ਜਦੋਂ ਸੜਕ ਉੱਤੇ ਖੇਡਦੇ ਮੁੰਡਿਆਂ ਨੂੰ ਫੌਜ ਨੇ ਗੋਲ਼ੀਆਂ ਮਾਰ ਕੇ ਹਲ਼ਾਕ ਕਰ ਦਿੱਤਾ, ਜੰਗੀ ਅਪਰਾਧ ਦੇ ਇਲਜ਼ਾਮ

ਏਡਮ
ਤਸਵੀਰ ਕੈਪਸ਼ਨ, ਅੱਠ ਸਾਲ ਦਾ ਏਡਮ ਇਜ਼ਰਾਈਲੀ ਫੌਜ ਦੇ ਵਾਹਨ ਤੋਂ ਭੱਜ ਰਿਹਾ ਸੀ ਜਦੋਂ ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ।
    • ਲੇਖਕ, ਇਸੋਬੇਲ ਯੂਆਂਗ, ਜੋਸ਼ ਬੇਕਰ ਅਤੇ ਸਾਰਾ ਓਬੇਦਾਤ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਾਲ 29 ਨਵਬੰਰ ਨੂੰ ਇਜ਼ਰਾਈਲ ਦੇ ਕਬਜ਼ੇ ਹੇਠ ਵੈਸਟ ਬੈਂਕ ’ਚ ਕਈ ਮੁੰਡੇ ਸੜਕਾਂ ’ਤੇ ਉਤਰ ਆਏ ਸਨ। ਉਹ ਅਕਸਰ ਹੀ ਇਨ੍ਹਾਂ ਸੜਕਾਂ ’ਚ ਖੇਡਦੇ –ਕੁੱਦਦੇ ਰਹਿੰਦੇ ਸਨ।

ਕੁਝ ਹੀ ਪਲਾਂ ’ਚ ਉਨ੍ਹਾਂ ’ਚੋਂ ਦੋ ਮੁੰਡੇ ਇਜ਼ਰਾਇਲੀ ਸੈਨਿਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ। ਇਹ ਬੱਚੇ ਸਨ 15 ਸਾਲਾ ਬੇਸਿਲ ਅਤੇ 8 ਸਾਲਾ ਏਡਮ।

ਵੈਸਟ ਬੈਂਕ ਤਕਰੀਬਨ 50 ਸਾਲਾਂ ਤੋਂ ਇਜ਼ਰਾਇਲੀ ਕਬਜ਼ੇ ਹੇਠ ਹੈ। ਉੱਥੇ ਇਜ਼ਰਾਇਲੀ ਫੌਜ ਦੀਆਂ ਕਾਰਵਾਈਆਂ ਦੀ ਜਾਂਚ ਦੇ ਦੌਰਾਨ ਬੀਬੀਸੀ ਨੇ ਉਸ ਦਿਨ ਕੀ ਹੋਇਆ ਸੀ, ਇਸ ਸਬੰਧ ’ਚ ਜਾਣਕਾਰੀ ਇੱਕਠੀ ਕੀਤੀ ਹੈ।

ਉਸ ਦਿਨ ਦੇ ਸਾਰੇ ਘਟਨਾਕ੍ਰਮ ਨੂੰ ਸਮਝਣ ਲਈ ਬੀਬੀਸੀ ਨੇ ਫੋਨ, ਸੀਸੀਟੀਵੀ ਫੁਟੇਜ, ਇਜ਼ਰਾਇਲੀ ਫੌਜ ਦੀਆਂ ਗਤੀਵਿਧੀਆਂ ਦੇ ਬਾਰੇ ’ਚ ਸੂਚਨਾ, ਚਸ਼ਮਦੀਦ ਗਵਾਹਾਂ ਦੇ ਬਿਆਨਾਂ ਅਤੇ ਘਟਨਾ ਵਾਲੀ ਥਾਂ ਦੇ ਵੇਰਵਿਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਹੈ।

ਬੀਬੀਸੀ ਨੂੰ ਜੋ ਕੁਝ ਸਬੂਤ ਮਿਲੇ ਹਨ, ਉਨ੍ਹਾਂ ਦੇ ਆਧਾਰ ’ਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਅਤੇ ਅੱਤਵਾਦ ਵਿਰੋਧੀ ਰਿਪੋਰਟਰ ਬੇਨ ਸੌਲ ਨੇ ਕਿਹਾ ਹੈ ਕਿ ਏਡਮ ਦੀ ਮੌਤ ‘ਵਾਰ ਕ੍ਰਾਈਮ’ ਲੱਗਦੀ ਹੈ।

ਇੱਕ ਹੋਰ ਕਾਨੂੰਨੀ ਮਾਮਲਿਆਂ ਦੇ ਮਾਹਰ ਡਾਕਟਰ ਹਿਲ-ਕੌਥਰੋਨ ਨੇ ਮਾਰੂ ਤਾਕਤ ਦੀ ਵਰਤੋਂ ਨੂੰ ‘ਅੰਨ੍ਹੇਵਾਹ’ ਕਾਰਵਾਈ ਦੱਸਿਆ ਹੈ।

ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਮੌਤ ਦੇ ਹਾਲਾਤ ਦੀ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ, ਪਰ ਇਹ ਵੀ ਕਿਹਾ ਕਿ ‘ਲਾਈਵ ਫਾਇਰ ਦੀ ਵਰਤੋਂ ਸਿਰਫ ਤਤਕਾਲ ਖ਼ਤਰਿਆਂ ਨੂੰ ਦੂਰ ਕਰਨ ਦੇ ਲਈ ਜਾਂ ਫਿਰ ਗ੍ਰਿਫ਼ਤਾਰੀ ਦੇ ਉਦੇਸ਼ਾਂ ਲਈ ਕੀਤੀ ਜਾਂਦੀ ਹੈ’।

