ਪੰਜਾਬ 'ਚ ਬੇਅਦਬੀਆਂ ਦੇ ਮਾਮਲੇ ਤੇ ਉਨ੍ਹਾਂ ਕਾਰਨ ਹੋਏ ਕਤਲ: 'ਮੇਰੇ ਪਤੀ ਨੇ ਆਪਣੀ ਜਾਨ ਦੀ ਭੀਖ ਮੰਗੀ ਕਿ ਮੇਰੀਆਂ ਤਿੰਨ ਧੀਆਂ ਹਨ, ਕਿਰਪਾ ਕਰਕੇ ਮੈਨੂੰ ਛੱਡ ਦਿਓ'

- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
“ਮੇਰੇ ਪਤੀ ਨੇ ਆਪਣੀ ਜਾਨ ਦੀ ਭੀਖ ਮੰਗੀ ਕਿ ਮੇਰੀਆਂ ਤਿੰਨ ਧੀਆਂ ਹਨ, ਕਿਰਪਾ ਕਰਕੇ ਮੈਨੂੰ ਛੱਡ ਦਿਓ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ,” ਇਹ ਸ਼ਬਦ ਹਨ ਪੰਜਾਬ ਦੇ ਜ਼ਿਲ੍ਹੇ ਤਰਨਤਾਰਨ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦੇ।
ਸਾਲ 2021 ਦੇ ਅਕਤੂਬਰ ਮਹੀਨੇ ਵਿੱਚ ਜਸਪ੍ਰੀਤ ਕੌਰ ਦਾ ਪਤੀ ਲਖਬੀਰ ਸਿੰਘ ਜੋ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਨੂੰ ਦਿੱਲੀ - ਹਰਿਆਣਾ ਸਰਹੱਦ ’ਤੇ ਸ਼ਰੇਆਮ ਕੁੱਟ ਕੇ ਮਾਰ ਦਿੱਤਾ ਗਿਆ ਸੀ।
ਲਖਬੀਰ ਸਿੰਘ ਉੱਤੇ ਸਿੱਖ ਧਰਮ ਦੇ ਧਾਰਮਿਕ ਗ੍ਰੰਥ, ਸਰਬਲੋਹ ਗ੍ਰੰਥ ਨੂੰ ਪਾੜਨ ਦੇ ਇਲਜ਼ਾਮ ਸਨ। ਲਖਬੀਰ ਸਿੰਘ ਦੀ ਲਾਸ਼ ਨੂੰ ਪੁਲਿਸ ਬੈਰੀਕੇਡ ਉੱਤੇ ਟੰਗ ਦਿੱਤਾ ਗਿਆ ਸੀ। ਨਿਹੰਗਾਂ ਦੇ ਇੱਕ ਸਮੂਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਨਿਹੰਗਾਂ ਦਾ ਸਬੰਧ ਉਸ ਸਮੂਹ ਨਾਲ ਹੈ ਜਿਸ ਦੀ ਸ਼ੁਰੂਆਤ 1699 ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸੇ ਦੀ ਸਿਰਜਣਾ ਨਾਲ ਹੋਈ ਸੀ।
ਜਸਪ੍ਰੀਤ ਕੌਰ ਆਪਣੀਆਂ ਤਿੰਨ ਧੀਆਂ ਨਾਲ ਆਪਣੇ ਪੇਕੇ ਪਿੰਡ ਲੱਧੇਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦੇ ਹਨ। ਉਹ ਰੋਜ਼ੀ-ਰੋਟੀ ਕਮਾਉਣ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ।
ਜਸਪ੍ਰੀਤ ਕੌਰ ਦੱਸਦੇ ਹਨ, "ਲਖਬੀਰ ਸਿੰਘ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ ਸੀ ਅਤੇ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ। ਜੇਕਰ ਉਸ ਨੇ ਕੋਈ ਗਲਤੀ ਕੀਤੀ ਹੁੰਦੀ ਜਾਂ ਨਾ ਕੀਤੀ ਹੁੰਦੀ ਤਾਂ ਅਸੀਂ ਮੁਆਫੀ ਮੰਗ ਲੈਂਦੇ।"
