ਲੋਕ ਸਭਾ ਚੋਣਾਂ 2024: ਪੰਜਾਬ ’ਚ ਖਡੂਰ ਸਾਹਿਬ, ਫਰੀਦਕੋਟ ਤੇ ਸੰਗਰੂਰ ਵਿੱਚ ‘ਵੱਖਵਾਦੀ ਆਗੂਆਂ’ ਦੇ ਚੋਣ ਲੜਨ ਦੇ ਕੀ ਮਾਅਨੇ ਹਨ

ਸਿਮਨਰਨਜੀਤ ਸਿੰਘ ਮਾਨ, ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ

ਤਸਵੀਰ ਸਰੋਤ, BBC/FB

ਤਸਵੀਰ ਕੈਪਸ਼ਨ, ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਤਿੰਨ 'ਪੰਥਕ ਉਮੀਦਵਾਰ' ਸਿਮਨਰਨਜੀਤ ਸਿੰਘ ਮਾਨ, ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਖਡੂਰ ਸਾਹਿਬ, ਫ਼ਰੀਦਕੋਟ ਅਤੇ ਸੰਗਰੂਰ ਦੇ ਉੱਭਰੇ ਸਮੀਕਰਨਾਂ ਨੇ ਸੂਬੇ ਦੀ ਰਾਜਨੀਤੀ ਨੂੰ ਉਲਝਾ ਦਿੱਤਾ ਹੈ।

ਇੰਨ੍ਹਾਂ ਤਿੰਨਾਂ ਹੀ ਸੀਟਾਂ ਉੱਤੇ ਸ਼ੁਰੂ ਵਿੱਚ ਰਾਜਨੀਤਿਕ ਪਾਰਟੀਆਂ ਵਿਚਾਲੇ ਮੁਕਾਬਲਾ ਜਿੰਨਾ ਸੌਖਾ ਲੱਗ ਰਿਹਾ ਸੀ, ਚੋਣ ਪ੍ਰਚਾਰ ਦੇ ਅੰਤਿਮ ਪਲਾਂ ਵਿੱਚ ਉਹ ਉੰਨਾ ਹੀ ਪੇਚੀਦਾ ਹੁੰਦਾ ਜਾ ਰਿਹਾ ਹੈ। ਜਾਣਕਾਰ ਇਸ ਨੂੰ “ਜਜ਼ਬਾਤੀ ਵੋਟ" ਦੀ “ਜਥੇਬੰਦਕ ਵੋਟ” ਖ਼ਿਲਾਫ਼ ਲੜਾਈ ਵਜੋਂ ਦੇਖ ਰਹੇ ਹਨ।

ਖਡੂਰ ਸਾਹਿਬ ਤੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਆਜ਼ਾਦ ਤੌਰ ਉੱਤੇ ਚੋਣ ਮੈਦਾਨ ਵਿੱਚ ਹਨ। ਅਮ੍ਰਿਤਪਾਲ ਸਿੰਘ ਖ਼ਾਲਿਸਤਾਨ ਹਮਾਇਤੀ ਹਨ ਅਤੇ ਐੱਨਐੱਸਏ ਤਹਿਤ ਸਾਲ ਭਰ ਤੋਂ ਡਿਬਰੂਗੜ੍ਹ ਜੇਲ੍ਹ, ਅਸਾਮ ਵਿੱਚ ਬੰਦ ਹਨ।

ਫ਼ਰੀਦਕੋਟ ਲੋਕ ਸਭਾ ਹਲਕਾ (ਰਾਖਵੇਂ) ਤੋਂ ਸਰਬਜੀਤ ਸਿੰਘ ਖ਼ਾਲਸਾ ਵੀ ਆਜ਼ਾਦ ਲੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਦੀ ਮੌਜੂਦਗੀ ਨੇ ਇਸ ਸੀਟ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ।

ਸੰਗਰੂਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਹਨ।

ਜਾਣਕਾਰ ਇਨ੍ਹਾਂ ਤਿੰਨਾਂ ਹੀ ਆਗੂਆਂ ਨੂੰ ਗਰਮ ਖ਼ਿਆਲੀ ਵਿਚਾਰਧਾਰਾ ਦੇ ਹਾਮੀ ਮੰਨਦੇ ਹਨ ਅਤੇ ਉਨ੍ਹਾਂ ਮੁਤਾਬਕ ਫਿਲਹਾਲ ਖਾਲਿਸਤਾਨ ਪੱਖੀਆਂ ਦਾ ਹੁੰਗਰਾ ਇਨ੍ਹਾਂ ਨੂੰ ਮਿਲਦਾ ਦਿਸ ਰਿਹਾ ਹੈ।

