ਸੰਗਰੂਰ ਜ਼ਿਮਨੀ ਚੋਣ ਸਿਮਰਨਜੀਤ ਮਾਨ ਨੇ ਜਿੱਤੀ, ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ

ਤਸਵੀਰ ਸਰੋਤ, SM/BM
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਸੰਗਰੂਰ ਲੋਕ ਸਭਾ ਸੀਟ ਦੀਆਂ ਜ਼ਿਮਨੀ ਚੋਣਾਂ ਲਈ 23 ਜੂਨ ਨੂੰ ਪਈਆਂ ਵੋਟਾਂ ਵਿਚ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ।
ਸੰਗਰੂਰ ਲੋਕ ਸਭਾ ਹਲਕੇ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਸਾਂਸਦ ਸਨ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸੀਟ ਮਾਰਚ 2022 ਤੋਂ ਖਾਲੀ ਸੀ।
ਮਾਰਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁੰਝਾ ਫੇਰ ਜਿੱਤ ਨਾਲ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਦੀ ਜ਼ਿਮਨੀ ਚੋਣ ਸਰਕਾਰ ਲਈ ਪਹਿਲੀ ਚੋਣ ਹੈ।
ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਐਸਪੀ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ , ਭਾਜਪਾ ਦੇ ਕੇਵਲ ਢਿੱਲੋਂ ਅਤੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਵੀ ਆਪਣੀ ਕਿਸਮਤ ਅਜ਼ਮਾ ਰਹੇ ਸਨ।
ਕਿਵੇਂ ਰਹੀ ਸੀ ਚੋਣਾਂ ਦੀ ਤਿਆਰੀ
ਭਾਰਤੀ ਜਨਤਾ ਪਾਰਟੀ ਨੇ ਇਸ ਦੀ ਤਿਆਰੀ ਲਈ ਕਾਫੀ ਪਹਿਲਾ ਹੀ ਬੈਠਕਾਂ ਦਾ ਸਿਲਸਿਲਾ ਵਿੱਢ ਦਿੱਤਾ ਸੀ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਕੇਵਲ ਢਿੱਲੋਂ ਨੂੰ ਪਾਰਟੀ ਨੇ ਉਮੀਦਵਾਰ ਐਲਾਨਿਆ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਖ਼ੁਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕ ਸਭਾ ਹਲਕੇ ਵਿੱਚ ਰੋਡ ਸ਼ੋਅ ਵੀ ਕੀਤੇ ਗਏ ਸਨ।

ਤਸਵੀਰ ਸਰੋਤ, Getty Images
ਸੰਗਰੂਰ ਜ਼ਿਮਨੀ ਚੋਣਾਂ ਦੇ ਉਮੀਦਵਾਰ
ਗੁਰਮੇਲ ਸਿੰਘ (ਆਮ ਆਦਮੀ ਪਾਰਟੀ)
ਉਨ੍ਹਾਂ ਦਾ ਸਬੰਧ ਪਿੰਡ ਘਰਾਚੋਂ ਨਾਲ ਹੈ ਅਤੇ ਉਹ ਇਸ ਪਿੰਡ ਦੇ ਸਰਪੰਚ ਹਨ।
ਉਨ੍ਹਾਂ 2013 ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਮੇਲ ਸਿੰਘ ਨੇ ਭਗਵੰਤ ਮਾਨ ਲਈ ਪ੍ਰਚਾਰ ਵੀ ਕੀਤਾ ਸੀ।
