ਜਦੋਂ ਅਸਮਾਨ 'ਚ ਉੱਡਦੇ ਹਵਾਈ ਜਹਾਜ਼ ਦੀ ਛੱਤ ਅਚਾਨਕ ਹਵਾ 'ਚ ਉੱਡ ਗਈ ਅਤੇ ਏਅਰ ਹੋਸਟਸ ਨੂੰ ਵੀ ਨਾਲ ਹੀ ਉਡਾ ਲੈ ਗਈ, ਜਾਣੋ ਯਾਤਰੀਆਂ ਨਾਲ ਕੀ ਹੋਇਆ

- ਲੇਖਕ, ਜੈਦੀਪ ਵਸੰਤ
- ਰੋਲ, ਬੀਬੀਸੀ ਸਹਿਯੋਗੀ
'ਅਲੋਹਾ'
ਇਹ ਹਵਾਈਨ ਭਾਸ਼ਾ ਦਾ ਸ਼ਬਦ ਹੈ ਜੋ ਲੋਕਾਂ ਦਾ ਸਵਾਗਤ ਕਰਨ ਲਈ ਵਰਤਿਆ ਜਾਂਦਾ ਹੈ। ਪਰ ਨਾਲ ਹੀ ਇਹ ਸ਼ਬਦ ਲੋਕਾਂ ਨੂੰ 'ਅਲਵਿਦਾ' ਕਹਿਣ ਲਈ ਵੀ ਵਰਤਿਆ ਜਾਂਦਾ ਹੈ।
ਅਪ੍ਰੈਲ 1988 ਦੀ ਇੱਕ ਦੁਪਹਿਰ, ਇੱਕ ਅਜਿਹੀ ਸਥਿਤੀ ਬਣੀ ਜਿੱਥੇ ਕੁਝ ਸਮੇਂ ਤਾਂ ਇੰਝ ਲੱਗਿਆ ਕਿ 'ਅਲੋਹਾ ਏਅਰਲਾਈਨਜ਼' ਦੇ 95 ਯਾਤਰੀਆਂ ਦਾ ਦੁਨੀਆਂ ਨੂੰ 'ਅਲਵਿਦਾ' ਕਹਿਣ ਦਾ ਸਮਾਂ ਆ ਗਿਆ।
ਦਰਅਸਲ ਇਹ ਜਹਾਜ਼ ਹਵਾਈ ਟਾਪੂ ਦੇ ਦੋ ਟਾਪੂਆਂ ਦੇ ਵਿਚਕਾਰ ਇੱਕ ਛੋਟੀ ਜਿਹੀ ਉਡਾਣ 'ਤੇ ਸੀ ਜਦੋਂ ਇਸਦਾ ਉੱਪਰਲਾ ਅੱਧਾ ਹਿੱਸਾ 24,000 ਫੁੱਟ ਦੀ ਉਚਾਈ 'ਤੇ ਜਹਾਜ਼ ਤੋਂ ਵੱਖ ਹੋ ਗਿਆ।
ਇਸ ਦੌਰਾਨ, ਇੱਕ ਸੀਨੀਅਰ ਫਲਾਈਟ ਅਟੈਂਡੈਂਟ ਜੋ ਪੀਣ ਵਾਲੇ ਪਦਾਰਥ ਪਰੋਸ ਰਹੇ ਸਨ, ਹਵਾ ਵਿੱਚ 'ਉੱਡ' ਗਏ ਅਤੇ ਯਾਤਰੀ ਇਹ ਸਭ ਦੇਖ ਕੇ ਹੱਕੇ-ਬੱਕੇ ਰਹਿ ਗਏ। ਯਾਤਰੀਆਂ ਦੀ ਜ਼ਿੰਦਗੀ ਅਤੇ ਮੌਤ ਵਿਚਕਾਰ ਇੱਕ ਪਤਲੀ ਅਤੇ ਕਮਜ਼ੋਰ ਚੀਜ਼ ਖੜ੍ਹੀ ਸੀ।
ਹਵਾ ਵਿੱਚ ਉੱਡਦਾ ਇੱਕ ਬਿਨ੍ਹਾਂ ਛੱਤ ਵਾਲਾ ਜਹਾਜ਼ ਅਤੇ ਹੇਠਾਂ ਪ੍ਰਸ਼ਾਂਤ ਮਹਾਸਾਗਰ। ਯਾਤਰੀਆਂ ਲਈ ਤਾਂ ਦੋਵੇਂ ਪਾਸੇ ਮੌਤ ਸੀ।
ਅਕਸਰ, ਸੰਕਟ ਦੇ ਸਮੇਂ ਕੋਈ ਨਾ ਕੋਈ ਨਾਇਕ ਬਣ ਕੇ ਉੱਭਰ ਆਉਂਦਾ ਹੈ, ਅਤੇ ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ।
ਇਸ ਘਟਨਾ ਨੇ ਜਹਾਜ਼ ਨਿਰਮਾਣ, ਟੈਸਟਿੰਗ ਅਤੇ ਸੰਚਾਲਨ ਦੀ ਦੁਨੀਆਂ ਵਿੱਚ ਬਹੁਤ ਸਾਰੇ ਬਦਲਾਅ ਲਿਆਂਦੇ, ਅਤੇ ਹਵਾਈ ਯਾਤਰਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋ ਗਈ।
ਉੱਪਰ ਖੁੱਲ੍ਹਾ ਅਸਮਾਨ, ਹੇਠਾਂ ਸਮੁੰਦਰ

ਤਸਵੀਰ ਸਰੋਤ, Getty Images
28 ਅਪ੍ਰੈਲ, 1988 ਨੂੰ ਅਲੋਹਾ ਏਅਰਲਾਈਨਜ਼ ਬੋਇੰਗ 737, ਹਵਾਈ ਦੇ ਹਿਲੋ ਹਵਾਈ ਅੱਡੇ ਤੋਂ ਦੁਪਹਿਰ 1:25 ਵਜੇ ਹੋਨੋਲੂਲੂ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਇਆ। ਕਿਸੇ ਸਮੱਸਿਆ ਦੀ ਸਥਿਤੀ ਵਿੱਚ ਜਹਾਜ਼ ਮਾਉਈ ਹਵਾਈ ਅੱਡੇ 'ਤੇ ਉਤਰ ਸਕਦਾ ਸੀ।
