'ਅਮ੍ਰਿਤਪਾਲ ਬੰਦੀ ਸਿੱਖ ਨਹੀਂ', ਸੁਖਬੀਰ ਬਾਦਲ ਨੇ ਖਡੂਰ ਸਾਹਿਬ ਰੈਲੀ ਵਿੱਚ ਪੁੱਛੇ ਇਹ ਸਵਾਲ

ਸੁਖਬੀਰ ਬਾਦਲ

ਤਸਵੀਰ ਸਰੋਤ, BBC

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਵਿੱਚ ਚੋਣ ਰੈਲੀ ਦੌਰਾਨ ਆਪਣੇ ਸੰਬੋਧਨ ਦੌਰਾਨ ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਉੱਤੇ ਤਕੜਾ ਸ਼ਬਦੀ ਹਮਲਾ ਕੀਤਾ।

ਅਮ੍ਰਿਤਪਾਲ ਸਿੰਘ ਖਾਲਿਸਤਾਨ ਸਮਰਥਕ ਹਨ ਅਤੇ ਐੱਨਐੱਸਏ ਤਹਿਤ ਸਾਲ ਭਰ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

ਸੁਖਬੀਰ ਬਾਦਲ ਨੇ ਕਿਹਾ, ''ਮੈਂ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਨਹੀਂ ਹਾਂ, ਪਰ ਜਿੱਥੇ ਜਾਂਦਾ ਹਾਂ, ਲੋਕ ਸਵਾਲ ਪੁੱਛਦੇ ਹਨ, ਜਿਸਦਾ ਨਾ ਉਹ ਅਤੇ ਨਾ ਉਨ੍ਹਾਂ ਦੇ ਸਾਥੀ ਅਜੇ ਤੱਕ ਜਵਾਬ ਨਹੀਂ ਦੇ ਸਕੇ।''

''ਆਏ ਕਿੱਥੋਂ, ਇੰਨੇ ਸਾਲ ਰਹਿੰਦੇ ਕਿੱਥੇ ਸੀ। ਜੇ ਇੰਨੇ ਪੰਥਕ ਸੀ ਫਿਰ ਵਾਲ਼ ਕਿਉਂ ਕਟਵਾਏ। ਜੀਨਾਂ ਪਾਉਂਦੇ ਸੀ, ਵਾਲ਼ ਕਟਾਉਂਦੇ ਸੀ। 29-30 ਸਾਲ ਦੀ ਉਮਰ ਹੈ, ਇਕਦਮ ਪੰਥ ਕਿੱਥੋਂ ਜਾਗ ਪਿਆ। ਜਹਾਜ਼ ਤੋਂ ਉਤਰਦੇ ਹਨ, ਇੱਕ ਮਹੀਨੇ ਵਿੱਚ ਡਰਾਮਾ ਹੁੰਦੈ। ਲਿਆਏ ਜਾਂਦੇ ਐ, ਅਮ੍ਰਿਤ ਛਕਾਇਆ ਜਾਂਦਾ ਹੈ।''

ਸੁਖਬੀਰ ਬਾਦਲ ਨੇ ਅੱਗੇ ਕਿਹਾ, ''ਫੇਰ ਕਹਿੰਦੇ ਐ, ਮੈਂ ਧਰਮ ਦਾ ਪ੍ਰਚਾਰ ਕਰਾਂਗਾ। ਵਧੀਆ ਗੱਲ ਹੈ, ਧਰਮ ਦਾ ਪ੍ਰਚਾਰ ਕਰਨ ਵਾਲਿਆਂ ਦਾ ਆਪਾ ਨੂੰ ਸਾਥ ਦੇਣਾ ਚਾਹੀਦਾ, ਨਸ਼ੇ ਛੁਡਾਉਣ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਹੈ।''

''ਉਸ ਤੋਂ ਬਾਅਦ ਕਹਿੰਦੇ ਐ ਮੈਂ ਦੇਸ ਦੇ ਸੰਵਿਧਾਨ ਨੂੰ ਨਹੀਂ ਮੰਨਦਾ । ਫੇਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ। ਫੇਰ ਉਸਤੋਂ ਬਾਅਦ ਐਥੋਂ ਲਿਜਾਇਆ ਜਾਂਦਾ ਅਤੇ ਐੱਮਪੀ ਦੀ ਉਮੀਦਵਾਰ ਬਣਾ ਕੇ ਲਿਆਇਆ ਜਾਂਦਾ ਹੈ।''

