ਏਅਰ ਇੰਡੀਆ ਕ੍ਰੈਸ਼ ਹਾਦਸੇ ਦੀ ਵੀਡੀਓ ਰਿਕਾਰਡ ਕਰਨ ਵਾਲੇ 17 ਸਾਲਾ ਮੁੰਡੇ ਦੀ ਜ਼ਿੰਦਗੀ ਕਿਵੇਂ ਬਦਲ ਗਈ

ਅਹਿਮਦਾਬਾਦ ਜਹਾਜ਼ ਹਾਦਸਾ
    • ਲੇਖਕ, ਜ਼ੋਇਆ ਮਤੀਨ
    • ਰੋਲ, ਬੀਬੀਸੀ ਨਿਊਜ਼, ਦਿੱਲੀ

ਜਦੋਂ ਵੀ ਆਰਿਅਨ ਅਸਾਰੀ ਹਵਾਈ ਜਹਾਜ਼ ਦੀ ਆਵਾਜ਼ ਸੁਣਦਾ ਸੀ, ਉਹ ਜਹਾਜ਼ ਦੇਖਣ ਲਈ ਘਰ ਤੋਂ ਬਾਹਰ ਭੱਜਦਾ ਸੀ। ਉਸ ਦੇ ਪਿਤਾ ਮਗਨਭਾਈ ਅਸਾਰੀ ਨੇ ਦੱਸਿਆ ਕਿ ਜਹਾਜ਼ਾਂ ਨੂੰ ਦੇਖਣਾ ਉਸਦੇ ਲਈ ਇੱਕ ਕਿਸਮ ਦਾ ਸ਼ੌਕ ਸੀ। ਆਰਿਅਨ ਨੂੰ ਇੰਜਣ ਦੀ ਆਵਾਜ਼ ਬਹੁਤ ਪਸੰਦ ਸੀ।

ਜਿਵੇਂ-ਜਿਵੇਂ ਜਹਾਜ਼ ਅਸਮਾਨ ਵਿੱਚ ਉੱਡਦਾ, ਇੰਜਣ ਦੀ ਆਵਾਜ਼ ਉੱਚੀ ਹੁੰਦੀ ਜਾਂਦੀ ਸੀ ਅਤੇ ਅਸਮਾਨ ਵਿੱਚ ਧੂੰਆਂ ਛੱਡਿਆ ਜਾਂਦਾ... ਪਰ ਹੁਣ ਇਸੇ ਬਾਰੇ ਸੋਚ ਕੇ ਹੀ ਉਹ ਬਿਮਾਰ ਹੋ ਜਾਂਦਾ ਹੈ।

ਵੀਰਵਾਰ (12 ਜੂਨ) ਨੂੰ, 17 ਸਾਲਾ ਆਰਿਅਨ ਅਸਾਰੀ ਅਹਿਮਦਾਬਾਦ ਵਿੱਚ ਆਪਣੇ ਘਰ ਦੀ ਛੱਤ 'ਤੇ ਸੀ। ਉਹ ਜਹਾਜ਼ਾਂ ਦੀ ਵੀਡੀਓ ਰਿਕਾਰਡ ਕਰ ਰਿਹਾ ਸੀ।

ਉਸੇ ਸਮੇਂ, ਇੱਕ ਏਅਰ ਇੰਡੀਆ 787-8 ਡ੍ਰੀਮਲਾਈਨਰ ਉਸ ਦੀਆਂ ਅੱਖਾਂ ਸਾਹਮਣੇ ਹੀ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਲੱਗ ਗਈ। ਹਾਦਸੇ ਵਿੱਚ ਸਵਾਰ ਸਾਰੇ 242 ਲੋਕਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ, ਜਦਕਿ ਜਿੱਥੇ ਜਹਾਜ਼ ਡਿੱਗਿਆ ਉੱਥੇ ਮੌਜੂਦ ਲੋਕਾਂ ਵਿੱਚੋਂ ਵੀ 30 ਲੋਕ ਮਾਰੇ ਗਏ।

ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਪਲ ਆਰਿਅਨ ਦੇ ਫ਼ੋਨ 'ਤੇ ਕੈਦ ਹੋ ਗਿਆ।

ਆਰਿਅਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ, "ਮੈਂ ਜਹਾਜ਼ ਦੇਖਿਆ। ਇਹ ਹੇਠਾਂ-ਹੇਠਾਂ ਜਾ ਰਿਹਾ ਸੀ। ਫਿਰ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਹਾਦਸਾਗ੍ਰਸਤ ਹੋ ਗਿਆ।''

