ਪੰਜਾਬ: ਆਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ 'ਚੋਂ ਕੱਢਣ ਵਾਲੇ ਸੁਖਬੀਰ, ਸਿਕੰਦਰ ਮਲੂਕਾ ਬਾਰੇ ਚੁੱਪ ਕਿਉਂ

ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿਕੰਦਰ ਸਿੰਘ ਮਲੂਕਾ

ਤਸਵੀਰ ਸਰੋਤ, Getty Images/fb

ਤਸਵੀਰ ਕੈਪਸ਼ਨ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿਕੰਦਰ ਸਿੰਘ ਮਲੂਕਾ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਇਲਜ਼ਾਮ ਵਿੱਚ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।

ਅਕਾਲੀ ਦਲ ਵਲੋਂ ਜਾਰੀ ਬਿਆਨ ਮੁਤਾਬਕ ਆਦੇਸ਼ ਪ੍ਰਤਾਪ ਕੈਰੋਂ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਆਦੇਸ਼ ਪ੍ਰਤਾਪ ਕੈਰੋਂ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਜੀਜਾ ਹਨ। ਉਨ੍ਹਾਂ ਖ਼ਿਲਾਫ਼ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਖਿਲਾਫ਼ ਪਾਰਟੀ ਵਲੋਂ ਕੀਤੀ ਗਈ ਇਸ ਕਾਰਵਾਈ ਤੋਂ ਅਕਾਲੀ ਹਲਕੇ ਹੈਰਾਨ ਹਨ ਅਤੇ ਕਈ ਆਗੂ ਪਾਰਟੀ ਦੇ ਇਸ ਐਕਸ਼ਨ ਤੋਂ ਜਿੱਥੇ ਨਾਖ਼ੁਸ਼ ਹਨ।

ਆਦੇਸ਼ ਪ੍ਰਤਾਪ ਕੈਰੋਂ ਦੀ ਅਕਾਲੀ ਦਲ ਤੋਂ ਬਰਖਾਸਤਗੀ ਤੋਂ ਅਕਾਲੀ ਦਲ ਦੇ ਆਪਣੇ ਹੀ ਆਗੂ ਇਸ ਲਈ ਹੈਰਾਨ ਹਨ ਕਿਉਂ ਕਿ ਪਾਰਟੀ ਨੇ ਬਠਿੰਡਾ ਤੋਂ ਪਾਰਟੀ ਆਗੂ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।

ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਪਰ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਸਿੱਧੂ ਭਾਜਪਾ ਦੀ ਟਿਕਟ ਉੱਤੇ ਇਸ ਸਮੇਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਵਿੱਚ ਟੱਕਰ ਦੇ ਰਹੇ ਹਨ।

ਸਾਬਕਾ ਆਈਏਐੱਸ ਅਧਿਕਾਰੀ ਪਰਮਪਾਲ ਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਕੁਝ ਹਫ਼ਤੇ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਭਾਵੇਂ ਪਹਿਲਾ ਮਲੂਕਾ ਕਹਿੰਦੇ ਸਨ ਕਿ ਉਹ ਆਪ ਭਾਜਪਾ ਵਿੱਚ ਨਹੀਂ ਜਾ ਰਹੇ, ਉਹ ਦੁਬਈ ਵੀ ਚਲੇ ਗਈ ਪਰ ਹੁਣ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸ਼ਾ ਵਿੱਚ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਪਾਏ ਹਨ।

ਇੱਕ ਪਾਸੇ ਕੈਰੋਂ ਖ਼ਿਲਾਫ਼ ਕਾਰਵਾਈ, ਦੂਜੇ ਪਾਸੇ ਮਲੂਕਾ ਪਰਿਵਾਰ ਬਾਰੇ ਅਕਾਲੀ ਲੀਡਰਸ਼ਿਪ ਦੀ ਚੁੱਪੀ ਸਿਆਸੀ ਹਲਕਿਆਂ ਵਿੱਚ ਹੈਰਾਨੀ ਕਾਰਨ ਸਬੱਬ ਬਣੀ ਹੈ।

ਆਦੇਸ਼ ਪ੍ਰਤਾਪ ਸਿੰਘ ਕੈਰੋਂ ਮਾਝੇ ਦੇ ਪ੍ਰਮੁੱਖ ਆਗੂ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਮਾਝੇ ਦੇ ਪ੍ਰਮੁੱਖ ਆਗੂ ਹਨ

ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੌਣ ਹੈ ਹਨ

ਆਦੇਸ਼ ਪ੍ਰਤਾਪ ਸਿੰਘ ਕੈਰੋਂ ਮਾਝੇ ਦੇ ਪ੍ਰਮੁੱਖ ਆਗੂ ਹਨ। ਉਨ੍ਹਾਂ ਦਾ ਸਬੰਧ ਪੰਜਾਬ ਦੇ ਉੱਘੇ ਸਿਆਸੀ ਕੈਰੋਂ ਪਰਿਵਾਰ ਨਾਲ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਵਿਆਹ ਸੁਖਬੀਰ ਸਿੰਘ ਬਾਦਲ ਦੀ ਭੈਣ ਪ੍ਰਨੀਤ ਕੌਰ ਨਾਲ ਹੋਇਆ ਹੈ।

ਇਸ ਕਰ ਕੇ ਰਿਸ਼ਤੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬੀਰ ਸਿੰਘ ਬਾਦਲ ਦੇ ਜੀਜਾ ਲੱਗਦੇ ਹਨ।

ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਕੀਤੀ ਹੋਈ ਹੈ। ਉਨ੍ਹਾਂ ਐੱਮਬੀਏ ਅਮਰੀਕਾ ਤੋਂ ਕੀਤੀ ਹੋਈ ਹੈ।

ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੰਜਾਬ ਵਿਧਾਨ ਸਭਾ ਦੇ ਪੱਟੀ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ,ਅਤੇ ਉਹ ਦੋ ਵਾਰ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।

ਵਿਰਸਾ ਸਿੰਘ ਵਲਟੋਹਾ

ਤਸਵੀਰ ਸਰੋਤ, VIRSA SINGH VALTOHA/FB

ਤਸਵੀਰ ਕੈਪਸ਼ਨ, ਕੈਰੋਂ ਦੇ ਖ਼ਿਲਾਫ਼ ਕਾਰਵਾਈ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਉੱਤੇ ਕੀਤੀ ਹੈ
ਇਹ ਵੀ ਪੜ੍ਹੋ-

ਵਲਟੋਹਾ ਬਨਾਮ ਆਦੇਸ਼ ਪ੍ਰਤਾਪ ਸਿੰਘ ਕੈਰੋਂ

ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਮੁਤਾਬਕ ਪਾਰਟੀ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਕਾਰਵਾਈ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਉੱਤੇ ਕੀਤੀ ਹੈ।

ਸਿਆਸੀ ਮਾਹਿਰ ਮੰਨਦੇ ਹਨ ਕਿ ਦੋਵਾਂ ਆਗੂਆਂ ਵਿਚਾਲੇ ਖਿੱਚੋ ਤਾਣ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਹੀ ਚੱਲ ਰਹੀ ਹੈ।

ਮਾਹਿਰਾਂ ਮੁਤਾਬਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਚਾਹੁੰਦੇ ਸਨ ਕਿ ਖੇਮਕਰਨ ਤੋਂ ਟਿਕਟ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਦਿੱਤੀ ਜਾਵੇ ਪਰ ਇਸ ਦੀ ਮੁਖਾਲਫ਼ਤ ਪਾਰਟੀ ਦੇ ਹੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕੀਤੀ।

ਪਰ ਸ਼੍ਰੋਮਣੀ ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਵਿਧਾਨ ਸਭਾ ਹਲਕੇ ਤੋਂ ਹੀ ਉਮੀਦਵਾਰ ਬਣਾਇਆ ਸੀ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਖੇਮਕਰਨ ਤੋਂ ਟਿਕਟ ਦੇਣ ਦੀ ਥਾਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾ ਕੇ ਲੀਡਰਸ਼ਿਪ ਨੇ ਸਭ ਨੂੰ ਹੈਰਾਨ ਕਰ ਦਿੱਤਾਸੀ।

ਹਾਲਾਂਕਿ, ਦੋਵੇਂ ਹੀ ਉਮੀਦਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹੱਥੋਂ ਹਾਰ ਗਏ। ਪੱਟੀ ਅਤੇ ਖੇਮਕਰਨ ਦੋਵੇਂ ਹੀ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਉਂਦੇ ਹਨ।

