ਹੀਟ ਸਟ੍ਰੋਕ ਕੀ ਹੈ, ਕਿਵੇਂ ਹੁੰਦਾ ਹੈ ਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਰੁਚਿਤਾ
- ਰੋਲ, ਬੀਬੀਸੀ ਸਹਿਯੋਗੀ
ਪੂਰੇ ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਗੁਜਰਾਤ ਦੇ ਤਾਂ ਕਈ ਇਲਾਕਿਆਂ ਵਿੱਚ ਸੋਕੇ ਦੀ ਸਥਿਤੀ ਬਣੀ ਹੋਈ ਹੈ।
ਪੰਜਾਬ, ਚੰਡੀਗੜ੍ਹ ਤੇ ਗੁਜਰਾਤ ਦੇ ਕਈ ਸੂਬਿਆਂ ਵਿੱਚ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਕੁਝ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਅਤੇ ਕੁਝ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਦਿੱਤਾ ਗਿਆ ਹੈ।
ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਵੱਧਦੀ ਗਰਮੀ ਦੇ ਨਾਲ ਹੀਟਵੇਵ ਦਾ ਖਤਰਾ ਵੀ ਵੱਧ ਜਾਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ ਖ਼ਾਨ ਨੂੰ ਵੀ ਗ਼ਰਮੀ ਨੇ ਪ੍ਰਭਾਵਿਤ ਕੀਤਾ। ਸ਼ਾਹਰੁਖ਼ ਖ਼ਾਨ ਗੁਜਰਾਤ ਗਏ ਸਨ ਅਤੇ ਡੀਹਾਈਡ੍ਰੇਸ਼ਨ ਕਾਰਨ ਉਨ੍ਹਾਂ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸ਼ਾਹਰੁਖ ਖ਼ਾਨ ਨੂੰ ਹੀਟ ਸਟ੍ਰੋਕ ਹੋਇਆ ਸੀ।
ਨੈਸ਼ਨਲ ਡਿਜ਼ਾਜ਼ਟਰ ਮੈਨੇਜਮੈਂਟ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2022 ਵਿੱਚ, ਮਾਰਚ ਤੋਂ ਜੁਲਾਈ ਤੱਕ, ਭਾਰਤ ਵਿੱਚ ਹੀਟ ਸਟ੍ਰੋਕ ਦੇ 13,968 ਮਾਮਲੇ ਸਾਹਮਣੇ ਆਏ ਸਨ ਅਤੇ ਹੀਟ ਸਟ੍ਰੋਕ ਕਾਰਨ 115 ਮੌਤਾਂ ਦੀ ਪੁਸ਼ਟੀ ਹੋਈ ਸੀ।
ਇਸ ਰਿਪੋਰਟ ਵਿੱਚ ਅਸੀਂ ਜਾਣਾਗੇ ਹੀਟ ਸਟ੍ਰੋਕ ਕੀ ਹੈ, ਇਹ ਕਿਵੇਂ ਹੁੰਦਾ ਹੈ ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?

ਤਸਵੀਰ ਸਰੋਤ, Getty Images
ਹੀਟ ਸਟ੍ਰੋਕ ਕੀ ਹੈ?
ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਨੇ ਹੀਟ ਸਟ੍ਰੋਕ ਨੂੰ ਪਰਿਭਾਸ਼ਿਤ ਕੀਤਾ ਹੈ।
ਇਸ ਪਰਿਭਾਸ਼ਾ ਮੁਤਾਬਕ ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵੱਧਦਾ ਹੈ ਅਤੇ ਸਰੀਰ ਆਪਣੇ ਤਾਪਮਾਨ ਨੂੰ ਕੰਟਰੋਲ ਨਹੀਂ ਕਰ ਪਾਉਂਦਾ, ਸਰੀਰ ਦੀ ਪਸੀਨਾ ਪੈਦਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਸਰੀਰ ਆਪਣੇ ਆਪ ਨੂੰ ਠੰਢਾ ਰੱਖਣ ਦੇ ਅਸਮਰੱਥ ਹੁੰਦਾ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਆਮ ਨਾਲੋਂ ਵਧੇਰੇ ਤਾਪਮਾਨ ਹੀਟਵੇਵ ਦੀ ਸਥਿਤੀ ਹੈ।
5–6 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇ ਵਾਧੇ ਨੂੰ ਇੱਕ ਮੱਧਮ ਹੀਟਵੇਵ ਮੰਨਿਆ ਜਾਂਦਾ ਹੈ। ਹੀਟਵੇਵ ਉਸ ਸਮੇਂ ਹੁੰਦੀ ਹੈ ਜਦੋਂ ਤਾਪਮਾਨ ਆਮ ਨਾਲੋਂ 7 ਡਿਗਰੀ ਸੈਲਸੀਅਸ ਤੱਕ ਵੱਧ ਜਾਵੇ ਜਾਂ ਫ਼ਿਰ ਲਗਾਤਾਰ 2 ਦਿਨਾਂ ਤੱਕ 45 ਡਿਗਰੀ ਸੈਲਸੀਅਸ ਵੱਧ ਤਾਪਮਾਨ ਰਹੇ।
ਅਜਿਹੀ ਹੀਟਵੇਵ ਦੀ ਸਥਿਤੀ ਵਿੱਚ ਹੀਟ ਸਟ੍ਰੋਕ ਦੀ ਸੰਭਾਵਨਾ ਬਣ ਜਾਂਦੀ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਮੁੱਖ ਤਾਪਮਾਨ 40 ਡਿਗਰੀ ਤੋਂ ਵੱਧ ਜਾਂਦਾ ਹੈ।
ਹੀਟ ਸਟ੍ਰੋਕ ਕਾਰਨ ਭੁਲੇਖੇ, ਦੌਰੇ, ਅਟੈਕਸੀਆ (ਮਾਸਪੇਸ਼ੀਆਂ ਦਾ ਆਪਸੀ ਤਾਲਮੇਲ ਘਟਨਾ), ਕੜਵੱਲ ਪੈਣੇ ਜਾਂ ਬੇਹੋਸ਼ੀ ਦੀ ਸਥਿਤੀ ਹੋ ਸਕਦੀ ਹੈ।
ਅਹਿਮਦਾਬਾਦ ਸਿਵਲ ਹਸਪਤਾਲ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾਕਟਰ ਰਜਨੀਸ਼ ਪਟੇਲ ਦਾ ਕਹਿਣਾ ਹੈ, "ਹਰ ਸਾਲ ਗਰਮੀ ਜ਼ਿਆਦਾ ਹੈ, ਇਸ ਲਈ ਮਰੀਜ਼ ਇਸ ਦੀ ਲਪੇਟ 'ਚ ਆ ਸਕਦੇ ਹਨ।"
“ਜਦੋਂ ਹੀਟ ਸਟ੍ਰੋਕ ਹੁੰਦਾ ਹੈ ਤਾਂ ਤੇਜ਼ ਬੁਖਾਰ ਹੁੰਦਾ ਹੈ। ਮਰੀਜ਼ ਨੂੰ 105 ਡਿਗਰੀ ਜਾਂ ਇਸ ਤੋਂ ਵੱਧ ਬੁਖਾਰ ਹੁੰਦਾ ਹੈ। ਇਹ ਬੁਖਾਰ ਆਮ ਦਵਾਈ ਨਾਲ ਨਹੀਂ ਉਤਰਦਾ ਅਤੇ ਮਰੀਜ਼ ਨੂੰ ਪਾਣੀ ਨਾਲ ਨਹਾਉਣਾ ਪੈਂਦਾ ਹੈ, ਜਾਂ ਇਸ ਲਈ ਮੌਜੂਦ ਖ਼ਾਸ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ।"
ਉਹ ਅੱਗੇ ਦੱਸਦੇ ਹਨ, "ਜਦੋਂ ਕੋਈ ਵਿਅਕਤੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਬਹੁਤ ਗ਼ਰਮ ਮੌਸਮ ਵਿੱਚ ਸੂਰਜ ਦੀਆਂ ਕਿਰਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਹੀਟਸਟ੍ਰੋਕ ਤੋਂ ਪ੍ਰਭਾਵਿਤ ਹੋ ਸਕਦਾ ਹੈ।"
