ਮਹਿੰਗੀ ਕਾਰ ਨਾਲ ਬਾਈਕ ਸਵਾਰਾਂ ਨੂੰ ਦਰੜ ਦੇਣ ਵਾਲੇ ਨੂੰ ਕਿਹੜੀਆਂ ‘ਹੈਰਾਨ ਕਰਨ ਵਾਲੀਆਂ’ ਸ਼ਰਤਾਂ 'ਤੇ ਜ਼ਮਾਨਤ ਮਿਲੀ

- ਲੇਖਕ, ਪ੍ਰਾਚੀ ਕੁਲਕਰਨੀ
- ਰੋਲ, ਬੀਬੀਸੀ ਸਹਿਯੋਗੀ
- ...ਤੋਂ, ਪੁਣੇ
ਪੁਣੇ ਵਿੱਚ ਸ਼ਨੀਵਾਰ ਰਾਤ ਨੂੰ ਵਾਪਰਿਆ ਇੱਕ ਸੜਕ ਹਾਦਸਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਹਾਦਸੇ ਵਿੱਚ ਇੱਕ ਨਾਬਲਿਗ ਮੁੰਡੇ ਨੇ ਕਾਰ ਨਾਲ ਇੱਕ ਬਾਈਕ ਨੂੰ ਦਰੜ ਦਿੱਤਾ ਸੀ।
ਇਸ ਹਾਦਸੇ ਵਿੱਚ ਦੁਪਹੀਆ ਵਾਹਨ ਉੱਤੇ ਸਵਾਰ ਅਨੀਸ਼ਾ ਦੁਧੀਆ ਤੇ ਅਸ਼ਵਨੀ ਕੋਸਟਾ ਦੀ ਮੌਤ ਹੋ ਗਈ ਹੈ। ਦੋਵੇਂ ਇੱਕ ਬਾਈਕ ਉੱਤੇ ਸਵਾਰ ਸਨ।
ਇਸ ਹਾਦਸੇ ਤੋਂ ਬਾਅਦ ਮੁੰਡੇ ਦੇ ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਉਸ ਬਾਰ ਦੇ ਮੁਲਾਜ਼ਮਾਂ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਜਿੱਥੇ ਉਸ ਨਾਬਾਲਿਗ ਮੁਲਜ਼ਮ ਨੇ ਸ਼ਰਾਬ ਪੀਤੀ ਸੀ।
ਇਸ ਦੇ ਨਾਲ ਹੀ ਸ਼ਰਾਬ ਨੂੰ ਬਿਨਾਂ ਉਮਰ ਬਾਰੇ ਪਤਾ ਕੀਤੇ ਨਾਬਾਲਿਗ ਨੂੰ ਦੇਣ ਲਈ ਵੀ ਬਾਰ ਦੇ ਮੁਲਾਜ਼ਮਾਂ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ।
ਅਸ਼ਵਨੀ ਕੋਸਟਾ ਦੇ ਪਿਤਾ ਨੇ ਮੁਲਜ਼ਮ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਲੋਕ ਸਬਕ ਸਿੱਖਣ।
ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਰਹਿਣ ਵਾਲੇ ਸੁਰੇਸ਼ ਕੋਸ਼ਟਾ ਨੇ ਕਿਹਾ, "ਭਾਰਤ ਵਿੱਚ ਸੰਵਿਧਾਨ ਹੈ ਅਤੇ ਕਾਨੂੰਨ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ ਤਾਂ ਉਸ ਨੂੰ ਅਲੱਗ ਲਾਗੂ ਕਰਨ ਦੀ ਲੋੜ ਤਾਂ ਨਹੀਂ ਹੈ, ਉਸ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਜਿਸ ਨਾਲ ਲੋਕ ਅੱਗੇ ਸਬਕ ਸਿੱਖਣ।"
ਪਿਤਾ ਉੱਤੇ ਵੀ ਇੱਕ ਨਾਬਾਲਿਗ ਨੂੰ ਕਾਰ ਚਲਾਉਣ ਨੂੰ ਦੇਣ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਐੱਫਆਈਆਰ ਮੁਤਾਬਕ ਮੁਲਜ਼ਮ ਪੁਣੇ ਦੇ ਕਲਿਆਣੀਨਗਰ ਦੇ ਦੋ ਪੱਬਾਂ ਵਿੱਚ ਗਿਆ ਸੀ ਤੇ ਦੋਵੇਂ ਥਾਂ ਉੱਤੇ ਉਸ ਨੇ ਸ਼ਰਾਬ ਦਾ ਸੇਵਨ ਕੀਤਾ ਸੀ।
