ਫਲਾਈਟ 93 ਦੀ ਕਹਾਣੀ, ਉਹ ਜਹਾਜ਼ ਜੋ ਅਮਰੀਕੀ ਸੰਸਦ ਨੂੰ ਤਬਾਹ ਕਰਨ ਵਾਲਾ ਸੀ- ਵਿਵੇਚਨਾ

ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 182 ਯਾਤਰੀਆਂ ਦੀ ਸਮਰੱਥਾ ਵਾਲੇ ਜਹਾਜ਼ ਵਿੱਚ ਕੁੱਲ 33 ਯਾਤਰੀ ਬੈਠੇ ਸਨ (ਸੰਕੇਤਕ ਤਸਵੀਰ)
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ

ਫਲਾਈਟ 93 ਆਪਣੇ ਨਿਰਧਾਰਤ ਸਮੇਂ ਤੋਂ 40 ਮਿੰਟ ਲੇਟ ਸੀ। ਯੂਨਾਈਟਿਡ ਏਅਰਲਾਈਨਜ਼ ਦਾ ਬੋਇੰਗ 757 ਨਿਊਯਾਰਕ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ 'ਤੇ ਖੜ੍ਹਾ ਸੀ ਕਿ ਉਸ ਦੇ ਟੇਕ ਆਫ ਦੀ ਉਡੀਕ ਕੀਤੀ ਜਾ ਰਹੀ ਸੀ।

ਪਹਿਲੀ ਸ਼੍ਰੇਣੀ ਦੀਆਂ ਛੇ ਕਤਾਰਾਂ ਵਿੱਚ ਅਰਬ ਮੂਲ ਦੇ ਚਾਰ ਲੋਕ ਖਿੱਲਰੇ ਬੈਠੇ ਸਨ।

ਉਨ੍ਹਾਂ ਨੇ ਆਪਣੀ ਵਾਪਸੀ ਦੀ ਟਿਕਟ ਨਹੀਂ ਖਰੀਦੀ ਸੀ।

ਇੱਕ ਰਾਤ ਪਹਿਲਾਂ ਉਨ੍ਹਾਂ ਨੇ ਅਰਬੀ ਵਿੱਚ ਲਿਖਿਆ ਇੱਕ ਦਸਤਾਵੇਜ਼ ਪੜ੍ਹਿਆ ਸੀ ਜਿਸ ਵਿੱਚ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਹਰ ਮੋਹ ਤੋਂ ਆਪਣੇ ਆਪ ਨੂੰ ਵੱਖ ਕਰ ਲੈਣ, ਸੰਘਰਸ਼ ਲਈ ਖ਼ੁਦ ਨੂੰ ਮਜ਼ਬੂਤ ਕਰਨ ਅਤੇ ਮਰਨ ਲਈ ਆਪਣੀ ਸਹੁੰ ਨੂੰ ਦੁਹਰਾਉਂਦੇ ਹੋਏ ਖ਼ੁਦਾ ਨੂੰ ਵਾਰ-ਵਾਰ ਯਾਦ ਕਰਨ।

ਟੌਮ ਮੈਕਮਿਲਨ ਆਪਣੀ ਕਿਤਾਬ 'ਫਲਾਈਟ 93: ਦਿ ਸਟੋਰੀ ਦਿ ਆਫਟਰਮਾਥ ਐਂਡ ਦਿ ਲੀਗੇਸੀ ਆਫ ਅਮੈਰੀਕਨ ਕਰੇਜ' ਵਿੱਚ ਲਿਖਦੇ ਹਨ, "ਇੰਨੀ ਸੁਚੱਜੀ ਤਿਆਰੀ ਦੇ ਬਾਵਜੂਦ, ਅਲ-ਕਾਇਦਾ ਨੇ ਇਸ ਸੰਭਾਵਨਾ 'ਤੇ ਵਿਚਾਰ ਨਹੀਂ ਕੀਤਾ ਕਿ ਉਡਾਣ ਵਿੱਚ ਦੇਰੀ ਵੀ ਹੋ ਸਕਦੀ ਹੈ।"

"ਉਨ੍ਹਾਂ ਦੀ ਯੋਜਨਾ ਪਹਿਲੀ ਵਾਰ 1996 ਵਿੱਚ ਅਫ਼ਗਾਨਿਸਤਾਨ ਦੇ ਪਹਾੜਾਂ ਵਿੱਚ ਬਣਾਈ ਗਈ ਸੀ, ਜਿਸ ਵਿੱਚ ਅਗਲੇ ਕਈ ਸਾਲਾਂ ਵਿੱਚ ਬਦਲਾਅ ਹੁੰਦੇ ਰਹੇ ਸਨ।"

ਹਾਈਜੈਕਿੰਗ ਲਈ ਜਿਹੜੀਆਂ ਚਾਰ ਉਡਾਣਾਂ ਨੂੰ ਚੁਣਿਆ ਗਿਆ ਸੀ ਉਨ੍ਹਾਂ ਨੇ ਉਸ ਸਵੇਰੇ 7.45 ਅਤੇ 8.10 ਦੇ ਵਿਚਕਾਰ ਉਡਾਣ ਭਰਨੀ ਸੀ।

ਇਹ ਵੀ ਫ਼ੈਸਲਾ ਕੀਤਾ ਗਿਆ ਸੀ ਕਿ ਜਹਾਜ਼ ਨੂੰ ਉਡਾਣ ਭਰਨ ਦੇ 15 ਮਿੰਟ ਦੇ ਅੰਦਰ ਹਾਈਜੈਕਿੰਗ ਸ਼ੁਰੂ ਹੋ ਜਾਵੇਗੀ।

ਜੇਕਰ ਸਭ ਕੁਝ ਯੋਜਨਾ ਅਨੁਸਾਰ ਅਤੇ ਸਮੇਂ ਸਿਰ ਸ਼ੁਰੂ ਹੁੰਦਾ ਤਾਂ ਚਾਰ ਜਹਾਜ਼ ਇੱਕ-ਇੱਕ ਕਰਕੇ ਪ੍ਰਮੁੱਖ ਇਮਾਰਤਾਂ ਨੂੰ ਟੱਕਰ ਮਾਰਦੇ ਅਤੇ ਅਮਰੀਕੀ ਸਿਆਸਤਦਾਨਾਂ ਅਤੇ ਫ਼ੌਜੀ ਲੀਡਰਸ਼ਿਪ ਨੂੰ ਸੋਚਣ ਦਾ ਸਮਾਂ ਵੀ ਨਾ ਮਿਲਦਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਹਾਜ਼ਾਂ ਨੂੰ ਕਾਕਪਿਟ ਵਿੱਚ ਘੁਸਪੈਠ ਦੀ ਚੇਤਾਵਨੀ ਦਿੱਤੀ ਗਈ

ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਰਿਕਾਰਡ ਦੇ ਅਨੁਸਾਰ, ਠੀਕ ਸਵੇਰੇ 8 ਵੱਜ ਕੇ 41 ਮਿੰਟ 49 ਸਕਿੰਟ 'ਤੇ, ਏਅਰ ਟ੍ਰੈਫਿਕ ਕੰਟਰੋਲਰ ਨੇ ਫਲਾਈਟ 93 ਦੇ ਕੈਪਟਨ ਜੇਸਨ ਡਾਲ ਅਤੇ ਫਰਸਟ ਅਫ਼ਸਰ ਲੇਰੋਏ ਹੋਮਰ ਨੂੰ ਦੱਸਿਆ ਕਿ ਉਹ ਰਨਵੇਅ ਚਾਰ ਤੋਂ ਉਡਾਣ ਭਰ ਸਕਦੇ ਹਨ।

