ਕੀ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਗੱਦੀ ਤੋਂ ਲਾਹੁਣ ਵਿੱਚ 'ਬਾਗ਼ੀ' ਆਗੂ ਸਫ਼ਲ ਹੋਣਗੇ?

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, fb@sukhbirsinghbadal

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਖ਼ਿਲਾਫ ਪਾਰਟੀ ਦੇ ਹੀ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸੀਨੀਅਰ ਅਕਾਲੀ ਆਗੂਆਂ ਦੇ ਇੱਕ ਧੜੇ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਇੱਕ ਪਾਸੇ ਜਿੱਥੇ ਇਹ ਆਗੂ ਸੁਖਬੀਰ ਬਾਦਲ ਦੀ ਪ੍ਰਧਾਨਗੀ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ, ਦੂਜੇ ਪਾਸੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਚੰਡੀਗੜ੍ਹ ਵਿੱਚ ਪਾਰਟੀ ਦੀ ਜ਼ਿਲ੍ਹਾ ਅਤੇ ਹਲਕਾ ਪੱਧਰ ਦੀ ਲੀਡਰਸ਼ਿਪ ਦੀ ਮੀਟਿੰਗ ਹੋਈ, ਜਿਸ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਭਰੋਸਾ ਹੋਣ ਦੀ ਗੱਲ ਕਹੀ ਗਈ।

ਜਲੰਧਰ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲੀ ਮੀਟਿੰਗ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਭਾਈ ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ ਸਣੇ ਹੋਰ ਸੀਨੀਅਰ ਆਗੂ ਸ਼ਾਮਲ ਸਨ।

ਚੰਡੀਗੜ੍ਹ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਅਨਿਲ ਜੋਸ਼ੀ ਸ਼ਾਮਲ ਸਨ।

ਸੁਖਬੀਰ ਬਾਦਲ ਵਿਰੋਧੀ ਧਿਰ ਨੇ ਕੀ ਕਿਹਾ

ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਆਗੂਆਂ ਵਿੱਚੋਂ ਇੱਕ ਹਨ।
ਜਲੰਧਰ ਵਿੱਚ ਇਕੱਠੇ ਹੋਏ ਆਗੂ

ਤਸਵੀਰ ਸਰੋਤ, Pardeep Sharma/BBC

ਤਸਵੀਰ ਕੈਪਸ਼ਨ, ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਚੰਦੂਮਾਜਰਾ ਨੇ ਸੁਖਬੀਰ ਬਾਦਲ ਦੀ ਮੀਟਿੰਗ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਮੀਟਿੰਗਾਂ ਕਰਨ ਦੀ ਲੋੜ ਹੀ ਕਿਉਂ ਪੈ ਰਹੀ ਹੈ

ਜਲੰਧਰ ਵਿੱਚ ਇਕੱਠੇ ਹੋਏ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਕਿਸੇ ਯੋਗ ਸ਼ਖ਼ਸੀਅਤ ਨੂੰ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੀਟਿੰਗ ਵਿੱਚ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਬਾਰੇ ਚਰਚਾ ਕੀਤੀ ।

ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਮਤਾ ਪਾਸ ਹੋਇਆ ਕਿ ਅਕਾਲੀ ਦਲ ਕੋਲੋਂ ਜਿਹੜੀਆਂ ਕੁਤਾਹੀਆਂ ਹੋਈਆਂ ਹਨ, ਉਨ੍ਹਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ 1 ਜੁਲਾਈ ਨੂੰ ਪੇਸ਼ ਹੋਕੇ ਖਿਮਾ ਮੰਗੀ ਜਾਵੇਗੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ’ ਸ਼ੁਰੂ ਕਰਨਗੇ, ਇਸ ਵਿੱਚ ਉਹ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਲੋਕਾਂ ਨੂੰ ਆਪਣੇ ਨਾਲ ਜੋੜਨਗੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਅਜਿਹੀ ਧਾਰਮਿਕ ਤੇ ਸਿਆਸੀ ਸ਼ਖ਼ਸੀਅਤ ਨੂੰ ਅਗਵਾਈ ਦੇਣ ਦੀ ਅਪੀਲ ਕਰਨਗੇ ਜੋ ਅਕਾਲੀ ਦਲ ਨੂੰ ਇਸ ਦੁਰਦਸ਼ਾ ਵਿੱਚੋਂ ਕੱਢ ਕੇ ਬਚਾਉਣ ਵਿੱਚ ਸਹਾਈ ਹੋ ਸਕੇ।

ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਚੰਦੂਮਾਜਰਾ ਨੇ ਸੁਖਬੀਰ ਬਾਦਲ ਦੀ ਮੀਟਿੰਗ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਮੀਟਿੰਗਾਂ ਕਰਨ ਦੀ ਲੋੜ ਹੀ ਕਿਉਂ ਪੈ ਰਹੀ ਹੈ।

ਸੁਖਬੀਰ ਬਾਦਲ ਪੱਖੀ ਧਿਰ ਨੇ ਕੀ ਕਿਹਾ

ਅਕਾਲੀ ਦਲ

ਤਸਵੀਰ ਸਰੋਤ, X/SAD

ਤਸਵੀਰ ਕੈਪਸ਼ਨ, ਦਲਜੀਤ ਸਿੰਘ ਚੀਮਾ ਕਹਿੰਦੇ ਹਨ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੱਲ ਹੈ ਅਜਿਹੇ ਹਾਲਾਤਾਂ ਵਿੱਚ ਕੁਝ ਆਗੂਆਂ ਵਜੋਂ ਅਜਿਹਾ ਕਰਨਾ ਗਿਣਿਆ ਮਿੱਥਿਆ ਲੱਗਦਾ ਹੈ

ਚੰਡੀਗੜ੍ਹ ਵਿੱਚ ਪਾਰਟੀ ਦੀ ਮੀਟਿੰਗ ਮਗਰੋਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪੂਰਾ ਭਰੋਸਾ ਹੈ।

ਦਲਜੀਤ ਸਿੰਘ ਚੀਮਾ ਕਹਿੰਦੇ ਹਨ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੱਲ ਹੈ ਅਜਿਹੇ ਹਾਲਾਤਾਂ ਵਿੱਚ ਕੁਝ ਆਗੂਆਂ ਵਜੋਂ ਅਜਿਹਾ ਕਰਨਾ ਗਿਣਿਆ ਮਿੱਥਿਆ ਲੱਗਦਾ ਹੈ।

ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਅੱਜ ਦੀ ਮੀਟਿੰਗ ਵਿੱਚ ਸਾਰੇ ਜਥੇਦਾਰ, ਵਰਕਿੰਗ ਕਮੇਟੀ ਅਤੇ ਕੋਰ ਕਮੇਟੀ ਦੇ ਬਹੁਤੇ ਮੈਂਬਰ ਸ਼ਾਮਲ ਸਨ, ਇਸ ਦਾ ਮਤਲਬ ਹੈ ਕਿ ਪਾਰਟੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਨਾਲ ਹੈ।

ਉਨ੍ਹਾਂ ਨੇ ਵਿਰੋਧ ਕਰਨ ਵਾਲੇ ਆਗੂਆਂ ਨੂੰ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰਨ ਦੀ ਸਲਾਹ ਦਿੱਤੀ।

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਦੀ ਮੀਟਿੰਗ ਵਿੱਚ ਉਨ੍ਹਾਂ ਨੇ ਅਕਾਲੀ ਦਲ ਦੇ ਮਾੜੇ ਪ੍ਰਦਰਸ਼ਨ ਬਾਰੇ ਚਰਚਾ ਕੀਤੀ, ਇਸ ਵਿੱਚ ਉਨ੍ਹਾਂ ਇਹ ਸਿੱਟਾ ਕੱਢਿਆ ਕਿ ਚੋਣਾਂ ਵਿੱਚ ‘ਇੰਡੀਆ ਬਲਾਕ ਅਤੇ ਮੋਦੀ ਦੀ ਲੜਾਈ ਸੀ ਇਸ ਵਿੱਚ ਅਕਾਲੀ ਦਲ ਭਾਜਪਾ ਦਾ ਸਾਥ ਨਾ ਦੇ ਦਵੇ ਇਸ ਖ਼ਦਸ਼ੇ ਦਾ ਉਨ੍ਹਾਂ ਨੂੰ ਨੁਕਸਾਨ ਹੋਇਆ।’