ਦੋਵਾਂ ਟਾਪੂਆਂ ਵਿਚਕਾਰ ਇਹ ਉਡਾਣ ਲਗਭਗ 35 ਮਿੰਟ ਦੀ ਸੀ, ਜਿਸ ਵਿੱਚੋਂ ਜ਼ਿਆਦਾਤਰ ਸਮਾਂ ਉਡਾਣ ਭਰਨ ਅਤੇ ਉਤਰਨ 'ਤੇ ਲੱਗਦਾ ਸੀ। ਜਹਾਜ਼ ਨੂੰ ਬਹੁਤ ਥੋੜ੍ਹੇ ਸਮੇਂ ਲਈ ਆਪਣੀ ਤੈਅ ਉਚਾਈ 'ਤੇ ਰਹਿਣਾ ਪੈਣਾ ਸੀ।
ਜਹਾਜ਼ ਵਿੱਚ ਮਾਹੌਲ ਬਿਲਕੁਲ ਸਹਿਜ ਅਤੇ ਖੁਸ਼ਗਵਾਰ ਸੀ। ਕੁਝ ਸੈਲਾਨੀਆਂ ਲਈ, ਇਹ ਇੱਕ ਨਵਾਂ ਅਤੇ ਸੁੰਦਰ ਨਜ਼ਾਰਾ ਸੀ, ਜਦੋਂਕਿ ਹਵਾਈ ਟਾਪੂਆਂ ਵਿਚਕਾਰ ਨਿਯਮਿਤ ਤੌਰ 'ਤੇ ਉਡਾਣ ਭਰਨ ਵਾਲੇ ਯਾਤਰੀਆਂ ਲਈ, ਇਹ ਇੱਕ ਆਮ ਯਾਤਰਾ ਸੀ, ਸੋ ਅਜਿਹੇ ਲੋਕ ਆਪਣੇ ਨਿੱਕੇ-ਮੋਟੇ ਕੰਮਾਂ ਵਿੱਚ ਰੁੱਝੇ ਹੋਏ ਸਨ।
ਜਹਾਜ਼ ਦੇ ਮੁੱਖ ਪਾਇਲਟ, ਕੈਪਟਨ ਰੌਬਰਟ ਸ਼ੌਰਨਸ਼ਾਈਮਰ 44 ਸਾਲ ਦੇ ਸਨ ਅਤੇ 11 ਸਾਲਾਂ ਤੋਂ ਇਸ ਉਡਾਣ ਕੰਪਨੀ ਨਾਲ ਜੁੜੇ ਹੋਏ ਸਨ। ਉਨ੍ਹਾਂ ਕੋਲ ਕੁੱਲ ਅੱਠ ਹਜ਼ਾਰ ਘੰਟੇ ਦੀ ਉਡਾਣ ਦਾ ਤਜਰਬਾ ਸੀ, ਜਿਸ ਵਿੱਚੋਂ ਛੇ ਹਜ਼ਾਰ, 700 ਘੰਟੇ ਉਨ੍ਹਾਂ ਨੇ ਬੋਇੰਗ 737 ਉਡਾਉਣ ਵਿੱਚ ਬਿਤਾਏ ਸਨ।
ਕਾਕਪਿਟ ਵਿੱਚ ਫਸਟ ਅਫਸਰ ਮੈਡਲੀਨ ਟੌਂਪਕਿੰਸ ਸਨ। ਇਸ 37 ਸਾਲਾ ਸਹਿ-ਪਾਇਲਟ ਨੂੰ ਉਨ੍ਹਾਂ ਦੇ ਕਰੀਬੀ "ਮੀਮ" ਬੁਲਾਉਂਦੇ ਸਨ। ਉਨ੍ਹਾਂ ਕੋਲ ਕੁੱਲ ਅੱਠ ਹਜ਼ਾਰ ਘੰਟੇ ਉਡਾਣ ਦਾ ਤਜਰਬਾ ਸੀ, ਜਿਸ ਵਿੱਚ ਬੋਇੰਗ 737 ਉਡਾਉਣ ਦੇ ਤਿੰਨ ਹਜ਼ਾਰ ਪੰਜ ਸੌ ਘੰਟੇ ਸ਼ਾਮਲ ਸਨ।
ਦਿਨ ਬਿਲਕੁਲ ਆਮ ਵਾਂਗ ਸੀ ਅਤੇ ਮੌਸਮ ਸਾਫ਼ ਸੀ, ਇਸ ਲਈ ਫਸਟ ਅਫਸਰ ਮੀਮੀ ਨੇ ਟੇਕਆਫ ਅਤੇ ਫਲਾਈਟ ਓਪਰੇਸ਼ਨਾਂ ਦਾ ਚਾਰਜ ਸੰਭਾਲ ਲਿਆ, ਜਦਕਿ ਕੈਪਟਨ ਰੌਬਰਟ ਨੇ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਚਾਰ ਅਤੇ ਹੋਰ ਰੁਟੀਨ ਕੰਮਾਂ ਨੂੰ ਸੰਭਾਲਿਆ।
ਇਸ ਹਵਾਈ ਹਾਦਸੇ ਬਾਰੇ ਯੂਐਸ ਐਨਟੀਐਸਬੀ (ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ) ਦੀ ਰਿਪੋਰਟ ਜੂਨ 1989 ਵਿੱਚ ਜਨਤਕ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਡਾਣ ਦੌਰਾਨ ਕੀ ਹੋਇਆ ਸੀ।
ਉਡਾਣ ਦਾ ਸਮਾਂ ਬਹੁਤ ਘੱਟ ਹੋਣ ਕਰਕੇ ਫਲਾਈਟ ਅਟੈਂਡੈਂਟ ਸਿਰਫ਼ ਉਦੋਂ ਹੀ ਯਾਤਰੀਆਂ ਨੂੰ ਪੀਣ ਵਾਲੇ ਪਦਾਰਥ ਦੇਣਾ ਸ਼ੁਰੂ ਕਰਦੇ ਸਨ, ਜਦੋਂ ਜਹਾਜ਼ ਆਪਣੀ ਆਦਰਸ਼ ਉਚਾਈ 'ਤੇ ਪਹੁੰਚਦਾ ਸੀ, ਹਾਲਾਂਕਿ ਯਾਤਰੀਆਂ ਨੂੰ ਉਸ ਸਮੇਂ ਵੀ ਆਪਣੀਆਂ ਸੀਟ ਬੈਲਟਾਂ ਬੰਨ੍ਹਣ ਦੀਆਂ ਹਿਦਾਇਤਾਂ ਹੁੰਦੀਆਂ ਸਨ।
