ਲੋਕ ਸਭਾ ਚੋਣਾਂ: 'ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਥਾਂ 1100 ਦੇਵਾਂਗੇ'- ਭਗਵੰਤ ਮਾਨ

ਤਸਵੀਰ ਸਰੋਤ, Bhagwant Mann/X
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ, “ਸੂਬੇ ਦੀਆਂ ਮਾਵਾਂ ਭੈਣਾਂ ਨੂੰ ਹੁਣ 1000 ਰੁਪਏ ਮਹੀਨਾ ਦੀ ਥਾਂ ਉੱਤੇ ਹੁਣ 1100 ਰੁਪਏ ਮਹੀਨਾ ਦਿੱਤੇ ਜਾਣਗੇ ਅਤੇ ਇੱਕ ਵਾਰ ਸ਼ੁਰੂ ਕਰਨ ਤੋਂ ਬਾਅਦ ਇਹ ਸਕੀਮ ਲਗਾਤਾਰ ਜਾਰੀ ਰਹੇਗੀ।”
ਇਸ ਲਈ ਪੈਸਿਆਂ ਦੇ ਪ੍ਰਬੰਧ ਦੀ ਯੋਜਨਾ ਬਾਰੇ ਉਨ੍ਹਾਂ ਕਿਹਾ, “ਸੂਬੇ ਦੇ ਸਾਰੇ ਖੇਤਾਂ 'ਚ ਨਹਿਰੀ ਪਾਣੀ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ। ਜਿਸ ਨਾਲ ਆਉਣ ਵਾਲੇ ਦਿਨਾਂ 'ਚ 5 ਲੱਖ ਦੇ ਕਰੀਬ ਟਿਊਬਵੈੱਲ ਬੰਦ ਹੋਣਗੇ ਅਤੇ ਸੂਬੇ ਦਾ 6-7 ਹਜ਼ਾਰ ਕਰੋੜ ਬਿਜਲੀ ਸਬਸਿਡੀ ਦਾ ਬਚੇਗਾ।”
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਪੈਸਾ ਹੀ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਵਰਤਿਆਂ ਜਾਵੇਗਾ।

ਤਸਵੀਰ ਸਰੋਤ, Sushil Rinku/FB
ਅਮਿਤ ਸ਼ਾਹ ਦੀ ਫੇਰੀ ਬਾਰੇ ਗੱਲ ਕਰਦਿਆਂ ਸੁਨੀਲ ਜਾਖੜ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ “ਸਰਕਾਰ ਫੇਲ੍ਹ ਹੈ। ਚਾਹੇ ਕਿਸਾਨ ਬੈਠੇ ਨੇ, ਕਿਸਾਨਾਂ ਨੇ ਟਰੈਕ ਰੋਕ ਲਏ, ਬੀਬੀਆਂ ਨੂੰ ਠੀਕਰੀ ਪਹਿਰੇ ’ਤੇ ਬਿਠਾ ਦਿੱਤਾ। ਇਹ ਮਸਲੇ ਮਜ਼ਬੂਤ ਲੀਡਰਸ਼ਿਪ ਹੱਲ ਕਰ ਸਕਦੀ ਹੈ।”
ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਇਹ ਗੱਲ ਫੜ ਲਈ ਕਿ ਅਮਿਤ ਸ਼ਾਹ ਧਮਕੀ ਦੇ ਕੇ ਗਏ ਹਨ। ਅਸਲ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਇਸ ਮਸਲੇ ਨੂੰ ਜੜ ਤੋਂ ਕੱਢਿਆ ਕੇ ਖ਼ਤਮ ਕਰਾਂਗਾ।