“ਗਰਮੀਆਂ ਵਿੱਚ ਹੀਟ ਸਟ੍ਰੋਕ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।''
ਪਰ ਇਸ ਤੋਂ ਇਲਾਵਾ, ਜਦੋਂ ਪਹਿਲੀ ਬਾਰਿਸ਼ ਤੋਂ ਬਾਅਦ ਸਾਰੇ ਕਣ ਹਵਾ ਤੋਂ ਹੇਠਾਂ ਆ ਜਾਂਦੇ ਹਨ, ਤਾਂ ਸੂਰਜ ਦੀਆਂ ਕਿਰਨਾਂ ਸਭ ਤੋਂ ਤੇਜ਼ ਹੁੰਦੀਆਂ ਹਨ। ਇਸ ਸਮੇਂ ਵੀ ਹੀਟ ਸਟ੍ਰੋਕ ਹੋਣ ਦੀ ਵੀ ਸੰਭਾਵਨਾ ਹੈ।"
ਅਹਿਮਦਾਬਾਦ ਹਸਪਤਾਲ ਅਤੇ ਨਰਸਿੰਗ ਹੋਮਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਭਰਤ ਗਾਧਵੀ ਦੱਸਦੇ ਹਨ, "ਜਦੋਂ ਬਾਹਰੀ ਤਾਪਮਾਨ ਕਾਰਨ ਸਰੀਰ ਦਾ ਤਾਪਮਾਨ ਵਧਦਾ ਹੈ ਤਾਂ ਇਹ ਸਰੀਰ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਮਾਤਰਾ ਨੂੰ ਘਟਾਉਂਦਾ ਹੈ।”
“ਇਸ ਕਾਰਨ ਸਰੀਰ ਪਸੀਨਾ ਵਹਾਉਣ ਦੀ ਸਮਰੱਥਾ ਵੀ ਗੁਆ ਦਿੰਦਾ ਹੈ। ਪਸੀਨੇ ਦਾ ਮੂਲ ਉਦੇਸ਼ ਸਰੀਰ ਦੇ ਤਾਪਮਾਨ ਨੂੰ ਘੱਟ ਕਰਨਾ ਹੈ।”
“ਜਦੋਂ ਸਰੀਰ ਨੂੰ ਪਸੀਨਾ ਆਉਂਦਾ ਹੈ ਉਸ ਸਮੇਂ ਸਰੀਰ ਤੋਂ ਗ਼ਰਮੀ ਬਾਹਰ ਨਿਕਲਦੀ ਹੈ ਅਤੇ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ। ਫਿਰ ਹੀਟ ਸਟ੍ਰੋਕ ਹੁੰਦਾ ਹੈ।"
"ਜਦੋਂ ਹੀਟ ਸਟ੍ਰੋਕ ਹੁੰਦਾ ਹੈ ਤਾਂ ਸਰੀਰ ਦਾ ਤਾਪਮਾਨ 10 ਤੋਂ 15 ਮਿੰਟਾਂ ਵਿੱਚ 41 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਸਕਦਾ ਹੈ।"
ਜੇਕਰ ਕੋਈ ਵਿਅਕਤੀ ਤੁਰੰਤ ਇਲਾਜ ਨਹੀਂ ਕਰਾਉਂਦਾ ਤਾਂ ਹੀਟ ਸਟ੍ਰੋਕ ਸਥਾਈ ਅਪਾਹਜਤਾ ਜਾਂ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਤਸਵੀਰ ਸਰੋਤ, Getty Images
ਹੀਟ ਸਟ੍ਰੋਕ ਦੇ ਲੱਛਣ ਕੀ ਹਨ?
ਮਾਹਰਾਂ ਮੁਤਾਬਕ ਹੀਟ ਸਟ੍ਰੋਕ ਦੀ ਕਈ ਲੱਛਣ ਹਨ:
- ਦੁਵਿਧਾ ਵੱਧ ਜਾਂਦੀ ਹੈ
- ਮਾਨਸਿਕ ਸਥਿਤੀ ਬਦਲ ਜਾਂਦੀ ਹੈ
- ਆਵਾਜ਼ ਕੰਬਦੀ ਹੈ
- ਬੇਹੋਸ਼ੀ ਜਾਂ ਕੋਮਾ ਵਿੱਚ ਚਲੇ ਜਾਣਾ
- ਗਰਮੀ ਲੱਗਣਾ ਤੇ ਚਮੜੀ ਦਾ ਖ਼ੁਸ਼ਕ ਹੋਣਾ
- ਕੰਬਣੀ ਛਿੜਨਾ
- ਸਰੀਰ ਦਾ ਤਾਪਮਾਨ ਬਹੁਤ ਵੱਧ ਜਾਣਾ
- ਦਿਲ ਦੀ ਧੜਕਣ ਵੱਧਣਾ
- ਦਿਲ ਘਬਰਾਉਣਾ ਜਾਂ ਉਲਟੀ ਆਉਣਾ

ਤਸਵੀਰ ਸਰੋਤ, Getty Images
ਹੀਟ ਸਟ੍ਰੋਕ ਤੋਂ ਬਚਾ ਕਿਵੇਂ ਕਰੀਏ?
