ਫ਼ਿਰੋਜ਼ਪੁਰ: ਕਥਿਤ ਬੇਅਦਬੀ ਦੀ ਘਟਨਾ ਅਤੇ ਕੁੱਟਮਾਰ ਦੇ ਸ਼ਿਕਾਰ ਮੁਲਜ਼ਮ ਦੀ ਮੌਤ ਦੇ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ

ਤਸਵੀਰ ਸਰੋਤ, BBC/Kuldeep Brar
- ਲੇਖਕ, ਗਗਨਦੀਪ ਸਿੰਘ ਜੱਸੋਵਾਲ ਤੇ ਕੁਲਦੀਪ ਬਰਾੜ
- ਰੋਲ, ਬੀਬੀਸੀ ਪੱਤਰਕਾਰ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿੱਚ ਕਥਿਤ ਬੇਅਦਬੀ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਕਥਿਤ ਤੌਰ 'ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਮਗਰੋਂ ਮੌਤ ਹੋ ਗਈ।
ਮ੍ਰਿਤਕ ਵਿਅਕਤੀ ਦੀ ਪਛਾਣ 19 ਸਾਲਾ ਬਖਸੀਸ਼ ਸਿੰਘ ਵਜੋਂ ਹੋਈ ਹੈ।
ਇਹ ਘਟਨਾ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ 4 ਮਈ ਦੁਪਿਹਰ ਨੂੰ ਵਾਪਰੀ ਸੀ।
ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ 4 ਮਈ ਨੂੰ ਬਖਸ਼ੀਸ਼ ਸਿੰਘ ਨਾਮ ਦੇ ਵਿਅਕਤੀ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਸੀ। ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵੀ ਕੇਸ ਦਰਜ ਕੀਤਾ ਹੈ।
ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ ਕਿ ਇਹ ਪਰਚਾ ਕਿਸ ਖਿਲਾਫ਼ ਕੀਤਾ ਗਿਆ ਹੈ।
ਹਾਲਾਂਕਿ ਇਸ ਘਟਨਾ ਦੀਆਂ ਜੋ ਵੀਡੀਓ ਸਾਹਮਣੇ ਆਈਆਂ ਹਨ , ਉਹਨਾਂ ਵਿੱਚ ਪਿੰਡ ਵਾਸੀ ਬਖਸ਼ੀਸ਼ ਸਿੰਘ ਦੀ ਕੁੱਟਮਾਰ ਕਰਦੇ ਦੇਖੇ ਜਾ ਸਕਦੇ ਹਨ।
ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਤਾਂ ਉਹ ਜ਼ਿੰਦਾ ਸੀ।
ਪੁਲਿਸ ਨੇ ਕੀ ਦੱਸਿਆ

ਫ਼ਿਰੋਜ਼ਪੁਰ ਦੇ ਡੀਐੱਸਪੀ ਸੁਖਵਿੰਦਰ ਸਿੰਘ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਇੱਕ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਵਿੱਚ ਸ਼ਾਮਲ ਵਿਅਕਤੀ ਦੀ ਕੁੱਟਮਾਰ ਕੀਤੀ ਗਈ।
ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ, “ਬਖਸ਼ੀਸ਼ ਸਿੰਘ ਨੇ ਬੰਡਾਲਾ ਪਿੰਡ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਦੀ ਹਦੂਦ ਅੰਦਰ ਦਾਖਲ ਹੋ ਕੇ ਕਥਿਤ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਪੰਨੇ ਪਾੜ ਕੇ ਬੇਅਦਬੀ ਕੀਤੀ।”
ਡੀਐੱਸਪੀ ਸੁਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮੁਲਜ਼ਮ ਬਖਸ਼ੀਸ਼ ਸਿੰਘ ਨੂੰ ਪਿੰਡ ਵਾਸੀਆਂ ਨੇ ਕਥਿਤ ਤੌਰ ‘ਤੇ ਬੇਅਦਬੀ ਦੇ ਇਲਜ਼ਾਮ ‘ਚ ਫੜਿਆ ਅਤੇ ਕੁੱਟਮਾਰ ਵੀ ਕੀਤੀ। ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ। ਅਸੀਂ ਬੇਅਦਬੀ ਦੇ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।”
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, “ਬੇਅਦਬੀ ਦੀ ਘਟਨਾ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਪਿੰਡ 'ਚ ਪਹੁੰਚ ਗਈ।''
ਉਨ੍ਹਾਂ ਦੱਸਿਆ ਕਿ ਮੁਲਜ਼ਮ ਬਖਸ਼ੀਸ਼ ਦੀ ਹਸਪਤਾਲ ਵਿੱਚ ਮੌਤ ਹੋਈ ਸੀ।