ਐੱਫਆਈਆਰ ਵਿੱਚ ਕੀ ਕਿਹਾ ਗਿਆ
ਪੁਲਿਸ ਵੱਲੋਂ ਦਰਜ ਐੱਫਆਈਆਰ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦੋਂ ਗ੍ਰੇਅ ਰੰਗ ਦੀ ਗੱਡੀ ਜਿਸ ਨੂੰ ਨਾਬਾਲਿਗ ਚਲਾ ਰਿਹਾ ਸੀ, ਨੇ ਇੱਕ ਬਾਈਕ ਨੂੰ ਟੱਕਰ ਮਾਰੀ।
18 ਮਈ ਨੂੰ ਰਾਤ 10 ਵਜੇ ਤੋਂ 12 ਵਜੇ ਤੱਕ ਮੁਲਜ਼ਮ ਆਪਣੇ ਦੋਸਤਾਂ ਨਾਲ ਮੁੰਢਵਾ ਵਿੱਚ ਇੱਕ ਹੋਟਲ ਵਿੱਚ ਪਾਰਟੀ ਲਈ ਗਿਆ ਸੀ। ਉੱਥੇ ਉਨ੍ਹਾਂ ਨੇ ਅਲੱਗ-ਅਲੱਗ ਤਰੀਕੇ ਦੀ ਸ਼ਰਾਬ ਦਾ ਸੇਵਨ ਕੀਤਾ ਪਰ ਪਾਰਟੀ ਉੱਥੇ ਖ਼ਤਮ ਨਹੀਂ ਹੋਈ।
ਇਸ ਮਗਰੋਂ ਗੱਡੀ ਵਿੱਚ ਸਵਾਰ ਮੁੰਡੇ ਮੁੰਢਵਾ ਵਿੱਚ 12 ਤੋਂ ਇੱਕ ਵਜੇ ਦਰਮਿਆਨ ਇੱਕ ਹੋਰ ਹੋਟਲ ਵਿੱਚ ਪਹੁੰਚੇ। ਐੱਫਆਈਆਰ ਮੁਤਾਬਕ ਸਾਰਿਆਂ ਨੇ ਉੱਥੇ ਵੀ ਸ਼ਰਾਬ ਪੀਤੀ।
ਸਵੇਰੇ 2.30 ਵਜੇ ਨਾਬਾਲਿਗ ਮੁਲਜ਼ਮ ਨੇ ਇੱਕ ਬਾਈਕ ਸਵਾਰ ਨੂੰ ਆਪਣੀ ਮਹਿੰਗੀ ਕਾਰ ਨਾਲ ਦਰੜ ਦਿੱਤਾ। ਇਸ ਹਾਦਸੇ ਵਿੱਚ ਸਵਾਰ ਦੋਵੇਂ ਬਾਈਕ ਸਵਾਰਾਂ ਦੀ ਮੌਤ ਹੋ ਗਈ।
ਐੱਫ਼ਆਈਆਰ ਵਿੱਚ ਇਹ ਵੀ ਦਰਜ ਹੈ ਕਿ ਕਾਰ ਦੇ ਅੱਗੇ ਤੇ ਪਿੱਛੇ ਕੋਈ ਵੀ ਨੰਬਰ ਪਲੇਟ ਨਹੀਂ ਸੀ ਤੇ ਕਾਰ ਚਲਾਉਣ ਵਾਲੇ ਦੀ ਉਮਰ 17 ਸਾਲ 8 ਮਹੀਨੇ ਹੈ।

ਇਨ੍ਹਾਂ 5 ਸ਼ਰਤਾਂ 'ਤੇ ਮਿਲੀ ਜ਼ਮਾਨਤ
ਲਾਪਰਵਾਹੀ ਨਾਲ ਗੱਡੀ ਚਲਾਉਣ ਨਾਲ ਦੋ ਲੋਕਾਂ ਦੀ ਮੌਤ ਦਾ ਕਾਰਨ ਬਣੇ ਨਾਬਾਲਗ ਮੁਲਜ਼ਮ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਪਰ ਅਦਾਲਤ ਵੱਲੋਂ ਜ਼ਮਾਨਤ ਦੇਣ ਸਮੇਂ ਲਾਈਆਂ ਗਈਆਂ ਸ਼ਰਤਾਂ 'ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ।
ਅਦਾਲਤ ਵੱਲੋਂ ਲਾਈਆਂ ਗਈਆਂ ਸ਼ਰਤਾਂ:
- ਨਾਬਾਲਗ ਮੁਲਜ਼ਮ ਨੂੰ 15 ਦਿਨਾਂ ਤੱਕ ਟ੍ਰੈਫਿਕ ਪੁਲਿਸ ਨਾਲ ਚੌਕ ਵਿੱਚ ਖੜੇ ਹੋ ਕੇ ਟ੍ਰੈਫਿਕ ਦੀ ਵਿਉਂਤਬੰਦੀ ਕਰਨੀ ਪਵੇਗੀ। ਟ੍ਰੈਫਿਕ ਨਿਯਮਾਂ ਨੂੰ ਸਮਝਣ ਤੋਂ ਬਾਅਦ, ਇੱਕ ਰਿਪੋਰਟ ਤਿਆਰ ਕਰਕੇ ਆਰਟੀਓ ਨੂੰ ਸੌਂਪਣੀ ਪਵੇਗੀ।