ਤਸਵੀਰ ਸਰੋਤ, Gurpreet Chawla/BBC
ਪੰਜਾਬ ਦੇ ਪਠਾਨਕੋਟ ਵਿੱਚ ਕੇਜਰੀਵਾਲ ਦੇ ਰੋਡ ਸ਼ੌਅ ਤੋਂ ਪਹਿਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰ ਆਪਸ ਵਿੱਚ ਧੱਕਾ ਮੁੱਕੀ ਹੋਏ। ਦੋਵੇਂ ਧਿਰਾਂ ਇੱਕ ਦੂਜੇ ਉੱਤੇ ਧੱਕਾ ਕਰਨ ਦਾ ਇਲਜ਼ਾਮ ਲਾ ਰਹੀਆਂ ਸਨ।
ਦੋਵਾਂ ਧਿਰਾਂ ਵਿੱਚ ਹੋਈ ਗਰਮਾ-ਗਰਮੀ ਨੂੰ ਠੰਡਾ ਕਰਨ ਲ਼ਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਦਰਅਸਲ ਇਹ ਸਾਰਾ ਵਿਵਾਦ ਆਮ ਆਦਮੀ ਪਾਰਟੀ ਦੇ ਝੰਡੇ ਅਤੇ ਪੋਸਟਰ ਲਾਉਣ ਨੂੰ ਲੈ ਕੇ ਹੋਇਆ। ਭਾਜਪਾ ਦਾ ਇਲਜ਼ਾਮ ਸੀ ਕਿ ਸੱਤਾਧਾਰੀ ਧਿਰ ਨੇ ਸਰਕਾਰੀ ਇਮਾਰਤਾਂ ਉੱਤੇ ਝੰਡੇ ਅਤੇ ਬੈਨਰ ਲਗਾਏ ਹੋਏ ਸਨ।
ਭਾਜਪਾ ਦੇ ਸਥਾਨਕ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਪ੍ਰਸਾਸਨ ਤੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਸੀ ਕਿ ਆਮ ਆਦਮੀ ਪਾਰਟੀ ਨੇ ਬਿਜਲੀ ਦੇ ਖੰਭਿਆ, ਸਰਕਾਰੀ ਦੁਕਾਨਾਂ ਉੱਤੇ ਝੰਡੇ ਲਗਾਏ ਹੋਏ ਹਨ, ਸਰਕਾਰੀ ਇਮਾਰਤਾਂ ਉੱਤੇ ਝੰਡੇ ਲਗਾਏ ਹੋਏ ਸਨ। ਜਦੋਂ ਅਸੀ ਇਸ ਦਾ ਵਿਰੋਧ ਕੀਤਾ ਤਾਂ ‘ਆਪ’ ਵਰਕਰਾਂ ਨੇ ਆ ਕੇ ਜ਼ਬਰਦਸਤੀ ਕੀਤੀ।"
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਵਿਭੂਤੀ ਸ਼ਰਮਾ ਨੇ ਭਾਜਪਾ ਉੱਤੇ ਉਲਟੇ ਇਲਜਾਮ ਲਾਉਂਦਿਆਂ ਕਿਹਾ, "ਅਸੀਂ ਸਰਕਾਰੀ ਇਮਾਰਤ ਉੱਤੇ ਕੋਈ ਝੰਡਾ ਲਾਇਆ ਅਤੇ ਇਹ ਗਾਂਧੀ ਮਾਰਕੀਟ ਵਿੱਚ ਨਿੱਜੀ ਦੁਕਾਨਾਂ ਉੱਤੇ ਝੰਡੇ ਸੀ। ਅਸ਼ਵਨੀ ਸ਼ਰਮਾ ਆਪਣੇ ਸਾਥੀਆਂ ਨਾਲ ਆ ਕੇ ਬਦਮਾਸ਼ੀ ਕਰਨ ਲੱਗੇ। ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਸਕਦੇ ਸਨ, ਉਹ ਕਾਨੂੰਨ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ।"
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ, ਪਰ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਕਿਸੇ ਵੀ ਝੰਡੇ ਨੂੰ ਹੱਥ ਨਹੀਂ ਲਾਇਆ, ਅਸੀਂ ਸਿਰਫ਼ ਮਾਰਕੀਟ ਵਿੱਚ ਜਾ ਕੇ ਵਿਰੋਧ ਦਰਜ ਕਰਵਾਇਆ ਸੀ।
ਪਰ ਵਿਭੂਤੀ ਸ਼ਰਮਾ ਨੇ ਅਸ਼ਵਨੀ ਸ਼ਰਮਾ ਉੱਤੇ ਇਲਜਾਮ ਲਾਇਆ ਕਿ ਉਹ ਕੇਜਰੀਵਾਲ ਦੇ ਰੋਡ ਸ਼ੌਅ ਤੋਂ ਪਹਿਲਾਂ ਮਾਰਕੀਟ ਵਿੱਚ ਆ ਕੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ।
ਕਿਸਾਨਾਂ ਵੱਲੋਂ ਦਿਨੇਸ਼ ਬੱਬੂ ਦੇ ਘਰ ਦੇ ਬਾਹਰ ਧਰਨਾ

