ਲੋਕ ਸਭਾ ਚੋਣਾਂ 2024, ਰੁਝਾਨ ਤੇ ਨਤੀਜੇ : ਨਰਿੰਦਰ ਮੋਦੀ ਬੋਲੇ, ‘ਸਾਡੇ ਵਿਰੋਧੀ ਇਕੱਠੇ ਹੋ ਕੇ ਵੀ ਇਕੱਲੀ ਭਾਜਪਾ ਜਿੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੇ’

ਲੋਕ ਸਭਾ ਚੋਣਾਂ 2024 ਦੇ ਚੋਣ ਅਮਲ ਦੇ ਅੱਜ ਫੈਸਲੇ ਦਾ ਦਿਨ ਹੈ। ਸੰਸਦ ਦੇ ਹੇਠਲੇ ਸਦਨ ਦੀਆਂ 543 ਸੀਟਾਂ ਵਿੱਚੋਂ 542 ਦਾ ਨਤੀਜਾ ਅੱਜ ਐਲਾਨਿਆ ਜਾ ਰਿਹਾ ਹੈ।

ਸਾਰ

  • ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਬਹੁਮਤ ਮਿਲਿਆ ਹੈ।
  • ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ ਵੀ ਰੁਝਾਨਾਂ ਵਿੱਚ 200 ਤੋਂ ਸੀਟਾਂ ਉੱਤੇ ਚੱਲ ਰਿਹਾ ਹੈ।
  • ਪੰਜਾਬ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ।
  • ਇੱਕ ਸੀਟ ਅਕਾਲੀ ਦਲ ਨੇ ਜਿੱਤੀ ਹੈ।
  • ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਜਿੱਤੀ ਹੈ।

ਲਾਈਵ ਕਵਰੇਜ

ਜਸਪਾਲ ਸਿੰਘ ਅਤੇ ਗੁਰਜੋਤ ਸਿੰਘ

  1. ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦੀ ਲਾਈਵ ਕਵਰੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:

    • ਭਾਰਤ ਵਿੱਚ 18ਵੀਂ ਲੋਕ ਸਭਾ ਦੇ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਐੱਨਡੀਏ 292 ਸੀਟਾਂ ਉੱਤੇ ਅੱਗੇ ਹੈ ਜਦਕਿ ਇੰਡੀਆ ਗਠਜੋੜ 233 ਸੀਟਾਂ 'ਤੇ ਅੱਗੇ ਹੈ।
    • ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਰੁਝਾਨਾਂ ਮਗਰੋਂ ਮੰਗਲਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ।
    • ਮੋਦੀ ਨੇ ਕਿਹਾ, “ਇਸ ਆਸ਼ੀਰਵਾਦ ਦੇ ਲਈ ਮੈਂ ਦੇਸ਼ ਦੇ ਲੋਕਾਂ ਦਾ ਧੰਨਵਾਦੀ ਹਾਂ। ਅੱਜ ਵੱਡਾ ਮੰਗਲ ਹੈ ਅਤੇ ਇਸ ਪਾਵਨ ਦਿਨ ਐੱਨਡੀਏ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨੀ ਤੈਅ ਹੈ।
    • ਮੰਗਲਵਾਰ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਕੀਤੀ।
    • ਰਾਹੁਲ ਗਾਂਧੀ ਨੇ ਕਿਹਾ, "ਦੇਸ਼ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਇਸ ਦੇਸ਼ ਨੂੰ ਚਲਾਉਣ ਵਿੱਚ ਸ਼ਮੂਲੀਅਤ ਨਹੀਂ ਚਾਹੁੰਦੇ।"
    • ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ 7 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ, ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ ਤੇ ਇੱਕ ਸੀਟ ਅਕਾਲੀ ਦਲ ਨੇ ਜਿੱਤੀ ਹੈ ਅਤੇ ਦੋ ਸੀਟਾਂ 'ਤੇ ਅਜ਼ਾਦ ਉਮੀਦਵਾਰ ਜੇਤੂ ਹਨ।
  2. ਲੋਕ ਸਭਾ ਚੋਣਾਂ 2024: ਨਤੀਜਿਆਂ ਬਾਰੇ ਮੋਦੀ ਨੇ ਕੀ ਕਿਹਾ

    ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਰੁਝਾਨਾਂ ਮਗਰੋਂ ਮੰਗਲਵਾਰ ਸ਼ਾਮ ਨੂੰ ਮੋਦੀ ਦਿੱਲੀ ਦੇ ਭਾਜਪਾ ਦਫ਼ਤਰ ਪਹੁੰਚੇ। ਪੀਐੱਮ ਮੋਦੀ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਤੇ ਰਾਜਨਾਥ ਸਿੰਘ ਵੀ ਮੌਜੂਦ ਰਹੇ।

