ਪੰਜਾਬ ਦੇ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਦੀ ਜਿੱਤ ਦੇ 5 ਕਾਰਨ

ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ

ਤਸਵੀਰ ਸਰੋਤ, Getty Images/SARABJIT SINGH KHALSA/FACEBOOK

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਖ਼ਾਲਿਸਤਾਨ ਹਮਾਇਤੀ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਨੇ ਪੰਜਾਬ ਅਤੇ ਕੌਮੀ ਪੱਧਰ ਉੱਤੇ ਨਵੀਂ ਚਰਚਾ ਛੇੜ ਦਿੱਤੀ ਹੈ।

ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ 1 ਲੱਖ 97 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ, ਜਦਕਿ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਹਲਕੇ ਤੋਂ 70 ਹਜ਼ਾਰ ਦੀ ਲੀਡ ਨਾਲ ਚੁਣੇ ਗਏ ਹਨ।

ਅੰਮ੍ਰਿਤਪਾਲ ਸਿੰਘ 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਹਨ ਅਤੇ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ ਤਹਿਤ ਬੰਦ ਹਨ।

ਸਰਬਜੀਤ ਸਿੰਘ ਖਾਲਸਾ ਅਕਤੂਬਰ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ।

ਸਿਆਸੀ ਮਾਹਰ ਇਨ੍ਹਾਂ ਸੀਟਾਂ ਉੱਤੇ ਗਰਮ ਖਿਆਲੀਆਂ ਦੇ ਉਭਾਰ ਦੇ ਕਈ ਕਾਰਨ ਮੰਨਦੇ ਹਨ। ਉਹ ਇਸ ਉਭਾਰ ਨੂੰ ਸਿਆਸੀ ਪਾਰਟੀਆਂ ਲਈ ਸ਼ੁੱਭ ਸੰਕੇਤ ਨਹੀਂ ਮੰਨਦੇ।

ਇਸ ਬਾਰੇ ਬੀਬੀਸੀ ਪੰਜਾਬੀ ਨੇ ਵੱਖ ਵੱਖ ਸਿਆਸੀ ਮਾਹਰਾਂ ਨਾਲ ਗੱਲਬਾਤ ਕੀਤੀ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, EC

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ 1 ਲੱਖ 97 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ

ਪੰਜਾਬ ਦੇ ਅਣਸੁਲਝੇ ਮੁੱਦਿਆਂ ਪ੍ਰਤੀ ਉਦਾਸੀਨਤਾ

ਸਿਆਸੀ ਮਾਹਰ ਪ੍ਰਮੋਦ ਕੁਮਾਰ ਦੱਸਦੇ ਹਨ ਕਿ ਮੌਜੂਦਾ ਸਥਿਤੀ ਦਾ ਕਾਰਨ ਪੰਜਾਬ ਦੇ ਮੁੱਦਿਆਂ ਪ੍ਰਤੀ ਸਿਆਸੀ ਆਗੂਆਂ ਦੀ ਉਦਾਸੀਨਤਾ ਹੈ।

ਉਨ੍ਹਾਂ ਦੱਸਿਆ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ਼ ਨਾ ਮਿਲਣ, ਸਜ਼ਾ ਪੂਰੀ ਕਰਨ ਚੁੱਕੇ ਸਿੱਖ ਕੈਦੀਆਂ ਦੇ ਮਸਲੇ ਦਾ ਹੱਲ ਨਾ ਹੋਣ ਕਾਰਨ ਮੌਜੂਦਾ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਲਾਰਿਆਂ ਤੋਂ ਅੱਕੇ ਹੋਏ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ।

ਉਨ੍ਹਾਂ ਦੱਸਦੇ ਹਨ, “ਪੰਜਾਬ ਦੇ ਅਹਿਮ ਮੁੱਦਿਆਂ ਪ੍ਰਤੀ ਲੋਕਾਂ ਦੀ ਅਸੰਤੁਸ਼ਟੀ ਵਧਦੀ ਜਾ ਰਹੀ ਹੈ ਅਤੇ ਅੰਦੋਲਨ ਅਤੇ ਰੈਲੀਆਂ ਰਾਹੀਂ ਲੋਕ ਇਸ ਨੂੰ ਪ੍ਰਗਟਾਉਂਦੇ ਵੀ ਹਨ ਪਰ ਸਿਆਸਤਦਾਨ ਇਸ ਨੂੰ ਸਮਝ ਨਹੀਂ ਸਕੇ।”

