ਪਾਕਿਸਤਾਨੀ ਮੀਡੀਆ ਨਰਿੰਦਰ ਮੋਦੀ, ਕੇਜਰੀਵਾਲ ਤੇ ਲੋਕ ਸਭਾ ਚੋਣਾਂ ਬਾਰੇ ਕੀ ਕਹਿ ਰਿਹਾ ਹੈ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਮੀਡੀਆ ਵਿੱਚ ਭਾਰਤ ਦੀਆਂ ਲੋਕ ਸਭਾ ਚੋਣਾਂ 2024 ਦੀ ਚਰਚਾ ਹੋ ਰਹੀ ਹੈ।
ਇਸ ਚਰਚਾ ਦੇ ਕੇਂਦਰ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਆਗੂਆਂ ਦੇ ਬਿਆਨ ਹਨ।
ਕੁਝ ਸਮਾਂ ਪਹਿਲਾਂ ਪਾਕਿਸਤਾਨ 'ਚ ਇਮਰਾਨ ਖ਼ਾਨ ਸਰਕਾਰ ਦੇ ਦੌਰ ਵਿੱਚ ਮੰਤਰੀ ਰਹਿ ਚੁੱਕੇ ਚੌਧਰੀ ਫਵਾਦ ਹੁਸੈਨ ਨੇ ਭਾਰਤ 'ਤੇ ਟਿੱਪਣੀ ਕੀਤੀ ਸੀ।
25 ਮਈ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਵੋਟ ਪਾਉਣ ਜਾ ਰਹੇ ਸਨ।
ਇਨ੍ਹਾਂ ਤਸਵੀਰਾਂ ਨੂੰ ਰੀ-ਟਵੀਟ ਕਰਦੇ ਹੋਏ ਫਵਾਦ ਚੌਧਰੀ ਨੇ ਲਿਖਿਆ ਸੀ, “ਸ਼ਾਂਤੀ ਅਤੇ ਸਦਭਾਵਨਾ... ਨਫ਼ਰਤ ਅਤੇ ਕੱਟੜਤਾ ਦੀਆਂ ਤਾਕਤਾਂ ਨੂੰ ਹਰਾ ਦਿਓ।"
ਫਵਾਦ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਲਿਖਿਆ, “ਚੌਧਰੀ ਸਾਹਬ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਆਪਣੇ ਮੁੱਦਿਆਂ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ ਟਵੀਟ ਦੀ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖ਼ਰਾਬ ਹਨ। ਤੁਸੀਂ ਆਪਣੇ ਦੇਸ਼ ਦੀ ਸੰਭਾਲੋ।"

ਤਸਵੀਰ ਸਰੋਤ, ANI
ਫਵਾਦ ਨੇ ਕੇਜਰੀਵਾਲ ਨੂੰ ਕੀ ਕਿਹਾ
ਇਸ 'ਤੇ ਫਵਾਦ ਚੌਧਰੀ ਨੇ ਜਵਾਬ ਦਿੱਤਾ, "ਸੀਐੱਮ ਸਾਹਬ, ਚੋਣਾਂ ਹੀ ਤੁਹਾਡਾ ਮੁੱਦਾ ਹੈ। ਭਾਰਤ ਹੋਵੇ ਜਾਂ ਪਾਕਿਸਤਾਨ, ਕੱਟੜਵਾਦ ਦੀ ਕੋਈ ਸੀਮਾ ਨਹੀਂ ਹੁੰਦੀ। ਜਿਸ ਦੀ ਵੀ ਅੰਤਰ-ਆਤਮਾ ਹੋਵੇਗੀ, ਉਹ ਇਸ ਨੂੰ ਸਹੀ ਨਹੀਂ ਕਹੇਗਾ। ਪਾਕਿਸਤਾਨ ਵਿੱਚ ਸਥਿਤ ਆਦਰਸ਼ ਨਹੀਂ ਹੈ ਪਰ ਹਰ ਕਿਸੇ ਨੂੰ ਬਿਹਤਰ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਅਰਵਿੰਦ ਕੇਜਰੀਵਾਲ ਅਤੇ ਫਵਾਦ ਵਿਚਾਲੇ ਇਸ ਸੰਵਾਦ ਨੂੰ ਦਿੱਲੀ ਭਾਜਪਾ ਨੇ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ।