7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਹੀ ਵੈਸਟ ਬੈਂਕ ’ਚ ਹਿੰਸਾ ਲਗਾਤਾਰ ਵਧਦੀ ਜਾ ਰਹੀ ਹੈ।

ਬੀਬੀਸੀ ਨੂੰ ਉੱਥੇ ਫਲਸਤੀਨੀ ਘਰਾਂ ’ਚ ਭੰਨਤੋੜ ਅਤੇ ਗ੍ਰੈਫ਼ਿਟੀ ਦੇ ਸਬੂਤ ਮਿਲੇ ਹਨ। ਇਸ ਤੋਂ ਇਲਾਵਾ ਹਥਿਆਰਬੰਦ ਲੋਕਾਂ ਨੇ ਫਸਤੀਨੀਆਂ ਨੂੰ ਵੈਸਟ ਬੈਂਕ ਛੱਡ ਕੇ ਜਾਰਡਨ ਚਲੇ ਜਾਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਇੱਕ ਫਲਸਤੀਨੀ ਬੰਦੂਕਧਾਰੀ ਦੀ ਦੇਹ ਨੂੰ ਵਿਗਾੜਨ ਦੇ ਵੀ ਇਲਜ਼ਾਮ ਆਇਦ ਹਨ।

ਫਲਸਤੀਨ ਇਜ਼ਰਾਈਲ

ਘਟਨਾ ਵਾਲੇ ਦਿਨ ਕੀ ਹੋਇਆ

29 ਨਵੰਬਰ ਦੀ ਵੀਡੀਓ ਫੁਟੇਜ ’ਚ ਬਾਸਿਲ ਇੱਕ ਹਾਰਡਵੇਅਰ ਸਟੋਰ ਦੇ ਨਜ਼ਦੀਕ ਖੜ੍ਹਾ ਵਿਖਾਈ ਦੇ ਰਿਹਾ ਹੈ। ਸਟੋਰ ਦੇ ਸ਼ਟਰ ਪੂਰੀ ਤਰ੍ਹਾਂ ਨਾਲ ਬੰਦ ਹਨ।

ਉਦੋਂ ਹੀ ਇਜ਼ਰਾਇਲੀ ਫੌਜ ਉੱਥੇ ਪਹੁੰਚਦੀ ਹੈ। ਜੇਨਿਨ ’ਚ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੱਸ ਦਈਏ ਜੇਨਿਨ ਵੈਸਟ ਬੈਂਕ ਦਾ ਸ਼ਹਿਰ ਹੈ, ਜਿਸ ’ਤੇ ਹਮਾਸ ਦਾ ਸ਼ਾਸਨ ਨਹੀਂ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਜੇਨਿਨ ਦੇ ਸ਼ਰਨਾਰਥੀ ਕੈਂਪ ਤੋਂ ਪਹਿਲਾਂ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਏਡਮ ਫੁੱਟਬਾਲ ਦਾ ਦੀਵਾਨਾ ਸੀ। ਲਿਓਨਲ ਮੈਸੀ ਉਨ੍ਹਾਂ ਦੇ ਪਸੰਦੀਦਾ ਖਿਡਾਰੀ ਸਨ। ਉਹ ਆਪਣੇ 14 ਸਾਲਾ ਭਰਾ ਦੇ ਕੋਲ ਖੜ੍ਹੇ ਸਨ।

ਫੁਟੇਜ ’ਚ ਤਕਰੀਬਨ 9 ਮੁੰਡੇ ਸੜਕ ’ਤੇ ਨਜ਼ਰ ਆ ਰਹੇ ਸਨ। ਸੀਸੀਟੀਵੀ ਕੈਮਰੇ ਉਸ ਥਾਂ ਦੀ ਪੂਰੀ ਤਸਵੀਰ ਬਿਆਨ ਕਰਦੇ ਹਨ।

ਕੁਝ ਹੀ ਦੂਰੀ ’ਤੇ ਇਜ਼ਰਾਇਲੀ ਫੌਜ ਦੇ 6 ਬਖ਼ਤਰਬੰਦ ਵਾਹਨ ਆਉਂਦੇ ਵਿਖਾਈ ਦਿੰਦੇ ਹਨ। ਇਹ ਵਾਹਨ ਤੇਜ਼ੀ ਨਾਲ ਉਨ੍ਹਾਂ ਮੁੰਡਿਆਂ ਵੱਲ ਵਧਦੇ ਹਨ। ਉਹ ਥੋੜੇ ਬੇਚੈਨ ਹੋਣ ਲੱਗਦੇ ਹਨ। ਉਨ੍ਹਾਂ ’ਚੋਂ ਜ਼ਿਆਦਾਤਰ ਤਾਂ ਉਸ ਥਾਂ ਤੋਂ ਖਿਸਕਣ ਲੱਗਦੇ ਹਨ।

ਮੋਬਾਈਲ ਫੋਨ ਰਾਹੀਂ ਲਈ ਗਈ ਵੀਡੀਓ ’ਚ ਠੀਕ ਉਸੇ ਸਮੇਂ ਫੌਜ ਦੇ ਬਖ਼ਤਰਬੰਦ ਵਾਹਨ ਦਾ ਅਗਲਾ ਦਰਵਾਜ਼ਾ ਖੁੱਲ੍ਹਦਾ ਹੈ। ਅੰਦਰ ਬੈਠੇ ਸੈਨਿਕ ਨੂੰ ਸਾਰੇ ਮੁੰਡੇ ਨਜ਼ਰ ਆ ਰਹੇ ਸਨ। ਬਾਸਿਲ ਭੱਜ ਕੇ ਸੜਕ ਦੇ ਵਿਚਕਾਰ ਆ ਗਏ ਸਨ। ਏਡਮ ਉਨ੍ਹਾਂ ਤੋਂ 12 ਮੀਟਰ ਦੂਰ ਸਨ ਅਤੇ ਉਹ ਵੀ ਭੱਜ ਰਹੇ ਸਨ।

