ਵੋਟ ਪਾਉਣ ਤੋਂ ਬਾਅਦ ਕਿੱਥੇ ਮਿਲ ਰਿਹਾ ਮੁਫ਼ਤ ਖਾਣਾ,ਬੀਅਰ ਤੇ ਟੈਕਸੀ ਦੀ ਸਹੂਲਤ, ਕੋਰਟ ਨੇ ਵੀ ਦਿੱਤੀ ਹੈ ਇਜਾਜ਼ਤ

ਲੋਕ ਸਭਾ ਚੋਣਾਂ 2024

ਤਸਵੀਰ ਸਰੋਤ, Getty Images

    • ਲੇਖਕ, ਮੈਰਲ ਸਬੈਸਟਿਨ
    • ਰੋਲ, ਬੀਬੀਸੀ ਨਿਊਜ਼, ਕੋਚੀ

ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣ ਲਈ ਸ਼ਹਿਰ ਦੀਆਂ ਕਈ ਕੰਪਨੀਆਂ ਵੋਟਰਾਂ ਨੂੰ 'ਲਾਲਚ' ਦੇ ਰਹੀਆਂ ਹਨ।

ਇਸ ਵਿੱਚ ਮੁਫ਼ਤ ਖਾਣੇ ਤੋਂ ਲੈ ਕੇ ਟੈਕਸੀ ਦਾ ਸਫ਼ਰ ਤੱਕ ਸ਼ਾਮਲ ਹੈ।

ਕਰਨਾਟਕ ਦਾ ਬੈਂਗਲੂਰੂ ਅਕਸਰ ਆਪਣੇ ਨੀਵੇਂ ਵੋਟ ਫੀਸਦ ਲਈ ਚਰਚਾ ਵਿੱਚ ਰਹਿੰਦਾ ਹੈ। ਯਾਨਿ ਇੱਥੋਂ ਦੇ ਲੋਕ ਬਹੁਤ ਘੱਟ ਵੋਟ ਪਾਉਂਦੇ ਹਨ।

ਇਸ ਲਈ ਹੋਟਲਾਂ, ਟੈਕਸੀ ਸੇਵਾ ਦੇਣ ਵਾਲੀਆਂ ਕੰਪਨੀਆਂ ਅਤੇ ਹੋਰ ਫਰਮਾਂ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਦਾ ਐਲਾਨ ਕੀਤਾ ਹੈ।

ਡੋਸੇ ਦੀ ਪਲੇਟ

ਤਸਵੀਰ ਸਰੋਤ, Getty Images

ਇਨ੍ਹਾਂ ਸਕੀਮਾਂ ਵਿੱਚ ਮੁਫ਼ਤ ਖਾਣਾ, ਬੀਅਰ, ਟੈਕਸੀ ਦੇ ਕਿਰਾਏ ਵਿੱਚ ਛੋਟ ਅਤੇ ਸਿਹਤ ਦੀ ਜਾਂਚ ਵੀ ਸ਼ਾਮਲ ਹੈ।

ਸਕੀਮ ਦਾ ਲਾਭ ਲੈਣ ਲਈ ਕੁਝ ਰੈਸਟੋਰੈਂਟਾਂ ਵਿੱਚ ਲੋਕਾਂ ਨੂੰ ਵੋਟ ਕੀਤੀ ਹੋਣ ਦੇ ਸਬੂਤ ਵਜੋਂ ਆਪਣੀ ਸਿਆਹੀ ਵਾਲੀ ਉਂਗਲ ਦਿਖਾਉਣੀ ਪਵੇਗੀ।

ਇਹ ਵੀ ਪੜ੍ਹੋ-

ਭਾਰਤ ਵਿੱਚ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਬੈਂਗਲੂਰੂ ਵਿੱਚ ਸ਼ੁੱਕਰਵਾਰ ਨੂੰ ਦੂਜੇ ਪੜਾਅ ਵਿੱਚ ਵੋਟਾਂ ਪੈਣੀਆਂ ਹਨ।

ਬੁੱਧਵਾਰ ਨੂੰ ਕਰਨਾਟਕ ਹਾਈ ਕੋਰਟ ਨੇ ਹੋਟਲਾਂ ਦੀ ਇੱਕ ਐਸੋਸੀਏਸ਼ਨ ਨੂੰ ਇਜਾਜ਼ਤ ਦਿੱਤੀ ਕਿ ਉਹ ਲੋਕਾਂ ਨੂੰ ਮੁਫ਼ਤ ਵਿੱਚ ਜਾਂ ਰਿਆਇਤੀ ਦਰਾਂ ਉੱਤੇ ਭੋਜਨ ਪਰੋਸ ਸਕਦੇ ਹਨ, ਬਸ਼ਰਤੇ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ।

ਬੀਅਰ ਪੀਂਦੇ ਮਨੁੱਖ ਦਾ ਅਕਸ ਚਿਹਰਾ ਨਜ਼ਰ ਨਹੀਂ ਆ ਰਿਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਹਿਰ ਦਾ ਇੱਕ ਪੱਬ, ਵੋਟ ਪਾ ਕੇ ਆਉਣ ਵਾਲੇ ਪਹਿਲੇ 50 ਗਾਹਕਾਂ ਨੂੰ ਮੁਫ਼ਤ ਵਿੱਚ ਬੀਅਰ ਦਾ ਵਾਅਦਾ ਕਰ ਰਿਹਾ ਹੈ

ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਪੀਸੀ ਰਾਓ ਨੇ ਦਿ ਬੈਂਗਲੋਰ ਮਿਰਰ ਅਖ਼ਬਾਰ ਨੂੰ ਦੱਸਿਆ, “ਵੱਖੋ-ਵੱਖ ਹੋਟਲ ਅਤੇ ਰੈਸਟੋਰੈਂਟ ਵੋਟਰਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੱਖ-ਵੱਖ ਚੀਜ਼ਾਂ ਦੇਣਗੇ।”

“ਇਨ੍ਹਾਂ ਵਿੱਚੋਂ ਕੁਝ ਮੁਫ਼ਤ ਕੌਫੀ, ਡੋਸਾ ਅਤੇ ਗਰਮੀ ਤੋਂ ਉਭਰਨ ਲਈ ਜੂਸ ਦੇਣਗੇ ਤਾਂ ਕੁਝ ਖਾਣੇ ਉੱਪਰ ਰਿਆਇਤ ਜਾਂ ਕੋਈ ਹੋਰ ਆਫਰ ਦੇਣਗੇ।”

ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਦੇ ਦੱਖਣੀ ਬੈਂਗਲੋਰ ਲੋਕ ਸਭਾ ਹਲਕੇ ਵਿੱਚ ਸੂਬੇ 'ਚ ਸਭ ਤੋਂ ਨੀਵਾਂ ਵੋਟਰ ਟਰਨ ਆਊਟ 53.7% ਦਰਜ ਕੀਤਾ ਗਿਆ ਸੀ।

ਵੋਟਰਾਂ ਲਈ ਹੋਰ ਕਿਹੜੀਆਂ ਸਕੀਮਾਂ

ਵੰਡਰੇਲਾ ਬੈਂਗਲੂਰੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਹਿਰ ਦਾ ਮਸ਼ਹੂਰ ਮਨੋਰੰਜਨ ਪਾਰਕ ਵੰਡਰੇਲਾ ਰਿਆਇਤੀ ਦਰਾਂ ਉੱਤੇ ਟਿਕਟਾਂ ਦੇ ਰਿਹਾ ਹੈ (ਫਾਈਲ ਫੋਟੋ)

ਵੋਟਰ ਟਰਨ ਆਊਟ ਬੈਂਗਲੋਰ ਸੈਂਟਰਲ (54.3%) ਅਤੇ ਬੈਂਗਲੋਰ ਉੱਤਰੀ (54.7%) ਵਿੱਚ ਵੀ ਨੀਵਾਂ ਦਰਜ ਕੀਤਾ ਗਿਆ, ਜਦਕਿ ਸੂਬੇ ਕਰਨਾਟਕ ਦਾ ਸਮੁੱਚਾ ਅੰਕੜਾ 68% ਰਿਹਾ ਸੀ।

ਬਹੁਤ ਸਾਰੀਆਂ ਕੰਪਨੀਆਂ ਨੇ ਵੋਟਰਾਂ ਨੂੰ ਸੋਮਵਾਰ ਤੋਂ ਹੀ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੇ ਯੋਜਨਾਵਾਂ ਦਾ ਵੀ ਐਲਾਨ ਕਰ ਦਿੱਤਾ।

ਸ਼ਹਿਰ ਦਾ ਮਸ਼ਹੂਰ ਮਨੋਰੰਜਨ ਪਾਰਕ ਵੰਡਰੇਲਾ ਵੋਟਰਾਂ ਨੂੰ ਰਿਆਇਤੀ ਦਰਾਂ ਉੱਤੇ ਟਿਕਟਾਂ ਦੇ ਰਿਹਾ ਹੈ।

ਜਦਕਿ ਡੈਕ ਆਫ਼ ਬਰਿਊਜ਼, ਜੋ ਕਿ ਸ਼ਹਿਰ ਦਾ ਇੱਕ ਪੱਬ ਹੈ, ਵੋਟ ਪਾ ਕੇ ਆਉਣ ਵਾਲੇ ਪਹਿਲੇ 50 ਗਾਹਕਾਂ ਨੂੰ ਮੁਫ਼ਤ ਵਿੱਚ ਬੀਅਰ ਦਾ ਵਾਅਦਾ ਕਰ ਰਿਹਾ ਹੈ।

ਰਾਈਡ ਸ਼ੇਅਰਿੰਗ ਐਪ ਬਲੂ-ਸਮਾਰਟ, ਨੇ 30 ਕਿਲੋਮੀਟਰ ਦੇ ਘੇਰੇ ਵਿੱਚ ਸਫ਼ਰ ਕਰਨ ਵਾਲੇ ਵੋਟਰਾਂ ਨੂੰ 50% ਦੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਰੈਪੀਡੋ ਨੇ ਵਿਕਲਾਂਗ ਅਤੇ ਬਜ਼ੁਰਗ ਵੋਟਰਾਂ ਨੂੰ ਮੁਫ਼ਤ ਵਿੱਚ ਰਾਈਡ ਦੇਣ ਦਾ ਵਾਅਦਾ ਕੀਤਾ ਹੈ।