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਸੀ ਕਿ ਕੇਜਰੀਵਾਲ ਲਈ ਵੋਟ ਪਾਉਣ ਦੀ ਅਪੀਲ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ।
ਇਹ ਸਿਰਫ਼ ਬਿਆਨਬਾਜ਼ੀ ਦਾ ਮਾਮਲਾ ਨਹੀਂ ਹੈ।
ਫਵਾਦ ਚੌਧਰੀ ਹੋਵੇ, ਪੀਐੱਮ ਨਰਿੰਦਰ ਮੋਦੀ ਜਾਂ ਸਾਬਕਾ ਨੌਕਰਸ਼ਾਹ, ਭਾਰਤੀ ਚੋਣਾਂ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਵਿੱਚ ਭਾਰਤੀ ਚੋਣਾਂ ਦੀ ਚਰਚਾ ਹੁੰਦੀ ਰਹੀ ਹੈ। ਪਾਕਿਸਤਾਨ ਦਾ ਮੀਡੀਆ ਵੀ ਇਸ ਬਾਰੇ ਰਿਪੋਰਟ ਕਰ ਰਿਹਾ ਹੈ।
ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ।

ਤਸਵੀਰ ਸਰੋਤ, ANI
ਪੀਐੱਮ ਮੋਦੀ ਨੇ ਪਾਕਿਸਤਾਨ 'ਤੇ ਕੀ ਕਿਹਾ?
ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਕਈ ਚੋਟੀ ਦੇ ਆਗੂ ਵੀ ਚੋਣ ਰੈਲੀਆਂ 'ਚ ਪਾਕਿਸਤਾਨ ਦਾ ਜ਼ਿਕਰ ਕਰਦੇ ਰਹੇ ਹਨ।
19 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਦਾਮੋਹ 'ਚ ਪੀਐੱਮ ਮੋਦੀ ਨੇ ਕਿਹਾ ਸੀ, “ਇੱਕ ਗੁਆਂਢੀ ਦੇਸ਼ ਜੋ ਅੱਤਵਾਦ ਦਾ ਸਪਲਾਇਰ ਸੀ, ਅੱਜ ਆਟੇ ਲਈ ਸੰਘਰਸ਼ ਕਰ ਰਿਹਾ ਹੈ।"
ਇੱਕ ਹੋਰ ਚੋਣ ਮੀਟਿੰਗ ਵਿੱਚ ਪੀਐੱਮ ਮੋਦੀ ਨੇ ਕਿਹਾ ਸੀ-ਵਿਰੋਧੀ ਧਿਰ ਨੂੰ ਪਾਕਿਸਤਾਨ ਦਾ ਐਟਮ ਬੰਬ ਸੁਪਨੇ ਵਿੱਚ ਆਉਂਦਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬਿਹਾਰ ਦੇ ਕਾਰਾਕਾਟ ਵਿੱਚ 26 ਮਈ ਨੂੰ ਇੱਕ ਚੋਣ ਰੈਲੀ ਵਿੱਚ ਕਿਹਾ, “ਕਾਂਗਰਸ ਪਾਕਿਸਤਾਨ ਦੇ ਐਟਮ ਬੰਬ ਤੋਂ ਡਰਦੀ ਹੈ। ਅਸੀਂ ਮੋਦੀ ਦੇ ਵਰਕਰ ਹਾਂ, ਅਸੀਂ ਕਿਸੇ ਤੋਂ ਨਹੀਂ ਡਰਦੇ।"