ਅਚਾਨਕ ਹਵਾ 'ਚ ਉੱਡ ਗਈ ਏਅਰ ਹੋਸਟੇਸ

ਤਸਵੀਰ ਸਰੋਤ, Getty Images
ਏਰੋਸਪੇਸ ਇੰਜੀਨੀਅਰ ਵਿਲੀਅਮ ਫਲਾਨੀਗਨ ਅਤੇ ਉਨ੍ਹਾਂ ਦੇ ਪਤਨੀ, ਜੋਏ, ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ ਮਨਾਉਣ ਲਈ ਹਵਾਈ ਜਾ ਰਹੇ ਸਨ। ਜੋਏ ਦੂਜੀ ਕਤਾਰ ਵਿੱਚ ਖਿੜਕੀ ਦੇ ਕੋਲ ਬੈਠੇ ਸਨ।
58 ਸਾਲਾ ਕਲਾਰਾਬੇਲ ਲੈਂਸਿੰਗ, ਮੁੱਖ ਫਲਾਈਟ ਅਟੈਂਡੈਂਟ ਸਨ ਜੋ 37 ਸਾਲਾਂ ਤੋਂ ਇਸ ਏਅਰਲਾਈਨ ਨਾਲ ਜੁੜੇ ਹੋਏ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਸਹਿਯੋਗੀ ਅਕਸਰ ਸੀਬੀ ਕਹਿ ਕੇ ਪੁਕਾਰਦੇ ਸਨ।
ਕਲਾਰਾ ਅਗਲੀ ਕਤਾਰ ਵਿੱਚ ਯਾਤਰੀਆਂ ਨੂੰ ਪੀਣ ਵਾਲੇ ਪਦਾਰਥ ਪਰੋਸ ਰਹੀ ਸੀ, ਜਦਕਿ ਦੋ ਹੋਰ ਫਲਾਈਟ ਅਟੈਂਡੈਂਟ ਪਿੱਛੇ ਵਾਲੇ ਪਾਸੇ ਡਿਊਟੀ 'ਤੇ ਸਨ। ਇਸ ਦੌਰਾਨ ਕਲਾਰਾ ਨੇ ਜੋਏ ਨੂੰ ਦੱਸਿਆ ਕਿ ਇਸ ਯਾਤਰਾ ਦੌਰਾਨ ਉਹ ਆਖਰੀ ਵਾਰ ਪੀਣ ਵਾਲੇ ਪਦਾਰਥ ਪਰੋਸ ਰਹੀ ਸੀ, ਕਿਉਂਕਿ ਜਹਾਜ਼ ਜਲਦ ਹੀ ਉਤਰਨ ਵਾਲਾ ਸੀ।
ਉਹ ਅਜੇ ਦੱਸ ਹੀ ਰਹੇ ਸਨ ਕਿ ਅਚਾਨਕ ਇੱਕ ਧਮਾਕਾ ਹੋਇਆ ਅਤੇ ਜਹਾਜ਼ ਦਾ ਉੱਪਰਲੇ ਹਿੱਸੇ ਵਿੱਚੋਂ 18 ਫੁੱਟ ਹਿੱਸਾ ਹਵਾ 'ਚ ਉੱਡ ਗਿਆ। ਇੱਕ 'ਵਹੂਸ਼' ਵਰਗੀ ਆਵਾਜ਼ ਆਈ ਅਤੇ ਕਲਾਰਾ ਨੂੰ ਜਹਾਜ਼ ਤੋਂ ਬਾਹਰ ਸੁੱਟ ਦਿੱਤਾ। ਉੱਪਰ ਅਸਮਾਨ ਸੀ ਅਤੇ ਹੇਠਾਂ ਸਮੁੰਦਰ। ਯਾਤਰੀ ਇਸ ਮੰਜ਼ਰ ਨੂੰ ਦੇਖ ਰਹੇ ਸਨ ਅਤੇ ਨਾਲ ਹੀ ਭਿਆਨਕ ਸਦਮੇ 'ਚ ਸਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਹਾਜ਼ ਵਿੱਚ ਧਮਾਕਾ ਹੋਇਆ ਹੈ ਜਾਂ ਕੁਝ ਹੋਰ।
ਇੱਕ ਕਨਵਰਟੇਬਲ ਕਾਰ ਵਾਂਗ, ਜਹਾਜ਼ ਦੀਆਂ ਸੀਟਾਂ ਦੀਆਂ ਪੰਜ ਕਤਾਰਾਂ ਦੋਵੇਂ ਪਾਸੇ ਖੁੱਲ੍ਹੀਆਂ ਸਨ। ਜਹਾਜ਼ ਆਪਣੀ ਆਮ ਗਤੀ ਨਾਲ ਉੱਡ ਰਿਹਾ ਸੀ, ਪਰ ਯਾਤਰੀਆਂ ਨੂੰ ਤੂਫਾਨ ਦੀ ਗਤੀ ਨਾਲ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕੈਪਟਨ ਅਤੇ ਫਰਸਟ ਆਫ਼ਿਸਰ ਨੂੰ ਜਹਾਜ਼ ਦੇ ਪਿਛਲੇ ਪਾਸਿਓਂ ਇੱਕ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਦੇਖਿਆ, ਤਾਂ ਕਾਕਪਿਟ ਦਾ ਦਰਵਾਜ਼ਾ ਹੀ ਨਹੀਂ ਦਿਖਾਈ ਦੇ ਰਿਹਾ ਸੀ, ਸਗੋਂ ਉਨ੍ਹਾਂ ਦੇ ਪਿਛਲੇ ਪਾਸੇ ਤੋਂ ਅਸਮਾਨ ਦਿਖਾਈ ਦੇ ਰਿਹਾ ਸੀ। ਜਹਾਜ਼ ਵਿੱਚ ਹਵਾ ਦਾ ਦਬਾਅ ਘਟਣ ਕਾਰਨ ਆਕਸੀਜਨ ਮਾਸਕ ਹੇਠਾਂ ਡਿੱਗ ਗਏ ਸਨ।