ਇਸ ਤੋਂ ਬਾਅਦ 11 ਗੋਲੀਆਂ ਚੱਲਦੀਆਂ ਹਨ।

ਫਲਸਤੀਨ ਇਜ਼ਰਾਈਲ

ਮਨੁੱਖੀ ਅਧਿਕਾਰਾਂ ਕਾਰਕੁਨਾਂ ਨੇ ਕੀ ਸਮਝਿਆ

ਮੌਕੇ ਵਾਲੀ ਥਾਂ ਦਾ ਜਾਇਜ਼ਾ ਕਰਨ ਤੋਂ ਬਾਅਦ ਬੀਬੀਸੀ ਨੇ ਪਾਇਆ ਕਿ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਉੱਥੇ ਮੌਜੂਦ ਸਨ। ਚਾਰ ਗੋਲੀਆਂ ਦੇ ਨਿਸ਼ਾਨ ਲੋਹੇ ਦੇ ਇੱਕ ਖੰਭੇ ’ਤੇ ਸਨ, 2 ਹਾਰਡਵੇਅਰ ਸਟੋਰ ਦੇ ਸ਼ਟਰ ’ਤੇ, ਇੱਕ ਗੋਲੀ ਉੱਥੇ ਖੜ੍ਹੀ ਕਾਰ ਦੇ ਬੰਪਰ ’ਤੇ ਲੱਗੀ ਅਤੇ ਇਕ ਗੋਲੀ ਸੜਕ ਕੰਢੇ ਹੈਂਡਰੇਲ ’ਤੇ ਜਾ ਕੇ ਲੱਗੀ ਸੀ।

ਬੀਬੀਸੀ ਨੇ ਜੋ ਮੈਡੀਕਲ ਰਿਪੋਰਟਾਂ ਹਾਸਲ ਕੀਤੀਆਂ ਹਨ, ਉਨ੍ਹਾਂ ਦੇ ਮੁਤਾਬਕ ਬਾਸਿਲ ਦੀ ਛਾਤੀ ’ਚ ਦੋ ਗੋਲੀਆਂ ਲੱਗੀਆਂ ਹਨ।

ਏਡਮ ਦੇ ਸਿਰ ਦੇ ਪਿੱਛਲੇ ਹਿੱਸੇ ’ਚ ਗੋਲੀ ਲੱਗੀ ਹੈ ਕਿਉਂਕਿ ਉਹ ਸੈਨਿਕਾਂ ਤੋਂ ਦੂਰ ਭੱਜ ਰਹੇ ਸਨ।ਏਡਮ ਦੇ ਵੱਡੇ ਭਰਾ ਬਾਹਾ ਉਨ੍ਹਾਂ ਨੂੰ ਖਿੱਚ ਕੇ ਕਿਸੇ ਛੁਪਣ ਯੋਗ ਥਾਂ ਵੱਲ ਲੈ ਜਾਣ ਦਾ ਯਤਨ ਕਰ ਰਹੇ ਸਨ।

ਬਾਹਾ ਐਂਬੂਲੈਂਸ ਦੇ ਲਈ ਗੁਹਾਰ ਲਗਾ ਰਹੇ ਸਨ ਅਤੇ ਆਪਣੇ ਪਿੱਛੇ ਏਡਮ ਦੇ ਖੂਨ ਦੇ ਨਿਸ਼ਾਨ ਛੱਡਦੇ ਜਾ ਰਹੇ ਸਨ।

ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਹਾ ਦੱਸਦੇ ਹਨ ਕਿ ਉਨ੍ਹਾਂ ਦੇ ਭਰਾ ਏਡਮ ਅਤੇ ਦੋਸਤ ਬਾਸਿਲ ਦੀ ਜਾਨ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਗਈ ਹੈ।

ਬਾਹਾ ਕਹਿੰਦੇ ਹਨ, “ਮੈਂ ਹੈਰਾਨ ਸੀ। ਮੈਂ ਆਪਣੇ ਬਾਰੇ ’ਚ ਤਾਂ ਸੋਚ ਹੀ ਨਹੀਂ ਰਿਹਾ ਸੀ। ਮੈਂ ਏਡਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਰੂਹ ਹੌਲੀ-ਹੌਲੀ ਜਿਸਮ ਤੋਂ ਵੱਖ ਹੋ ਰਹੀ ਸੀ।”

ਗੋਲੀ ਲੱਗਣ ਤੋਂ ਠੀਕ ਪਹਿਲਾਂ ਬਾਸਿਲ ਦੇ ਹੱਥ ’ਚ ਕੁਝ ਵਿਖਾਈ ਦਿੰਦਾ ਹੈ। ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਚੀਜ਼ ਆਖਿਰ ਹੈ ਕੀ।

ਇਜ਼ਰਾਇਲੀ ਫੌਜ ਨੇ ਬਾਅਦ ’ਚ ਘਟਨਾ ਵਾਲੀ ਥਾਂ ਦੀ ਇੱਕ ਤਸਵੀਰ ਜਾਰੀ ਕੀਤੀ, ਜਿਸ ’ਚ ਉਨ੍ਹਾਂ ਦਾਅਵਾ ਕੀਤਾ ਕਿ ਬਾਸਿਲ ਦੇ ਹੱਥ ’ਚ ਵਿਸਫੋਟਕ ਯੰਤਰ ਸੀ।

ਉਸ ਦਿਨ ਦੀ ਘਟਨਾ ਦੇ ਸਬੰਧ ’ਚ ਬੀਬੀਸੀ ਨੇ ਜੋ ਵੀ ਸਬੂਤ ਇੱਕਠੇ ਕੀਤੇ ਹਨ, ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੇ ਵਕੀਲਾਂ, ਵਾਰ ਕ੍ਰਾਈਮ ਦੀ ਜਾਂਚ ਕਰਨ ਵਾਲਿਆਂ, ਅੱਤਵਾਦ ਵਿਰੋਧੀ ਮਾਹਰਾਂ ਅਤੇ ਸੰਯੁਕਤ ਰਾਸ਼ਟਰ ਦੇ ਨਾਲ ਸਾਂਝਾ ਕੀਤਾ ਗਿਆ ਹੈ।

