ਅਹਿਮਦਾਬਾਦ ਜਹਾਜ਼ ਹਾਦਸਾ: ਜਹਾਜ਼ ਦਾ ਬਲੈਕ ਬਾਕਸ ਬਰਾਮਦ, ਪਹਿਲਾਂ ਤੋਂ ਮੁਸੀਬਤ ਵਿੱਚ ਫਸੀ ਬੋਇੰਗ ਲਈ ਮੁਸ਼ਕਲਾਂ ਕਿੰਨੀਆਂ ਵਧਣਗੀਆਂ

ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਗੁਜਰਾਤ ਦੇ ਸ਼ਹਿਰ ਅਹਿਮਦਾਬਾਦ 'ਚ ਲੰਘੇ ਵੀਰਵਾਰ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਲੰਦਨ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਗਿਆ ਸੀ।

ਏਅਰ ਇੰਡੀਆ ਨੇ ਜਹਾਜ਼ 'ਚ ਸਵਾਰ ਕੁੱਲ 242 ਲੋਕਾਂ ਵਿੱਚੋਂ 241 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਮੌਜੂਦ ਸਨ।

ਇਸ ਘਟਨਾ ਵਿੱਚ ਭਾਰਤੀ ਮੂਲ ਦੇ ਇੱਕ ਬ੍ਰਿਟਿਸ਼ ਯਾਤਰੀ ਬਚਣ ਵਿੱਚ ਕਾਮਯਾਬ ਰਹੇ।

ਘਟਨਾ ਤੋਂ ਬਾਅਦ ਅਹਿਮਦਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਲਗਭਗ ਸਾਰੇ ਯਾਤਰੀਆਂ ਦੀਆਂ ਲਾਸ਼ਾਂ ਨੂੰ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ।"

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Reuters

ਬਲੈਕ ਬਾਕਸ ਹੋਇਆ ਬਰਾਮਦ

ਗੁਜਰਾਤ ਦੇ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਜਹਾਜ਼ ਦਾ ਬਲੈਕ ਬੌਕਸ ਬਰਾਮਦ ਕਰ ਲਿਆ ਗਿਆ ਹੈ। ਸਿਵਲ ਏਵੀਏਸ਼ ਮੰਤਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਨੇ ਇਸਦੀ ਜਾਣਕਾਰੀ ਦਿੱਤੀ ਹੈ।

ਰਾਮ ਮੋਹਨ ਨਾਇਡੂ ਕਿੰਜਰਾਪੂ ਨੇ ਐਕਸ 'ਤੇ ਪੋਸਟ ਕੀਤਾ, ''ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਅਹਿਮਦਾਬਾਦ ਵਿੱਚ ਹਾਦਸੇ ਵਾਲੀ ਥਾਂ ਤੋਂ ਫਲਾਈਟ ਡਾਟਾ ਰਿਕਾਰਡਰ (ਬਲੈਕ ਬਾਕਸ) 28 ਘੰਟੇ ਵਿੱਚ ਬਰਾਮਦ ਕਰ ਲਿਆ ਹੈ। ਇਹ ਜਾਂਚ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਘਟਨਾ ਦੀ ਜਾਂਚ ਵਿੱਚ ਕਾਫ਼ੀ ਮਦਦ ਮਿਲੇਗੀ।''

ਪਹਿਲਾਂ ਤੋਂ ਮੁਸੀਬਤ ਵਿੱਚ ਫਸੀ ਬੋਇੰਗ ਲਈ ਮੁਸ਼ਕਲਾਂ ਕਿੰਨੀਆਂ ਵਧਣੀਆਂ

ਇਹ ਬੋਇੰਗ 787 ਡ੍ਰੀਮਲਾਇਨਰ ਦਾ ਪਹਿਲਾ ਹਾਦਸਾ ਹੈ। ਪਿਛਲੇ ਮਹੀਨੇ ਹੀ 787 ਡ੍ਰੀਮਲਾਇਨਰ ਨੇ ਸੌ ਕਰੋੜ ਤੋਂ ਵੱਧ ਯਾਤਰੀਆਂ ਨੂੰ ਸਫਰ ਕਰਵਾਉਣ ਦਾ ਰਿਕਾਰਡ ਬਣਾਇਆ ਸੀ।

ਏਅਰ ਇੰਡੀਆ ਦਾ ਹਾਦਸੇ ਵਿੱਚ ਸ਼ਿਕਾਰ ਹੋਇਆ ਬੋਇੰਗ 787 ਡ੍ਰੀਮਲਾਇਨਰ 12 ਸਾਲ ਪਹਿਲਾਂ ਸੇਵਾ ਵਿੱਚ ਆਇਆ ਸੀ।