ਜ਼ਿੰਦਗੀ ਅਤੇ ਮੌਤ ਵਿਚਕਾਰ ਇੱਕ 'ਬੈਲਟ'

ਤਸਵੀਰ ਸਰੋਤ, Getty Images
ਹਾਲਾਂਕਿ, ਖੁਸ਼ਕਿਸਮਤੀ ਨਾਲ ਯਾਤਰੀ ਅਜੇ ਵੀ ਆਪਣੀਆਂ ਸੀਟਾਂ 'ਤੇ ਬੈਠੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਸੀਟਬੈਲਟ ਖੋਲ੍ਹਣ ਦੇ ਨਿਰਦੇਸ਼ ਨਹੀਂ ਮਿਲੇ ਸਨ ਅਤੇ ਉਨ੍ਹਾਂ ਨੇ ਅਜੇ ਵੀ ਸੀਟ ਬੈਲਟਾਂ ਬੰਨ੍ਹੀਆਂ ਹੋਈਆਂ ਸਨ। ਹਵਾ ਬਰਦਾਸ਼ਤ ਤੋਂ ਬਾਹਰ ਜਿੰਨੀ ਤੇਜ਼ ਸੀ ਪਰ ਯਾਤਰੀ ਅਜੇ ਵੀ ਜਹਾਜ਼ ਵਿੱਚ ਹੀ ਮੌਜੂਦ ਸਨ।
ਜਹਾਜ਼ ਵਿੱਚੋਂ ਤਾਰਾਂ, ਲੋਹੇ ਦੀਆਂ ਸਲਾਖਾਂ ਅਤੇ ਹੋਰ ਮਲਬਾ ਹਵਾ ਵਿੱਚ ਉੱਡ ਰਿਹਾ ਸੀ। ਸਾਹਮਣੇ ਵਾਲੀ ਟ੍ਰੇ ਨਾਲ ਟਕਰਾਉਣ ਕਾਰਨ ਕੁਝ ਯਾਤਰੀਆਂ ਦੇ ਚਿਹਰਿਆਂ ਅਤੇ ਸਿਰਾਂ 'ਤੇ ਸੱਟਾਂ ਲੱਗੀਆਂ ਸਨ।
ਪਰ ਉਹ ਪਤਲੀ ਜਿਹੀ ਸੀਟ ਬੈਲਟ ਜ਼ਿੰਦਗੀ ਅਤੇ ਮੌਤ ਵਿਚਕਾਰ ਖੜ੍ਹੀ ਸੀ। ਇੱਕ ਏਅਰ ਹੋਸਟੇਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ, ਅਤੇ ਇੱਕ ਤੀਜਾ ਸਹਾਇਕ ਯਾਤਰੀਆਂ ਨੂੰ ਆਪਣੀਆਂ ਸੀਟਬੈਲਟਾਂ ਬੰਨ੍ਹਣ ਅਤੇ ਸਬਰ ਰੱਖਣ ਦੀ ਹਦਾਇਤ ਦੇ ਰਿਹਾ ਸੀ।
ਆਕਸੀਜਨ ਮਾਸਕ ਲਟਕ ਰਹੇ ਸਨ, ਪਰ ਉਨ੍ਹਾਂ ਵਿੱਚ ਹਵਾ ਆ ਨਹੀਂ ਰਹੀ ਸੀ। ਇੰਨੀ ਜ਼ਿਆਦਾ ਉਚਾਈ 'ਤੇ ਯਾਤਰੀਆਂ ਨੂੰ ਠੰਡ ਵੀ ਬਹੁਤ ਲੱਗ ਰਹੀ ਸੀ ਅਤੇ ਆਕਸੀਜਨ ਤੋਂ ਬਿਨਾਂ ਉਹ ਇੱਕ ਤਰ੍ਹਾਂ ਨਾਲ ਮੌਤ ਵੱਲ ਜਾ ਰਹੇ ਸਨ।
ਯਾਤਰੀ ਕਾਕਪਿਟ ਵਿੱਚ ਪਾਇਲਟ ਦੀ ਹਾਲਤ ਨਹੀਂ ਦੇਖ ਸਕਦੇ ਸਨ ਅਤੇ ਜਹਾਜ਼ ਹੌਲੀ-ਹੌਲੀ ਹੇਠਾਂ ਆ ਰਿਹਾ ਸੀ। ਉਨ੍ਹਾਂ ਨੂੰ ਲੱਗਾ ਕਿ ਪਾਇਲਟਾਂ ਨੂੰ ਕੁਝ ਹੋਇਆ ਹੈ ਜਾਂ ਉਨ੍ਹਾਂ ਨੇ ਸਥਿਤੀ ਦਾ ਕੰਟਰੋਲ ਗੁਆ ਦਿੱਤਾ ਹੈ ਅਤੇ ਜਹਾਜ਼ ਸਮੁੰਦਰ ਵਿੱਚ ਡਿੱਗਣ ਵਾਲਾ ਹੈ।
ਫਿਰ ਅਚਾਨਕ ਜਹਾਜ਼ ਇੱਕ ਉਚਾਈ 'ਤੇ ਰੁਕ ਗਿਆ ਜਿੱਥੇ ਸਾਹ ਲੈਣਾ ਸੌਖਾ ਸੀ ਅਤੇ ਯਾਤਰੀ ਸਾਹ ਰੋਕ ਕੇ ਬੈਠ ਗਏ। ਜਹਾਜ਼ ਸਥਿਰ ਸੀ ਅਤੇ ਮੁੜ ਰਿਹਾ ਸੀ, ਇਸ ਲਈ ਉਨ੍ਹਾਂ ਨੇ ਸੋਚਿਆ ਕਿ ਪਾਇਲਟਾਂ ਨੇ ਜਹਾਜ਼ ਦਾ ਕੰਟਰੋਲ ਨਹੀਂ ਗੁਆਇਆ ਹੈ।
ਹਾਦਸੇ ਦੇ ਨਾਇਕ