ਇਨ੍ਹਾਂ ’ਚੋਂ ਕੁਝ ਨੇ ਤਾਂ ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ’ਚ ਬੀਬੀਸੀ ਨਾਲ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ।

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਰਿਪੋਰਟਰ ਬੇਨ ਸੌਲ ਦਾ ਕਹਿਣਾ ਹੈ ਕਿ ਬਾਸਿਲ ਦੇ ਮਾਮਲੇ ’ਚ ਕਾਨੂੰਨੀ ਤੌਰ ’ਤੇ ਮਾਰੂ ਤਾਕਤ ਦੀ ਵਰਤੋਂ ’ਤੇ ਸਵਾਲ ਚੁੱਕੇ ਜਾ ਸਕਦੇ ਹਨ। ਇਸ ਦੇ ਨਾਲ ਹੀ ਉਸ ਦੇ ਹੱਥ ’ਚ ਵਿਸਫੋਟਕ ਹੋਣ ਸਬੰਧੀ ਵੀ ਸਵਾਲ ਪੁੱਛੇ ਜਾ ਸਕਦੇ ਹਨ।

ਉਹ ਅੱਗੇ ਕਹਿੰਦੇ ਹਨ, “ਏਡਮ ਦੇ ਮਾਮਲੇ ’ਚ ਜਾਣਬੁੱਝ ਕੇ ਅੰਨ੍ਹੇਵਾਹ ਜਾਂ ਗ਼ੈਰ-ਅਨੁਪਾਤਕ ਤੌਰ ’ਤੇ ਨਾਗਰਿਕਾਂ ’ਤੇ ਹਮਲਾ ਕਰਨ ’ਤੇ ਕੌਮਾਂਤਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ, ਇੱਕ ਯੁੱਧ ਅਪਰਾਧ ਅਤੇ ਜੀਵਨ ਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਲੱਗਦਾ ਹੈ।”

ਫਲਸਤੀਨ ਇਜ਼ਰਾਈਲ

ਦਾਅਵੇ ਅਤੇ ਸੱਚਾਈ ਦਾ ਫ਼ਰਕ

ਡਾ. ਲਾਰੈਂਸ ਹਿਲ-ਕੌਥਰੋਨ ਬ੍ਰਿਸਟਲ ਯੂਨੀਵਰਸਿਟੀ ’ਚ ਅੰਤਰਰਾਸ਼ਟਰੀ ਕਾਨੂੰਨ ਦੇ ਸਹਿ-ਨਿਰਦੇਸ਼ਕ ਹਨ।

ਉਨ੍ਹਾਂ ਦਾ ਕਹਿਣਾ ਹੈ, “ਸੈਨਿਕ ਬਖ਼ਤਰਬੰਦ ਗੱਡੀ ’ਚ ਸਨ। ਜੇਕਰ ਕੋਈ ਖ਼ਤਰਾ ਸੀ ਤਾਂ ਉਹ ਉੱਥੋਂ ਦੂਰ ਜਾ ਸਕਦੇ ਸਨ ਅਤੇ ਅੰਨ੍ਹੇਵਾਹ ਤਾਕਤ ਦੀ ਵਰਤੋਂ ਨਾ ਕਰਦੇ ਹੋਏ ਸਿਰਫ ਗ੍ਰਿਫਤਾਰੀ ਦੀ ਯੋਜਨਾ ਨੂੰ ਅੰਜਾਮ ਦੇ ਸਕਦੇ ਸਨ।”

ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਸ਼ੱਕੀ ਉਨ੍ਹਾਂ ਵੱਲ ਵਿਸਫੋਟਕ ਸੁੱਟਣ ਵਾਲੇ ਸਨ, ਜਿਸ ਦੇ ਕਾਰਨ ਉਨ੍ਹਾਂ ’ਤੇ ਖ਼ਤਰਾ ਬਣ ਗਿਆ ਸੀ।

ਇਜ਼ਰਾਇਲੀ ਫੌਜ ਨੇ ਕਿਹਾ, “ਸੈਨਿਕਾਂ ਨੇ ਗੋਲੀਆਂ ਨਾਲ ਜਵਾਬ ਦਿੱਤਾ ਅਤੇ ਕਿਸ ਨੂੰ ਗੋਲੀ ਮਾਰਨੀ ਹੈ ਇਸ ਦੀ ਵੀ ਤਸਦੀਕ ਕੀਤੀ।”

ਪਰ ਜੋ ਵੀਡੀਓ ਸਬੂਤ ਬੀਬੀਸੀ ਨੇ ਦੇਖੇ ਹਨ ਅਤੇ ਜਿਨ੍ਹਾਂ ਚਸ਼ਮਦੀਦਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਉਸ ’ਚ ਏਡਮ ਦੇ ਕੋਲ ਕੋਈ ਹਥਿਆਰ ਨਹੀਂ ਵਿਖਾਈ ਦੇ ਰਿਹਾ। ਏਡਮ ਤਾਂ ਸਿਰ ਦੇ ਪਿਛਲੇ ਹਿੱਸੇ ’ਚ ਗੋਲੀ ਲੱਗਣ ਤੋਂ ਬਾਅਦ ਭੱਜਦੇ ਹੋਏ ਨਜ਼ਰ ਆ ਰਹੇ ਹਨ।

ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਬਾਸਿਲ ਅਤੇ ਏਡਮ ਦੀ ਮੌਤ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੈਸਟ ਬੈਂਕ ’ਚ ਮਾਰੇ ਜਾਣ ਵਾਲੇ ਹਰ ਬੱਚੇ ਦੀ ਮੌਤ ’ਤੇ ਉਹ ਇਸੇ ਤਰ੍ਹਾਂ ਹੀ ਜਾਂਚ ਕਰਦੀ ਹੈ।