ਹੁਣ ਜਦੋਂ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਹਨ ਤਾਂ ਉਨ੍ਹਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਕਿ ਉਹ ਪਾਰਟੀ ਦੇ ਉਲਟ ਗਤੀਵਿਧੀਆਂ ਚਲਾ ਰਹੇ ਹਨ।

ਇਸੇ ਅਧਾਰ ਉੱਤੇ ਉਨ੍ਹਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।

ਇਸ ਮੁੱਦੇ ਉੱਤੇ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ, “ਪਾਰਟੀ ਨਹੀਂ ਸੀ ਚਾਹੁੰਦੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਪਰ ਉਨ੍ਹਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨੀਆਂ ਬੰਦ ਨਹੀਂ ਕੀਤੀਆਂ, ਮਜਬੂਰ ਹੋ ਕੇ ਪਾਰਟੀ ਪ੍ਰਧਾਨ ਨੂੰ ਇਹ ਕਦਮ ਚੁੱਕਣਾ ਪਿਆ।“

ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਵੀ ਰਸਤਾ ਨਹੀਂ ਬਚਿਆ ਤਾਂ ਉਨ੍ਹਾਂ ਨੂੰ ਆਪਣੇ ਭਣੋਈਏ ਖ਼ਿਲਾਫ਼ ਕਾਰਵਾਈ ਕਰਨੀ ਪਈ।

ਸਿਕੰਦਰ ਸਿੰਘ ਮਲੂਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ

ਸਿਕੰਦਰ ਸਿੰਘ ਮਲੂਕਾ ਬਾਰੇ ਅਕਾਲੀ ਦਲ ਚੁੱਪ ਕਿਉਂ

ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਭਾਜਪਾ ਦੀ ਟਿਕਟ ਉੱਤੇ ਚੋਣ ਮੈਦਾਨ ਵਿੱਚ ਹਨ।

ਪਰਮਪਾਲ ਕੌਰ ਸਿੱਧੂ ਆਪਣੇ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਖ਼ਿਲਾਫ਼ ਖੁੱਲ੍ਹ ਕੇ ਚੋਣ ਪ੍ਰਚਾਰ ਕਰ ਰਹੇ ਹਨ।

ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੇ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ ਹੋਇਆ ਹੈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਸਿੱਧੂ ਨੇ ਦਾਆਵਾ ਕੀਤਾ ਸੀ ਕਿ ਸਿਕੰਦਰ ਸਿੰਘ ਮਲੂਕਾ ਛੇਤੀ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ।

ਹੁਣ ਜਦੋਂ ਚੋਣ ਪ੍ਰਚਾਰ ਅੰਤਿਮ ਦੌਰ ਵਿੱਚ ਪਹੁੰਚ ਗਿਆ ਹੈ ਤਾਂ ਸਿਕੰਦਰ ਸਿੰਘ ਮਲੂਕਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਤਾਰੀਫ਼ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਚੋਣ ਪ੍ਰਚਾਰ ਦੌਰਾਨ ਭਾਜਪਾ ਦੀ ਖੁੱਲ੍ਹ ਕੇ ਮੁਖ਼ਾਲਫ਼ਤ ਕਰ ਰਹੇ ਹਨ।

ਮੁਹੰਮਦ ਖਾਲਿਦ
Mohammed Khalid/FB
ਜਿਸ ਤਰੀਕੇ ਨਾਲ ਸਿਕੰਦਰ ਸਿੰਘ ਮਲੂਕਾ ਨੇ ਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦਾ ਝੁਕਾਅ ਕਿੱਧਰ ਹੈ।
ਡਾ. ਮੁਹੰਮਦ ਖਾਲਿਦ
ਸਿਆਸੀ ਮਾਮਲਿਆਂ ਦੇ ਜਾਣਕਾਰ

ਸਿਆਸੀ ਮਾਮਲਿਆਂ ਦੇ ਜਾਣਕਾਰ ਡਾਕਟਰ ਮੁਹੰਮਦ ਖ਼ਾਲਿਦ ਆਖਦੇ ਹਨ ਕਿ ਜਿਸ ਤਰੀਕੇ ਨਾਲ ਸਿਕੰਦਰ ਸਿੰਘ ਮਲੂਕਾ ਨੇ ਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ, ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦਾ ਝੁਕਾਅ ਕਿੱਧਰ ਹੈ।

