ਪੰਜਾਬ ਦੀ ਭਗਵੰਤ ਮਾਨ ਸਰਕਾਰ ਡੇਗਣ ਲਈ ਸੁਨੀਲ ਜਾਖ਼ੜ ਨੇ ਅਮਿਤ ਸ਼ਾਹ ਨੂੰ ਕੀ ਸਲਾਹ ਦਿੱਤੀ

ਤਸਵੀਰ ਸਰੋਤ, BBC
ਪੰਜਾਬ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ, ਅਸੀਂ ਦਿਨ ਭਰ ਵਿੱਚ ਵਾਪਰ ਰਹੇ ਸਿਆਸੀ ਘਟਨਾਕ੍ਰਮ ਦੇ ਵੇਰਵੇ ਤੁਹਾਡੇ ਤੱਕ ਪਹੁੰਚਾ ਰਹੇ ਹਨ।
''4 ਜੂਨ ਨੂੰ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਜ਼ਿਆਦਾ ਲੰਬਾ ਸਮਾਂ ਨਹੀਂ ਚੱਲੇਗੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੁਧਿਆਣਾ ਚੋਣ ਰੈਲੀ ਵਿੱਚ ਐਤਵਾਰ ਨੂੰ ਦਿੱਤੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਿੱਧੀ ਧਮਕੀ ਕਰਾਰ ਦਿੱਤਾ ਹੈ।
ਪਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਸੋਮਵਾਰ ਨੂੰ ਅਮਿਤ ਸ਼ਾਹ ਦੇ ਬਿਆਨ ਦੀ ਪੁਸ਼ਟੀ ਕਰਦੇ ਨਜ਼ਰ ਆਏ।
ਮੋਗਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਆਮ ਆਦਮੀ ਪਾਰਟੀ ਕੋਲ 117 ਵਿੱਚੋਂ 92 ਵਿਧਾਇਕ ਹਨ, ਉਨ੍ਹਾਂ ਦੀ ਸਰਕਾਰ ਕਿਵੇਂ ਟੁੱਟ ਸਕਦੀ ਹੈ।
ਇਸ ਸਵਾਲ ਦੇ ਜਵਾਬ ਵਿੱਚ ਸੁਨੀਲ ਜਾਖੜ ਨੇ ਕਿਹਾ, ''ਜਦੋਂ ਤੱਕ ਭਗਵੰਤ ਮਾਨ ਦੀ ਦੁਕਾਨਦਾਰੀ ਚੱਲਦੀ ਹੈ, ਉਹ ਉਦੋਂ ਤੱਕ ਹੀ ਨਾਲ ਹਨ।''
‘‘ਮੈਂ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਇੱਕ ਅੱਧਾ ਕਾਂ ਮਾਰ ਕੇ ਟੰਗ ਦਿਓ, ਜਿਹੜੇ ਲੋਕ ਗਰੀਬਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਨੂੰ ਕਹਿੰਦੇ ਹਨ ਅਤੇ ਆਪ ਅੱਖਾਂ ਦੇ ਆਪਰੇਸ਼ਨ ਲਈ ਲੰਡਨ ਜਾਂਦੇ ਹਨ, ਜਦੋਂ ਇਸ ਤਰ੍ਹਾਂ ਦੇ ਨੂੰ ਹੱਥ ਪਿਆ ਤਾਂ ਬਾਕੀਆਂ ਨੇ ਤਾਂ ਆਪੇ ਖਿੱਲਰ ਜਾਣਾ।’’
ਸੁਨੀਲ ਜਾਖੜ ਨੇ ਕਿਹਾ, ‘‘ਇਹ ਤਾਂ ਮਤਲਬ ਲਈ ਬੈਠੇ ਹਨ, ਇਨ੍ਹਾਂ ਦੀ ਵੋਟ ਫੀਸਦ ਹੁਣ ਗਿਰੇਗੀ, ਭਿਅੰਕਰ ਰੂਪ ਨਾਲ ਡਿੱਗੇਰੀ, ਜਿਵੇਂ ਇਹ ਆਏ ਸਨ, ਉਸੇ ਹਿਸਾਬ ਨਾਲ ਡਿੱਗਣਗੇ। ਜਦੋਂ ਵੋਟ ਵੀ ਨਹੀਂ ਪੈਣੀ ਤੇ ਮਾਲ ਵੀ ਬਣਨਾ ਬੰਦ ਹੋ ਜਾਵੇਗਾ ਤਾਂ ਫੇਰ ਕਿਹੜਾ ਪਿਆਰ ਹੈ ਭਗਵੰਤ ਮਾਨ ਜੀ ਨਾਲ।’’
