ਅਹਿਮਦਾਬਾਦ ਜਹਾਜ਼ ਹਾਦਸਾ: ਏਅਰ ਇੰਡੀਆ ਨੇ 241 ਮੌਤਾਂ ਦੀ ਪੁਸ਼ਟੀ ਕੀਤੀ, ਅਮਿਤ ਸ਼ਾਹ ਨੇ ਕਿਹਾ - ਕਿਸੇ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਗੁਜਰਾਤ ਦੇ ਸ਼ਹਿਰ ਅਹਿਮਦਾਬਾਦ 'ਚ ਲੰਘੇ ਵੀਰਵਾਰ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਲੰਦਨ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਗਿਆ ਸੀ।

ਏਅਰ ਇੰਡੀਆ ਨੇ ਜਹਾਜ਼ 'ਚ ਸਵਾਰ ਕੁੱਲ 242 ਲੋਕਾਂ ਵਿੱਚੋਂ 241 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਮੌਜੂਦ ਸਨ।

ਇਸ ਘਟਨਾ ਵਿੱਚ ਭਾਰਤੀ ਮੂਲ ਦੇ ਇੱਕ ਬ੍ਰਿਟਿਸ਼ ਯਾਤਰੀ ਬਚਣ ਵਿੱਚ ਕਾਮਯਾਬ ਰਹੇ।

ਘਟਨਾ ਤੋਂ ਬਾਅਦ ਅਹਿਮਦਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਲਗਭਗ ਸਾਰੇ ਯਾਤਰੀਆਂ ਦੀਆਂ ਲਾਸ਼ਾਂ ਨੂੰ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ।"

ਉਨ੍ਹਾਂ ਕਿਹਾ, "ਸਵਾ ਲੱਖ ਲੀਟਰ ਬਾਲਣ ਹੋਣ ਕਾਰਨ ਤਾਪਮਾਨ ਇੰਨਾ ਜ਼ਿਆਦਾ ਸੀ ਕਿ ਕਿਸੇ ਨੂੰ ਬਚਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ।"

ਹਵਾਈ ਹਾਦਸਾ

ਤਸਵੀਰ ਸਰੋਤ, SIDDHARAJ SOLANKI/EPA-EFE/SHUTTERSTOCK

ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 204 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਗੁਜਰਾਤ ਪੁਲਿਸ ਨੇ ਹੁਣ ਤੱਕ 204 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ 41 ਯਾਤਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।

ਇਨ੍ਹਾਂ ਮੌਤਾਂ ਵਿੱਚ ਉਹ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ, ਜੋ ਘਟਨਾ ਵੇਲੇ ਇਮਾਰਤ ਵਿੱਚ ਮੌਜੂਦ ਸਨ।

ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀਐੱਸ ਮਲਿਕ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਦੌਰਾਨ, ''204 ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ, ਬਾਕੀ 41 ਜਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੁਰਘਟਨਾ ਸਥਾਨ ਉੱਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ।''

ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਹਵਾਈ ਹਾਦਸਾ

ਤਸਵੀਰ ਸਰੋਤ, Reuters

ਬੀਬੀਸੀ

ਅਹਿਮਦਾਬਾਦ ਹਵਾਈ ਹਾਦਸਾ-

  • ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਵੀਰਵਾਰ ਨੂੰ ਦੁਪਹਿਰੇ 1.38 ਵਜੇ ʼਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
  • ਜਹਾਜ਼ ਵਿੱਚ 10 ਕਰੂ ਮੈਂਬਰਾਂ ਸਣੇ 242 ਯਾਤਰੀ ਸਵਾਰ ਸਨ।
  • ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਹਾਇਸ਼ੀ ਇਲਾਕੇ ਦੀ ਇੱਕ ਇਮਾਰਤ ʼਤੇ ਜਾ ਡਿੱਗਿਆ।
  • ਗੁਜਰਾਤ ਪੁਲਿਸ ਨੇ ਹੁਣ ਤੱਕ 204 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ 41 ਯਾਤਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
  • ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਦੇਹਾਂਤ ਹੋ ਗਿਆ ਹੈ।
  • ਮੌਤਾਂ ਦੇ ਇਨ੍ਹਾਂ ਅੰਕੜਿਆਂ ਵਿੱਚ ਇਮਾਰਤ ਵਿੱਚ ਮੌਜੂਦ ਕੁਝ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ।
  • ਟਾਟਾ ਗਰੁੱਪ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਇੱਕ ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਬੀਬੀਸੀ

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਵੀ ਦੇਹਾਂਤ

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਅਹਿਮਦਾਬਾਦ ਜਹਾਜ਼ ਕ੍ਰੈਸ਼ 'ਚ ਦੇਹਾਂਤ ਹੋ ਗਿਆ ਹੈ।