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, EPA

ਆਰਿਅਨ ਦੁਆਰਾ ਸਿਰਫ਼ ਇੱਕ ਸ਼ੌਕ ਵਜੋਂ ਬਣਾਇਆ ਗਿਆ ਇਹ ਵੀਡੀਓ ਹੁਣ ਹਾਦਸੇ ਦੀ ਜਾਂਚ ਕਰਨ ਵਾਲਿਆਂ ਲਈ ਇੱਕ ਮਹੱਤਵਪੂਰਨ ਸੁਰਾਗ ਹੈ।

ਇਸ ਵੀਡੀਓ ਨੇ ਮੀਡੀਆ ਵਿੱਚ ਸਨਸਨੀ ਫੈਲਾ ਦਿੱਤੀ ਅਤੇ ਹਾਈ ਸਕੂਲ ਦੇ ਵਿਦਿਆਰਥੀ ਆਰਿਅਨ ਨੂੰ ਦੇਸ਼ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸਿਆਂ ਵਿੱਚੋਂ ਇੱਕ ਦੇ ਕੇਂਦਰ ਵਿੱਚ ਰੱਖ ਦਿੱਤਾ।

ਮਗਨਭਾਈ ਅਸਾਰੀ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਕੋਲ ਇੰਟਰਵਿਊ ਲਈ ਬਹੁਤ ਸਾਰੀਆਂ ਬੇਨਤੀਆਂ ਆ ਰਹੀਆਂ ਹਨ। ਪੱਤਰਕਾਰ ਆਰਿਅਨ ਨਾਲ ਗੱਲ ਕਰਨ ਦੀ ਕੋਸ਼ਿਸ਼ ਵਿੱਚ ਦਿਨ-ਰਾਤ ਮੇਰੇ ਘਰ ਦੇ ਆਲੇ-ਦੁਆਲੇ ਘੁੰਮ ਰਹੇ ਹਨ।"

ਉਨ੍ਹਾਂ ਕਿਹਾ, "ਹਾਦਸੇ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਆਰਿਅਨ 'ਤੇ ਭਿਆਨਕ ਅਸਰ ਪਿਆ ਹੈ। ਉਸ ਨੇ ਜੋ ਦੇਖਿਆ ਉਸ ਤੋਂ ਉਹ ਬਹੁਤ ਪਰੇਸ਼ਾਨ ਹੈ। ਮੇਰਾ ਪੁੱਤਰ ਇੰਨਾ ਡਰਿਆ ਹੋਇਆ ਹੈ ਕਿ ਉਸਨੇ ਆਪਣਾ ਫ਼ੋਨ ਤੱਕ ਵਰਤਣਾ ਬੰਦ ਕਰ ਦਿੱਤਾ ਹੈ।''

ਹਵਾਈ ਜਹਾਜ਼ਾਂ ਦਾ ਦੀਵਾਨਾ ਆਰਿਅਨ

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, EPA

ਮਗਨਭਾਈ ਅਸਾਰੀ ਇੱਕ ਸੇਵਾਮੁਕਤ ਸਿਪਾਹੀ ਹਨ ਅਤੇ ਹੁਣ ਅਹਿਮਦਾਬਾਦ ਸਬਵੇਅ ਸੇਵਾ ਵਿੱਚ ਕੰਮ ਕਰਦੇ ਹਨ। ਉਹ ਪਿਛਲੇ 3 ਸਾਲਾਂ ਤੋਂ ਹਵਾਈ ਅੱਡੇ ਦੇ ਨੇੜੇ ਇੱਕ ਇਲਾਕੇ ਵਿੱਚ ਰਹਿ ਰਹੇ ਹਨ।

ਹਾਲ ਹੀ ਵਿੱਚ, ਉਹ ਤਿੰਨ ਮੰਜ਼ਿਲਾ ਇਮਾਰਤ ਦੀ ਛੱਤ 'ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਸ਼ਿਫਟ ਹੋ ਗਏ ਸਨ, ਜਿੱਥੋਂ ਉਨ੍ਹਾਂ ਨੂੰ ਸ਼ਹਿਰ ਦਾ ਦੂਰ-ਦੁਰਾਡੇ ਦਾ ਨਜ਼ਾਰਾ ਦਿਖਾਈ ਦਿੰਦਾ ਸੀ।