ਅਕਾਲੀ ਆਗੂ ਨੇ ਅੱਗੇ ਕਿਹਾ, ''ਮੈਂ ਪੁੱਛਣਾ ਚਾਹੁੰਦਾ ਹਾਂ ਕਿ ਵਿਰਸਾ ਸਿੰਘ ਵਲਟੋਹਾ ਦੇ ਪਰਿਵਾਰ ਨੇ 6 ਸਾਲ ਜੇਲ੍ਹ ਵਿੱਚ ਰਹਿਣ ਦਾ ਰੌਲ਼ਾ ਪਾਇਆ ਕਿ ਸਾਨੂੰ ਛੱਡੋ, ਬਾਦਲ ਸਾਹਿਬ 16 ਸਾਲ ਜੇਲ੍ਹ ਵਿੱਚ ਰਹੇ, ਕੀ ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਰਨੇ ਦਿੰਦੇ ਦੇਖਿਆ ਕਿ ਮੇਰੇ ਬਾਪੂ ਨੂੰ ਛੱਡੋ। ਜਿਹੜ ਬੰਦਾ ਝੱਲ ਨਹੀਂ ਸਕਦਾ, ਉਹ ਕੌਮ ਦੀ ਕੀ ਅਗਵਾਈ ਕਰੇਗਾ?''

ਪੰਥਕ ਆਗੂਆਂ ਬਾਰੇ ਸਵਾਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਹ ਦਸ ਦਿਨ ਪਹਿਲਾਂ ਮੈਂ ਸੁਣ ਰਿਹਾ ਸੀ, ਬਲਜੀਤ ਸਿੰਘ ਦਾਦੂਵਾਲ ਕਹਿ ਰਹੇ ਸਨ, ਹਰਿਆਣ ਵਿੱਚ ਭਾਜਪਾ ਨੂੰ ਜਿਤਾਓ. ਕੱਲ ਮੈਂ ਬਿਆਨ ਸੁਣ ਰਿਹਾ ਸੀ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਨੂੰ ਜਿਤਾਓ, ਇਹ ਕਿਹੜੀਆਂ ਸ਼ਕਤੀਆਂ ਹਨ, ਕਿਹੜੀਆਂ ਏਜੰਸੀਆਂ ਹਨ, ਇਨ੍ਹਾਂ ਦਾ ਨਿਸ਼ਾਨਾਂ ਹੈ, ਤਹਾਨੂੰ (ਅਕਾਲੀ ਦਲ) ਕਮਜੋਰ ਕਰਨਾ। ਤੁਹਾਡੀ ਮਾਂ ਪਾਰਟੀ ਨੂੰ ਖ਼ਤਮ ਕਰਨਾ।

ਸੁਖਬੀਰ ਬਾਦਲ ਨੇ ਸਵਾਲ ਕੀਤਾ, ''ਮੈਂ ਕਹਿਣਾ ਚਾਹੁੰਦਾ ਹਾਂ, ਅਮ੍ਰਿਤਪਾਲ ਸਿੰਘ ਬੰਦੀ ਸਿੱਖ ਨਹੀਂ ਹੈ। ਬੰਦੀ ਸਿੰਘ ਉਹ ਜੋ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਜਜ਼ਬਾਤੀ ਹੋ ਕੇ ਕਾਰਵਾਈਆਂ ਕੀਤੀਆਂ। ਉਹ ਕਹਿੰਦੇ ਹਨ ਕਿ ਅਸੀਂ ਸਜਾਵਾਂ ਪੂਰੀਆਂ ਹੋ ਗਈਆਂ, ਉਨ੍ਹਾਂ ਨੂੰ ਛੱਡੋ, ਛੇ ਮਹੀਨੇ ਵਿੱਚ ਜੇਲ੍ਹ ਵਿੱਚ ਰਹਿ ਕੇ ਕੋਈ ਬੰਦੀ ਸਿੰਘ ਨਹੀਂ ਬਣ ਜਾਂਦਾ।''