ਇੱਕ ਮਿੰਟ ਬਾਅਦ ਫਰਸਟ ਕਲਾਸ ਵਿੱਚ ਜ਼ਿਆਦ ਜਰਾਹ, ਅਹਿਮਦ ਅਲ ਹਜ਼ਨਵੀ, ਅਹਿਮਦ ਅਲ ਨਮੀ ਅਤੇ ਸਈਦ ਅਲ ਗਮਡੀ, ਨੇ ਆਪਣੇ ਆਪ ਨੂੰ ਮਿਸ਼ਨ ਲਈ ਤਿਆਰ ਕੀਤਾ। ਉਹ ਮੰਗਲਵਾਰ ਦਾ ਦਿਨ ਸੀ ਅਤੇ ਮਿਤੀ ਸੀ- 11 ਸਤੰਬਰ 2001।

ਅੰਤ ਵਿੱਚ, ਫਲਾਈਟ 93 ਹਵਾ ਵਿੱਚ ਸੀ। ਜਹਾਜ਼ ਲਗਭਗ ਖਾਲ੍ਹੀ ਸੀ। 182 ਯਾਤਰੀਆਂ ਦੀ ਸਮਰੱਥਾ ਵਾਲੇ ਜਹਾਜ਼ ਵਿੱਚ ਕੁੱਲ 33 ਯਾਤਰੀ ਬੈਠੇ ਸਨ।

ਠੀਕ ਸਵੇਰੇ 8:40 ਵਜੇ 500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇੱਕ ਜਹਾਜ਼ ਵਰਲਡ ਟਰੇਡ ਸੈਂਟਰ ਨਾਲ ਟਕਰਾ ਗਿਆ।

ਉਸ ਨੇ ਆਸਮਾਨ ਛੂੰਹਦੀ ਇਮਾਰਤ ਦੀ 93ਵੀਂ ਅਤੇ 99ਵੀਂ ਮੰਜ਼ਿਲ ਦੇ ਵਿਚਕਾਰ ਇੱਕ ਵੱਡੀ ਮੋਰੀ ਬਣਾ ਦਿੱਤੀ।

ਜਦੋਂ 17 ਮਿੰਟ ਬਾਅਦ 9:03 'ਤੇ ਦੂਜੇ ਜਹਾਜ਼ ਨੇ ਦੱਖਣੀ ਟਾਵਰ ਨਾਲ ਟੱਕਰ ਮਾਰੀ ਤਾਂ ਉਦੋਂ ਅਮਰੀਕੀ ਪ੍ਰਸ਼ਾਸਨ ਨੂੰ ਅਹਿਸਾਸ ਹੋਇਆ ਕਿ ਅਮਰੀਕਾ ʼਤੇ ਹਮਲਾ ਹੋ ਰਿਹਾ ਹੈ।

ਸਵੇਰੇ 9:19 ਵਜੇ, ਯੂਨਾਈਟਿਡ ਫਲਾਈਟ ਡਿਸਪੈਚਰ ਐਡ ਬੈਲਿੰਗਰ ਨੇ ਉਸ ਇਲਾਕੇ ਵਿੱਚ ਉੱਡ ਰਹੇ 16 ਜਹਾਜ਼ਾਂ ਨੂੰ ਪਹਿਲੀ ਚੇਤਾਵਨੀ ਜਾਰੀ ਕੀਤੀ, 'ਕਾਕਪਿਟ ਘੁਸਪੈਠ ਤੋਂ ਸਾਵਧਾਨ ਰਹੋ। ਨਿਊਯਾਰਕ 'ਚ ਟਰੇਡ ਸੈਂਟਰ ਦੀ ਇਮਾਰਤ ਨਾਲ ਦੋ ਜਹਾਜ਼ ਟਕਰਾ ਗਏ ਹਨ।ʼ

ਫਲਾਈਟ ਰਿਕਾਰਡ ਦਿਖਾਉਂਦੇ ਹਨ ਕਿ ਫਲਾਈਟ 93 ਨੂੰ ਇਹ ਸੁਨੇਹਾ ਸਵੇਰੇ 9:24 'ਤੇ ਮਿਲਿਆ ਸੀ। ਸਵੇਰੇ 9.26 ਵਜੇ ਕੈਪਟਨ ਡਾਲ ਨੇ ਬੈਲਿੰਗਰ ਨੂੰ ਜਵਾਬ ਦਿੱਤਾ, 'ਐੱਡ ਨੇ ਤਾਜ਼ਾ ਸੰਦੇਸ਼ ਦੀ ਪੁਸ਼ਟੀ ਕੀਤੀ।'

ਠੀਕ ਦੋ ਮਿੰਟ ਬਾਅਦ, 9:28 'ਤੇ, ਫਲਾਈਟ 93 ਦੇ ਕਾਕਪਿਟ ਦੇ ਦਰਵਾਜ਼ੇ ਦੇ ਬਾਹਰ ਰੌਲਾ ਸੁਣਿਆ ਗਿਆ।

ਮੈਕਮਿਲਨ ਦੀ ਕਿਤਾਬ

ਤਸਵੀਰ ਸਰੋਤ, LYONS PRESS

ਏਅਰ ਟ੍ਰੈਫਿਕ ਕੰਟਰੋਲਰ ਨੂੰ ਆਵਾਜ਼ ਸੁਣਾਈ ਦਿੱਤੀ

ਸਿਰਾਂ 'ਤੇ ਲਾਲ ਰੁਮਾਲ ਪਹਿਨੇ, ਚਾਰੇ ਹਾਈਜੈਕਰ ਤੇਜ਼ੀ ਨਾਲ ਆਪਣੀਆਂ ਸੀਟਾਂ ਤੋਂ ਉੱਠ ਗਏ। ਉਹ 9:28 'ਤੇ ਕਾਕਪਿਟ 'ਚ ਦਾਖ਼ਲ ਹੋਏ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਸੀ ਕਿ ਉਸੇ ਸਮੇਂ ਜਹਾਜ਼ 30 ਸਕਿੰਟਾਂ ਦੇ ਅੰਦਰ 680 ਫੁੱਟ ਹੇਠਾਂ ਆ ਗਿਆ।

ਉਸੇ ਸਮੇਂ, ਕਲੀਵਲੈਂਡ ਦੇ ਏਅਰ ਟ੍ਰੈਫਿਕ ਕੰਟਰੋਲ ਨੂੰ ਆਵਾਜ਼ ਸੁਣਾਈ ਦਿੱਤੀ, 'ਮੇਅ ਡੇ...ਗੈੱਟ ਆਊਟ ਆਫ ਹਿਅਰ।' 30 ਸਕਿੰਟਾਂ ਬਾਅਦ, ਤਿੰਨ ਵਾਰ ਇਹੀ ਵਾਕ ਸੁਣਿਆ ਗਿਆ, ʻਗੈੱਟ ਆਊਟ ਆਫ ਹਿਅਰ।ʼ

ਪਿਛੋਕੜ ਵਿੱਚ ਸੰਘਰਸ਼ ਦੀਆਂ ਗੂੰਜਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ। ਇਹ ਸੰਭਵ ਹੋ ਸਕਦਾ ਹੈ ਕਿ ਡਾਲ ਜਾਂ ਹੋਮਰ ਨੇ ਜਾਣਬੁੱਝ ਕੇ ਮਾਈਕ੍ਰੋਫੋਨ ਬਟਨ ਨੂੰ ਦਬਾ ਕੇ ਰੱਖਿਆ ਹੋਵੇ ਤਾਂ ਜੋ ਜ਼ਮੀਨ 'ਤੇ ਬੈਠੇ ਲੋਕ ਸੁਣ ਸਕਣ ਕਿ ਕਾਕਪਿਟ ਵਿੱਚ ਕੀ ਹੋ ਰਿਹਾ ਹੈ।

