ਬੇਅਦਬੀ ਕਾਂਡ: ਬਰਗਾੜੀ ਤੋਂ ਹਰਿਮੰਦਰ ਸਾਹਿਬ ਤੱਕ ਵਾਇਆ ਸਿੰਘੂ ਤੇ ਘਵੱਦੀ -5 ਮੁੱਖ ਘਟਨਾਵਾਂ

ਤਸਵੀਰ ਸਰੋਤ, Getty Images
- ਲੇਖਕ, ਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਅਕਤੂਬਰ 2015 ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਚਰਚਾ ਦਾ ਮੁੱਦਾ ਬਣਦਾ ਰਿਹਾ ਹੈ।
ਅਕਤੂਬਰ 2015 ਵਿੱਚ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੰਘੂ ਬਾਰਡਰ 'ਤੇ ਹੋਈ ਕਥਿਤ ਬੇਅਦਬੀ ਸਣੇ 5 ਮੁੱਖ ਘਟਨਾਵਾਂ ਦਾ ਜ਼ਿਕਰ ਰਹੇ ਹਾਂ।
2015 ਦੌਰਾਨ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਉਸ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਉੱਤੇ ਪੁਲਿਸ ਦੀ ਗੋਲੀਬਾਰੀ ਨਾਲ ਦੋ ਮੌਤਾਂ ਹੋਈਆਂ ਅਤੇ ਕਈ ਲੋਕ ਜ਼ਖ਼ਮੀ ਹੋਏ ਸਨ।
ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਨਾਂ ਨਾਲ ਜਾਣੇ ਜਾਂਦੇ ਇਨ੍ਹਾਂ ਮਾਮਲਿਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਸਾਰੇ ਮੁੱਦੇ ਖੂੰਜੇ ਲਾ ਦਿੱਤੇ।
ਜਿਸ ਦਾ ਖ਼ਮਿਆਜ਼ਾ ਅਕਾਲੀ ਦਲ ਨੂੰ ਆਪਣੇ 100 ਸਾਲਾ ਇਤਿਹਾਸ ਵਿੱਚ ਸਭ ਤੋਂ ਮਾੜੇ ਚੋਣ ਪ੍ਰਦਰਸ਼ਨ ਦੇ ਰੂਪ ਵਿਚ ਝੱਲਣਾ ਪਿਆ।

ਤਸਵੀਰ ਸਰੋਤ, BBC/Sukhcharan Preet
ਅਕਾਲੀ ਦਲ ਉੱਤੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਨਾ ਕਰਨ ਦਾ ਇਲਜ਼ਾਮ ਲੱਗਿਆ, ਕੈਪਟਨ ਨੇ ਇਸ ਨੂੰ ਚੋਣ ਮੁੱਦਾ ਬਣਾਇਆ ਅਤੇ ਸੱਤਾ ਹਾਸਲ ਕੀਤੀ।
ਪਰ ਕੈਪਟਨ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਅਤੇ ਇਸੇ ਮੁੱਦੇ ਨੇ ਉਨ੍ਹਾਂ ਦੀ ਕੁਰਸੀ ਖੋਹ ਲਈ।
2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਦੇ ਨਿਜ਼ਾਮਪੁਰ ਦੀਆਂ ਦੋ ਘਟਨਾਵਾਂ ਨੇ ਬੇਅਦਬੀ ਨੂੰ ਪੰਜਾਬ ਦੀ ਸਿਆਸਤ ਦਾ ਕੇਂਦਰੀ ਮੁੱਦਾ ਬਣਾ ਦਿੱਤਾ।
ਇਹ ਵੀ ਪੜ੍ਹੋ:
6 ਸਾਲਾਂ ਦੌਰਾਨ ਹੋਈਆਂ 5 ਵੱਡੀਆਂ ਵਾਰਦਾਤਾਂ
ਇਨ੍ਹਾਂ ਘਟਨਾਵਾਂ ਦੀ ਗੱਲ ਕਰਨ ਤੋਂ ਪਹਿਲਾਂ ਆਓ ਜਾਣਦੇ ਹਾਂ ਪਿਛਲੇ 6 ਸਾਲਾਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਉਹ ਘਟਨਾਵਾਂ ਜੋ ਸਮੇਂ-ਸਮੇਂ ਉੱਤੇ ਚਰਚਾ ਦਾ ਮੁੱਦਾ ਬਣਦੀਆਂ ਰਹੀਆਂ।
ਬਰਗਾੜੀ ਬੇਅਦਬੀ ਤੇ ਬਹਿਬਲਕਲਾਂ-ਕੋਟਕਪੂਰਾ ਗੋਲੀਕਾਂਡ
- 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ।
- 25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ।
- 12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
- 14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।

ਤਸਵੀਰ ਸਰੋਤ, BBC/Jasbir Singh Shetra
ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ।
ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੇਲ੍ਹ ਵਿੱਚ ਕਤਲ ਹੋ ਗਿਆ ਸੀ।
ਘਵੱਦੀ ਬੇਅਦਬੀ ਮਾਮਲਾ
26 ਜੁਲਾਈ 2016 ਨੂੰ 47 ਸਾਲਾ ਬਲਵਿੰਦਰ ਕੌਰ ਨੂੰ ਦਿਨ-ਦਿਹਾੜੇ ਦੋ ਮੋਟਰ ਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ। ਬਲਵਿੰਦਰ ਕੌਰ ਉੱਤੇ ਲੁਧਿਆਣਾ ਦੇ ਘਵੱਦੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ।
ਪੁਲਿਸ ਨੇ ਇਸ ਮਾਮਲੇ ਦਾ ਮੁਲਜ਼ਮ ਸੰਗਰੂਰ ਦੇ ਅਮਰਗੜ੍ਹ ਦੇ ਗੁਰਪ੍ਰੀਤ ਸਿੰਘ ਜੱਗੋਵਾਲ ਅਤੇ ਪਟਿਆਲ਼ਾ ਦੇ ਨਿਹਾਲ ਸਿੰਘ ਨੂੰ ਨਾਮਜ਼ਦ ਕੀਤਾ ਸੀ।
ਬਲਵਿੰਦਰ ਕੌਰ ਉੱਤੇ ਘਵੱਦੀ ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਲੱਗਿਆ ਸੀ।
ਗੁਰਦਾਸਪੁਰ ਬੇਅਦਬੀ ਮਾਮਲਾ
ਜੁਲਾਈ 01 ਅਤੇ 02 ਦੀ ਦਰਮਿਆਨੀ ਸ਼ਾਮ ਨੂੰ ਗੁਰਦਾਸਪੁਰ ਵਿੱਚ ਇੱਕ ਗੁਰਦੁਆਰੇ ਵਿੱਚ ਬੇਅਦਬੀ ਕਰਨ ਦੇ ਇਲਜ਼ਾਮ ਇੱਕ ਫੌਜੀ ਉੱਤੇ ਲੱਗੇ।
ਪੁਲਿਸ ਨੂੰ ਗੁਰਦਾਆਰਾ ਟਹਿਲ ਸਿੰਘ ਲਾਗੇ ਉਸ ਨੂੰ ਜਬਰੀ ਮੋਟਰ ਸਾਈਕਲ ਉੱਤੇ ਬਿਠਾਉਂਦੇ ਸੀਸੀਟੀਵੀ ਕੈਮਰੇ ਵਿੱਚ ਦਿਖੇ ਸਨ।
ਇਸ ਦੀਪਕ ਸਿੰਘ ਨਾਮ ਦੇ ਫੌਜੀ ਨੂੰ ਗ੍ਰੰਥੀ ਨੇ ਗੁਰਦੁਆਰੇ ਵਿੱਚ ਦੇਖਿਆ, ਜਿਸ ਨੂੰ ਉਸ ਨੇ ਦੱਸਿਆ ਕਿ ਉਹ ਬੱਸ ਵਿੱਚੋਂ ਗਲ਼ਤ ਬੱਸ ਅੱਡੇ ਉੱਤੇ ਉਤਰ ਗਿਆ ਸੀ ਅਤੇ ਪਾਣੀ ਪੀਣ ਲਈ ਗੁਰਦੁਆਰੇ ਵਿੱਚ ਆਇਆ ਸੀ।
ਗ੍ਰੰਥੀ ਨੇ ਉਸ ਨੂੰ ਤੁਰੰਤ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਉਹ ਚਲਾ ਗਿਆ ਪਰ ਬਾਅਦ ਵਿੱਚ ਕੁਝ ਹੋਰ ਲੋਕ ਆਏ ਅਤੇ ਉਨ੍ਹਾਂ ਨੂੰ ਗੁਰਦੁਆਰੇ ਦੇ ਗੇਟ ਅੱਗੇ ਕੁਝ ਰੋੜੇ ਪਏ ਦਿਖੇ।
ਜਿਸ ਮਗਰੋਂ ਉਹ ਫੌਜੀ ਨੂੰ ਮੋਟਰ ਸਾਈਕਲ ਉੱਤੇ ਲੱਭ ਕਿ ਲਿਆਏ ਅਤੇ ਉਸ ਦੀ ਕੁੱਟਮਾਰ ਕੀਤੀ।
ਇਸ ਮਾਮਲੇ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੇਸਗੜ੍ਹ ਸਾਹਿਬ ਬੇਅਦਬੀ ਮਾਮਲਾ
13 ਸਤੰਬਰ 2021 - ਅਕਾਲ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣਾ ਵੱਲੋਂ ਸਿਗਰਟ ਦਾ ਧੂੰਆ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਜਿਸ ਨੂੰ ਟਾਸਕ ਫੋਰਸ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।
ਜਿਸ ਦੇ ਰੋਸ ਵਜੋਂ ਲੋਕਾਂ ਵੱਲੋਂ ਆਨੰਦਪੁਰ ਸਾਹਿਬ ਮੁਕੰਮਲ ਤੋਰ 'ਤੇ ਬੰਦ ਕਰ ਦਿੱਤਾ ਗਿਆ ਸੀ।
ਸਿੰਘੂ ਬਾਰਡਰ ਲਖਬੀਰ ਕਤਲ
15 ਅਕਤੂਬਰ 2021 ਨੂੰ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ।
ਲਖਬੀਰ ਸਿੰਘ ਉੱਤੇ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਦਾ ਇਲ਼ਜ਼ਾਮ ਲਗਾਇਆ ਸੀ।
ਉਸ ਦੀ ਲੱਤ ਤੇ ਬਾਂਹ ਵੱਢ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ 3 ਨਿਹੰਗਾਂ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਬਰਗਾੜੀ ਤੇ ਇਸ ਨਾਲ ਜੁੜੇ ਮਾਮਲਿਆਂ ਦੀ ਜਾਂਚ