''ਝਾੜੂ ਵਾਲਿਆਂ ਨੇ ਫੜੇ, ਉਨ੍ਹਾਂ ਐੱਨਐੱਸਏ ਲਗਾਇਆ, ਉਨ੍ਹਾਂ ਖਿਲਾਫ਼ ਕੋਈ ਬੋਲਦਾ ਨਹੀਂ। ਅਕਾਲੀ ਦਲ ਨੂੰ ਪੰਥਕ ਸੀਟ ਖਡੂਰ ਸਾਹਿਬ ਤੋ ਹਰਾਉਣ ਲਈ ਆਪਣਾ ਬੰਦਾ ਲਿਆਓ।''

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਅੱਜ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਸਮਾਗਮ ਦਾ ਆਯੋਜਨ ਕੀਤਾ

‘ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ਼ ਲਈ ਆਖਰੀ ਸਾਹ ਤੱਕ ਲੜਾਂਗਾ’- ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਕਿਹਾ ਕਿ,"ਮੈਂ ਪਿਛਲੇ ਦੋ ਸਾਲਾਂ ਤੋਂ ਹਰ ਮੰਚ ਹਰ ਸਟੇਜ ਉੱਤੇ ਆਪਣੀ ਗੱਲ ਰੱਖ ਰਿਹਾਂ ਹਾਂ।"

ਉਨ੍ਹਾਂ ਕਿਹਾ ਕਿ, “ਜੇ ਸਿੱਧੂ ਨੂੰ ਪ੍ਰਮਾਤਮਾ ਨੇ ਸਿੱਧੂ ਨੂੰ ਚੁੱਕਿਆਂ ਹੁੰਦਾ ਤਾਂ ਅਸੀਂ ਸਬਰ ਕਰ ਲੈਂਦੇ ਪਰ ਸਿੱਧੂ ਨੂੰ ਸਿਸਟਮ ਨੇ ਚੁੱਕਿਆ ਹੈ। ਦੋ ਸਾਲਾਂ ਵਿੱਚ ਅਸੀਂ ਮਹਿਜ਼ ਚਾਰਜ ਫਰੇਮ ਕਰ ਸਕੇ ਹਾਂ।”

“ਸਿੱਧੂ ਮੂਸੇਵਾਲਾ ਮਾਪਿਆਂ ਦਾ ਇੱਕਲੌਤਾ ਪੁੱਤ ਸੀ, ਉਸ ਨੂੰ ਮਾਰਿਆਂ ਕਿਉਂ ਗਿਆ? ਸਰਕਾਰ ਨੂੰ ਪੁੱਛਦਾ ਹਾਂ ਕਿ ਉਸ ਨੂੰ ਮਾਰਿਆ ਕਿਉਂ ਗਿਆ?”

“ਜਦੋਂ ਉਸ ਨੇ ਕਾਂਗਰਸ ਜੁਆਈਨ ਕੀਤੀ ਤਾਂ ਬਹੁਤ ਲੋਕਾਂ ਨੇ ਸਵਾਲ ਖੜੇ ਕੀਤੇ ਸਨ। ਪਰ ਉਸ ਨੇ ਕਿਹਾ ਕਿ ਪਾਰਟੀਆਂ ਕੈਂਡੀਡੇਟਾਂ ਨਾਲ ਬੰਨਦੀਆਂ ਹਨ। ਉਹ ਸੁਧਾਰ ਕਰਨਾ ਚਾਹੁੰਦਾ ਸੀ।”

ਬਲਕੌਰ ਸਿੰਘ ਨੇ ਕਿਹਾ ਕਿ, “ਤੁਸੀਂ ਸਾਰਿਆਂ ਨੇ ਪਰਿਵਾਰ ਦਾ ਸਾਥ ਦਿੱਤਾ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਜਦੋੰ ਤੱਕ ਸਾਹ ਹਨ ਇਨਸਾਫ਼ ਲਈ ਸੰਘਰਸ਼ ਕਰਦੇ ਰਹਾਂਗੇ।”

ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾ

ਤਸਵੀਰ ਸਰੋਤ, Getty Images

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਦੀਆਂ ਅਹਿਮ ਖ਼ਬਰਾਂ ਪੇਸ਼ ਕਰ ਰਹੇ ਹਾਂ।

“ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ ਅਤੇ ਪੈਸੇ ਨਹੀਂ ਦਿੰਦਾ ਇਹ ਗਲਤ ਹੈ।“

ਇਹ ਸ਼ਬਦ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਹੇ। ਉਹ ਲੁਧਿਆਣਾ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਨੁਮਾਇੰਦਿਆਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, ਪੰਜਾਬ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਜੋ ਕੰਮ ਕਰਨਾ ਹੈ, ਕਸ਼ਟ ਉਠਾਉਣਾ ਹੈ ਨਹੀਂ ਕਰ ਰਹੀ ਹੈ, ਗੱਲਾਂ ਕਰ ਰਹੇ ਹਨ ਅਤੇ ਪੰਜਾਬ ਲਈ ਇਹ ਚੰਗਾ ਨਹੀਂ ਹੈ।”

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਨੇ ਪੰਜਾਬ ਦਾ 9000 ਕਰੋੜ ਰੋਕਿਆ ਹੋਇਆ ਹੈ’।

ਕੇਰਜੀਵਾਲ ਤੇ ਸੀਤਾਰਮਨ ਆਪੋ-ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਲਈ ਪੰਜਾਬ ਆਏ ਹੋਏ ਹਨ।

ਪੰਜਾਬ ਵਿੱਚ ਪਹਿਲੀ ਤਰੀਕ ਨੂੰ ਦੇਸ ਵਿੱਚ ਜਾਰੀ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਵਿੱਚ ਵੋਟਾਂ ਪੈਣੀਆਂ ਹਨ। ਸੂਬੇ ਦੀਆਂ ਇਸ ਦਿਨ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਮਤਦਾਨ ਹੋਣਾ ਹੈ।

ਕੇਂਦਰੀ ਖਜਾਨਾ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਕੇਂਦਰ ਨੂੰ ਪੈਸਾ ਵਰਤ ਲਿਆ ਸਰਟੀਫਿਕੇਟ ਨਹੀਂ ਦੇ ਰਹੀ ਹੈ। ਜੇ ਪੰਜਾਬ ਸਰਕਾਰ ਆਪਣਾ ਸਰਟੀਫਿਕੇਟ ਦੇਵੇ ਤਾਂ ਹੋਰ ਪੈਸਾ ਚੁੱਕ ਸਕਦੀ ਹੈ।”

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ 2018-19 ਵਿੱਚ ਪੰਜਾਬ ਨੂੰ 43,323 ਕਰੋੜ ਮਿਲਿਆ। 2019-20 ਵਿੱਚ 12,267 ਕਰੋੜ ਜੋ 2020-21 ਵਿੱਚ ਵਧ ਗਿਆ। ਇੱਥੋਂ ਤੱਕ ਕਿ ਲੌਕਡਾਊਨ ਅਤੇ ਕਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਸੂਬੇ ਨੂੰ 15,761 ਕਰੋੜ ਰੁਪਏ ਮਿਲੇ।“

ਉਨ੍ਹਾਂ ਦੇ ਮੁਤਾਬਕ, “ਇਹ ਅੰਕੜੇ 2021-2022 ਦੇ ਦੌਰਾਨ ਵਧ ਕੇ 23,665 ਕਰੋੜ ਨੂੰ ਪਹੁੰਚ ਗਏ ਪਰ ਜਦੋਂ ਆਪ ਨੇ ਪੰਜਾਬ ਵਿੱਚ ਸਰਕਾਰ ਬਣਾਈ ਤਾਂ ਸੂਬੇ ਨੇ ਸਿਰਫ਼ 3000 ਕਰੋੜ ਪ੍ਰਾਪਤ ਕੀਤੇ।”