ਦਰਅਸਲ, ਕਾਂਗਰਸ ਆਗੂ ਮਣੀਸ਼ੰਕਰ ਅਈਅਰ ਦਾ ਇੱਕ ਇੰਟਰਵਿਊ ਹਾਲ ਹੀ ਵਿੱਚ ਵਾਇਰਲ ਹੋਇਆ ਸੀ। ਇਸ ਇੰਟਰਵਿਊ ਵਿੱਚ ਅਈਅਰ ਨੂੰ ਪਾਕਿਸਤਾਨ ਕੋਲ ਐਟਮ ਬੰਬ ਹੋਣ ਦੀ ਗੱਲ ਕਹਿੰਦਿਆਂ ਸੁਣਿਆ ਜਾ ਸਕਦਾ ਹੈ।
ਅਈਅਰ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਹਮਲਾਵਰ ਹੋ ਰਹੇ ਸਨ ਅਤੇ ਕਾਂਗਰਸ ਨੂੰ ਘੇਰਿਆਂ ਸੀ।
ਹਾਲ ਹੀ ਵਿੱਚ, ਇੱਕ ਇੰਟਰਵਿਊ ਵਿੱਚ, ਪੀਐੱਮ ਮੋਦੀ ਨੇ ਪਾਕਿਸਤਾਨ ਦੀ ਤਾਕਤ 'ਤੇ ਇੱਕ ਸਵਾਲ ਦਾ ਜਵਾਬ ਦਿੱਤਾ ਸੀ, "ਅਜਿਹਾ ਹੈ ਕਿ ਉਹ ਤਾਕਤ ਮੈਂ ਲਾਹੌਰ ਜਾ ਕੇ ਖ਼ੁਦ ਚੈੱਕ ਕਰ ਕੇ ਆਇਆ ਹਾਂ।"
“ਮੈਂ ਬਿਨਾਂ ਕਿਸੇ ਸੁਰੱਖਿਆ ਜਾਂਚ ਦੇ ਸਿੱਧਾ ਅੰਦਰ ਚਲਾ ਗਿਆ ਸੀ। ਉੱਥੇ ਇੱਕ ਰਿਪੋਰਟਰ ਰਿਪੋਰਟ ਕਰ ਰਿਹਾ ਸੀ ਕਿ ਹਾਏ ਅੱਲ੍ਹਾ ਤੌਬਾ... ਉਹ ਬਿਨਾਂ ਵੀਜ਼ੇ ਦੇ ਕਿਵੇਂ ਆ ਗਏ, ਅਰੇ ਇੱਕ ਸਮੇਂ ਵਿੱਚ ਇਹ ਮੇਰਾ ਹੀ ਦੇਸ਼ ਸੀ।"
ਮੋਦੀ ਨੇ ਇਸੇ ਇੰਟਰਵਿਊ ਵਿੱਚ ਕਿਹਾ ਸੀ, "ਪਾਕਿਸਤਾਨ ਦੇ ਲੋਕ ਪਰੇਸ਼ਾਨ ਹਨ, ਮੈਂ ਜਾਣਦਾ ਹਾਂ। ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕਾਰਨ ਮੈਂ ਹੀ ਹਾਂ, ਇਹ ਮੈਨੂੰ ਵੀ ਪਤਾ ਹੈ।"

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਆਗੂ ਅਤੇ ਸਾਬਕਾ ਨੌਕਰਸ਼ਾਹ ਕੀ ਬੋਲੇ
ਪੀਐੱਮ ਮੋਦੀ ਦੇ ਇਸ ਇੰਟਰਵਿਊ ਨੂੰ ਸਾਂਝਾ ਕਰਦੇ ਹੋਏ ਫਵਾਦ ਚੌਧਰੀ ਨੇ 26 ਮਈ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ, "ਵੱਡੇ ਦਫ਼ਤਰ ਵਿੱਚ ਛੋਟਾ ਆਦਮੀ। ਨਵਾਜ਼ ਸ਼ਰੀਫ਼ ਨੇ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਮੰਨ ਕੇ ਉਨ੍ਹਾਂ ਦਾ ਸਨਮਾਨ ਕੀਤਾ ਸੀ।"
10 ਮਈ ਨੂੰ ਇੱਕ ਹੋਰ ਇੰਟਰਵਿਊ ਵਿੱਚ ਪੀਐੱਮ ਮੋਦੀ ਨੇ ਪਾਕਿਸਤਾਨ ਦਾ ਵੀ ਜ਼ਿਕਰ ਕੀਤਾ ਸੀ।
ਪੀਐੱਮ ਮੋਦੀ ਨੇ ਕਿਹਾ ਸੀ, “ਸਾਨੂੰ ਪਾਕਿਸਤਾਨ ਦੇ ਰਵੱਈਏ ਨੂੰ ਲੈ ਕੇ ਆਪਣਾ ਦਿਮਾਗ਼ ਨਹੀਂ ਖਪਾਉਣਾ ਚਾਹੀਦਾ। ਸਾਨੂੰ ਆਪਣੇ ਟੀਚੇ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਮੈਂ ਪਾਕਿਸਤਾਨ, ਭਾਰਤ ਨੂੰ ਚਲਾਉਣ ਦੇ ਤਰੀਕਿਆਂ 'ਤੇ 10 ਸਾਲਾਂ ਲਈ ਪਾਬੰਦੀ ਲਗਾਈ ਹੋਈ ਹੈ। ਮੈਂ ਅਜਿਹਾ ਕਰਨਾ ਹੀ ਨਹੀਂ ਚਾਹੁੰਦਾ ਸੀ।"