ਉਨ੍ਹਾਂ ਦੇ ਪਤਨੀ ਅਤੇ ਦੋ ਬੱਚੇ, ਆਰਿਅਨ ਅਤੇ ਉਸਦੀ ਵੱਡੀ ਭੈਣ ਅਜੇ ਵੀ ਆਪਣੇ ਜੱਦੀ ਪਿੰਡ ਵਿੱਚ ਰਹਿੰਦੇ ਹਨ, ਜੋ ਕਿ ਗੁਜਰਾਤ ਅਤੇ ਰਾਜਸਥਾਨ ਦੀ ਸਰਹੱਦ 'ਤੇ ਹੈ।

ਮਗਨਭਾਈ ਨੇ ਦੱਸਿਆ, "ਆਰਿਅਨ ਪਹਿਲੀ ਵਾਰ ਅਹਿਮਦਾਬਾਦ ਆਇਆ ਸੀ। ਦਰਅਸਲ, ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਪਿੰਡ ਛੱਡਿਆ ਸੀ।''

"ਜਦੋਂ ਵੀ ਮੈਂ ਫ਼ੋਨ ਕਰਦਾ ਸੀ, ਆਰਿਅਨ ਮੈਨੂੰ ਪੁੱਛਦਾ ਸੀ ਕਿ ਕੀ ਮੈਂ ਘਰ ਦੀ ਛੱਤ ਤੋਂ ਜਹਾਜ਼ ਦੇਖ ਸਕਦਾ ਹਾਂ। ਮੈਂ ਉਸ ਨੂੰ ਦੱਸਦਾ ਸੀ ਕਿ ਮੈਂ ਅਸਮਾਨ ਵਿੱਚ ਸੈਂਕੜੇ ਜਹਾਜ਼ ਉੱਡਦੇ ਦੇਖ ਸਕਦਾ ਹਾਂ।"

ਉਨ੍ਹਾਂ ਕਿਹਾ ਕਿ ਆਰਿਅਨ ਨੂੰ ਹਵਾਈ ਜਹਾਜ਼ ਬਹੁਤ ਪਸੰਦ ਸਨ। ਉਸਨੂੰ ਜਹਾਜ਼ਾਂ ਨੂੰ ਪਿੰਡ ਦੇ ਉੱਪਰ ਉੱਡਦੇ ਦੇਖਣਾ ਪਸੰਦ ਸੀ। ਆਪਣੇ ਪਿਤਾ ਦੇ ਨਵੇਂ ਘਰ ਦੀ ਛੱਤ ਤੋਂ ਉਨ੍ਹਾਂ ਨੂੰ ਨੇੜਿਓਂ ਦੇਖਣ ਦਾ ਵਿਚਾਰ ਹੀ ਉਸਨੂੰ ਬਹੁਤ ਰੋਮਾਂਚਿਤ ਕਰ ਰਿਹਾ ਸੀ।

ਪਿਛਲੇ ਹਫ਼ਤੇ, ਉਸ ਨੂੰ ਇਹ ਮੌਕਾ ਮਿਲ ਵੀ ਗਿਆ। ਉਸਦੀ ਵੱਡੀ ਭੈਣ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ। ਉਹ ਦਾਖਲਾ ਪ੍ਰੀਖਿਆ ਦੇਣ ਲਈ ਅਹਿਮਦਾਬਾਦ ਆਈ ਸੀ।

ਅਸਾਰੀ ਨੇ ਦੱਸਿਆ ਕਿ ਆਰਿਅਨ ਨੇ ਵੀ ਉਸ ਦੇ ਨਾਲ ਜਾਣ ਦਾ ਫੈਸਲਾ ਕੀਤਾ। "ਉਸਨੇ ਮੈਨੂੰ ਦੱਸਿਆ ਕਿ ਉਹ ਨਵੀਆਂ ਨੋਟਬੁੱਕਸ ਅਤੇ ਕੱਪੜੇ ਖਰੀਦਣਾ ਚਾਹੁੰਦਾ ਹੈ।''

"ਜਹਾਜ਼ ਹਿੱਲ ਰਿਹਾ ਸੀ, ਸੱਜੇ-ਖੱਬੇ ਜਾ ਰਿਹਾ ਸੀ।''

