਦੇ ਲਈ ਕਰਨਾ ਚਾਹੇਗੀ।

ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ’ਚ ਕਿਹਾ ਕਿ “ਮੇਰਾ ਨਾਮ ਸਾਵਰਕਰ ਨਹੀਂ ਹੈ। ਮੇਰਾ ਨਾਮ ਗਾਂਧੀ ਹੈ ਅਤੇ ਗਾਂਧੀ ਮਾਫ਼ੀ ਨਹੀਂ ਮੰਗਦੇ।”

ਇਸ ਬਿਆਨ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸਾਵਰਕਰ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰੇਗੀ। ਖ਼ਬਰਾਂ ਆਈਆਂ ਸਨ ਕਿ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਵੀ ਰਾਹੁਲ ਗਾਂਧੀ ਨਾਲ ਇਸ ਸਬੰਧੀ ਗੱਲ ਕਰਕੇ ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਨਾ ਕਰਨ ਦੀ ਸਲਾਹ ਦਿੱਤੀ ਸੀ।

ਨੀਲਾਂਜਨ ਮੁਤਾਬਕ ਸਾਵਰਕਰ ਦੇ ਸਮਰਥਨ ਪਿੱਛੇ ਚੁਣਾਵੀ ਸਿਆਸਤ ਦਾ ਬਹੁਤਾ ਹੱਥ ਹੈ ਤੇ ਇਸ ਨੂੰ ਉਸੇ ਨਾਲ ਜੋੜਿਆ ਜਾਂਦਾ ਹੈ।

ਉਹ ਕਹਿੰਦੇ ਹਨ, “ਭਾਜਪਾ ਇਹ ਕਹਿਣ ਦੀ ਕੋਸ਼ਿਸ਼ ਕਰੇਗੀ ਕਿ ਜੋ ਕੋਈ ਵੀ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਵਿਰੋਧ ਕਰ ਰਹੇ ਹਨ , ਉਹ ਸਾਵਰਕਰ ਦੇ ਖ਼ਿਲਾਫ਼ ਹਨ। ਪਰ ਵਿਰੋਧੀ ਧਿਰ ਨੇ ਵੀ ਚਲਾਕੀ ਤੋਂ ਕੰਮ ਲਿਆ ਹੈ। ਦਰਅਸਲ ਉਹ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਕਿਉਂ ਇਸ ਦਾ ਉਦਘਾਟਨ ਕਰ ਰਹੇ ਹਨ। ਸਾਵਰਕਰ ਜਯੰਤੀ ਦੇ ਸੰਜੋਗ ’ਤੇ ਉਨ੍ਹਾਂ ਨੇ ਚੁੱਪੀ ਧਾਰੀ ਹੋਈ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)