    ਇਸ ਦੌਰਾਨ ਮੋਦੀ ਨੇ ਕਿਹਾ, “ਇਸ ਆਸ਼ੀਰਵਾਦ ਦੇ ਲਈ ਮੈਂ ਦੇਸ਼ ਦੇ ਲੋਕਾਂ ਦਾ ਧੰਨਵਾਦੀ ਹਾਂ। ਅੱਜ ਵੱਡਾ ਮੰਗਲ ਹੈ ਅਤੇ ਇਸ ਪਾਵਨ ਦਿਨ ਐੱਨਡੀਏ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨੀ ਤੈਅ ਹੈ। ਦੇਸ਼ਵਾਸੀਆਂ ਨੇ ਭਾਜਪਾ, ਐੱਨਡੀਏ ਉੱਤੇ ਪੂਰਾ ਵਿਸ਼ਵਾਸ ਜਤਾਇਆ ਹੈ। ਅੱਜ ਦੀ ਜਿੱਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ।”

    ਪੀਐੱਮ ਮੋਦੀ ਨੇ ਕਿਹਾ, “ਮੈਂ ਦੇਸ਼ ਦੇ ਚੋਣ ਕਮਿਸ਼ਨ ਦਾ ਧੰਨਵਾਦੀ ਹਾਂ। ਚੋਣ ਕਮਿਸ਼ਨ ਨੇ ਦੁਨੀਆਂ ਦੀ ਸਭ ਤੋਂ ਵੱਡੀ ਚੋਣ ਇੰਨੇ ਚੰਗੇ ਤਰੀਕੇ ਨਾਲ ਪੂਰੀ ਹੋਈ।”

    “1962 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਸਰਕਾਰ ਦੋ ਕਾਰਜਕਾਲ ਪੂਰੇ ਕਰਨ ਤੋਂ ਬਾਅਦ ਤੀਜੀ ਵਾਰ ਵਾਪਸ ਆਈ ਹੈ।”

    ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਮਿਲ ਕੇ ਵੀ ਇਕੱਲੀਆਂ ਭਾਜਪਾ ਜਿੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੇ ਹਨ।

  3. ਲੋਕ ਸਭਾ ਚੋਣਾਂ 2024: ਪੀਐੱਮ ਮੋਦੀ ਦੀ ਨਤੀਜਿਆਂ ਉੱਤੇ ਪਹਿਲੀ ਪ੍ਰਤੀਕਿਰਿਆ ਆਈ

    ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਮਿਲੀ ਹੈ।

    ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਹੈ, “ਦੇਸ਼ ਦੀ ਜਨਤਾ ਨੇ ਐੱਨਡੀਏ ਉੱਤੇ ਲਗਾਤਾਰ ਤੀਜੀ ਵਾਰ ਆਪਣਾ ਵਿਸ਼ਵਾਸ ਜਤਾਇਆ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਬੇਮਿਸਾਲ ਪਲ ਹੈ। ਮੈਂ ਇਸ ਪਿਆਰ ਤੇ ਆਸ਼ੀਰਵਾਦ ਦੇ ਲ਼ਈ ਆਪਣੇ ਪਰਿਵਾਰ ਵਾਲਿਆਂ ਨੂੰ ਨਮਨ ਕਰਦਾ ਹਾਂ।”

    ਉਨ੍ਹਾਂ ਅੱਗੇ ਕਿਹਾ, “ਮੈਂ ਦੇਸ਼ਵਾਸੀਆ ਨੂੰ ਵਿਸ਼ਵਾਸ ਦਿਲਾਉਂਦਾ ਹਾਂ ਕਿ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਅਸੀਂ ਨਵੀਂ ਊਰਜਾ, ਨਵੀਂ ਉਮੰਗ, ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧਾਂਗੇ। ਅਸੀਂ ਸਾਰੇ ਵਰਕਰਾਂ ਨੇ ਜੋ ਮਿਹਨਤ ਕੀਤੀ ਹੈ ਉਨ੍ਹਾਂ ਲ਼ਈ ਅਸੀਂ ਦਿਲ ਤੋਂ ਧੰਨਵਾਦੀ ਹਾਂ।”

  4. ਲੋਕ ਸਭਾ ਚੋਣਾਂ 2024: ਭਗਵੰਤ ਮਾਨ ਦੀ ਨਤੀਜਿਆਂ ਉੱਤੇ ਪ੍ਰਤੀਕਿਰਿਆ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਪ੍ਰਤਿਕਿਰਿਆ ਦਿੰਦੇ ਹੋਏ ਲੋਕਾਂ ਦੇ ਫਤਵੇ ਨੂੰ ਸਿਰ-ਮੱਥੇ ਲੈਣ ਦੀ ਗੱਲ ਕੀਤੀ ਹੈ।