ਪੀਐੱਮ ਮੋਦੀ ਨੇ ਕਿਹਾ ਸੀ, "ਪਾਕਿਸਤਾਨ ਨੇ 1947 ਵਿੱਚ ਆਪਣਾ ਦੇਸ਼ ਸਾਡੇ ਤੋਂ ਖੋਹ ਲਿਆ, ਹੁਣ ਆਪਣਾ ਚੰਗਾ ਕਰਨ। ਉਹ ਆਪਣੀ ਦੋ ਵਕਤ ਦੀ ਰੋਟੀ ਖਾ ਲੈਣ, ਬੱਸ। ਅਸੀਂ ਬਹੁਤ ਅੱਗੇ ਨਿਕਲ ਆਏ ਹਾਂ।"
ਪੀਐੱਮ ਮੋਦੀ ਦੇ ਇਸ ਇੰਟਰਵਿਊ ਨੂੰ ਭਾਰਤ ਵਿੱਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਸਾਂਝਾ ਕੀਤਾ ਸੀ।
ਅਬਦੁਲ ਬਾਸਿਤ ਨੇ 11 ਮਈ ਨੂੰ ਲਿਖਿਆ, "ਇਸ ਵਿੱਚ ਪਾਕਿਸਤਾਨ ਦਾ ਭਲਾ ਹੀ ਲੁਕਿਆ ਹੈ। ਸਬਰ ਰੱਖੋ। ਭਾਰਤ ਨੂੰ ਪਾਕਿਸਤਾਨ ਦੀ ਜ਼ਿਆਦਾ ਲੋੜ ਹੈ। ਜੇਕਰ ਮੋਦੀ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਹ ਆਪਣੇ ਬਿਆਨ ਵਾਪਸ ਲੈ ਲੈਣਗੇ। ਸਬਰ ਰੱਖੋ ਅਤੇ ਵੇਖੋ।"

ਤਸਵੀਰ ਸਰੋਤ, Reuters
ਪਾਕਿਸਤਾਨ ਦਾ ਮੀਡੀਆ ਕੀ ਕਹਿ ਰਿਹਾ ਹੈ?
ਪਾਕਿਸਤਾਨ ਦੇ ਕੁਝ ਮੀਡੀਆ ਸਮੂਹਾਂ 'ਚ ਭਾਰਤੀ ਚੋਣਾਂ 'ਚ ਪਾਕਿਸਤਾਨ ਦੀ ਚਰਚਾ 'ਤੇ ਖਬਰਾਂ ਆਈਆਂ ਹਨ।
ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਵਿੱਚ ਕੰਮ ਕਰ ਚੁੱਕੇ ਖੋਜਕਾਰ ਨੋਮਾਨ ਮਜੀਦ ਨੇ ਡਾਨ ਨਿਊਜ਼ ਲਈ ਇੱਕ ਲੰਮਾ ਲੇਖ ਲਿਖਿਆ ਹੈ।
ਇਸ ਲੇਖ ਦਾ ਸਿਰਲੇਖ ਹੈ- ਭਾਰਤ ਦੀਆਂ ਚੋਣਾਂ ਵਿੱਚ ਮੁਸਲਮਾਨਾਂ ਨਾਲ ਜੁੜੇ ਸਵਾਲ।
ਇਸ ਲੇਖ ਵਿਚ ਕਿਹਾ ਗਿਆ ਹੈ ਕਿ ਮੁਸਲਮਾਨ ਫਿਰ ਤੋਂ ਭਾਰਤ ਵਿਚ ਚੋਣਾਂ ਦੇ ਕੇਂਦਰ ਵਿਚ ਆ ਗਏ ਹਨ। 2019 ਦੀਆਂ ਚੋਣਾਂ 'ਚ ਭਾਰਤ ਤੋਂ ਬਾਹਰਲੇ ਦੁਸ਼ਮਣ 'ਤੇ ਚੋਣ ਪ੍ਰਚਾਰ ਕੇਂਦਰਿਤ ਸੀ।
ਲੇਖ ਮੁਤਾਬਕ 2019 ਵਿੱਚ ਭਾਜਪਾ-ਆਰਐੱਸਐੱਸ ਕਹਿ ਰਹੇ ਸਨ ਕਿ ਅਸੀਂ ਵੜ ਕੇ ਮਾਰਾਂਗੇ। 2024 ਵਿੱਚ ਉਹ ਭਾਰਤੀ ਮੁਸਲਮਾਨਾਂ ਨੂੰ ਘੁਸਪੈਠ ਕਰਨ ਵਾਲੇ ਕਰਾਰ ਦੇ ਰਹੇ ਹਨ।