ਇਹਨਾਂ ਤਿੰਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਵੱਲੋਂ ਇਨ੍ਹਾਂ ਚੋਣਾਂ ਵਿੱਚ ਕੁਲ 11 ਪਾਰਟੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।

ਕਿਵੇਂ ਬਦਲੇ ਤਿੰਨ ਸੀਟਾਂ ਦੇ ਸਿਆਸੀ ਸਮੀਕਰਨ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਮੈਦਾਨ ਵਿੱਚ ਆਉਣ ਨਾਲ ਇਹ ਹਲਕਾ ਕੌਮੀ ਪੱਧਰ ਉੱਤੇ ਸੁਰਖ਼ੀਆਂ ਵਿੱਚ ਆ ਗਿਆ ਹੈ।

ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ, ਚਾਚੇ-ਤਾਏ, ਸਿੱਖ ਜਥੇਬੰਦੀਆਂ, ਪ੍ਰਵਾਸੀ ਭਾਰਤੀ ਅਤੇ ਕੁਝ ਹੋਰ ਸਥਾਨਕ ਲੋਕ ਚਲਾ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਵੱਡੇ ਪੱਧਰ ਉੱਤੇ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਅਮ੍ਰਿਤਪਾਲ ਸਿੰਘ ਦੀ ਟੀਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਤਰਨਤਾਰਨ ਅਤੇ ਪੱਟੀ ਵਿੱਚ ਨਸ਼ਾ ਬਹੁਤ ਭਾਰੀ ਮਾਤਰਾ ਵਿੱਚ ਹੈ ਅਤੇ ਇਸ ਕਰਕੇ ਉਨ੍ਹਾਂ ਲਈ ਪ੍ਰਮੁੱਖ ਮੁੱਦਾ ਨਸ਼ਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਹੀ ਲੋਕਾਂ ਦੇ ਕੋਲ ਜਾ ਰਹੇ ਹਨ।

ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਦੇ ਜੰਮਪਲ ਅਮ੍ਰਿਤਪਾਲ ਸਿੰਘ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ।

ਦਿਲਚਸਪ ਗੱਲ ਇਹ ਹੈ ਕਿ ਸਾਲ 1989 ਵਿਚ ਜਦੋਂ ਪੰਜਾਬ ਵਿਚ ਖਾੜਕੂਵਾਦ ਆਪਣੇ ਸਿਖਰ ਉੱਤੇ ਸੀ ਤਾਂ ਲੋਕਾਂ ਨੇ ਖਾਲਿਸਤਾਨ ਪੱਖੀ ਵਿਚਾਰਧਾਰਾ ਦੇ ਹਮਾਇਤੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਸ ਸਮੇਂ ਦੇ ਤਰਨਤਾਰਨ ਲੋਕ ਸਭਾ ਹਲਕੇ ਤੋਂ ਆਪਣਾ ਸੰਸਦ ਮੈਂਬਰ ਵਜੋਂ ਚੁਣਿਆ ਸੀ।

ਤਰਨਤਾਰਨ ਹੁਣ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ। ਸਿਮਰਨਜੀਤ ਸਿੰਘ ਮਾਨ ਉਸ ਸਮੇਂ ਜੇਲ੍ਹ ਵਿੱਚ ਸਨ ਅਤੇ ਗੈਰਹਾਜ਼ਰੀ ਵਿੱਚ ਲੋਕ ਸਭਾ ਚੋਣ ਲੜ ਚੁੱਕੇ ਸਨ।

ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ, ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ

ਤਸਵੀਰ ਸਰੋਤ, FACEBOOK/BBC

ਤਸਵੀਰ ਕੈਪਸ਼ਨ, ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ, ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ

ਇਸ ਘਟਨਾ ਦੇ ਕਰੀਬ 25 ਸਾਲਾਂ ਬਾਅਦ ‘ਵਾਰਿਸ ਪੰਜਾਬ ਦੇ’ ਦੇ ਦੁਬਈ ਤੋਂ ਪਰਤੇ ਮੁਖੀ ਅਮ੍ਰਿਤਪਾਲ ਵੀ ਗੈਰਹਾਜ਼ਰੀ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਫ਼ਰੀਦਕੋਟ ਹਲਕੇ ਵਿੱਚ ਸਰਬਜੀਤ ਸਿੰਘ ਖ਼ਾਲਸਾ ਨੇ ਇਸ ਸੀਟ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ।