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਾਜਪਾ ਜਿਨ੍ਹਾਂ ਨੂੰ ਦੁਕਾਨਦਾਰੀ ਕਰਦੇ ਦੱਸ ਰਹੀ ਹੈ, ਕੀ ਉਨ੍ਹਾਂ ਨੂੰ ਉਹ ਪਾਰਟੀ ਵਿੱਚ ਸ਼ਾਮਲ ਕਰਨਗੇ। ਤਾਂ ਸੁਨੀਲ ਜਾਖੜ ਨੇ ਕਿਹਾ, ‘‘ਉਹ ਆਪੇ ਕੋਈ ਹੋਰ ਲੱਭ ਲੈਣਗੇ।’’
ਕੇਜਰੀਵਾਲ ਦਾ ਪ੍ਰਤੀਕਰਮ

ਤਸਵੀਰ ਸਰੋਤ, YT/Arvind Kejriwal
ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਦੇ ਬਿਆਨ ਉੱਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਕੱਲ ਕਿਹਾ ਕਿ ਉਹ 4 ਜੂਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗ ਦੇਣਗੇ, ਭਗਵੰਤ ਮਾਨ ਇਸ ਮਗਰੋਂ ਮੁੱਖ ਮੰਤਰੀ ਨਹੀਂ ਰਹਿਣਗੇ।
ਕੇਜਰੀਵਾਲ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਪੰਜਾਬੀ ਦਿਲ ਦੇ ਬਹੁਤ ਵੱਡੇ ਹੁੰਦੇ ਹਨ, ਪਿਆਰ ਨਾਲ ਮੰਗ ਲੈਂਦੇ ਤੁਹਾਨੂੰ 1-2 ਸੀਟਾਂ ਦੇ ਦਿੰਦੇ, ਧਮਕੀ ਨਾ ਦਿਓ ਅਮਿਤ ਸ਼ਾਹ ਜੀ, ਪੰਜਾਬ ਦੇ ਲੋਕਾਂ ਨੂੰ।”
ਉਨ੍ਹਾਂ ਨੇ ਕਿਹਾ, “ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ, ਕਿੱਲ ਅਤੇ ਬੁਲਡੋਜ਼ਰ ਲਗਾ ਦਿੱਤੇ ਗਏ।”
ਇਸੇ ਦੌਰਾਨ ਭਗਵੰਤ ਮਾਨ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੂੰ ਚੂਣੌਤੀ ਦਿੱਤੀ ਕਿ ਉਹ ਪੰਜਾਬ ਸਰਕਾਰ ਨੂੰ ਤੋੜ ਕੇ ਦਿਖਾਉਣ।
ਅਮਿਤ ਸ਼ਾਹ ਨੇ ਕੀ ਕਿਹਾ ਸੀ

ਤਸਵੀਰ ਸਰੋਤ, YT/BJP
ਅਮਿਤ ਸਾਹ ਨੇ ਲੁਧਿਆਣਾ ਵਿੱਚ ਰਵਨੀਤ ਬਿੱਟੂ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ''ਇਨ੍ਹਾਂ ਚੋਣਾਂ ਵਿੱਚ ਕੁਝ ਸਾਥੀਆਂ ਨੂੰ (ਭਾਜਪਾ ਦੇ ਉਮੀਦਵਾਰਾਂ) ਨੂੰ ਜਿਤਾ ਕੇ ਭੇਜ ਦਿਓ, ਮੈਂ ਤੁਹਾਨੂੰ ਦੱਸਦਾਂ ਹਾਂ ਕਿ ਭਾਜਪਾ ਦੀ ਜਿੱਤ ਤੋਂ ਬਾਅਦ ਇਹ ਭਗਵੰਤ ਮਾਨ ਦੀ ਸਰਕਾਰ ਜਿਆਦਾ ਲੰਬਾ ਚੱਲਣ ਵਾਲੀ ਨਹੀਂ ਹੈ।''