ਡਾਨ ਦੀ ਰਿਪੋਰਟ ਵਿੱਚ ਪੀਐੱਮ ਮੋਦੀ ਦੇ ਉਨ੍ਹਾਂ ਬਿਆਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਤੁਹਾਡੀ ਜਾਇਦਾਦ ਮੁਸਲਮਾਨਾਂ ਨੂੰ ਦੇ ਦੇਵੇਗੀ।
ਹਾਲਾਂਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਕਾਂਗਰਸੀ ਆਗੂ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ।
ਡਾਨ ਦੇ ਲੇਖ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ-ਆਰਐੱਸਐੱਸ ਮੁਸਲਮਾਨਾਂ ਨੂੰ ਬਾਹਰੀ ਸਮਝਦੇ ਹਨ ਅਤੇ ਉਹ ਸ਼ੁੱਧੀਕਰਨ ਬਾਰੇ ਸੋਚ ਰੱਖਦੇ ਹਨ।
ਹਾਲਾਂਕਿ ਪੀਐੱਮ ਮੋਦੀ ਅਤੇ ਭਾਜਪਾ ਕਿਸੇ ਵੀ ਧਰਮ ਪ੍ਰਤੀ ਪੱਖਪਾਤ ਕਰਨ ਦੇ ਇਲਜ਼ਾਮਾਂ ਨੂੰ ਨਕਾਰਦੇ ਰਹੇ ਹਨ। ਭਾਜਪਾ ਦਾ ਕਹਿਣਾ ਹੈ ਕਿ ਸਰਕਾਰ ਸਭਕਾ ਸਾਥ, ਸਭਕਾ ਵਿਕਾਸ ਦੇ ਵਿਚਾਰ ਨਾਲ ਕੰਮ ਕਰਦੀ ਹੈ।

ਤਸਵੀਰ ਸਰੋਤ, Getty Images
ਮਲੀਹਾ ਲੋਧੀ ਕੀ ਕਹਿ ਰਹੀ ਹੈ?
ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਰਹਿ ਚੁੱਕੀ ਮਲੀਹਾ ਲੋਧੀ ਨੇ ਵੀ ਇੱਕ ਵਿਸ਼ਲੇਸ਼ਣ ਲਿਖਿਆ ਹੈ।
ਡਾਨ ਨਿਊਜ਼ 'ਚ ਲਿਖੇ ਇਸ ਲੇਖ 'ਚ ਉਹ ਕਹਿੰਦੀ ਹੈ- ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀਆਂ ਗੱਲਾਂ ਵੱਡੇ ਪੱਧਰ 'ਤੇ ਕਹੀਆਂ ਜਾ ਰਹੀਆਂ ਹਨ। ਹਾਲਾਂਕਿ, ਕੁਝ ਨੂੰ ਸ਼ੱਕ ਹੈ ਕਿ ਕੀ 400 ਪਾਰ ਕਰਨ ਦਾ ਬਿਆਨ ਸੱਚ ਹੈ।
ਇਸ ਲੇਖ 'ਚ ਮਲੀਹਾ ਨੇ ਪੀਐੱਮ ਮੋਦੀ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਜੇਹਾਦ ਛੇੜਨ ਦੀ ਧਮਕੀ ਦਿੱਤੀ ਅਤੇ ਵੋਟ ਜੇਹਾਦ ਵਰਗੀਆਂ ਗੱਲਾਂ ਕਹੀਆਂ ਸਨ।
ਪੀਐੱਮ ਮੋਦੀ ਨੇ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਪਹਿਲਾਂ, ਜਦੋਂ ਅੱਤਵਾਦੀ ਹਮਲੇ ਹੁੰਦੇ ਸਨ ਤਾਂ ਕਾਂਗਰਸ ਡੋਜ਼ੀਅਰ ਭੇਜਦੀ ਸੀ, ਪਰ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵੜ ਕੇ ਮਾਰਿਆ।"