- ਬੱਚਾ ਸੜਕ ਹਾਦਸੇ ਅਤੇ ਉਨ੍ਹਾਂ ਦੇ ਹੱਲ 'ਤੇ 300 ਸ਼ਬਦਾਂ ਦਾ ਲੇਖ ਲਿਖੇਗਾ।
- ਨਾਬਾਲਗ ਮੁਲਜ਼ਮ ਨੂੰ ਸ਼ਰਾਬ ਛੱਡਣ ਲਈ ਮਨੋਵਿਗਿਆਨੀ ਮਾਹਿਰਾਂ ਤੋਂ ਇਲਾਜ ਕਰਵਾਉਣਾ ਪਵੇਗਾ।
- ਨਾਬਾਲਗ ਨੂੰ ਸ਼ਰਾਬ ਤੋਂ ਛੁਟਕਾਰਾ ਪਾਉਣ ਲਈ ਮੁਕਤਾਂਗਨ ਨਸ਼ਾ ਮੁਕਤੀ ਕੇਂਦਰ ਦਾ ਸਹਾਰਾ ਲੈਣਾ ਚਾਹੀਦਾ ਹੈ।
- ਜੇਕਰ ਉਹ ਭਵਿੱਖ ਵਿੱਚ ਕੋਈ ਹਾਦਸਾ ਹੁੰਦੇ ਦੇਖਦਾ ਹੈ ਤਾਂ ਉਸ ਨੂੰ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨੀ ਪਵੇਗੀ।
ਪੁਲਿਸ ਜਾਂਚ ਕਰੇਗੀ ਕਿ ਦੋਸ਼ੀ ਨਾਬਾਲਗ ਹੈ ਜਾਂ ਨਹੀਂ।
ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਨਾਬਾਲਗ ਹੋਣ ਕਾਰਨ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਸੈਸ਼ਨ ਕੋਰਟ 'ਚ ਪਟੀਸ਼ਨ ਦਾਇਰ ਕਰਨਗੇ।
"ਕੀ ਮੁੰਡਾ ਸੱਚਮੁੱਚ ਨਾਬਾਲਗ ਹੈ? ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸਦੇ ਸਕੂਲ ਵਿੱਚ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਬਿਨਾਂ ਨੰਬਰ ਪਲੇਟ ਤੋਂ ਕਾਰ ਦੇਣ ਵਾਲੇ ਡੀਲਰ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।”
ਲੜਕੇ ਦੇ ਪਿਤਾ ਅਤੇ ਸ਼ਰਾਬ ਮੁਹੱਈਆ ਕਰਵਾਉਣ ਵਾਲੇ ਪੱਬ ਮਾਲਕ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ।
ਅਮਿਤੇਸ਼ ਕੁਮਾਰ ਨੇ ਇਹ ਵੀ ਕਿਹਾ ਕਿ ਉਹ ਆਬਕਾਰੀ ਵਿਭਾਗ ਨਾਲ ਮਿਲ ਕੇ ਕਲਿਆਣੀ ਨਗਰ, ਕੋਰੇਗਾਂਵ ਪਾਰਕ ਇਲਾਕੇ ਵਿੱਚ ਪੱਬਾਂ ਅਤੇ ਬਾਰਾਂ ਵਿਰੁੱਧ ਕਾਰਵਾਈ ਕਰਨਗੇ।
ਦੱਸਿਆ ਗਿਆ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ।
ਥਾਣੇ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ। ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਕਿਸੇ ਨੇ ਸਿਆਸੀ ਦਬਾਅ ਪਾਇਆ?