ਸਰਬਜੀਤ ਸਿੰਘ ਖ਼ਾਲਸਾ 2004 ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਸਰਬਜੀਤ ਸਿੰਘ ਖ਼ਾਲਸਾ ਸਿੱਖਾਂ ਨਾਲ ਜੁੜੇ ਮੁੱਦੇ ਖ਼ਾਸ ਤੌਰ ਉੱਤੇ ਬੇਅਦਬੀ ਦਾ ਮੁੱਦਾ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਸਰਕਾਰਾਂ ਵੱਲੋਂ ਲਾਏ ਲਾਰਿਆਂ ਨੂੰ ਪ੍ਰਮੁੱਖ ਤੌਰ ਉਭਾਰ ਰਹੇ ਹਨ।

ਇਸ ਦੇ ਨਾਲ ਹੀ ਸਰਬਜੀਤ ਸਿੰਘ ਖ਼ਾਲਸਾ ਆਪਣੇ ਪਿਤਾ ਬੇਅੰਤ ਸਿੰਘ ਦੀ ਗੱਲ ਵੋਟਰਾਂ ਨਾਲ ਕਰ ਰਹੇ ਹਨ।

ਖਾਲਿਸਤਾਨੀ ਵਿਚਾਰਧਾਰਾ ਦੀ ਹਾਮੀ ਭਰਨ ਵਾਲੇ ਸੰਗਰੂਰ ਦੇ ਮੌਜੂਦਾ ਐੱਮਪੀ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਹਨ।

ਸੰਗਰੂਰ ਤੋਂ ਜਿਸ ਤਰੀਕੇ ਨਾਲ ਜ਼ਿਮਨੀ ਚੋਣ ਦੌਰਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲੀ ਸੀ ਉਸ ਤੋਂ ਸਿਆਸੀ ਹਲਕਿਆਂ ਅਤੇ ਰਾਜਨੀਤੀ ਦੇ ਜਾਣਕਾਰ ਵੀ ਹੈਰਾਨ ਹੋਏ ਸਨ।

ਕਿਉਂਕਿ ਸੰਗਰੂਰ ਅਜਿਹਾ ਹਲਕਾ ਹੈ ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਭਾਈਚਾਰਿਆਂ ਦੀ ਵਸੋਂ ਵੀ ਸਿਆਸੀ ਤੌਰ ਉੱਤੇ ਕਾਫ਼ੀ ਪ੍ਰਭਾਵ ਰੱਖਦੀ ਹੈ।

ਗਰਮ ਖਿਆਲੀ ਸਿਆਸਤ ਦੇ ਉਭਾਰ ਦੇ ਮਾਅਨੇ

ਭਗਵੰਤ ਮਾਨ

ਤਸਵੀਰ ਸਰੋਤ, BHAGWANT MANN/FACEBOOK

ਤਸਵੀਰ ਕੈਪਸ਼ਨ, ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਬਦਲਾਅ ਦੀ ਤਲਾਸ਼ ਕਰ ਰਿਹਾ ਹੈ, ਇਸ ਲਈ ਸਾਰੇ ਸਿਆਸੀ ਦਾਅਵੇਦਾਰਾਂ ਨੂੰ ਪਰਤਿਆ ਰਿਹਾ ਹੈ

ਸਿਆਸੀ ਵਿਸ਼ਲੇਸ਼ਕ ਡਾਕਟਰ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਤਿੰਨ ਸੀਟਾਂ (ਖਡੂਰ ਸਾਹਿਬ, ਫਰੀਦਕੋਟ ਅਤੇ ਸੰਗਰੂਰ) ਉੱਤੇ ਲੋਕਾਂ ਵਿੱਚ ਇਸ ਗੱਲ ਨੂੰ ਵਿਚਾਰਿਆ ਜਾ ਰਿਹਾ ਕਿ ਰਿਵਾਇਤੀ ਪਾਰਟੀਆਂ ਦੀ ਹੁਣ ਤੱਕ ਦੀ ਕਾਰਜਸ਼ੈਲੀ ਅਤੇ ਬਦਲਾਅ ਦੀ ਗੱਲ ਕਰਨ ਵਾਲੀ “ਆਮ ਆਦਮੀ ਪਾਰਟੀ” ਤੋਂ ਬਾਅਦ ਅਤੇ ਹੁਣ ਕੌਮ ਲਈ ਕੁਰਬਾਨੀ ਦੇਣ ਵਾਲੇ ਆਗੂਆਂ ਨੂੰ ਪਰਖਣ ਦੀ ਵਾਰੀ ਹੈ।