ਉਨ੍ਹਾਂ ਨੇ ਦੱਸਿਆ ਕਿ ਪਾਰਟੀ ਨੇ ਸਾਰੇ ਫ਼ੈਸਲੇ ਸਰਬਸੰਮਤੀ ਨਾਲ ਲਏ ਜਾਂਦੇ ਹਨ। ਭੂੰਦੜ ਨੇ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੇ ਸਮਝੌਤੇ ਦੀ ਸੰਭਾਵਨਾ ਵੀ ਰੱਦ ਕੀਤੀ।

ਬੀਬੀਸੀ

ਕੀ ਹੋਵੇਗਾ ਇਸ 'ਬਗਾਵਤ' ਦਾ ਅਸਰ

ਬੀਬੀਸੀ ਨਾਲ ਗੱਲ ਕਰਦਿਆਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਉਹ ਨਹੀਂ ਮੰਨਦੇ ਕਿ ਅਕਾਲੀ ਦਲ ਵਿਚਲੀ ਹਾਲੀਆ 'ਬਗ਼ਾਵਤ' ਕਿਸੇ ਵੱਡੀ ਰੱਦੋਬਦਲ ਨੂੰ ਜਨਮ ਦੇਵੇਗੀ।

ਉਹ ਕਹਿੰਦੇ ਹਨ, “ਅਕਾਲੀ ਦਲ ਉਹ ਹੀ ਹੈ ਜਿੱਥੇ ਸੁਖਬੀਰ ਬਾਦਲ ਖੜ੍ਹੇ ਹਨ, ਇਹ ਉਨ੍ਹਾਂ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਅਕਾਲੀ ਦਲ ਵਿੱਚ ਬਦਲਾਅ ਲਈ ਕੀ ਕਰਦੇ ਹਨ।”

ਵਿਰੋਧ ਕਰਨ ਵਾਲੇ ਆਗੂਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਮੌਜੂਦਾ ਪ੍ਰਧਾਨ ਨੂੰ ਚੁਣੌਤੀ ਦੇਣ ਲਈ ਇਕੱਠੇ ਹੋਏ ਆਗੂ ਆਪਣਾ ਸਮਾਂ ਵਿਹਾ ਚੁੱਕੇ ਹਨ।”

ਉਨ੍ਹਾਂ ਨੇ ਦੱਸਿਆ ਕਿ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਸਣੇ ਇਹ ਸਾਰੇ ਆਗੂ ਅਕਾਲੀ ਦਲ ਦੇ ਨਿਘਾਰ ਵੇਲੇ ਪਾਰਟੀ ਵਿੱਚ ਹੀ ਸਨ ਅਤੇ ਸੱਤਾ ਦਾ ਸੁਖ ਮਾਣ ਰਹੇ ਸਨ।

ਇਹ ਵੀ ਪੜ੍ਹੋ-

ਹਾਲਾਂਕਿ ਉੱਘੇ ਪੱਤਰਕਾਰ ਹਮੀਰ ਸਿੰਘ ਇਸ ਬਗਾਵਤ ਨੂੰ ਵੱਡਾ ਅਤੇ ਅਹਿਮ ਮੰਨਦੇ ਹਨ। ਉਹ ਕਹਿੰਦੇ ਹਨ, “ਅਕਾਲੀ ਦਲ ਦੀ ਅਜਿਹੀ ਮਾੜੀ ਸਥਿਤੀ ਇਤਿਹਾਸ ਦੇ ਵਿੱਚ ਕਦੇ ਨਹੀਂ ਰਹੀ, ਉਸ ਵੇਲੇ ਦੇ ਵੱਡੇ ਚਿਹਰਿਆਂ ਦਾ ਅਲੱਗ ਰਾਏ ਦੇਣਾ ਵੱਡੀ ਗੱਲ ਹੈ।”

ਉਹ ਕਹਿੰਦੇ ਹਨ, “ਵੱਡੀ ਗੱਲ ਬਿਰਤਾਂਤ ਦੀ ਹੈ, ਵੱਖ ਹੋਈ ਲੀਡਰਸ਼ਿਪ ਲੋਕਾਂ ਵਿੱਚ ਆਪਣਾ ਬਿਰਤਾਂਤ ਲੈ ਕੇ ਜਾਣ ਵਿੱਚ ਸਫ਼ਲ ਰਹਿੰਦੀ ਹੈ ਜਾਂ ਦੂਜੀ, ਜਿਹੜੀ ਧਿਰ ਆਪਣਾ ਦਬਦਬਾ ਬਣਾ ਸਕੇਗੀ, ਨਤੀਜਾ ਉਸ ਦੇ ਪੱਖ ਵਿੱਚ ਹੋਵੇਗਾ।”

