ਅਹਿਮਦਾਬਾਦ ਹਵਾਈ ਹਾਦਸਾ: ʻਸਾਰੇ ਪਾਸੇ ਲਾਸ਼ਾਂ ਖਿੰਡਰੀਆਂ ਪਈਆਂ ਸਨʼ, ਬੀਬੀਸੀ ਪੱਤਰਕਾਰ ਨੇ ਜੋ ਮੰਜ਼ਰ ਬਿਆਨ ਕੀਤਾ

ਹਵਾਈ ਹਾਦਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਹਾਜ਼ ਵਿੱਚ ਸਵਾਰ ਲੋਕਾਂ ਦੇ ਰਿਸ਼ਤੇਦਾਰ ਹਾਦਸੇ ਵਾਲੀ ਥਾਂ ਅਤੇ ਹਸਪਤਾਲਾਂ ਵਿੱਚ ਪਹੁੰਚਣ ਲੱਗੇ
    • ਲੇਖਕ, ਅਹਿਮਦਾਬਾਦ ਤੋਂ ਰੌਕਸੀ ਗਾਗਡੇਕਰ
    • ਰੋਲ, ਲੰਡਨ ਤੋਂ ਫਲੋਰ ਦਰੂਰੀ

ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਯਾਤਰੀ ਜਹਾਜ਼ ਦੇ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਕ੍ਰੈਸ਼ ਹੋਣ ਮਗਰੋਂ ਦਾ ਦ੍ਰਿਸ਼ ਹੈਰਾਨ ਕਰਨ ਵਾਲਾ ਹੈ।

ਹਾਦਸੇ ਤੋਂ ਕੁਝ ਘੰਟਿਆਂ ਬਾਅਦ ਵੀ, ਹਾਦਸੇ ਵਾਲੀ ਥਾਂ 'ਤੇ ਇਮਾਰਤਾਂ ਵਿੱਚੋਂ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ। ਤਸਵੀਰਾਂ ਵਿੱਚ ਗਲੀ ਵਿੱਚ ਇੱਕ ਸੜੇ ਹੋਏ ਮੰਜੇ ਦਾ ਫਰੇਮ ਪਿਆ ਦਿਖਾਇਆ ਗਿਆ ਹੈ।

ਗੁਜਰਾਤ ਪੁਲਿਸ ਨੇ ਹੁਣ ਤੱਕ 204 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ 41 ਯਾਤਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।

ਇਨ੍ਹਾਂ ਮੌਤਾਂ ਵਿੱਚ ਉਹ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ, ਜੋ ਘਟਨਾ ਵੇਲੇ ਇਮਾਰਤ ਵਿੱਚ ਮੌਜੂਦ ਸਨ।

ਹਵਾਈ ਹਾਦਸਾ

ਜਦੋਂ ਬੀਬੀਸੀ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ ਹਰ ਕੋਈ ਭੱਜਦਾ ਹੋਇਆ ਨਜ਼ਰ ਆਇਆ, ਲੋਕ ਵੱਧ ਤੋਂ ਵੱਧ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।

ਫਾਇਰ ਫਾਈਟਰਾਂ ਨੂੰ ਸੜੀ ਹੋਈ ਜ਼ਮੀਨ ਵਿੱਚੋਂ ਆਪਣਾ ਰਸਤਾ ਚੁਣਦੇ ਹੋਏ ਦੇਖਿਆ ਜਾ ਸਕਦਾ ਹੈ, ਉਹ ਪਾਣੀ ਨਾਲ ਧੂੰਏਂ ਵਾਲੇ ਮਲਬੇ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਰੇ ਖੇਤਰ ਵਿੱਚ ਐਂਬੂਲੈਂਸਾਂ ਹਨ। ਸੜਕਾਂ ਬੰਦ ਹਨ।

ਘਟਨਾ ਵਾਲੀ ਥਾਂ ʼਤੇ ਉਹ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ ਲੰਡਨ ਜਾ ਰਹੇ ਸਨ, ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।

ਬੀਬੀਸੀ

ਅਹਿਮਦਾਬਾਦ ਹਵਾਈ ਹਾਦਸਾ-

  • ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਵੀਰਵਾਰ ਨੂੰ ਦੁਪਹਿਰੇ 1.38 ਵਜੇ ʼਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
  • ਜਹਾਜ਼ ਵਿੱਚ 10 ਕਰੂ ਮੈਂਬਰਾਂ ਸਣੇ 242 ਯਾਤਰੀ ਸਵਾਰ ਸਨ।
  • ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਹਾਇਸ਼ੀ ਇਲਾਕੇ ਦੀ ਇੱਕ ਇਮਾਰਤ ʼਤੇ ਜਾ ਡਿੱਗਿਆ।
  • ਗੁਜਰਾਤ ਪੁਲਿਸ ਨੇ ਹੁਣ ਤੱਕ 204 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ 41 ਯਾਤਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
  • ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਦੇਹਾਂਤ ਹੋ ਗਿਆ ਹੈ।
  • ਮੌਤਾਂ ਦੇ ਇਨ੍ਹਾਂ ਅੰਕੜਿਆਂ ਵਿੱਚ ਇਮਾਰਤ ਵਿੱਚ ਮੌਜੂਦ ਕੁਝ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ।
  • ਟਾਟਾ ਗਰੁੱਪ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਇੱਕ ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਬੀਬੀਸੀ

ਬੋਇੰਗ 787 ਡ੍ਰੀਮਲਾਈਨਰ ਵੀਰਵਾਰ ਦੁਪਹਿਰ ਸਥਾਨਕ ਸਮੇਂ 1.38 ਅਨੁਸਾਰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੇਠਾਂ ਡਿੱਗ ਪਿਆ, ਉਹ ਲੰਡਨ ਗੈਟਵਿਕ ਵੱਲ ਜਾ ਰਿਹਾ ਸੀ। ਇਸ ਵਿੱਚ 242 ਲੋਕ ਸਵਾਰ ਸਨ, ਮੁੱਖ ਤੌਰ 'ਤੇ ਭਾਰਤੀ ਨਾਗਰਿਕ, ਪਰ ਬਹੁਤ ਸਾਰੇ ਬ੍ਰਿਟਿਸ਼ ਅਤੇ ਕੁਝ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਵੀ ਸੀ।

ਪੱਛਮੀ ਭਾਰਤੀ ਸ਼ਹਿਰ ਦੇ ਲੋਕਾਂ ਨੇ ਪਹਿਲਾਂ ਇੱਕ ਉੱਚੀ ਆਵਾਜ਼ ਸੁਣੀ, ਫਿਰ ਅਸਮਾਨ ਵਿੱਚ ਕਾਲਾ ਧੂੰਆਂ ਉੱਠਦਾ ਦੇਖਿਆ।

ਇੱਕ ਅਹਿਮਦਾਬਾਦ ਨਿਵਾਸੀ ਨੇ ਭਾਰਤੀ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, "ਮੈਂ ਘਰ ਵਿੱਚ ਸੀ ਜਦੋਂ ਸਾਨੂੰ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ।"

"ਜਦੋਂ ਅਸੀਂ ਇਹ ਦੇਖਣ ਲਈ ਬਾਹਰ ਗਏ ਕਿ ਕੀ ਹੋਇਆ ਸੀ, ਤਾਂ ਹਵਾ ਵਿੱਚ ਸੰਘਣੇ ਧੂੰਏਂ ਦੀ ਇੱਕ ਪਰਤ ਸੀ। ਜਦੋਂ ਅਸੀਂ ਇੱਥੇ ਆਏ, ਤਾਂ ਹਾਦਸਾਗ੍ਰਸਤ ਜਹਾਜ਼ ਦੀਆਂ ਲਾਸ਼ਾਂ ਅਤੇ ਮਲਬਾ ਹਰ ਪਾਸੇ ਖਿੰਡਿਆ ਹੋਇਆ ਸੀ।"

ਵੀਡੀਓ ਕੈਪਸ਼ਨ, ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, ਬਚਾਅ ਕਾਰਜ ਜਾਰੀ

ਮੈਡੀਕਲ ਕਾਲਜ ਦੇ ਹੋਸਟਲ ʼਤੇ ਡਿੱਗਿਆ ਜਹਾਜ਼

ਉੱਥੇ ਹੀ ਭਾਜਪਾ ਵਿਧਾਇਕ ਦਰਸ਼ਨਾ ਵਾਘੇਲਾ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, "ਮੈਂ ਇੱਥੇ ਆਪਣੇ ਦਫ਼ਤਰ ਵਿੱਚ ਬੈਠੀ ਸੀ। ਇੱਕ ਧਮਾਕਾ ਹੋਇਆ। ਜਦੋਂ ਮੈਂ ਉੱਥੇ ਗਈ, ਤਾਂ ਮੈਂ ਦੇਖਿਆ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਬਹੁਤ ਸਾਰਾ ਧੂੰਆਂ ਸੀ। ਡਾਕਟਰਾਂ ਦੇ ਫਲੈਟ ਨੂੰ ਬਹੁਤ ਨੁਕਸਾਨ ਹੋਇਆ ਹੈ। ਅਸੀਂ ਸਥਾਨਕ ਵਰਕਰਾਂ ਦੀ ਮਦਦ ਨਾਲ ਉੱਥੋਂ ਬਹੁਤ ਸਾਰੇ ਡਾਕਟਰਾਂ ਨੂੰ ਕੱਢਿਆ ਹੈ।"