ਗੁਰਮੇਲ ਸਿੰਘ ਨੇ 2018 ਵਿੱਚ ਕਾਂਗਰਸ ਦੇ ਰਾਜ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਘਰਾਚੋਂ ਪਿੰਡ ਦੀ ਸਰਪੰਚੀ ਜਿੱਤੀ ਸੀ।
2021 ਵਿੱਚ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਥੋੜ੍ਹੇ ਹੀ ਸਮੇਂ ਵਿੱਚ ਦੋ ਜ਼ਿਲ੍ਹਾ ਪ੍ਰਧਾਨ ਬਦਲ ਚੁੱਕੀ ਸੀ।
ਹਲਫ਼ਨਾਮੇ ਮੁਤਾਬਕ ਗੁਰਮੇਲ ਸਿੰਘ ਕੋਲ 9 ਲੱਖ ਚੱਲ ਜਾਇਦਾਦ ਅਤੇ 1 ਕਰੋੜ 22 ਲੱਖ ਤੋਂ ਵੱਧ ਅਚੱਲ ਜਾਇਦਾਦ ਹੈ। ਉਨ੍ਹਾਂ ਸਿਰ ਪੰਜ ਲੱਖ ਤੋਂ ਵੱਧ ਦਾ ਕਰਜ਼ਾ ਹੈ।
ਕਮਲਦੀਪ ਕੌਰ (ਸ਼੍ਰੋਮਣੀ ਅਕਾਲੀ ਦਲ, ਬਾਦਲ)
ਸ਼੍ਰੋਮਣੀ ਅਕਾਲੀ ਦਲ, ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਮਮੂਹ ਪੰਥਕ ਜਥੇਬੰਦੀਆਂ ਵੱਲੋਂ ਸਾਂਝਾ ਉਮੀਦਵਾਰ ਐਲਾਨਿਆ ਸੀ।
ਕਮਲਦੀਪ ਕੌਰ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਭੁਗਤ ਰਹੇ ਹਨ।
ਅਕਾਲ ਤਖ਼ਤ ਜਥੇਦਾਰ ਨੇ ਅਪੀਲ ਕੀਤੀ ਗਈ ਸੀ ਕਿ ਸੰਗਰੂਰ ਜ਼ਿਮਨੀ ਚੋਣਾਂ ਲਈ ਬੰਦੀ ਸਿੱਖਾਂ ਦੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ।ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ।
ਕਮਲਦੀਪ ਕੌਰ ਵੱਲੋਂ ਦਾਖਲ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਨ੍ਹਾਂ ਨੇ ਬੀਏ ਤੱਕ ਪੜ੍ਹਾਈ ਕੀਤੀ ਹੈ।
ਉਨ੍ਹਾਂ ਦੀ ਅਤੇ ਪਤੀ ਦੀ ਕੁੱਲ ਚੱਲ ਜਾਇਦਾਦ ਸਾਢੇ 4 ਲੱਖ ਰੁਪਏ ਤੋਂ ਉੱਤੇ ਹੈ। ਉਨ੍ਹਾਂ ਦੀ ਅਚੱਲ ਜਾਇਦਾਦ 50 ਲੱਖ ਰੁਪਏ ਤੋਂ ਉੱਤੇ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿਰ 27 ਹਜ਼ਾਰ ਰੁਪਏ ਦਾ ਕਰਜ਼ਾ ਹੈ।
ਦਲਵੀਰ ਗੋਲਡੀ (ਕਾਂਗਰਸ)
ਕਾਂਗਰਸ ਵੱਲੋਂ ਇਸ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਦਲਵੀਰ ਸਿੰਘ ਉਰਫ਼ ਗੋਲਡੀ ਖੰਗੂੜਾ ਸਨ।
ਦਲਵੀਰ ਧੂਰੀ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਐਫੀਡੇਵਿਟ ਦੇ ਮੁਤਾਬਕ, ਗੋਲਡੀ ਨੇ ਆਪਣੀ ਅਤੇ ਆਪਣੀ ਪਤਨੀ ਦੀ ਕੁੱਲ ਚੱਲ ਜਾਇਦਾਦ 33 ਲੱਖ ਤੋਂ ਵੱਧ ਦੱਸੀ ਹੈ। ਇਸ ਤੋਂ ਇਲਾਵਾ ਅਚੱਲ ਜਾਇਦਾਦ ਆਪਣੀ ਅਤੇ ਆਪਣੀ ਪਤਨੀ ਸਣੇ ਕਰੀਬ 50 ਲੱਖ ਦੱਸੀ।
ਉਨ੍ਹਾਂ ਸਿਰ ਕੁੱਲ ਕਰ਼ਜਾ 50 ਲੱਖ ਤੋਂ ਵੱਧ ਹੈ।