ਏਅਰ ਇੰਡੀਆ ਕੋਲ ਅਜਿਹੇ 27 ਜਹਾਜ਼ ਹਨ, ਜਿਨ੍ਹਾਂ ਵਿੱਚੋਂ ਇੱਕ ਹੁਣ ਕ੍ਰੈਸ਼ ਹੋ ਚੁੱਕਿਆ ਹੈ।

ਅਹਿਮਦਾਬਾਦ ਵਿੱਚ ਹੋਏ ਇਸ ਹਾਦਸੇ ਨੇ ਨਾ ਸਿਰਫ਼ ਬੋਇੰਗ 787 ਡ੍ਰੀਮਲਾਇਨਰ ਜਹਾਜ਼ ਦੇ ਸੁਰੱਖਿਆ ਰਿਕਾਰਡ ਨੂੰ ਖਰਾਬ ਕੀਤਾ, ਸਗੋਂ ਇਹ ਬੋਇੰਗ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜੋ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੋਇੰਗ ਦਾ ਕੋਈ ਜਹਾਜ਼ ਹਾਦਸਿਆਂ ਲਈ ਖ਼ਬਰਾਂ ਵਿੱਚ ਆਇਆ ਹੋਵੇ। 2018 ਅਤੇ 2019 ਵਿੱਚ ਇੰਡੋਨੇਸ਼ੀਆ ਅਤੇ ਇਥੋਪੀਆ ਵਿੱਚ ਬੋਇੰਗ ਦੇ ਜਹਾਜ਼ ਹਾਦਸਾਗ੍ਰਸਤ ਹੋਏ ਸਨ ਅਤੇ ਇਨ੍ਹਾਂ ਹਾਦਸਿਆਂ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਬੋਇੰਗ 737 ਮੈਕਸ ਹਾਦਸਿਆਂ ਦਾ ਸ਼ਿਕਾਰ ਹੋਇਆ ਸੀ। ਇਹ ਡ੍ਰੀਮਲਾਈਨਰ ਤੋਂ ਵੱਖਰਾ ਜਹਾਜ਼ ਹੈ।

ਦੁਨੀਆਂ ਵਿੱਚ ਜ਼ਿਆਦਾਤਰ ਯਾਤਰੀ ਜਹਾਜ਼ ਇਸ ਸਮੇਂ ਦੋ ਹੀ ਕੰਪਨੀਆਂ ਬਣਾਉਂਦੀਆਂ ਹਨ, ਬੋਇੰਗ ਅਤੇ ਏਅਰਬਸ।

ਬੋਇੰਗ ਕਈ ਸਾਲਾਂ ਤੋਂ ਵਿਵਾਦਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਕੰਪਨੀ ਨੂੰ ਹਰ ਮਹੀਨੇ ਇੱਕ ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। ਹੁਣ ਇਸ ਹਾਦਸੇ ਨੇ ਸਪੱਸ਼ਟ ਤੌਰ 'ਤੇ ਬੋਇੰਗ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Narendra Modi/YT

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਦਸੇ ਵਾਲੀ ਥਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿੱਚ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਵੀਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ।

ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਹਾਦਸੇ ਵਾਲੀ ਥਾਂ 'ਤੇ ਕਰੀਬ 20 ਮਿੰਟ ਬਿਤਾਏ ਅਤੇ ਫਿਰ ਉਹ ਸਿਵਲ ਹਸਪਤਾਲ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ।

ਹਸਪਤਾਲ 'ਚ ਜ਼ਖਮੀਆਂ ਨਾਲ ਗੱਲਬਾਤ ਕਰਦੇ ਪੀਐਮ ਮੋਦੀ

ਤਸਵੀਰ ਸਰੋਤ, Narendra Modi/YT

ਤਸਵੀਰ ਕੈਪਸ਼ਨ, ਹਸਪਤਾਲ 'ਚ ਜ਼ਖਮੀਆਂ ਨਾਲ ਗੱਲਬਾਤ ਕਰਦੇ ਪੀਐਮ ਮੋਦੀ

ਤਸਵੀਰਾਂ ਵਿੱਚ ਨਜ਼ਰ ਆਇਆ ਦੁੱਖ ਅਤੇ ਤਬਾਹੀ ਦਾ ਮੰਜ਼ਰ

ਹਾਦਸੇ ਵਾਲੀ ਥਾਂ 'ਤੇ ਅਜੇ ਵੀ ਬਹੁਤ ਸਾਰਾ ਮਲਬਾ ਹੈ। ਜਹਾਜ਼ ਦਾ ਸੜਿਆ ਹੋਇਆ ਖੰਭ ਅਜੇ ਵੀ ਉੱਥੇ ਹੀ ਪਿਆ ਹੈ।

ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਦੀ ਜਾਣਕਾਰੀ ਮੁਤਾਬਕ, ਪ੍ਰਸ਼ਾਸਨ ਵੱਲੋਂ ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਵੀ ਹਾਦਸੇ ਵਾਲੀ ਥਾਂ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ।

ਜਾਂਚਕਰਤਾ ਘਟਨਾ ਵਾਲੀ ਥਾਂ 'ਤੇ ਪਹੁੰਚ ਰਹੇ ਹਨ।

ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣਿਆਂ ਨੂੰ ਗੁਆ ਦਿੱਤਾ ਹੈ, ਉਹ ਬੁਰੀ ਤਰ੍ਹਾਂ ਸਦਮੇ ਵਿੱਚ ਹਨ।

ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪਰਿਵਾਰਕ ਮੈਂਬਰ ਦੀ ਮੌਤ ਕਾਰਨ ਪੋਸਟਮਾਰਟਮ ਰੂਮ ਦੇ ਬਾਹਰ ਸਦਮੇ 'ਚ ਇੱਕ ਵਿਅਕਤੀ
ਅਹਿਮਦਾਬਾਦ ਜਹਾਜ਼ ਹਾਦਸਾ
ਤਸਵੀਰ ਕੈਪਸ਼ਨ, ਜਹਾਜ਼ ਦਾ ਸੜਿਆ ਹੋਇਆ ਖੰਭ
ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਜ਼ ਦਾ ਬਹੁਤ ਸਾਰਾ ਮਲਬਾ ਅਜੇ ਵੀ ਇਸੇ ਤਰ੍ਹਾਂ ਪਿਆ ਹੈ
ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇੱਕ ਆਦਮੀ ਹਾਦਸੇ ਵਿੱਚ ਮਾਰੇ ਗਏ ਆਪਣੇ ਰਿਸ਼ਤੇਦਾਰ ਦੀ ਤਸਵੀਰ ਦਿਖਾਉਂਦਾ ਹੋਇਆ
ਅਹਿਮਦਾਬਾਦ ਜਹਾਜ਼ ਹਾਦਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਡਾਕਟਰ ਪਰਿਵਾਰਕ ਮੈਂਬਰਾਂ ਦੇ ਡੀਐਨਏ ਨੂੰ ਪੀੜਤਾਂ ਦੇ ਡੀਐਨਏ ਨਾਲ ਮੈਚ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਰਹੇ ਹਨ

'ਮੈਂ ਸ਼ਾਇਦ ਕਦੇ ਜਹਾਜ਼ 'ਚ ਨਹੀਂ ਬੈਠ ਸਕਾਂਗਾ'

ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ਾ ਦਾ ਪਹੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਕਿਸੇ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ

ਅਹਿਮਦਾਬਾਦ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਲੋਕਾਂ ਦੇ ਮਨਾਂ ਵਿੱਚ ਵੀ ਡਰ ਹੈ ਜੋ ਅਕਸਰ ਹਵਾਈ ਯਾਤਰਾ ਕਰਦੇ ਹਨ। ਅਮਾਨ ਮਨਸੂਰੀ ਵੀ ਅਜਿਹੇ ਲੋਕਾਂ ਵਿੱਚੋਂ ਇੱਕ ਹਨ।

ਹਾਦਸੇ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਅਪ੍ਰੈਲ ਵਿੱਚ ਅਮਾਨ ਮਨਸੂਰੀ ਨੇ ਉਹੀ AI71 'ਚ ਯਾਤਰਾ ਕੀਤੀ ਸੀ ਜੋ ਹਾਦਸਾਗ੍ਰਸਤ ਹੋ ਗਈ ਹੈ।

ਬੀਬੀਸੀ ਪੱਤਰਕਾਰ ਜ਼ੋਇਆ ਮਤੀਨ ਨਾਲ ਗੱਲ ਕਰਦਿਆਂ ਅਮਾਨ ਮਨਸੂਰੀ ਨੇ ਦੱਸਿਆ "ਮੈਂ ਆਪਣੇ ਪਰਿਵਾਰ ਨਾਲ ਈਦ ਮਨਾਉਣ ਲਈ ਅਹਿਮਦਾਬਾਦ ਆਇਆ ਸੀ। ਮੈਂ ਪਹਿਲਾਂ ਵੀ ਤਿੰਨ ਵਾਰ ਉਹੀ ਉਡਾਣ, ਉਹੀ ਰਸਤਾ ਅਪਣਾਇਆ ਹੈ, ਇਹ ਮੇਰੇ ਲਈ ਇੱਕ ਰੁਟੀਨ ਵਾਂਗ ਸੀ ਅਤੇ ਮੈਂ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ।"

ਉਹ ਕਹਿੰਦੇ ਹਨ ਕਿ ਜਦੋਂ ਤੋਂ ਉਨ੍ਹਾਂ ਨੇ ਹਾਦਸੇ ਬਾਰੇ ਸੁਣਿਆ ਹੈ, ਉਹ "ਸਦਮੇ 'ਚ ਹਨ ਅਤੇ ਡਰੇ ਹੋਏ ਹਨ।''

ਉਨ੍ਹਾਂ ਕਿਹਾ, "ਇੱਥੇ ਬੈਠਾ, ਮੈਂ ਅਜੇ ਵੀ ਇਹੀ ਸੋਚ ਰਿਹਾ ਹਾਂ ਕਿ ਇਹ ਕੀ ਹੋਇਆ। ਪਤਾ ਨਹੀਂ ਮੈਂ ਦੁਬਾਰਾ ਕਦੇ ਜਹਾਜ਼ 'ਚ ਬੈਠ ਵੀ ਸਕਾਂਗਾ ਕਿ ਨਹੀਂ।"