ਮਿਸ਼ੇਲ ਜ਼ੁਕਫ ਆਪਣੀ ਕਿਤਾਬ 'ਫਾਲ ਐਂਡ ਰਾਈਜ਼ ਦਿ ਸਟੋਰੀ ਆਫ 9/11' ਵਿੱਚ ਲਿਖਦੇ ਹਨ, 'ਅਗਲੇ 90 ਸਕਿੰਟਾਂ ਵਿੱਚ, ਕਲੀਵਲੈਂਡ ਏਅਰ ਟ੍ਰੈਫਿਕ ਕੰਟਰੋਲਰ ਦੇ ਜੌਨ ਵਰਥ ਨੇ ਜਹਾਜ਼ ਨਾਲ ਸੰਪਰਕ ਕਰਨ ਦੀ ਸੱਤ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇਸ ਦਾ ਕਾਰਨ ਪਤਾ ਲੱਗ ਗਿਆ।ʼ

9:31 'ਤੇ ਇੱਕ ਅਣਪਛਾਤੇ ਵਿਅਕਤੀ ਨੇ ਭਾਰੀ ਸਾਹ ਲੈਂਦੇ ਹੋਏ ਅਜੀਬ ਲਹਿਜੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ।

ਇਹ ਸੰਦੇਸ਼ ਜਹਾਜ਼ 'ਚ ਬੈਠੇ ਯਾਤਰੀਆਂ ਲਈ ਸੀ ਪਰ ਏਅਰ ਟ੍ਰੈਫਿਕ ਕੰਟਰੋਲ ਦੇ ਲੋਕਾਂ ਨੇ ਸੁਣ ਲਿਆ।

ਸੰਦੇਸ਼ ਸੀ, ʻਲੇਡੀਜ਼ ਐਂਡ ਜੈਂਟਲਮੈਨ, ਹਿਅਰ ਦਿ ਕੈਪਟਨ। ਕਿਰਪਾ ਕਰਕੇ ਬੈਠੋ। ਬੈਠੇ ਰਹੋ। ਸਾਡੇ ਕੋਲ ਬੰਬ ਹੈ।'

ਜ਼ਿਆਦ ਜਰਾਹ ਨੇ ਫਲਾਈਟ 93 ਨੂੰ ਕੰਟਰੋਲ ਕਰ ਲਿਆ ਸੀ।

ਵਰਲਡ ਟਰੇਡ ਸੈਂਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ 'ਤੇ 9 ਸਤੰਬਰ 2011 ਨੂੰ ਹਮਲਾ ਹੋਇਆ ਸੀ, ਇਹ ਤਸਵੀਰ ਵਰਲਡ ਟਰੇਡ ਸੈਂਟਰ ਦੀ ਹੈ

ਅਨਾੜੀਆਂ ਵਾਂਗ ਜਹਾਜ਼ ਹੇਠਾਂ ਲਿਆਉਣਾ ਸ਼ੁਰੂ ਕਰ ਦਿੱਤਾ

ਹੁਣ ਜਰਰਾਹ ਨੇ ਫਲਾਈਟ 93 ਨੂੰ ਵਾਸ਼ਿੰਗਟਨ ਵੱਲ ਮੋੜ ਦਿੱਤਾ। ਉਹ ਸਵੇਰੇ 9.39 ਵਜੇ ਜਹਾਜ਼ ਨੂੰ 40 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਗਿਆ। ਇਸ ਤੋਂ ਬਾਅਦ ਉਸ ਨੇ ਅਨਾੜੀਆਂ ਵਾਂਗ ਜਹਾਜ਼ ਨੂੰ ਹੇਠਾਂ ਲਿਆਉਣ ਸ਼ੁਰੂ ਕਰ ਦਿੱਤਾ।

ਇਸ ਤੋਂ ਪਹਿਲਾਂ, ਸਵੇਰੇ 9.33 ਵਜੇ, ਕਾਕਪਿਟ ਵਿੱਚ ਮੌਜੂਦ ਇੱਕ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ – ਪਲੀਜ਼, ਪਲੀਜ਼, ਪਲੀਜ਼... ਪਲੀਜ਼, ਪਲੀਜ਼ ਡੌਂਟ ਹਰਟ ਮੀ... ਓਹ ਗੌਡ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਆਵਾਜ਼ ਸ਼ਾਇਦ ਫਰਸਟ ਕਲਾਸ ਦੀ ਮਹਿਲਾ ਕਰੂ ਮੈਂਬਰ ਡੇਬੀ ਵੈਲਸ਼ ਜਾਂ ਵਾਂਡਾ ਗ੍ਰੀਨ ਦੀ ਸੀ। ਸਭ ਤੋਂ ਪ੍ਰਵਾਨਿਤ ਸਿਧਾਂਤ ਇਹ ਹੈ ਕਿ 9/11 ਦੇ ਸਾਰੇ ਚਾਰ ਜਹਾਜ਼ਾਂ 'ਤੇ ਹਮਲੇ ਮਹਿਲਾ ਕਰੂ ਦੇ ਨਾਲ ਹਿੰਸਾ ਨਾਲ ਸ਼ੁਰੂ ਹੋਏ ਸਨ।

9:35 'ਤੇ ਇੱਕ ਔਰਤ ਦੀ ਆਵਾਜ਼ ਦੁਬਾਰਾ ਸੁਣਾਈ ਦਿੱਤੀ, 'ਆਈ ਡੌਂਟ ਵਾਂਟ ਟੂ ਡਾਈ (ਮੈਂ ਮਰਨਾ ਨਹੀਂ ਚਾਹੁੰਦੀ)ʼ। ਵਾਇਸ ਰਿਕਾਰਡਰ ਦੇ ਟ੍ਰਾਂਸਕ੍ਰਿਪਟ ਅਨੁਸਾਰ 9 ਵਜ ਕੇ 37 ਮਿੰਟ ਦੇ ਕੌਕਪਿਟ ਅੰਦਰ ਪ੍ਰਤੀਰੋਧ ਖ਼ਤਮ ਹੋ ਗਿਆ ਸੀ।

ਇੱਕ ਹਾਈਜੈਕਰ, ਸੰਭਾਵਿਤ ਗਮੜੀ ਅਲ ਸਈਅਦ ਦੀ ਆਵਾਜ਼ ਸੁਣਾਈ ਦਿੱਤੀ ਸੀ, ʻਐਵਰੀਥਿੰਗ ਇਜ਼ ਫਾਈਨ, ਆਈ ਫਿਨਿਸ਼ਡ।ʼ

ਇਸ ਤੋਂ ਬਾਅਦ ਮਹਿਲਾ ਕਰੂ ਮੈਂਬਰ ਦੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਬਹੁਤ ਸੰਭਾਵਨਾ ਹੈ ਕਿ ਉਸ ਸਮੇਂ ਤੱਕ ਉਸ ਨੂੰ ਮਾਰ ਦਿੱਤਾ ਗਿਆ ਸੀ।

ਜ਼ਿਆਦ ਜਰਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦ ਜਰਾਹ ਹਾਈਜੈਕਿੰਗ ਟੀਮ ਦੀ ਅਗਵਾਈ ਕਰ ਰਿਹਾ ਸੀ

