ਕਿਵੇਂ ਸਾਮਾਨ ʼਤੇ ਲੱਗਣ ਵਾਲੀ ਫੀਸ ਏਅਰਲਾਈਨਾਂ ਲਈ ਕਰੋੜਾਂ ਡਾਲਰ ਦਾ ਕਾਰੋਬਾਰ ਬਣ ਗਈ

ਏਅਰਪੋਰਟ

ਤਸਵੀਰ ਸਰੋਤ, Getty Images

    • ਲੇਖਕ, ਸੈਮ ਗਰੂਏਟ
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਦੇ ਵਿੱਚ ਏਅਰ ਕੈਨੇਡਾ ਅਤੇ ਸਾਊਥਵੈਸਟ ਨੂੰ ਉਨ੍ਹਾਂ ਏਅਰਲਾਈਨ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਜੋ ਚੈੱਕ ਕੀਤੇ ਸਮਾਨ ਲਈ ਫੀਸ ਲੈਂਦੀਆਂ ਹਨ।

ਇਨ੍ਹਾਂ ਵਾਧੂ ਫੀਸਾਂ ਜਾਂ "ਜੰਕ ਕਿਰਾਏ" ਦੀ ਅਸਮਾਨ ਛੂਹ ਰਹੀ ਲਾਗਤ ਸਿਆਸਤਦਾਨਾਂ ਅਤੇ ਖਪਤਕਾਰ ਸਮੂਹਾਂ ਵਿਚਾਲੇ ਰੋਸ ਪੈਦਾ ਕਰ ਰਹੀ ਹੈ।

ਇਸ ਦੇ ਨਾਲ ਹੀ, ਯਾਤਰੀਆਂ ਵੱਲੋਂ ਕੈਰੀ-ਆਨ ਸਮਾਨ ਵਜੋਂ ਜਹਾਜ਼ ਵਿੱਚ ਲੈ ਕੇ ਜਾਣ ਲਈ ਛੋਟੇ ਸੂਟਕੇਸਾਂ ਦੀ ਵਿਕਰੀ ਵੀ ਕਾਫੀ ਵਧ ਰਹੀ ਹੈ।

ਟੋਰਾਂਟੋ ਦੇ ਡਾਊਨਟਾਊਨ ਹਵਾਈ ਅੱਡੇ ਦੇ ਬਾਹਰ ਖੜ੍ਹੇ ਲੌਰੇਨ ਅਲੈਗਜ਼ੈਂਡਰ ਇਨ੍ਹਾਂ ਵਾਧੂ ਖਰਚਿਆਂ ਨੂੰ "ਹਾਸੋਹੀਣਾ" ਦੱਸਦੀ ਹੈ।

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਸਮਾਂ ਸੀ ਜਦੋਂ ਵਪਾਰਕ ਉਡਾਣਾਂ ਵਿੱਚ ਸਮਾਨ ਚੈੱਕ-ਇਨ, ਸੀਟ ਚੋਣ ਅਤੇ ਖਾਣਾ ਸ਼ਾਮਲ ਕੀਤਾ ਜਾਂਦਾ ਸੀ

ਉਨ੍ਹਾਂ ਨੇ ਬੋਸਟਨ ਤੋਂ ਵੀਕੈਂਡ ਲਈ ਉਡਾਣ ਭਰੀ ਸੀ। 24 ਸਾਲਾਂ ਲੌਰੇਨ ਆਖਦੇ ਹਨ, "ਇਹ ਇੱਕ ਘੁਟਾਲਾ ਜਾਪਦਾ ਹੈ। ਤੁਸੀਂ ਟਿਕਟ ਖਰੀਦਦੇ ਹੋ, ਸੋਚਦੇ ਹੋ ਕਿ ਇਹ ਸਸਤਾ ਹੋਵੇਗਾ ਅਤੇ ਫਿਰ ਤੁਹਾਨੂੰ (ਸੂਟਕੇਸ ਲਿਆਉਣ ਲਈ) 200 ਅਮਰੀਕੀ ਡਾਲਰ ਹੋਰ ਦੇਣੇ ਪੈਂਦੇ ਹਨ।"

