ਅਹਿਮਦਾਬਾਦ ਜਹਾਜ਼ ਹਾਦਸਾ: 5 ਮਿੰਟ ਦੀ ਦੇਰੀ ਨੇ ਕਿਵੇਂ ਬਚਾਈ ਇਸ ਕੁੜੀ ਦੀ ਜਾਨ, ਕਿਹੜੀ ਚੀਜ਼ ਬਣੀ 'ਵਰਦਾਨ'

ਭੂਮੀ ਚੌਹਾਨ

ਤਸਵੀਰ ਸਰੋਤ, Bhumi Chauhan

ਤਸਵੀਰ ਕੈਪਸ਼ਨ, ਭੂਮੀ ਨੇ ਵੀ ਏਅਰ ਇੰਡੀਆ ਦੇ ਲੰਡਨ ਜਾਣ ਵਾਲੇ ਉਸੇ ਜਹਾਜ਼ ਰਾਹੀਂ ਜਾਣਾ ਸੀ ਜੋ ਗੁਜਰਾਤ ਦੇ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ
    • ਲੇਖਕ, ਭਾਰਗਵ ਪਾਰਿਖ
    • ਰੋਲ, ਬੀਬੀਸੀ ਪੱਤਰਕਾਰ

ਭੂਮੀ ਚੌਹਾਨ ਦੀ ਜਦੋਂ ਵੀਰਵਾਰ ਦੁਪਹਿਰੇ ਲੰਡਨ ਜਾਣ ਵਾਲੀ ਫਲਾਈਟ ਮਿਸ ਹੋ ਗਈ ਤਾਂ ਉਹ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਹਾਲਾਂਕਿ, ਕੁਝ ਹੀ ਸਮੇਂ ਬਾਅਦ ਉਹ ਇਸ ਦੇ ਲਈ ਰੱਬ ਦਾ ਸ਼ੁਕਰੀਆ ਅਦਾ ਕਰ ਰਹੇ ਸਨ।

ਦਰਅਸਲ 30 ਸਾਲਾ ਭੂਮੀ ਨੇ ਵੀ ਏਅਰ ਇੰਡੀਆ ਦੇ ਲੰਡਨ ਜਾਣ ਵਾਲੇ ਉਸੇ ਜਹਾਜ਼ ਰਾਹੀਂ ਜਾਣਾ ਸੀ ਜੋ ਗੁਜਰਾਤ ਦੇ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ।

ਭੂਮੀ ਚੌਹਾਨ ਆਪਣੇ ਜੱਦੀ ਸ਼ਹਿਰ ਗੁਜਰਾਤ ਦੇ ਅੰਕਲੇਸ਼ਵਰ ਤੋਂ ਸੜਕ ਰਾਹੀਂ ਯਾਤਰਾ ਕਰਕੇ ਫਲਾਈਟ ਫੜ੍ਹਨ ਲਈ ਅਹਿਮਦਾਬਾਦ ਜਾ ਰਹੇ ਸਨ।

ਭੂਮੀ ਚੌਹਾਨ ਨੇ ਬੀਬੀਸੀ ਨਾਲ ਗੱਲਬਾਤ 'ਚ ਦੱਸਿਆ, "ਅਸੀਂ ਸਮੇਂ ਸਿਰ ਅਹਿਮਦਾਬਾਦ ਪਹੁੰਚੇ ਸੀ, ਪਰ ਸ਼ਹਿਰ ਵਿੱਚ ਟ੍ਰੈਫਿਕ ਕਾਰਨ ਮੈਂ ਹਵਾਈ ਅੱਡੇ 'ਤੇ ਪੰਜ ਮਿੰਟ ਦੇਰੀ ਨਾਲ ਪਹੁੰਚੀ। ਮੈਨੂੰ ਹਵਾਈ ਅੱਡੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।"

'ਪੈਸੇ ਗਏ ਪਰ ਸ਼ੁਕਰ ਹੈ ਜਾਨ ਬਚ ਗਈ'