ਤਸਵੀਰ ਸਰੋਤ, BBC/Kuldeep Brar
ਫਿਰੋਜ਼ਪੁਰ ਪੁਲਿਸ ਨੇ ਬਖਸ਼ੀਸ਼ ਸਿੰਘ ਦੇ ਖਿਲਾਫ਼ ਵਿਚ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਐੱਫਆਈਆਰ ਦਰਜ ਕੀਤੀ ਹੈ।
ਇਹ ਐੱਫਆਈਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਚੇਅਰਮੈਨ ਲਖਬੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।
ਪੁਲਿਸ ਸ਼ਿਕਾਇਤ ਮੁਤਾਬਕ, “ਬਖਸ਼ੀਸ਼ ਦੁਪਹਿਰ 2 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਦਾਖਲ ਹੋਇਆ। ਉਸ ਸਮੇਂ ਉਸ ਕਮਰੇ ਦੇ ਅੰਦਰ ਕੋਈ ਨਹੀਂ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਦਿੱਤੇ ਅਤੇ ਪਾੜੇ ਹੋਏ ਪੰਨੇ ਲੈ ਕੇ ਬਾਹਰ ਆ ਗਿਆ।”
"ਲੰਗਰ ਹਾਲ ਵਿੱਚ ਬੈਠੇ ਕੁਝ ਵਿਅਕਤੀਆਂ ਨੇ ਉਸ ਨੂੰ ਦੇਖਿਆ ਤੇ ਉਸ ਨੇ ਦੋ ਵਾਰ ਕਿਹਾ ‘ਪ੍ਰਭੂ ਇਨ੍ਹਾਂ ਤੋਂ ਮੈਨੂੰ ਬਚਾਓ’ ਫਿਰ ਉਸਨੂੰ ਸੰਗਤਾਂ ਨੇ ਕਾਬੂ ਕਰ ਲਿਆ।”
ਲਖਵੀਰ ਸਿੰਘ ਨੇ ਕਿਹਾ, “ਅਸੀਂ ਉਸ ਨੂੰ ਜਿਉਂਦਾ ਪੁਲਿਸ ਹਵਾਲੇ ਕਰ ਦਿੱਤਾ ਸੀ। ਸਾਨੂੰ ਨਹੀਂ ਪਤਾ ਕਿ ਬਾਅਦ ਵਿਚ ਉਸ ਨਾਲ ਕੀ ਹੋਇਆ।”

ਤਸਵੀਰ ਸਰੋਤ, BBC/Kuldeep Brar
ਮੌਤ ਸਬੰਧੀ ਵੀ ਮਾਮਲਾ ਦਰਜ
ਫਿਰੋਜ਼ਪੁਰ ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਮੌਤ ਸਬੰਧੀ ਮੁਕੱਦਮਾ ਦਰਜ ਕਰ ਲਿਆ ਹੈ।
ਫਿਰੋਜ਼ਪੁਰ ਦੇ ਐੱਸਪੀ (ਜਾਂਚ) ਰਣਧੀਰ ਕੁਮਾਰ ਨੇ ਕਿਹਾ, "ਸਾਰੀਆਂ ਸ਼ਿਕਾਇਤਾਂ ਸਾਡੇ ਕੋਲ ਹਨ ਅਤੇ ਇੱਕ ਕਰਾਸ ਐਫਆਈਆਰ ਦਰਜ ਕੀਤੀ ਗਈ ਹੈ।"
ਫਿਰੋਜ਼ਪੁਰ ਪੁਲਿਸ ਨੇ ਅਜੇ ਤੱਕ ਕਰਾਸ ਐਫਆਈਆਰ ਦੀ ਧਾਰਾ ਦਾ ਖੁਲਾਸਾ ਨਹੀਂ ਕੀਤਾ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਬਖਸ਼ੀਸ਼ ਦੀ ਮੌਤ ਮਾਮਲੇ ਵਿਚ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਇਸ ਨੂੰ ਕਤਲ ਦੀ ਐਫਆਈਆਰ ਵਿੱਚ ਬਦਲਿਆ ਜਾ ਰਿਹਾ ਹੈ।
ਮ੍ਰਿਤਕ ਦੇ ਪਿਤਾ ਨੇ ਕੀ ਕਿਹਾ