ਤਸਵੀਰ ਸਰੋਤ, Getty Images
ਇਸ ਦੌਰਾਨ, ਰਾਬਰਟ ਅਤੇ ਮਿਮੀ ਜਹਾਜ਼ ਵਿੱਚ ਇੱਕ ਵੱਖਰੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਦੇ ਆਕਸੀਜਨ ਮਾਸਕ ਹੇਠਾਂ ਆ ਗਏ ਸਨ ਅਤੇ ਖੁਸ਼ਕਿਸਮਤੀ ਨਾਲ, ਆਕਸੀਜਨ ਦੀ ਸਪਲਾਈ ਅਜੇ ਵੀ ਜਾਰੀ ਸੀ।
ਪਹਿਲਾਂ, ਹਵਾ ਇੰਨੀ ਤੇਜ਼ ਸੀ ਕਿ ਉਹ ਇੱਕ-ਦੂਜੇ ਦੀ ਗੱਲਬਾਤ ਵੀ ਨਹੀਂ ਸੁਣ ਸਕਦੇ ਸਨ। ਇਸ ਲਈ ਕਾਕਪਿਟ ਵਿੱਚ ਉਹ ਦੋਵੇਂ ਇਸ਼ਾਰਿਆਂ 'ਚ ਗੱਲ ਕਰ ਰਹੇ ਸਨ। ਹੁਣ ਉਨ੍ਹਾਂ ਦੋਵਾਂ ਨੇ ਆਪਣੇ-ਆਪਣੇ ਕੰਮ ਸੰਭਾਲ ਲਏ। ਕੈਪਟਨ ਰਾਬਰਟ ਨੇ ਜਹਾਜ਼ ਦੀ ਕਮਾਨ ਸੰਭਾਲ ਲਈ, ਜਦਕਿ ਮਿਮੀ ਨੇ ਕੰਟਰੋਲ ਰੂਮ ਨਾਲ ਗੱਲਬਾਤ ਅਤੇ ਹੋਰ ਕੰਮ ਸੰਭਾਲ ਲਏ।
ਹੋਨੋਲੂਲੂ ਹਵਾਈ ਅੱਡੇ ਨੂੰ ਇੱਕ ਐਮਰਜੈਂਸੀ ਸੰਕੇਤ ਭੇਜਿਆ ਗਿਆ ਸੀ, ਪਰ ਸੁਨੇਹਾ ਉਨ੍ਹਾਂ ਤੱਕ ਪਹੁੰਚਿਆ ਹੀ ਨਹੀਂ ਸੀ। ਦੋਵਾਂ ਨੇ ਮਾਉਈ ਹਵਾਈ ਅੱਡੇ 'ਤੇ ਉਤਰਨ ਦਾ ਫੈਸਲਾ ਕੀਤਾ ਅਤੇ ਲੈਂਡਿੰਗ ਦੀ ਇਜਾਜ਼ਤ ਮੰਗਣ ਲਈ ਦੁਪਹਿਰ 1:48 ਵਜੇ ਹਵਾਈ ਆਵਾਜਾਈ ਕੰਟਰੋਲਰਾਂ ਨਾਲ ਸੰਪਰਕ ਕੀਤਾ।
ਜਿਵੇਂ-ਜਿਵੇਂ ਉਚਾਈ ਅਤੇ ਗਤੀ ਘਟਦੀ ਗਈ, ਰੌਬਰਟ ਅਤੇ ਮਿਮੀ ਹੁਣ ਇੱਕ-ਦੂਜੇ ਨਾਲ ਬਿਹਤਰ ਤਰੀਕ ਨਾਲ ਗੱਲ ਕਰ ਸਕਦੇ ਸਨ ਅਤੇ ਬਿਹਤਰ ਤਾਲਮੇਲ ਬਣਾਉਣ ਦੇ ਯੋਗ ਸਨ।
ਹਫੜਾ-ਦਫੜੀ, ਗੜਬੜ ਅਤੇ ਅਸਪਸ਼ਟ ਗੱਲਬਾਤ ਦੇ ਵਿਚਕਾਰ, ਏਟੀਸੀ ਨੂੰ ਮੁਸ਼ਕਿਲ ਨਾਲ ਇੱਕ ਸੁਨੇਹਾ ਮਿਲਿਆ। ਜਹਾਜ਼ ਨੂੰ ਰਨਵੇ ਨੰਬਰ ਦੋ 'ਤੇ ਉਤਰਨ ਦਾ ਨਿਰਦੇਸ਼ ਦਿੱਤਾ ਗਿਆ।
ਫਾਇਰਫਾਈਟਰਾਂ ਨੂੰ ਤੁਰੰਤ ਸੰਭਾਵੀ ਆਫ਼ਤ ਬਾਰੇ ਸੁਚੇਤ ਕੀਤਾ ਗਿਆ। ਜਦੋਂ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਇੰਟਰਕਾਮ ਜਾਂ ਜਨਤਕ ਘੋਸ਼ਣਾ ਪ੍ਰਣਾਲੀ ਰਾਹੀਂ ਸੰਪਰਕ ਨਹੀਂ ਕੀਤਾ ਜਾ ਸਕਿਆ, ਤਾਂ ਸਹਿ-ਪਾਇਲਟ ਨੇ ਇੱਕ ਵਾਰ ਫਿਰ ਏਟੀਸੀ ਨਾਲ ਸੰਪਰਕ ਕੀਤਾ ਅਤੇ 'ਜਿੰਨਾ ਸੰਭਵ ਹੋ ਸਕੇ ਸਹਾਇਤਾ ਤਿਆਰ ਰੱਖਣ' ਦੇ ਨਿਰਦੇਸ਼ ਦਿੱਤੇ।
ਹਵਾਈ ਅੱਡੇ 'ਤੇ ਕੋਈ ਐਂਬੂਲੈਂਸ ਜਾਂ ਡਾਕਟਰੀ ਸੇਵਾਵਾਂ ਉਪਲਬਧ ਨਹੀਂ ਸਨ, ਇਸ ਲਈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਏਟੀਸੀ ਨੇ ਕਮਿਊਨਿਟੀ ਸੇਵਾਵਾਂ ਨੂੰ ਤੁਰੰਤ ਪਹੁੰਚਣ ਲਈ ਕਿਹਾ।