ਭੂਮੀ ਚੌਹਾਨ

ਤਸਵੀਰ ਸਰੋਤ, Bhumi Chauhan

ਤਸਵੀਰ ਕੈਪਸ਼ਨ, ਭੂਮੀ ਕਹਿੰਦੇ ਹਨ ਕਿ 5 ਮਿੰਟਾਂ ਦੀ ਦੇਰੀ ਕਾਰਨ ਉਨ੍ਹਾਂ ਨੂੰ ਫਲਾਈਟ 'ਤੇ ਨਹੀਂ ਚੜ੍ਹਨ ਦਿੱਤਾ ਗਿਆ ਅਤੇ ਉਹ ਬਚ ਗਏ

ਉਹ ਕਹਿੰਦੇ ਹਨ, "ਪਹਿਲਾਂ ਤਾਂ ਮੈਂ ਬਹੁਤ ਪਰੇਸ਼ਾਨ ਸੀ ਕਿ ਮੇਰੇ ਟਿਕਟ ਦੇ ਪੈਸੇ ਬਰਬਾਦ ਹੋ ਗਏ ਅਤੇ ਸ਼ਾਇਦ ਮੇਰੀ ਨੌਕਰੀ ਵੀ ਜਾ ਸਕਦੀ ਹੈ। ਪਰ ਹੁਣ, ਮੈਂ ਸ਼ੁਕਰਗੁਜ਼ਾਰ ਹਾਂ! ਮੇਰੇ ਪੈਸੇ ਚਲੇ ਗਏ ਹਨ, ਪਰ ਮੇਰੀ ਜਾਨ ਬਚ ਗਈ।"

ਭੂਮੀ ਪਹਿਲਾਂ ਪੜ੍ਹਾਈ ਲਈ ਇੰਗਲੈਂਡ ਗਏ ਸਨ, ਜਿੱਥੇ ਉਨ੍ਹਾਂ ਨੇ ਦੋ ਸਾਲ ਪਹਿਲਾਂ ਕੇਵਲ ਚੌਹਾਨ ਨਾਲ ਵਿਆਹ ਕਰਵਾਇਆ ਸੀ। ਕੇਵਲ ਚੌਹਾਨ ਬ੍ਰਿਸਟਲ ਵਿੱਚ ਇੱਕ ਬੈਂਕ ਕਰਮਚਾਰੀ ਹਨ।

ਭੂਮੀ ਦੱਸਦੇ ਹਨ, "ਮੈਂ ਪੜ੍ਹਾਈ ਲਈ ਯੂਕੇ ਗਈ ਸੀ ਅਤੇ ਪਾਰਟ-ਟਾਈਮ ਕੰਮ ਕਰ ਰਹੀ ਸੀ। ਵਿਆਹ ਤੋਂ ਦੋ ਸਾਲ ਬਾਅਦ, ਮੈਂ ਆਪਣੇ ਜੱਦੀ ਸ਼ਹਿਰ ਗੁਜਰਾਤ ਦੇ ਅੰਕਲੇਸ਼ਵਰ ਵਾਪਸ ਆਈ ਸੀ।"

ਉਹ ਕਹਿੰਦੇ ਹਨ, "ਮੈਂ ਇੱਥੇ ਡੇਢ ਮਹੀਨਾ ਰਹੀ। ਹੁਣ ਮੈਂ ਆਪਣੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਵਾਪਸ ਇੰਗਲੈਂਡ ਜਾ ਰਹੀ ਸੀ।"

ਇਹ ਵੀ ਪੜ੍ਹੋ-

'ਚੈੱਕ-ਇਨ ਵੀ ਕਰ ਲਿਆ ਸੀ ਪਰ ਫਲਾਈਟ 'ਚ ਨਹੀਂ ਚੜ੍ਹਨ ਦਿੱਤਾ'