ਮਿਸਟਰ ਫਿਲੈਜ਼ ਦੇ ਸਹਿ ਸੰਸਥਾਪਕ ਗੋਪੀ ਚੰਦ ਚੇਰੂਕੁਰੀ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਲੋਕਤੰਤਰ ਅਤੇ ਵੋਟ ਕਰਨ ਦੇ ਮਹੱਤਵ ਦਾ ਜਸ਼ਨ ਮਨਾਉਣ ਦਾ ਇਹ ਸਾਡਾ ਤਰੀਕਾ ਹੈ। ਉਨ੍ਹਾਂ ਦਾ ਰੈਸਟੋਰੈਂਟ ਬਰਗਰ ਅਤੇ ਮਿਲਕਸ਼ੇਕ ਉੱਤੇ ਪਹਿਲੇ 100 ਗਾਹਕਾਂ ਨੂੰ 30% ਦੀ ਰਿਆਇਤ ਦੇ ਰਿਹਾ ਹੈ।

“ਸਾਨੂੰ ਉਮੀਦ ਹੈ ਕਿ ਇਸ ਪਹਿਲਕਦਮੀ ਨਾਲ ਬੈਂਗਲੂਰੂ ਦੇ ਸ਼ਹਿਰੀਆਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹ ਭਰੇਗਾ।”

ਗਰਾਫਿਕਸ

ਲੋਕ ਸਭਾ ਚੋਣਾਂ 2024

ਦੇਸ ਵਿੱਚ 18ਵੀਂ ਲੋਕ ਸਭਾ ਲਈ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਇਹ ਚੋਣਾਂ ਸੱਤ ਗੇੜਾਂ ਵਿੱਚ ਮੁਕੰਮਲ ਹੋਣਗੀਆਂ ਅਤੇ ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ।

ਪਹਿਲੇ ਗੇੜ ਵਿੱਚ 19 ਅਪ੍ਰੈਲ ਨੂੰ ਵੋਟਾਂ ਪਈਆਂ ਸਨ।

ਪਹਿਲੇ ਗੇੜ ਦੇ ਤਹਿਤ 19 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮ ਬੰਗਾਲ, ਅੰਡੇਮਾਨ-ਨਿਕੋਬਾਰ, ਜੰਮੂ ਕਸ਼ਮੀਰ, ਲਕਸ਼ਦੀਪ ਪੁੱਡੁਚੇਰੀ ਦੀਆਂ ਕੁਲ 102 ਸੀਟਾਂ ਉੱਤੇ ਚੋਣਾਂ ਹੋਣਗੀਆਂ।

ਦੂਜੇ ਗੇੜ ਦੀਆਂ ਵੋਟਾਂ ਸ਼ੁੱਕਰਵਾਰ ਯਾਨਿ 26 ਮਾਰਚ ਨੂੰ ਹੋ ਰਹੀਆਂ ਹਨ।

ਦੂਜੇ ਗੇੜ ਦੇ ਤਹਿਤ 26 ਅਪ੍ਰੈਲ ਨੂੰ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ-ਪ੍ਰਦੇਸ਼, ਪੱਛਮ ਬੰਗਾਲ, ਜੰਮੂ ਕਸ਼ਮੀਰ, ਦੀਆਂ ਕੁੱਲ 89 ਸੀਟਾਂ ਉੱਤ ਵੋਟਾਂ ਪੈਣਗੀਆਂ।

ਤੀਜੇ ਗੇੜ ਦੀਆਂ ਵੋਟਾਂ ਸੱਤ ਮਈ ਨੂੰ ਹੋਣਗੀਆਂ।

ਤੀਜੇ ਗੇੜ ਦੇ ਤਹਿਤ 7 ਮਈ ਨੂੰ ਅਸਾਮ ਬਿਹਾਰ ਛਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਮੱਧ-ਪ੍ਰਦੇਸ਼, ਮਹਾਰਾਸ਼ਟਰ, ਉੱਤਰ-ਪ੍ਰਦੇਸ਼, ਪੱਛਮ ਬੰਗਾਲ, ਦਾਦਰ ਨਗਰ ਹਵੇਲੀ ਅਤੇ ਦਮਨਦੀਵ ਦੀਆਂ ਕੁੱਲ 94 ਸੀਟਾਂ ਉੱਤੇ ਵੋਟਾਂ ਪਾਈਆਂ ਜਾਣਗੀਆਂ।

ਲੋਕ ਸਭਾ ਚੋਣਾਂ ਦੇ ਨਾਲ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਸਿੱਕਮ ਤੇ ਓਡੀਸ਼ਾ ਵਿੱਚ ਵੀ ਵਿਧਾਨ ਸਭਾ ਲਈ ਵੋਟਿੰਗ ਹੋਣੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)