'ਉਨ੍ਹਾਂ ਨੇ ਜਹਾਜ਼ 'ਚ ਬੈਠ ਕੇ ਵੀਡੀਓ ਕਾਲ ਕੀਤੀ ਸੀ ਪਰ ਮੈਂ ਚੁੱਕ ਨਾ ਸਕੀ'

ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਪਿੰਡ ਦੀ ਇੱਕ ਮਹਿਲਾ ਦੀ ਵੀ ਇਸ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਦਰਅਸਲ ਮ੍ਰਿਤਕਾ ਇਸ ਪਿੰਡ ਦੇ ਧੀ ਸਨ ਅਤੇ ਗੁਜਰਾਤ ਵਿੱਚ ਰਹਿੰਦੇ ਸਨ।

ਜਦੋਂ ਤੋਂ ਹਾਦਸੇ ਦੀ ਖ਼ਬਰ ਮਿਲੀ ਹੈ, ਉਨ੍ਹਾਂ ਦੇ ਇਸ ਪਿੰਡ ਵਿੱਚ ਚੁੱਪ ਪਸਰੀ ਹੋਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ।

ਬੀਬੀਸੀ ਸਹਿਯੋਗੀ ਕਮਲ ਸੈਣੀ ਨਾਲ ਗੱਲਬਾਤ ਦੌਰਾਨ ਮ੍ਰਿਤਕਾ ਦੀ ਭੈਣ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀ ਵੱਡੀ ਭੈਣ ਨੇ ਜਹਾਜ਼ ਵਿੱਚ ਚੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ ਸੀ ਪਰ ਉਹ ਕਾਲ ਨਹੀਂ ਚੁੱਕ ਸਕੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੈ।

ਜਾਣਕਾਰੀ ਮੁਤਾਬਕ, ਹਾਦਸੇ 'ਚ ਮਾਰੇ ਗਏ ਮਹਿਲਾ ਦੇ ਮਾਪੇ ਬਿਮਾਰ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਇਸ ਦੁਖਦ ਹਾਦਸੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਮ੍ਰਿਤਕਾ ਦੇ ਜੀਜਾ ਨੇ ਦੱਸਿਆ ਕਿ ''ਮੇਰੇ ਸੱਸ-ਸੁਹਰਾ ਤਾਂ ਪਹਿਲਾਂ ਹੀ ਬਿਮਾਰੀ ਕਾਰਨ ਪਰੇਸ਼ਾਨ ਹਨ, ਜੇ ਉਨ੍ਹਾਂ ਨੂੰ ਦੱਸ ਦਿੱਤਾ ਤਾਂ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ।''

'ਅਸੀਂ ਕੀ ਕਰੀਏ?' - ਪੁੱਤਰ ਦੀ ਲਾਸ਼ ਦੀ ਉਡੀਕ ਕਰਦੇ ਮਾਪਿਆਂ ਦਾ ਦਰਦ

ਸਮੀਰ ਸ਼ੇਖ
ਤਸਵੀਰ ਕੈਪਸ਼ਨ, ਸਮੀਰ ਸ਼ੇਖ ਦੇ ਪੁੱਤਰ ਇਰਫਾਨ, ਏਅਰ ਇੰਡੀਆ ਨਾਲ ਇੱਕ ਕਰੂ ਮੈਂਬਰ ਸਨ

ਸਮੀਰ ਸ਼ੇਖ ਦੇ ਪੁੱਤਰ ਇਰਫਾਨ, ਏਅਰ ਇੰਡੀਆ ਨਾਲ ਇੱਕ ਕਰੂ ਮੈਂਬਰ ਸਨ। ਉਹ ਵੀ ਇਸ ਹਾਦਸੇ 'ਚ ਆਪਣੀ ਜਾਨ ਗੁਆ ਚੁੱਕੇ ਹਨ।

ਉਨ੍ਹਾਂ ਦੇ ਪਿਤਾ ਸਮੀਰ ਸ਼ੇਖ ਕਹਿੰਦੇ ਹਨ, ''ਉਹ ਅਕਸਰ ਫ਼ੋਨ ਨਹੀਂ ਕਰਦਾ ਸੀ, ਪਰ ਉਹ ਹਮੇਸ਼ਾ ਉਡਾਣ ਭਰਨ ਤੋਂ ਪਹਿਲਾਂ ਅਤੇ ਉਤਰਨ ਤੋਂ ਬਾਅਦ ਮੈਨੂੰ ਦੱਸਦਾ ਸੀ।''