    ਸੋਸ਼ਲ ਮੀਡੀਆ ਭਗਵੰਤ ਮਾਨ ਦਾ

    ਤਸਵੀਰ ਸਰੋਤ, Twitter/Bhagwant Mann

  5. ਪੰਜਾਬ ਦੇ 12 ਹਲਕਿਆਂ ਤੋਂ ਚੋਣ ਕਮਿਸ਼ਨ ਨੇ ਜੇਤੂ ਉਮੀਦਵਾਰ ਐਲਾਨੇ

    ਪੰਜਾਬ ਦੇ ਨਤੀਜੇ

    ਤਸਵੀਰ ਸਰੋਤ, ECI

    ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ 11 ਹਲਕਿਆਂ ਤੋਂ ਜੇਤੂ ਉਮੀਦਵਾਰ ਐਲਾਨ ਦਿੱਤੇ ਗਏ ਹਨ।

    ਜੇਤੂ ਉਮੀਦਵਾਰਾਂ ਵਿੱਚੋਂ 6 ਕਾਂਗਰਸ ਪਾਰਟੀ ਦੇ ਹਨ ਜਦਕਿ 3 ਆਮ ਆਦਮੀ ਪਾਰਟੀ ਦੇ, ਇੱਕ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਅਜ਼ਾਦ ਉਮੀਦਵਾਰ ਹੈ।

    ਕਾਂਗਰਸ ਪਾਰਟੀ ਦੇ ਉਮੀਦਵਾਰ ਇਨ੍ਹਾਂ ਹਲਕਿਆਂ ਤੋਂ ਇਹ ਹਲਕੇ ਹਨ

    ਅੰਮ੍ਰਿਤਸਰ - ਗੁਰਜੀਤ ਸਿੰਘ ਔਜਲਾ (ਫ਼ਰਕ - 40301)

    ਜਲੰਧਰ - ਚਰਨਜੀਤ ਸਿੰਘ ਚੰਨੀ (ਫ਼ਰਕ - 175993)

    ਫਤਿਹਗੜ੍ਹ ਸਾਹਿਬ - ਅਮਰ ਸਿੰਘ (ਫ਼ਰਕ - 34202)

    ਫਿਰੋਜ਼ਪੁਰ- ਸ਼ੇਰ ਸਿੰਘ ਘੁਬਾਇਆ (ਫ਼ਰਕ - 3242)

    ਪਟਿਆਲਾ - ਧਰਮਵੀਰ ਗਾਂਧੀ (ਫ਼ਰਕ - 14831)

    ਲੁਧਿਆਣਾ - ਅਮਰਿੰਦਰ ਸਿੰਘ ਰਾਜਾ ਵੜਿੰਗ (ਫ਼ਰਕ - 20942)

    ਆਮ ਆਦਮੀ ਪਾਰਟੀ ਦੇ ਉਮੀਦਵਾਰ ਇਨ੍ਹਾਂ ਹਲਕਿਆਂ ਤੋਂ ਜੇਤੂ ਐਲਾਨੇ ਗਏ ਹਨ ਹੁਸ਼ਿਆਰਪੁਰ - ਡਾ ਰਾਜ ਕੁਮਾਰ ਚੱਬੇਵਾਲ (ਫ਼ਰਕ - 4411)

    ਆਨੰਦਪੁਰ ਸਾਹਿਬ - ਮਾਲਵਿੰਦਰ ਸਿੰਘ ਕੰਗ (ਫ਼ਰਕ - 10246)

    ਸੰਗਰੂਰ - ਗੁਰਮੀਤ ਸਿੰਘ ਮੀਤ ਹੇਅਰ (ਫ਼ਰਕ - 172560)

    ਸ਼੍ਰੌਮਣੀ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜੇਤੂ ਐਲਾਨੇ ਗਏ ਹਨ।

    ਫਰੀਦਕੋਟ ਤੋਂ ਅਜ਼ਾਦ ਚੋਣ ਲੜ ਰਹੇ ਸਰਬਜੀਤ ਸਿੰਘ ਖਾਲਸਾ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ।

    ਡਿਬਰੂਗੜ੍ਹ ਜੇਲ੍ਹ ਤੋਂ ਅਜ਼ਾਦ ਚੋਣ ਲੜਨ ਵਾਲੇ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ 1 ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨ ਦਿੱਤੇ ਗਏ ਹਨ।