ਪਰ ਜਿਨ੍ਹਾਂ ਸਾਬਕਾ ਇਜ਼ਰਾਇਲੀ ਸੈਨਿਕਾਂ ਨੂੰ ਬੀਬੀਸੀ ਨੇ ਆਪਣੇ ਸਬੂਤ ਵਿਖਾਏ, ਉਨ੍ਹਾਂ ਦਾ ਕਹਿਣਾ ਹੈ ਕਿ , “ਇਜ਼ਰਾਈਲ ਦੀ ਕਾਨੂੰਨੀ ਪ੍ਰਣਾਲੀ ਆਪਣੇ ਸੈਨਿਕਾਂ ਦੀ ਹਿਫ਼ਾਜ਼ਤ ਕਰੇਗੀ, ਫਿਰ ਭਾਵੇਂ ਉਹ ਕਾਰਵਾਈ ਜਾਇਜ਼ ਹੋਵੇ ਜਾਂ ਨਾ ਹੋਵੇ।”

2018-2020 ਦੌਰਾਨ ਵੈਸਟ ਬੈਂਕ ’ਚ ਆਪਣੀਆਂ ਸੇਵਾਵਾਂ ਦੇ ਚੁੱਕੇ ਇੱਕ ਸਾਬਕਾ ਸਾਰਜੈਂਟ ਦਾ ਕਹਿਣਾ ਹੈ ਕਿ “ਜਦੋਂ ਤੱਕ ਕੋਈ ਇਜ਼ਰਾਇਲੀ ਸੈਨਿਕ ਜ਼ੀਰੋ ਰੇਂਜ ਤੋਂ ਇੱਕ ਫਲਸਤੀਨੀ ਦਾ ਕਤਲ ਨਹੀਂ ਕਰਦਾ, ਉਦੋਂ ਤੱਕ ਇਸ ਨੂੰ ਇਜ਼ਰਾਇਲ ’ਚ ਕਤਲ ਨਹੀਂ ਕਿਹਾ ਜਾਵੇਗਾ। ਏਡਮ ਵਰਗੇ ਮਾਮਲਿਆਂ ’ਚ ਸੈਨਿਕਾਂ ਖ਼ਿਲਾਫ਼ ਅਪਰਾਧਿਕ ਮੁਕੱਦਮੇ ਦੀ ਸੰਭਾਵਨਾ ਜ਼ੀਰੋ ਹੈ।”

ਇਜ਼ਰਾਈਲ ਦੇ ਮਨੁੱਖੀ ਅਧਿਕਾਰ ਸੰਗਠਨ ਯੇਸ਼ ਦਿਨ ਦੇ ਅੰਕੜੇ ਦੱਸਦੇ ਹਨ ਕਿ ਇਜ਼ਰਾਇਲੀ ਸੈਨਿਕਾਂ ਦੇ ਖ਼ਿਲਾਫ਼ ਚੱਲਣ ਵਾਲੇ ਮਾਮਲਿਆਂ ’ਚ ਸਿਰਫ 1 ਫ਼ੀਸਦ ਕੇਸਾਂ ’ਚ ਹੀ ਸਜ਼ਾ ਹੁੰਦੀ ਹੈ।

ਆਈਡੀਐੱਫ
ਤਸਵੀਰ ਕੈਪਸ਼ਨ, ਆਈਡੀਐੱਫ ਦਾ ਕਹਿਣਾ ਹੈ ਕਿ ਬਾਸਿਲ (ਖੱਬੇ ਪਾਸੇ) ਦੇ ਹੱਥ ਵਿੱਚ ਵਿਸਫ਼ੋਟਕ ਸਮੱਗਰੀ ਸੀ

ਇਜ਼ਰਾਈਲ ’ਤੇ ਹਮਾਸ ਦਾ ਹਮਲਾ

ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੀ ਫੁਟੇਜ ਸਾਰੀ ਦੁਨੀਆਂ ਨੇ ਵੇਖੀ ਸੀ। ਉਸ ਹਮਲੇ ’ਚ 1200 ਇਜ਼ਰਾਇਲੀ ਮਾਰੇ ਗਏ ਸਨ ਅਤੇ 253 ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ।

ਇਸ ਘਟਨਾ ਤੋਂ ਬਾਅਦ ਇਜ਼ਰਾਈਲ ਦਾ ਗੁੱਸਾ ਸਿਖਰਾਂ ’ਤੇ ਪਹੁੰਚ ਗਿਆ ਸੀ।

ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ’ਤੇ ਹਮਲਾ ਕੀਤਾ। ਉਦੋਂ ਤੋਂ ਹੀ ਪੂਰੀ ਦੁਨੀਆਂ ਦਾ ਧਿਆਨ ਗਾਜ਼ਾ ਦੀ ਜੰਗ ਅਤੇ ਉੱਥੇ ਪੈਦਾ ਹੋਏ ਮਨੁੱਖੀ ਸੰਕਟ ’ਤੇ ਕੇਂਦਰਿਤ ਹੋਇਆ ਹੈ। ਹਮਾਸ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ ਗਾਜ਼ਾ ’ਚ 34,000 ਲੋਕ ਮਾਰੇ ਜਾ ਚੁੱਕੇ ਹਨ।

ਦੂਜੇ ਪਾਸੇ ਗਾਜ਼ਾ ’ਚ ਵੀ ਇਜ਼ਰਾਇਲੀ ਫੌਜ ਦੀਆਂ ਕਾਰਵਾਈਆਂ ਵਧ ਗਈਆਂ ਹਨ। ਇਸ ਸਾਲ ਉੱਥੇ ਰਿਕਾਰਡ ਗਿਣਤੀ ਬੱਚਿਆਂ ਦੀਆਂ ਮੌਤਾਂ ਹੋਈਆਂ ਹਨ।