ਮੁਹੰਮਦ ਖ਼ਾਲਿਦ ਮੁਤਾਬਕ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਦੁਚਿੱਤੀ ਵਿੱਚ ਹੈ।

ਦੂਜੇ ਪਾਸੇ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਇਸ ਸਮੇਂ ਸਿਕੰਦਰ ਸਿੰਘ ਮਲੂਕਾ ਦੇ ਖ਼ਿਲਾਫ਼ ਕਾਰਵਾਈ ਕਰਦਾ ਹੈ ਤਾਂ ਇਸ ਦਾ ਸਿੱਧਾ ਅਸਰ ਬਠਿੰਡਾ ਲੋਕ ਸਭਾ ਹਲਕੇ ਉੱਤੇ ਪੈ ਸਕਦਾ ਹੈ ਕਿਉਂਕਿ ਮਲੂਕਾ ਲੰਮੇ ਸਮੇਂ ਤੱਕ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ।

ਹਲਕੇ ਵਿੱਚ ਉਨ੍ਹਾਂ ਦੀ ਪਕੜ ਵੀ ਮਜ਼ਬੂਤ ਹੈ, ਇਸ ਕਰ ਕੇ ਫ਼ਿਲਹਾਲ ਅਕਾਲੀ ਦਲ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਰਟੀ ਬਚ ਰਹੀ ਹੈ।

ਸੁਖਦੇਵ ਸਿੰਘ ਢੀਂਡਸਾ

ਤਸਵੀਰ ਸਰੋਤ, BBC/SUKHCHARAN PREET

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ

ਕੈਰੋਂ ਖਿਲਾਫ ਕੀਤੀ ਗਈ ਕਾਰਵਾਈ ਤੋਂ ਅਕਾਲੀ ਆਗੂ ਹੋਏ ਔਖੇ

ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਹੈ।

ਢੀਂਡਸਾ ਨੇ ਆਪਣੇ ਬਿਆਨ ਵਿੱਚ ਆਖਿਆ ਹੈ, “ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਫ਼ੈਸਲਾ ਮੰਦਭਾਗਾ ਹੈ, ਜਿਸ ਦੀ ਉਹ ਨਿੰਦਾ ਕਰਦੇ ਹਨ ਅਤੇ ਇਹ ਆਦੇਸ਼ ਪਾਰਟੀ ਦੇ ਹਿਤ ਵਿੱਚ ਨਹੀਂ ਹੈ।“

ਢੀਂਡਸਾ ਦਾ ਮੰਨਣਾ ਹੈ ਕਿ ਚੋਣਾਂ ਦੇ ਦਿਨਾਂ ਵਿੱਚ ਪਾਰਟੀ ਪ੍ਰਧਾਨ ਨੂੰ ਅਜਿਹੇ ਫ਼ੈਸਲੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਵੀ ਪਾਰਟੀ ਦੇ ਫ਼ੈਸਲਾ ਤੋਂ ਨਾਖ਼ੁਸ਼ ਹੈ।

ਜਗੀਰ ਕੌਰ ਦਾ ਕਹਿਣਾ ਹੈ, “ਆਦੇਸ਼ ਪ੍ਰਤਾਪ ਸਿੰਘ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਠੀਕ ਨਹੀਂ ਸੀ। ਪਾਰਟੀ ਦੇ ਇਸ ਐਕਸ਼ਨ ਨੂੰ ਲੈ ਕੇ ਵਰਕਰਾਂ ਅਤੇ ਆਗੂਆਂ ਵਿੱਚ ਰੋਸ ਹੈ।“

ਜਗੀਰ ਕੌਰ ਮੁਤਾਬਕ ਆਦੇਸ਼ ਪ੍ਰਤਾਪ ਸਿੰਘ ਨੇ ਕਦੇ ਵੀ ਪਾਰਟੀ ਦੇ ਕੰਮ ਕਾਜ ਵਿੱਚ ਦਖ਼ਲ ਅੰਦਾਜ਼ੀ ਨਹੀਂ ਕੀਤੀ, ਇਸ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ।

ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਤੰਜ ਕੱਸ ਰਹੇ ਹਨ। ਮੁੱਖ ਮੰਤਰੀ ਵਿਅੰਗਮਈ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਿਤ ਕਰਦੇ ਆਖ ਰਹੇ ਹਨ ਕਿ “ਪਾਰਟੀ ਵਿੱਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਓਏ।“

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)