ਗੁਜਰਾਤ ਦੇ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ।

ਰੂਪਾਨੀ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਐਕਸ ਹੈਂਡਲ ʼਤੇ ਲਿਖਿਆ ਹੈ, "ਅਹਿਮਦਾਬਾਦ ਨੇੜੇ ਹੋਏ ਮੰਦਭਾਗੇ ਜਹਾਜ਼ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਜੀ ਦੇ ਦੁਖਦਾਈ ਦੇਹਾਂਤ ਤੋਂ ਦੁਖੀ ਹਾਂ।"

"ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ।"

ਵਿਜੇ ਰੂਪਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਵੀ ਦੇਹਾਂਤ

ਪੰਜਾਬ ਦੇ ਭਾਜਪਾ ਸੁਨੀਲ ਕੁਮਾਰ ਜਾਖੜ ਨੇ ਵੀ ਉਨ੍ਹਾਂ ਦੀ ਮੌਤ ਉੱਤੇ ਦੁੱਖ ਜਤਾਇਆ ਹੈ।

ਉਨ੍ਹਾਂ ਨੇ ਲਿਖਿਆ ਹੈ, "ਇਹ ਜਾਣ ਕੇ ਬਹੁਤ ਦੁੱਖ ਹੋਇਆ ਅਤੇ ਦਿਲ ਟੁੱਟ ਗਿਆ ਕਿ ਸ਼੍ਰੀ ਵਿਜੇ ਰੂਪਾਨੀ ਜੀ ਅੱਜ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਸਨ।

"ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇੱਕ ਨਿਮਰ ਅਤੇ ਹਮਦਰਦ ਇਨਸਾਨ ਅਤੇ ਇੱਕ ਜ਼ਮੀਨੀ ਪੱਧਰ ਦੇ ਨੇਤਾ ਸਨ। ਮੈਨੂੰ ਉਨ੍ਹਾਂ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿਉਂਕਿ ਉਹ ਪੰਜਾਬ ਭਾਜਪਾ ਦੇ ਇੰਚਾਰਜ ਸਨ।

"ਉਹ ਇੱਕ ਸੱਚੇ "ਸੱਜਣ ਸਿਆਸਤਦਾਨ" ਸਨ। ਗੁਜਰਾਤ ਨੇ ਨਾ ਸਿਰਫ਼ ਉਨ੍ਹਾਂ ਵਿੱਚ ਇੱਕ ਮਹਾਨ ਨੇਤਾ ਗੁਆ ਦਿੱਤਾ ਹੈ, ਸਗੋਂ ਇਹ ਮੇਰੇ ਲਈ ਇੱਕ ਨਿੱਜੀ ਘਾਟਾ ਹੈ, ਕਿਉਂਕਿ ਮੈਨੂੰ ਉਨ੍ਹਾਂ ਦਾ ਕੋਮਲ ਅਤੇ ਨਰਮ ਸੁਭਾਅ ਬਹੁਤ ਪਿਆਰਾ ਲੱਗਿਆ। ਜਨਤਕ ਜੀਵਨ ਵਿੱਚ ਉਨ੍ਹਾਂ ਦੀ ਸਮਝਦਾਰੀ ਅਤੇ ਸਾਦਗੀ ਦੀ ਘਾਟ ਮਹਿਸੂਸ ਹੋਵੇਗੀ।"

ਇੱਕ ਬ੍ਰਿਟਿਸ਼ ਸ਼ਖ਼ਸ ਦੇ ਜ਼ਿੰਦਾ ਬਚਣ ਦੀ ਰਿਪੋਰਟ

ਵਿਸ਼ਵਾਸ ਕੁਮਾਰ ਰਮੇਸ਼

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਵਿਸ਼ਵਾਸ ਕੁਮਾਰ ਰਮੇਸ਼

ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਇੱਕ ਬ੍ਰਿਟਿਸ਼ ਸ਼ਖ਼ਸ ਦੇ ਜ਼ਿੰਦਾ ਬਚਣ ਦੀ ਰਿਪੋਰਟ ਮਿਲ ਰਹੀ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਜੀਐੱਸ ਮਲਿਕ ਨੇ ਫੋਨ ਉੱਤੇ ਦੱਸਿਆ ਕਿ ਇੱਕ ਸ਼ਖ਼ਸ ਜ਼ਿੰਦਾ ਬਚਿਆ ਹੈ, ਜੋ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦੀ ਸੀਟ 11ਏ ਉੱਤੇ ਸੀ।