ਡਾਕਟਰ ਪ੍ਰਮੋਦ ਕੁਮਾਰ ਮੁਤਾਬਕ ਹੁਣ ਲੋਕਾਂ ਨੇ ਵੋਟਾਂ ਰਾਹੀਂ ਅਜੋਕੇ ਸਿਆਸਤਦਾਨਾਂ ਨੂੰ ਰੱਦ ਕਰ ਕੇ ਗਰਮ ਖਿਆਲੀਆਂ ਨੂੰ ਚੁਣ ਲਿਆ ਹੈ।

ਸਰਬਜੀਤ ਸਿੰਘ ਖਾਲਸਾ

ਤਸਵੀਰ ਸਰੋਤ, EC

ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਖਾਲਸਾ ਫਰੀਦਕੋਟ ਹਲਕੇ ਤੋਂ 70 ਹਜ਼ਾਰ ਦੀ ਲੀਡ ਨਾਲ ਚੁਣੇ ਗਏ ਹਨ।

ਅੰਮ੍ਰਿਤਪਾਲ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਮਸਲਾ

ਸਿਆਸੀ ਮਾਹਰ ਖਡੂਰ ਸਾਹਿਬ ਅਤੇ ਫ਼ਰੀਦਕੋਟ ਸੀਟ ਦੇ ਆਏ ਨਤੀਜਿਆਂ ਦਾ ਇੱਕ ਕਾਰਨ 'ਵਾਰਿਸ ਪੰਜਾਬ ਸੰਗਠਨ ਦੇ' ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਖ਼ਿਲਾਫ਼ ਸਾਲ 2023 ਕੀਤੀ ਗਈ ਕਾਰਵਾਈ ਨੂੰ ਮੰਨਦੇ ਹਨ।

ਉਹ ਦੱਸਦੇ ਹਨ ਕਿ ਜਿਸ ਤਰੀਕੇ ਨਾਲ ਉਸ ਸਮੇਂ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਤੇ ਹੋਰ ਨੌਜਵਾਨਾਂ ਦੀ ਕੀਤੀ ਗਈ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਅਤੇ ਮੀਡੀਆ ਪ੍ਰਤੀ ਗ਼ੁੱਸਾ ਸੀ।

ਹਾਲਾਂਕਿ ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਕਾਫ਼ੀ ਹੱਦ ਤੱਕ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਪਰ ਇਸ ਸਮੇਂ ਦੌਰਾਨ ਹੋਈਆਂ ਜ਼ਿਆਦਤੀਆਂ ਨੂੰ ਲੈ ਕੇ ਲੋਕਾਂ ਵਿੱਚ ਗ਼ੁੱਸਾ ਸੀ।

ਮਾਹਿਰਾਂ ਮੁਤਾਬਕ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਇੰਨੀ ਸਖ਼ਤ ਕਾਰਵਾਈ ਕਿਉਂ ਕੀਤੀ ਗਈ ਹੈ ਜਦਕਿ ਉਹ ਨਸ਼ਿਆਂ ਖ਼ਿਲਾਫ਼ ਅਤੇ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕਰਦਾ ਸੀ।

ਮਾਹਰਾਂ ਮੁਤਾਬਕ ਫ਼ਰੀਦਕੋਟ ਸੀਟ ਦਾ ਨਤੀਜਾ ਵੀ ਅੰਮ੍ਰਿਤਪਾਲ ਸਿੰਘ ਕਾਰਨ ਪ੍ਰਭਾਵਿਤ ਹੋਇਆ ਹੈ।

ਸਰਬਜੀਤ ਸਿੰਘ ਖ਼ਾਲਸਾ ਪਹਿਲਾਂ ਵੀ ਤਿੰਨ ਵਾਰ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ, ਪਰ ਇਸ ਵਾਰ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨਾ ਅਤੇ ਉਨ੍ਹਾਂ ਦੇ ਉਭਾਰ ਦੇ ਕਾਰਨ ਫ਼ਰੀਦਕੋਟ ਸੀਟ ਉੱਤੇ ਸਰਬਜੀਤ ਸਿੰਘ ਖ਼ਾਲਸਾ ਨੂੰ ਸਫਲਤਾ ਮਿਲੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਦੋ ਸੀਟਾਂ ਉੱਤੇ ਖ਼ਾਲਿਸਤਾਨ ਵਿਚਾਰਧਾਰਾ ਦੇ ਹਾਮੀਆਂ ਦੇ ਜਿੱਤਣ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਵਿਚ ਕੱਟੜਪੰਥੀ ਮਜ਼ਬੂਤ ਹੋ ਰਹੇ ਹਨ, ਬਲਕਿ ਪਹਿਲਾਂ ਪੰਜਾਬ ਅਜਿਹੇ ਲੋਕ ਸਰਗਰਮ ਸਿਆਸਤ ਦਾ ਹਿੱਸਾ ਬਣੇ ਹਨ ਜਿਨ੍ਹਾਂ ਦਾ ਅਤੀਤ ਹਿੰਸਾ ਨਾਲ ਜੁੜਦਾ ਹੈ।