ਉਨ੍ਹਾਂ ਮੁਤਾਬਕ ਪੰਜਾਬ ਦੀਆਂ ਇਨ੍ਹਾਂ ਤਿੰਨ ਸੀਟਾਂ (ਫ਼ਰੀਦਕੋਟ, ਖਡੂਰ ਸਾਹਿਬ ਅਤੇ ਸੰਗਰੂਰ) ਦੀ ਮੌਜੂਦਾ ਸਥਿਤੀ ਦੇ ਸਮੀਕਰਨ ਨਵੇਂ ਨਹੀਂ ਹਨ, ਸਗੋਂ ਪੁਰਾਣੇ ਹਨ।

ਉਨ੍ਹਾਂ ਮੁਤਾਬਕ ਇਹ ਰੁਝਾਨ 2014 ਤੋਂ ਹੀ ਉਦੋਂ ਪ੍ਰਤੱਖ ਰੂਪ ਵਿੱਚ ਦਿਸਣਾ ਸ਼ੁਰੂ ਹੋ ਗਿਆ ਸੀ, ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਉੱਤੇ ਜਿੱਤ ਦੁਆਈ ਸੀ। ਇਹ ਉਹ ਸਮਾਂ ਸੀ ਜਦੋਂ ਪੂਰੇ ਦੇਸ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਸੀ ਪਰ ਪੰਜਾਬ ਦੇ ਲੋਕ ਇਸ ਪਾਰਟੀ ਦੇ ਹੱਕ ਵਿੱਚ ਖੜੇ ਹੋਏ ਸਨ।

ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਸੀਟ ਉੱਤੇ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਉੱਤੇ ਕਰੀਬ 40% ਵੋਟ ਸ਼ੇਅਰ ਨਾਲ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਹਨ।

ਡਾਕਟਰ ਪ੍ਰਮੋਦ ਦਾ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਤੋਂ ਵੀ ਲੋਕ ਥੋੜੇ ਸਮੇਂ ਵਿੱਚ ਹੀ ਅੱਕ ਗਏ ਤਾਂ, ਕਰੀਬ ਤਿੰਨ ਮਹੀਨੇ ਬਾਅਦ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਗਰਮ ਖ਼ਿਆਲੀ ਆਗੂ ਵਜੋਂ ਜਾਣੇ ਜਾਂਦੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾਅ ਕੇ ਲੋਕ ਸਭਾ ਵਿੱਚ ਭੇਜ ਦਿੱਤਾ।

ਸਰਬਜੀਤ ਸਿੰਘ ਖਾਲਸਾ

ਤਸਵੀਰ ਸਰੋਤ, Sarabjit Singh Khalsa/Facebook

ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਖਾਲਸਾ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ ਅਤੇ ਉਹ ਵੋਟਾਂ ਮੰਗਣ ਦੌਰਾਨ ਲੋਕਾਂ ਨਾਲ ਆਪਣੇ ਪਿਤਾ ਦਾ ਜ਼ਿਕਰ ਕਰਦੇ ਹਨ

ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਇਸ ਰੁਝਾਨ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਇਸ ਕਰ ਕੇ ਇਨ੍ਹਾਂ ਤਿੰਨ ਸੀਟਾਂ ਵਿੱਚ ਮੌਜੂਦਾ ਰੁਝਾਨ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਮੁਤਾਬਕ ਜੇਕਰ ਪੰਜਾਬ ਦੀ ਮੌਜੂਦਾ ਰਾਜਨੀਤੀ ਪ੍ਰਤੀ ਲੋਕ ਉਦਾਸਹੀਨ ਹੋ ਗਏ ਤਾਂ ਫਿਰ ਗਰਮ ਖ਼ਿਆਲੀ ਵਿਚਾਰ ਧਾਰਾ ਵਾਲੇ ਆਗੂ ਇੱਥੇ ਮਜ਼ਬੂਤ ਹੋ ਸਕਦੇ ਹਨ।

ਡਾਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਛੱਡਣ ਮਗਰੋਂ ਮਨਪ੍ਰੀਤ ਸਿੰਘ ਬਾਦਲ ਨੇ ਮਾਰਚ 2011 ਵਿੱਚ ਆਪਣੀ ਸਿਆਸੀ ਜਮਾਤ ਬਣਾਈ, ਜਿਸ ਦਾ ਨਾ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਰੱਖਿਆ।