ਏਐਨਆਈ ਨਾਲ ਗੱਲ ਕਰਦਿਆਂ ਮਲਿਕ ਨੇ ਕਿਹਾ ਕਿ ਪੀੜਤ ਹਸਪਤਾਲ ਵਿੱਚ ਹੈ ਤੇ ਉਸਦਾ ਇਲਾਜ ਚੱਲ ਰਿਹਾ ਹੈ।

ਉੱਥੇ ਹੀ ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਜੋ ਲਿਸਟ ਸ਼ੇਅਰ ਕੀਤੀ ਸੀ, ਉਸਦੇ ਮੁਤਾਬਕ ਸੀਟ 11 ਏ ਉੱਤੇ ਬੈਠੇ ਸ਼ਖਸ ਦਾ ਨਾਮ ਵਿਸ਼ਵਾਸ ਕੁਮਾਰ ਰਮੇਸ਼ ਹੈ ਅਤੇ ਉਹ ਬ੍ਰਿਟਿਸ਼ ਨਾਗਰਿਕ ਹੈ।

ਮੀਡੀਆ ਰਿਪੋਰਟ ਵਿੱਚ ਵਿਸ਼ਵਾਸ ਕੁਮਾਰ ਰਮੇਸ਼ ਨਾਲ ਗੱਲਬਾਤ ਕੀਤੇ ਜਾਣ ਦਾ ਜ਼ਿਕਰ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣਾ ਬੋਰਡਿੰਗ ਪਾਸ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਦਾ ਨਾਮ ਅਤੇ ਸੀਟ ਨੰਬਰ 11 ਏ ਲਿਖਿਆ ਸੀ।

ਰਿਪੋਰਟ ਦੇ ਮੁਤਾਬਕ ਵਿਸ਼ਵਾਸ ਕੁਮਾਰ ਰਮੇਸ਼ ਨੇ ਕਿਹਾ ਸੀ, "ਉਡਾਨ ਭਰਨ ਦੇ 30 ਸਕਿੰਟ ਬਾਅਦ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਸਭ ਬਹੁਤ ਛੇਤੀ ਹੋਇਆ।''

ਹਵਾਈ ਹਾਦਸਾ

ਟਾਟਾ ਗਰੁੱਪ ਨੇ ਕੀਤਾ ਇੱਕ ਕਰੋੜ ਦੇ ਮੁਆਵਜ਼ੇ ਰਾਸ਼ੀ ਦਾ ਐਲਾਨ

ਟਾਟਾ ਗਰੁੱਪ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਬਿਆਨ ਜਾਰੀ ਕਰਦਿਆਂ ਘਟਨਾ ʼਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਜਾਨ ਗੁਆਉਣ ਵਾਲੇ ਦੇ ਪਰਿਵਾਰ ਲਈ ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।

ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਦੇ ਹਵਾਲੇ ਨਾਲ ਉਨ੍ਹਾਂ ਨੇ ਲਿਖਿਆ ਹੈ, "ਇਸ ਸਮੇਂ ਸਾਡੇ ਦੁੱਖ ਨੂੰ ਕੋਈ ਵੀ ਸ਼ਬਦ ਸਹੀ ਢੰਗ ਨਾਲ ਬਿਆਨ ਨਹੀਂ ਕਰ ਸਕਦਾ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਉਨ੍ਹਾਂ ਨਾਲ ਜੋ ਜ਼ਖਮੀ ਹੋਏ ਹਨ।"

"ਟਾਟਾ ਗਰੁੱਪ ਇਸ ਦੁਖਾਂਤ ਵਿੱਚ ਆਪਣੀ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗਾ। ਅਸੀਂ ਜ਼ਖਮੀਆਂ ਦੇ ਡਾਕਟਰੀ ਖਰਚੇ ਵੀ ਪੂਰੇ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਸਾਰੀ ਲੋੜੀਂਦੀ ਦੇਖਭਾਲ ਅਤੇ ਸਹਾਇਤਾ ਮਿਲੇ। ਇਸ ਤੋਂ ਇਲਾਵਾ, ਅਸੀਂ ਬੀ ਜੇ ਮੈਡੀਕਲ ਦੇ ਹੋਸਟਲ ਦੀ ਉਸਾਰੀ ਵਿੱਚ ਸਹਾਇਤਾ ਪ੍ਰਦਾਨ ਕਰਾਂਗੇ।"