ਚੁਣੌਤੀ ਇਹ ਸੀ ਕਿ ਤੇਜ਼ ਹਵਾਵਾਂ ਅਤੇ 3,000-ਮੀਟਰ ਦੇ ਦੋ ਪਹਾੜਾਂ ਦੇ ਵਿਚਕਾਰ ਜਹਾਜ਼ ਨੂੰ ਰਨਵੇ 'ਤੇ ਉਤਾਰਿਆ ਕਿਵੇਂ ਜਾਵੇ। ਜੇਕਰ ਕੋਈ ਹਾਦਸਾ ਹੁੰਦਾ, ਤਾਂ ਹੇਠਾਂ ਸਮੁੰਦਰ ਸੀ ਜਿਸ ਵਿੱਚ ਜਹਾਜ਼ ਅਤੇ ਯਾਤਰੀ ਡੁੱਬ ਸਕਦੇ ਸਨ।
ਲੈਂਡਿੰਗ ਦੌਰਾਨ ਜਹਾਜ਼ ਦੀ ਗਤੀ- ਇਸਦੀ ਕਿਸਮ, ਹਵਾ, ਜਹਾਜ਼ ਦਾ ਭਾਰ, ਬਾਲਣ, ਮਾਲ ਦਾ ਭਾਰ, ਯਾਤਰੀਆਂ ਦੀ ਗਿਣਤੀ ਆਦਿ 'ਤੇ ਨਿਰਭਰ ਕਰਦੀ ਹੈ।
ਤੇਜ਼ ਹਵਾਵਾਂ ਦੇ ਵਿਚਕਾਰ, ਸਹਿ-ਪਾਇਲਟ ਨੇ ਪਾਇਲਟ ਨੂੰ ਜਹਾਜ਼ ਦੇ ਮੈਨੂਅਲ, ਇਸਦੇ ਗੁੰਝਲਦਾਰ ਮੈਪ ਤੋਂ ਲੈ ਕੇ ਲੈਂਡਿੰਗ ਦੇ ਸਮੇਂ ਦੀ ਗਤੀ ਤੱਕ ਸਮਝਾਇਆ।
ਸੁਰੱਖਿਅਤ ਲੈਂਡਿੰਗ

ਤਸਵੀਰ ਸਰੋਤ, Getty Images
ਜਿਵੇਂ ਹੀ ਰਨਵੇਅ ਨਜ਼ਰ ਆਇਆ, ਪਾਇਲਟ ਨੇ ਥੋੜ੍ਹੀ ਦੂਰੀ ਪਹਿਲਾਂ ਜਹਾਜ਼ ਦੇ ਖੱਬੇ ਅਤੇ ਸੱਜੇ ਅਗਲੇ ਪਹੀਏ ਨੂੰ ਹੇਠਾਂ ਕਰਨ ਲਈ ਬਟਨ ਦਬਾਏ। ਪਾਇਲਟ ਨੇ ਦੇਖਿਆ ਕਿ ਖੱਬਾ ਅਤੇ ਸੱਜਾ ਪਹੀਆ ਬਾਹਰ ਆ ਗਏ ਸਨ, ਪਰ ਅਗਲਾ ਪਹੀਆ ਨਹੀਂ ਖੁੱਲ੍ਹਿਆ ਸੀ।
ਆਮ ਤੌਰ 'ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਜਹਾਜ਼ ਏਟੀਸੀ ਦੇ ਦੁਆਲੇ ਚੱਕਰ ਲਗਾਉਂਦਾ ਅਤੇ ਹੇਠਾਂ ਏਟੀਸੀ ਆਪਰੇਟਰ ਦੇਖਦੇ ਰਹਿੰਦੇ ਹਨ ਅਤੇ ਰਿਪੋਰਟ ਕਰਦੇ ਕਿ ਪਹੀਆ ਖੁੱਲ੍ਹਿਆ ਹੈ ਜਾਂ ਨਹੀਂ। ਪਰ ਇਸ ਉਡਾਣ ਲਈ, ਅਜਿਹਾ ਕਰਨਾ ਸੰਭਵ ਨਹੀਂ ਸੀ।
ਜੇਕਰ ਜਹਾਜ਼ ਇਨ੍ਹਾਂ ਹਾਲਾਤਾਂ ਵਿੱਚ ਲੈਂਡ ਕਰਦਾ, ਤਾਂ ਸੰਭਾਵਨਾ ਸੀ ਕਿ ਇਸਦਾ ਅਗਲਾ ਸਿਰਾ ਧਮਾਕੇ ਨਾਲ ਜ਼ਮੀਨ ਨਾਲ ਟਕਰਾ ਜਾਂਦਾ, ਜਿਸ ਨਾਲ ਜਹਾਜ਼ ਨੂੰ ਅੱਗ ਲੱਗ ਸਕਦੀ ਸੀ।
ਪਾਇਲਟ, ਫਲਾਈਟ ਕਰੂ, ਯਾਤਰੀਆਂ, ਏਟੀਸੀ ਸਟਾਫ਼, ਫਾਇਰਫਾਈਟਰਾਂ ਅਤੇ ਹਵਾਈ ਅੱਡੇ 'ਤੇ ਮੌਜੂਦ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਸਨ। ਖੁਸ਼ਕਿਸਮਤੀ ਨਾਲ, ਹਵਾਈ ਅੱਡੇ 'ਤੇ ਹਵਾ ਸ਼ਾਂਤ ਹੋ ਗਈ ਸੀ ਅਤੇ ਪਹੀਆ ਖੁੱਲ੍ਹਣ ਦੀ ਕੋਈ ਉਮੀਦ ਨਾ ਹੋਣ ਦੇ ਬਾਵਜੂਦ ਵੀ ਅਗਲਾ ਪਹੀਆ ਖੁੱਲ੍ਹ ਗਿਆ ਸੀ।
