ਡੇਰਾ ਸੱਚਾ ਸੌਦਾ ਦੀ ਨਾਮ ਚਰਚਾ ’ਚ ਵੱਡਾ ਇਕੱਠ, ਬੋਲੇ, ‘ਜਿਸ ਪਾਰਟੀ ਵੱਲ ਵੋਟ ਪਾਉਣੀ ਹੈ, ਪੂਰੇ ਡੇਰੇ ਦੀ ਵੋਟ ਉੱਥੇ ਹੀ ਜਾਂਦੀ ਹੈ’

ਗੁਰਮੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਿਆਸੀ ਆਗੂਆਂ ਨੇ ਡੇਰਾ ਸੱਚਾ ਸੌਦਾ ਦੇ ਸਮਾਗਮਾਂ ਵਿੱਚ ਹਿੱਸਾ ਲਿਆ ਹੋਵੇ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਸਮਾਗਮ ਪੰਜਾਬ ਵਿਚਲੇ ਸਿਆਸੀ ਤੇ ਮੀਡੀਆ ਹਲਕਿਆਂ ਵਿਚ ਨਵੀਂ ਚਰਚਾ ਛੇੜਦੇ ਨਜ਼ਰ ਆ ਰਹੇ ਹਨ।

ਭਾਵੇਂ ਕਿ ਡੇਰਾ ਸਿਰਸਾ ਦੇ ਪ੍ਰਬੰਧਕ ਇਨ੍ਹਾਂ ਸਮਾਗਮਾਂ ਨੂੰ ਨਿਰੋਲ ਧਾਰਮਿਕ ਸਮਾਗਮ ਦੱਸ ਰਹੇ ਹਨ, ਪਰ ਇਨ੍ਹਾਂ ਵਿਚ ਪੰਜਾਬ ਦੇ ਮੰਤਰੀ ਤੇ ਕੁਝ ਸੀਨੀਅਰ ਆਗੂਆਂ ਦੀ ਹਾਜ਼ਰੀ ਸਮਾਗਮਾਂ ਨੂੰ ਸਿਆਸੀ ਰੰਗਤ ਦਿੰਦੀ ਦਿਖ ਰਹੀ ਹੈ।

ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਹੈ ਅਤੇ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ। ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਡੇਰੇ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਗਏ ਹਨ।

ਉਸੇ ਡੇਰੇ ਦੇ ਸਮਾਗਮਾਂ ਵਿਚ ਸਿਆਸੀ ਆਗੂਆਂ ਦੀ ਹਾਜ਼ਰੀ ਸਮਾਗਮਾਂ ਦੇ ਧਾਰਮਿਕ ਤੋਂ ਵੀ ਕੁਝ ਅੱਗੇ ਹੋਣ ਦਾ ਇਸ਼ਾਰਾ ਕਰਦੀ ਹੈ।

ਡੇਰਾ 2007 ਤੋਂ ਸੂਬੇ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਦਾ ਖੁੱਲ੍ਹ ਕੇ ਸਮਰਥਨ ਕਰਨ ਕਰਕੇ ਚਰਚਾ ਵਿਚ ਰਿਹਾ ਹੈ।

ਡੇਰਾ ਦੇ ਧਾਰਮਿਕ ਸਮਾਗਮਾਂ ਬਾਰੇ ਛਿੜੀ ਚਰਚਾ ’ਤੇ ਡੇਰੇ ਦੇ ਪੈਰੋਕਾਰ ਕੀ ਕਹਿੰਦੇ ਹਨ, ਵੇਖੋਂ ਇਸ ਵੀਡੀਓ ’ਚ...