ਫਲਾਈਟ ਰਡਾਰ ਦੇ ਡੇਟਾ ਮੁਤਾਬਕ, ਸਥਾਨਕ ਸਮੇਂ ਦੁਪਹਿਰ 1:30 ਵਜੇ ਜ਼ਮੀਨ 'ਤੇ ਜਹਾਜ਼ ਰਿਕਾਰਡ ਕੀਤਾ ਗਿਆ। ਸਥਾਨਕ ਸਮੇਂ ਦੁਪਹਿਰੇ 1:34: ਜਹਾਜ਼ ਜ਼ਮੀਨੀ ਪੱਧਰ 'ਤੇ ਰਿਹਾ, ਗਤੀ ਵਧ ਰਹੀ ਸੀ। ਜਦਕਿ ਸਥਾਨਕ ਸਮੇਂ ਦੁਪਹਿਰੇ 1:38: ਅਚਾਨਕ 625 ਫੁੱਟ ਅਤੇ 174 ਨੋਟਸ 'ਤੇ ਉੱਚਾਈ ʼਤੇ ਜਹਾਜ਼ ਚੜਿਆ ਅਤੇ ਫਿਰ ਸਿਗਨਲ ਗੁਆਚ ਗਏ।

ਏਅਰ ਇੰਡੀਆ

ਤਸਵੀਰ ਸਰੋਤ, UGC

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ʼਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਕਸ ਹੈਂਡਲ ʼਤੇ ਲਿਖਿਆ ਹੈ, "ਅਹਿਮਦਾਬਾਦ ਵਿੱਚ ਵਾਪਰੀ ਇਸ ਤ੍ਰਾਸਦੀ ਨੇ ਸਾਨੂੰ ਹੈਰਾਨ ਅਤੇ ਦੁਖੀ ਕਰ ਦਿੱਤਾ ਹੈ। ਇਹ ਸ਼ਬਦਾਂ ਤੋਂ ਪਰੇ ਦਿਲ ਤੋੜਨ ਵਾਲਾ ਹਾਦਸਾ ਹੈ।"

"ਇਸ ਦੁਖਦਾਈ ਘੜੀ ਵਿੱਚ, ਮੇਰੀਆਂ ਭਾਵਨਾਵਾਂ ਇਸ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਨਾਲ ਹਨ। ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।"

ਹਵਾਈ ਹਾਦਸਾ

ਤਸਵੀਰ ਸਰੋਤ, Reuters

ਚਸ਼ਮਦੀਦਾਂ ਨੇ ਕੀ ਦੇਖਿਆ

ਵੀਡੀਓ ਕੈਪਸ਼ਨ, ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, ਬਚਾਅ ਕਾਰਜ ਜਾਰੀ

ਅਹਿਮਦਾਬਾਦ ਜਹਾਜ਼ ਹਾਦਸੇ ਦੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਕਿਹੋ-ਜਿਹਾ ਮੰਜ਼ਰ ਸੀ।

ਇੱਕ ਚਸ਼ਮਦੀਦ ਗਵਾਹ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਮੈਂ ਘਰ ਬੈਠਾ ਸੀ, ਅਚਾਨਕ ਇੱਕ ਆਵਾਜ਼ ਆਈ। ਭੂਚਾਲ ਵਾਂਗ ਮਹਿਸੂਸ ਹੋਇਆ। ਹਰ ਪਾਸੇ ਧੂੰਆਂ ਸੀ। ਮੈਨੂੰ ਨਹੀਂ ਪਤਾ ਸੀ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਫਿਰ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਪਤਾ ਲੱਗਾ।"

"ਜਦੋਂ ਇੱਥੇ ਆਏ ਤਾਂ ਦੇਖਿਆ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਉੱਥੇ ਬਹੁਤ ਸਾਰੀਆਂ ਲਾਸ਼ਾਂ ਪਈਆਂ ਸਨ।"

ਉੱਥੇ ਹੀ ਭਾਜਪਾ ਵਿਧਾਇਕ ਦਰਸ਼ਨਾ ਵਾਘੇਲਾ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, "ਮੈਂ ਇੱਥੇ ਆਪਣੇ ਦਫ਼ਤਰ ਵਿੱਚ ਬੈਠੀ ਸੀ। ਇੱਕ ਧਮਾਕਾ ਹੋਇਆ। ਜਦੋਂ ਮੈਂ ਉੱਥੇ ਗਈ, ਤਾਂ ਮੈਂ ਦੇਖਿਆ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਬਹੁਤ ਸਾਰਾ ਧੂੰਆਂ ਸੀ। ਡਾਕਟਰਾਂ ਦੇ ਫਲੈਟ ਨੂੰ ਬਹੁਤ ਨੁਕਸਾਨ ਹੋਇਆ ਹੈ। ਅਸੀਂ ਸਥਾਨਕ ਵਰਕਰਾਂ ਦੀ ਮਦਦ ਨਾਲ ਉੱਥੋਂ ਬਹੁਤ ਸਾਰੇ ਡਾਕਟਰਾਂ ਨੂੰ ਕੱਢਿਆ ਹੈ।"