ਉਨ੍ਹਾਂ ਖ਼ਿਲਾਫ਼ 2015 ਵਿੱਚ ਧੂਰੀ ਦੇ ਸਦਰ ਅਤੇ ਸਿਟੀ ਥਾਣੇ ਵਿੱਚ ਲੱਡਾ ਟੋਲ ਪਲਾਜ਼ਾ ਖ਼ਿਲਾਫ਼ ਮੁਜ਼ਾਹਰੇ ਦੇਣ ਕਾਰਨ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।
ਕੇਵਲ ਸਿੰਘ ਢਿੱਲੋਂ (ਭਾਜਪਾ)
ਭਾਜਪਾ ਵੱਲੋਂ ਸੰਗਰੂਰ ਜ਼ਿਮਨੀ ਚੋਣ ਉਮੀਦਵਾਰ ਐਲਾਨੇ ਗਏ ਕੇਵਲ ਸਿੰਘ ਢਿੱਲੋਂ ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਹੁੰਦੇ ਸਨ।
2019 ਦੀਆਂ ਆਮ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
12ਵੀਂ ਪਾਸ ਕੇਵਲ ਸਿੰਘ ਢਿੱਲ਼ੋਂ ਦਾ ਸਬੰਧ ਬਰਨਾਲਾ ਸ਼ਹਿਰ ਨਾਲ ਹੈ ਅਤੇ ਉਹ ਇਸੇ ਵਿਧਾਨ ਸਭਾ ਤੋਂ 2012 ਵਿੱਚ ਜੇਤੂ ਰਹੇ ਸਨ।
ਹਲਫ਼ਨਾਮੇ ਵਿੱਚ ਕੇਵਲ ਢਿੱਲੋਂ ਨੇ ਆਪਣੀ ਅਤੇ ਪਤਨੀ ਸਣੇ ਚੱਲ ਜਾਇਦਾਦ 43 ਕਰੋੜ ਤੋਂ ਵੱਧ ਦੱਸੀ ਹੈ ਅਤੇ ਅਚੱਲ ਜਾਇਦਾਦ 88 ਕਰੋੜ ਤੋਂ ਵੱਧ।
ਕੇਵਲ ਸਿੰਘ ਢਿੱਲੋਂ ਸਿਰ 7 ਕਰੋੜ ਤੋਂ ਵੱਧ ਦਾ ਕਰਜ਼ਾ ਹੈ।
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣ ਲਈ ਆਪਣੀ ਪਾਰਟੀ ਵੱਲੋਂ ਉਮੀਦਵਾਰ ਸਨ।
76 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ।
2019 ਦੇ ਹਲਫ਼ਨਾਮੇ ਮੁਤਾਬਕ ਸਿਮਰਨਜੀਤ ਮਾਨ ਨੇ 1966 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਬੀ ਏ ਆਨਰਜ਼ ਤੱਕ ਪੜ੍ਹਾਈ ਕੀਤੀ ਹੈ।
ਉਹ ਦੋ ਵਾਰ ਐਮ ਪੀ ਰਹਿ ਚੁੱਕੇ ਹਨ, 1989 ਵਿੱਚ ਤਰਨ ਤਾਰਨ ਤੋਂ ਅਤੇ 1999 ਵਿੱਚ ਸੰਗਰੂਰ ਤੋਂ।
ਸ਼ਿਮਲਾ ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ ਆਈਪੀਐੱਸ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਖ਼ਿਲਾਫ਼ ਮੁਜ਼ਾਹਰੇ ਦੇ ਪ੍ਰਤੀਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ।
ਐਫ਼ੀਡੇਵਿਟ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਚੱਲ ਜਾਇਦਾਦ ਕਰੀਬ 60 ਲੱਖ ਅਤੇ ਅਚੱਲ ਜਾਇਦਾਦ 4 ਕਰੋੜ 30 ਲੱਖ ਤੋਂ ਵੱਧ ਹੈ ਅਤੇ 18 ਲੱਖ ਤੋਂ ਵੱਧ ਦਾ ਕਰਜ਼ਾ ਹੈ।
ਉਨ੍ਹਾਂ ਖ਼ਿਲਾਫ਼ ਫਰੀਦਕੋਟ ਦੇ ਬਾਜਾਖਾਨਾ ਵਿਖੇ 2021 ਵਿੱਚ ਬਰਗਾੜੀ ਪਿੰਡ ਵਿਖੇ ਧਰਨਾ ਦੇਣ ਕਰਕੇ ਮਾਮਲਾ ਦਰਜ ਹੈ।
ਸੰਗਰੂਰ ਲੋਕ ਸਭਾ ਦੇ ਕੁੱਲ ਵੋਟਰ ਅਤੇ ਪੁਰਾਣੇ ਨਤੀਜੇ