  6. ਦੇਸ਼ ਨੇ ਮੋਦੀ ਜੀ ਨੂੰ ਸਾਫ਼ ਕਹਿ ਦਿੱਤਾ ਹੈ ਅਸੀਂ ਤੁਹਾਨੂੰ ਨਹੀਂ ਚਾਹੁੰਦੇ - ਰਾਹੁਲ ਗਾਂਧੀ

    ਰਾਹੁਲ ਗਾਂਧੀ

    ਤਸਵੀਰ ਸਰੋਤ, INC/YT

    ਤਸਵੀਰ ਕੈਪਸ਼ਨ, ਰਾਹੁਲ ਗਾਂਧੀ

    ਮੰਗਲਵਾਰ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਕੀਤੀ।

    ਰਾਹੁਲ ਗਾਂਧੀ ਨੇ ਕਿਹਾ, "ਇਹ ਚੋਣ ਕਾਂਗਰਸ ਅਤੇ ਇੰਡੀਆ ਗਠਜੋੜ ਇੱਕ ਸਿਆਸੀ ਦਲ ਦੇ ਖ਼ਿਲਾਫ਼ ਨਹੀਂ ਲੜੀ ਸੀ ਸਗੋਂ ਭਾਜਪਾ ਦੇ ਨਾਲ-ਨਾਲ, ਇੰਟੈਲਿਜੈਂਸ ਏਜੰਸੀਆਂ, ਅੱਧੀ ਜੂਡੀਸ਼ਰੀ ਦੇ ਖ਼ਿਲਾਫ਼ ਲੜੀ ਸੀ ਕਿਉਂਕਿ ਇਨ੍ਹਾਂ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਡਰਾਇਆ ਅਤੇ ਧਮਕਾਇਆ।"

    ਉਨ੍ਹਾਂ ਕਿਹਾ ਕਿ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਸੀ। ਉਨ੍ਹਾਂ ਕਿਹਾ, "ਦੇਸ਼ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਇਸ ਦੇਸ਼ ਨੂੰ ਚਲਾਉਣ ਵਿੱਚ ਸ਼ਮੂਲੀਅਤ ਨਹੀਂ ਚਾਹੁੰਦੇ।"

    ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਕੰਮ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਨੇ ਕੀਤਾ ਹੈ ਤੇ ਉਹ ਜਾਤੀ ਜਨਗਣਨਾ ਅਤੇ ਮਹਾਲਕਸ਼ਮੀ ਜਿਹੇ ਵਾਅਦੇ ਪੂਰੇ ਕਰਨਗੇ।

    ਟੀਡੀਪੀ ਅਤੇ ਜੇਡੀਯੂ ਨਾਲ ਰਲ ਕੇ ਸਰਕਾਰ ਬਣਾਉਣ ਦੇ ਸਵਾਲ ਬਾਰੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਇੰਡੀਆ ਗਠਜੋੜ 'ਚ ਸ਼ਾਮਲ ਪਾਰਟੀਆਂ ਨਾਲ ਕੱਲ੍ਹ ਮੁਲਾਕਾਤ ਕਰਨਗੇ ਅਤੇ ਫਿਰ ਇਸ ਬਾਰੇ ਫ਼ੈਸਲਾ ਲੈਣਗੇ।

  7. ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਤਿੱਖਾ ਮੁਕਾਬਲਾ

    ਦੀਪੇਂਦਰ ਸਿੰਘ ਹੁੱਡਾ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੀਪੇਂਦਰ ਸਿੰਘ ਹੁੱਡਾ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ

    ਸਤ ਸਿੰਘ

    ਬੀਬੀਸੀ ਸਹਿਯੋਗੀ

    ਹਰਿਆਣਾ ਦੇ 10 ਲੋਕ ਸਭਾ ਹਲਕਿਆਂ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਤਿੱਖਾ ਮੁਕਾਬਲਾ ਨਜ਼ਰ ਆ ਰਿਹਾ ਹੈ।

    ਦੋਵਾਂ ਪਾਰਟੀਆਂ ਦੇ ਉਮੀਦਵਾਰ ਪੰਜ-ਪੰਜ ਹਲਕਿਆਂ ਤੋਂ ਅੱਗੇ ਚੱਲ ਰਹੇ ਹਨ।

    ਭਾਰਤੀ ਜਨਤਾ ਪਾਰਟੀ ਇਨ੍ਹਾਂ ਪੰਜ ਹਲਕਿਆਂ ਵਿੱਚ ਅੱਗੇ ਚੱਲ ਰਹੀ ਹੈ -

    ਕਰਨਾਲ (ਸਾਬਕਾ ਮੁੱਖ ਮੰਤਰੀ ਮਨੋਹਰ ਲਾਲ)

    ਫਰੀਦਾਬਾਦ (ਕ੍ਰਿਸ਼ਨ ਪਾਲ ਗੁੱਜਰ)

    ਭਿਵਾਨੀ-ਮਹੇਂਦਰਗੜ੍ਹ(ਚੌਧਰੀ ਧਰਮਬੀਰ ਸਿੰਘ)

    ਗੁਰੂਗ੍ਰਾਮ (ਰਾਓ ਇੰਦਰਜੀਤ ਸਿੰਘ)

    ਕੁਰੂਕਸ਼ੇਤਰਨ (ਨਵੀਨ ਜਿੰਦਲ)।

    ਕਾਂਗਰਸ ਪਾਰਟੀ ਇਨ੍ਹਾਂ ਪੰਜ ਹਲਕਿਆਂ ਵਿੱਚ ਅੱਗੇ ਹੈ -

    ਰੋਹਤਕ (ਦੀਪੇਂਦਰ ਸਿੰਘ ਹੁੱਡਾ)