ਭਾਜਪਾ ਵਿਧਾਇਕ ਦਰਸ਼ਨਾ ਵਾਘੇਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਜਪਾ ਵਿਧਾਇਕ ਦਰਸ਼ਨਾ ਵਾਘੇਲਾ

ਮਾਹਰਾਂ ਮੁਤਾਬਕ ਹਾਦਸੇ ਦਾ ਕੀ ਕਾਰਨ ਹੋ ਸਕਦਾ ਹੈ

ਹਵਾਬਾਜ਼ੀ ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਡਾਣ ਭਰਨ ਵੇਲੇ ਜਹਾਜ਼ ਦੇ ਵਿੰਗਾਂ ਦੇ ਫਲੈਪ ਹੋਣ ਦੀ ਸਥਿਤੀ ਵੀ ਇੱਕ ਸਮੱਸਿਆ ਹੋ ਸਕਦੀ ਹੈ।

ਸਾਡੇ ਦੁਆਰਾ ਤਸਦੀਕ ਕੀਤੀ ਗਈ ਇੱਕ ਵੀਡੀਓ ਵਿੱਚ ਜਹਾਜ਼ ਨੂੰ ਹੇਠਾਂ ਉਤਰਦੇ ਹੋਏ ਅਤੇ ਜ਼ਮੀਨ ਨਾਲ ਟਕਰਾਉਣ ਵੇਲੇ ਇੱਕ ਵੱਡਾ ਧਮਾਕਾ ਦਿਖਾਇਆ ਗਿਆ ਹੈ।

ਹਵਾਬਾਜ਼ੀ ਵਿਸ਼ਲੇਸ਼ਕ ਜੈਫਰੀ ਥਾਮਸ ਕਹਿੰਦੇ ਹਨ, "ਜਦੋਂ ਮੈਂ ਇਸ ਨੂੰ ਦੇਖ ਰਿਹਾ ਹਾਂ, ਤਾਂ ਅੰਡਰਕੈਰੇਜ ਅਜੇ ਵੀ ਹੇਠਾਂ ਸੀ ਪਰ ਫਲੈਪਾਂ ਵਾਪਸ ਖਿੱਚ ਲਏ ਗਏ ਸਨ।"

ਇਸ ਦਾ ਮਤਲਬ ਹੈ ਕਿ ਫਲੈਪ ਵਿੰਗ ਦੀ ਸੇਧ ਵਿੱਚ ਸਨ, ਜੋ ਉਨ੍ਹਾਂ ਅਨੁਸਾਰ ਕਿ ਟੇਕ-ਆਫ ਤੋਂ ਤੁਰੰਤ ਬਾਅਦ ਬਹੁਤ ਅਸਾਧਾਰਨ ਹੈ।

"ਅੰਡਰਕੈਰੇਜ ਆਮ ਤੌਰ 'ਤੇ 10-15 ਸਕਿੰਟਾਂ ਦੇ ਅੰਦਰ ਵਾਪਸ ਲੈ ਲਿਆ ਜਾਂਦਾ ਹੈ ਅਤੇ ਫਿਰ ਫਲੈਪਾਂ ਨੂੰ 10-15 ਮਿੰਟਾਂ ਦੀ ਮਿਆਦ ਵਿੱਚ ਵਾਪਸ ਲੈ ਲਿਆ ਜਾਂਦਾ ਹੈ।"

ਇੱਕ ਹੋਰ ਮਾਹਰ, ਟੈਰੀ ਟੋਜ਼ਰ, ਕਹਿੰਦੇ ਹਨ, "ਵੀਡੀਓ ਤੋਂ ਇਹ ਯਕੀਨੀ ਤੌਰ 'ਤੇ ਕਹਿਣਾ ਬਹੁਤ ਮੁਸ਼ਕਲ ਹੈ, ਅਜਿਹਾ ਨਹੀਂ ਲੱਗਦਾ ਕਿ ਫਲੈਪਾਂ ਨੂੰ ਵਧਾਇਆ ਗਿਆ ਹੈ ਅਤੇ ਇਹ ਇੱਕ ਜਹਾਜ਼ ਦੇ ਸਹੀ ਢੰਗ ਨਾਲ ਉਡਾਣ ਨਹੀਂ ਭਰਨ ਲਈ ਇੱਕ ਬਿਲਕੁਲ ਸਪੱਸ਼ਟ ਵਿਆਖਿਆ ਹੋਵੇਗੀ।"

ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦੇ ਇੱਕ ਸਾਬਕਾ ਪਾਇਲਟ ਅਤੇ ਸੀਨੀਅਰ ਲੈਕਚਰਾਰ ਮਾਰਕੋ ਚੈਨ ਕਹਿੰਦੇ ਹਨ, "ਜੇਕਰ ਫਲੈਪ ਨੂੰ ਸਹੀ ਤਰੀਕੇ ਨਾਲ ਸੈੱਟ ਨਹੀਂ ਕੀਤਾ ਗਿਆ ਹੈ ਤਾਂ ਇਹ ਸੰਭਾਵੀ ਮਨੁੱਖੀ ਗ਼ਲਤੀ ਵੱਲ ਇਸ਼ਾਰਾ ਕਰਦੇ ਹਨ ਜੇਕਰ ਫਲੈਪ ਸਹੀ ਢੰਗ ਨਾਲ ਸੈੱਟ ਨਹੀਂ ਕੀਤੇ ਗਏ ਹਨ। ਪਰ ਵੀਡੀਓ ਦਾ ਰੈਜ਼ੋਲਿਊਸ਼ਨ ਇਸਦੀ ਪੁਸ਼ਟੀ ਕਰਨ ਲਈ ਬਹੁਤ ਘੱਟ ਹੈ।"

ʻਭਾਰਤ ਅਤੇ ਯੂਕੇ ਵਿੱਚ ਟੀਮਾਂ ਸਥਾਪਤ ਕੀਤੀਆਂʼ

ਯੂਕੇ ਦੇ ਵਿਦੇਸ਼ ਸਕੱਤਰ ਡੇਵਿਡ ਲੈਮੀ ਮੁਤਾਬਕ, ਯੂਕੇ ਵਿਦੇਸ਼ ਦਫ਼ਤਰ (ਐੱਫਸੀਡੀਓ) ਨੇ ਭਾਰਤ ਅਤੇ ਯੂਕੇ ਵਿੱਚ ਸੰਕਟ ਟੀਮਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਮੇਰੇ ਅਤੇ ਪੂਰੇ ਸਦਨ ਦੇ ਵਿਚਾਰ, ਉਨ੍ਹਾਂ ਲੋਕਾਂ ਦੇ ਨਾਲ ਹਨ ਜੋ ਅੱਜ ਸਵੇਰੇ ਭਾਰਤ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ਤੋਂ ਪ੍ਰਭਾਵਿਤ ਹੋਏ ਹਨ।"

"ਅਸੀਂ ਜਾਣਦੇ ਹਾਂ ਕਿ ਬ੍ਰਿਟਿਸ਼ ਨਾਗਰਿਕ ਜਹਾਜ਼ ਵਿੱਚ ਸ਼ਾਮਲ ਸਨ ਅਤੇ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਐੱਫਸੀਡੀਓ ਬ੍ਰਿਟਿਸ਼ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਥਾਨਕ ਅਧਿਕਾਰੀਆਂ ਨਾਲ ਤੁਰੰਤ ਕੰਮ ਕਰ ਰਹੀ ਹੈ ਅਤੇ ਦਿੱਲੀ ਅਤੇ ਲੰਡਨ ਦੋਵਾਂ ਵਿੱਚ ਇੱਕ ਸੰਕਟ ਟੀਮ ਦਾ ਗਠਨ ਕੀਤਾ ਗਿਆ ਹੈ।"

ਏਅਰ ਇੰਡੀਆ ਨੇ ਕੀ ਕਿਹਾ

ਹਵਾਈ ਹਾਦਸਾ

ਤਸਵੀਰ ਸਰੋਤ, Reuters

ਏਅਰ ਇੰਡੀਆ ਨੇ ਆਪਣੇ ਅਧਿਕਾਰਤ ਐਕਸ ਹੈਂਡਲ ʼਤੇ ਹਾਦਸੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਫਲਾਈਟ AI 171, ਅੱਜ ਉਡਾਣ ਭਰਨ ਤੋਂ ਬਾਅਦ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਨੇ ਅਹਿਮਦਾਬਾਦ ਤੋਂ ਦੁਪਹਿਰੇ 1.38 ਵਜੇ ਉਡਾਣ ਭਰੀ ਸੀ। ਇਸ ਫਲਾਈਟ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਬੋਇੰਗ 787-8 ਜਹਾਜ਼ ਸੀ।"

"ਇਨ੍ਹਾਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਅਸੀਂ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਯਾਤਰੀ ਹੌਟਲਾਈਨ ਨੰਬਰ 1800 5691 444 ਵੀ ਸਥਾਪਤ ਕੀਤਾ ਹੈ। ਏਅਰ ਇੰਡੀਆ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ।"