ਜਸਪ੍ਰੀਤ ਦੇ ਭਰਾ ਸੁਖਚੈਨ ਦਾ ਕਹਿਣਾ ਹੈ ਕਿ ਲਖਬੀਰ ਨੇ ਬੇਅਦਬੀ ਕਰਨ ਦਾ ਕੋਈ ਸਬੂਤ ਸਾਡੇ ਨਾਲ ਸਾਂਝਾ ਨਹੀਂ ਕੀਤਾ। ਜਦਕਿ ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਅਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਪੰਜਾਬ ਪੁਲਿਸ ਮੁਤਾਬਕ 2016 ਤੋਂ ਹੁਣ ਤੱਕ ਘੱਟੋ-ਘੱਟ 11 ਬੇਅਦਬੀ ਨਾਲ ਜੁੜੇ ਕਤਲ ਹੋਏ ਹਨ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸਰਬਜੀਤ ਸਿੰਘ ਵੇਰਕਾ ਕਹਿੰਦੇ ਹਨ, “ਸਿੱਖ ਧਰਮ ਵਿੱਚ ਲਿੰਚਿੰਗ ਲਈ ਕੋਈ ਥਾਂ ਨਹੀਂ ਹੈ। ਇਹ ਬਿਲਕੁਲ ਗਲਤ ਹੈ। ਪਰ ਸਾਨੂੰ ਲਿੰਚਿੰਗ ਦੇ ਪਿੱਛੇ ਕਾਰਨਾਂ ਦੀ ਵੀ ਛਾਣਬੀਣ ਕਰਨ ਦੀ ਲੋੜ ਹੈ।”
ਉਹ ਅੱਗੇ ਕਹਿੰਦੇ ਹਨ, "ਲੋਕਾਂ ਨੂੰ ਲੱਗਦਾ ਹੈ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਛੱਡ ਦਿੱਤਾ ਜਾਵੇਗਾ, ਇਸ ਕਰਕੇ ਉਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ।"
ਕਈ ਕਥਿਤ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸ਼ਨ ਦੀ "ਅਸਮਰੱਥਾ" ਕਾਰਨ ਸਿੱਖਾਂ ਵਿੱਚ ਸਾਲਾਂ ਤੋਂ ਗੁੱਸਾ ਵਧ ਰਿਹਾ ਹੈ।
ਇੱਥੋਂ ਤੱਕ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੇਅਦਬੀ ਦੀ ਘਟਨਾ ਕਰਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿੱਚ ਬੇਅਦਬੀ ਮੁੱਦੇ 'ਤੇ ਮੁਆਫੀ ਵੀ ਮੰਗੀ।
ਪਰ ਅਕਤੂਬਰ, 2015 ਵਿਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਪੁਲਿਸ ਗੋਲੀਬਾਰੀ ਦੇ ਨਤੀਜੇ ਵਜੋਂ ਦੋ ਮੌਤਾਂ ਨੇ ਸਥਿਤੀ ਵਿਚ ਕੋਈ ਮਦਦ ਨਹੀਂ ਕੀਤੀ।
ਹਾਲਾਂਕਿ ਭਾਈਚਾਰੇ ਵਿੱਚੋਂ ਬਹੁਤ ਸਾਰੇ ਲੋਕ ਹਿੰਸਾ ਨੂੰ ਰੱਦ ਕਰਦੇ ਹਨ ਅਤੇ ਨਿਆਂ ਦੀ ਮੰਗ ਕਰਨ ਲਈ ਕਾਨੂੰਨੀ ਰਸਤੇ ਦਾ ਸਮਰਥਨ ਕਰਦੇ ਹਨ, ਪਰ ਇੱਕ ਅਜਿਹਾ ਵਰਗ ਵੀ ਹੈ ਜੋ ਕਤਲਾਂ ਨੂੰ 'ਤੁਰੰਤ ਨਿਆਂ' ਵਜੋਂ ਸਮਰਥਨ ਕਰਦਾ ਹੈ।