ਚਾਰਜ ਤੋਂ ਬਚਣ ਲਈ, ਅਲੈਗਜ਼ੈਂਡਰ ਨੇ ਕੈਰੀ-ਆਨ ਸਮਾਨ ਵਜੋਂ ਇੱਕ ਛੋਟੇ ਬੈਕਪੈਕ ਨਾਲ ਯਾਤਰਾ ਕੀਤੀ।

27 ਸਾਲਾ ਸੇਜ ਰਾਈਲੇ ਵੀ ਇਸ ਨਾਲ ਸਹਿਮਤ ਹਨ, ਉਹ ਬੀਬੀਸੀ ਨੂੰ ਦੱਸਦੇ ਹਨ, "ਇਹ ਮਹਿੰਗਾ ਹੈ।"

ਇੱਕ ਸਮਾਂ ਸੀ ਜਦੋਂ ਵਪਾਰਕ ਉਡਾਣਾਂ ਵਿੱਚ ਸਮਾਨ ਚੈੱਕ-ਇਨ, ਸੀਟ ਚੋਣ ਅਤੇ ਖਾਣਾ ਸ਼ਾਮਲ ਕੀਤਾ ਜਾਂਦਾ ਸੀ।

ਅਮਰੀਕੀ ਹਵਾਬਾਜ਼ੀ ਸਲਾਹਕਾਰ ਆਈਡੀਆਵਰਕਸ ਦੇ ਜੇ ਸੋਰੇਨਸਨ ਕਹਿੰਦੇ ਹਨ ਕਿ ਪਰ ਘੱਟ ਕੀਮਤ ਵਾਲੀਆਂ ਏਅਰਲਾਈਨਾਂ ਦੇ ਉਭਾਰ ਨਾਲ ਇਹ ਸਭ ਬਦਲ ਗਿਆ ਹੈ।

ਏਅਰਲਾਈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੈੱਕ ਕੀਤੇ ਸਮਾਨ ਲਈ ਫੀਸ ਏਅਰਲਾਈਨਾਂ ਲਈ ਬਹੁਤ ਵੱਡਾ ਮੁਨਾਫ਼ਾ ਬਣਦਾ ਹੈ

ਥੋੜ੍ਹੀ ਜਿਹੀ ਫੀਸ ਤੋਂ ਵੱਡਾ ਮੁਨਾਫ਼ਾ

ਇਹ 2006 ਦੀ ਗੱਲ ਸੀ ਜਦੋਂ ਬ੍ਰਿਟਿਸ਼ ਘੱਟ ਕੀਮਤ ਵਾਲੀ ਏਅਰਲਾਈਨ ਫਲਾਈਬੀ ਦੁਨੀਆ ਦੀ ਪਹਿਲੀ ਏਅਰਲਾਈਨ ਬਣ ਗਈ ਜਿਸ ਨੇ ਯਾਤਰੀਆਂ ਤੋਂ ਉਨ੍ਹਾਂ ਦੇ ਸਾਮਾਨ ਦੀ ਜਾਂਚ ਲਈ ਪੈਸੇ ਲਏ।

ਇਸ ਨੇ ਪਹਿਲਾਂ ਤੋਂ ਬੁੱਕ ਕੀਤੇ ਸਮਾਨ ਲਈ 3.68 ਅਮਰੀਕੀ ਡਾਲਰ (ਕਰੀਬ 312 ਰੁਪਏ) ਅਤੇ ਜੇਕਰ ਗਾਹਕ ਨੇ ਪ੍ਰੀਪੇਡ ਨਹੀਂ ਕੀਤਾ ਹੁੰਦਾ ਤਾਂ 7.36 ਅਮਰੀਕੀ ਡਾਲਰ (ਕਰੀਬ 625 ਰੁਪਏ) ਵਸੂਲੇ।

ਹੋਰ ਘੱਟ ਕੀਮਤ ਵਾਲੀਆਂ ਏਅਰਲਾਈਨਾਂ ਨੇ ਜਲਦੀ ਹੀ ਇਸ ਨੂੰ ਅਪਨਾਇਆ ਅਤੇ ਅਖੌਤੀ ਫਲੈਗ ਕੈਰੀਅਰ ਜਾਂ ਸਥਾਪਤ ਏਅਰਲਾਈਨਾਂ ਨੇ ਵੀ ਅਜਿਹਾ ਹੀ ਕੀਤਾ, ਘੱਟੋ ਘੱਟ ਛੋਟੀ ਦੂਰੀ ਦੀਆਂ ਉਡਾਣਾਂ 'ਤੇ।