ਸਾਲ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀਪੀਪੀ ਨੇ ਸੀਪੀਆਈ, ਸੀਪੀਆਈਐੱਮ, ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਗੱਠਜੋੜ ਕੀਤਾ ਪਰ ਇਸ ਗੱਠਜੋੜ ਨੂੰ ਸਫਲਤਾ ਨਹੀਂ ਮਿਲੀ।

ਇਸ ਤੋਂ ਪਹਿਲਾਂ ਮਰਹੂਮ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਨੇ ਨਵੇਂ ਅਕਾਲੀ ਦਲ ਬਣਾ ਕੇ ਰਿਵਾਇਤੀ ਪਾਰਟੀਆਂ ਨੂੰ ਟੱਕਰ ਦਿੱਤੀ ਸੀ।

ਇੰਸਟੀਚਿਊਟ ਫ਼ਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ), ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਪ੍ਰਮੋਦ ਕੁਮਾਰ ਮੁਤਾਬਕ ਇਹਨਾਂ ਤਿੰਨ ਸੀਟਾਂ (ਖਡੂਰ ਸਾਹਿਬ, ਫ਼ਰੀਦਕੋਟ ਅਤੇ ਸੰਗਰੂਰ) ਦਾ ਮੌਜੂਦਾ ਰੁਝਾਨ ਅਤੀਤ ਵਿੱਚ ਹੋਈਆਂ ਕੋਸ਼ਿਸ਼ਾਂ (ਬਦਲਵੀਂ ਸਿਆਸਤ) ਵਾਲੇ ਰੁਝਾਨ ਨਾਲ ਹੀ ਮੇਲ ਖਾਂਦਾ ਦਿਖਾਈ ਦੇ ਰਿਹਾ ਹੈ।

ਡਾਕਟਰ ਪ੍ਰਮੋਦ ਕੁਮਾਰ ਨੇ ਆਖਿਆ ਕਿ ਜੇਕਰ ਮੌਜੂਦ ਰਾਜਨੀਤਿਕ ਆਗੂਆਂ ਪ੍ਰਤੀ ਲੋਕਾਂ ਦੀ ਉਦਾਸੀਨਤਾ ਇਸੇ ਤਰ੍ਹਾਂ ਜਾਰੀ ਰਹੀ, ਤਾਂ ਪੰਜਾਬ ਵਿੱਚ ਵਿਕਲਪ ਵਾਲੀ ਰਾਜਨੀਤੀ ਦੀਆਂ ਕੋਸ਼ਿਸ਼ਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਜਿਵੇਂ ਹੁਣ ਹੋ ਰਹੀਆਂ ਹਨ।

ਡਾ਼ ਪ੍ਰਮੋਦ
ਤਸਵੀਰ ਕੈਪਸ਼ਨ, ਡਾ਼ ਪ੍ਰਮੋਦ ਮੁਤਾਬਕ ਲੋਕ ਰਵਾਇਤੀ ਸਿਆਸਤ ਤੋਂ ਉਦਾਸੀਨ ਹੋ ਗਓਏ ਹਨ ਜਿਸ ਕਾਰਨ ਗਰਮ ਖਿਆਲੀ ਸਿਆਸ਼ਤ ਦਾ ਉਭਾਰ ਹੋ ਰਿਹਾ ਹੈ (ਫਾਈਲ ਫ਼ੋਟੋ)

ਦੂਜੇ ਪਾਸੇ ਮਾਝੇ ਦੀ ਰਾਜਨੀਤੀ ਨੂੰ ਨੇੜੇ ਤੋਂ ਦੇਖਣ ਵਾਲੇ ਪ੍ਰੋ. ਜਗਰੂਪ ਸੇਖੋਂ ਦਾ ਕਹਿਣਾ ਹੈ ਰਾਜਨੀਤਿਕ ਆਗੂਆਂ ਤੋਂ ਲੋਕ ਅੱਕ ਚੁੱਕੇ ਹਨ ਇਸ ਕਰ ਕੇ ਗਰਮ ਖ਼ਿਆਲੀ ਧਿਰਾਂ ਦਾ ਉਭਾਰ ਇਨ੍ਹਾਂ ਸੀਟਾਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਮੁਤਾਬਕ ਬੇਸ਼ੱਕ ਸੋਸ਼ਲ ਮੀਡੀਆ ਰਾਹੀਂ ਇਸ ਵਰਤਾਰੇ ਨੂੰ ਵਧਾ ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ ਪਰ ਜ਼ਮੀਨੀ ਸਥਿਤੀ ਇਸ ਤੋਂ ਉਲਟ ਹੈ।