ਭੂਮੀ ਚੌਹਾਨ

ਤਸਵੀਰ ਸਰੋਤ, Bhumi Chauhan

ਤਸਵੀਰ ਕੈਪਸ਼ਨ, ਭੂਮੀ ਕੁਝ ਸਮੇਂ ਲਈ ਭਾਰਤ ਆਏ ਹੋਏ ਸਨ ਅਤੇ ਹੁਣ ਆਪਣੇ ਪਤੀ ਕੋਲ ਲੰਡਨ ਵਾਪਸ ਜਾ ਰਹੇ ਸਨ

ਭੂਮੀ ਕਹਿੰਦੇ ਹਨ ਕਿ ਜਿਵੇਂ ਹੀ ਉਹ ਟ੍ਰੈਫਿਕ ਵਿੱਚ ਫਸੇ, ਤਾਂ ਉਨ੍ਹਾਂ ਨੇ ਔਨਲਾਈਨ ਫਲਾਈਟ ਲਈ ਚੈੱਕ-ਇਨ ਕਰ ਲਿਆ ਸੀ। ਪਰ ਉਨ੍ਹਾਂ ਨੂੰ ਫਲਾਈਟ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਭੂਮੀ ਦੱਸਦੇ ਹਨ ਕਿ "ਏਅਰ ਇੰਡੀਆ ਦੇ ਸਟਾਫ ਨੇ ਮੈਨੂੰ ਦੱਸਿਆ ਕਿ ਮੈਂ ਲੇਟ ਹੋ ਗਈ ਹਾਂ, ਇਮੀਗ੍ਰੇਸ਼ਨ ਹੋ ਚੁੱਕਿਆ ਹੈ ਅਤੇ ਬੋਰਡਿੰਗ ਵੀ ਪੂਰੀ ਹੋ ਗਈ ਹੈ, ਇਸ ਲਈ ਮੈਂ ਫਲਾਈਟ ਵਿੱਚ ਚੜ੍ਹ ਨਹੀਂ ਸਕਦੀ।"

ਭੂਮੀ ਕਹਿੰਦੇ ਹਨ, "ਮੈਂ ਬਹੁਤ ਮਿੰਨਤਾਂ ਕੀਤੀਆਂ, ਸਮਝਾਇਆ ਕਿ ਮੈਂ ਆਪਣੀ ਨੌਕਰੀ ਅਤੇ ਟਿਕਟ ਦੇ ਪੈਸੇ ਗੁਆ ਸਕਦੀ ਹਾਂ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਰਿਫੰਡ ਦੀ ਬੇਨਤੀ ਵੀ ਕੀਤੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।"

ਘਰ ਮੁੜਨ ਵੇਲੇ ਪਤਾ ਲੱਗਾ 'ਪਲੇਨ ਕ੍ਰੈਸ਼ ਹੋ ਗਿਆ'

ਜਹਾਜ਼ ਦਾ ਸੜਿਆ ਹੋਇਆ ਖੰਭ
ਤਸਵੀਰ ਕੈਪਸ਼ਨ, ਜਹਾਜ਼ ਦਾ ਸੜਿਆ ਹੋਇਆ ਖੰਭ

ਉਹ ਦੱਸਦੇ ਹਨ ਕਿ ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਆਏ ਅਤੇ ਘਰ ਵਾਪਸੀ ਵੇਲੇ ਚਾਹ ਪੀਤੀ ਤਾਂ ਉਸੇ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਹੈ।

ਭੂਮੀ ਕਹਿੰਦੇ ਹਨ, "ਅਸੀਂ ਘਰ ਵਾਪਸੀ ਵੇਲੇ ਚਾਹ ਪੀਣ ਲਈ ਰੁਕੇ, ਉਦੋਂ ਅਸੀਂ ਆਪਣੇ ਟ੍ਰੈਵਲ ਏਜੰਟ ਨਾਲ ਰਿਫੰਡ ਲੈਣ ਬਾਰੇ ਚਰਚਾ ਕਰ ਰਹੇ ਸੀ ਜਦੋਂ ਸਾਨੂੰ ਅੰਕਲੇਸ਼ਵਰ ਤੋਂ ਫੋਨ ਆਇਆ ਕਿ ਜਿਸ ਜਹਾਜ਼ ਵਿੱਚ ਮੈਂ ਉਡਾਣ ਭਰਨੀ ਸੀ, ਉਹ ਕ੍ਰੈਸ਼ ਹੋ ਗਿਆ ਹੈ।"