ਵੀਡੀਓ ਕੈਪਸ਼ਨ, ‘ਡੇਰਾ ਪ੍ਰੇਮੀਆਂ ਦੀ ਵੋਟ ਦਾ ਫ਼ੈਸਲਾ ਤਾਂ ਡੇਰੇ ਦੀ ਸਿਆਸੀ ਵਿੰਗ ਹੀ ਕਰੇਗੀ’

ਇਸੇ ਕਾਰਨ ਡੇਰੇ ਦੀ ਅਚਾਨਕ ਪੰਜਾਬ ਵਿਚ ਜਨਤਕ ਇਕੱਠਾਂ ਦੀ ਸਰਗਰਮੀ ਨੇ ਸਿਆਸੀ ਚਰਚਾ ਨੂੰ ਜਨਮ ਦਿੱਤਾ ਹੈ।

ਡੇਰਾ ਸੱਚਾ ਸੌਦਾ ਦਾ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਕਸਬੇ ਸਿਰਸਾ ਵਿਚ ਹੈੱਡਕੁਆਟਰ ਹੈ। ਡੇਰਾ ਪੰਜਾਬ ਸਣੇ ਹਰਿਆਣਾ, ਰਾਜਸਥਾਨ ਅਤੇ ਯੂਪੀ ਵਿਚ ਕਰੋੜਾਂ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਹੈ।

ਡੇਰਾ ਸੱਚਾ ਸੌਦਾ ਦੀ ਕਿੱਥੇ-ਕਿੱਥੇ ਹੋਈ ਨਾਮ ਚਰਚਾ

ਡੇਰਾ ਸੱਚਾ ਸੌਦਾ ਵੱਲੋਂ ਸਭ ਤੋਂ ਪਹਿਲਾਂ 14 ਨਵੰਬਰ 2021 ਵਾਲੇ ਦਿਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਲਾਬਤਪੁਰਾ ਵਿਖੇ ਡੇਰਾ ਪੈਰੋਕਾਰਾਂ ਦਾ ਇਕ ਵੱਡਾ ਇਕੱਠ ਕੀਤਾ ਗਿਆ ਸੀ।

ਇਹ ਪੰਜਾਬ ਵਿਚ ਡੇਰਾ ਸਿਰਸਾ ਦਾ ਸਭ ਤੋਂ ਵੱਡਾ ਡੇਰਾ ਸਮਝਿਆ ਜਾਂਦਾ ਹੈ। ਇੱਥੇ ਹੀ ਡੇਰਾ ਮੁਖੀ ਨੇ ਵਿਵਾਦਤ ਜਾਮ-ਏ-ਇੰਸਾ ਪਿਲਾਉਣ ਦਾ ਵਿਵਾਦਿਤ ਸਮਾਗਮ ਕੀਤਾ ਸੀ।

ਇਸ ਮਗਰੋਂ 19 ਨਵੰਬਰ ਨੂੰ ਸਿਰਸਾ ਵਿਖੇ ਡੇਰਾ ਹੈੱਡਕੁਆਰਟਰ ਵਿੱਚ ਵੱਡਾ ਇਕੱਠ ਕਰਕੇ ਨਾਮ ਚਰਚਾ ਕੀਤੀ ਗਈ ਸੀ।

ਪਰ ਜਦੋਂ 28 ਨਵੰਬਰ ਨੂੰ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕੀਤੇ ਤਾਂ ਇਨ੍ਹਾਂ ਸਮਾਗਮਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਨਾਲ ਜੋੜਿਆ ਜਾਣ ਲੱਗਾ।

ਡੇਰਾ

ਤਸਵੀਰ ਸਰੋਤ, BBC/Surinder Mann

ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਫਰਵਰੀ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ।

ਡੇਰਾ ਸਮਾਗਮ 'ਚ ਪਹੁੰਚ ਰਹੇ ਆਗੂ

ਡੇਰਾ ਸੱਚਾ ਸੌਦਾ ਦਾ ਜਾਮ-ਏ-ਇੰਸਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮਾਂ ਕਾਰਨ ਪੰਜਾਬ ਵਿਚ ਸਿੱਖ ਸੰਗਠਨਾਂ ਦਾ ਟਕਰਾਅ ਰਿਹਾ ਹੈ।

ਕਈ ਸਿੱਖ ਸੰਗਠਨ ਡੇਰਾ ਸੱਚਾ ਸੌਦਾ ਦੇ ਸਮਾਗਮਾਂ ਦਾ ਵਿਰੋਧ ਵੀ ਕਰਦੇ ਰਹੇ ਹਨ। ਕਾਫ਼ੀ ਸਮਾਂ ਡੇਰਾ ਸਮਾਗਮਾਂ ਉੱਤੇ ਪਾਬੰਦੀ ਵੀ ਲੱਗੀ ਰਹੀ ਪਰ ਹੁਣ ਖੁੱਲ੍ਹ ਕੇ ਸਮਾਗਮ ਹੋਣ ਨਾਲ ਡੇਰੇ ਦੀ ਸਿਆਸੀ ਭੂਮਿਕਾ ਦੀ ਗੱਲ ਛਿੜ ਰਹੀ ਹੈ।