ਹੇਤਮ
ਤਸਵੀਰ ਕੈਪਸ਼ਨ, 12 ਸਾਲਾ ਹੇਤਮ ਦਾ ਕਹਿਣਾ ਹੈ ਕਿ ਉਸ ਨੂੰ ਇਜ਼ਰਾਈਲੀ ਸੈਨਿਕਾਂ ਨੇ ਚਾਕੂ ਦੀ ਨੋਕ 'ਤੇ ਧਮਕੀ ਦਿੱਤੀ ਸੀ

ਵੈਸਟ ਬੈਂਕ ਜੰਗੀ ਖੇਤਰ ਨਹੀਂ

ਯੂਨੀਸੇਫ ਦੇ ਮੁਤਾਬਕ ਵੈਸਟ ਬੈਂਕ ’ਚ ਸਾਲ 2023 ’ਚ 124 ਬੱਚਿਆਂ ਦੀ ਮੌਤ ਹੋਈ ਸੀ। ਇਨ੍ਹਾਂ ’ਚੋਂ 85 ਮੌਤਾਂ 7 ਅਕਤੂਬਰ ਤੋਂ ਬਾਅਦ ਹੋਈਆਂ ਸਨ।

ਇਸ ਸਾਲ ਹੁਣ ਤੱਕ ਵੈਸਟ ਬੈਂਕ ’ਚ ਇਜ਼ਰਾਇਲੀ ਵਸਨੀਕਾਂ ਅਤੇ ਫੌਜ ਦੇ ਹੱਥੋਂ 36 ਫਲਸਤੀਨੀ ਬੱਚੇ ਮਾਰੇ ਜਾ ਚੁੱਕੇ ਹਨ।

ਕੌਮਾਂਤਰੀ ਕਾਨੂੰਨਾਂ ਦੇ ਅਨੁਸਾਰ ਵੈਸਟ ਬੈਂਕ ਇੱਕ ਯੁੱਧ ਖੇਤਰ ਨਹੀਂ ਹੈ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਉੱਥੇ ਤਾਕਤ ਦੀ ਵਰਤੋਂ ਕੰਟਰੋਲ ’ਚ ਰਹਿ ਕੇ ਕੀਤੀ ਜਾਵੇਗੀ।

ਇਜ਼ਰਾਇਲੀ ਫੌਜ ਯੁੱਧ ਦੀ ਸਥਿਤੀ ’ਚ ਆਪਣੇ ਨਿਯਮਾਂ ਨੂੰ ਗੁਪਤ ਰੱਖਦੀ ਹੈ। ਪਰ ਫੌਜ ਦੇ ਸਾਬਕਾ ਅਤੇ ਮੌਜੂਦਾ ਸੈਨਿਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਮਾਰੂ ਤਾਕਤ ਦੀ ਵਰਤੋਂ ਜਾਨ ਨੂੰ ਖਤਰੇ ਦੀ ਸਥਿਤੀ ’ਚ ਆਖਰੀ ਵਿਕਲਪ ਵੱਜੋਂ ਕੀਤੀ ਜਾਂਦੀ ਹੈ।

ਉਨ੍ਹਾਂ ਦੇ ਅਨੁਸਾਰ ਪਹਿਲਾਂ ਅਰਬੀ ਅਤੇ ਹਿਬਰੂ ’ਚ ਚੇਤਾਵਨੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਅੱਥਰੂ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਕਦਮ ਲੱਤਾਂ ’ਤੇ ਗੋਲੀ ਮਾਰਨ ਦਾ ਹੁੰਦਾ ਹੈ, ਪਰ ਜਦੋਂ ਸਾਰੇ ਹੀ ਤਰੀਕੇ ਅਸਫਲ ਹੋ ਜਾਣ ਤਾਂ ਸਿੱਧੇ ਗੋਲੀ ਚਲਾ ਦਿੱਤੀ ਜਾਂਦੀ ਹੈ।

ਕੰਧ ’ਤੇ ਬਣੀ ਗ੍ਰਿਫ਼ੀਟੀ
ਤਸਵੀਰ ਕੈਪਸ਼ਨ, ਇਕ ਕੰਧ 'ਤੇ ਸਪਰੇਅ ਪੇਂਟ ਦੀ ਮਦਦ ਨਾਲ ਸਟਾਰ ਆਫ ਡੇਵਿਡ ਉਲੀਕਿਆ ਗਿਆ ਹੈ, ਜਦਕਿ ਨਾਲ ਲੱਗਦੀ ਕੰਧ 'ਤੇ 7 ਅਕਤੂਬਰ ਦੀ ਤਾਰੀਖ਼ ਲਿਖੀ ਗਈ ਹੈ।

ਬੀਬੀਸੀ ਨੂੰ ਫਲਸਤੀਨੀ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਸਿਹਤ ਵਿਭਾਗ ਨੇ 112 ਬੱਚਿਆਂ ਦੀ ਮੈਡੀਕਲ ਰਿਪੋਰਟ ਵਿਖਾਈ ਹੈ। ਇਨ੍ਹਾਂ ਦੀ ਉਮਰ 2 ਸਾਲ ਤੋਂ ਲੈ ਕੇ 17 ਸਾਲ ਤੱਕ ਦੀ ਸੀ। ਇਨ੍ਹਾਂ ਦੀ ਮੌਤ ਜਨਵਰੀ 2023 ਤੋਂ ਜਨਵਰੀ 2024 ਦਰਮਿਆਨ ਇਜ਼ਰਾਇਲੀ ਗੋਲੀਆਂ ਨਾਲ ਹੋਈ ਹੈ।