ਹੇਠਾਂ ਕਾਲ ਕਰਕੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ

9:39 ਵਜੇ, ਜਰਰਾਹ ਨੇ ਐਲਾਨ ਕਰਨ ਦੀ ਦੂਜੀ ਕੋਸ਼ਿਸ਼ ਕੀਤੀ।

ਇਸ ਵਾਰ ਉਸ ਦੀ ਆਵਾਜ਼ ਪਹਿਲਾਂ ਨਾਲੋਂ ਜ਼ਿਆਦਾ ਨਿਯੰਤਰਿਤ ਸੀ। ਇਹ ਐਲਾਨ ਏਅਰ ਟ੍ਰੈਫਿਕ ਕੰਟਰੋਲ ਨੂੰ ਵੀ ਸੁਣਾਈ ਦਿੱਤੀ, ʻਹੇਅਰ ਇਜ਼ ਕੈਪਟਨ। ਆਈ ਵੁੱਡ ਲਾਈਕ ਯੂ ਆਲ ਟੂ ਰਿਮੇਨ ਸੀਟਡ। ਵੀ ਹੇਵ ਏ ਬੰਬ ਅਬੋਰਡ ਐਂਡ ਵੀ ਆਰ ਗੋਇੰਗ ਬੈਕ ਟੂ ਦਿ ਏਅਰ ਪੋਰਟ ਐਂਡ ਵੀ ਹੇਵ ਅਵਰ ਡਿਮਾਂਡਸ। ਸੋ ਪਲੀਜ਼ ਰਿਮੇਨ ਕਵਾਇਟ।ʼ

ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦੇ ਯਾਤਰੀਆਂ ਅਤੇ ਕਰੂ ਦਲ ਨੂੰ ਵਿਸ਼ੇਸ਼ ਤਕਨੀਕ ਨਾਲ 'ਵੇਰੀਜ਼ੋਨ' ਈਅਰਫੋਨ ਰਾਹੀਂ ਹਵਾ ਤੋਂ ਜ਼ਮੀਨ ਤੱਕ ਗੱਲ ਕਰਨ ਦੀ ਸਹੂਲਤ ਦਿੱਤੀ ਗਈ ਸੀ।

ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੇ 30 ਮਿੰਟਾਂ ਦੇ ਅੰਦਰ, ਜਹਾਜ਼ ਵਿੱਚ ਸਵਾਰ 12 ਯਾਤਰੀਆਂ ਨੇ 23ਵੀਂ ਅਤੇ 34ਵੀਂ ਕਤਾਰ ਦੇ ਵਿਚਕਾਰ ਲੱਗੇ ਈਅਰਫੋਨਾਂ ਤੋਂ ਜ਼ਮੀਨ 'ਤੇ 35 ਵਾਰ ਜ਼ਮੀਨ ʼਤੇ ਕਾਲਾਂ ਕੀਤੀਆਂ ਸਨ। ਇਨ੍ਹਾਂ 'ਚੋਂ 20 ਕਾਲਾਂ ਤੁਰੰਤ ਕੱਟ ਦਿੱਤੀਆਂ ਗਈਆਂ ਪਰ 15 ਕਾਲਾਂ 'ਤੇ ਗੱਲ ਹੋਈ।

ਇਹਨਾਂ ਕਾਲਾਂ ਨੇ ਕਈ ਸੁਰਾਗ਼ ਦਿੱਤੇ ਕਿ ਉਸ ਸਮੇਂ ਫਲਾਈਟ 93 'ਤੇ ਕੀ ਹੋ ਰਿਹਾ ਸੀ। ਸਭ ਤੋਂ ਪਹਿਲਾਂ, 9:30 ਵਜੇ, ਟੌਮ ਬਰਨੇਟ ਨੇ ਕੈਲੀਫੋਰਨੀਆ ਵਿੱਚ ਆਪਣੀ ਪਤਨੀ ਦੀਨਾ ਨੂੰ ਫੋਨ ਮਿਲਾਇਆ।

ਆਪਣੀ ਕਿਤਾਬ 'ਦਿ ਓਨਲੀ ਪਲੇਨ ਇਨ ਦਿ ਸਕਾਈ' ਵਿੱਚ ਗੈਰੇਟ ਐਮ. ਗ੍ਰਾਫ ਲਿਖਦੇ ਹਨ, 'ਡੀਨਾ ਨੇ ਪੁੱਛਿਆ, 'ਟੌਮ, ਕੀ ਤੁਸੀਂ ਠੀਕ ਹੋ?' ਟੌਮ ਨੇ ਜਵਾਬ ਦਿੱਤਾ, 'ਨਹੀਂ, ਮੈਂ ਠੀਕ ਨਹੀਂ ਹਾਂ। ਮੈਂ ਉਸ ਜਹਾਜ਼ 'ਤੇ ਹਾਂ ਜਿਸ ਨੂੰ ਹਾਈਜੈਕ ਕਰ ਲਿਆ ਗਿਆ ਹੈ।"

"ਹਾਈਜੈਕਰਾਂ ਨੇ ਇੱਕ ਆਦਮੀ ਨੂੰ ਚਾਕੂ ਮਾਰ ਦਿੱਤਾ ਹੈ ਅਤੇ ਹੁਣ ਸਾਨੂੰ ਦੱਸ ਰਹੇ ਹਨ ਕਿ ਜਹਾਜ਼ ਵਿੱਚ ਇੱਕ ਬੰਬ ਹੈ। ਤੁਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰੋ।"

ਸਈਦ ਅਲ ਗਮਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਈਦ ਅਲ ਗਮਡੀ ਜੋ ਜ਼ਿਆਦ ਜਰਾਹ ਦੇ ਨਾਲ ਕਾਕਪਿਟ ਵਿੱਚ ਬੈਠਾ ਸੀ
ਇਹ ਵੀ ਪੜ੍ਹੋ-

ਯਾਤਰੀਆਂ ਨੂੰ ਜਹਾਜ਼ ਦੇ ਪਿਛਲੇ ਹਿੱਸੇ ਪਹੁੰਚਾਇਆ ਗਿਆ

ਜਹਾਜ਼ ਦੀ ਮਹਿਲਾ ਕਰੂ ਮੈਂਬਰ (ਮੁਖ਼ਤਿਆਰ) ਸੈਂਡੀ ਬ੍ਰੈਡਸ਼ੌ ਨੇ ਸਭ ਤੋਂ ਪਹਿਲਾਂ ਇਸਦੀ ਸੂਚਨਾ ਯੂਨਾਈਟਿਡ ਏਅਰਲਾਈਨਜ਼ ਨੂੰ ਦਿੱਤੀ।

9.35 'ਤੇ ਉਨ੍ਹਾਂ ਨੇ 33ਵੀਂ ਕਤਾਰ ਤੋਂ ਸੈਨ ਫਰਾਂਸਿਸਕੋ ਦੇ ਮੇਨਟੇਨੈਂਸ ਦਫ਼ਤਰ ਨੂੰ ਬੁਲਾਇਆ ਅਤੇ ਮੈਨੇਜਰ ਨੂੰ ਕਿਹਾ, "ਹਮਲਾਵਰਾਂ ਨੇ ਕਾਕਪਿਟ 'ਤੇ ਕਬਜ਼ਾ ਕਰ ਲਿਆ ਹੈ। ਬਾਕੀ ਸਾਰੇ ਯਾਤਰੀਆਂ ਨੂੰ ਜਹਾਜ਼ ਦੇ ਪਿਛਲੇ ਪਾਸੇ ਲਿਆਂਦਾ ਗਿਆ ਹੈ।"

ਸੈਂਡੀ ਛੇ ਮਿੰਟ ਤੱਕ ਲਾਈਨ 'ਤੇ ਰਹੀ। ਮੈਨੇਜਰ ਅਨੁਸਾਰ ਉਸ ਦੀ ਆਵਾਜ਼ ਹੈਰਾਨੀਜਨਕ ਤੌਰ 'ਤੇ ਬਹੁਤ ਸ਼ਾਂਤ ਸੀ।