ਅਹਿਮਦਾਬਾਦ ਜਹਾਜ਼ ਹਾਦਸਾ

ਦੋਵੇਂ ਭੈਣ-ਭਰਾ ਵੀਰਵਾਰ (12 ਜੂਨ) ਨੂੰ ਹਾਦਸੇ ਤੋਂ ਲਗਭਗ ਡੇਢ ਘੰਟਾ ਪਹਿਲਾਂ ਹੀ ਦੁਪਹਿਰੇ ਆਪਣੇ ਪਿਤਾ ਦੇ ਘਰ ਪਹੁੰਚੇ।

ਉਨ੍ਹਾਂ ਸਾਰਿਆਂ ਨੇ ਇਕੱਠੇ ਦੁਪਹਿਰ ਦਾ ਖਾਣਾ ਖਾਧਾ। ਫਿਰ ਅਸਾਰੀ ਬੱਚਿਆਂ ਨੂੰ ਘਰ ਛੱਡ ਕੇ ਕੰਮ 'ਤੇ ਚਲੇ ਗਏ।

ਇਸ ਵੇਲੇ ਆਰਿਅਨ ਛੱਤ 'ਤੇ ਗਿਆ ਅਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਦੋਸਤਾਂ ਨੂੰ ਦਿਖਾ ਸਕੇ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਸੇ ਸਮੇਂ ਉਸ ਨੇ ਏਅਰ ਇੰਡੀਆ ਦਾ ਇੱਕ ਜਹਾਜ਼ ਦੇਖਿਆ ਅਤੇ ਇਸਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਆਰਿਅਨ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਜਹਾਜ਼ ਵਿੱਚ ਕੁਝ ਗੜਬੜ ਸੀ।

ਉਸਨੇ ਦੱਸਿਆ, "ਜਹਾਜ਼ ਹਿੱਲ ਰਿਹਾ ਸੀ, ਸੱਜੇ-ਖੱਬੇ ਜਾ ਰਿਹਾ ਸੀ।''

ਉਹ ਜਹਾਜ਼ ਨੂੰ ਉਸ ਸਮੇਂ ਫ਼ਿਲਮਾ ਰਿਹਾ ਸੀ ਜਦੋਂ ਉਹ ਹੇਠਾਂ ਵੱਲ ਜਾ ਰਿਹਾ ਸੀ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ।

ਪਰ ਜਦੋਂ ਧੂੰਏਂ ਦੇ ਵੱਡੇ ਗੁਬਾਰ ਹਵਾ ਵਿੱਚ ਉੱਠੇ ਅਤੇ ਇਮਾਰਤਾਂ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ, ਤਾਂ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਕੀ ਦੇਖਿਆ ਸੀ।

ਫਿਰ ਉਸਨੇ ਇਹ ਵੀਡੀਓ ਆਪਣੇ ਪਿਤਾ ਨੂੰ ਭੇਜੀ ਅਤੇ ਉਨ੍ਹਾਂ ਨੂੰ ਘਰ ਬੁਲਾਇਆ।

ਆਰਿਅਨ
ਤਸਵੀਰ ਕੈਪਸ਼ਨ, ਆਰਿਅਨ

'ਮੈਂ ਖੁਦ ਵੀ ਡਰ ਗਿਆ ਸੀ'

ਅਸਾਰੀ ਦੱਸਦੇ ਹਨ, "ਉਹ ਬਹੁਤ ਡਰਿਆ ਹੋਇਆ ਸੀ। ਉਸ ਨੇ ਕਿਹਾ, 'ਮੈਂ ਇਸਨੂੰ ਦੇਖਿਆ, ਪਾਪਾ, ਮੈਂ ਇਸ ਨੂੰ ਕ੍ਰੈਸ਼ ਹੁੰਦੇ ਦੇਖਿਆ'।''

''ਉਹ ਮੈਨੂੰ ਪੁੱਛਦਾ ਰਿਹਾ ਕਿ ਜਹਾਜ਼ ਦਾ ਕੀ ਹੋਇਆ। ਮੈਂ ਉਸ ਨੂੰ ਸ਼ਾਂਤ ਰਹਿਣ ਅਤੇ ਚਿੰਤਾ ਨਾ ਕਰਨ ਲਈ ਕਿਹਾ। ਪਰ ਉਹ ਬਹੁਤ ਡਰਿਆ ਹੋਇਆ ਸੀ।''