    ਹਿਸਾਰ(ਜੈ ਪ੍ਰਕਾਸ਼)

    ਸੋਨੀਪਤ (ਸਤਪਾਲ ਬ੍ਰਹਮਚਾਰੀ)

    ਵਰੁਣ ਚੌਧਰੀ (ਅੰਬਾਲਾ)

    ਕੁਮਾਰੀ ਸੈਲਜਾ(ਸਿਰਸਾ) 2 ਲੱਖ 50 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨ ਦਿੱਤੇ ਗਏ ਹਨ

    ਦੀਪੇਂਦਰ ਸਿੰਘ ਹੁੱਡਾ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।

  8. ਭਾਜਪਾ ਦੇ ਪੰਜਾਬ ਵਿੱਚ ਕੋਈ ਵੀ ਸੀਟ ਨਾ ਜਿੱਤਣ ਬਾਰੇ ਸੁਨੀਲ ਜਾਖੜ ਕੀ ਬੋਲੇ

    ਭਾਰਤੀ ਜਨਤਾ ਪਾਰਟੀ ਦੇ ਪੰਜਾਬ ਯੁਨਿਟ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਵੋਟ ਫ਼ੀਸਦ ਕਰੀਬ 6-7 ਫ਼ੀਸਦ ਤੋਂ ਵੱਧ ਕੇ 19 ਫ਼ੀਸਦ ਹੋ ਗਿਆ ਹੈ।

    ਉਨ੍ਹਾਂ ਨੇ ਕਿਹਾ, 'ਕਾਂਗਰਸ ਦਾ ਵੋਟ ਫ਼ੀਸਦ ਸਿਰਫ਼ 3 ਫ਼ੀਸਦ ਹੀ ਵਧਿਆ ਹੈ।ਲੋਕਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਸਗੋਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਪਾਈਆਂ ਹਨ।"

    ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵੋਟ ਫ਼ੀਸਦ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਗਈ ਹੈ, ਉਨ੍ਹਾਂ ਕਿਹਾ ਉਨ੍ਹਾਂ ਦਾ ਮਕਸਦ ਅਕਾਲੀ ਦਲ ਨੂੰ ਨੀਵਾਂ ਦਿਖਾਉਣਾ ਨਹੀਂ ਹੈ।

    ਉਨ੍ਹਾਂ ਕਿਹਾ ਕਿ ਤਿੰਨ ਸੀਟਾਂ ਉੱਤੇ ਭਾਜਪਾ ਦੂਜੇ ਨੰਬਰ ਉੱਤੇ ਰਹੀ ਹੈ ਅਤੇ ਕਰੀਬ ਪੰਜ ਸੀਟਾਂ ਉੱਤੇ ਤੀਜੇ ਨੰਬਰ ਉੱਤੇ ਰਹੀ ਹੈ।

    ਉਨ੍ਹਾਂ ਨੇ ਚੋਣਵੀਆਂ ਲੋਕ ਸਭਾ ਸੀਟਾਂ ਉੱਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨੂੰ ਫਾਇਦਾ ਪਹੁੰਚਾਏ ਜਾਣ ਦੇ ਇਲਜ਼ਾਮ ਵੀ ਲਾਏ।

    ਉਨ੍ਹਾਂ ਕਿਹਾ ਕਿ ਉਹ ਬਤੌਰ ਪ੍ਰਧਾਨ ਭਾਜਪਾ ਦੇ ਕੋਈ ਵੀ ਸੀਟ ਨਾ ਜਿੱਤ ਸਕਣ ਦੀ ਜ਼ਿੰਮੇਵਾਰੀ ਲੈਂਦੇ ਹਨ।

    ਸੁਨੀਲ ਜਾਖੜ

    ਤਸਵੀਰ ਸਰੋਤ, FB/Sunil Jakhar

    ਤਸਵੀਰ ਕੈਪਸ਼ਨ, ਸੁਨੀਲ ਜਾਖੜ
  9. ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 50,000 ਵੋਟਾਂ ਦੇ ਫ਼ਰਕ ਨਾਲ ਅੱਗੇ

    ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ 50 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਬਠਿੰਡਾ ਲੋਕ ਸਭਾ ਸੀਟ 'ਤੇ ਅੱਗੇ ਚੱਲ ਰਹੇ ਹਨ।

    ਉਹ ਤਿੰਨ ਵਾਰ ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

    ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜਨਤਾ ਦੇ ਫ਼ੈਸਲੇ ਨੂੰ ਪ੍ਰਵਾਨ ਕਰਦਾ ਹੈ, ਮੈਂ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।" ਹਰਮਿਸਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਦੀ ਜਿੱਤ ਹੈ।