ਅਕਾਲੀ ਦਲ ਵਿੱਚ ਪਹਿਲਾਂ ਹੋ ਚੁੱਕੀਆਂ ‘ਬਗਾਵਤਾਂ’ ਬਾਰੇ ਹਮੀਰ ਸਿੰਘ ਕਹਿੰਦੇ ਹਨ ਕਿ ਪਿਛਲੀਆਂ ਬਗਾਵਤਾਂ ਤੱਕ ਅਕਾਲੀ ਦਲ ਦੀ ਇੰਨੀ ਮਾੜੀ ਹਾਲਤ ਨਹੀਂ ਸੀ, ਹੁਣ ਸਥਿਤੀ ਵੱਖਰੀ ਹੈ।

“ਪਿਛਲੀਆਂ ਬਗਾਵਤਾਂ ਵੱਖ-ਵੱਖ ਚਿਹਰਿਆਂ ਵੱਲੋਂ ਸਨ ਜਦਕਿ ਇਸ ਵਾਰੀ ਦੀ ਬਗਾਵਤ ਲੀਡਰਾਂ ਦੀ ਇੱਕ ਟੀਮ ਵੱਲੋਂ ਹੈ। ਇਸ ਵਾਰੀ ਵੱਖ ਹੋਏ ਲੀਡਰਾਂ ਦੇ ਆਪਣੀਆਂ ਥਾਵਾਂ ਉੱਤੇ ਆਪਣੇ ਪ੍ਰਭਾਵ ਵੀ ਹਨ।”

ਹਮੀਰ ਸਿੰਘ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਝੂੰਦਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਨਾ ਲਾਗੂ ਕਰਨ ਅਤੇ ਅੰਦਰੂਨੀ ਜਮਹੂਰੀਅਤ ਸਣੇ ਹੋਰ ਕਮੀਆਂ ਪੂਰੀਆਂ ਨਾ ਕੀਤੇ ਜਾਣ ਨੂੰ ਜਿੰਮੇਵਾਰ ਮੰਨਦੇ ਹਨ।

ਬੀਬੀਸੀ

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਵੱਖ ਹੋਏ ਆਗੂਆਂ ਬਾਰੇ ਕਹਿੰਦੇ ਹਨ, “ਇਸ ਧੜੇ ਦਾ ਇਹ ਖ਼ਾਸ ਹੈ ਕਿ ਇਹ ਭਾਜਪਾ ਪੱਖੀ ਹੈ।”

ਉਹ ਦੱਸਦੇ ਹਨ, “ਅਕਾਲੀ ਦਲ ਜੋ ਵਾਪਰ ਰਿਹਾ ਹੈ ਇਹ ਕਿਸੇ ਵੱਡੇ ਬਦਲਾਅ ਵੱਲ ਸੰਕੇਤ ਨਹੀਂ ਦਿੰਦਾ, ਕਿਉਂਕਿ ਲੀਡਰ ਹੀ ਆਪਸ ਵਿੱਚ ਲੜ ਰਹੇ ਹਨ।”

ਜਸਪਾਲ ਸਿੰਘ ਸਿੱਧੂ ਅਤੇ ਜਗਰੂਪ ਸਿੰਘ ਸੇਖੋਂ ਅਕਾਲੀ ਦਲ ਨੂੰ ਕਾਂਗਰਸ ਅਤੇ ਰਾਹੁਲ ਗਾਂਧੀ ਕੋਲੋਂ ਸਿੱਖਣ ਦੀ ਸਲਾਹ ਦਿੰਦੇ ਹਨ।

ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਜਿਵੇਂ ਰਾਹੁਲ ਗਾਂਧੀ ਨੇ ਪੁਰਾਣੀ ਕਾਂਗਰਸ ਨੂੰ ਦਫ਼ਨਾ ਕੇ ਨਵੀਂ ਕਾਂਗਰਸ ਖੜ੍ਹੀ ਕੀਤੀ ਹੈ ਉਵੇਂ ਹੀ ਅਕਾਲੀ ਦਲ ਵੀ ਇਹ ਤਰੀਕਾ ਅਪਣਾ ਸਕਦਾ ਹੈ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਜਗਰੂਪ ਸਿੰਘ ਸੇਖੋਂ ਦੱਸਦੇ ਹਨ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਜੇਕਰ ਖ਼ਤਰਾ ਹੋਵੇਗਾ ਤਾਂ ਉਹ ਕਿਸੇ ਅਜਿਹੇ ਵੱਡੇ ਚਿਹਰੇ ਤੋਂ ਹੋਵੇਗਾ ਜੋ ਉੱਭਰ ਰਿਹਾ ਹੋਵੇ।