ਸੀਤਾਰਮਨ ਨੇ ਦਾਅਵਾ ਕੀਤਾ ਕਿ ਕੋਵਿਡ ਤੋਂ ਬਾਅਦ ਸੂਬਿਆਂ ਨੂੰ ਵਿਆਜ ਰਹਿਤ ਕਰਜ਼ ਦਿੱਤਾ ਗਿਆ ਸੀ। ਇਹ ਪੈਸੇ 50 ਸਾਲ ਲਈ ਦਿੱਤੇ ਗਏ ਹਨ। ਹਰੇਕ ਸੂਬੇ ਨੂੰ 7740 ਕਰੋੜ ਰੁਪਏ ਦਿੱਤੇ ਗਏ। ਪਰ ਪੰਜਾਬ ਸਰਕਾਰ ਨੇ ‘ਪੈਸੇ ਵਰਤ ਲਏ ਹਨ ਸਰਟੀਫਿਕੇਟ’ ਨਹੀਂ ਦਿੱਤੇ।

ਸੀਤਾਰਮਨ ਨੇ ਕਿਹਾ ਉਹ ਪੰਜਾਬ ਸਰਕਾਰ ਨੂੰ ਕਹਿੰਦੇ ਰਹੇ ਕਿ ਖ਼ਰਚ ਕੀਤੇ ਪੈਸੇ ਦਾ ਹਿਸਾਬ ਦਿਓ ਤੇ ਹੋਰ ਪੈਸੇ ਲਓ। ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ।

ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਨਪ੍ਰੀਤ ਬਾਦਲ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੂੰ “ਪੰਜਾਬ ਦੀ ਫਿਕਰ ਸੀ”।

ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ।

ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕੇਂਦਰੀ ਫੰਡਾਂ ਵਿੱਚ ਪੰਜਾਬ ਨਾਲ ਕੇਂਦਰ ਵੱਲੋਂ ਵਿਤਕਰੇ ਦਾ ਮਾਮਲਾ ਉੱਠਿਆ ਹੋਵੇ। ਪੰਜਾਬ ਵਿੱਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ।

ਬੀਤੇ ਕੱਲ੍ਹ ਦੀਆਂ ਅਹਿਮ ਘਟਨਾਵਾਂ ਤੁਸੀ ਇੱਥੇ ਦੇਖ ਸਕਦੇ ਹੋ।

ਈਡੀ ਵੱਲੋਂ ਰੂਪ ਨਗਰ ਵਿੱਚ 13 ਥਾਵਾਂ ਉੱਤੇ ਛਾਪੇਮਾਰੀ

ਇਨਫੋਰਸੈਂਟ ਡਾਇਰੈਕਟੋਰੇਟ ਜਲੰਧਰ ਰੂਪ ਨਗਰ ਵਿੱਚ 13 ਟਿਕਾਣਿਆਂ ਉੱਤੇ ਛਾਪੇਮਾਰੀ ਕਰ ਰਿਹਾ ਹੈ।

ਇਹ ਛਾਪੇਮਾਰੀ ਗੈਰ-ਕਾਨੂੰਨੀ ਮਾਈਨਿੰਗ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ, ਜੋ ਕਿ ਈਡੀ ਵੱਲੋਂ ਜ਼ਬਤ ਕੀਤੀ ਗਈ ਜ਼ਮੀਨ ਉੱਤੇ ਕੀਤੀ ਗਈ ਸੀ।

ਈਡੀ ਵੱਲੋਂ ਇਹ ਜ਼ਮੀਨ ਚਰਚਿਤ ਭੋਲਾ ਡਰੱਗ ਕੇਸ ਵਿੱਚ ਜ਼ਬਤ ਕੀਤੀ ਗਈ ਸੀ।

ਭੋਲਾ ਡਰੱਗ ਕੇਸ ਸੁਣਵਾਈ ਦੇ ਅਹਿਮ ਮੋੜ ਉੱਤੇ ਹੈ, ਜੋ ਕਿ ਪੀਐੱਮਐੱਲਏ (ਮਨੀ ਲਾਂਡਰਿੰਗ ਦੀ ਵਿਸ਼ੇਸ਼ ਰੋਕਥਾਮ ਐਕਟ) ਅਦਾਲਤ ਵਿੱਚ ਚੱਲ ਰਹੀ ਹੈ।