2008 ਵਿੱਚ, ਅਮਰੀਕਨ ਏਅਰਲਾਈਨਜ਼ ਆਪਣੇ ਘਰੇਲੂ ਰੂਟਾਂ 'ਤੇ ਪਹਿਲੇ ਚੈੱਕ ਕੀਤੇ ਬੈਗ ਲਈ 15 ਅਮਰੀਕੀ ਡਾਲਰ (1275 ਰੁਪਏ) ਦੀ ਫੀਸ ਵਸੂਲਣ ਵਾਲੀ ਪਹਿਲੀ ਅਮਰੀਕੀ ਕੈਰੀਅਰ ਬਣ ਗਈ।

ਸੋਰੇਨਸਨ ਕਹਿੰਦੇ ਹਨ ਕਿ ਜਦੋਂ ਇਨ੍ਹਾਂ ਰਵਾਇਤੀ ਏਅਰਲਾਈਨਾਂ ਨੂੰ ਅਹਿਸਾਸ ਹੋਇਆ ਕਿ "ਘੱਟ ਕੀਮਤ ਵਾਲੀਆਂ ਏਅਰਲਾਈਨਾਂ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦੇ ਰਹੀਆਂ ਹਨ," ਤਾਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।

"ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੁਝ ਕਰਨਾ ਪਵੇਗਾ।"

ਅੱਜ, ਸੰਘੀ ਅੰਕੜਿਆਂ ਅਨੁਸਾਰ, ਅਮਰੀਕੀ ਏਅਰਲਾਈਨਾਂ ਨੇ ਇਕੱਲੇ ਪਿਛਲੇ ਸਾਲ ਚੈੱਕ ਕੀਤੇ ਸਮਾਨ ਫੀਸ ਵਿੱਚ 7.27 ਬਿਲੀਅਨ ਅਮਰੀਕੀ ਡਾਲਰ ਇਕੱਠੇ ਕੀਤੇ। ਇਹ 2023 ਵਿੱਚ 7 ਬਿਲੀਅਨ ਅਮਰੀਕੀ ਡਾਲਰ ਅਤੇ 2019 ਵਿੱਚ 5.76 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।

ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਿਰਫ਼ ਹੈਂਡ ਲਗੇਜ ਹੀ ਲੈ ਕੇ ਜਾ ਰਹੇ ਹਨ।

ਯਾਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਾਤਰੀਆਂ ਵੱਲੋਂ ਕੈਰੀ-ਆਨ ਸਮਾਨ ਵਜੋਂ ਜਹਾਜ਼ ਵਿੱਚ ਲੈ ਕੇ ਜਾਣ ਲਈ ਛੋਟੇ ਸੂਟਕੇਸਾਂ ਦੀ ਵਿਕਰੀ ਵੀ ਕਾਫੀ ਵਧ ਰਹੀ ਹੈ

ਹੈਂਡ ਲਗੇਜ ਦਾ ਵਧਣਾ

ਬ੍ਰਿਟਿਸ਼ ਸਾਮਾਨ ਕੰਪਨੀ ਐਂਟਲਰ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀ ਗਲੇਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅਜਿਹੇ ਛੋਟੇ ਸੂਟਕੇਸਾਂ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਏਅਰਲਾਈਨਾਂ ਦੇ ਹੈਂਡ ਲਗੇਜ ਲਈ ਆਕਾਰ ਦੀਆਂ ਸੀਮਾਵਾਂ ਨੂੰ ਪੂਰਾ ਕਰਦੇ ਹਨ।

ਉਹ ਦੱਸਦੇ ਹਨ, "ਅਸੀਂ ਅਜਿਹੀਆਂ ਔਨਲਾਈਨ ਖੋਜਾਂ ਅਤੇ ਸਾਡੀ ਵੈੱਬਸਾਈਟ 'ਤੇ ਬਹੁਤ ਵਾਧਾ ਦੇਖਿਆ ਹੈ।"