ਸਖ਼ਤ ਕਾਰਵਾਈ ਦੇ ਹੁਕਮ ਦਿੱਤੇ- ਫੜਨਵੀਸ
ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਦੇਵੇਂਦਰ ਫੜਨਵੀਸ ਨੇ ਪੁਣੇ ਦੇ ਪੁਲਿਸ ਕਮਿਸ਼ਨਰ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਲਈ ਤੇ ਸਖ਼ਤ ਕਾਰਵਾਈ ਦੇ ਹੁਕਮ ਵੀ ਦਿੱਤੇ ਹਨ।
ਫੜਨਵੀਸ ਨੇ ਕਿਹਾ ਹੈ ਕਿ ਭਾਵੇਂ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਸ ਨੂੰ ਇਸ ਵਿਰੁੱਧ ਅਪੀਲ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਫੜਨਵੀਸ ਨੇ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਮੁਲਜ਼ਮਾਂ ਨਾਲ ਵਿਸ਼ੇਸ਼ ਸਲੂਕ ਕੀਤਾ ਗਿਆ ਹੈ ਤਾਂ ਥਾਣੇ ਦੇ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਕੋਈ ਹੋਰ ਤੱਥ ਸਾਹਮਣੇ ਆਉਂਦਾ ਹੈ ਤਾਂ ਇਸ ਵਿੱਚ ਸ਼ਾਮਲ ਲੋਕਾਂ ਦੀ ਫ਼ੌਰੀ ਤੌਰ ਉੱਤੇ ਮੁਅੱਤਲ ਕਰ ਦਿੱਤਾ ਜਾਵੇਗਾ।
ਸਿਆਸੀ ਪ੍ਰਤੀਕਰਮਾਂ ਤੇਜ਼ ਹੋਏ
ਪੁਣੇ ਦੀ ਇਸ ਘਟਨਾ ਤੋਂ ਬਾਅਦ ਸਿਆਸੀ ਪ੍ਰਤੀਕਰਮ ਸਾਹਮਣੇ ਆਉਣ ਲੱਗੇ ਹਨ।
ਭਾਜਪਾ ਨੇ ਸੋਮਵਾਰ ਨੂੰ ਪੁਣੇ ਪੁਲਿਸ ਕਮਿਸ਼ਨਰ ਨੂੰ ਡਰਿੰਕ ਐਂਡ ਡਰਾਈਵ ਮਾਮਲੇ ਵਿੱਚ ਕਾਰਵਾਈ ਕਰਨ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ।
ਇਸ ਪੱਤਰ ਵਿੱਚ ਭਾਜਪਾ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਲਈ ਨਾਈਟ ਲਾਈਫ ਕਲਚਰ ਜ਼ਿੰਮੇਵਾਰ ਹੈ।
ਇਸ ਤਰ੍ਹਾਂ ਭਾਜਪਾ ਨੇ ਵੀ ਇਸ ਬਿਆਨ ਰਾਹੀਂ ‘ਨਾਈਟ ਲਾਈਫ ਕਲਚਰ’ ਨੂੰ ਹਵਾ ਦੇ ਰਹੇ ਪੱਬਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਭਾਜਪਾ ਨੇ ਪੱਬਾਂ 'ਚ ਡੀਜੇ 'ਤੇ ਵੱਜਦੇ ਗੀਤਾਂ 'ਤੇ ਰੋਕ ਲਗਾਉਣ ਅਤੇ ਚੌਕਾਂ 'ਚ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਰਵਿੰਦਰ ਧਾਂਗੇਕਰ ਨੇ ਹਿੱਟ ਐਂਡ ਰਨ ਮਾਮਲੇ ਦਾ ਵਿਰੋਧ ਕਰਦਿਆਂ ਪੱਬਾਂ ਤੇ ਬਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਰਵਿੰਦਰ ਧਾਂਗੇਕਰ ਨੇ ਕਾਰਕੁਨਾਂ ਦੇ ਨਾਲ ਯਰਵੜਾ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਵੀ ਦਿੱਤਾ।

ਤਸਵੀਰ ਸਰੋਤ, X/Ravindra Dhangekar
ਕਾਨੂੰਨ ਕੀ ਕਹਿੰਦਾ ਹੈ?