ਇਨ੍ਹਾਂ ਬੱਚਿਆਂ ਦੀ ਮੌਤ ਕਿਹੜੇ ਹਾਲਾਤਾਂ ’ਚ ਹੋਈ ਸੀ, ਇਸ ਸਬੰਧੀ ਅਸੀਂ ਜਾਣਕਾਰੀ ਨਹੀਂ ਜੁਟਾ ਸਕੇ। ਪਰ ਇਹ ਸੰਭਵ ਹੈ ਕਿ ਇਨ੍ਹਾਂ ’ਚੋਂ ਕੁਝ ਅਸਲ ’ਚ ਇਜ਼ਰਾਇਲੀ ਫੌਜ ਲਈ ਖ਼ਤਰਾ ਹੋਣਗੇ।

ਪਰ ਬੀਬੀਸੀ ਦੇ ਵਿਸ਼ਲੇਸ਼ਣ ’ਚ ਪਾਇਆ ਗਿਆ ਹੈ ਕਿ ਉਨ੍ਹਾਂ ’ਚੋਂ 98% ਨੂੰ ਗੋਲੀ ਸਰੀਰ ਦੇ ਉਪਰਲੇ ਹਿੱਸੇ ’ਚ ਲੱਗੀ ਸੀ। ਇਸ ਹਿੱਸੇ ’ਚ ਲੱਗਣ ਵਾਲੀ ਗੋਲੀ ਨਾਲ ਮੌਤ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

ਗੋਲੀ ਲੱਗਣ ਦੇ ਇਸ ਪੈਟਰਨ ਤੋਂ ਲੱਗਦਾ ਹੈ ਕਿ ਸੈਨਿਕ ਬੱਚਿਆ ਦੀ ਜਾਨ ਲੈਣ ਦੇ ਮਕਸਦ ਨਾਲ ਹੀ ਗੋਲੀ ਚਲਾ ਰਹੇ ਸਨ ਨਾ ਕਿ ਉਨ੍ਹਾਂ ਨੂੰ ਜ਼ਖਮੀ ਕਰਨ ਦੇ ਲਈ।

ਇਸ ਤੋਂ ਇਹ ਸਵਾਲ ਵੀ ਸਾਹਮਣੇ ਆਉਂਦਾ ਹੈ ਕਿ ਕੀ ਸੈਨਿਕ ਵੈਸਟ ਬੈਂਕ ’ਚ ਮਾਰੂ ਤਾਕਤ ਦੀ ਵਰਤੋਂ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ?

ਪੰਜ ਹਫ਼ਤਿਆਂ ਤੱਕ ਵੈਸਟ ਬੈਂਕ ’ਚ ਫੌਜੀ ਕਾਰਵਾਈ ਦੇ ਪ੍ਰਭਾਵ ਦੀ ਜਾਂਚ ਕਰਦੇ ਹੋਏ ਅਸੀਂ ਘਟਨਾਵਾਂ ਦੇ ਸਬੂਤ ਇੱਕਠੇ ਕੀਤੇ, ਜੋ ਕਿ ਫੌਜ ਦੇ ਵਿਵਹਾਰ ਦੇ ਬਾਰੇ ’ਚ ਗੰਭੀਰ ਸਵਾਲ ਖੜ੍ਹੇ ਕਰਦੇ ਹਨ।

ਬੀਬੀਸੀ ਨੇ ਜਨਵਰੀ 2024 ’ਚ ਤੁਲਕਾਰਮ ਸ਼ਰਨਾਰਥੀ ਕੈਂਪ ’ਚ ਇਜ਼ਰਾਇਲੀ ਫੌਜ ਦੀ ਇੱਕ ਕਾਰਵਾਈ ਵੇਖੀ ਸੀ, ਜਿਸ ’ਚ ਰੇਜਿਸਟੈਂਸ ਨਾਮ ਦੇ ਇੱਕ ਫਲਸਤੀਨੀ ਸੰਗਠਨ ਨੂੰ ਟਾਰਗੇਟ ਕੀਤਾ ਗਿਆ ਸੀ।

ਬਾਅਦ ’ਚ ਕਈ ਸਥਾਨਕ ਲੋਕਾਂ ਨੇ ਦੱਸਿਆ ਕਿ ਫੌਜ ਨੇ ਉਨ੍ਹਾਂ ਨੂੰ ਬੰਦੂਕ ਨਾਲ ਡਰਾ-ਧਮਕਾ ਕੇ ਕਿਹਾ ਕਿ ਉਹ ਸਾਰੇ ਵੈਸਟ ਬੈਂਕ ਛੱਡ ਕੇ ਜਾਰਡਨ ਚਲੇ ਜਾਣ।

ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਇਨ੍ਹਾਂ ਸ਼ਿਕਾਇਤਾਂ ’ਤੇ ਗੌਰ ਕਰੇਗੀ।

12 ਸਾਲਾ ਹੇਤਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਾਕੂ ਦੀ ਨੋਕ ’ਤੇ ਇਜ਼ਰਾਇਲੀ ਸੈਨਿਕਾਂ ਨੇ ਧਮਕੀਆਂ ਦਿੱਤੀਆਂ ਸਨ। ਹੇਤਮ ਦੇ ਪਿਤਾ ਅਤੇ ਭਰਾ ਵੀ ਉਨ੍ਹਾਂ ਦੇ ਇਸ ਦਾਅਵੇ ਦੀ ਹਿਮਾਇਤ ਕਰਦੇ ਹਨ।

ਤੁਲਕਰਮ ਸ਼ਰਨਾਰਥੀ ਕੈਂਪ
ਤਸਵੀਰ ਕੈਪਸ਼ਨ, ਆਈਡੀਐੱਫ ਦੀ ਕਾਰਵਾਈ ਤੋਂ ਬਾਅਦ ਤੁਲਕਰਮ ਸ਼ਰਨਾਰਥੀ ਕੈਂਪ ਵਿੱਚ ਤਬਾਹੀ ਦਾ ਦ੍ਰਿਸ਼