ਗਲੇਨ ਕਹਿੰਦੇ ਹਨ ਕਿ ਇਹ ਸਿਰਫ਼ ਕੈਰੀ-ਆਨ ਰੁਝਾਨ ਦਾ ਸਬੂਤ ਹੈ। ਅਪ੍ਰੈਲ ਵਿੱਚ ਉਨ੍ਹਾਂ ਦੀ ਕੰਪਨੀ ਦੁਆਰਾ ਲਾਂਚ ਕੀਤੇ ਗਏ ਨਵੇਂ ਛੋਟੇ ਸੂਟਕੇਸ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੇ ਹਨ, "ਇਹ ਬਹੁਤ ਤੇਜ਼ੀ ਨਾਲ ਵਿਕ ਰਹੇ ਹਨ।"

ਇਸ ਦੇ ਨਾਲ ਹੀ, ਟਰੈਵਲ ਪੱਤਰਕਾਰ ਚੇਲਸੀ ਡਿਕਨਸਨ ਦੇ ਅਨੁਸਾਰ, ਪੈਕਿੰਗ ਸੁਝਾਅ ਅਤੇ ਏਅਰਲਾਈਨ-ਅਨੁਕੂਲ ਸਮਾਨ ਬਾਰੇ ਸੋਸ਼ਲ ਮੀਡੀਆ ਸਮੱਗਰੀ ਵਿੱਚ ਵਾਧਾ ਹੋਇਆ ਹੈ। ਉਹ ਟਿਕਟੌਕ ਲਈ ਇਸ ਕਿਸਮ ਦਾ ਕੰਟੈਂਟ ਤਿਆਰ ਕਰਦੇ ਹਨ।

ਡਿਕਨਸਨ ਕਹਿੰਦੇ ਹਨ, "ਸੋਸ਼ਲ ਮੀਡੀਆ ਨੇ ਏਅਰਲਾਈਨ ਸਾਮਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸੂਟਕੇਸਾਂ ਦੀ ਜ਼ਰੂਰਤ ਦੇ ਵਿਚਾਰ ਨੂੰ ਹੁਲਾਰਾ ਦਿੱਤਾ ਹੈ। ਇਹ ਉਸ ਸਮੱਗਰੀ ਦਾ ਇੱਕ ਮੁੱਖ ਹਿੱਸਾ ਬਣ ਗਿਆ ਹੈ ਜੋ ਮੈਂ ਸੋਸ਼ਲ ਮੀਡੀਆ 'ਤੇ ਬਣਾਉਂਦੀ ਹਾਂ ਅਤੇ ਪੋਸਟ ਕਰਦੀ ਹਾਂ।"

ਡਿਕਨਸਨ ਦੇ ਸੋਸ਼ਲ ਮੀਡੀਆ ʼਤੇ ਫੌਲੋਅਰਜ਼ ਲਗਭਗ ਇੱਕ ਮਿਲੀਅਨ ਤੱਕ ਵਧ ਗਏ ਹਨ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਸਾਮਾਨ ਦੇ ਵੀਡੀਓ ਉਨ੍ਹਾਂ ਦੇ ਕੰਟੈਂਟ ਦਾ ਇੱਕ ਮੁੱਖ ਹਿੱਸਾ ਬਣ ਗਏ ਹਨ।

ਸਾਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੈੱਕ ਕੀਤੇ ਸਮਾਨ ਦੀਆਂ ਫੀਸਾਂ ਨੇ ਕੈਰੀ-ਆਨ ਸਮਾਨ ਦੀ ਪ੍ਰਸਿੱਧੀ ਵਧਾ ਦਿੱਤੀ ਹੈ

ਵਾਧੂ ਫੀਸ

ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅਨੁਸਾਰ, ਸਾਰੀਆਂ ਏਅਰਲਾਈਨ ਸਹਾਇਕ ਫੀਸਾਂ, ਸਮਾਨ ਤੋਂ ਲੈ ਕੇ ਸੀਟ ਦੀ ਚੋਣ, ਵਾਈ-ਫਾਈ ਖਰੀਦਦਾਰੀ, ਲਾਉਂਜ ਐਕਸੈਸ, ਅਪਗ੍ਰੇਡ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੱਕ ਦੀ ਕੁੱਲ ਗਲੋਬਲ ਲਾਗਤ ਇਸ ਸਾਲ 145 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ, ਜੋ ਕਿ ਉਦਯੋਗ ਦੇ ਕੁੱਲ ਮਾਲੀਏ ਦਾ 14% ਹੈ। ਇਹ ਪਿਛਲੇ ਸਾਲ 137 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ ਹੈ।