ਸ਼ਾਇਦ ਇਸੇ ਲਈ ਕੁਝ ਸਿਆਸੀ ਆਗੂਆਂ ਨੇ ਡੇਰੇ ਦੇ ਸਮਾਗਮਾਂ ਵਿਚ ਹਾਜ਼ਰੀ ਲਗਵਾਈ ਹੈ।

ਇਹ ਵੀ ਪੜ੍ਹੋ:

ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਸੰਗਰੂਰ, ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਅਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਫ਼ਿਰੋਜ਼ਪੁਰ ਵਿੱਚ ਡੇਰਾ ਪ੍ਰੇਮੀਆਂ ਦੇ ਇਕੱਠ ਵਿਚ ਦੇਖਿਆ ਗਿਆ ਹੈ।

ਸਿਆਸੀ ਦਲਾਂ ਦੇ ਆਗੂਆਂ ਵੱਲੋਂ ਡੇਰਾ ਸੱਚਾ ਸੌਦਾ ਦੇ ਇਕੱਠਾਂ ਵਿੱਚ ਸ਼ਾਮਲ ਹੋਣ ਸਬੰਧੀ ਜਦੋਂ ਟੈਲੀਫੋਨ ਰਾਹੀਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਜਵਾਬ ਸੀ, 'ਧਾਰਮਿਕ ਸਮਾਗਮ ਹਨ ਕ੍ਰਿਪਾ ਕਰਕੇ ਸਿਆਸਤ ਨਾਲ ਨਾ ਜੋੜੋ।'

ਗੁਰਬਚਨ ਸਿੰਘ

ਤਸਵੀਰ ਸਰੋਤ, BBC/Surinder Mann

ਤਸਵੀਰ ਕੈਪਸ਼ਨ, ਡੇਰਾ ਸੱਚਾ ਸੌਦਾ ਨਾਲ ਜੁੜੇ ਪ੍ਰਬੰਧਕ ਗੁਰਬਚਨ ਸਿੰਘ

ਡੇਰੇ ਆਊਣ ਵਾਲੇ ਆਗੂਆਂ ਵਿਚ ਅਕਾਲੀ ਦਲ ਦੇ ਕਿਸੇ ਆਗੂ ਦੀ ਅਜੇ ਤੱਕ ਸ਼ਮੂਲੀਅਤ ਨਹੀਂ ਦੇਖੀ ਗਈ।

ਇਸ ਦਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ, ਜਿਸ ਵਿਚ ਸਿੱਖਾਂ ਨੂੰ 29 ਅਪ੍ਰੈਲ 2007 ਨੂੰ ਡੇਰਾ ਮੁਖੀ ਦੇ ਜਾਮ-ਏ-ਇੰਸਾ ਸਮਾਗਮ ਤੋਂ ਬਾਅਦ ਡੇਰਾ ਪ੍ਰੇਮੀਆਂ ਨਾਲ ਕੋਈ ਸਬੰਧ ਨਾ ਰੱਖਣ ਲਈ ਕਿਹਾ ਗਿਆ ਹੈ।

ਅਕਾਲੀ ਦਲ ਇਸੇ ਲਈ ਜਨਤਕ ਤੌਰ ਉੱਤੇ ਸਮਾਗਮਾਂ ਤੋਂ ਦੂਰੀ ਰੱਖਦਾ ਦਿਖ ਰਿਹਾ ਹੈ।

ਸਾਲ 2007 ਵਿੱਚ ਡੇਰੇ ਦੇ ਸਿਆਸੀ ਵਿੰਗ ਵੱਲੋਂ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਖੁੱਲ੍ਹੇਆਮ ਐਲਾਨ ਕੀਤਾ ਗਿਆ ਸੀ ਤਾਂ ਉਸ ਮਗਰੋਂ ਤਕਰੀਬਨ ਸਾਰੇ ਦਲਾਂ ਦੇ ਹੀ ਆਗੂ ਡੇਰਾ ਸੱਚਾ ਸੌਦਾ ਪਹੁੰਚੇ ਸਨ।

ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਦੀਆਂ ਤਸਵੀਰਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਵੀ ਸਾਹਮਣੇ ਆਈਆਂ ਸਨ।

ਪ੍ਰਿਥਵੀ ਸਿੰਘ

ਤਸਵੀਰ ਸਰੋਤ, BBC/Surinder Mann

ਤਸਵੀਰ ਕੈਪਸ਼ਨ, ਡੇਰਾ ਸੱਚਾ ਸੌਦਾ ਦੀ ਯੂਥ ਫੈਡਰੇਸ਼ਨ ਦੇ ਮੈਂਬਰ ਪ੍ਰਿਥਵੀ ਸਿੰਘ ਨੇ ਰੋਹ ਭਰਪੂਰ ਤਕਰੀਰ ਕੀਤੀ

ਪਰ 2017 ਵਿਚ ਅਕਾਲੀ ਦੇ ਨੇਤਾਵਾਂ ਅਤੇ ਕੁਝ ਸਿੱਖ ਆਗੂਆਂ ਨੂੰ ਡੇਰੇ ਦੇ ਸਮਾਗਮ ਵਿਚ ਜਾਣ ਕਾਰਨ ਅਕਾਲ ਤਖ਼ਤ ਉੱਤੇ ਤਲਬ ਕਰਕੇ ਧਾਰਮਿਕ ਸਜ਼ਾ ਸੁਣਾਈ ਗਈ ਸੀ।

ਬੇਅਦਬੀ ਦੇ ਇਲਜ਼ਾਮਾਂ ਉੱਤੇ ਡੇਰਾ

ਮੋਗਾ ਵਿਖੇ ਨਾਮ ਚਰਚਾ ਘਰ ਵਿੱਚ ਹੋਏ ਇਕੱਠ ਦੌਰਾਨ ਆਏ ਲੋਕਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਧਾਰਮਿਕ ਇਰਾਦੇ ਨਾਲ ਹੀ ਨਾਮ ਚਰਚਾ ਘਰਾਂ ਵਿੱਚ ਆਏ ਹਨ।

ਇਸ ਮੌਕੇ ਡੇਰਾ ਸੱਚਾ ਸੌਦਾ ਦੀ ਯੂਥ ਫੈਡਰੇਸ਼ਨ ਦੇ ਮੈਂਬਰ ਪ੍ਰਿਥਵੀ ਸਿੰਘ ਨੇ ਰੋਹ ਭਰਪੂਰ ਤਕਰੀਰ ਕੀਤੀ।

ਡੇਰਾ ਪੈਰੋਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਿਥਵੀ ਸਿੰਘ ਨੇ ਸਾਲ 2015 ਵਿੱਚ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮੁੱਦੇ ਬਾਰੇ ਗੱਲ ਕੀਤੀ।

ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ, "ਡੇਰਾ ਸੱਚਾ ਸੌਦਾ ਵੱਲੋਂ ਉਸ ਵੇਲੇ ਹੀ ਗੱਲ ਸਾਫ ਕਰ ਦਿੱਤੀ ਗਈ ਸੀ ਕਿ ਜਿਸ ਨੇ ਵੀ ਬੇਅਦਬੀ ਵਰਗਾ ਘਿਨਾਉਣਾ ਕਾਰਾ ਕੀਤਾ ਹੈ ਉਸ ਦਾ ਕੱਖ ਨਾ ਰਹੇ।"

ਉਨ੍ਹਾਂ ਇਲਜ਼ਾਮ ਲਾਉਂਦਿਆਂ ਕਿਹਾ, "ਇਹ ਕੁਝ ਸਿਆਸੀ ਦਲਾਂ ਦੀ ਚਾਲ ਸੀ ਕਿ ਡੇਰਾ ਸੱਚਾ ਸੌਦਾ ਨੂੰ ਬਦਨਾਮ ਕੀਤਾ ਜਾਵੇ ਅਤੇ ਡੇਰੇ ਦੀਆਂ ਸੰਗਤਾਂ ਦੀਆਂ ਵੋਟਾਂ ਉੱਪਰ ਆਪਣਾ ਪ੍ਰਭਾਵ ਕਾਇਮ ਕੀਤਾ ਜਾ ਸਕੇ।"