    ਹਰਸਿਮਰਤ ਕੌਰ ਬਾਦਲ
    ਤਸਵੀਰ ਕੈਪਸ਼ਨ, ਹਰਸਿਮਰਤ ਕੌਰ ਬਾਦਲ
  10. ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਰੁਝਾਨਾਂ ਵਿੱਚ ਅੱਗੇ, ਕਾਰਕੁਨਾਂ ਵਿੱਚ ਖੁਸ਼ੀ

    ਪੱਛਮੀ ਬੰਗਾਲ ਦੀਆਂ ਕੁਲ 42 ਲੋਕ ਸਭਾ ਸੀਟਾਂ ਦੇ ਰੁਝਾਨਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ 29, ਭਾਜਪਾ ਨੂੰ 12 ਅਤੇ ਕਾਂਗਰਸ 1 ਸੀਟ ਉੱਤੇ ਅੱਗੇ ਚੱਲ ਰਹੀ ਹੈ।

    ਪੱਛਮੀ ਬੰਗਾਲ ਵਿੱਚ ਸਾਲ 2019 ਵਿੱਚ ਟੀਐੱਮਸੀ ਨੂੰ 24, ਭਾਜਪਾ ਨੂੰ 17 ਅਤੇ ਕਾਂਗਰਸ ਨੂੰ 1 ਸੀਟ ਉੱਤੇ ਜਿੱਤ ਮਿਲੀ ਸੀ।

    ਪੱਛਮੀ ਬੰਗਾਲ

    ਤਸਵੀਰ ਸਰੋਤ, BBC/Debalin

    ਤਸਵੀਰ ਕੈਪਸ਼ਨ, ਪੱਛਮੀ ਬੰਗਾਲ
  11. ਲੋਕ ਸਭਾ ਚੋਣਾਂ 2024: 4 ਵਜੇ ਤੱਕ ਕੀ ਹਨ ਚੋਣ ਨਤੀਜਿਆਂ ਦੇ ਰੁਝਾਨ

    ਚਾਰ ਵਜੇ ਤੱਕ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਐੱਨਡੀਏ ਗਠਜੋੜ 296 ਸੀਟਾਂ ਉੱਤੇ ਅੱਗੇ ਚੱਲ ਰਿਹਾ ਹੈ ਜਦਕਿ ਇੰਡੀਆ ਗਠਜੋੜ 230 ਸੀਟਾਂ ਉੱਤੇ ਅੱਗੇ ਚੱਲ ਰਿਹਾ ਹੈ।

    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਲੋਕ ਸਭਾ ਚੋਣਾਂ 2024
  12. ਮੀਤ ਹੇਅਰ ਨੇ ਵੱਡੀ ਲੀਡ ਨਾਲ ਜਿੱਤੀ ਸੰਗਰੂਰ ਸੀਟ

    ਗੁਰਮੀਤ ਸਿੰਘ ਮੀਤ ਹੇਅਰ

    ਤਸਵੀਰ ਸਰੋਤ, Kulveer Namol

    ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਹਲਕੇ ਤੋਂ ਜੇਤੂ ਐਲਾਨ ਦਿੱਤੇ ਗਏ ਹਨ।

    ਉਨ੍ਹਾਂ ਨੇ ਇਹ ਚੋਣ 172560 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ ਹੈ।

    ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਲੜੀਵਾਰ ਦੂਜੇ ਅਤੇ ਤੀਜੇ ਥਾਂ ਉੱਤੇ ਆਏ ਹਨ।

    ਜ਼ਿਕਰਯੋਗ ਹੈ ਕਿ ਇਸ ਸੀਟ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

    ਗੁਰਮੀਤ ਸਿੰਘ ਮੀਤ ਹੇਅਰ

    ਤਸਵੀਰ ਸਰੋਤ, INC

    ਤਸਵੀਰ ਕੈਪਸ਼ਨ, ਗੁਰਮੀਤ ਸਿੰਘ ਮੀਤ ਹੇਅਰ
  13. ਕਾਂਗਰਸੀ ਉਮੀਦਵਾਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਜੇਤੂ ਐਲਾਨੇ ਗਏ

    ਫਤਿਹਗੜ੍ਹ ਸਾਹਿਬ

    ਤਸਵੀਰ ਸਰੋਤ, INC

    ਤਸਵੀਰ ਕੈਪਸ਼ਨ, ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਅਮਰ ਸਿੰਘ 34202 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ

    ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਚੋਣ ਜਿੱਤ ਚੁੱਕੇ ਹਨ।

    ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਅਮਰ ਸਿੰਘ 34202 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ।

    ਦੂਜੀ ਥਾਂ ਉੱਤੇ ਗੁਰਪ੍ਰੀਤ ਸਿੰਘ ਜੀਪੀ ਹਨ, ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਤੀਜੇ ਨੰਬਰ ਉੱਤੇ ਰਹੇ ਹਨ।