ਉਹ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਹੀ ਅਜਿਹਾ ਉੱਭਰਦਾ ਚਿਹਰਾ ਹਨ ਜੋ ਬਦਲ ਦੇ ਸਕਦੇ ਹਨ।”

ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਸਾਲ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ

ਸੁਖਬੀਰ ਬਾਦਲ ਸਾਲ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ।

ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿਰੋਧ ਵਿੱਚ ਅਕਾਲੀ ਆਗੂਆਂ ਦੇ ਨਿੱਤਰਨ ਦੇ ਇਹ ਪਹਿਲੀ ਘਟਨਾ ਨਹੀਂ ਹੈ।

ਇਸ ਤੋਂ ਪਹਿਲਾਂ ਸਾਲ 2018 ਵਿੱਚ ਮਾਝੇ ਦੇ ਸੀਨੀਅਰ ਆਗੂ ਮੰਨੇ ਜਾਂਦੇ ਮਰਹੂਮ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਦੀ ਆਵਾਜ਼ ਚੁੱਕੀ ਸੀ।

ਉਨ੍ਹਾਂ ਨੇ ਇਕੱਠਿਆਂ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਸੀ।

ਇਸ ਤੋਂ ਇੱਕ ਸਾਲ ਬਾਅਦ ਹੀ ਮਾਲਵੇ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਬਾਗੀ ਸੁਰਾਂ ਨਾਲ ਆਪਣੀ ਆਵਾਜ਼ ਰਲਾਈ ਸੀ।

2022 ਵਿੱਚ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਮੁੜ ਮਾਰਚ 2024 ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।

ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਵਿਵਾਦ

 ਸਿਕੰਦਰ ਸਿੰਘ ਮਲੂਕਾ
ਤਸਵੀਰ ਕੈਪਸ਼ਨ, ਹਾਲਾਂਕਿ ਸਿਕੰਦਰ ਸਿੰਘ ਮਲੂਕਾ ਆਪ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਸਨ ਪਰ ਉਨ੍ਹਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਸੀ

ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਸਿਰਫ਼ 13.42% ਵੋਟਾਂ ਮਿਲੀਆਂ, ਜੋ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 5% ਘੱਟ ਹਨ।

ਅਕਾਲੀ ਦਲ ਦੇ 13 ਵਿੱਚੋਂ 10 ਆਗੂਆਂ ਨੂੰ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਸੁਖਬੀਰ ਬਾਦਲ ਦੇ ਵਿਰੋਧ ਵਿੱਚ ਨਿੱਤਰੇ ਧੜੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਿੱਚ ਸ਼ਾਮਲ ਸਨ ਜਿਨ੍ਹਾਂ ਦੀ ਨੂੰਹ ਸਾਬਕਾ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਨੇ ਭਾਜਪਾ ਦੀ ਟਿਕਟ ਉੱਤੇ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ।

ਹਾਲਾਂਕਿ ਸਿਕੰਦਰ ਸਿੰਘ ਮਲੂਕਾ ਆਪ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਸਨ ਪਰ ਉਨ੍ਹਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਸੀ। ਉਨ੍ਹਾਂ ਨੇ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਨਾਲ ਗੱਠਜੋੜ ਨਾ ਕਰਨ ਦਾ ਫ਼ੈਸਲਾ ਲਿਆ ਸੀ ਅਜਿਹੇ ਵਿੱਚ ਸੁਖਬੀਰ ਬਾਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਉੱਤੇ ਵੀ ਸਵਾਲ ਉੱਠੇ ਸਨ।

ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਸੁਖਬੀਰ ਬਾਦਲ ਨੇ ਰਿਸ਼ਤੇ ਵਿੱਚ ਆਪਣੇ ਜੀਜਾ ਲੱਗਦੇ ਅਤੇ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।

ਅਜਿਹਾ ਅਕਾਲੀ ਦਲ ਦੇ ਖਡੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਹੇ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਮਗਰੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)