ਸੰਗਰੂਰ ਲੋਕ ਸਭਾ ਹਲਕੇ ਵਿੱਚ ਕਰੀਬ 15 ਲੱਖ 69 ਹਜ਼ਾਰ 240 ਵੋਟਰ ਹਨ। ਇਹਨਾਂ ਵਿੱਚ 8 ਲੱਖ 30 ਹਜ਼ਾਰ 56 ਮਰਦ ਅਤੇ 7 ਲੱਖ 39 ਹਜ਼ਾਰ 140 ਔਰਤਾਂ ਹਨ।
ਭਾਵੇਂ ਚੋਣ ਵਿੱਚ ਵੋਟਰਾਂ ਵੱਲੋਂ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ ਅਤੇ ਕਰੀਬ 45 ਫੀਸਦ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਹੈ।
ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਲਗਾਤਾਰ ਦੋ ਵਾਰ ਜਿੱਤੀ ਗਈ। ਮਾਨ ਨੇ 2019 ਵਿੱਚ ਕਰੀਬ 1.10 ਲੱਖ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਸੀ।
ਇਸ ਤੋਂ ਪਹਿਲਾਂ 2014 ਵਿੱਚ ਉਹਨਾਂ ਨੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਨਾਲ ਹਰਾਇਆ ਸੀ।
ਪਰ ਝੋਨੇ ਦੇ ਸੀਜ਼ਨ ਕਾਰਨ - ਜੋ 17 ਜੂਨ ਤੋਂ ਸ਼ੁਰੂ ਹੋ ਰਿਹਾ ਹੈ - ਇਸ ਵਾਰ ਵੋਟ ਪ੍ਰਤੀਸ਼ਤ ਘੱਟਣ ਦੇ ਅਸਾਰ ਹਨ।
ਸੰਗਰੂਰ ਦਾ ਚੋਣ ਇਤਿਹਾਸ
ਸੰਗਰੂਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 6 ਵਾਰ, 5 ਵਾਰ ਅਕਾਲੀ ਦਲ, ਦੋ ਵਾਰ ਅਕਾਲੀ ਦਲ-ਮਾਨ, ਇੱਕ-ਇੱਕ ਵਾਰ ਸੀਪੀਆਈ, ਏਡੀਐੱਸ ਅਤੇ 2 ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ 2019 ਵਿੱਚ ਲਗਾਤਾਰ ਦੂਜੀ ਵਾਰ ਮੈਂਬਰ ਲੋਕ ਸਭਾ ਬਣੇ ਸਨ।
ਇਹ ਵੀ ਪੜ੍ਹੋ-
ਭਾਵੇਂ ਉਹ ਕਾਂਗਰਸ ਦੀ ਚੜ੍ਹਤ ਦੇ ਦਿਨਾਂ 'ਚ ਅਕਾਲੀ ਦਲ ਦੀ ਜਿੱਤ ਹੋਵੇ, ਸੀਪੀਆਈ ਦੀ, ਜਾਂ ਫਿਰ ਪੰਥਕ ਸਿਆਸਤ ਵਿੱਚ ਗਰਮ-ਸੁਰ ਸਮਝੇ ਜਾਂਦੇ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੀ ਪਾਰਟੀ ਦੀਆਂ ਜਿੱਤਾਂ, ਭਗਵੰਤ ਮਾਨ ਦੀ ਜਿੱਤ ਇਸੇ ਕੜੀ ਵਿੱਚ ਅਗਲੀ ਕੜੀ ਜੁੜ ਗਈ ਸੀ।
ਇਸ ਹਲਕੇ ਦੀ ਖਾਸ ਗੱਲ ਇਹ ਹੈ ਕਿ ਭਾਵੇਂ ਜਿੱਤ ਤਾਂ ਇੱਕ ਹੀ ਉਮੀਦਵਾਰ ਦੀ ਹੋਣੀ ਹੁੰਦੀ ਹੈ, ਪਰ ਇੱਥੋਂ ਬਹੁਜਨ ਸਮਾਜ ਪਾਰਟੀ, ਸੀਪੀਐੱਮ ਅਤੇ ਲੋਕ ਭਲਾਈ ਪਾਰਟੀ ਵੀ ਸਮੇਂ-ਸਮੇਂ ਲੱਖ ਤੋਂ ਵੱਧ ਵੋਟਾਂ ਹਾਸਲ ਕਰਦੇ ਰਹੇ ਹਨ।
ਇੱਥੇ ਰੌਚਕ ਗੱਲ ਇਹ ਵੀ ਹੈ ਕਿ ਜਿਸ ਹਲਕੇ ਨੇ 1962 ਦੀਆਂ ਚੋਣਾਂ ਤੋਂ ਬਾਅਦ ਕਿਸੇ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਾ ਮੌਕਾ ਨਹੀਂ ਦਿੱਤਾ, ਉੱਥੋਂ ਮਾਨ ਦੂਜੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚ ਗਏ ਸਨ।
ਸੰਗਰੂਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਸੰਗਰੂਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ।
ਇਨ੍ਹਾਂ ਵਿੱਚ ਸੰਗਰੂਰ, ਧੂਰੀ ਤੇ ਮਲੇਰਕੋਟਲਾ ਤੋਂ 2017 ਵਿੱਚ ਕਾਂਗਰਸ ਦੇ ਵਿਧਾਇਕ ਜਿੱਤੇ ਸਨ ਜਦਕਿ ਲਹਿਰਾਗਾਗਾ ਵਿੱਚ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਜਿੱਤੇ ਸਨ।

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਨੇ ਸੁਨਾਮ, ਦਿੜਬਾ, ਬਰਨਾਲਾ, ਮਹਿਲਕਲਾਂ ਅਤੇ ਭਦੌੜ ਤੋਂ ਵਿਧਾਨ ਸਭਾ ਹਲਕੇ ਜਿੱਤੇ ਸਨ।
2014 ਵਿੱਚ ਆਮ ਆਦਮੀ ਪਾਰਟੀ ਨੇ ਜਿੰਨੀ ਵੱਡੀ ਗਿਣਤੀ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਉਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੁਹਰਾਇਆ ਤੇ 9 ਵਿੱਚੋਂ ਪੰਜ ਸੀਟਾਂ ਜਿੱਤੀਆਂ।
ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ ਹੀ 9 ਸੀਟਾਂ ਉੱਤੇ ਹੁੰਝਾ ਫੇਰ ਜਿੱਤ ਹਾਸਲ ਕੀਤੀ ਸੀ।
ਸੰਗਰੂਰ ਹਲਕੇ ਦੇ 4 ਪਰਿਵਾਰ
ਕਾਂਗਰਸ ਦੇ ਭੱਠਲ ਤੇ ਸਿੰਗਲਾ ਅਤੇ ਅਕਾਲੀ ਦਲ ਦੇ ਢੀਂਡਸਾ ਤੇ ਬਰਨਾਲਾ ਪਰਿਵਾਰ ਸੰਗਰੂਰ ਹਲਕੇ ਦੀਆਂ ਅਹਿਮ ਸਿਆਸੀ ਧਿਰਾਂ ਰਹੀਆਂ ਹਨ।
ਭੱਠਲ ਪਰਿਵਾਰ ਆਜ਼ਾਦੀ ਘੁਲਾਟੀਏ ਹੀਰਾ ਸਿੰਘ ਭੱਠਲ ਦਾ ਪਰਿਵਾਰ ਹੈ। ਹੀਰਾ ਸਿੰਘ ਭੱਠਲ ਦੀ ਧੀ ਰਜਿੰਦਰ ਕੌਰ ਭੱਠਲ ਭਾਵੇਂ ਕਦੇਂ ਸੰਸਦ ਮੈਂਬਰ ਨਹੀਂ ਬਣੇ ਪਰ ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਲਹਿਰਾਗਾਗਾ ਹਲਕੇ ਤੋਂ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਅਤੇ ਕੈਪਟਨ ਦੇ ਰਾਜ ਦੌਰਾਨ ਪੰਜਾਬ ਯੋਜਨਾ ਕਮਿਸ਼ਨ ਦੀ ਡਿਪਟੀ ਚੇਅਰਪਰਸਨ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੱਠਲ, ਸਿੰਗਲਾ, ਢੀਂਡਸਾ ਅਤੇ ਬਰਨਾਲਾ ਪਰਿਵਾਰ ਨਾਲ ਸਬੰਧਤ ਅਤੇ ਉਨ੍ਹਾਂ ਦੇ ਸਮਰਥਨ ਵਾਲੇ ਸਾਰੇ ਉਮੀਦਵਾਰਾਂ ਦਾ ਸਫਾਇਆ ਹੋ ਗਿਆ।
2017 ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸੰਤ ਰਾਮ ਸਿੰਗਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਵਿਜੇ ਇੰਦਰ ਸਿੰਗਲਾ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਸੀਟ ਨਹੀਂ ਬਚਾ ਸਕੇ।