  14. ਚਰਨਜੀਤ ਸਿੰਘ ਚੰਨੀ ਜਲੰਧਰ ਤੋਂ 1 ਲੱਖ 75 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ

    ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਚੋਣ ਜਿੱਤ ਚੁੱਕੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਨੇ ਚੰਨੀ ਨੂੰ ਜੇਤੂ ਐਲਾਨ ਦਿੱਤਾ ਹੈ।

    ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 1 ਲੱਖ 75 ਹਜ਼ਾਰ 993 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

    ਤੀਜੇ ਨੰਬਰ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਰਹੇ ਹਨ।

    ਚਰਨਜੀਤ ਸਿੰਘ ਚੰਨੀ
    ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਚੰਨੀ
    ਚਰਨਜੀਤ ਸਿੰਘ ਚੰਨੀ
    ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਚੰਨੀ
  15. ਦਲਿਤ ਆਗੂ ਚੰਦਰ ਸ਼ੇਖ਼ਰ ਅਜ਼ਾਦ ਅੱਗੇ

    ਚੰਦਰ ਸ਼ੇਖਰ ਅਜ਼ਾਦ

    ਉੱਤਰ ਪ੍ਰਦੇਸ਼ ਦੀ ਨਗੀਨਾ ਲੋਕ ਸਬਾ ਸੀਟ ਤੋਂ ਅਜਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਆਗੂ ਕੇ ਚੰਦਰਸ਼ੇਖ਼ਰ ਅੱਗੇ ਚੱਲ ਰਹੇ ਹਨ।

    ਭਾਰਤੀ ਚੋਣ ਕਮਿਸ਼ਨ ਦੇ ਅੰਕੜੇ ਮੁਤਾਬਕ 1 ਵੱਜ ਕੇ 45 ਮਿੰਟ ਤੱਕ ਚੰਦਰਸ਼ੇਖ਼ਰ ਕਰੀਬ 94 ਹਜਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

    ਭਾਰਤੀ ਜਨਤਾ ਪਾਰਟੀ ਦੇ ਓਮ ਕੁਮਾਰ ਦੂਜੇ ਨੰਬਰ ਉੱਤੇ ਚੱਲ ਰਹੇ ਹਨ। ਸ਼ੇਖ਼ਰ ਨੂੰ 3 ਲੱਖ 60 ਹਜਾਰ ਵੋਟਾਂ ਮਿਲ ਚੁੱਕੀਆਂ ਹਨ।

    ਸਮਾਜਵਾਦੀ ਪਾਰਟੀ ਦੇ ਮਨੋਜ ਕੁਮਾਰ 83 ਹਜਾਰ ਵੋਟਾਂ ਨਾਲ ਤੀਜੇ ਨੰਬਰ ਉੱਤੇ ਹਨ।

    ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ 37, ਭਾਜਪਾ 32 ਅਤੇ ਕਾਂਗਰਸ 8 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

  16. ਅਮ੍ਰਿਤਪਾਲ ਸਿੰਘ 1 ਲੱਖ ਦੀ ਲੀਡ ਨਾਲ ਅੱਗੇ, ਮਾਪਿਆਂ ਨੇ ਕਿਹਾ ਨਸ਼ਿਆ ਖ਼ਿਲਾਫ਼ ਲੜਾਈ

    ਲੋਕ ਸਭਾ ਚੋਣਾਂ 2024

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੇ ਪਿਤਾ ਤਰਸੇਮ ਸਿੰਘ

    ਖਡੂਰ ਸਾਹਿਬ ਹਲਕੇ ਤੋਂ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ 1 ਲੱਖ ਵੋਟਾਂ ਤੋਂ ਵੱਧ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।

    ਅਮ੍ਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਕੌਮੀ ਸਰੁੱਖਿਆ ਕਾਨੂੰਨ ਤਹਿਤ ਬੰਦ ਹਨ।

    ਉਨ੍ਹਾਂ ਕਿਹਾ, "ਅਮ੍ਰਿਤਪਾਲ ਸਿੰਘ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਉੱਤੇ ਚੁੱਕਣਗੇ।"

    ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ, "ਸਾਡੀ ਸਭ ਤੋਂ ਵੱਡੀ ਲੜਾਈ ਨਸ਼ਿਆਂ ਦੇ ਖ਼ਿਲਾਫ਼ ਹੋਵੇਗੀ।"

    ਅਮ੍ਰਿਤਪਾਲ ਦੀ ਰਿਹਾਈ ਬਾਰੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।

    ਉਨ੍ਹਾਂ ਕਿਹਾ ਕਿ ਉਹ ਸਾਰੇ ਲੋਕਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਸਹਿਯੋਗ ਕੀਤਾ।

    ਵੀਡੀਓ ਕੈਪਸ਼ਨ, ਖਡੂਰ ਸਾਹਿਬ ‘ਚ ਅੱਗੇ ਚੱਲ ਰਹੇ ਅਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਦੀ ਲੋਕਾਂ ਨੂੰ ਅਪੀਲ

    ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਲੋਕਾਂ ਵਿੱਚ ਜਿਹੜੀਆਂ ਗੱਲਾਂ ਲੈ ਕੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨਗੇ।

    ਉਨ੍ਹਾਂ ਕਿਹਾ ਕਿ ਜੂਨ 1984 ਦੀ ਵਰ੍ਹੇਗੰਢ ਦੇ ਚਲਦਿਆਂ 6 ਤਰੀਕ ਤੱਕ ਕੋਈ ਵੀ ਜਸ਼ਨ ਨਹੀਂ ਮਨਾਇਆ ਜਾਵੇਗਾ।

  17. ਲੋਕ ਸਭਾ ਚੋਣਾਂ 2024: ਪੰਜਾਬ ਨੇ ਕੀ ਰੁਖ਼ ਰੱਖਿਆ

    ਵੀਡੀਓ ਕੈਪਸ਼ਨ, ਪੰਜਾਬ ਦੇ ਰੁਝਾਨਾਂ ਵਿੱਚ ਕਿਹੜੇ ਹਲਕੇ ਤੋਂ ਕੌਣ ਅੱਗੇ ਤੇ ਕੌਣ ਪਿੱਛੇ

    ਪੰਜਾਬ ਦੇ 13 ਹਲਕਿਆਂ ਦੇ ਰੁਝਾਨ ਸੂਬੇ ਦੀ ਕਿਸ ਤਰ੍ਹਾਂ ਦੀ ਸਿਆਸੀ ਤਸਵੀਰ ਪੇਸ਼ ਕਰਦੇ ਹਨ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਜੱਸੋਵਾਲ।

  18. ਫਰੀਦਕੋਟ ਤੋਂ ਅੱਗੇ ਚੱਲ ਰਹੇ ਸਰਬਜੀਤ ਸਿੰਘ ਖਾਲਸਾ ਨੇ ਕੀ ਕਿਹਾ

    ਫਰੀਦਕੋਟ ਸਾਹਿਬ ਲੋਕ ਸਭਾ ਹਲਕੇ ਤੋਂ ਕਰੀਬ 50,000 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਰਬਜੀਤ ਸਿੰਘ ਖਾਲਸਾ ਨੇ ਆਪਣੀ ਲੀਡ ਦਾ ਸਿਹਰਾ ਹਲਕਾ ਵਾਸੀਆਂ ਨੂੰ ਦਿੱਤਾ ਹੈ।

    ਸਰਬਜੀਤ ਸਿੰਘ ਖਾਲਸਾ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ।

    ਉਨ੍ਹਾਂ ਕਿਹਾ, “ਮੈਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਅਤੇ ਨਸ਼ਿਆਂ ਦੇ ਮੁੱਦੇ ਬਾਰੇ ਕੰਮ ਕਰਾਂਗਾਂ।”

    ਸਰਬਜੀਤ ਸਿੰਘ ਖਾਲਸਾ
    ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਖਾਲਸਾ
  19. ਪੰਜਾਬ ਵਿੱਚ ਅਮ੍ਰਿਤਪਾਲ, ਚਰਨਜੀਤ ਚੰਨੀ ਤੇ ਮੀਤ ਹੇਅਰ ਦੀ ਵੱਡੀ ਲੀਡ

    ਲੋਕ ਸਭਾ ਚੋਣਾਂ 2024
    ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਚੰਨੀ ਜਿੱਤ ਦਾ ਨਿਸ਼ਾਨ ਦਿਖਾਂਉਂਦੇ ਹੋਏ।

    ਜਲੰਧਰ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਨੂੰ ਜਲੰਧਰ ਹਲਕੇ ਤੋਂ 357662 ਮਿਲੀਆ ਹਨ।

    ਖ਼ਡੂਰ ਸਾਹਿਬ ਹਲਕੇ ਤੋਂ ਆਜ਼ਾਦ ਚੋਣ ਲੜਨ ਵਾਲੇ ਖ਼ਾਲਿਸਤਾਨ ਹਿਮਾਇਤੀ ਅਮ੍ਰਿਤਪਾਲ ਸਿੰਘ ਵੀ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੁਪਿਹਰ ਇੱਕ ਵਜੇ ਤੱਕ ਹੋਈ ਗਿਣਤੀ ਵਿੱਚ 265464 ਵੋਟਾਂ ਉਨ੍ਹਾਂ ਦੇ ਖਾਤੇ ਵਿੱਚ ਪੈ ਚੁੱਕੀਆਂ ਹਨ।

    ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਮੈਦਾਨ ਵਿੱਚ ਸਨ। ਉਹ 1,48772 ਸੀਟਾਂ ਨਾਲ ਅੱਗੇ ਚੱਲ ਰਹੇ ਹਨ।