ਇਹ ਕਿਵੇਂ ਸ਼ੁਰੂ ਹੋਇਆ
ਸਾਲ 2021 ਦੇ ਦਸੰਬਰ ਮਹੀਨੇ ਵਿੱਚ ਕਥਿਤ ਤੌਰ 'ਤੇ ਲਿੰਚਿੰਗ ਦੇਸ਼ ਭਰ ਵਿੱਚ ਪ੍ਰਮੁੱਖਤਾ ਆਈ, ਜਦੋਂ ਇੱਕ ਅਣਪਛਾਤਾ ਵਿਅਕਤੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ, ਹਰਿਮੰਦਰ ਸਾਹਿਬ ਦੇ ਅੰਦਰਲੇ ਪਾਵਨ ਅਸਥਾਨ ਵਿੱਚ ਦਾਖ਼ਲ ਹੋਇਆ।
ਉਸ ਨੇ ਰਸਮੀ ਤਲਵਾਰ ਫੜ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪਹਿਰੇਦਾਰਾਂ ਅਤੇ ਸ਼ਰਧਾਲੂਆਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ, ਜਿਸ ਨੇ ਭਾਈਚਾਰੇ ਵਿੱਚ ਗੁੱਸਾ ਪੈਦਾ ਕੀਤਾ ਹੈ ਕਿਉਂਕਿ ਅੱਜ ਤੱਕ ਮੁਲਜ਼ਮ ਦੀ ਪਛਾਣ ਨਹੀਂ ਹੋਈ ਹੈ।
ਹਰਿਮੰਦਰ ਸਾਹਿਬ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ, ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ।
ਇਸ ਕਥਿਤ ਬੇਅਦਬੀ ਨੂੰ ਸਿੱਖ ਧਰਮ 'ਤੇ ਹਮਲੇ ਵਜੋਂ ਦੇਖਿਆ ਗਿਆ ਸੀ, ਕਿਉਂਕਿ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ ਅਕਾਲ ਤਖ਼ਤ ਵੀ ਹੈ - ਜਿੱਥੇ ਸਿੱਖ ਧਰਮ ਦੇ ਸਭ ਮਹੱਤਵਪੂਰਨ ਧਾਰਮਿਕ ਅਤੇ ਅਧਿਆਤਮਿਕ ਫ਼ੈਸਲੇ ਲਏ ਜਾਂਦੇ ਹਨ।

ਤਸਵੀਰ ਸਰੋਤ, Getty Images
'ਇਹ ਵਰਤਾਰਾ ਇੱਕ ਵਾਰ ਦੀ ਘਟਨਾ ਨਹੀਂ'
ਸਾਲ 2015 ਦੇ ਅਕਤੂਬਰ ਮਹੀਨੇ ਵਿੱਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਟੇ ਹੋਏ ਪੰਨੇ (ਅੰਗ) ਖਿੱਲਰੇ ਪਾਏ ਗਏ ਸਨ।
2015 ਦੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਇਹ ਬਲਾਤਕਾਰ ਅਤੇ ਕਤਲ ਦੇ ਮੁਲਜ਼ਿਮ ਵਿਵਾਦਤ ਧਾਰਮਿਕ ਆਗੂ ਗੁਰਮੀਤ ਰਾਮ ਰਹੀਮ ਦੀ ਅਗਵਾਈ ਵਾਲੇ ਸਿੱਖਾਂ ਅਤੇ ਡੇਰਾ ਸੱਚਾ ਸੌਦਾ ਸੰਪਰਦਾ ਦਰਮਿਆਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਘਰਸ਼ ਦਾ ਨਤੀਜਾ ਸੀ।