ਹਵਾਈ ਹਾਦਸਾ

ਤਸਵੀਰ ਸਰੋਤ, Tejas Vaidya/BBC

ਡੀਜੀਸੀਏ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਏਅਰ ਇੰਡੀਆ ਦਾ ਬੀ 787 ਡ੍ਰੀਮਲਾਈਨਰ ਜਹਾਜ਼, ਏਆਈ 171, ਅਹਿਮਦਾਬਾਦ ਤੋਂ ਲੰਡਨ (ਗੈਟਵਿਕ) ਹਵਾਈ ਅੱਡੇ ਲਈ ਦੁਪਹਿਰ 1:38 ਵਜੇ ਉਡਾਣ ਭਰਨ ਤੋਂ 5 ਮਿੰਟ ਬਾਅਦ ਹੀ ਰਿਹਾਇਸ਼ੀ ਖੇਤਰ (ਮੇਘਾਨੀ ਨਗਰ) ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਏਅਰ ਇੰਡੀਆ

ਤਸਵੀਰ ਸਰੋਤ, Tejas Vaidya/BBC

ਇਸ ਵਿੱਚ ਪਾਇਲਟ ਇਨ ਕਮਾਂਡ ਸੁਮਿਤ ਸੱਭਰਵਾਲ, ਸਹਿ-ਪਾਇਲਟ ਕਲਾਈਵ ਕੁੰਦਰ ਸਨ। ਇਸ ਵਿੱਚ 2 ਬੱਚਿਆਂ ਸਣੇ 232 ਯਾਤਰੀ ਅਤੇ 10 ਕਰੂ ਮੈਂਬਰ ਸਵਾਰ ਸਨ।

ਡੀਏਡਬਲਯੂ, ਏਡੀਏਡਬਲਯੂ ਅਤੇ ਇੱਕ ਐੱਫਓਆਈ ਪਹਿਲਾਂ ਹੀ ਕਿਸੇ ਹੋਰ ਕੰਮ ਲਈ ਅਹਿਮਦਾਬਾਦ ਵਿੱਚ ਮੌਜੂਦ ਹੈ। ਉਹ ਵੇਰਵੇ ਹਾਸਲ ਕਰ ਰਹੇ ਹਨ।

ਮੁੱਖ ਮੰਤਰੀ ਭੂਪੇਂਦਰ ਪਟੇਲ

ਤਸਵੀਰ ਸਰੋਤ, BHUPENDRA PATEL/FB

ਤਸਵੀਰ ਕੈਪਸ਼ਨ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ

ਗੁਜਰਾਤ ਦੇ ਸੂਚਨਾ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਅਧਿਕਾਰੀਆਂ ਨੂੰ ਬਚਾਅ ਕਾਰਜ ਸ਼ੁਰੂ ਕਰਨ ਅਤੇ ਜ਼ਖਮੀਆਂ ਦਾ ਇਲਾਜ ਕਰਨ ਲਈ ਆਦੇਸ਼ ਦੇ ਦਿੱਤਾ ਗਿਆ ਹੈ।

ਮਰੀਜ਼ਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਇੱਕ ਗ੍ਰੀਨ ਕੋਰੀਡੋਰ ਬਣਾਇਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ ਹੈ। ਐੱਨਡੀਆਰਐੱਫ ਟੀਮ ਤੈਨਾਤ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਹਵਾਈ ਹਾਦਸਾ

ਤਸਵੀਰ ਸਰੋਤ, Tejas Vaidya/BBC

ਪਾਇਲਟਸ ਬਾਰੇ ਜਾਣਕਾਰੀ

ਦੂਜੇ ਪਾਸੇ, ਏਐੱਨਆਈ ਨੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੇ ਹਵਾਲੇ ਨਾਲ ਕਿਹਾ, "ਕੈਪਟਨ ਸੁਮਿਤ ਸੱਭਰਵਾਲ 8200 ਘੰਟੇ ਉਡਾਣ ਦਾ ਤਜਰਬਾ ਰੱਖਣ ਵਾਲਾ ਐਲਟੀਸੀ ਸਨ। ਸਹਿ-ਪਾਇਲਟ ਕੋਲ 1100 ਘੰਟੇ ਉਡਾਣ ਦਾ ਤਜਰਬਾ ਸੀ। ਏਟੀਸੀ (ਏਅਰ ਟ੍ਰੈਫਿਕ ਕੰਟਰੋਲਰ) ਦੇ ਅਨੁਸਾਰ, ਉਡਾਣ ਨੇ ਅਹਿਮਦਾਬਾਦ ਤੋਂ ਸਵੇਰੇ 1.39 ਵਜੇ ਉਡਾਣ ਭਰੀ।"