ਸ਼ਾਮਲ ਲੋਕਾਂ ਵਿੱਚ ਨਸੀਬ ਚੰਦ (ਮਾਈਨਿੰਗ ਮਾਫੀਆ) ਸ਼੍ਰੀ ਰਾਮ ਸਟੋਨ ਕ੍ਰਸ਼ਰਜ਼ ਅਤੇ ਹੋਰ ਲੋਕ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਤਲਾਸ਼ੀ ਦੌਰਾਨ ਤਿੰਨ ਕਰੋੜ ਦੀ ਨਗਦੀ ਬਰਾਮਦ ਕੀਤੀ ਜਾ ਚੁੱਕੀ ਹੈ।

ਵੋਟ ਦੀ ਸਿਆਹੀ ਦਿਖਾ ਕੇ ਇੱਥੇ ਮਿਲੇਗੀ ਖਾਣੇ ਵਿੱਚ ਛੋਟ

ਖਾਣਾ ਖਾ ਰਹੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਲੁਧਿਆਣਾ ਜ਼ਿਲ੍ਹੇ ਵਿੱਚ ਕਈ ਖਾਣ ਵਾਲੀਆਂ ਥਾਂਵਾਂ ਨੇ ਵੋਟ ਪਾਉਣ ਵਾਲੇ ਨਾਗਰਿਕਾਂ ਨੂੰ ਖਾਣੇ ਉੱਪਰ 25% ਦੀ ਛੋਟ ਦੇਣ ਦਾ ਐਲ਼ਾਨ ਕੀਤਾ ਹੈ।

ਇਹ ਛੋਟ ਲੈਣ ਲਈ ਵੋਟਰਾਂ ਨੂੰ ਪਹਿਲੀ ਜੂਨ ਤੋਂ ਆਪਣੀ ਉਂਗਲ ਉੱਤੇ ਵੋਟ ਪਾਉਣ ਤੋਂ ਬਾਅਦ ਲਗਾਈ ਜਾਣ ਵਾਲੀ ਨੀਲੀ ਸਿਆਹੀ ਦਿਖਾਉਣੀ ਪਵੇਗੀ।

ਸ਼ਹਿਰ ਵਿੱਚ ਵੋਟਰ ਟਰਨ ਆਊਟ ਵਧਾਉਣ ਦੇ ਮਕਸਦ ਨਾਲ, ਲੁਧਿਆਣਾ ਵਧੀਕ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ ਦੀ ਪ੍ਰਧਾਨਗੀ ਵਿੱਚ ਹੋਈ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨਾਲ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ।