ਡਾਕਟਰ ਰਜਨੀਸ਼ ਗਰਮੀਆਂ ਵਿੱਚ ਹੀਟ ਸਟ੍ਰੋਕ ਤੋਂ ਬਚਣ ਲਈ ਕੁਝ ਉਪਾਏ ਦੱਸਦੇ ਹਨ।
- ਦੁਪਹਿਰ 12 ਵਜੇ ਤੋਂ 4 ਵਜੇ ਦੇ ਵਿਚਕਾਰ ਘਰ ਦੇ ਅੰਦਰ ਜਾਂ ਛਾਂ ਵਿੱਚ ਰਹਿਣਾ।
- ਢਿੱਲੇ ਕੱਪੜੇ ਪਹਿਨਣਾ ਅਤੇ ਚਿੱਟੇ ਜਾਂ ਹਲਕੇ ਰੰਗ ਦੇ ਕੱਪੜੇ ਪਹਿਨਣਾ
- ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ ਢੱਕਣਾ
- ਘਰ ਤੋਂ ਬਾਹਰ ਨਿਕਲਦੇ ਹੀ ਪਾਣੀ ਅਤੇ ਨਿੰਬੂ ਪਾਣੀ ਪੀਓ

ਤਸਵੀਰ ਸਰੋਤ, Getty Images
ਹੀਟ ਸਟ੍ਰੋਕ ਵਿੱਚ ਤੁਰੰਤ ਕੀ ਕੀਤਾ ਜਾ ਸਕਦਾ ਹੈ?
ਮਾਹਰਾਂ ਨੇ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਹੀਟਸਟ੍ਰੋਕ ਦੀ ਸਥਿਤੀ ਵਿੱਚ ਤੁਰੰਤ ਪਾਲਣਾ ਕੀਤੀ ਜਾ ਸਕਦੀ ਹੈ
- ਸਮਾਂ ਬਰਬਾਦ ਕੀਤੇ ਬਿਨਾਂ ਤੁਰੰਤ ਐਂਬੂਲੈਂਸ ਨੂੰ ਕਾਲ ਕਰੋ
- ਮਰੀਜ਼ ਨੂੰ ਤੁਰੰਤ ਛਾਂ ਜਾਂ ਠੰਢੀ ਥਾਂ 'ਤੇ ਲੈ ਜਾਓ
- ਮਰੀਜ਼ ਦੇ ਸਰੀਰ ਤੋਂ ਤੰਗ ਕੱਪੜੇ ਉਤਾਰ ਦਿਓ
- ਮਰੀਜ਼ 'ਤੇ ਠੰਢਾ ਪਾਣੀ ਜਾਂ ਉਸ ਦੇ ਕੱਪੜਿਆਂ 'ਤੇ ਠੰਢਾ ਪਾਣੀ ਪਾਓ
- ਵਿਅਕਤੀ ਦੇ ਆਲੇ-ਦੁਆਲੇ ਚੰਗੀ ਹਵਾ ਦਾ ਸੰਚਾਰ ਹੋਣਾ ਚਾਹੀਦਾ ਹੈ
- ਇੱਕ ਕੱਪੜੇ ਨੂੰ ਗਿੱਲਾ ਕਰਕੇ ਸਿਰ, ਗਰਦਨ ਕੱਛਾਂ ਅਤੇ ਪੱਟ ਦੇ ਜੋੜਾਂ 'ਤੇ ਲਗਾਓ

ਤਸਵੀਰ ਸਰੋਤ, ANI
ਹੀਟ ਸਟ੍ਰੋਕ ਦਾ ਇਲਾਜ
ਜੇ ਹੀਟ ਸਟ੍ਰੋਕ ਹੋਵੇ ਤਾਂ ਡਾਕਟਰ ਸਹੀ ਇਲਾਜ ਅਤੇ ਲੋੜੀਂਦੇ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ।
ਇਸ ਬਾਰੇ ਦੱਸਦੇ ਹੋਏ ਡਾਕਟਰ ਭਰਤ ਕਹਿੰਦੇ ਹਨ, "ਹੀਟ ਸਟ੍ਰੋਕ ਦਾ ਮੁੱਖ ਕਾਰਨ ਸਰੀਰ ਵਿੱਚੋਂ ਤਰਲ ਪਦਾਰਥਾਂ ਦਾ ਨਿਕਲਣਾ ਹੈ। ਯਾਨੀ ਕਿ ਇਲੈਕਟ੍ਰੋਲਾਈਟਸ ਦੀ ਕਮੀ ਹੈ।"