ਇਸ ਸਾਰੀ ਘਟਨਾ ਦਾ ਕਾਨੂੰਨੀ ਪੱਖ ਕੀ ਹੈ, ਅਸੀਂ ਸੀਨੀਅਰ ਵਕੀਲ ਐੱਡ ਅਸੀਮ ਸਰੋਦੇ ਤੋਂ ਸਿੱਖਿਆ।
ਉਨ੍ਹਾਂ ਮੁਤਾਬਕ ਪੁਲਿਸ ਨੇ ਨਾਬਾਲਗ ਨੂੰ ਸ਼ਰਾਬ ਪਿਲਾਉਣ ਵਾਲੇ ਪੱਬ ਚਾਲਕ ਦੇ ਨਾਲ-ਨਾਲ ਗੱਡੀ ਦੇਣ ਵਾਲੇ ਮਾਪਿਆਂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਵਿੱਚ ਪੁਣੇ ਪੁਲਿਸ ਨੇ ਮੋਟਰ ਵਹੀਕਲ ਐਕਟ 199ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਜਿਸ ਕਾਰ ਨੂੰ ਨਾਬਾਲਗ ਮੁੰਡਾ ਚਲਾ ਰਿਹਾ ਸੀ, ਉਸ ਦੀ ਨੰਬਰ ਪਲੇਟ ਨਹੀਂ ਸੀ।
ਇਸ ਲਈ ਇਸ ਮਾਮਲੇ ਵਿੱਚ ਨਵੇਂ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਵਿਵਸਥਾ ਮੁਤਾਬਕ ਜੇਕਰ ਨਾਬਾਲਗ ਬੱਚਿਆਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਮਾਪਿਆਂ 'ਤੇ ਮਾਮਲਾ ਦਰਜ ਹੋਵੇਗਾ ਅਤੇ ਮਾਪਿਆਂ ਨੂੰ ਸਜ਼ਾ ਵੀ ਹੋ ਸਕਦੀ ਹੈ।
ਜੇਕਰ ਇਸ ਐਕਟ ਅਧੀਨ ਕੋਈ ਜੁਰਮ ਕਿਸੇ ਨਾਬਾਲਗ ਵੱਲੋਂ ਕੀਤਾ ਜਾਂਦਾ ਹੈ ਤਾਂ ਜੁਰਮ ਵਿੱਚ ਵਰਤੇ ਗਏ ਵਾਹਨ ਦੀ ਰਜਿਸਟ੍ਰੇਸ਼ਨ 12 ਮਹੀਨਿਆਂ ਦੀ ਮਿਆਦ ਲਈ ਰੱਦ ਕਰ ਦਿੱਤੀ ਜਾਵੇਗੀ।
ਅਤੇ ਜੇਕਰ ਉਲੰਘਣਾ ਕਿਸੇ ਨਾਬਾਲਗ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਨੂੰ 25 ਸਾਲ ਦੀ ਉਮਰ ਤੱਕ ਲਰਨਰਜ਼ ਲਾਈਸੈਂਸ ਹੀ ਦਿੱਤਾ ਜਾਵੇਗਾ।
ਇੱਕ ਨਾਬਾਲਗ ਜੋ ਕੋਈ ਜੁਰਮ ਕਰਦਾ ਹੈ ਉਸ ਨੂੰ ਕਾਨੂੰਨ ਮੁਤਾਬਕ ਜ਼ੁਰਮਾਨਾ ਲਾ ਕੇ ਸਜ਼ਾ ਦਿੱਤੀ ਜਾਵੇਗੀ।
ਜਦੋਂ ਕਿ ਜੁਵੇਨਾਈਲ ਜਸਟਿਸ ਐਕਟ, 2000 ਦੇ ਉਪਬੰਧਾਂ ਮੁਤਾਬਕ ਕੋਈ ਵੀ ਹਿਰਾਸਤੀ ਸਜ਼ਾ ਦਿੱਤੀ ਜਾ ਸਕਦੀ ਹੈ।
ਇੰਡੀਅਨ ਪੈਨਲ ਕੋਡ ਮੁਤਾਬਕ ਇਸ ਸਜ਼ਾ ਨੂੰ ਹੋਰ ਵਧਾਇਆ ਜਾ ਸਕਦਾ ਹੈ।