ਪਰ ਹਾਦਸੇ ਵਾਲੇ ਦਿਨ ਜਦੋਂ ਸ਼ੇਖ ਨੂੰ ਦੁਪਹਿਰੇ ਏਅਰਲਾਈਨ ਤੋਂ ਫ਼ੋਨ ਆਇਆ, ਤਾਂ ਉਹ ਪਰੇਸ਼ਾਨ ਹੋ ਗਏ ਕਿਉਂਕਿ ਉਨ੍ਹਾਂ ਦਾ ਪੁੱਤਰ ਵੀ ਲੰਡਨ ਜਾ ਰਿਹਾ ਸੀ।

ਉਨ੍ਹਾਂ ਕਿਹਾ, "ਸਾਨੂੰ ਪਤਾ ਲੱਗਾ ਕਿ ਇੱਕ ਕ੍ਰੈਸ਼ 'ਚ ਉਸ ਦੀ ਵਿੱਚ ਹੋ ਗਈ ਹੈ।"

ਪੁਣੇ ਦੇ ਰਹਿਣ ਵਾਲੇ ਸਮੀਰ ਸ਼ੇਖ ਕਹਿੰਦੇ ਹਨ ਕਿ ''ਮੈਂ ਤੁਰੰਤ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲੈਣ ਲਈ ਆਪਣੇ ਪਰਿਵਾਰ ਨਾਲ ਅਹਿਮਦਾਬਾਦ ਆ ਗਿਆ।''

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਇੱਕ ਏਅਰ ਇੰਡੀਆ ਅਧਿਕਾਰੀ ਨੇ ਲਾਸ਼ ਲੈਣ ਲਈ ਲੋੜੀਂਦੀ ਪਛਾਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਉਨ੍ਹਾਂ ਨੇ ਕਿਹਾ, "ਪਰ ਪੁਲਿਸ ਨੇ ਸਾਨੂੰ ਮੇਰੇ ਪੁੱਤਰ ਨੂੰ ਵਾਪਸ ਨਹੀਂ ਲਿਜਾਣ ਦਿੱਤਾ। ਉਨ੍ਹਾਂ ਨੇ ਸਾਨੂੰ ਸਾਰੇ ਪੀੜਤਾਂ ਦੀ ਡੀਐਨਏ ਸੈਂਪਲਿੰਗ ਪੂਰੀ ਹੋਣ ਤੋਂ ਬਾਅਦ ਤਿੰਨ ਦਿਨਾਂ ਵਿੱਚ ਵਾਪਸ ਆਉਣ ਲਈ ਕਿਹਾ।''

ਦੁੱਖ ਦੀ ਇਸ ਘੜੀ 'ਚ ਸ਼ੇਖ ਅਤੇ ਉਨ੍ਹਾਂ ਦੇ ਪਤਨੀ ਹਸਪਤਾਲ ਦੇ ਅਹਾਤੇ ਵਿੱਚ ਮਦਦ ਅਤੇ ਜਵਾਬ ਦੀ ਉਡੀਕ 'ਚ ਹਨ।

ਆਪਣੀ ਨਿਰਾਸ਼ ਪਤਨੀ ਵੱਲ ਇਸ਼ਾਰਾ ਕਰਦੇ ਹੋਏ, ਜੋ ਗਲੀ ਦੇ ਇੱਕ ਕੋਨੇ ਵਿੱਚ ਬੈਠੀ ਹੈ ਅਤੇ ਰੋ ਰਹੀ ਹੈ, ਉਹ ਸਵਾਲ ਕਰਦੇ ਹਨ, "ਅਸੀਂ ਕੀ ਕਰੀਏ? "ਅਸੀਂ ਤਿੰਨ ਦਿਨ ਕਿਵੇਂ ਇੰਤਜ਼ਾਰ ਕਰ ਸਕਦੇ ਹਾਂ ਜਦੋਂ ਸਾਨੂੰ ਪਤਾ ਹੈ ਕਿ ਇਹ ਸਾਡਾ ਪੁੱਤਰ ਹੈ?"

ਬੀਬੀਸੀ ਨੇ ਹਾਦਸੇ ਦੇ ਕਾਰਨਾਂ ਨੂੰ ਜਾਣਨ ਲਈ ਕੁਝ ਏਵੀਏਸ਼ਨ ਮਾਹਰਾਂ ਨਾਲ ਗੱਲਬਾਤ ਕੀਤੀ।

ਵੀਡੀਓ ਕੈਪਸ਼ਨ, ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, ਬਚਾਅ ਕਾਰਜ ਜਾਰੀ

ਕੀ ਕਹਿੰਦੇ ਹਨ ਮਾਹਰ

ਫੇਡਰੇਸ਼ਨ ਆਫ ਇੰਡੀਆ ਪਾਇਲਟਸ ਦੇ ਪ੍ਰਧਾਨ ਕੈਪਟਨ ਮੀਨੂ ਵਾਡੀਆ ਆਖਦੇ ਹਨ ਕਿ ਸੁਰੱਖਿਆ ਦੇ ਲਿਹਾਜ਼ ਨਾਲ ਅੱਜ ਕੱਲ੍ਹ ਦੇ ਏਅਰਕ੍ਰਾਫਟ ਬਹੁਤ ਸੁਰੱਖਿਅਤ ਹਨ।

ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ, "ਅੱਜ ਤੋਂ ਕਰੀਬ 35-40 ਸਾਲ ਪਹਿਲਾਂ ਮਨੁੱਖੀ ਗ਼ਲਤੀਆਂ ਕਾਰਨ ਹਾਦਸੇ ਹੋ ਸਕਦੇ ਸਨ ਜਾਂ ਇੰਝਣ ਜਾਂ ਤਕਨੀਕੀ ਖ਼ਰਾਬੀ ਕਾਰਨ ਹੋ ਸਕਦੇ ਸਨ। ਏਅਰਕ੍ਰਾਫਟ ਦੇ ਟੇਕਆਫ ਕਰਦਿਆਂ ਹੀ ਪਾਇਲਟ ਗੇਅਰ ਉੱਤੇ ਕਰ ਲੈਂਦੇ ਹਨ।"

"50-100 ਫੁੱਟ ʼਤੇ ਉੱਪਰ ਕਰ ਲੈਂਦੇ ਹਨ। ਇਸ ਜਹਾਜ਼ ਨੇ ਆਪਣੇ ਪਹੀਏ ਉੱਤੇ ਕੀਤੇ ਹੋਣੇ ਅਤੇ ਇਹ ਜਹਾਜ਼ ਪਹੁੰਚਿਆ 625 ਫੁੱਟ ਉੱਤੇ। ਇਸ ਦੌਰਾਨ ਅਸੀਂ ਜੋ ਵੀਜ਼ੂਅਲ ਦੇਖੇ ਪਹਿਲਾਂ ਤਾਂ ਪਾਇਲਟ ਨੇ ʻਮੇਅਡੇਅʼ ਕਾਲ ਕੀਤਾ, ਇਸ ਦਾ ਮਤਲਬ ਹੈ ਕਿ ਉਸ ਨੂੰ ਪਤਾ ਸੀ ਕਿ ਕੋਈ ਵੱਡੀ ਐਮਰਜੈਂਸੀ ਹੈ।"

ਹਵਾਈ ਹਾਦਸਾ

ਉਹ ਅੱਗੇ ਦੱਸਦੇ ਹਨ, "ਫਿਰ ਉਸ ਨੇ ਪਹੀਏ ਹੇਠਾਂ ਕੀਤੇ ਤਾਂ ਇਸ ਤੋਂ ਸਾਫ਼ ਹੈ ਕਿ ਉਸ ਨੂੰ ਲੱਗਾ ਹੋਣਾ ਹੈ ਕਿ ਕੋਈ ਵੱਡੀ ਐਮਰਜੈਂਸੀ ਹੋਣੀ ਤਾਂ ਇਸ ਲਈ ਜਹਾਜ਼ ਸਿੱਧਾ ਲੈਂਡ ਕਰਨਾ ਪਵੇਗਾ ਕਿਉਂਕਿ ਉਹ ਘੁੰਮ ਕੇ ਵਾਪਸ ਨਹੀਂ ਆ ਸਕਦੇ ਹੋਣੇ।"

"ਮੈਂ ਇਸ ਨੂੰ ਕ੍ਰੈਸ਼ ਵੀ ਨਹੀਂ ਕਹਾਂਗਾ ਬਲਕਿ ਕਹਾਂਗਾ ਕਿ ਇਹ ਪਾਇਲਟਸ ਦਾ ਕੰਟ੍ਰੋਲ ਕ੍ਰੈਸ਼ ਲੈਂਡਿਗ ਹੈ ਕਿਉਂਕਿ ਕਾਫੀ ਵਧੀਆ ਤਰੀਕੇ ਨਾਲ ਉਨ੍ਹਾਂ ਕੋਸ਼ਿਸ਼ ਕੀਤੀ ਜੇਕਰ ਕਿਤੇ ਅੱਗੇ ਰਨਵੇਅ ਹੁੰਦਾ ਤਾਂ ਲੈਂਡਾ ਹੋਣਾ ਸੀ ਪਰ ਅੱਗੇ ਇਮਾਰਤਾਂ ਸੀ ਇਸ ਲਈ ਕ੍ਰੈਸ਼ ਹੋ ਗਿਆ।"

ਵਾਡੀਆ ਆਖਦੇ ਹਨ ਪਾਇਲਟਾਂ ਨੂੰ ਸੇਫ ਲੈਂਡਿੰਗ ਦੀ ਕਾਫੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਮੌਕੇ ਦੇ ਹਿਸਾਬ ਕਿਵੇਂ ਹਾਲਾਤ ਸਾਂਭ ਸਕਦੇ ਹਨ।

ਉਹ ਕਹਿੰਦੇ ਹਨ ਕਿ ਅਜੇ ਇੱਸ ਸਿੱਟੇ ਪਹੁੰਚਣਾ ਕਿ ਅਸਲ ਕਾਰਨ ਕੀ ਹਨ ਇਹ ਬਹੁਤ ਜਲਦੀ ਹੋ ਜਾਵੇਗਾ। ਬਾਕੀ ਸਭ ਜਾਂਚ ਤੋਂ ਬਾਅਦ ਪਤਾ ਲੱਗੇਗਾ।

ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਜ਼ ਡਾਕਟਰਾਂ ਦੇ ਹੋਸਟਲ ਉੱਤੇ ਜਾ ਡਿੱਗਿਆ ਸੀ
ਬੀਬੀਸੀ

ਅਹਿਮਦਾਬਾਦ ਹਵਾਈ ਹਾਦਸਾ-

  • ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਵੀਰਵਾਰ ਨੂੰ ਦੁਪਹਿਰੇ 1.38 ਵਜੇ ʼਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
  • ਏਅਰ ਇੰਡੀਆ ਨੇ ਜਹਾਜ਼ 'ਚ ਸਵਾਰ ਕੁੱਲ 242 ਲੋਕਾਂ ਵਿੱਚੋਂ 241 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
  • ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਮੌਜੂਦ ਸਨ।
  • ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਹਾਇਸ਼ੀ ਇਲਾਕੇ ਦੀ ਇੱਕ ਇਮਾਰਤ ʼਤੇ ਜਾ ਡਿੱਗਿਆ।
  • ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਵੀ ਦੇਹਾਂਤ ਹੋ ਗਿਆ ਹੈ।
  • ਮੌਤਾਂ ਦੇ ਇਨ੍ਹਾਂ ਅੰਕੜਿਆਂ ਵਿੱਚ ਇਮਾਰਤ ਵਿੱਚ ਮੌਜੂਦ ਕੁਝ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ।
  • ਟਾਟਾ ਗਰੁੱਪ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਇੱਕ ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਬੀਬੀਸੀ

ਹਵਾਬਾਜ਼ੀ ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਏਅਰ ਇੰਡੀਆ ਦੇ ਜਹਾਜ਼ AI 171 ਦੇ ਹਾਦਸਾਗ੍ਰਸਤ ਹੋਣ ਪਿੱਛੇ ਦਾ ਇੱਕ ਕਾਰਨ ਉਡਾਣ ਭਰਦੇ ਸਮੇਂ ਜਹਾਜ਼ ਦੇ ਖੰਭਾਂ ਦੇ ਫਲੈਪ ਹੋਣ ਦੀ ਸਥਿਤੀ ਹੋ ਸਕਦੀ ਹੈ।

ਬੀਬੀਸੀ ਵੱਲੋਂ ਹਾਦਸੇ ਸੰਬੰਧੀ ਤਸਦੀਕ ਕੀਤੀ ਗਈ ਇੱਕ ਵੀਡੀਓ ਵਿੱਚ, ਜਹਾਜ਼ ਦੇ ਹੇਠਾਂ ਉਤਰਦੇ ਹੋਏ ਅਤੇ ਜ਼ਮੀਨ ਨਾਲ ਟਕਰਾਉਂਦੇ ਸਮੇਂ ਹੀ ਇੱਕ ਵੱਡਾ ਧਮਾਕਾ ਹੁੰਦਾ ਦਿਖਾਈ ਦਿੰਦਾ ਹੈ।

ਹਵਾਬਾਜ਼ੀ ਵਿਸ਼ਲੇਸ਼ਕ ਜੈਫਰੀ ਥਾਮਸ ਕਹਿੰਦੇ ਹਨ, "ਜਦੋਂ ਮੈਂ ਇਸ ਵੀਡੀਓ ਨੂੰ ਦੇਖ ਰਿਹਾ ਸੀ, ਤਾਂ ਜਹਾਜ਼ ਦਾ ਅੰਡਰਕੈਰੇਜ ਅਜੇ ਵੀ ਹੇਠਾਂ ਸੀ, ਪਰ ਜਹਾਜ਼ ਦੇ ਖੰਭਾਂ ਨਾਲ ਲੱਗੇ ਫਲੈਪ ਪਿੱਛੇ ਖਿੱਚ ਲਏ ਗਏ ਸਨ।"

ਇਸਦਾ ਮਤਲਬ ਹੈ ਕਿ ਜਹਾਜ਼ ਦੇ ਖੰਭ ਅਤੇ ਫਲੈਪ ਅਜੇ ਇੱਕ ਲਾਈਨ ਵਿੱਚ ਹੀ ਸਨ, ਜਿਸ ਦੇ ਬਾਰੇ ਉਹ ਕਹਿੰਦੇ ਹਨ ਕਿ ਉਡਾਣ ਭਰਨ ਤੋਂ ਤੁਰੰਤ ਬਾਅਦ ਅਜਿਹਾ ਹੋਣਾ ਬਹੁਤ ਅਸਾਧਾਰਨ ਹੈ।