ਉਨ੍ਹਾਂ ਖਡੂਰ ਸਾਹਿਬ ਸੀਟ ਦਾ ਨਾਮ ਲੈਂਦਿਆਂ ਆਖਿਆ ਅੰਮ੍ਰਿਤਪਾਲ ਸਿੰਘ ਦੀ ਗੱਲ ਸਮਾਜ ਦਾ ਇੱਕ ਤਬਕਾ ਕਰ ਰਿਹਾ ਹੈ ਜਦੋਂ ਕਿ ਸਮਾਜ ਦੇ ਹੇਠਲੇ ਤਬਕੇ ਲਈ ਇਹ ਮੁੱਦਾ ਹੀ ਨਹੀਂ ਹੈ, ਉਨ੍ਹਾਂ ਦਾ ਰੁਝਾਨ ਅਜੇ ਵੀ ਰਿਵਾਇਤੀ ਪਾਰਟੀਆਂ ਦੇ ਨਾਲ ਹੈ।

ਪ੍ਰੋਫੈਸਰ ਜਗਰੂਪ ਸੇਖੋਂ ਮੁਤਾਬਕ ਅਕਾਲੀ ਦਲ ਕਮਜ਼ੋਰ ਜ਼ਰੂਰ ਹੋਇਆ ਹੈ ਪਰ ਉਹ ਅਜੇ ਵੀ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ।

ਮਾਝੇ ਦੀ ਖੇਤਰੀ ਰਾਜਨੀਤੀ ਦੀ ਗੱਲ ਕਰਦਿਆਂ ਪ੍ਰੋਫੈਸਰ ਜਗਰੂਪ ਸੇਖੋਂ ਮੁਤਾਬਕ ਇੱਥੋਂ ਦੇ ਲੋਕਾਂ ਨੇ ਹਿੰਸਾ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਅਤੇ ਉਹ ਬਹੁਤ ਸੋਚ ਸਮਝ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹਨ।

ਉਨ੍ਹਾਂ ਨੇ ਆਖਿਆ ਕਿ 2019 ਵਿੱਚ ਪਰਮਜੀਤ ਕੌਰ ਖਾਲੜਾ ਨੂੰ ਵੀ ਇਸੀ ਤਰੀਕੇ ਨਾਲ ਉਭਾਰਿਆ ਗਿਆ, ਪਰ ਚੋਣ ਨਤੀਜਿਆਂ ਵਿੱਚ ਉਨ੍ਹਾਂ ਨੂੰ ਤੀਜਾ ਸਥਾਨ ਹਾਸਲ ਹੋਇਆ ਸੀ।

ਉਨ੍ਹਾਂ ਮੁਤਾਬਕ ਰਿਵਾਇਤੀ ਪਾਰਟੀਆਂ ਦੇ ਉਲਟ ਗਰਮ ਖ਼ਿਆਲੀ ਤਬਕੇ ਦਾ ਜ਼ਮੀਨੀ ਖੇਤਰ ਉੱਤੇ ਨਾ ਤਾਂ ਕੋਈ ਕਾਡਰ ਹੈ ਅਤੇ ਨਹੀਂ ਕੋਈ ਏਜੰਡਾ।

ਕਿਉਂ ਹੋ ਰਿਹਾ ਹੈ ਗਰਮ ਖ਼ਿਆਲੀ ਆਗੂਆਂ ਦਾ ਉਭਾਰ

ਦੀਪ ਸਿੱਧੂ
ਤਸਵੀਰ ਕੈਪਸ਼ਨ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੇ ਕਤਲਾਂ ਨੇ ਪੰਜਾਬ ਵਿੱਚ ਗਰਮ ਖਿਆਲੀ ਸਿਆਸਤ ਨੂੰ ਨਵੀਂ ਜ਼ਮੀਨ ਦਿੱਤੀ ਹੈ

ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਸੰਗਰੂਰ, ਫ਼ਰੀਦਕੋਟ ਅਤੇ ਖਡੂਰ ਸਾਹਿਬ ਵਿੱਚ ਇਸ ਸਮੇਂ ਗਰਮ ਖਿਆਲੀਆਂ ਦਾ ਦਬਦਬਾ ਵੱਧ ਰਿਹਾ ਹੈ ਉਸ ਦੇ ਕਈ ਕਾਰਨ ਹਨ।