ਤਸਵੀਰ ਸਰੋਤ, Gurpreet Chawla/BBC
ਇਸ ਦੇ ਦੌਰਾਨ ਪਠਾਨਕੋਟ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਘਰ ਨੇੜੇ ਧਰਨਾ ਦਿੱਤਾ।
ਸਵੇਰੇ ਹੀ ਵੱਡੀ ਗਿਣਤੀ ਕਿਸਾਨ ਪਠਾਨਕੋਟ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਕੁਝ ਦੇਰ ਬਾਅਦ ਬਹਿਸ ਤੋਂ ਬਾਅਦ ਕਿਸਾਨ ਬੈਰੀਕੇਡ ਲੰਘ ਕੇ ਦਿਨੇਸ਼ ਬੱਬੂ ਦੇ ਘਰ ਅੱਗੇ ਪਹੁੰਚ ਗਏ।
ਕਿਸਾਨਾਂ ਨੇ ਇੱਕ ਦਿਨ ਲਈ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਹੋਇਆ ਹੈ।

ਤਸਵੀਰ ਸਰੋਤ, ANI
ਭਾਰਤ ਦੇ ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਉੱਤੇ ਲੱਗੇ ਇਤਰਾਜ਼ਯੋਗ ਜਿਨਸੀ ਵਿਵਹਾਰ ਦੇ ਇਲਜ਼ਾਮਾਂ ਬਾਰੇ ਚਿੰਤਾ ਜ਼ਾਹਰ ਕੀਤੀ।
ਬਲਕਾਰ ਸਿੰਘ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਕਰਤਾਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਕਮਿਸ਼ਨ ਨੇ ਇਸ ਮਾਮਲੇ ਵਿੱਚ ਤੁਰੰਤ ਅਤੇ ਨਿਰਪੱਖ ਜਾਂਚ ਲਈ ਕਿਹਾ ਹੈ।
ਦਿੱਲੀ ਤੋਂ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੇ ਮਹਿਲਾ ਕਮਿਸ਼ਨ ਨੂੰ ਇਸ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ।ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਲਈ ਕਿਹਾ ਗਿਆ ਹੈ।
ਮੀਡੀਆ ਵੱਲੋਂ ਬਲਕਾਰ ਸਿੰਘ ਨੂੰ ਇਸ ਬਾਰੇ ਸਵਾਲ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਮਾਮਲਾ ਉਸ ਵੇਲੇ ਉੱਠਿਆ ਹੈ, ਜਦੋਂ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਹੈ।
ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਬਲਕਾਰ ਸਿੰਘ ਨੇ ਆਪਣੀ ਸਫ਼ਾਈ ਵਿੱਚ ਕੀ ਕਿਹਾ

ਤਸਵੀਰ ਸਰੋਤ, FB/Balkar Singh
ਜਲੰਧਰ ਵਿੱਚ ਚੋਣ ਪ੍ਰਚਾਰ ਦੌਰਾਨ ਬਲਕਾਰ ਸਿੰਘ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।
ਉਨ੍ਹਾਂ ਨੇ ਮੀਡੀਆ ਨੂੰ ਅੰਗਰੇਜ਼ੀ ਵਿੱਚ ਜਵਾਬ ਦਿੱਤਾ, ‘ਆਈ ਹੈਵ ਨੋ ਕਮੈਂਟਸ ਐਂਡ ਨਾਟ ਇਨ ਮਾਈ ਨੋਟਿਸ’ ਮੇਰੀ ਇਸ ਬਾਰੇ ਕੋਈ ਟਿੱਪਣੀ ਨਹੀਂ ਹੈ ਅਤੇ ਇਹ ਮੇਰੀ ਜਾਣਕਾਰੀ ਵਿੱਚ ਨਹੀਂ ਹੈ।
ਕੌਮੀ ਮਹਿਲਾ ਕਮਿਸ਼ਨ ਨੇ ਕੀ ਟਵੀਟ ਕੀਤਾ

