ਬੇਅਦਬੀ ਕਾਂਡ: ਕਪੂਰਥਲਾ ਦੇ ਨਿਜ਼ਾਮਪੁਰ 'ਚ ਕਥਿਤ ਮੁਲਜ਼ਮ ਦੀ ਕੁੱਟਮਾਰ ਦੌਰਾਨ ਮੌਤ, ਪੁਲਿਸ ਨੇ ਕਿਹਾ ਬੇਅਦਬੀ ਦੇ ਸਬੂਤ ਨਹੀਂ

ਤਸਵੀਰ ਸਰੋਤ, BBC/Pardeep
- ਲੇਖਕ, ਪ੍ਰਦੀਪ ਪੰਡਿਤ
- ਰੋਲ, ਬੀਬੀਸੀ ਸਹਿਯੋਗੀ
ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਸਵੇਰੇ ਬੇਅਦਬੀ ਦੀ ਕੋਸ਼ਿਸ ਦੇ ਸ਼ੱਕ ਵਿੱਚ ਫੜੇ ਗਏ ਵਿਅਕਤੀ ਨੂੰ ਲੋਕਾਂ ਨੇ ਕੁੱਟ-ਕੱਟ ਕੇ ਮਾਰ ਦਿੱਤਾ।
ਸਿਵਲ ਹਸਪਤਾਲ ਕਪੂਰਥਲਾ ਦੇ ਐੱਸਐੱਮਓ ਸੰਦੀਪ ਧਵਨ ਨੇ ਇਸਦੀ ਪੁਸ਼ਟੀ ਕੀਤੀ ਹੈ।
ਇਸ ਵਿਅਕਤੀ ਬਾਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਨੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਇਹ ਵਿਅਕਤੀ ਗੁਰਦੁਆਰੇ ਵਿੱਚ ਐਵਤਾਰ ਤੜਕੇ 4 ਵਜੇ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਇਆ ਸੀ।

ਤਸਵੀਰ ਸਰੋਤ, PArdeep pandit/bbc
ਭਾਵੇਂ ਕਿ ਪੁਲਿਸ ਨੇ ਬੇਅਦਬੀ ਹੋਣ ਜਾਂ ਕੋਸ਼ਿਸ਼ ਬਾਰੇ ਪੁਸ਼ਟੀ ਨਹੀਂ ਕੀਤੀ ਅਤੇ ਜ਼ਿਲ੍ਹੇ ਦੇ ਐੱਸਐੱਸਪੀ ਇਸ ਨੂੰ ਤਫ਼ਤੀਸ਼ ਦਾ ਮਾਮਲਾ ਦੱਸ ਰਹੇ ਹਨ।
ਜਲੰਧਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਿਸ਼ਾਨ ਸਾਹਿਬ ਨਾਲ ਕੋਈ ਛੇੜਛਾੜ ਨਹੀਂ ਹੋਈ।

ਤਸਵੀਰ ਸਰੋਤ, ANI
ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇਖਿਆ ਹੈ ਅਤੇ ਉਸੇ ਤਰ੍ਹਾਂ ਸੁਸ਼ੋਭਿਤ ਹਨ ਅਤੇ ਕੋਈ ਛੇੜ ਛਾੜ ਨਹੀਂ ਹੋਈ।
ਉਨ੍ਹਾਂ ਮੁਤਾਬਕ ਸ਼ਿਕਾਇਤ ਕਰਨ ਵਾਲੇ ਨੇ ਕਿਹਾ ਕਿ ਨਿਸ਼ਾਨ ਸਾਹਿਬ ਨਾਲ ਛੇੜ ਛਾੜ ਹੋਈ ਹੈ ਅਤੇ ਇਸੇ ਆਧਾਰ ਉੱਤੇ ਅਸੀਂ ਮਾਮਲਾ ਦਰਜ ਕੀਤਾ ਹੈ।
ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗ੍ਰੰਥੀ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਕਥਿਤ ਮੁਲਜ਼ਮ ਨੂੰ ਗੁਰਦੁਆਰੇ ਦੇ ਕਮਰੇ ਵਿੱਚ ਹੀ ਬੰਦ ਕਰਕੇ ਰੱਖਿਆ ਗਿਆ ਸੀ। ਭੜਕੇ ਲੋਕ ਉਸ ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ।
ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਲੋਕ ਨਹੀਂ ਮੰਨੇ, ਹਾਲਾਤ ਤਣਾਅ ਵਾਲਾ ਸੀ, ਪੁਲਿਸ ਨੇ ਲਾਠੀਚਾਰਜ ਤੋਂ ਗੁਰੇਜ਼ ਕੀਤਾ, ਪਰ ਲੋਕ ਜ਼ਬਰੀ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਕਥਿਤ ਮੁਲਜ਼ਮ ਦੀ ਕੁੱਟਮਾਰ ਕੀਤੀ।

ਤਸਵੀਰ ਸਰੋਤ, PArdeep pandit/bbc
ਪੁਲਿਸ ਨੇ ਕਥਿਤ ਮੁਲਜ਼ਮ ਨੂੰ ਜਦੋਂ ਤੱਕ ਕਬਜ਼ੇ ਵਿੱਚ ਲਿਆ ਉਹ ਬੇਸੁਧ ਹੋ ਗਿਆ ਸੀ। ਉਸ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ।
ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਮਾਰਿਆ ਹੈ ਉਨ੍ਹਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਹੋਵੇਗਾ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਕਪੂਰਥਲਾ ਦੇ ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਕਿਹਾ ਕਿ ਇਸਦੀ ਅਜੇ ਤਫ਼ਤੀਸ਼ ਹੋਣੀ ਬਾਕੀ ਹੈ ਕਿ ਇਹ ਬੇਅਦਬੀ ਦਾ ਮਾਮਲਾ ਹੈ ਜਾਂ ਨਹੀਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੁਲਜ਼ਮ ਨੂੰ ਪੁਲਿਸ ਹਵਾਲੇ ਕਰਨ ਤੋਂ ਲੋਕਾਂ ਦਾ ਇਨਕਾਰ
ਇਸ ਮਾਮਲੇ ਵਿੱਚ ਜਿਸ ਵਿਅਕਤੀ ਨੂੰ ਫੜਿਆ ਗਿਆ ਸੀ, ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਸ ਨੂੰ ਗੁਰਦਆਰੇ ਦੇ ਇੱਕ ਕਮਰੇ ਵਿੱਚ ਰੱਖਿਆ ਹੋਇਆ ਸੀ।