ਅਸਾਰੀ ਨੇ ਆਪਣੇ ਪੁੱਤਰ ਨੂੰ ਵੀਡੀਓ ਸਾਂਝਾ ਨਾ ਕਰਨ ਲਈ ਵੀ ਕਿਹਾ। ਪਰ ਬਹੁਤ ਜ਼ਿਆਦਾ ਡਰ ਅਤੇ ਸਦਮੇ ਦੀ ਸਥਿਤੀ ਵਿੱਚ, ਉਸਨੇ ਵੀਡੀਓ ਆਪਣੇ ਦੋਸਤਾਂ ਨੂੰ ਭੇਜ ਦਿੱਤਾ ਅਤੇ "ਅਚਾਨਕ, ਵੀਡੀਓ ਵਾਇਰਲ ਹੋ ਗਿਆ।"

ਉਸ ਤੋਂ ਬਾਅਦ ਦੇ ਦਿਨ ਪਰਿਵਾਰ ਲਈ ਇੱਕ ਭਿਆਨਕ ਸੁਪਨੇ ਵਾਂਗ ਸਨ।

ਗੁਆਂਢੀ, ਪੱਤਰਕਾਰ ਅਤੇ ਕੈਮਰਾਮੈਨ ਦਿਨ-ਰਾਤ ਅਸਾਰੀ ਦੇ ਛੋਟੇ ਜਿਹੇ ਘਰ ਵਿੱਚ ਇਕੱਠੇ ਹੁੰਦੇ ਸਨ। ਉਹ ਆਰਿਅਨ ਨਾਲ ਗੱਲ ਕਰਨਾ ਚਾਹੁੰਦੇ ਸਨ।

ਅਸਾਰੀ ਕਹਿੰਦੇ ਹਨ, "ਅਸੀਂ ਉਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕਦੇ ਸੀ।''

ਪੁਲਿਸ ਵੀ ਅਸਾਰੀ ਪਰਿਵਾਰ ਨੂੰ ਮਿਲਣ ਗਈ। ਉਹ ਆਰਿਅਨ ਨੂੰ ਪੁਲਿਸ ਸਟੇਸ਼ਨ ਲੈ ਕੇ ਗਏ ਅਤੇ ਉਸਦਾ ਬਿਆਨ ਦਰਜ ਕੀਤਾ।

ਅਸਾਰੀ ਨੇ ਸਪੱਸ਼ਟ ਕੀਤਾ ਕਿ ਆਰਿਅਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ ਖਬਰਾਂ ਵਿੱਚ ਦੱਸਿਆ ਗਿਆ ਸੀ, ਪਰ ਪੁਲਿਸ ਨੇ ਉਸ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਕਿ ਉਸਨੇ ਕੀ ਦੇਖਿਆ ਸੀ।

"ਉਦੋਂ ਤੱਕ ਮੇਰਾ ਪੁੱਤਰ ਇੰਨਾ ਪਰੇਸ਼ਾਨ ਸੀ ਕਿ ਅਸੀਂ ਉਸ ਨੂੰ ਪਿੰਡ ਵਾਪਸ ਭੇਜਣ ਦਾ ਫੈਸਲਾ ਕੀਤਾ।"

ਆਰਿਅਨ ਆਪਣੇ ਪਿੰਡ ਵਾਪਸ ਆਉਣ ਤੋਂ ਬਾਅਦ ਸਕੂਲ ਜਾ ਰਿਹਾ ਹੈ। ਪਰ ਅਸਾਰੀ ਕਹਿੰਦੇ ਹਨ ਕਿ "ਉਹ ਅਜੇ ਵੀ ਗੁਆਚਿਆ ਜਿਹਾ ਮਹਿਸੂਸ ਕਰਦਾ ਹੈ। ਉਸਦੀ ਮਾਂ ਮੈਨੂੰ ਦੱਸਦੀ ਹੈ ਕਿ ਹਰ ਵਾਰ ਜਦੋਂ ਉਸਦਾ ਫ਼ੋਨ ਵੱਜਦਾ ਹੈ, ਉਹ ਡਰ ਜਾਂਦਾ ਹੈ।''

ਉਨ੍ਹਾਂ ਕਿਹਾ, "ਮੈਂ ਜਾਣਦਾ ਹਾਂ ਕਿ ਉਹ ਹੌਲੀ-ਹੌਲੀ ਠੀਕ ਹੋ ਜਾਵੇਗਾ। ਪਰ ਮੈਨੂੰ ਨਹੀਂ ਲੱਗਦਾ ਕਿ ਮੇਰਾ ਪੁੱਤਰ ਫਿਰ ਕਦੇ ਵੀ ਅਸਮਾਨ 'ਚ ਉੱਡਦੇ ਜਹਾਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਵੀ ਕਰੇਗਾ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)