ਜੈਫਰੀ ਥਾਮਸ ਮੰਨਦੇ ਹਨ, "ਅੰਡਰਕੈਰੇਜ ਨੂੰ ਆਮ ਤੌਰ 'ਤੇ 10-15 ਸਕਿੰਟਾਂ ਦੇ ਅੰਦਰ ਵਾਪਸ ਖਿੱਚ ਲਿਆ ਜਾਂਦਾ ਹੈ, ਅਤੇ ਫਿਰ 10-15 ਮਿੰਟਾਂ ਦੇ ਫਰਕ ਨਾਲ ਫਲੈਪਾਂ ਨੂੰ ਵਾਪਸ ਖਿੱਚਿਆ ਜਾਂਦਾ ਹੈ।"

ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਦਸੇ ਦਾ ਕਾਰਨਾਂ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ

ਯੂਰਪੀਅਨ ਏਅਰ ਕੰਪਨੀ ਗਲੋਬਏਅਰ ਮੁਤਾਬਕ ਅੰਡਰਕੈਰੇਜ ਨੂੰ ਆਮ ਤੌਰ 'ਤੇ ਲੈਂਡਿੰਗ ਗੀਅਰ ਕਿਹਾ ਜਾਂਦਾ ਹੈ। ਇਹ ਜਹਾਜ਼ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ ਜੋ ਜਹਾਜ਼ ਨੂੰ ਜ਼ਮੀਨ 'ਤੇ ਸਹਾਰਾ ਦਿੰਦਾ ਹੈ। ਅੰਡਰਕੈਰੇਜ ਵਿੱਚ ਉਹ ਸਾਰੇ ਸਿਸਟਮ ਅਤੇ ਢਾਂਚੇ ਸ਼ਾਮਲ ਹੁੰਦੇ ਹਨ ਜੋ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਡਾਣ ਭਰਨ ਅਤੇ ਲੈਂਡ ਕਰਨ ਦੇ ਯੋਗ ਬਣਾਉਂਦੇ ਹਨ।

ਅੰਡਰਕੈਰੇਜ ਵਿੱਚ ਪਹੀਏ ਅਤੇ ਸ਼ੌਕਰ ਸ਼ਾਮਲ ਹੁੰਦੇ ਹਨ, ਜੋ ਜਹਾਜ਼ ਦੇ ਉਡਾਨ ਭਰਨ ਅਤੇ ਲੈਂਡਿੰਗ ਦੀਆਂ ਮੁਸ਼ਕਲਾਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਅੰਡਰਕੈਰੇਜ ਇਹ ਯਕੀਨੀ ਬਣਾਉਂਦਾ ਹੈ ਕਿ ਜਹਾਜ਼ ਜ਼ਮੀਨ ਉੱਤੇ ਲੈਂਡਿੰਗ ਅਤੇ ਟੇਕ ਆਫ਼ ਸੁਰੱਖਿਅਤ ਢੰਗ ਨਾਲ ਕਰ ਸਕਦਾ ਹੈ।

ਹਾਲਾਂਕਿ ਇੱਕ ਹੋਰ ਮਾਹਰ ਟੈਰੀ ਟੋਜ਼ਰ ਕਹਿੰਦੇ ਹਨ, "ਵੀਡੀਓ ਦੇਖ ਕੇ ਇਹ ਯਕੀਨੀ ਤੌਰ 'ਤੇ ਕਹਿਣਾ ਬਹੁਤ ਮੁਸ਼ਕਲ ਹੈ, ਇਹ ਨਹੀਂ ਲੱਗਦਾ ਕਿ ਫਲੈਪਾਂ ਨੂੰ ਵਧਾਇਆ ਗਿਆ ਸੀ ਅਤੇ ਇਹ ਜਹਾਜ਼ ਦੇ ਸਹੀ ਢੰਗ ਨਾਲ ਉਡਾਣ ਨਾ ਭਰਨ ਦਾ ਇੱਕ ਸਪੱਸ਼ਟ ਕਾਰਨ ਹੋਵੇਗਾ।"

ਇੱਕ ਸਾਬਕਾ ਪਾਇਲਟ ਮਾਰਕੋ ਚੈਨ ਕਹਿੰਦੇ ਹਨ, "ਜੇ ਫਲੈਪ ਸਹੀ ਢੰਗ ਨਾਲ ਸੈੱਟ ਨਹੀਂ ਕੀਤੇ ਗਏ ਸਨ, ਤਾਂ ਇਹ ਸੰਭਾਵਿਤ ਮਨੁੱਖੀ ਗਲਤੀ ਵੱਲ ਇਸ਼ਾਰਾ ਕਰਦਾ ਹੈ, ਪਰ ਇਸਦੀ ਪੁਸ਼ਟੀ ਕਰਨ ਲਈ ਵੀਡੀਓ ਬਹੁਤ ਘੱਟ ਰੈਜ਼ੋਲਿਊਸ਼ਨ ਵਾਲਾ ਹੈ।"

ਮਾਰਕੋ ਚੈਨ ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਵਿੱਚ ਸੀਨੀਅਰ ਲੈਕਚਰਾਰ ਵੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)