ਪੁਲਿਸ ਇਸ ਦੀ ਲੋਕਾਂ ਤੋ ਕਸਟੱਡੀ ਮੰਗਦੀ ਰਹੀ ਅਤੇ ਲੋਕਾਂ ਨੂੰ ਸਮਝਾਉਂਦੀ ਰਹੀ ਪਰ ਲੋਕ ਅੜੇ ਅਤੇ ਸਮਾਂ ਬੀਤਣ ਨਾਲ ਲੋਕਾਂ ਦੀ ਗਿਣਤੀ ਵਧਦੀ ਗਈ।
ਪੁਲਿਸ ਨਾਲ ਲੋਕਾਂ ਦੀ ਧੱਕਾਮੁੱਕੀ ਵੀ ਹੋਈ ਪਰ ਮਸਲਾ ਨਾਜ਼ੁਕ ਹੋਣ ਕਰਕੇ ਪੁਲਿਸ ਨੇ ਬਲ ਪ੍ਰਯੋਗ ਤੋਂ ਗੁਰੇਜ਼ ਕੀਤਾ। ਪਰ ਲੋਕ ਜ਼ਬਰੀ ਇਮਾਰਤ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਕਮਰੇ ਦੀ ਬਾਰੀ ਭੰਨ ਦਿੱਤੀ ਅਤੇ ਮੁਲਜ਼ਮ ਦੀ ਕੁੱਟਮਾਰ ਕੀਤੀ।
ਇਸ ਤੋਂ ਪਹਿਲਾਂ ਫੇਸਬੁੱਕ ਲਾਈਵ ਵੀਡੀਓ ਵਿੱਚ ਗੁਰੂਦੁਆਰੇ ਦੇ ਗ੍ਰੰਥੀ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਮੁਲਜ਼ਮ ਨੂੰ ਪ੍ਰਸ਼ਾਸਨ ਹਵਾਲੇ ਨਹੀਂ ਕਰਨਗੇ ਕਿਉਂਕਿ ਪ੍ਰਸ਼ਾਸਨ ਉਸ ਨੂੰ ਪਾਗਲ ਕਹਿ ਕੇ ਛੱਡ ਦੇਵੇਗਾ।

ਤਸਵੀਰ ਸਰੋਤ, BBC/Pardeep
ਨਿਜ਼ਾਮਪੁਰ ਬੇਅਦਬੀ ਮਾਮਲਾ ਕੀ ਹੈ
ਐਤਵਾਰ ਸਵੇਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਅਮਰਜੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾ ਕੇ ਗੁਰਦੁਆਰੇ ਵਿੱਚ ਬੇਅਦਬੀ ਦੀ ਨੀਅਤ ਨਾਲ ਆਏ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ, ਜ਼ਮੀਨ 'ਤੇ ਲੇਟੇ ਇੱਕ ਵਿਅਕਤੀ ਨੂੰ ਸੋਟੀਆਂ ਨਾਲ ਕੁੱਟ ਰਿਹਾ ਹੈ ਤੇ ਨੇੜੇ ਕੁਝ ਲੋਕ ਵੀ ਖੜ੍ਹੇ ਹਨ।
ਫਿਰ ਇੱਕ ਵਿਅਕਤੀ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ, ਇਸ ਘਟਨਾ ਬਾਰੇ ਕਹਿੰਦਾ ਹੈ ਕਿ ਇਲਾਕੇ ਵਿੱਚ ਕੁਝ ਅਜਿਹੇ ਲੋਕ ਛੱਡੇ ਹੋਏ ਹਨ ਅਤੇ ਪਿੰਡ ਦੇ ਗੁਰਦੁਆਰੇ ਵਿੱਚ ਉਨ੍ਹਾਂ ਨੇ ਸਵੇਰੇ ਇੱਕ ਵਿਅਕਤੀ ਨੂੰ ਫੜਿਆ ਹੈ, ਜੋ ਕਿ ਬੇਅਦਬੀ ਕਰਨ ਦੀ ਨੀਅਤ ਰੱਖਦਾ ਸੀ।