ਡੇਰਾ

ਤਸਵੀਰ ਸਰੋਤ, BBC/Surinder Mann

ਪ੍ਰਿਥਵੀ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ, "ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੇ ਮਾਮਲੇ ਵਿਚ ਫਸਾ ਕੇ ਕੁਝ ਸਿਆਸੀ ਆਗੂ ਰਾਜਨੀਤੀ ਤਾਂ ਕਰ ਗਏ ਪਰ ਉਨ੍ਹਾਂ ਨੂੰ ਇੱਕ ਨਾ ਇੱਕ ਦਿਨ ਇਸ ਦਾ ਹਿਸਾਬ ਜ਼ਰੂਰ ਦੇਣਾ ਪਵੇਗਾ।"

"ਡੇਰਾ ਪ੍ਰੇਮੀਆਂ ਨੂੰ ਜਾਣ ਬੁੱਝ ਕੇ ਬੇਅਦਬੀ ਮਾਮਲੇ ਵਿੱਚ ਫਸਾ ਕੇ ਉਨ੍ਹਾਂ ਉੱਪਰ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਹੈ। ਸਾਡੇ ਗੁਰੂ ਸੁਨਾਰੀਆ ਵਿਖੇ ਹਨ ਪਰ ਉਨ੍ਹਾਂ ਦੀ ਸੋਚ ਸਾਡੇ ਦਿਲਾਂ ਵਿੱਚ ਧੜਕਦੀ ਹੈ।"

"ਡੇਰਾ ਪ੍ਰੇਮੀਆਂ ਉੱਪਰ ਅਜਿਹਾ ਤਸ਼ੱਦਦ ਢਾਹਿਆ ਗਿਆ ਜਿਵੇਂ ਉਹ ਕਿਸੇ ਹੋਰ ਮੁਲਕ ਦੇ ਵਾਸੀ ਹੋਣ। ਮੈਨੂੰ ਕੁੱਟਿਆ ਗਿਆ, ਪੁੱਠਾ ਟੰਗਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਕਬੂਲਣ ਲਈ ਦਬਾਅ ਪਾਇਆ ਗਿਆ।"

ਉਨ੍ਹਾਂ ਕਿਹਾ, "ਸਮਾਂ ਆਵੇਗਾ, ਕੂੜ ਦਾ ਹਨੇਰਾ ਦੂਰ ਹੋਵੇਗਾ ਅਤੇ ਬੇਅਦਬੀ ਦੇ ਦੋਸ਼ੀ ਕੱਖੋਂ ਹੌਲੇ ਹੋ ਜਾਣਗੇ।"

ਡੇਰੇ ਦੇ ਸਿਆਸੀ ਸਮਰਥਨ ਬਾਰੇ

ਮੋਗਾ ਦੇ ਨਾਮ ਚਰਚਾ ਘਰ ਵਿੱਚ ਇੱਕ ਡੇਰਾ ਪ੍ਰੇਮੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਪਰ ਕਿਹਾ, "ਸਾਡੇ ਗੁਰੂ ਨੂੰ ਜਾਣ ਬੁੱਝ ਕੇ ਸਿਆਸਤ ਅਧੀਨ ਫਸਾਇਆ ਗਿਆ ਹੈ ਅਤੇ ਅਸੀਂ ਇਸ ਦਾ ਬਦਲਾ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਲਵਾਂਗੇ। ਬਦਲੇ ਦਾ ਰੂਪ ਵੋਟਾਂ ਹੋਣਗੀਆਂ।"

ਗੁਰਮੀਤ ਸਿੰਘ

ਤਸਵੀਰ ਸਰੋਤ, Getty Images

ਇਕੱਠ ਵਿੱਚ ਸ਼ਾਮਿਲ ਹੋਏ ਡੇਰਾ ਪੈਰੋਕਾਰਾਂ ਦਾ ਇਹ ਵੀ ਤਰਕ ਸੀ ਤੇ ਉਨ੍ਹਾਂ ਨੂੰ ਜੋ ਵੀ ਸੰਦੇਸ਼ ਡੇਰੇ ਵੱਲੋਂ ਮਿਲੇਗਾ ਉਸ ਉੱਪਰ ਉਹ 101 ਫ਼ੀਸਦੀ ਏਕਤਾ ਨਾਲ ਫੁੱਲ ਚੜ੍ਹਾਉਣਗੇ।