ਹਵਾਈ ਅੱਡੇ ਤੋਂ ਥੋੜ੍ਹੀ ਦੂਰੀ 'ਤੇ, ਸਿਵਲ ਹਸਪਤਾਲ ਦੇ ਨੇੜੇ ਇੱਕ ਡਾਕਟਰਾਂ ਦੇ ਹੋਸਟਲ 'ਤੇ ਇਹ ਜਹਾਜ਼ ਡਿੱਗਿਆ ਸੀ।

ਇਹ ਸਪੱਸ਼ਟ ਨਹੀਂ ਹੈ ਕਿ ਹੋਸਟਲ ਅੰਦਰ ਕਿੰਨੇ ਲੋਕ ਸਨ। ਇੱਕ ਚਸ਼ਮਦੀਦ ਗਵਾਹ ਦੇ ਅਨੁਸਾਰ, ਲੋਕਾਂ ਨੂੰ "ਆਪਣੇ ਆਪ ਨੂੰ ਬਚਾਉਣ ਲਈ" ਤੀਜੀ ਮੰਜ਼ਿਲ ਤੋਂ ਛਾਲ ਮਾਰਦੇ ਦੇਖਿਆ ਗਿਆ।

ਭਾਜਪਾ ਵਿਧਾਇਕ ਦਰਸ਼ਨਾ ਵਾਘੇਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਜਪਾ ਵਿਧਾਇਕ ਦਰਸ਼ਨਾ ਵਾਘੇਲਾ

ਇੱਕ ਨਿਵਾਸੀ ਨੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਜਹਾਜ਼ ਅੱਗ ਵਿੱਚ ਸੀ।"

"ਅਸੀਂ ਲੋਕਾਂ ਨੂੰ ਇਮਾਰਤ ਤੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ।"

ਰਮੀਲਾ ਨੇ ਭਾਰਤੀ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ, ਜੋ ਹੁਣੇ ਦੁਪਹਿਰ ਦੇ ਖਾਣੇ ਲਈ ਹੋਸਟਲ ਵਾਪਸ ਆਇਆ ਸੀ, ਛਾਲ ਮਾਰਨ ਵਾਲਿਆਂ ਵਿੱਚ ਸ਼ਾਮਲ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਨੂੰ ਸੱਟਾਂ ਲੱਗੀਆਂ, ਪਰ ਉਹ ਠੀਕ ਹੈ।

ਹਵਾਈ ਹਾਦਸਾ

ਤਸਵੀਰ ਸਰੋਤ, SIDDHARAJ SOLANKI/EPA-EFE/SHUTTERSTOCK

ਤਸਵੀਰ ਕੈਪਸ਼ਨ, ਹਵਾਈ ਅੱਡੇ ਤੋਂ ਥੋੜ੍ਹੀ ਦੂਰੀ 'ਤੇ, ਸਿਵਲ ਹਸਪਤਾਲ ਦੇ ਨੇੜੇ ਇੱਕ ਡਾਕਟਰਾਂ ਦੇ ਹੋਸਟਲ 'ਤੇ ਇਹ ਜਹਾਜ਼ ਡਿੱਗਿਆ ਸੀ

ਘਟਨਾ ਵਾਲੀ ਥਾਂ ਦੇ ਬਾਹਰ, ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਫਾਇਰ ਸਰਵਿਸ ਵਿੱਚ ਸਥਾਨਕ ਭਾਈਚਾਰੇ ਦੇ ਵਲੰਟੀਅਰ ਸ਼ਾਮਲ ਹੋਏ।

ਫੋਟੋਆਂ ਵਿੱਚ ਦਿਖਾਇਆ ਗਿਆ ਹੈ ਕਿ ਲੋਕਾਂ ਨੂੰ ਸਟ੍ਰੈਚਰ 'ਤੇ ਲੈ ਕੇ ਜਾ ਰਹੇ ਹਨ ਅਤੇ ਐਂਬੂਲੈਂਸਾਂ ਵਿੱਚ ਰੱਖਿਆ ਜਾ ਰਿਹਾ ਹੈ।

ਪਰ ਭੀੜ ਵਿੱਚ ਉਹ ਲੋਕ ਵੀ ਸਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਫਲਾਈਟ ਵਿੱਚ ਸਵਾਰ ਸਨ।

ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਮੌਜੂਦ ਪੂਨਮ ਪਟੇਲ ਨੇ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਦੀ ਨਨਾਣ ਲੰਡਨ ਜਾਣ ਵਾਲੀ ਫਲਾਈਟ ਵਿੱਚ ਸੀ।

"ਇੱਕ ਘੰਟੇ ਦੇ ਅੰਦਰ, ਮੈਨੂੰ ਖ਼ਬਰ ਮਿਲੀ ਕਿ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਲਈ ਮੈਂ ਇੱਥੇ ਆ ਗਈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)