ਗੁਰਮੀਤ ਰਾਮ ਰਹੀਮ ਅੱਜ ਕੱਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਬੇਅਦਬੀ ਮਾਮਲੇ 'ਚ ਮੁਲਜ਼ਮ ਹੈ। ਬਰਗਾੜੀ ਬੇਅਦਬੀ ਤੇ ਸੰਬੰਧਤ ਕੇਸਾਂ ਵਿੱਚ 23 ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ।
ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਦਬਦਬੇ ਵਾਲੇ ਡੇਰੇ ਪੰਜਾਬ ਭਰ ਵਿੱਚ ਕਈ ਥਾਂਈ ਫ਼ੈਲੇ ਹੋਏ ਹਨ।
ਉਨ੍ਹਾਂ ਦੇ ਬਹੁਤ ਸ਼ਰਧਾਲੂ ਹਨ ਅਤੇ ਚੋਣ ਦੌਰਾਨ ਰਾਜਨੀਤਿਕ ਪਾਰਟੀਆਂ ਇਹਨਾਂ ਡੇਰਿਆਂ ਕੋਲ ਵੋਟਾਂ ਲੈਣ ਜਾਂਦੀਆਂ ਹਨ।
ਡੇਰੇ ਉਹ ਧਾਰਮਿਕ ਸੰਸਥਾਵਾਂ ਹਨ ਜੋ ਇੱਕ ਇਨਸਾਨ ਦੇ ਦੁਆਲੇ ਘੁੰਮਦੀਆਂ ਹਨ। ਬਹੁਤ ਸਾਰੇ ਸਿੱਖ ਡੇਰਿਆਂ ਤੋਂ ਨਾਰਾਜ਼ ਹਨ, ਕਿਉਂਕਿ ਸਿੱਖ ਮੱਤ ਮੁਤਾਬਕ ਕੋਈ ਵੀ ਮਨੁੱਖ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਨਹੀਂ ਹੋ ਸਕਦਾ ਤੇ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਸਿੱਖ ਗੁਰੂ ਦਾ ਦਰਜਾ ਦਿੱਤਾ ਗਿਆ ਹੈ।
ਰਣਬੀਰ ਸਿੰਘ ਖੱਟੜਾ ਦੱਸਦੇ ਹਨ, "2007 ਵਿੱਚ ਜਦੋਂ ਡੇਰਾ ਸੱਚਾ ਸੌਦਾ ਦੇ ਆਗੂ ਗੁਰਮੀਤ ਰਾਮ ਰਹੀਮ ਨੇ ਇੱਕ ਧਾਰਮਿਕ ਸਮਾਗਮ ਵਿੱਚ 10ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਤਾਂ ਸਿੱਖ ਬਹੁਤ ਭੜਕ ਗਏ ਸਨ।”
“ਇਸ ਨਾਲ ਸਿੱਖਾਂ ਅਤੇ ਡੇਰਾ ਸਮਰਥਕਾਂ ਵਿਚਕਾਰ ਵਿਵਾਦ ਪੈਦਾ ਹੋ ਗਿਆ।”
ਰਾਮ ਰਹੀਮ ਨੇ ਬਾਅਦ ਵਿੱਚ ਮੁਆਫੀ ਮੰਗਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਗੁਰੂ ਦੀ ਨਕਲ ਕਰਨ ਦਾ ਕੋਈ ਇਰਾਦਾ ਨਹੀਂ ਸੀ।

ਰਣਬੀਰ ਸਿੰਘ ਖਟੜਾ ਦਾ ਕਹਿਣਾ ਹੈ, "ਸਾਲ 2014-2015 'ਚ ਡੇਰੇ ਨੇ ਆਪਣੀ ਫਿਲਮ ਮੈਸੇਂਜਰ ਆਫ਼ ਗੌਡ (ਐੱਮਐੱਸਜੀ) ਰਿਲੀਜ਼ ਕੀਤੀ, ਜਿਸ 'ਤੇ ਪੰਜਾਬ 'ਚ ਪਾਬੰਦੀ ਲਗਾ ਦਿੱਤੀ ਗਈ ਸੀ।”
“ਬਲਜੀਤ ਸਿੰਘ ਦਾਦੂਵਾਲ ਅਤੇ ਹਰਜਿੰਦਰ ਸਿੰਘ ਮਾਂਝੀ ਵਰਗੇ ਕੁਝ ਸਿੱਖ ਪ੍ਰਚਾਰਕਾਂ ਨੇ ਡੇਰੇ ਦੀਆਂ ਗਤੀਵਿਧੀਆਂ ਦਾ ਲਗਾਤਾਰ ਵਿਰੋਧ ਕੀਤਾ, ਜਿਸ ਕਾਰਨ ਡੇਰਾ ਸੱਚਾ ਸੌਦਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕਥਿਤ ਸਾਜ਼ਿਸ਼ ਰਚੀ।”