ਟੌਮ ਮੈਕਮਿਲਨ ਲਿਖਦੇ ਹਨ, 'ਇਸ ਦੌਰਾਨ ਮਾਰਕ ਬਿੰਘਮ ਨੇ ਆਪਣੀ ਮਾਂ ਨੂੰ ਬੁਲਾਇਆ - ਮੈਂ ਮਾਰਕ ਬਿੰਘਮ ਬੋਲ ਰਿਹਾ ਹਾਂ। ਉਹ ਸ਼ਾਇਦ ਇੰਨਾ ਦਬਾਅ ਹੇਠ ਸੀ ਕਿ ਉਨ੍ਹਾਂ ਨੇ ਆਪਣਾ ਪੂਰਾ ਨਾਮ ਲੈ ਲਿਆ। ਉਸ ਨੇ ਕਿਹਾ, 'ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।"

"ਮੈਂ ਇਸ ਸਮੇਂ ਸੈਨ ਫਰਾਂਸਿਸਕੋ ਜਾਣ ਵਾਲੇ ਇੱਕ ਜਹਾਜ਼ ਵਿੱਚ ਹਾਂ। ਤਿੰਨ ਲੋਕਾਂ ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬੰਬ ਹੈ।"

ਕਿਤਾਬ

ਤਸਵੀਰ ਸਰੋਤ, AVID READER PRESS / SIMON & SCHUSTER

ਉਨ੍ਹਾਂ ਦੀ ਮਾਂ ਐਲਿਸ ਨੇ ਉਨ੍ਹਾਂ ਨੂੰ ਪੁੱਛਿਆ, ਮਾਰਕ, ਉਹ ਲੋਕ ਕੌਣ ਹਨ? ਬਿੰਘਮ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ, ਪਰ ਕਿਹਾ, "ਤੁਹਾਨੂੰ ਮੇਰੇ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਜੋ ਵੀ ਮੈਂ ਕਹਿ ਰਿਹਾ ਹਾਂ ਬਿਲਕੁਲ ਸਹੀ ਹੈ।"

ਜਹਾਜ਼ਾਂ ਨੂੰ ਤੁਰੰਤ ਲੈਂਡ ਕਰਨ ਲਈ ਕਿਹਾ ਗਿਆ।

ਇਸ ਦੌਰਾਨ, ਜਿਵੇਂ ਹੀ ਕਲੀਵਲੈਂਡ ਏਅਰ ਟ੍ਰੈਫਿਕ ਨੇ ਜ਼ਿਆਦ ਜਰਾਹ ਦਾ ਐਲਾਨ ਸੁਣਿਆ, ਉਸ ਨੇ ਤੁਰੰਤ ਜਵਾਬ ਦਿੱਤਾ, 'ਓਕੇ, ਦੈਟਸ ਯੂਨਾਈਟਿਡ 93 ਕਾਲਿੰਗ। ਅੰਡਰਸਟੈਂਡ ਯੂ ਹੈਵ ਏ ਬੰਬ ਆਨ ਬੋਰਡ। ਗੋ ਅਹੈੱਡ, ਯੂਨਾਈਟਿਡ 93 ਗੋ ਅਹੇਡ।'

ਪਰ ਕਾਕਪਿਟ ਤੋਂ ਉਨ੍ਹਾਂ ਕੋਲੋ ਕੋਈ ਜਵਾਬ ਨਹੀਂ ਮਿਲਿਆ।

ਇਸ ਦੌਰਾਨ, ਏਅਰ ਕੰਟਰੋਲਰ ਜੌਨ ਵਰਥ ਲਈ ਸਭ ਤੋਂ ਵੱਡੀ ਚੁਣੌਤੀ ਉਦੋਂ ਖੜ੍ਹੀ ਹੋ ਗਈ ਜਦੋਂ ਰਾਤ 9:42 ਵਜੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਅਮਰੀਕੀ ਹਵਾਈ ਖੇਤਰ ਵਿੱਚ ਉਡਾਣ ਭਰਨ ਵਾਲੇ ਸਾਰੇ ਨਾਗਰਿਕ ਜਹਾਜ਼ਾਂ ਨੂੰ ਨੇੜਲੇ ਹਵਾਈ ਅੱਡਿਆਂ 'ਤੇ ਉਤਰਨ ਦਾ ਆਦੇਸ਼ ਦਿੱਤਾ।

ਮਾਰਕ ਬਿੰਘਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਲਾਈਟ 93 'ਤੇ ਸਵਾਰ ਮਾਰਕ ਬਿੰਘਮ ਨੇ ਆਪਣੀ ਮਾਂ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ

ਸਾਰੇ ਜਹਾਜ਼ ਕਾਹਲੀ ਨਾਲ ਉਤਰਨ ਲੱਗੇ ਪਰ ਓਹੀਓ ਦੇ ਉੱਪਰ ਉੱਡ ਰਹੀ ਫਲਾਈਟ 93 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਉਹ ਵਾਸ਼ਿੰਗਟਨ ਡੀਸੀ ਵੱਲ ਉਡਾਣ ਭਰਦਾ ਰਿਹਾ।

ਹੁਣ ਤੱਕ ਅਮਰੀਕੀਆਂ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਫਲਾਈਟ 93 ਜਾਂ ਤਾਂ ਵ੍ਹਾਈਟ ਹਾਊਸ ਜਾਂ ਕੈਪੀਟਲ ਹਿੱਲ ਵੱਲ ਜਾ ਰਹੀ ਸੀ।

ਮਿਸ਼ੇਲ ਜ਼ੁਕੌਫ ਲਿਖਦੇ ਹਨ, 'ਕੈਪੀਟਲ ਹਿੱਲ ਵਿੱਚ, ਇੱਕ ਪੁਲਿਸ ਅਧਿਕਾਰੀ ਚੀਕਦਾ ਹੋਇਆ ਹਾਲ ਵਿੱਚ ਭੱਜਿਆ, 'ਇੱਕ ਜਹਾਜ਼ ਆ ਰਿਹਾ ਹੈ, ਬਾਹਰ ਨਿਕਲੋ।ʼ

ਇਹ ਸੁਣ ਕੇ ਔਰਤਾਂ ਨੰਗੇ ਪੈਰੀਂ ਬਾਹਰ ਭੱਜੀਆਂ। ਖ਼ਤਰੇ ਦੇ ਸਾਇਰਨ ਵੱਜਣ ਲੱਗੇ। ਕੁਝ ਕਾਂਗਰਸੀ ਮੈਂਬਰ ਦਰੱਖਤ ਹੇਠਾਂ ਇਕੱਠੇ ਹੋਣ ਲੱਗੇ। ਹਥਿਆਰਬੰਦ ਪੁਲਿਸ ਅਧਿਕਾਰੀ ਅਮਰੀਕੀ ਸੈਨੇਟ ਦੇ ਨੇਤਾਵਾਂ ਨੂੰ ਸ਼ੀਤ ਯੁੱਧ ਦੇ ਦੌਰ ਦੌਰਾਨ ਬਣਾਏ ਬੰਕਰਾਂ ਵਿੱਚ ਲੈ ਗਏ।

ਅਮਰੀਕੀ ਸੰਸਦ ਕੈਪੀਟਲ ਹਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਸੰਸਦ ਕੈਪੀਟਲ ਹਿੱਲ ਜਿੱਥੇ ਫਲਾਈਟ 93 ਟੱਕਰ ਮਾਰਨ ਵਾਲੀ ਸੀ

ਵਿਰੋਧ ਯੋਜਨਾ

ਇਸ ਦੌਰਾਨ ਜਹਾਜ਼ 40 ਹਜ਼ਾਰ ਫੁੱਟ ਦੀ ਉਚਾਈ ਤੋਂ 20 ਹਜ਼ਾਰ ਫੁੱਟ ਦੀ ਉਚਾਈ ਤੱਕ ਹੇਠਾਂ ਆ ਗਿਆ ਸੀ।