“ਹੁਣ ਡਾਕਟਰ ਨੇ ਇਹ ਦੇਖਣਾ ਹੈ ਕਿ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੀ ਕਿੰਨੀ ਕਮੀ ਹੋਈ ਹੈ। ਇਲਾਜ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੇ ਪੱਧਰ 'ਤੇ ਨਿਰਭਰ ਕਰਦਾ ਹੈ।”
“ਇਸ ਲਈ ਸਰੀਰ ਵਿੱਚ ਇਲੈਕਟ੍ਰੋਲਾਈਟਸ ਨੂੰ ਮਾਪਣ ਲਈ ਇੱਕ 'ਸੀਰਮ ਇਲੈਕਟ੍ਰੋਲਾਈਟ' ਟੈਸਟ ਕੀਤਾ ਜਾਂਦਾ ਹੈ।"
"ਜੇ ਇਲੈਕਟ੍ਰੋਲਾਈਟਸ ਘੱਟ ਜਾਂਦੇ ਹਨ ਤਾਂ ਇਹ ਗੁਰਦਿਆਂ, ਦਿਲ ਜਾਂ ਦਿਮਾਗੀ ਪ੍ਰਣਾਲੀ ਵਰਗੇ ਅੰਗਾਂ ਤੱਕ ਪਹੁੰਚਣ ਵਾਲੇ ਇਲੈਕਟ੍ਰੋਲਾਈਟਸ ਦੀ ਮਾਤਰਾ ਨੂੰ ਘਟਾ ਦਿੰਦੇ ਹਨ।”
ਡਾਕਟਰ ਭਰਤ ਕਹਿਦੇ ਹਨ, “ਜੇਕਰ ਅਜਿਹਾ ਹੁੰਦਾ ਹੈ, ਤਾਂ ਇਨ੍ਹਾਂ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਜਿਵੇਂ ਹੀ ਮਰੀਜ਼ ਹਸਪਤਾਲ ਪਹੁੰਚਦਾ ਹੈ, ਉਨ੍ਹਾਂ ਨੂੰ ਤੁਰੰਤ ਇਲੈਕਟ੍ਰੋਲਾਈਟ ਦਿੱਤੀ ਜਾਂਦੀ ਹੈ। ਪਰ, ਫਿਰ ਇੱਕ ਹੋਰ ਟੈਸਟ ਕੀਤਾ ਜਾਂਦਾ ਹੈ।"
ਡਾਕਟਰ ਦੁਰਗੇਸ਼ ਮੋਦੀ ਅਹਿਮਦਾਬਾਦ ਪ੍ਰੈਕਟਿਸ ਕਰਦੇ ਹਨ।
ਉਹ ਕਹਿੰਦੇ ਹਨ, " ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਹੀਟ ਸਟ੍ਰੋਕ ਵੀ ਫੇਫੜਿਆਂ ਨੂੰ ਸਥਾਈ ਤੌਰ 'ਤੇ ਨੁਕਸਾਨ ਪਹੁੰਚਾ ਸਕਦਾ ਹੈ।"
"ਇਹ ਜਾਣਨ ਲਈ ਕਿ ਗਰਮੀ ਦੇ ਸਟ੍ਰੋਕ ਨੇ ਕਿੰਨਾ ਪ੍ਰਭਾਵਿਤ ਕੀਤਾ ਹੈ, ਬਹੁਤ ਸਾਰੇ ਟੈਸਟ ਹਨ ਜੋ ਸਪੱਸ਼ਟ ਤੌਰ 'ਤੇ ਸਟ੍ਰੋਕ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ।"
ਯਾਨੀ, ਸੀਬੀਸੀ ਟੈਸਟ, ਕ੍ਰੀਏਟੀਨਾਈਨ ਟੈਸਟ, ਲੀਵਰ ਨਾਲ ਸਬੰਧਤ ਐੱਸਜੀਪੀਟੀ/ਸਗੋਟ ਟੈਸਟ ਕੀਤੇ ਜਾਂਦੇ ਹਨ। ਇਸ ਰਿਪੋਰਟ ਦੇ ਆਧਾਰ 'ਤੇ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕਿਸ ਨੂੰ ਹੀਟ ਸਟ੍ਰੋਕ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ?