"ਉਨ੍ਹਾਂ ਨੇ ਏਟੀਸੀ ਨੂੰ ਇੱਕ ਡਿਸਟਰੈਸ ਕਾਲ ਦਿੱਤੀ, ਪਰ ਉਸ ਤੋਂ ਬਾਅਦ ਏਟੀਸੀ ਕਾਲ ਦਾ ਕੋਈ ਜਵਾਬ ਨਹੀਂ ਆਇਆ। ਰਨਵੇ 23 ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਹਵਾਈ ਅੱਡੇ ਦੇ ਬਾਹਰ ਜ਼ਮੀਨ 'ਤੇ ਡਿੱਗ ਗਿਆ। ਹਾਦਸੇ ਵਾਲੀ ਥਾਂ ਤੋਂ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ।"

ਹਵਾਈ ਹਾਦਸਾ

ਤਸਵੀਰ ਸਰੋਤ, Tejas Vaidya/BBC

ਪਹਿਲੀ ਵਾਰ ਬੋਇੰਗ 787 ਇਸ ਤਰ੍ਹਾਂ ਡਿੱਗਿਆ ਹੈ

ਬਿਜ਼ਨਸ ਰਿਪੋਰਟਰ ਜੋਨਾਥਨ ਜੋਸਫ਼ ਦੇ ਵਿਸ਼ਲੇਸ਼ਣ ਮੁਤਾਬਕ, ਇਹ ਏਅਰ ਇੰਡੀਆ ਹਾਦਸਾ ਪਹਿਲੀ ਵਾਰ ਹੈ ਜਦੋਂ ਕੋਈ ਬੋਇੰਗ 787 ਜਹਾਜ਼ ਇਸ ਤਰ੍ਹਾਂ ਡਿੱਗਿਆ ਹੈ।

ਇਹ ਮਾਡਲ 14 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ ਅਤੇ ਸਿਰਫ਼ ਛੇ ਹਫ਼ਤੇ ਪਹਿਲਾਂ ਅਮਰੀਕੀ ਜਹਾਜ਼ ਨਿਰਮਾਤਾ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਸੀ ਕਿ ਇਹ ਮਾਡਲ, ਜਿਸ ਨੂੰ ਡ੍ਰੀਮਲਾਈਨਰ ਵੀ ਕਿਹਾ ਜਾਂਦਾ ਹੈ, 1 ਅਰਬ ਯਾਤਰੀਆਂ ਨੂੰ ਲੈ ਕੇ ਜਾਣ ਦੇ ਮੀਲ ਪੱਥਰ 'ਤੇ ਪਹੁੰਚ ਗਿਆ ਹੈ।

ਹਵਾਈ ਹਾਦਸਾ

ਤਸਵੀਰ ਸਰੋਤ, Getty Images

ਇਸ ਮੌਕੇ ਕੰਪਨੀ ਨੇ ਕਿਹਾ ਕਿ 1,175 ਤੋਂ ਵੱਧ ਹਵਾਈ ਜਹਾਜ਼ਾਂ ਦੇ ਗਲੋਬਲ 787 ਫਲੀਟ (ਬੇੜੇ) ਨੇ ਲਗਭਗ 5 ਮਿਲੀਅਨ ਉਡਾਣਾਂ ਭਰੀਆਂ ਹਨ ਜਿਸ ਵਿੱਚ 30 ਮਿਲੀਅਨ ਤੋਂ ਵੱਧ ਉਡਾਣ ਘੰਟੇ ਸ਼ਾਮਲ ਹਨ।

ਇਹ ਹਾਦਸਾ ਕੰਪਨੀ ਲਈ ਇੱਕ ਝਟਕਾ ਹੈ ਜੋ ਆਪਣੇ 737 ਪ੍ਰੋਗਰਾਮਾਂ ਨਾਲ ਘਾਤਕ ਕਰੈਸ਼ਾਂ ਸਮੇਤ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੰਘਰਸ਼ ਕਰ ਰਹੀ ਹੈ।

ਇਹ ਸੀਈਓ ਕੈਲੀ ਔਰਟਬਰਗ ਲਈ ਇੱਕ ਹੋਰ ਪ੍ਰੀਖਿਆ ਹੋਵੇਗੀ ਜਿਨ੍ਹਾਂ ਨੂੰ ਇਸ ਨੌਕਰੀ ʼਤੇ ਇੱਕ ਸਾਲ ਹੋਣ ਵਾਲਾ ਹੈ।

ਉਨ੍ਹਾਂ ਨੂੰ ਬੋਇੰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਲਿਆਂਦਾ ਗਿਆ ਸੀ ਜੋ ਇਸ ਦੇ ਭਵਿੱਖ ਬਾਰੇ ਸਵਾਲ ਚੁੱਕ ਰਹੀਆਂ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)