ਸਾਫ ਜ਼ਾਹਿਰ ਸੀ ਕਿ ਜ਼ਿਆਦ ਜਰਾਹ ਨੂੰ ਉਸ ਨੂੰ ਉਡਾਉਣ ਵਿੱਚ ਮੁਸ਼ਕਲ ਆ ਰਹੀ ਸੀ। ਜਰਾਹ 9/11 ਦੇ ਹਾਈਜੈਕਰਾਂ ਵਿੱਚ, ਵਾਹਿਦ ਇੱਕ ਅਜਿਹਾ ਵਿਅਕਤੀ ਸੀ ਜਿਸ ਕੋਲ ਵਪਾਰਕ ਪਾਇਲਟ ਦਾ ਲਾਇਸੈਂਸ ਨਹੀਂ ਸੀ ਅਤੇ ਉਸਨੇ ਹੋਰਾਂ ਦੇ ਮੁਕਾਬਲੇ ਜਹਾਜ਼ ਉਡਾਉਣ ਦੀ ਸਿਖਲਾਈ ਲੈਣ ਵਿੱਚ ਘੱਟ ਸਮਾਂ ਬਿਤਾਇਆ ਸੀ।

ਇਸ ਦੌਰਾਨ ਯਾਤਰੀਆਂ ਵਿੱਚ ਹਾਈਜੈਕਰਾਂ ਦਾ ਵਿਰੋਧ ਕਰਨ ਦੀਆਂ ਯੋਜਨਾ ਬਣਨ ਲੱਗੀ ਸੀ।

ਟੌਮ ਮੈਕਮਿਲਨ ਲਿਖਦੇ ਹਨ, "ਟੌਮ ਬਰਨੇਟ ਨੇ ਆਪਣੀ ਪਤਨੀ ਦੀਨਾ ਨੂੰ ਫੋਨ 'ਤੇ ਦੱਸਿਆ ਕਿ ਉਹ ਕੁਝ ਕਰਨ ਦੀ ਯੋਜਨਾ ਬਣਾ ਰਹੇ ਹਨ। ਦੀਨਾ ਨੇ ਪੁੱਛਿਆ ਕਿ ਤੁਹਾਡੀ ਮਦਦ ਕੌਣ ਕਰ ਰਿਹਾ ਹੈ? ਟੌਮ ਨੇ ਕਿਹਾ, ਕਈ ਲੋਕ। ਸਾਡਾ ਇੱਕ ਸਮੂਹ ਹੈ।"

"ਇੱਕ ਹੋਰ ਯਾਤਰੀ ਟੇਰੇਮੀ ਗਲਿਕ ਨੇ ਕਿਹਾ, 'ਅਸੀਂ ਆਪਸ ਵਿੱਚ ਵੋਟ ਕਰ ਰਹੇ ਹਾਂ। ਮੇਰੇ ਵਰਗੇ ਤਿੰਨ ਚੁਸਤ ਲੋਕ ਇਸ ਸਮੇਂ ਜਹਾਜ਼ ਵਿੱਚ ਹਨ। ਅਸੀਂ ਵਿਅਕਤੀ 'ਤੇ ਬੰਬ ਵਾਲੇ ਵਿਅਕਤੀ ʼਤੇ ਹਮਲਾ ਕਰਨ ਬਾਰੇ ਸੋਚ ਰਹੇ ਹਾਂ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਹਥਿਆਰ ਵਜੋਂ ਕਿਸ ਚੀਜ਼ ਦੀ ਵਰਤੋਂ ਕਰੇਗਾ। 'ਮੇਰੇ ਕੋਲ ਅਜੇ ਵੀ ਨਾਸ਼ਤੇ ਵਿੱਚ ਆਇਆ ਮੱਖਣ ਵਾਲਾ ਚਾਕੂ ਹੈ।' ਟੌਡ ਬੀਮਰ ਨੇ ਲੀਜ਼ਾ ਜੇਫਰਸਨ ਨੂੰ ਵੀ ਕਿਹਾ, 'ਅਸੀਂ ਕੁਝ ਕਰਨ ਜਾ ਰਹੇ ਹਾਂ।' ਸਾਡੇ ਕੋਲ ਹੋਰ ਕੋਈ ਬਦਲ ਨਹੀਂ ਬਚਿਆ ਹੈ।”

ਜ਼ਿਆਦ ਜਰਾਹ ਦਾ ਪਾਸਪੋਰਟ

ਤਸਵੀਰ ਸਰੋਤ, LYONS PRESS

ਤਸਵੀਰ ਕੈਪਸ਼ਨ, ਜ਼ਿਆਦ ਜਰਾਹ ਦਾ ਪਾਸਪੋਰਟ

ʻਲੈਟਸ ਰੋਲʼ

ਸਵੇਰੇ 9:53 ਵਜੇ ਜ਼ਿਆਦ ਜਰਰਾਹ ਅਤੇ ਸਈਦ ਅਲ ਗ਼ਾਮਦੀ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਜਹਾਜ਼ ਵਿੱਚ ਸਵਾਰ ਯਾਤਰੀ ਵੀ ਬਗ਼ਾਵਤ ਕਰ ਸਕਦੇ ਹਨ।

ਕਾਕਪਿਟ ਦੇ ਬਾਹਰ ਖੜ੍ਹੇ ਅਹਿਮਦ ਅਲ ਹਜ਼ਨਵੀ ਅਤੇ ਅਹਿਮਦ ਅਲ ਨਮੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਵੇਂ ਯਾਤਰੀ ਲਗਾਤਾਰ ਫੋਨ ਕਰ ਰਹੇ ਸਨ, ਮੀਟਿੰਗਾਂ ਕਰ ਰਹੇ ਸਨ ਅਤੇ ਸਾਡੇ ਵੱਲ ਵੇਖ ਰਹੇ ਸਨ।

ਜਰਰਾਹ ਨੂੰ ਪਤਾ ਸੀ ਕਿ ਉਸ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਅੱਧਾ ਘੰਟਾ ਹੋਰ ਲੱਗੇਗਾ।

ਟੌਮ ਮੈਕਮਿਲਨ ਲਿਖਦੇ ਹਨ, "ਵਿਦਰੋਹ ਕਰਨ ਵਾਲੇ ਯਾਤਰੀ ਜਹਾਜ਼ ਦੇ ਵਿਚਕਾਰ ਇਕੱਠੇ ਹੋਏ। ਫਲਾਈਟ ਅਟੈਂਡੈਂਟ ਸੈਂਡੀ ਬ੍ਰੈਡਸ਼ੌ ਜਹਾਜ਼ ਦੇ ਪਿਛਲੇ ਹਿੱਸੇ 'ਚ ਪਾਣੀ ਗਰਮ ਕਰ ਰਹੀ ਸੀ ਤਾਂ ਕਿ ਇਸ ਨੂੰ ਹਾਈਜੈਕਰਾਂ 'ਤੇ ਸੁੱਟਿਆ ਜਾ ਸਕੇ।"

"ਕੁਝ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਹ ਲੋਕ ਖਾਣੇ ਦੀ ਟਰਾਲੀ ਨੂੰ ਕਾਕਪਿਟ ਵਿੱਚ ਕ੍ਰੈਸ਼ ਕਰਨ ਬਾਰੇ ਵੀ ਸੋਚ ਰਹੇ ਸਨ।"

ਜਦੋਂ ਟੌਮ ਬਰਨੇਟ ਦੀ ਪਤਨੀ ਨੇ ਉਨ੍ਹਾਂ ਨੂੰ ਪੁੱਛਿਆ, ਕੀ ਤੁਸੀਂ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ? ਬਰਨੇਟ ਦਾ ਜਵਾਬ ਸੀ, ʻਯੈੱਸ ਲੈਟਸ ਰੋਲ।ʼ