ਇਨ੍ਹਾਂ ਅੰਕੜਿਆਂ ਨੇ ਵਾਸ਼ਿੰਗਟਨ ਵਿੱਚ ਕੁਝ ਸਿਆਸਤਦਾਨਾਂ ਦਾ ਧਿਆਨ ਖਿੱਚਿਆ ਹੈ ਅਤੇ ਏਅਰਲਾਈਨ ਦੇ ਕਾਰਜਕਾਰੀ ਅਧਿਕਾਰੀਆਂ ਤੋਂ ਪਿਛਲੇ ਦਸੰਬਰ ਵਿੱਚ ਇੱਕ ਅਮਰੀਕੀ ਸੈਨੇਟ ਕਮੇਟੀ ਦੇ ਸਾਹਮਣੇ ਪੁੱਛਗਿੱਛ ਕੀਤੀ ਗਈ ਸੀ।

ਉਹ ਇੱਕ ਡੈਮੋਕ੍ਰੇਟਿਕ ਸੈਨੇਟਰ ਸੀ ਜਿਨ੍ਹਾਂ ਨੇ "ਜੰਕ ਫੇਅਰ" ਸ਼ਬਦ ਦੀ ਵਰਤੋਂ ਕੀਤੀ ਸੀ।

ਉਹ ਚਾਹੁੰਦੇ ਹਨ ਕਿ ਸੰਘੀ ਸਰਕਾਰ ਇਨ੍ਹਾਂ ਲਾਗਤਾਂ ਦੀ ਸਮੀਖਿਆ ਕਰੇ ਅਤੇ ਸੰਭਾਵਿਤ ਤੌਰ 'ਤੇ ਏਅਰਲਾਈਨਾਂ ਨੂੰ ਜੁਰਮਾਨਾ ਕਰੇ। ਅਸੀਂ ਟਿੱਪਣੀ ਲਈ ਯੂਐੱਸ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।

ਵੱਧ ਤੋਂ ਵੱਧ ਏਅਰਲਾਈਨਾਂ ਕੈਰੀ-ਆਨ ਸਮਾਨ ਲਈ ਚਾਰਜ ਕਰ ਰਹੀਆਂ ਹਨ।

ਉਦਾਹਰਣ ਵਜੋਂ, ਆਇਰਿਸ਼ ਘੱਟ ਕੀਮਤ ਵਾਲੀ ਏਅਰਲਾਈਨ ਰਾਇਨਏਅਰ ਤੁਹਾਨੂੰ ਸਿਰਫ਼ ਇੱਕ ਛੋਟਾ ਸੂਟਕੇਸ ਮੁਫ਼ਤ ਵਿੱਚ ਲੈ ਕੇ ਜਾਣ ਦੀ ਆਗਿਆ ਦਿੰਦੀ ਹੈ, ਜੋ ਤੁਹਾਡੇ ਸਾਹਮਣੇ ਵਾਲੀ ਸੀਟ ਦੇ ਹੇਠਾਂ ਫਿੱਟ ਬੈਠਦਾ ਹੈ। ਜੇਕਰ ਤੁਸੀਂ ਓਵਰਹੈੱਡ ਡੱਬੇ ਵਿੱਚ ਇੱਕ ਵੱਡਾ ਸੂਟਕੇਸ ਜਾਂ ਬੈਗ਼ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਫੀਸ 7.68 ਅਮਰੀਕੀ ਡਾਲਰ ਹੈ।

ਸਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਹੀ ਦੇ ਸਾਲਾਂ ਵਿੱਚ ਚੈੱਕ ਕੀਤੇ ਸਮਾਨ ਤੋਂ ਏਅਰਲਾਈਨ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ

ਹੋਰ ਯੂਰਪੀਅਨ ਏਅਰਲਾਈਨਾਂ ਜੋ ਹੁਣ ਹੈਂਡ ਲਗੇਜ ਲਈ ਇੱਕੋ ਜਿਹੀਆਂ ਫੀਸਾਂ ਲੈਂਦੀਆਂ ਹਨ, ਉਨ੍ਹਾਂ ਵਿੱਚ ਈਜ਼ੀਜੈੱਟ, ਨਾਰਵੇਜੀਅਨ ਏਅਰਲਾਈਨਜ਼, ਟ੍ਰਾਂਸਾਵੀਆ, ਵੋਲੋਟੀਆ, ਵੁਏਲਿੰਗ ਅਤੇ ਵਿਜ਼ਾਇਰ ਸ਼ਾਮਲ ਹਨ।