ਰਣਬੀਰ ਸਿੰਘ ਖਟੜਾ ਨੇ ਅੱਗੇ ਕਿਹਾ, “ਇਸ ਦੌਰਾਨ, ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਨੇ ਡੇਰਾ ਸੱਚਾ ਸੌਦਾ ਨੂੰ ਮੁਆਫੀ ਦਿੱਤੀ ਸੀ, ਜਿਸ ਕਾਰਨ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਭਾਈਚਾਰੇ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਿਆ, ਫਿਰ ਡੇਰੇ ਵਾਲਿਆਂ ਨੇ ਫੈਸਲਾ ਲਿਆ ਅਤੇ 12 ਅਕਤੂਬਰ, 2015 ਨੂੰ ਕਥਿਤ ਬੇਅਦਬੀ ਕੀਤੀ।”
ਡੇਰਾ ਸਿਰਸਾ ਨੇ ਬੇਅਦਬੀ ਮਾਮਲੇ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ, ਪਰ ਦੋ ਮੁਲਜ਼ਮਾਂ, ਮਹਿੰਦਰ ਪਾਲ ਬਿੱਟੂ ਅਤੇ ਪਰਦੀਪ ਸਿੰਘ ਕਟਾਰੀਆ, ਦੋਵੇਂ ਡੇਰਾ ਪੈਰੋਕਾਰਾਂ ਦੀ ਹੱਤਿਆ ਨੂੰ ਰੋਕ ਨਹੀਂ ਸਕਿਆ।
ਮਹਿੰਦਰ ਪਾਲ ਬਿੱਟੂ ਨੂੰ ਪੰਜਾਬ ਦੀ ਜੇਲ੍ਹ ਵਿੱਚ ਮਾਰਿਆ ਗਿਆ ਸੀ, ਪਰਦੀਪ ਸਿੰਘ ਕਟਾਰੀਆ ਨੂੰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਕਸਬੇ ਵਿਚ ਉਸ ਦੀ ਦੁਕਾਨ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।

ਤਸਵੀਰ ਸਰੋਤ, Getty Images
ਲਗਾਤਾਰ ਹੋ ਰਹੀਆਂ 'ਬੇਅਦਬੀਆਂ' ਅਤੇ ਕਤਲ
ਸਾਲ 2023 ਦੇ ਅਪ੍ਰੈਲ ਵਿੱਚ ਜਸਵੀਰ ਸਿੰਘ ਨੂੰ ਇੱਕ ਭੀੜ ਦੁਆਰਾ ਕੁੱਟਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਬਾਅਦ ਵਿੱਚ ਉਨ੍ਹਾਂ ਦੀ ਜੇਲ੍ਹ ਜਾਣ ਤੋਂ ਬਾਅਦ ਮੌਤ ਹੋ ਗਈ।
ਜਸਬੀਰ ਸਿੰਘ ’ਤੇ ਇਲਜ਼ਾਮ ਸਨ ਕਿ ਮੋਰਿੰਡਾ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਸੀ ਤੇ ਗ੍ਰੰਥੀਆਂ ਨੂੰ ਕੁੱਟਿਆ ਸੀ।
ਇਸੇ ਤਰ੍ਹਾਂ ਮਈ 2023 ਵਿੱਚ ਕੁਲਵਿੰਦਰ ਕੌਰ ਨੂੰ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਵਿਖੇ ਕਥਿਤ ਤੌਰ 'ਤੇ ਸ਼ਰਾਬ ਪੀਂਦੇ ਪਾਏ ਜਾਣ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ।