ਆਖਿਰਕਾਰ, ਮਿਮੀ ਅਤੇ ਰਾਬਰਟ ਨੇ ਜਹਾਜ਼ ਨੂੰ ਸਫਲਤਾਪੂਰਵਕ ਲੈਂਡ ਕਰ ਦਿੱਤਾ। ਜਿਵੇਂ ਹੀ ਉਹ ਦੋਵੇਂ ਜਹਾਜ਼ 'ਚੋਂ ਉਤਰੇ, ਯਾਤਰੀਆਂ ਅਤੇ ਏਟੀਸੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਧੰਨਵਾਦ ਕਰਨ ਲੱਗੇ। ਇਸ ਦੌਰਾਨ, ਕੁੱਲ ਅੱਠ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 57 ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ 29 ਯਾਤਰੀ ਸੁਰੱਖਿਅਤ ਰਹੇ।
ਹਾਦਸੇ ਦਾ ਕਾਰਨ

ਤਸਵੀਰ ਸਰੋਤ, Getty Images
ਮੁੱਖ ਫਲਾਈਟ ਅਟੈਂਡੈਂਟ ਸੀਬੀ ਲੈਂਸਿੰਗ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਹਵਾਈ ਟਾਪੂਆਂ ਅਤੇ ਸਮੁੰਦਰ ਦੇ ਵਿਚਕਾਰ ਬਿਤਾਇਆ, ਉਸੇ ਪ੍ਰਸ਼ਾਂਤ ਮਹਾਸਾਗਰ ਵਿੱਚ ਗਾਇਬ ਹੋ ਗਏ।
ਅਮਰੀਕੀ ਤੱਟ ਰੱਖਿਅਕਾਂ, ਹੈਲੀਕਾਪਟਰਾਂ ਅਤੇ ਹੋਰ ਜਹਾਜ਼ਾਂ ਨੇ ਉਨ੍ਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਲਾਸ਼ ਕਦੇ ਨਹੀਂ ਮਿਲੀ। ਹਵਾਈ ਦੇ ਹਵਾਈ ਅੱਡੇ 'ਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਬਾਗ਼ ਬਣਾਇਆ ਗਿਆ ਹੈ।
ਹਾਦਸਾਗ੍ਰਸਤ ਜਹਾਜ਼ ਦੇ ਟੁੱਟੇ ਹੋਏ ਹਿੱਸੇ ਦੀ ਘਾਟ ਕਾਰਨ, ਘਟਨਾ ਦਾ ਇੱਕ ਨਿਸ਼ਚਿਤ ਕਾਰਨ ਨਿਰਧਾਰਤ ਨਹੀਂ ਕੀਤਾ ਜਾ ਸਕਿਆ, ਪਰ ਹਾਲਾਤੀ ਸਬੂਤਾਂ ਅਤੇ ਜਾਣਕਾਰੀ ਦੇ ਆਧਾਰ 'ਤੇ ਹਾਦਸੇ ਦੇ ਨਤੀਜੇ ਦਾ ਅੰਦਾਜ਼ਾ ਲਗਾਇਆ ਗਿਆ ਸੀ।
5 ਮਿਲੀਅਨ ਡਾਲਰ ਦਾ ਉਹ ਜਹਾਜ਼ ਉਸ ਸਮੇਂ ਇੰਨੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਕਿ ਉਸ ਦੀ ਮੁਰੰਮਤ ਵੀ ਸੰਭਵ ਨਹੀਂ ਸੀ ਅਤੇ ਇਸ ਲਈ ਇਸਨੂੰ ਕਬਾੜ ਵਿੱਚ ਵੇਚ ਦਿੱਤਾ ਗਿਆ। ਇਹ ਜਹਾਜ਼ 1969 ਵਿੱਚ ਖਰੀਦਿਆ ਗਿਆ ਸੀ। ਇਹ ਬੋਇੰਗ ਦੁਆਰਾ ਤਿਆਰ ਕੀਤਾ ਗਿਆ 152ਵਾਂ, 737 ਜਹਾਜ਼ ਸੀ।
ਜਦੋਂ ਜਹਾਜ਼ ਹਵਾ ਵਿੱਚ ਹੁੰਦਾ ਹੈ, ਤਾਂ ਇਹ ਦਬਾਅ ਹੇਠ ਹੁੰਦਾ ਹੈ ਅਤੇ ਜਦੋਂ ਇਹ ਜ਼ਮੀਨ 'ਤੇ ਆਉਂਦਾ ਹੈ, ਤਾਂ ਇਹ ਸੁੰਗੜ ਜਾਂਦਾ ਹੈ। ਇਸ ਕਾਰਨ ਜਹਾਜ਼ ਨੂੰ ਜੋੜ ਕੇ ਰੱਖਣ ਵਾਲੇ ਪੇਚਾਂ ਜਾਂ ਮੇਖਾਂ 'ਤੇ ਤਣਾਅ ਹੁੰਦਾ ਹੈ। ਜਹਾਜ਼ ਦੇ ਜੋੜਾਂ ਵਿਚਕਾਰ ਇੱਕ ਖਾਸ ਕਿਸਮ ਦੀ ਸੀਲ ਲਗਾਈ ਜਾਂਦੀ ਹੈ। ਜਹਾਜ਼ ਦੇ ਟੇਕਆਫ ਅਤੇ ਲੈਂਡਿੰਗ ਦੇ ਕਾਰਨ, ਇਸ 'ਤੇ ਤਣਾਅ ਹੁੰਦਾ ਹੈ।

ਤਸਵੀਰ ਸਰੋਤ, Getty Images