ਇਸ ਸਦਮੇ ਕਾਰਨ ਭੂਮੀ ਦੀ ਆਵਾਜ਼ ਘੁਟ ਰਹੀ ਸੀ।

ਉਹ ਕਹਿੰਦੇ ਹਨ, "ਅਸੀਂ ਤੁਰੰਤ ਇੱਕ ਮੰਦਰ ਗਏ ਅਤੇ ਰੱਬ ਦਾ ਧੰਨਵਾਦ ਕੀਤਾ... ਅਹਿਮਦਾਬਾਦ ਦੀ ਟ੍ਰੈਫਿਕ ਨੇ ਮੇਰੀ ਜਾਨ ਬਚਾ ਲਈ।"

ਉਹ ਇਮਾਰਤ ਜੋ ਪਲੇਨ ਕ੍ਰੈਸ਼ ਨਾਲ ਨੁਕਸਾਨੀ ਗਈ

ਤਸਵੀਰ ਸਰੋਤ, Vikas Pandey/BBC

ਤਸਵੀਰ ਕੈਪਸ਼ਨ, ਉਹ ਇਮਾਰਤ ਜੋ ਪਲੇਨ ਕ੍ਰੈਸ਼ ਨਾਲ ਨੁਕਸਾਨੀ ਗਈ

ਲੰਡਨ ਜਾਣ ਵਾਲੀ ਬੋਇੰਗ 787-8 ਉਡਾਣ ਵਿੱਚ 169 ਭਾਰਤੀ, 53 ਬ੍ਰਿਟਿਸ਼, ਸੱਤ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਯਾਤਰੀ ਸਵਾਰ ਸਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਯਾਤਰੀਆਂ ਵਿੱਚ ਸ਼ਾਮਲ ਸਨ।

ਹਾਦਸੇ ਦੇ ਅਧਿਕਾਰਤ ਕਾਰਨਾਂ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਏਅਰ ਇੰਡੀਆ ਨੇ ਜਹਾਜ਼ 'ਚ ਸਵਾਰ ਕੁੱਲ 242 ਲੋਕਾਂ ਵਿੱਚੋਂ 241 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਮੌਜੂਦ ਸਨ।

ਇਸ ਹਾਦਸੇ ਵਿੱਚ ਜਹਾਜ਼ ਅਤੇ ਜ਼ਮੀਨ 'ਤੇ ਮੌਜੂਦ ਲੋਕਾਂ ਸਮੇਤ ਕੁੱਲ ਕਿੰਨੀਆਂ ਮੌਤਾਂ ਹੋਈਆਂ ਹਨ, ਇਸ ਬਾਰੇ ਅਜੇ ਅਧਿਕਾਰਿਤ ਜਾਣਕਾਰੀ ਨਹੀਂ ਆਈ ਹੈ।

ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇੱਕ ਬ੍ਰਿਟਿਸ਼ ਨਾਗਰਿਕ ਹਾਦਸੇ ਵਿੱਚ ਬਚ ਗਿਆ ਹੈ।

ਹਾਦਸੇ ਵਿੱਚ ਬਚੇ ਵਿਸ਼ਵਾਸ ਕੁਮਾਰ ਰਮੇਸ਼ ਨੇ ਪੱਤਰਕਾਰਾਂ ਨੂੰ ਦੱਸਿਆ, "ਉਡਾਣ ਭਰਨ ਤੋਂ ਤੀਹ ਸਕਿੰਟਾਂ ਬਾਅਦ ਇੱਕ ਤੇਜ਼ ਆਵਾਜ਼ ਆਈ ਅਤੇ ਫਿਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਸਭ ਬਹੁਤ ਜਲਦੀ ਹੋਇਆ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)