ਉਨ੍ਹਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਜਮਹੂਰੀਅਤ ਰਾਹੀਂ ਚੋਣ ਜਿੱਤਣ ਵਿੱਚ ਕਾਮਯਾਬ ਹੋਏ ਹਨ।

ਪਰਮਜੀਤ ਕੌਰ ਖਾਲੜਾ, ਬਲਵਿੰਦਰ ਕੌਰ
ਤਸਵੀਰ ਕੈਪਸ਼ਨ, ਮਨੁੱਖੀ ਹੱਕਾਂ ਦੀ ਕਾਰਕੁਨ ਪਰਮਜੀਤ ਕੌਰ ਖਾਲੜਾ ਅਤੇ ਅਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ

“ਆਪ” ਦਾ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉੱਤਰਨਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫਸਰ ਡਾਕਟਰ ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਤਿੰਨ ਸੀਟਾਂ ਉੱਤੇ ਸਿਮਟ ਜਾਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਦੀਆਂ ਉਮੀਦਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਖਰਾ ਨਾ ਉੱਤਰਨਾ ਹੈ।

ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਮੌਜੂਦਾ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ ਜੋ ਉਮੀਦਾਂ ਨਾਲ ਲੋਕਾਂ ਨੇ 92 ਵਿਧਾਇਕਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆਂ ਸੀ, ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਨਹੀਂ ਉੱਤਰੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਜੋ ਉਮੀਦਾਂ ਲੋਕਾਂ ਨੂੰ ਦਿਖਾਈਆਂ ਸਨ, ਉਸ ਤੋਂ ਮੁਨਕਰ ਹੋਣ ਦਾ ਨਤੀਜਾ ਹੁਣ ਸਾਹਮਣੇ ਆ ਗਿਆ ਹੈ।

ਉਨ੍ਹਾਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਸੀਟ ਉੱਤੇ ਖਾਲਿਸਤਾਨੀਆਂ ਦੇ ਉਭਾਰ ਉੱਤੇ ਟਿੱਪਣੀਆਂ ਕਰਦਿਆਂ ਆਖਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ ਤਿੰਨ ਮਹੀਨੇ ਬਾਅਦ ਹੀ ਸੰਗਰੂਰ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਸਰਕਾਰ ਪ੍ਰਤੀ ਆਪਣਾ ਗ਼ੁੱਸਾ ਪ੍ਰਗਟ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਜੇਕਰ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਗੱਲ ਨਹੀਂ ਕਰਨਗੀਆਂ ਤਾਂ ਨਤੀਜਾ ਅਜਿਹਾ ਹੀ ਆਵੇਗਾ ਅਤੇ ਇਸ ਤੋਂ ਹੈਰਾਨ ਵੀ ਨਹੀਂ ਹੋਣਾ ਚਾਹੀਦਾ।

ਖੇਤੀ ਸੰਕਟ ਅਤੇ ਸੂਬੇ ਦਾ ਕਰਜ਼ਾ

ਸਰਬਜੀਤ ਸਿੰਘ ਖਾਲਸਾ

ਤਸਵੀਰ ਸਰੋਤ, Bharat Bhushan

ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਖਾਲਸਾ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਸਿਆਸੀ ਮਾਹਿਰ ਮੰਨਦੇ ਹਨ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਸਾਨਾਂ ਦੀ ਆਰਥਿਕ ਹਾਲਤ ਦਾ ਖ਼ਰਾਬ ਹੋਣਾ ਅਤੇ ਸਰਕਾਰ ਦੀਆਂ ਨੀਤੀਆਂ ਵਿੱਚ ਕਮੀਆਂ ਹੋਣ ਕਾਰਨ ਵੀ ਲੋਕ ਰਵਾਇਤੀ ਪਾਰਟੀਆਂ ਤੋਂ ਉਲਟ ਗਏ ਹਨ।

ਡਾਕਟਰ ਪ੍ਰਮੋਦ ਕੁਮਾਰ ਆਖਦੇ ਹਨ ਕਿ ਪੰਜਾਬ ਵਿੱਚ ਪਿਛਲੇ 20 ਸਾਲਾਂ ਦੌਰਾਨ ਪੰਜਾਬ ਦੀ ਤਮਾਮ ਰਾਜਨੀਤਿਕ ਪਾਰਟੀਆਂ ਨੇ ਖੇਤੀਬਾੜੀ ਅਤੇ ਪੰਜਾਬ ਦੀ ਆਰਥਿਕਤਾ ਦੀ ਗੱਲ ਤਾਂ ਕੀਤੀ ਪਰ ਇਹਨਾਂ ਉੱਤੇ ਕੀਤਾ ਕੁਝ ਨਹੀਂ।