ਜਾਣਕਾਰਾਂ ਮੁਤਾਬਕ ਖਡੂਰ ਸਾਹਿਬ ਅਤੇ ਫ਼ਰੀਦਕੋਟ ਵਿੱਚ ਭਾਵਨਾਤਮਕ (ਸੈਂਟੀ ਮੈਟਲ) ਫੈਕਟਰ ਜ਼ਿਆਦਾ ਕੰਮ ਕਰ ਰਿਹਾ ਹੈ ਜਦੋਂਕਿ ਸੰਗਰੂਰ ਵਿੱਚ ਸਰਕਾਰ ਪ੍ਰਤੀ ਉਦਾਸੀਨਤਾ।

ਜਾਣਕਾਰਾਂ ਮੁਤਾਬਕ 2022 ਦੀ ਸੰਗਰੂਰ ਲੋਕ ਸੀਟ ਦੀ ਜ਼ਿਮਨੀ ਚੋਣ ਸਮੇਂ ਸਿੱਧੂ ਮੂਸੇਵਾਲ ਦਾ ਕਤਲ ਅਤੇ ਦੀਪ ਸਿੱਧੂ ਦੇ ਫੈਕਟਰ ਵੱਡਾ ਰੋਲ ਅਦਾ ਕਰ ਕੇ ਹੋਏ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਯਕੀਨ ਵਿੱਚ ਬਦਲ ਦਿੱਤਾ ਸੀ।

ਉਨ੍ਹਾਂ ਮੁਤਾਬਕ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਆਖਰੀਲੇ 72 ਘੰਟੇ ਅਤਿ ਗੰਭੀਰ ਹੁੰਦੇ ਹਨ ਜਿਸ ਵਿੱਚ ਚੋਣਾਂ ਦਾ ਪਾਸਾ ਹੀ ਪਲਟ ਜਾਂਦਾ ਹੈ ਅਤੇ ਇਸ ਵਾਰ ਅਜਿਹਾ ਹੀ ਹੋਣ ਦਾ ਅਨੁਮਾਨ ਹੈ।

ਪੰਥਕ ਰਾਜਨੀਤੀ ਦੀ ਸਮਝ ਰੱਖਣ ਵਾਲੇ ਸਿਆਸੀ ਮਾਹਿਰਾਂ ਮੁਤਾਬਕ,ਜਦੋਂ ਮਾਨ ਜਿੱਤੇ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਖਾੜਕੂਵਾਦ ਆਪਣੇ ਸਿਖਰ 'ਤੇ ਸੀ। ਹਾਲਾਂਕਿ ਹੁਣ ਨਾ ਤਾਂ ਖਾੜਕੂਵਾਦ ਹੈ ਅਤੇ ਨਾ ਹੀ ਕੋਈ ਕੱਟੜਪੰਥੀ ਵਿਚਾਰਧਾਰਾ।

ਜੇਕਰ ਆਮ ਹਾਲਾਤਾਂ ਵਿੱਚ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਜਿੱਤਦੇ ਹਨ ਤਾਂ ਇਸ ਦਾ ਬਹੁਤ ਵੱਡਾ ਪ੍ਰਭਾਵ ਪਵੇਗਾ, ਕਿਉਂਕਿ ਅਮ੍ਰਿਤਪਾਲ ਪੰਜਾਬ ਦੀ ਸਿਆਸੀ ਜਮਾਤ ਵਿੱਚ ਨਵੀਂ ਐਂਟਰੀ ਲੈਣ ਜਾ ਰਹੇ ਹਨ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ਦਾ ਏਜੰਡਾ ਕੀ ਹੋਵੇਗਾ ਅਤੇ ਉਹ ਇਸਨੂੰ ਕਿਵੇਂ ਪ੍ਰਾਪਤ ਕਰਨਗੇ।

ਪੰਥਕ ਰਾਜਨੀਤੀ ਬਨਾਮ ਸ਼੍ਰੋਮਣੀ ਅਕਾਲੀ ਦਲ

ਸੁਖਬੀਰ ਬਾਦਲ
ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਅਮ੍ਰਿਤਪਾਲ ਦੇ ਖਿਲਾਫ਼ ਖੁੱਲ੍ਹ ਕੇ ਬੋਲੇ ਹਨ, ਉਨ੍ਹਾਂ ਨੇ ਕਿਹਾ ਕਿ ਅਮ੍ਰਿਤਪਾਲ ਬੰਦੀ ਸਿੱਖ ਨਹੀਂ ਹਨ

ਖਡੂਰ ਸਾਹਿਬ ਨੂੰ ਇੱਕ ਪੰਥਕ ਸੀਟ ਮੰਨਿਆ ਜਾਂਦਾ ਹੈ ਕਿਉਂਕਿ ਇਸ ਅਸਥਾਨ ਨੂੰ ਸਿੱਖਾਂ ਦੇ ਦਸ ਗੁਰੂ ਸਾਹਿਬਾਨ ਵਿਚੋਂ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ।