ਇਸ ਪਹਿਲ ਵਿੱਚ— ਅੰਡਰਡੌਗਸ. ਬੁਵਿਟ, ਬਲਾਸੇ, ਐੱਮਬੀਡੀ ਮਾਲ, ਹੋਟਲ ਫਾਈਵ ਰਿਵਰਸ. ਆਇਰਨ ਸ਼ੈਫ਼, ਪਾਇਰੇਟਸ ਆਫ਼ ਗਰਿੱਲ, ਇਨਚੈਂਟਡ ਵੂਡਸ ਕਲੱਬ ਲਿਮਿਟਿਡ, ਮਜੈਸਟਿਕ ਹੋਟਲਸ, ਪਾਰਕ ਪਲਾਜ਼ਾ, ਗੋਲਾ ਸਿਜ਼ਲਰਸ ਲੁਧਿਆਣਾ, ਸਟੂਡੀਓ ਐੱਕਸਓ ਬਾਰ, ਕੈਫ਼ੇ ਓਲਿਓ, ਸਿਲਵਰ ਆਰਕ ਮਾਲ, ਪੈਰਾਗਨ ਵਾਟਰ ਫਰੰਟ, ਦਿ ਬੀਅਰ ਕੈਫ਼ੇ, ਹਿਆਤ ਰੈਜ਼ੀਡੈਂਸੀ, ਪਿਰਾਮਿਡ ਕੈਫ਼ੇ, ਹੋਟਲ ਜ਼ੀ ਗਰੈਂਡ, ਮਲਹੋਤਰਾ ਰਿਜੈਂਸੀ, ਰੈਡੀਸਨ ਬਲੂ ਹੋਟਲ, ਲਾਸ ਵੇਗਸ, ਪਾਮ ਕੋਰਟ, ਕੈਫ਼ੇ ਦਿੱਲੀ ਹਾਈਟਸ, ਏ ਹੋਟਲ, ਯੰਗਰ ਬਾਰ, ਐਂਡ ਜੀਐੱਸਬੀ ਹੌਸਪੀਟੈਲਿਟੀ ਪਰਾਈਵੇਟ ਲਿਮਿਟਿਡ ਅਤੇ ਹੋਰ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਵਿੱਚ ਵੋਟਰ ਟਰਨ ਆਊਟ ਨੂੰ ਉਤਸ਼ਾਹ ਦੇਣ ਲਈ ਬੂਥ ਪੱਧਰ ਦੇ ਅਧਿਕਾਰੀਆਂ ਨੂੰ ਨਗਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸੋਮਵਾਰ ਨੂੰ ਕਿਹਾ ਗਿਆ ਕਿ ਜਿਸ ਬੂਥ ਪੱਧਰ ਦੇ ਅਧਿਕਾਰੀ ਉੱਤੇ 10 ਫੀਸਦੀ ਜਾਂ ਉਸ ਤੋਂ ਵਧੇਰੇ ਮਤਦਾਨ ਹੋਇਆ ਉਨ੍ਹਾਂ ਨੂੰ 5000 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਕਰਨਾਟਕ ਦਾ ਸ਼ਹਿਰ ਬੈਂਗਲੂਰੂ ਜੋ ਅਕਸਰ ਆਪਣੇ ਨੀਵੇਂ ਵੋਟ ਫੀਸਦ ਲਈ ਚਰਚਾ ਵਿੱਚ ਰਹਿੰਦਾ ਹੈ। ਯਾਨਿ ਇੱਥੋਂ ਦੇ ਲੋਕ ਬਹੁਤ ਘੱਟ ਵੋਟ ਪਾਉਂਦੇ ਹਨ।

ਉੱਥੇ ਵੀ ਕਈ ਹੋਟਲਾਂ, ਟੈਕਸੀ ਸੇਵਾ ਦੇਣ ਵਾਲੀਆਂ ਕੰਪਨੀਆਂ ਅਤੇ ਹੋਰ ਫਰਮਾਂ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਦਾ ਐਲਾਨ ਕੀਤਾ ਸੀ।

ਇਨ੍ਹਾਂ ਸਕੀਮਾਂ ਵਿੱਚ ਮੁਫ਼ਤ ਖਾਣਾ, ਬੀਅਰ, ਟੈਕਸੀ ਦੇ ਕਿਰਾਏ ਵਿੱਚ ਛੋਟ ਅਤੇ ਸਿਹਤ ਦੀ ਜਾਂਚ ਵੀ ਸ਼ਾਮਲ ਸਨ।

ਸਕੀਮ ਦਾ ਲਾਭ ਲੈਣ ਲਈ ਕੁਝ ਰੈਸਟੋਰੈਂਟਾਂ ਵਿੱਚ ਲੋਕਾਂ ਨੂੰ ਵੋਟ ਕੀਤੀ ਹੋਣ ਦੇ ਸਬੂਤ ਵਜੋਂ ਆਪਣੀ ਸਿਆਹੀ ਵਾਲੀ ਉਂਗਲ ਦਿਖਾਉਣੀ ਸੀ।

ਕਰਨਾਟਕ ਹਾਈ ਕੋਰਟ ਨੇ ਹੋਟਲਾਂ ਦੀ ਇੱਕ ਐਸੋਸੀਏਸ਼ਨ ਨੂੰ ਇਜਾਜ਼ਤ ਦਿੱਤੀ ਕਿ ਉਹ ਲੋਕਾਂ ਨੂੰ ਮੁਫ਼ਤ ਵਿੱਚ ਜਾਂ ਰਿਆਇਤੀ ਦਰਾਂ ਉੱਤੇ ਭੋਜਨ ਪਰੋਸ ਸਕਦੇ ਹਨ, ਬਸ਼ਰਤੇ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)