ਬਰਗਾੜੀ ਬੇਅਦਬੀ ਕਾਂਡ ਦੇ ਸਬੰਧ ਵਿੱਚ ਪਹਿਲੀ SIT ਉਸ ਵੇਲੇ ਦੇ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਬਣੀ। ਉਸ ਤੋਂ ਬਾਅਦ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੂੰ ਦੇ ਦਿੱਤੀ ਗਈ।
ਪੰਜਾਬ 'ਚ ਕਾਂਗਰਸ ਸਰਕਾਰ ਬਣਦਿਆਂ ਹੀ ਬਰਗਾੜੀ ਕੇਸ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪੀ ਗਈ ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ SIT ਨੇ ਆਪਣੀ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।
ਮੌਜੂਦਾ ਸਮੇਂ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਐਸਆਈਟੀ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਕੈਦ ਗੁਰਮੀਤ ਰਾਮ ਰਹੀਮ ਤੋਂ ਛੇ ਘੰਟੇ ਪੁੱਛਗਿੱਛ ਕੀਤੀ।
ਉਸ ਤੋਂ ਬਾਅਦ ਆਈਜੀ ਪਰਮਾਰ ਨੇ ਮੀਡੀਆ 'ਚ ਬਿਆਨ ਦਿੱਤਾ ਕਿ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੇ ਪਿੱਛੇ ਰਾਮ ਰਹੀਮ ਦੀ ਬੇਇੱਜ਼ਤੀ ਦਾ ਬਦਲਾ ਲੈਣਾ ਮੁੱਖ ਕਾਰਨ ਸੀ।
ਦੋ ਕਮਿਸ਼ਨ ਵੀ ਬਣੇ - ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ।
ਇਸ ਤੋਂ ਪਹਿਲਾਂ ਸੀਬੀਆਈ ਨੇ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਵੀ ਪੇਸ਼ ਕੀਤੀ ਸੀ।
ਬੇਅਦਬੀ ਮਾਮਲੇ 'ਚ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ?
ਵਿਸ਼ੇਸ਼ ਜਾਂਚ ਟੀਮ ਵੱਲੋਂ 12 ਬੰਦੇ ਨਾਮਜ਼ਦ ਕੀਤੇ ਗਏ ਸਨ, ਜਿਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੁੱਖ ਮੁਲਜ਼ਮ ਸੀ, 11 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਸਨ।
ਜਿਨ੍ਹਾਂ ਵਿੱਚੋਂ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੇ ਇੱਕ ਮੁਲਜ਼ਮ ਭਗੋੜਾ ਹੈ।
ਬੇਅਦਬੀ ਦੇ ਤਾਜ਼ਾ ਮਾਮਲੇ ਕਿਹੜੇ ਆਏ ਸਾਹਮਣੇ ?
18 ਦਸੰਬਰ 2021 - ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ, ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ।
ਅਕਾਲ ਤਖਤ ਦੇ ਜਥੇਦਾਰ ਅਤੇ ਐੱਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਹੈ।
19 ਦਸੰਬਰ 2021 - ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ 'ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਜਿਨ੍ਹਾਂ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ।
ਮੁਲਜ਼ਮ ਨੂੰ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ ਸਾਹਮਣੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

