ਤਸਵੀਰ ਸਰੋਤ, NCW/X
ਐਕਸ ਅਕਾਊਂਟ ਉੱਤੇ ਕੌਮੀ ਮਹਿਲਾ ਕਮਿਸ਼ਨ ਦੇ ਅਧਿਕਾਰਤ ਅਕਾਊਂਟ ਤੋਂ ਪਈ ਇੱਕ ਪੋਸਟ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਤਿੰਨ ਦਿਨਾਂ ਵਿੱਚ ਇਸ ਬਾਰੇ ਵਿਸਤਾਰਤ ਰਿਪੋਰਟ ਦਾਇਰ ਕਰਨ ਲਈ ਕਿਹਾ ਗਿਆ ਹੈ।
ਇਸ ਟਵੀਟ ਮੁਤਾਬਕ, “ਕੌਮੀ ਮਹਿਲਾ ਕਮਿਸ਼ਨ ਇੱਕ ਟਵਿੱਟਰ ਪੋਸਟ ਰਾਹੀਂ ਪੰਜਾਬ ਦੇ ਵਿਧਾਇਕ ਬਲਕਾਰ ਸਿੰਘ ਉੱਤੇ ਲੱਗੇ ਇਲਜ਼ਾਮਾਂ ਕਾਰਨ ਚਿੰਤਤ ਹੈ। ਜੇਕਰ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ 354ਬੀ ਤਹਿਤ ਕਾਨੂੰਨ ਦੀ ਉਲੰਘਣਾ ਹੋਣਗੇ, ਇਹ ਸਿੱਧੇ ਤੌਰ ’ਤੇ ਇੱਕ ਔਰਤ ਦੇ ਮਾਣ ਦੀ ਹੱਤਕ ਹੈ।”
“ਕਮਿਸ਼ਨ ਦੀ ਚੇਅਰਪਰਸਨ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਡੀਜੀਪੀ ਵੱਲੋ ਇਸ ਮਾਮਲੇ ਵਿੱਚ ਫੌਰੀ ਤੌਰ ’ਤੇ ਦਖ਼ਲ ਦੇ ਕੇ ਤੁਰੰਤ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ, ਇਸ ਬਾਰੇ ਇੱਕ ਵਿਸਤਾਰਤ ਰਿਪੋਰਟ ਤਿੰਨ ਦਿਨਾਂ ਵਿੱਚ ਦਾਇਰ ਕੀਤੀ ਜਾਵੇ।”
ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾ ਕੇ ਪੰਜਾਬ ਸਰਕਾਰ ਕੋਲੋਂ ਬਲਕਾਰ ਸਿੰਘ ਉੱਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਹੇ ਸੁਖਪਾਲ ਖਹਿਰਾ ਨੇ ਵੀ ਆਮ ਆਦਮੀ ਪਾਰਟੀ ਉੱਤੇ ਸਵਾਲ ਚੁੱਕੇ ਹਨ।
ਚਰਨਜੀਤ ਸਿੰਘ ਚੰਨੀ ਨੇ ਕਿਹਾ

ਤਸਵੀਰ ਸਰੋਤ, ANI
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਬਾਰੇ ਬਿਆਨ ਦਿੰਦਿਆਂ ਕਿਹਾ, “ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ।”
ਉਨ੍ਹਾਂ ਨੇ ਮੀਡੀਆ ਵੱਲੋ ਇਸ ’ਤੇ ਕਾਰਵਾਈ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ‘ਇਨ੍ਹਾਂ ਦਾ ਰੱਬ ਹੀ ਰਾਖਾ ਹੈ।’
ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ ਅਤੇ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਹਨ।
ਪੁਲਿਸ ਅਫ਼ਸਰ ਰਹਿ ਚੁੱਕੇ ਹਨ ਬਲਕਾਰ ਸਿੰਘ
ਬਲਕਾਰ ਸਿੰਘ ਨੇ ਮਈ 2023 ਵਿੱਚ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਬਲਕਾਰ ਸਿੰਘ ਰਿਟਾਇਰਡ ਡੀਸੀਪੀ ਹਨ। ਉਨ੍ਹਾਂ ਨੇ 32 ਸਾਲ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ ਹੈ।
ਉਹ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਉਨ੍ਹਾਂ ਨੇ ਸਾਲ 1987 ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ ਹੋਈ ਹੈ।
ਬਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ

ਤਸਵੀਰ ਸਰੋਤ, X/ Bikram Singh Majithia
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ, "ਇਨ੍ਹਾਂ ਸਬੂਤਾਂ ਦੇ ਬਾਵਜੂਦ ਮੁੱਖ ਮੰਤਰੀ ਕੈਬਨਿਟ ਮੰਤਰੀ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ।"
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇਤਰਾਜ਼ਯੋਗ ਵੀਡੀਓ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਸੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਇਸ ਮਾਮਲੇ ਦੀ ਸ਼ਿਕਾਇਤ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਕੋਲ ਵੀ ਪਹੁੰਚੀ ਸੀ, ਜਿਸ ਮਗਰੋਂ ਕਮਿਸ਼ਨ ਵੱਲੋਂ ਲਾਲ ਚੰਦ ਕਟਾਰੂਚੱਕ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ।
ਇਸ ਮਾਮਲੇ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਨੋਟਿਸ ਲਿਆ ਸੀ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਜੁਲਾਈ 2023 ਵਿੱਚ ਇਸ ਮਾਮਲੇ ਵਿੱਚ ਪੀੜਤ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ।