ਡਾਕਟਰ ਪ੍ਰਮੋਦ ਕੁਮਾਰ ਆਖਦੇ ਹਨ ਕਿ ਬੇਰੁਜ਼ਗਾਰੀ ਵੀ ਇੱਕ ਮਸਲਾ ਹੈ, ਸੂਬੇ ਦੇ ਨੌਜਵਾਨਾਂ ਦਾ ਨਿਰਾਸ਼ ਹੋ ਕੇ ਵਿਦੇਸ਼ ਜਾਣਾ ਵੀ ਮੌਜੂਦਾ ਰਾਜਨੀਤਿਕ ਸਥਿਤੀ ਵਿਚੋਂ ਹੀ ਨਿਕਲਦਾ ਹੈ, ਇਸ ਕਰ ਕੇ ਵੋਟਰਾਂ ਨੇ ਮੌਜੂਦਾ ਸਿਆਸਤਦਾਨਾਂ ਤੋਂ ਅੱਕ ਕੇ ਗੈਰ ਸਿਆਸਤਦਾਨ ਲੋਕਾਂ ਨੂੰ ਮੌਕਾ ਦਿੱਤਾ ਹੈ ਕਿਉਂਕਿ ਪੰਜਾਬ ਕਾਫ਼ੀ ਸਮੇਂ ਤੋਂ ਸਿਆਸੀ ਬਦਲ ਦੀ ਤਲਾਸ਼ ਕਰ ਰਿਹਾ ਹੈ।

ਨਸ਼ਿਆਂ ਦਾ ਮੁੱਦਾ

ਤਰਸੇਮ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਚੋਣ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇੱਕ ਵਾਰ ਫਿਰ ਤੋਂ ਆਖਿਆ ਕਿ, "ਸਾਡੀ ਸਭ ਤੋਂ ਵੱਡੀ ਲੜਾਈ ਨਸ਼ਿਆਂ ਦੇ ਖ਼ਿਲਾਫ਼ ਹੋਵੇਗੀ।"

ਨਸ਼ਿਆਂ ਦਾ ਮੁੱਦਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਅਤੇ ਅਮ੍ਰਿਤਪਾਲ ਸਿੰਘ ਨੇ ਧਰਮ ਪ੍ਰਚਾਰ ਦੇ ਨਾਲ ਨਾਲ ਨਸ਼ਿਆਂ ਦਾ ਮੁੱਦਾ ਵੀ ਉਭਾਰਿਆ, ਇਸ ਕਰ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਉਨ੍ਹਾਂ ਨਾਲ ਜੁੜਦੇ ਚਲੇ ਗਏ।

ਚੋਣ ਪ੍ਰਚਾਰ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀ ਵੱਖਵਾਦੀ ਸੋਚ ਦੀ ਥਾਂ ਨਸ਼ੇ ਦਾ ਮੁੱਦਾ ਚੁੱਕਿਆ।

ਚੋਣ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇੱਕ ਵਾਰ ਫਿਰ ਤੋਂ ਆਖਿਆ ਕਿ, "ਸਾਡੀ ਸਭ ਤੋਂ ਵੱਡੀ ਲੜਾਈ ਨਸ਼ਿਆਂ ਦੇ ਖ਼ਿਲਾਫ਼ ਹੋਵੇਗੀ।"

ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਸੰਕਟ, ਜਿਸ ਨੂੰ ਕਿਸੇ ਵੀ ਸਿਆਸੀ ਪਾਰਟੀ ਨੇ ਸਫਲਤਾਪੂਰਵਕ ਹੱਲ ਨਹੀਂ ਕੀਤਾ, ਨੇ ਵੋਟਰਾਂ ਨੂੰ ਵਿਕਲਪਾਂ ਦੀ ਤਲਾਸ਼ ਕਰਨ ਲਈ ਪ੍ਰੇਰਿਤ ਕੀਤਾ ਹੈ, ਨਤੀਜੇ ਵਜੋਂ ਰਵਾਇਤੀ ਪਾਰਟੀਆਂ ਦੇ ਵਿਰੁੱਧ ਵੋਟਾਂ ਵੀ ਓਨੀਆਂ ਹੀ ਹਨ ਜਿੰਨੀਆਂ ਦੋ ਉਮੀਦਵਾਰਾਂ ਨੂੰ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