ਸਾਲ 2024 ਵਿੱਚ, ਇੱਕ 35-ਸਾਲਾ ਨੌਜਵਾਨ ਅਤੇ ਇੱਕ 19 ਸਾਲ ਦੀ ਮੁੰਡੇ ਨੂੰ ਬੇਅਦਬੀਆਂ ਦੇ ਇਲਜ਼ਾਮ ਤੋਂ ਬਾਅਦ ਮਾਰ ਦਿੱਤਾ ਗਿਆ।
ਸਿੱਖ ਵਿਦਵਾਨ ਪ੍ਰੋਫੈਸਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਬੇਅਦਬੀ ਇੱਕ ਸਮਾਜਿਕ ਵਰਤਾਰਾ ਹੈ।
"ਇਸ ਪਿੱਛੇ ਸਮਾਜ ਦਾ ਆਧੁਨਿਕੀਕਰਨ ਇੱਕ ਕਾਰਨ ਹੋ ਸਕਦਾ ਹੈ ਕਿਉਂਕਿ ਰਿਵਾਇਤੀ ਸਮਾਜਾਂ ਵਿੱਚ ਲੋਕ ਪਵਿੱਤਰ ਵਸਤੂਆਂ ਲਈ ਅਜਿਹਾ ਨਹੀਂ ਕਰਦੇ।"
ਉਨ੍ਹਾਂ ਅੱਗੇ ਕਿਹਾ ਕਿ, “ਆਧੁਨਿਕੀਕਰਨ ਕਾਰਨ ਪਵਿੱਤਰ ਵਿਸ਼ਵਾਸਾਂ ਵਿੱਚ ਵੀ ਗਿਰਾਵਟ ਆਈ ਹੈ। ਨਤੀਜੇ ਵਜੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਨਿੱਜੀ ਰੰਜਿਸ਼ ਜਾਂ ਗੁੱਸਾ ਅਜਿਹੀਆਂ ਘਟਨਾਵਾਂ ਦਾ ਕਾਰਨ ਵੀ ਬਣ ਸਕਦਾ ਹੈ।"

ਕੁਝ ਮੁਲਜ਼ਮਾਂ ਦੇ ਪਰਿਵਾਰਾਂ ਲਈ ਇਹ ਸਹਾਰਨਾ ਸੌਖਾ ਨਹੀਂ ਹੈ।
ਪਰਦੀਪ ਸਿੰਘ ਕਟਾਰੀਆ ਨੂੰ ਨਵੰਬਰ 2022 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਕਸਬੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਮਾਰ ਦਿੱਤਾ ਸੀ।
ਪਰਦੀਪ ਸਿੰਘ ਬਰਗਾੜੀ ਬੇਅਦਬੀ ਕੇਸ ਵਿੱਚ ਮੁਲਜ਼ਮ ਸਨ। ਪੰਜਾਬ ਪੁਲਿਸ ਵਲੋਂ ਕਤਲ ਵਿਚ ਸ਼ਾਮਲ ਸਾਰੇ ਸ਼ੂਟਰ ਗ੍ਰਿਫ਼ਤਾਰ ਕੀਤੇ ਗਏ।
ਬੀਬੀਸੀ ਨੇ ਕੋਟਕਪੂਰਾ ਵਿੱਚ ਪਰਦੀਪ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ।
ਉਨ੍ਹਾਂ ਦੀ ਪਤਨੀ ਰਮਨ (ਸੁਰੱਖਿਆ ਕਾਰਨਾਂ ਕਰਕੇ ਬਦਲਿਆ ਹੋਇਆ ਨਾਮ) ਜੋ ਕੱਪੜੇ ਦੀ ਦੁਕਾਨ ਚਲਾਉਂਦੇ ਹਨ, ਨੇ ਕਿਹਾ, "ਸਾਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਕਿਉਂਕਿ ਹਾਲੇ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਸੀ।”
“ਕਿਸੇ ਨੂੰ ਮਾਰਨਾ ਕੋਈ ਹੱਲ ਨਹੀਂ, ਅਜਿਹਾ ਹੈ ਤਾਂ ਫਿਰ ਅਦਾਲਤਾਂ ਦੀ ਕੋਈ ਲੋੜ ਨਹੀਂ।"
ਰਮਨ ਨੇ ਕਿਹਾ, "ਅਸੀਂ ਸਿਸਟਮ ਤੋਂ ਤੰਗ ਆ ਚੁੱਕੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਅਸੀਂ ਦੇਸ਼ ਦੇ ਨਾਗਰਿਕ ਨਹੀਂ ਹਾਂ।"