ਪੰਥਕ ਸੀਟ ਹੋਣ ਕਾਰਕੇ ਅਕਾਲੀ ਦਲ ਇਸ ਸੀਟ ਉੱਤੇ ਆਪਣਾ ਹੱਕ ਜਤਾਉਂਦਾ ਆਇਆ ਆਇਆ ਹੈ। ਇਸ ਕਰ ਕੇ ਇਸ ਸੀਟ ਉੱਤੇ ਸ੍ਰੋਮਣੀ ਅਕਾਲੀ ਦਲ ਅਤੇ ਅਮ੍ਰਿਤਪਾਲ ਸਿੰਘ ਆਹਮੋ-ਸਾਹਮਣੇ ਖੁੱਲ੍ਹ ਕੇ ਨਜ਼ਰ ਆ ਰਹੇ ਹਨ।

ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਅਮ੍ਰਿਤਪਾਲ ਦੇ ਮੁੱਦੇ ਉੱਤੇ ਚੁੱਪ ਹਨ ਸਿਰਫ ਸ੍ਰੋਮਣੀ ਅਕਾਲੀ ਦਲ ਉਸ ਖ਼ਿਲਾਫ਼ ਖੁੱਲ੍ਹ ਕੇ ਬੋਲ ਰਿਹਾ ਹੈ। ਸਿਆਸੀ ਜਾਣਕਾਰ ਇਸ ਦਾ ਇੱਕ ਵੱਡਾ ਕਾਰਨ ਪੰਥਕ ਰਾਜਨੀਤੀ ਨੂੰ ਮੰਨਦੇ ਹਨ।

ਸ੍ਰੋਮਣੀ ਅਕਾਲੀ ਦਲ ਆਪਣੇ ਪੰਥਕ ਪਾਰਟੀ ਦਰਸਾ ਕੇ ਸਿੱਖ ਮੁੱਦਿਆਂ ਦੀ ਗੱਲ ਕਰਦਾ ਹੈ ਅਤੇ ਹੁਣ ਜੇਕਰ ਅਮ੍ਰਿਤਪਾਲ ਸਿੰਘ ਦਾ ਉਭਾਰ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੁੰਦਾ ਹੈ।

ਪੰਥਕ ਸਿਆਸਤ ਦੇ ਚੱਕਰਵਿਊ ਵਿੱਚ ਫਸੀ ਸ੍ਰੋਮਣੀ ਅਕਾਲੀ ਦਲ ਲਈ ਸਥਿਤੀ ਇਹ ਬਣ ਗਈ ਹੈ ਕਿ ਇੱਕ ਪਾਸੇ ਤਾਂ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਕੇਸ ਦੀ ਪੈਰਵੀ ਕਰ ਰਹੀ ਹੈ ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਮੰਚਾਂ ਉੱਤੋਂ ਅਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ।

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ, ''ਮੈਂ ਭਾਈ ਅਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਨਹੀਂ ਹਾਂ, ਪਰ ਜਿੱਥੇ ਜਾਂਦਾ ਹਾਂ, ਲੋਕ ਸਵਾਲ ਪੁੱਛਦੇ ਹਨ, ''ਇਹ ਕਿਥੋਂ ਆਇਆ ਅਤੇ ਇੰਨੇ ਸਾਲ ਇਹ ਰਹਿੰਦੇ ਕਿੱਥੇ ਸੀ। ਜੇ ਇੰਨੇ ਪੰਥਕ ਸੀ ਫਿਰ ਵਾਲ ਕਿਉਂ ਕਟਵਾਏ ਸਨ, 29-30 ਸਾਲ ਦੀ ਉਮਰ ਹੈ, ਇਕਦਮ ਪੰਥ ਕਿੱਥੋਂ ਜਾਗ ਪਿਆ''।

ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਨੂੰ ਬੰਦੀ ਸਿੰਘ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘ ਉਹ ਹਨ ਜੋ ਲੰਮੇ ਸਮੇਂ ਤੋਂ ਸਜਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ।

ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਇੱਕ ਪਾਸੇ ਤਾਂ ਅਮ੍ਰਿਤਪਾਲ ਸਿੰਘ ਨੇ ਦੇਸ ਦਾ ਸੰਵਿਧਾਨ ਮੰਨਣਾ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਉਸੇ ਸੰਵਿਧਾਨ ਤਹਿਤ ਲੋਕ ਸਭਾ ਦੀ ਚੋਣ ਲੜ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)