ਡੇਰਾ ਕਮੇਟੀ ਮੈਂਬਰ ਹਰਚਰਨ ਸਿੰਘ ਨੂੰ ਜਦੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਸਾਧ ਸੰਗਤ ਦੇ ਮਨਾਂ ਵਿੱਚ ਗੁੱਸਾ ਹੋ ਸਕਦਾ ਹੈ ਅਤੇ ਇਸ ਕਰਕੇ ਹੀ ਉਹ ਆਪਣੇ ਵਲਵਲੇ ਖੁੱਲ੍ਹ ਕੇ ਜ਼ਾਹਰ ਕਰ ਰਹੇ ਹਨ।"

"ਡੇਰਾ ਮੁਖੀ ਦੇ ਕੇਸਾਂ ਸਬੰਧੀ ਅਸੀਂ ਕਾਨੂੰਨੀ ਪੈਰਵੀ ਨਿਰੰਤਰ ਕਰ ਰਹੇ ਹਾਂ ਅਤੇ ਨਿਆਂਪਾਲਕਾ ਉੱਪਰ ਸਾਨੂੰ ਪੂਰਾ ਭਰੋਸਾ ਹੈ। ਇਕ ਦਿਨ ਸੱਚ ਦੀ ਜਿੱਤ ਹੋਵੇਗੀ।"

ਡੇਰੇ ਦਾ ਅਧਿਕਾਰਤ ਪ੍ਰਤੀਕਰਮ

ਡੇਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨਵੰਬਰ ਵਿਚ ਸੰਗਤਾਂ ਦਾ ਕੀਤਾ ਗਿਆ ਇਕੱਠ ਅਸਲ ਵਿਚ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ ਜਨਮ ਦਿਨ ਦੇ ਸਬੰਧ ਵਿੱਚ ਹੈ।

ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਕਹਿੰਦੇ ਹਨ, "ਇਹ ਦਿਨ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ। ਕਈ ਲੋਕ ਇਨ੍ਹਾਂ ਇਕੱਠਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ ਪਰ ਹਾਲੇ ਤੱਕ ਡੇਰੇ ਦੇ ਰਾਜਨੀਤਕ ਵਿੰਗ ਵੱਲੋਂ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਡੇਰਾ ਕਮੇਟੀ ਦੇ ਸਾਬਕਾ ਮੈਂਬਰ ਗੁਰਬਚਨ ਸਿੰਘ ਨੇ ਕਿਹਾ ਕਿ ਡੇਰੇ ਦਾ ਸਿਆਸਤ ਨਾਲ ਰੱਤੀ ਭਰ ਵੀ ਸਬੰਧ ਨਹੀਂ ਹੈ।

"ਅਸੀਂ ਮਨੁੱਖਤਾ ਦੀ ਸੇਵਾ ਕਰਦੇ ਹਾਂ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਮਾਨਵਤਾ ਭਲਾਈ ਦੇ ਦੱਸੇ ਗਏ 135 ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਸਮੇਂ ਤਿਆਰ ਰਹਿੰਦੇ ਹਾਂ।"

ਭਾਵੇਂ ਡੇਰੇ ਦੇ ਪ੍ਰਬੰਧਕ ਇਨ੍ਹਾਂ ਇਕੱਠਾਂ ਵਿਚ ਨਿਰੰਤਰ ਕਹਿ ਰਹੇ ਸਨ ਕਿ ਇਹ 'ਸ਼ਕਤੀ ਪ੍ਰਦਰਸ਼ਨ' ਨਹੀਂ ਸਗੋਂ ਧਾਰਮਿਕ ਸਮਾਗਮ ਹਨ ਪਰ ਪੰਡਾਲ ਵਿੱਚ ਬੈਠੇ ਡੇਰਾ ਪੈਰੋਕਾਰ ਇਹੀ ਕਹਿ ਰਹੇ ਸਨ ਕਿ 'ਵੋਟਾਂ ਆਉਣ ਦਿਓ।'

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)