ਵੀਡੀਓ ਵਿੱਚ ਗ੍ਰੰਥੀ ਦਾਅਵਾ ਕਰ ਰਿਹਾ ਹੈ, ''ਇਹ ਵਿਅਕਤੀ ਬੇਅਦਬੀ ਦੀ ਨੀਅਤ ਦੇ ਨਾਲ ਗੁਰੂਦੁਆਰਾ ਸਾਹਿਬ ਨਿਜ਼ਾਮਪੁਰ ਮੋੜ ਵਿਖੇ ਆਇਆ, ਉੱਪਰ ਦਰਬਾਰ ਸਾਹਿਬ ਵਿੱਚ ਗਿਆ, ਉੱਥੇ ਸੁਖਾਸਣ ਕਮਰੇ ਵਿੱਚ ਜਾਣ ਦੀ ਬਜਾਏ ਸੁਖਮਣੀ ਸਾਹਿਬ ਵਾਲੇ ਕਮਰੇ ਵਿੱਚ ਵੜ ਗਿਆ।''
''ਉੱਥੋਂ ਫਰੋਲਾ-ਫਰਾਲੀ ਕਰਨ ਤੋਂ ਬਾਅਦ, ਉੱਥੇ ਲਾਈਟ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਥੱਲੇ ਆਉਂਦਾ ਹੈ ਤੇ ਅੰਮ੍ਰਿਤ ਵੇਲੇ 4 ਵਜੇ ਜਿਸ ਸਮੇਂ ਮੇਰੀ ਜਾਗ ਖੁੱਲੀ ਤੇ ਇਸ਼ਨਾਨ ਕਰਨ ਲਈ ਉੱਠਿਆ ਤਾਂ ਇਹ ਸ਼ਖਸ ਮੈਨੂੰ ਅੱਗੇ ਮਿਲਿਆ।''
''ਮੈਂ ਭੱਜ ਕੇ ਇਸ ਨੂੰ ਜੱਫਾ ਪਾਉਣਾ ਚਾਹਿਆ ਤਾਂ ਇਹ ਮੈਨੂੰ ਧੱਕਾ ਦੇ ਕੇ ਭੱਜ ਗਿਆ।''

ਤਸਵੀਰ ਸਰੋਤ, Atma Singh
''ਇਸ ਕੋਲ ਹਿੰਦੂ ਧਰਮ ਦੇ ਵੀ ਗ੍ਰੰਥ ਸਨ, ਉਨ੍ਹਾਂ ਦੀ ਵੀ ਬੇਅਦਬੀ ਦੇ ਨਾਲ ਇੱਥੋਂ ਸਾਡੇ ਗੁਰੂਦੁਆਰਾ ਸਾਹਿਬ ਆਇਆ।''
ਗ੍ਰੰਥੀ ਦੀ ਵੀਡੀਓ ਮੁਤਾਬਕ, ''ਫਿਰ ਸਭ ਨੇ ਮਿਲ ਕੇ ਮੁਲਜ਼ਮ ਨੂੰ ਫੜ ਲਿਆ ਤੇ ਉਦੋਂ ਤੋਂ ਉਹ ਸਿਰਫ ਇੱਕੋ ਗੱਲ ਕਹਿ ਰਿਹਾ ਹੈ ਕਿ ਉਹ ਦਿੱਲੀ ਤੋਂ ਆਇਆ ਹੈ ਤੇ ਮੇਰੀ ਇੱਕ ਭੈਣ ਵੀ ਬੇਅਦਬੀ ਕਰਦੀ ਮਾਰੀ ਗਈ ਹੈ।''
ਵੀਡੀਓ ਵਿੱਚ ਇਹ ਗੱਲਾਂ ਦੱਸਣ ਵਾਲਾ ਗ੍ਰੰਥੀ ਕਹਿੰਦਾ ਹੈ ''ਮੈਨੂੰ ਲੱਗਦਾ ਹੈ ਕਿ ਰਾਤ ਜੋ ਦਰਬਾਰ ਸਾਹਿਬ 'ਚ ਬੇਅਦਬੀ ਹੋਈ ਹੈ, ਉਸ ਆਧਾਰ 'ਤੇ ਇਹ ਸ਼ਖਸ ਉਸੇ ਸਮੂਹ ਦਾ ਹੋ ਸਕਦਾ ਹੈ ਕਿ ਪਿੰਡ ਅਤੇ ਸ਼ਹਿਰਾਂ 'ਚ ਜਾ ਕੇ ਗੁਰੂ ਘਰ ਦੀ ਬੇਅਦਬੀ ਕਰੋ।''

ਤਸਵੀਰ ਸਰੋਤ, PArdeep pandit/bbc