ਟੌਮ ਬਰਨੇਟ

ਤਸਵੀਰ ਸਰੋਤ, LYONS PRESS

ਤਸਵੀਰ ਕੈਪਸ਼ਨ, ਟੌਮ ਬਰਨੇਟ ਜਿਸ ਨੇ ਹਾਈਜੈਕਰਾਂ 'ਤੇ ਹਮਲੇ ਦੀ ਸ਼ੁਰੂਆਤ ਕੀਤੀ

ਮੁਸਾਫਰਾਂ ਨੇ ਕਾਕਪਿਟ 'ਤੇ ਹਮਲਾ ਕੀਤਾ

ਯਾਤਰੀਆਂ ਦਾ ਹਮਲਾ ਠੀਕ 9:57 'ਤੇ ਸ਼ੁਰੂ ਹੋਇਆ। ਹਵਾਬਾਜ਼ੀ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਿਹੱਥੇ ਯਾਤਰੀਆਂ ਨੇ ਉਡਾਣ ਦੌਰਾਨ ਹਾਈਜੈਕਰਾਂ 'ਤੇ ਇਸ ਤਰ੍ਹਾਂ ਹਮਲਾ ਨਹੀਂ ਕੀਤਾ ਸੀ।

ਗੈਰੇਟ ਐੱਮ. ਗ੍ਰਾਫ ਲਿਖਦੇ ਹਨ, 'ਉਸ ਸਮੇਂ ਐਲਿਜ਼ਾਬੈਥ ਵੈਨਿਓ ਆਪਣੀ ਮਤਰੇਈ ਮਾਂ ਨਾਲ ਫੋਨ ਲਾਈਨ 'ਤੇ ਸੀ। ਉਨ੍ਹਾਂ ਨੇ ਕਿਹਾ, 'ਇਹ ਲੋਕ ਕਾਕਪਿਟ ਵਿੱਚ ਦਾਖ਼ਲ ਹੋਣ ਲਈ ਤਿਆਰ ਹੋ ਰਹੇ ਹਨ। ਮੈਨੂੰ ਵੀ ਜਾਣਾ ਚਾਹੀਦਾ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਗੁੱਡ ਬਾਏ।'

ਇਸ ਦੇ ਨਾਲ ਹੀ ਸੈਂਡੀ ਬ੍ਰੈਡਸ਼ੌ ਨੇ ਵੀ ਆਪਣੇ ਪਤੀ ਨੂੰ ਕਿਹਾ, 'ਹਰ ਕੋਈ ਫਰਸਟ ਕਲਾਸ ਵੱਲ ਜਾ ਰਿਹਾ ਹੈ। ਮੈਂ ਵੀ ਉੱਥੇ ਜਾਣਾ ਹੈ। ਬਾਏ।'

ਇਸ ਤਰ੍ਹਾਂ 757 ਜਹਾਜ਼ ਦੇ 20 ਇੰਚ ਤੰਗ ਗਲਿਆਰੇ 'ਚੋਂ ਲੰਘਦੇ ਸਮੇਂ ਉਨ੍ਹਾਂ ਯਾਤਰੀਆਂ ਨੇ ਕਾਕਪਿਟ 'ਤੇ ਹਮਲਾ ਕਰ ਦਿੱਤਾ।

ਜਰਾਹ ਅਤੇ ਉਸ ਦੇ ਸਾਥੀ ਗਮਡੀ, ਜੋ ਕਿ ਜਹਾਜ਼ ਨੂੰ ਉਡਾ ਰਹੇ ਸਨ, ਨੇ ਇਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ। ਦੋਵਾਂ ਨੂੰ ਜਹਾਜ਼ ਉਡਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਨ੍ਹਾਂ ਆਵਾਜ਼ਾਂ ਨੇ ਉਨ੍ਹਾਂ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ। ਵਾਇਸ ਰਿਕਾਰਡਰ ਦੀ ਟ੍ਰਾਂਸਕ੍ਰਿਪਟ ਦੱਸਦੀ ਹੈ, 9:57 'ਤੇ ਜਰਾਹ ਨੇ ਚੀਕ ਕੇ ਪੁੱਛਿਆ, 'ਉੱਥੇ ਕੀ ਹੈ?'

ਫਲਾਈਟ 93 ਦੇ ਮਲਬੇ 'ਚੋਂ ਮਿਲਿਆ ਵਾਇਸ ਰਿਕਾਰਡਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਲਾਈਟ 93 ਦੇ ਮਲਬੇ 'ਚੋਂ ਮਿਲਿਆ ਵਾਇਸ ਰਿਕਾਰਡਰ

ਫਿਰ ਪਿੱਛੇ ਤੋਂ ਲੜਾਈ ਦੀ ਆਵਾਜ਼ ਸੁਣਾਈ ਦਿੱਤੀ

ਉਸ ਨੇ ਜਹਾਜ਼ ਦੇ ਯੋਕ ਨੂੰ ਸੱਜੇ ਤੋਂ ਖੱਬੇ ਘੁੰਮਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਯਾਤਰੀਆਂ ਦਾ ਸੰਤੁਲਨ ਵਿਗੜ ਗਿਆ।

ਫਿਰ ਇੱਕ ਮੁਸਾਫਰ, ਬਰਨੇਟ ਦੀ ਉੱਚੀ ਆਵਾਜ਼ ਸੁਣਾਈ ਦਿੱਤੀ, 'ਕਾਕਪਿਟ ਵਿੱਚ! ਕਾਕਪਿਟ ਵਿੱਚ!' ਇਸ 'ਤੇ ਜਰਰਾਹ ਨੇ ਅਰਬੀ ਵਿੱਚ ਕਿਹਾ, 'ਉਹ ਕਾਕਪਿਟ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ। ਅੰਦਰੋਂ ਦਰਵਾਜ਼ਾ ਦਬਾਈ ਰੱਖੋ।ʼ

ਜਰਰਾਹ ਨੇ ਜਹਾਜ਼ ਦੇ ਵਿੰਗਜ਼ ਨੂੰ ਹਿਲਾਉਣਾ ਜਾਰੀ ਰੱਖਿਆ। ਉਦੋਂ ਤੱਕ ਜਹਾਜ਼ ਪੰਜ ਹਜ਼ਾਰ ਫੁੱਟ ਹੇਠਾਂ ਆ ਚੁੱਕਾ ਸੀ।

ਰਾਤ 9.59 ਵਜੇ ਜਰਰਾਹ ਨੇ ਆਪਣੀ ਰਣਨੀਤੀ ਬਦਲ ਦਿੱਤੀ। ਉਹ ਜਹਾਜ਼ ਦੀ ਨੋਜ਼ ਨੂੰ ਉੱਪਰ-ਹੇਠਾਂ ਕਰਨ ਲੱਗਾ। ਜਿਵੇਂ ਹੀ ਰਾਤ 10 ਵਜੇ ਦੇ ਕਰੀਬ ਯਾਤਰੀਆਂ ਦਾ ਹਮਲਾ ਤੇਜ਼ ਹੋ ਗਿਆ, ਕਾਕਪਿਟ ਵਿੱਚ ਬੈਠੇ ਹਾਈਜੈਕਰਾਂ ਨੇ ਜਹਾਜ਼ ਨੂੰ ਕਰੈਸ਼ ਕਰਨ ਦੀ ਗੱਲ ਕੀਤੀ।