ਇਸ ਨਾਲ ਪੈਨ-ਯੂਰਪੀਅਨ ਖਪਤਕਾਰ ਸੰਗਠਨ ਬੇਕੂ (ਯੂਰਪੀਅਨ ਕੰਜ਼ਿਊਮਰ ਆਰਗਨਾਈਜੇਸ਼ਨ) ਨਾਰਾਜ਼ ਹੈ, ਜਿਸਨੇ ਪਿਛਲੇ ਮਹੀਨੇ ਯੂਰਪੀਅਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਬੇਕੂ ਯੂਰਪੀਅਨ ਯੂਨੀਅਨ ਦੀ ਅਦਾਲਤ ਦੇ 2014 ਦੇ ਫ਼ੈਸਲੇ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ "ਕੀਮਤਾਂ ਵਿੱਚ ਵਾਧਾ ਹੈਂਡ ਲਗੇਜ ਦੀ ਢੋਆ-ਢੁਆਈ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ, ਬਸ਼ਰਤੇ ਇਹ ਭਾਰ ਅਤੇ ਮਾਪਾਂ ਦੇ ਸਬੰਧ ਵਿੱਚ ਵਾਜਬ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ ਅਤੇ ਲਾਗੂ ਸੁਰੱਖਿਆ ਜ਼ਰੂਰਤਾਂ ਦੀ ਪਾਲਣਾ ਕਰਦਾ ਹੋਵੇ।"

ਹਾਲਾਂਕਿ, "ਵਾਜਬ ਜ਼ਰੂਰਤਾਂ" ਦਾ ਸਵਾਲ ਅਜੇ ਵੀ ਇੱਕ ਸਲੇਟੀ ਖੇਤਰ (ਗ੍ਰੇਅ ਏਰੀਆ) ਬਣਿਆ ਹੋਇਆ ਹੈ ਜਿਸ ਲਈ ਅਧਿਕਾਰਤ ਹੱਲ ਦੀ ਲੋੜ ਹੁੰਦੀ ਹੈ।

ਹਾਲਾਂਕਿ, ਅਜਿਹਾ ਕਰਨ ਦਾ ਇੱਕ ਵੱਖਰਾ ਤਰੀਕਾ ਵੀ ਹੋ ਸਕਦਾ ਹੈ, ਜਿਵੇਂ ਕਿ ਭਾਰਤੀ ਏਅਰਲਾਈਨ ਇੰਡੀਗੋ ਨੇ ਦਿਖਾਇਆ ਹੈ।

ਇਸਦੇ ਨਿਰਦੇਸ਼ਕ ਪੀਟਰ ਏਬਰਸ ਦਾਅਵਾ ਕਰਦੇ ਹਨ ਕਿ ਉਹ ਚੈੱਕ ਕੀਤੇ ਸਮਾਨ ਲਈ ਫੀਸ ਨਹੀਂ ਲੈਂਦੇ ਹਨ।

ਉਹ ਕਹਿੰਦੇ ਹਨ, "ਇੱਥੇ ਫ਼ਲਸਫ਼ਾ ਬਿਲਕੁਲ ਵੱਖਰਾ ਹੈ। ਅਸੀਂ ਗੇਟ 'ਤੇ ਲੰਬੀਆਂ ਲਾਈਨਾਂ ਜਾਂ ਸਾਮਾਨ ਦੇ ਭਾਰ ਨੂੰ ਲੈ ਕੇ ਬੇਅੰਤ ਬਹਿਸਾਂ ਨਹੀਂ ਚਾਹੁੰਦੇ। ਸਾਡੇ ਕੋਲ ਅਜਿਹਾ ਕੁਝ ਵੀ ਨਹੀਂ ਹੈ। ਸਾਡੇ ਜਹਾਜ਼ਾਂ ਨੂੰ ਉਡਾਣ ਭਰਨ ਲਈ ਤਿਆਰ ਹੋਣ ਵਿੱਚ ਲਗਭਗ 35 ਮਿੰਟ ਲੱਗਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)