ਇਸ ਲੇਖ 'ਚ ਮੋਦੀ ਦੇ ਉਨ੍ਹਾਂ ਬਿਆਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ 'ਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਆਟੇ ਨੂੰ ਤਰਸ ਰਿਹਾ ਹੈ।
ਹਾਲ ਹੀ ਵਿੱਚ ਆਟੇ ਦੀਆਂ ਕੀਮਤਾਂ ਨੂੰ ਲੈ ਕੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਸਨ।
ਮਲੀਹਾ ਲੋਧੀ ਲਿਖਦੀ ਹੈ, "ਜੇਕਰ ਮੋਦੀ ਸੱਤਾ ਵਿੱਚ ਵਾਪਸ ਆਉਂਦੇ ਹਨ ਤਾਂ ਇਹ ਨਜ਼ਰੀਆ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਖ਼ਰਾਬ ਕਰ ਸਕਦਾ ਹੈ। ਕੁਝ ਲੋਕ ਕਹਿ ਸਕਦੇ ਹਨ ਕਿ ਪਾਕਿਸਤਾਨ 'ਤੇ ਮੋਦੀ ਦੀ ਬਿਆਨਬਾਜ਼ੀ ਚੋਣ ਰਾਜਨੀਤੀ ਦਾ ਹਿੱਸਾ ਹੈ। ਪਰ ਕਹੀਆਂ ਗੱਲਾਂ ਦੇ ਅੰਜ਼ਾਮ ਹੁੰਦੇ ਹਨ।"
ਉਹ ਕਹਿੰਦੀ ਹੈ, “ਪਾਕਿਸਤਾਨ ਵਿਰੋਧੀ, ਮੁਸਲਿਮ ਵਿਰੋਧੀ ਥੀਮ ਭਾਜਪਾ ਦੀ ਸੋਚ ਦਾ ਹਿੱਸਾ ਹੈ। ਅਜਿਹੇ 'ਚ ਅਗਲੀ ਸਰਕਾਰ 'ਚ ਭਾਰਤ-ਪਾਕਿਸਤਾਨ ਦੇ ਰਿਸ਼ਤੇ ਸੁਧਾਰਨ ਦੀ ਗੁੰਜਾਇਸ਼ ਘੱਟ ਹੈ।"

ਤਸਵੀਰ ਸਰੋਤ, MEA
ਭਾਰਤੀ ਚੋਣਾਂ ਅਤੇ ਪਾਕਿਸਤਾਨ
ਇਸੇ ਸਿਰਲੇਖ ਵਾਲਾ ਇੱਕ ਲੇਖ ‘ਦਿ ਐਕਸਪ੍ਰੈਸ ਟ੍ਰਿਬਿਊਨ’ ਵਿੱਚ ਛਪਿਆ ਹੈ।
ਇਸ ਸਿਰਲੇਖ ਦੇ ਨਾਲ ਪੀਐੱਮ ਮੋਦੀ ਦੇ ਉਸ ਬਿਆਨ ਨੂੰ ਜਗ੍ਹਾ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ, "ਇਹ ਇਤਫ਼ਾਕ ਨਹੀਂ ਹੋ ਸਕਦਾ ਕਿ ਜਦੋਂ ਭਾਰਤ ਵਿੱਚ ਕਾਂਗਰਸ ਖ਼ਤਮ ਹੋ ਰਹੀ ਹੈ, ਪਾਕਿਸਤਾਨ ਰੋ ਰਿਹਾ ਹੈ।"
ਇਸ ਲੇਖ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਪਾਕਿਸਤਾਨੀ ਡਿਪਲੋਮੈਟਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦਾ ਖਦਸ਼ਾ ਸੀ।
2019 ਦੀਆਂ ਚੋਣਾਂ ਤੋਂ ਪਹਿਲਾਂ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਦੀ ਗੱਲ ਕਹੀ ਸੀ।