ਤਸਵੀਰ ਸਰੋਤ, BBC/Kuldeep Brar
ਬਖਸ਼ੀਸ਼ ਦੇ ਪਿਤਾ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕੁਝ ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕਰਨ ਵਾਲਿਆਂ ਖ਼ਿਲਾਫ਼ ਵੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੇ ਗੁਨਾਹ ਕੀਤਾ ਸੀ ਤਾਂ ਉਸ ਨੂੰ ਪੁਲਿਸ ਨੂੰ ਫੜਾ ਦੇਣਾ ਚਾਹੀਦਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀ ਕਿਹਾ

ਤਸਵੀਰ ਸਰੋਤ, X/Giani Raghbir Singh
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਘਟਨਾ ਤੋਂ ਬਾਅਦ ਬਿਆਨ ਦਿੱਤਾ ਹੈ।
ਇਸ ਬਿਆਨ ਵਿੱਚ ਉਨ੍ਹਾਂ ਕਿਹਾ, “ਬੇਅਦਬੀ ਦੇ ਦੋਸ਼ੀ ਦੀ ਮੌਤ ‘ਕਾਨੂੰਨ ਦੁਆਰਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ’ਚ ਅਸਫ਼ਲਤਾ ਦਾ ਪ੍ਰਤੀਕਰਮ ਹੈ।”
ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਇੱਕ ਸਾਜਿਸ਼ ਦੱਸਿਆ।
ਉਨ੍ਹਾਂ ਕਿਹਾ, “ਸਰਕਾਰ ਨੂੰ ਇਹ ਵੀ ਚੇਤਾਵਨੀ ਹੈ ਕਿ ਬੇਅਦਬੀ ਦੇ ਦੋਸ਼ੀ ਦੀ ਮੌਤ ਨੂੰ ਲੈ ਕੇ ਸੰਗਤ ਜਾਂ ਕਿਸੇ ਵੀ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਇ ਜਲਦ ਤੋਂ ਜਲਦ ਇਹ ਸੱਚਾਈ ਸੰਗਤ ਦੇ ਸਾਹਮਣੇ ਲਿਆਂਦੀ ਜਾਵੇ ਕਿ ਉਕਤ ਬੇਅਦਬੀ ਦੇ ਦੋਸ਼ੀ ਨੂੰ ਕਿਸ ਨੇ ਅਤੇ ਕਿਸ ਸਾਜਿਸ਼ ਤਹਿਤ ਭੇਜਿਆ।''
ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ
18 ਦਸੰਬਰ 2021 - ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ, ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਅਕਾਲ ਤਖਤ ਦੇ ਜਥੇਦਾਰ ਅਤੇ ਐੱਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਸੀ।
19 ਦਸੰਬਰ 2021 - ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ 'ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਸੀ ਜਿਨ੍ਹਾਂ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਸੀ।
ਮੁਲਜ਼ਮ ਨੂੰ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ ਸਾਹਮਣੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
15 ਅਕਤੂਬਰ 2021 ਨੂੰ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ।
13 ਸਤੰਬਰ 2021 - ਅਕਾਲ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣਾ ਵੱਲੋਂ ਸਿਗਰਟ ਦਾ ਧੂੰਆ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ, ਜਿਸ ਨੂੰ ਟਾਸਕ ਫੋਰਸ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ।
26 ਜੁਲਾਈ 2016 ਨੂੰ 47 ਸਾਲਾ ਬਲਵਿੰਦਰ ਕੌਰ ਨੂੰ ਦਿਨ-ਦਿਹਾੜੇ ਦੋ ਮੋਟਰ ਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ। ਬਲਵਿੰਦਰ ਕੌਰ ਉੱਤੇ ਲੁਧਿਆਣਾ ਦੇ ਘਵੱਦੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ।
ਬਰਗਾੜੀ ਬੇਅਦਬੀ ਤੇ ਬਹਿਬਲਕਲਾਂ-ਕੋਟਕਪੂਰਾ ਗੋਲੀਕਾਂਡ
1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ ਸੀ।
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਸੀ।
12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ ਸੀ।
14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ ਸੀ।
ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ਸੀ।