ਜਰਰਾਹ ਨੇ ਪੁੱਛਿਆ, 'ਕੀ ਹੁਣ ਖ਼ਤਮ ਕਰੀਏ?' ਗਮਡੀ ਦਾ ਜਵਾਬ ਸੀ, 'ਨਹੀਂ, ਅਜੇ ਨਹੀਂ। ਜਦੋਂ ਉਹ ਸਾਰੇ ਅੰਦਰ ਆਉਣਗੇ ਤਾਂ ਅਸੀਂ ਖ਼ਤਮ ਕਰਾਂਗੇ।'

ਫਲਾਈਟ 93 ਇੱਕ ਵਾਰ ਫਿਰ ਹੇਠਾਂ ਆਈ ਅਤੇ ਯਾਤਰੀ ਅਜੇ ਕਾਕਪਿਟ ਵਿੱਚ ਦਾਖ਼ਲ ਨਹੀਂ ਹੋਏ ਸਨ ਅਤੇ ਜਹਾਜ਼ ʼਤੇ ਵੀ ਜਰਰਾਹ ਦਾ ਕੰਟਰੋਲ ਸੀ। ਪਰ ਉਦੋਂ ਤੱਕ ਜਰਰਾਹ ਨੂੰ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੋ ਗਿਆ ਸੀ।

ਉਸ ਨੇ ਪਹਿਲੀ ਵਾਰ ਗਮ਼ੀ ਨੂੰ ਨਾਂ ਨਾਲ ਸੰਬੋਧਨ ਕੀਤਾ। 'ਉੱਪਰ, ਹੇਠਾਂ ਸਈਦ, ਉੱਪਰ ਹੇਠਾਂ।' ਪੰਜ ਸਕਿੰਟਾਂ ਬਾਅਦ ਇੱਕ ਯਾਤਰੀ ਚੀਕਿਆ, 'ਰੋਲ ਇਟ'।

ਸ਼ਾਇਦ ਉਸ ਦਾ ਮਤਲਬ ਖਾਣੇ ਦੀ ਟਰਾਲੀ ਸੀ ਕਿਉਂਕਿ ਇਸ ਤੋਂ ਬਾਅਦ ਪਲੇਟਾਂ ਅਤੇ ਸ਼ੀਸ਼ੇ ਡਿੱਗਣ ਅਤੇ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ।

ਫਲਾਈਟ 93 ਦਾ ਮਲਬਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਲਾਈਟ 93 ਦਾ ਮਲਬਾ

ਫਲਾਈਟ 93 ਕਰੈਸ਼

10 ਵੱਜ ਕੇ ਇੱਕ ਮਿੰਟ 'ਤੇ ਜਹਾਜ਼ ਨੇ ਫਿਰ ਉੱਪਰ ਜਾਣਾ ਸ਼ੁਰੂ ਕਰ ਦਿੱਤਾ।

ਟੌਮ ਮੈਕਮਿਲਨ ਲਿਖਦੇ ਹਨ - ਫਿਰ ਜਰਰਾਹ ਨੇ ਕਿਹਾ, 'ਕੀ ਸਮਾਂ ਆ ਗਿਆ ਹੈ? ਕੀ ਅਸੀਂ ਸੁੱਟ ਦਈਏ?’ ਗ਼ਾਮਡੀ ਨੇ ਕਿਹਾ, ‘ਠੀਕ ਹੈ। ਅਜਿਹਾ ਕਰਦੇ ਹਾਂ।ʼ

ਫਿਰ ਅਚਾਨਕ ਲੋਕਾਂ ਦੀਆਂ ਹੋਰ ਚੀਕਾਂ ਸੁਣਾਈ ਦਿੱਤੀਆਂ। ਫਿਰ ਹਾਈਜੈਕਰਾਂ ਨੂੰ ਅਹਿਸਾਸ ਹੋਇਆ ਕਿ ਜੇ ਉਹ ਜਹਾਜ਼ ਨੂੰ ਉਡਾਉਂਦੇ ਰਹੇ, ਤਾਂ ਯਾਤਰੀ ਜਲਦੀ ਹੀ ਉਨ੍ਹਾਂ 'ਤੇ ਕਾਬੂ ਪਾ ਲੈਣਗੇ। ਮਜਬੂਰ ਹੋ ਕੇ ਜਰਰਾਹ ਚੀਕਿਆ, 'ਸਈਦ, ਆਕਸੀਜਨ ਕੱਟ ਦਿਓ।'

ਦੂਜੇ ਪਾਸੇ ਯਾਤਰੀ ਜ਼ੋਰ ਦੀ ਚੀਕ ਰਹੇ ਸਨ,'ਗੋ ਗੋ... ਮੂਵ ਮੂਵ।'

ਫਿਰ ਯਾਤਰੀ ਕਾਕਪਿਟ ਦਾ ਦਰਵਾਜ਼ਾ ਤੋੜਨ ਵਿੱਚ ਕਾਮਯਾਬ ਹੋ ਗਏ। ਡਰਾਹ ਅਰਬੀ ਵਿੱਚ ਚੀਕਿਆ। 'ਹੇਠਾਂ ਸੁੱਟੋ, ਹੇਠਾਂ ਸੁੱਟੋ।ʼ ਕੁਝ ਸਕਿੰਟਾਂ ਬਾਅਦ ਗਮਡੀ ਦੀ ਆਵਾਜ਼ ਸੁਣਾਈ ਦਿੱਤੀ, ʻਮੈਨੂੰ ਦੇ ਦਿਓ, ਮੈਨੂੰ ਦਿਓ।'

ਉਦੋਂ ਤੱਕ ਯਾਤਰੀ ਕਾਕਪਿਟ 'ਤੇ ਪਹੁੰਚ ਚੁੱਕੇ ਸਨ ਅਤੇ ਜਰਰਾਹ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ।

ਸ਼ਾਇਦ ਗਮਡੀ ਜਹਾਜ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ।'

ਜਹਾਜ਼ ਪੈਨਸਿਲਵੇਨੀਆ ਦੇ ਸਮਰਸੈਟ ਕਾਉਂਟੀ ਵਿੱਚ ਹੇਠਾਂ ਆ ਗਿਆ ਸੀ। 563 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਣ ਭਰਦੇ ਹੋਏ, 40 ਡਿਗਰੀ ਦਾ ਕੋਣ ਬਣਾਉਂਦੇ ਹੋਏ ਬੋਇੰਗ 757 ਜਹਾਜ਼ ਦਾ ਨੋਜ਼ ਨੀਵਾਂ ਕੀਤਾ ਅਤੇ ਬਿਜਲੀ ਦੀਆਂ ਤਾਰਾਂ ਤੋੜਦਾ ਹੋਇਆ ਧਰਤੀ ਨਾਲ ਜਾ ਟਕਰਾਇਆ।

ਉਸ ਸਮੇਂ ਇਸ ਦੇ ਅੰਦਰ ਕਰੀਬ ਪੰਜ ਹਜ਼ਾਰ ਗੈਲਨ ਜੈੱਟ ਫਿਊਲ ਭਰਿਆ ਹੋਇਆ ਸੀ। ਜਿਵੇਂ ਹੀ ਇਹ ਜ਼ਮੀਨ ਨਾਲ ਟਕਰਾਇਆ, ਜਹਾਜ਼ ਦੇ ਟੁਕੜੇ ਹੋ ਗਏ ਅਤੇ ਉਸ ਨੂੰ ਅੱਗ ਦੇ ਲਪਟਾਂ ਨੇ ਘੇਰ ਲਿਆ।

ਇਸ ਵੇਲੇ ਘੜੀ ਵਿੱਚ 10 ਵਜ ਕੇ 3 ਮਿੰਟ ਹੋਏ ਸਨ।

ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਹੁਣ ਵੀ ਉੱਥੋਂ 15 ਮਿੰਟ ਦੀ ਦੂਰੀ ʼਤੇ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)