ਇਸ ਸਟ੍ਰਾਈਕ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਕੀਤੇ ਗਏ ਦਾਅਵਿਆਂ ਨੂੰ ਵੀ ਇਸ ਲੇਖ ਵਿੱਚ ਥਾਂ ਦਿੱਤੀ ਗਈ ਹੈ।
ਲੇਖ ਦੇ ਅਨੁਸਾਰ, ਇਹ ਭਾਜਪਾ ਦਾ ਤਰੀਕਾ ਹੈ ਕਿ ਉਹ ਪਾਕਿਸਤਾਨ ਨਾਲ ਤਣਾਅ ਵਧਾ ਕੇ ਘਰੇਲੂ ਤੌਰ 'ਤੇ ਫਾਇਦਾ ਚੁੱਕਦਾ ਹੈ।
ਇਸੇ ਲੇਖ ਵਿੱਚ ਫਵਾਦ ਚੌਧਰੀ ਵੱਲੋਂ ਰਾਹੁਲ ਗਾਂਧੀ ਦਾ ਵੀਡੀਉ ਸ਼ੇਅਰ ਕਰਦਿਆਂ ਹੋਇਆਂ ਤਾਰੀਫ ਕਰਨ ਅਤੇ ਫਿਰ ਇਸ ਨੂੰ ਭਾਜਪਾ ਵੱਲੋਂ ਘੇਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਸ ਲੇਖ ਵਿਚ ਕਾਮਰਾਨ ਯੂਸਫ਼ ਲਿਖਦੇ ਹਨ, “ਇਹ ਸਭ ਦੇਖ ਕੇ ਪਤਾ ਲੱਗਦਾ ਹੈ ਕਿ ਆਗੂ ਕਿਸ ਤਰ੍ਹਾਂ ਭਾਰਤ ਜਾਂ ਪਾਕਿਸਤਾਨ ਵਿੱਚ ਨੇਤਾ ਲੋਕਾਂ ਨੂੰ ਮੂਰਖ ਬਣਾਉਂਦੇ ਹਨ।"
“ਫਵਾਦ ਚੌਧਰੀ ਦੇ ਟਵੀਟਸ ਨੂੰ ਪਾਕਿਸਤਾਨ ਵਿੱਚ ਕੋਈ ਵੀ ਨਹੀਂ ਪੁੱਛਦਾ। ਪਰ ਸਰਹੱਦ ਪਾਰ ਭਾਜਪਾ ਇਸ ਨੂੰ ਕਾਂਗਰਸ ਅਤੇ ਪਾਕਿਸਤਾਨ ਦੀ ਮਿਲੀਭੁਗਤ ਵਾਂਗ ਦਰਸਾਉਂਦੀ ਹੈ। ਇਹ ਇੱਕ ਅਜਿਹਾ ਤਰੀਕਾ ਹੈ ਜੋ ਪਾਕਿਸਤਾਨ ਵਿੱਚ ਵੀ ਅਪਣਾਇਆ ਜਾਂਦਾ ਹੈ।"
ਇਸ ਲੇਖ ਵਿੱਚ 2019 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਇਮਰਾਨ ਖ਼ਾਨ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਹੈ।
ਅਪ੍ਰੈਲ 2019 ਵਿੱਚ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਕਿਹਾ ਸੀ, "ਸ਼ਾਇਦ ਜੇਕਰ ਭਾਜਪਾ, ਜੋ ਕਿ ਇੱਕ ਸੱਜੇ ਪੱਖੀ ਪਾਰਟੀ ਹੈ, ਜਿੱਤ ਜਾਂਦੀ ਹੈ, ਤਾਂ ਕਸ਼ਮੀਰ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ।"
ਟ੍ਰਿਬਿਊਨ ਦੇ ਲੇਖ ਵਿੱਚ ਕਿਹਾ ਗਿਆ ਹੈ, "ਜੇਕਰ ਇੱਕ-ਦੂਜੇ ਬਾਰੇ ਕਹੀ ਗਈ ਗੱਲ ਦੇ ਸਹਾਰੇ ਕਿਸੇ ਦੇ ਰਾਸ਼ਟਰਵਾਦ ‘ਤੇ ਉਂਗਲੀ ਚੁੱਕੀ ਜਾ ਸਕਦੀ ਹੈ ਤਾਂ ਇਹ ਪਾਕਿਸਤਾਨ ਸੀ, ਜਿਸਨੇ 2019 ਚੋਣਾਂ ਨੂੰ ਜਿੱਤਣ ਵਿੱਚ ਭਾਜਪਾ ਦੀ ਮਦਦ ਕੀਤੀ ਸੀ।"