ਇਹ ਜਹਾਜ਼ ਹਵਾਈ ਟਾਪੂਆਂ ਦੇ ਵਿਚਕਾਰ ਇੱਕ ਸ਼ਟਲ ਸੇਵਾ ਸੀ, ਇਸ ਲਈ ਇਸ ਨੂੰ ਅਕਸਰ ਉਡਾਣ ਭਰਨੀ ਪੈਂਦੀ ਸੀ ਅਤੇ ਉਤਰਨਾ ਪੈਂਦਾ ਸੀ। ਜਹਾਜ਼ ਨੂੰ ਇੱਕ ਦਿਨ ਵਿੱਚ ਇੱਕ ਤੋਂ ਜ਼ਿਆਦਾ ਵਾਰ ਚੱਕਰ ਲਗਾਉਣੇ ਪੈਂਦੇ ਸਨ। ਹਾਦਸੇ ਵਾਲੇ ਦਿਨ ਵੀ ਜਹਾਜ਼ ਨੇ ਤਿੰਨ ਚੱਕਰ ਲਗਾਉਣੇ ਸਨ।
ਇਸ ਜਹਾਜ਼ ਨੇ 35,500 ਘੰਟੇ ਉਡਾਣ ਭਰੀ ਸੀ ਅਤੇ 89,680 ਉਡਾਣ ਚੱਕਰ ਪੂਰੇ ਕੀਤੇ ਸਨ। ਇਸ ਲਈ ਇਹ ਸਿੱਟਾ ਕੱਢਿਆ ਗਿਆ ਸੀ ਕਿ ਜਹਾਜ਼ ਵਿੱਚ ਕਿਤੇ ਇੱਕ ਛੋਟੀ ਜਿਹੇ ਉਭਾਰ ਕਾਰਨ ਜਹਾਜ਼ ਦੀ ਧਾਤ 'ਤੇ ਗੰਭੀਰ ਦਬਾਅ ਸੀ।
ਹਵਾਈ ਖੇਤਰ ਦੀ ਨਮੀ ਵਾਲੀ ਅਤੇ ਨਮਕੀਨ ਹਵਾ ਨੇ ਪੇਚਾਂ ਦੇ ਆਲੇ-ਦੁਆਲੇ ਵਾਲਾਂ ਜਿੰਨੀਆਂ ਮਹੀਨ ਤਰੇੜਾਂ ਪਾ ਦਿੱਤੀਆਂ ਸਨ, ਪਰ ਕਿਉਂਕਿ ਜ਼ਿਆਦਾਤਰ ਰੱਖ-ਰਖਾਅ ਦਾ ਕੰਮ ਰਾਤ ਨੂੰ ਜਾਂ ਸਵੇਰੇ ਬਿਜਲੀ ਦੀ ਰੌਸ਼ਨੀ ਵਿੱਚ ਕੀਤਾ ਜਾਂਦਾ ਸੀ, ਇਨ੍ਹਾਂ ਤਰੇੜਾਂ 'ਤੇ ਕਿਸੇ ਦਾ ਧਿਆਨ ਹੀ ਨਹੀਂ ਗਿਆ। ਇਸ ਤੋਂ ਇਲਾਵਾ, ਜੋੜਾਂ ਨੂੰ ਭਰਨ ਲਈ ਵਰਤਿਆ ਜਾਣ ਵਾਲਾ ਸੀਲੈਂਟ ਵੀ ਖਰਾਬ ਹੋ ਚੁੱਕਿਆ ਸੀ।
ਜਿਵੇਂ ਕਾਰਾਂ ਦੀ ਸਮੇਂ-ਸਮੇਂ 'ਤੇ ਸਰਵਿਸ ਕਰਵਾਈ ਜਾਂਦੀ ਹੈ ਅਤੇ ਜਾਂਚ ਕਰਵਾਈ ਜਾਂਦੀ ਹੈ, ਉਸੇ ਤਰ੍ਹਾਂ ਹਵਾਈ ਜਹਾਜ਼ਾਂ ਨੂੰ ਵੀ ਸਮੇਂ-ਸਮੇਂ ਅੱਗੇ ਤੋਂ ਪਿੱਛੇ ਤੱਕ ਨਿਰੀਖਣਾਂ ਦੀ ਲੋੜ ਹੁੰਦੀ ਹੈ, ਪਰ ਨਿਰੰਤਰ ਅਤੇ ਨਿਯਮਤ ਉਡਾਣਾਂ ਦੇ ਕਾਰਨ ਅਲੋਹਾ ਦੇ ਸਿਰਫ਼ ਮਹੱਤਵਪੂਰਨ ਹਿੱਸਿਆਂ ਦਾ ਹੀ ਸਮੇਂ-ਸਮੇਂ 'ਤੇ ਨਿਰੀਖਣ ਕੀਤਾ ਜਾਂਦਾ ਸੀ ਅਤੇ ਪੂਰੀ ਬਣਤਰ ਦੀ ਜਾਂਚ ਨਹੀਂ ਕੀਤੀ ਜਾਂਦੀ ਸੀ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਨਿਊ ਜਰਸੀ ਵਿੱਚ ਪੁਰਾਣੇ ਜਹਾਜ਼ਾਂ ਦਾ ਨਿਰੀਖਣ ਕਰਨ ਅਤੇ ਹਵਾਈ ਜਹਾਜ਼ਾਂ ਦੇ ਢਾਂਚੇ ਦਾ ਅਧਿਐਨ ਕਰਨ ਲਈ ਇੱਕ ਨਵੀਂ ਸਹੂਲਤ ਖੋਲ੍ਹੀ ਹੈ, ਜਿਸ ਨਾਲ ਏਅਰਲਾਈਨਾਂ ਨਾ ਸਿਰਫ਼ ਸੰਯੁਕਤ ਰਾਜ ਵਿੱਚ ਸਗੋਂ ਦੁਨੀਆਂ ਭਰ ਵਿੱਚ ਸੁਰੱਖਿਅਤ ਬਣੀਆਂ ਹਨ।
ਮਾਰਚ 2008 ਵਿੱਚ, ਵਿਸ਼ਵਵਿਆਪੀ ਮੰਦੀ ਆਉਣ ਤੋਂ ਪਹਿਲਾਂ, ਇਸ ਏਅਰਲਾਈਨ ਨੇ ਦੀਵਾਲੀਆਪਨ ਘੋਸ਼ਿਤ ਕੀਤਾ ਅਤੇ ਯਾਤਰੀਆਂ ਨੂੰ ਹਮੇਸ਼ਾ ਲਈ 'ਅਲੋਹਾ' ਕਹਿ ਦਿੱਤਾ।
(ਇਹ ਰਿਪੋਰਟ ਬੀਬੀਸੀ ਗੁਜਰਾਤੀ ਨੇ ਦਸੰਬਰ 2022 'ਚ ਪ੍ਰਕਾਸ਼ਿਤ ਕੀਤੀ ਸੀ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