ਸਿੰਗਲਾ 2009 ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਲੋਕ ਸਭਾ ਮੈਂਬਰ ਬਣੇ ਸਨ ਪਰ 2014 ਦੀਆਂ ਚੋਣਾਂ ਵਿੱਚ ਤੀਜੇ ਨੰਬਰ ਉੱਤੇ ਆਏ ਸਨ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਬਰਨਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਤੇ ਵੱਡੇ ਕਾਰੋਬਾਰੀ ਕੇਵਲ ਢਿੱਲੋਂ ਨੂੰ ਉਤਾਰਿਆ ਸੀ, ਪਰ ਉਹ ਵੀ ਭਗਵੰਤ ਮਾਨ ਤੋਂ ਹਾਰ ਗਏ।
ਅਕਾਲੀ ਦਲ ਦੇ ਬਰਨਾਲਾ ਨਾਲ ਸਬੰਧਤ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ।
ਸੁਰਜੀਤ ਸਿੰਘ ਬਰਨਾਲਾ ਕੇਂਦਰੀ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਲੰਬਾ ਸਮਾਂ ਰਾਜਪਾਲ ਰਹੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਰਿਸ਼ਤੇ ਬਹੁਤੇ ਚੰਗੇ ਨਾ ਰਹਿਣ ਕਾਰਨ ਇਸ ਪਰਿਵਾਰ ਦਾ ਹੁਣ ਵਿਧਾਇਕ ਵੀ ਨਹੀਂ ਹੈ।
ਬਰਨਾਲਾ ਪਰਿਵਾਰ ਨੇ ਅਕਾਲੀ ਦਲ ਲੌਂਗੋਵਾਲ ਬਣਾਇਆ ਜੋ ਕੁਝ ਹੀ ਸਮੇਂ ਵਿੱਚ ਖਿੰਡ ਗਿਆ।
ਸੁਰਜੀਤ ਬਰਨਾਲਾ ਦੇ ਪੁੱਤਰ ਗਗਨਜੀਤ ਬਰਨਾਲਾ ਕਾਂਗਰਸ ਨਾਲ ਗਏ ਪਰ 2017 'ਚ ਵਿਧਾਨ ਸਭਾ ਦੀ ਟਿਕਟ ਨਾ ਮਿਲਣ ਕਾਰਨ ਉਹ ਮੁੜ ਅਕਾਲੀ ਦਲ ਦੇ ਨੇੜੇ ਆ ਗਏ।
ਮੰਨਿਆ ਜਾਂਦਾ ਹੈ ਕਿ ਬਰਨਾਲਾ ਪਰਿਵਾਰ ਨੂੰ ਟੱਕਰ ਦੇਣ ਲਈ ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਖੜ੍ਹਾ ਕੀਤਾ ਸੀ।
ਇਸ ਪਰਿਵਾਰ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪਿਛਲੀ ਅਕਾਲੀ ਸਰਕਾਰ ਵਿੱਚ ਵਿੱਤ ਮੰਤਰੀ ਸੀ।
ਉਹ ਅਕਾਲੀ ਦਲ ਵਲੋਂ ਰਾਜਸਭਾ ਮੈਂਬਰ ਵੀ ਰਹੇ, ਪਰ ਹੁਣ ਉਸ ਅਹੁਦੇ ਤੋਂ ਵੀ ਸੇਵਾਮੁਕਤ ਹੋ ਚੁੱਕੇ ਹਨ।
ਸੁਖਦੇਵ ਢੀਂਡਸਾ ਨੇ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ ਆਪਣੀ ਪਾਰਟੀ ਬਣਾ ਲਈ ਸੀ ਅਤੇ 2022 ਦੀਆਂ ਚੋਣਾਂ ਦੌਰਾਨ ਭਾਜਪਾ ਨਾਲ ਗਠਜੋੜ ਕੀਤਾ ਸੀ, ਪਰ ਚੋਣ ਸਿਆਸਤ ਵਿੱਚ ਕੋਈ ਕਮਾਲ ਨਹੀਂ ਦਿਖਾ ਸਕੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post


