ਫਿਰ ਗ੍ਰੰਥੀ ਕਹਿੰਦਾ ਹੈ ''ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਅੱਗੇ ਤੋਂ ਅੱਗੇ ਇਸ ਘਟਨਾ ਦੀ ਜਾਣਕਾਰੀ ਪਹੁੰਚਾਈ ਜਾਵੇ ਕਿ ਗੁਰਦੁਆਰਾ ਸਾਹਿਬ ਨਿਜ਼ਾਮਪੁਰ ਪਹੁੰਚਣ ਤਾਂ ਜੋ ਉਕਤ ਵਿਅਕਤੀ ਨੂੰ ਪੰਥਕ ਰਿਆਇਤਾਂ ਅਨੁਸਾਰ ਜੋ ਧਾਰਮਿਕ ਸਜ਼ਾ ਹੈ ਉਹ ਦਿੱਤੀ ਜਾਵੇ।''
''ਜੇ ਆਪਾਂ ਇਸ ਨੂੰ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਤਾਂ ਉਨ੍ਹਾਂ ਨੇ ਇਸ ਨੂੰ ਮੈਂਟਲ ਕਹਿ ਕੇ ਛੱਡ ਦੇਣਾ ਹੈ।''
ਬੇਅਦਬੀ ਮਾਮਲੇ ਨੂੰ ਪੁਲਿਸ ਨੇ ਦੱਸਿਆ ਚੋਰੀ
ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੀ ਕੋਸ਼ਿਸ਼ ਦੱਸੇ ਜਾ ਰਹੇ ਮਾਮਲੇ ਵਿੱਚ ਐੱਸਐੱਸਪੀ ਕਪੂਰਥਲਾ ਦਾ ਕਹਿਣਾ ਹੈ ਕਿ ਇਹ ਮਾਮਲਾ ਚੋਰੀ ਦਾ ਹੈ।

ਤਸਵੀਰ ਸਰੋਤ, BBC/Pardeep
ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਚੋਰ ਸਿਲੰਡਰ ਚੋਰੀ ਕਰਨ ਦੇ ਇਰਾਦੇ ਨਾਲ ਗੁਰੂਦੁਆਰੇ 'ਚ ਆਇਆ ਸੀ।
ਪੁਲਿਸ ਮੁਤਾਬਕ, ਉੱਥੇ ਗੁਰਦੁਆਰੇ ਦੇ ਤਿੰਨ ਕਮਰਿਆਂ ਵਿੱਚ ਬਣੀ ਪੁਲਿਸ ਚੌਕੀ ਦਾ ਇੱਕ ਪੁਰਾਣਾ ਰੌਲ਼ਾ ਚੱਲ ਰਿਹਾ ਹੈ, ਉਥੇ ਹੁਣ ਕੋਈ ਚੋਰ ਫੜਿਆ ਗਿਆ ਹੈ, ਜੋ ਸਿਲੰਡਰ ਚੋਰੀ ਕਰਨ ਆਇਆ ਸੀ ਤੇ ਉਸ ਨੂੰ ਬਾਬੇ ਨੇ ਹੁਣ ਬੇਅਦਬੀ ਬਣਾ ਦਿੱਤਾ।
ਮੁੱਦਾ ਚੌਕੀ ਖਾਲੀ ਕਰਾਉਣ ਦਾ ਹੈ। ਉਹ ਹੁਣ ਮਾਮਲੇ ਨੂੰ ਤੂਲ ਦੇ ਰਹੇ ਹਨ ਅਤੇ ਇਸ ਬਾਰੇ ਫੇਸਬੁੱਕ 'ਤੇ ਵੀ ਜਾਣਕਾਰੀ ਪਾ ਦਿੱਤੀ ਹੈ।
ਉਹ ਬੰਦਾ ਸਾਨੂੰ ਸੌਂਪ ਨਹੀਂ ਰਹੇ। ਗੁਰਦੁਆਰਾ ਉੱਪਰ ਹੈ ਤੇ ਬੰਦਾ ਹੇਠਾਂ ਤੋਂ ਫੜ੍ਹਿਆ ਗਿਆ ਹੈ। ਇਹ ਸਾਰੀ ਗੱਲ ਨੂੰ ਦਰਬਾਰ ਸਾਹਿਬ ਦੇ ਮਾਮਲੇ ਨਾਲ ਜੋੜ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