ਅਮਿਤ ਸ਼ਾਹ ਨੇ ਕਿਹਾ, ''ਪੰਜਾਬ ਦੇ ਵਿਕਾਸ ਲ਼ਈ ਤੁਹਾਡਾ ਸਾਥ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਹੈ। ਪੰਜਾਬ ਵਿੱਚੋਂ ਵੱਖਵਾਦ ਖ਼ਤਮ ਕਰਨ ਲਈ ਤੁਹਾਡਾ ਸਾਥ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਹੈ। ਪੰਜਾਬ ਵਿੱਚੋਂ ਡਰੱਗਜ਼ ਨੂੰ ਖ਼ਤਮ ਕਰਨ ਲਈ ਤੁਹਾਡਾ ਸਾਥ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਹੈ।''
''ਪੰਜਾਬ ਵਿੱਚ ਉਦਯੋਗਿਕ ਵਿਕਾਸ ਅਤੇ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰਨ ਲ਼ਈ ਤੁਹਾਡਾ ਸਾਥ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਹੈ।''
ਸ਼ਾਹ ਦੇ ਬਿਆਨ ’ਤੇ ਮਜੀਠੀਆ ਅਤੇ ਵੜਿੰਗ ਨੇ ਕੀ ਕਿਹਾ

ਤਸਵੀਰ ਸਰੋਤ, X/Raja Warring
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਐਤਵਾਰ ਨੂੰ ਲੁਧਿਆਣਾ ਵਿੱਚ ਰਵਨੀਤ ਬਿੱਟੂ ਦੇ ਹੱਕ ਵਿੱਚ ਸੰਬੋਧਨ ਕੀਤਾ ਗਿਆ।
ਇਸ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਉਨ੍ਹਾਂ ਦੇ ਪਿਛਲੇ ਪੰਜ ਸਾਲਾਂ ਤੋਂ ਚੰਗੇ ਦੋਸਤ ਹਨ।
ਉਨ੍ਹਾਂ ਕਿਹਾ, “ਮੈਂ ਇਹ ਸੰਸਦ ਵਿੱਚ ਜਨਤਕ ਤੌਰ ਉੱਤੇ ਵੀ ਕਿਹਾ ਸੀ ਕਿ ਰਵਨੀਤ ਬਿੱਟੂ ਮੇਰਾ ਦੋਸਤ ਹੈ।”
ਉਨ੍ਹਾਂ ਕਿਹਾ, “ਜਿਨ੍ਹਾਂ ਨੇ ਵੀ ਰਵਨੀਤ ਬਿੱਟੂ ਦੇ ਦਾਦਾ ਜੀ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਅਸੀਂ ਮੁਆਫ਼ ਨਹੀਂ ਕਰ ਸਕਦੇ।”
ਅਮਿਤ ਸ਼ਾਹ ਦੇ ਇਸ ਬਿਆਨ ਉੱਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪ੍ਰਤੀਕਰਿਆ ਦਿੱਤੀ ਹੈ।
ਰਾਜਾ ਵੜਿੰਗ ਨੇ ਐਕਸ ਅਕਾਊਂਟ ਉੱਤੇ ਲਿਖਿਆ, “ਇੰਨਾ ਪਿਆ ਸੀ ਪਰ ਬਿੱਟੂ ਸਿਰਫ਼ ਆਪਣੇ ਲਈ ਕੋਠੀ ਅਤੇ ਸਿਕਿਓਰਟੀ ਹੀ ਮੰਗਦਾ ਰਹੇ, ਲੁਧਿਆਣੇ ਲਈ ਪੰਜ ਸਾਲ ਕੁਝ ਵੀ ਨਹੀਂ ਮੰਗਿਆ।”
ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਗਰੋਂ ਐਕਸ ਉੱਤੇ ਲਿਖਿਆ, “ਦਿੱਲੀ ਜਾਣ ਤੋਂ ਰੋਕ ਰਹੀ ਹਰਿਆਣਾ ਪੁਲਿਸ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਕਤਲ ਕੀਤਾ ਉਸ ਉੱਤੇ ਵੀ ਕੁਝ ਬੋਲੋ।”
ਆਦੇਸ਼ ਪ੍ਰਦਾਪ ਸਿੰਘ ਕੈਰੋਂ ਨੂੰ ਕੱਢਣ ਤੋਂ ਬਾਅਦ ਅਕਾਲੀ ਦਲ ਵਿੱਚ ਹਲਚਲ

ਤਸਵੀਰ ਸਰੋਤ, FB/Adesh Pratap Singh Kairon
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੱਟੀ ਹਲਕੇ ਤੋਂ ਵਿਧਾਇਕ ਰਹਿ ਚੁਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਦੇ ਆਧਾਰ ’ਤੇ ਬਾਹਰ ਕੱਢੇ ਜਾਣ ਮਗਰੋਂ ਅਕਾਲੀ ਆਗੂਆਂ ਵੱਲੋ ਇਸ ਉੱਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਜਾ ਰਹੀ ਹੈ।
ਸੰਗਰੂਰ ਤੋਂ ਐੱਮਪੀ ਰਹਿ ਚੁੱਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਅਜਿਹੇ ਫ਼ੈਸਲੇ ਪਾਰਟੀ ਦੇ ਹੱਕ ਵਿੱਚ ਨਹੀਂ ਹਨ ਅਤੇ ਅਜਿਹੇ ਫ਼ੈਸਲੇ ਲੈਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਸੀ।
ਪੰਜਾਬ ਦੇ ਮਾਝਾ ਖੇਤਰ ਵਿੱਚ ਤਿੰਨ ਲੋਕ ਸਭਾ ਹਲਕੇ ਪੈਂਦੇ ਹਨ - ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ।
ਭਾਜਪਾ ਤੇ ਸ਼੍ਰੋਮਣੀ ਅਕਾਲੀ ਦਾ ਗਠਜੋੜ ਟੁੱਟਣ ਮਗਰੋਂ ਇਸ ਵਾਰ ਅਕਾਲੀ ਦਲ ਰਵਾਇਤੀ ਤੌਰ 'ਤੇ ਭਾਜਪਾ ਦੇ ਹਿੱਸੇ ਆਉਂਦੇ ਰਹੇ ਹਲਕਿਆਂ, ਅੰਮ੍ਰਿਤਸਰ ਅਤੇ ਗੁਰਦਾਸਪੁਰ, ਤੋਂ ਵੀ ਚੋਣ ਲੜ ਰਿਹਾ ਹੈ।
ਖਡੂਰ ਸਾਹਿਬ ਹਲਕੇ ਨੂੰ ਸਿੱਖ ਬਹੁਗਿਣਤੀ ਹੋਣ ਕਾਰਨ ਇਸ ਨੂੰ 'ਪੰਥਕ ਹਲਕਾ' ਵੀ ਕਿਹਾ ਜਾਂਦਾ ਹੈ।
ਇੱਥੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਹਨ।
ਉਨ੍ਹਾਂ ਦੀ ਸ਼ਿਕਾਇਤ ਮਗਰੋਂ ਹੀ ਕੈਰੋਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
ਖਡੂਰ ਸਾਹਿਬ ਹਲਕੇ ਤੋਂ 'ਵਾਰਿਸ ਪੰਜਾਬ ਦੇ ਜਥੇਬੰੰਦੀ ਦੇ ਅਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਵਿੱਚ ਹਨ।