ਨੈਸ਼ਨਲ ਮੈਡੀਸਨ ਜਰਨਲ ਆਫ਼ ਇੰਡੀਆ ਦੀ ਇੱਕ ਖੋਜ ਮੁਤਾਬਕ, ਬਾਹਰ ਕੰਮ ਕਰਨ ਵਾਲੇ ਲੋਕ (ਖੁੱਲ੍ਹੇ ਵਿੱਚ) ਜਿਵੇਂ ਕਿ ਸਬਜ਼ੀ ਵੇਚਣ ਵਾਲੇ, ਆਟੋ ਰਿਪੇਅਰ ਮਕੈਨਿਕ, ਸਾਈਕਲ ਰਿਕਸ਼ਾ, ਆਟੋਰਿਕਸ਼ਾ ਅਤੇ ਕੈਬ ਡਰਾਈਵਰ, ਸਵੈ-ਰੁਜ਼ਗਾਰ ਵਾਲੇ ਕਾਰੀਗਰ, ਮਜ਼ਦੂਰ, ਨਿਰਮਾਣ ਮਜ਼ਦੂਰ ਅਤੇ ਪੁਲਿਸ ਕਰਮਚਾਰੀ ਹੀਟ ਸਟ੍ਰੋਕ ਲਈ ਕੁਝ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।
“ਪਰ ਉਹ ਆਮ ਤੌਰ 'ਤੇ ਆਪਣਾ ਧਿਆਨ ਰੱਖਦੇ ਹਨ ਅਤੇ ਹੀਟਸਟ੍ਰੋਕ ਤੋਂ ਬਚਦੇ ਹਨ।”
“ਬਜ਼ੁਰਗ, ਬੱਚੇ ਖ਼ਾਸ ਕਰਕੇ ਗਰਭਵਤੀ ਔਰਤਾਂ ਹੀਟ ਸਟ੍ਰੋਕ ਤੋਂ ਪ੍ਰਭਾਵਿਤ ਹੋ ਸਕਦੇ ਹਨ।”
ਕੁਝ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਨੂੰ ਲੈਣ ਵਾਲੇ ਮਰੀਜ਼ਾਂ ਨੂੰ ਹੀਟ ਸਟ੍ਰੋਕ ਦਾ ਖਤਰਾ ਹੁੰਦਾ ਹੈ, ਜਿਵੇਂ ਕਿ ਐਂਟੀਸਾਇਕੌਟਿਕਸ, ਡਾਇਯੂਰੀਟਿਕਸ, ਵੈਸੋਕੌਂਸਟ੍ਰਿਕਟਰ, ਬੀਟਾ-ਬਲੌਕਰ, ਐਂਟੀਕੋਲਿਨਰਜਿਕਸ, ਥਾਈਰੋਕਸੀਨ, ਬੈਂਜੋਡਾਇਆਜ਼ੇਪੀਨਸ।
ਬੀ.ਪੀ. ਤੇ ਸ਼ੂਗਰ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਵੀ ਹੀਟ ਸਟ੍ਰੋਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਕਿਸੇ ਨੂੰ ਚਮੜੀ ਦੀ ਬਿਮਾਰੀ ਹੈ ਅਤੇ ਸਰੀਰ ਵਿੱਚ ਪਸੀਨਾ ਨਹੀਂ ਆਉਂਦਾ ਉਹ ਵੀ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਸਕਦਾ ਹੈ।
ਉਹ ਵਿਅਕਤੀ ਜੋ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਹਨ ਅਤੇ ਗਰਮੀ ਦੇ ਆਦੀ ਨਹੀਂ ਹਨ ਪਰ ਅਚਾਨਕ ਹੀਟਵੇਵ ਦੇ ਸੰਪਰਕ ਵਿੱਚ ਆਉਂਦੇ ਹਨ, ਖਾਸ ਤੌਰ 'ਤੇ ਕਮਜ਼ੋਰ ਹੁੰਦੇ ਹਨ।
ਉਦਾਹਰਣ ਲਈ, ਗਰਮੀਆਂ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ, ਜਿਨ੍ਹਾਂ ਨੂੰ ਤੇਜ਼ ਧੁੱਪ ਵਿੱਚ ਅਚਾਨਕ ਤੁਰਨਾ ਜਾਂ ਲਾਈਨ ਵਿੱਚ ਖੜ੍ਹੇ ਹੋਣਾ ਪੈਂਦਾ ਹੈ, ਉਹ ਹੀਟ ਸਟ੍ਰੋਕ ਦੇ ਸ਼ਿਕਾਰ ਹੋ ਸਕਦੇ ਹਨ।