ਸ਼ਰਨਾਰਥੀ ਕੈਂਪ ਦੀ ਗ੍ਰੈਫ਼ਿਟੀ

ਬੀਬੀਸੀ ਨੂੰ ਇੱਕ ਸ਼ਰਾਨਥੀ ਕੈਂਪ ’ਚ ਅਲ-ਅਕਸਾ ਮਸਜਿਦ ਦੀ ਇੱਕ ਗ੍ਰੈਫ਼ਿਟੀ ਮਿਲੀ। ਅਲ-ਅਕਸਾ ਨੂੰ ਮੱਕਾ ਅਤੇ ਮਦੀਨਾ ਤੋਂ ਬਾਅਦ ਇਸਲਾਮ ਦੀ ਤੀਜੀ ਅਹਿਮ (ਪਵਿੱਤਰ) ਮਸਜਿਦ ਮੰਨਿਆ ਜਾਂਦਾ ਹੈ।

ਇਸ ਦੇ ਨਾਲ ਹੀ ਇੱਕ ਕੰਧ ’ਤੇ ਸਟਾਰ ਆਫ਼ ਡੇਵਿਡ ਵੀ ਉੱਕਰਿਆ ਹੋਇਆ ਸੀ। ਕੰਧ ’ਤੇ ਹਿਬਰੂ ਭਾਸ਼ਾ ’ਚ 7 ਅਕਤੂਬਰ ਵੀ ਲਿਖਿਆ ਹੋਇਆ ਸੀ। ਉਸੇ ਦਿਨ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਸੀ।

ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਦੇ ਬਿਲਕੁਲ ਉਲਟ ਹਨ।

ਕਈ ਘਰਾਂ ’ਚ ਭੰਨਤੋੜ ਹੋਈ ਹੈ, ਰਸੋਈਘਰ ਟੁੱਟੇ ਹਨ। ਬੱਚਿਆਂ ਦੇ ਖਿਡੌਣੇ ਖਿੱਲਰੇ ਪਏ ਹਨ ਅਤੇ ਟੀਵੀ ਵੀ ਤੋੜੇ ਗਏ ਹਨ।

ਸਾਰੇ ਕੈਂਪ ’ਚ ਲਗਭਗ ਹਰ ਘਰ ਦੀ ਇਹੀ ਕਹਾਣੀ ਸੀ।

ਯਰੂਸ਼ਲਮ ਦੇ ਡਾਇਕੋਨੀਆ ਇੰਟਰਨੈਸ਼ਨਲ ਹਿਊਮੈਨਟੇਰੀਅਨ ਲਾਅ ਸੈਂਟਰ ਦੇ ਇੱਕ ਕਾਨੂੰਨੀ ਮਾਹਰ , ਡਾਕਟਰ ਆਈਟਨ ਡਾਇਮੰਡ ਦਾ ਕਹਿਣਾ ਹੈ ਕਿ “ ਲੋਕਾਂ ਦੇ ਘਰਾਂ ’ਚ ਸਟਾਰ ਆਫ਼ ਡੇਵਿਡ ਲਿਖਣਾ, ਅਕਤੂਬਰ 7 ਉਕੇਰਨਾ, ਭੰਨਤੋੜ ਕਰਨਾ , ਇਹ ਸਭ ਗੈਰ-ਕਾਨੂੰਨੀ ਹੈ।”

ਉਹ ਅੱਗੇ ਕਹਿੰਦੇ ਹਨ ਕਿ ਚਾਕੂ ਦੀ ਨੋਕ ’ਤੇ ਧਮਕੀ ਅਤੇ ਬੰਦੂਕ ਵਿਖਾ ਕੇ ਲੋਕਾਂ ਨੂੰ ਡਰਾਉਣਾ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋ ਸਕਦੀ ਹੈ।

ਜਿਸ ਕਾਰਵਾਈ ’ਚ ਬੀਬੀਸੀ ਦੀ ਟੀਮ ਨਾਲ ਸੀ, ਉਸ ’ਤੇ ਸਥਾਨਕ ਲੋਕਾਂ ਨੇ ਸਵਾਲ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਕਥਿਤ ਫਲਸਤੀਨੀ ਮੁੰਡੇ ਨੂੰ ਮਾਰਨ ਤੋਂ ਬਾਅਦ, ਉਸ ਦੀ ਮ੍ਰਿਤਕ ਦੇਹ ’ਤੇ ਪੇਸ਼ਾਬ ਕੀਤਾ ਗਿਆ ਅਤੇ ਲਾਸ਼ ਨੂੰ ਬੰਨ੍ਹ ਕੇ ਗਲੀਆਂ ’ਚ ਘਸੀਟਿਆ ਗਿਆ।

ਮਿਲਟਿਰੀ
ਤਸਵੀਰ ਕੈਪਸ਼ਨ, ਇਜ਼ਰਾਈਲ ਦਾ ਕਹਿਣਾ ਹੈ ਕਿ ਵੈਸਟ ਬੈਂਕ ਵਿੱਚ ਉਸ ਦੀ ਫੌਜੀ ਕਾਰਵਾਈ ਫਲਸਤੀਨੀ ਹਥਿਆਰਬੰਦ ਸਮੂਹਾਂ ਦੇ ਖ਼ਿਲਾਫ਼ ਹੈ

ਬੀਬੀਸੀ ਨੂੰ ਹੋਰ ਕਿਹੜੇ ਸਬੂਤ ਮਿਲੇ

ਬੀਬੀਸੀ ਨੂੰ ਬੰਨ੍ਹੀ ਹੋਈ ਲਾਸ਼ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਹਨ। ਇਸ ਖੂਨੀ ਦ੍ਰਿਸ਼ ਦੀ ਜਾਂਚ ਕਰਦੇ ਹੋਏ ਸਾਨੂੰ ਕੱਪੜੇ ਦੇ ਟੁੱਕੜੇ ਅਤੇ ਤਾਰਾਂ ਮਿਲੀਆਂ ਹਨ।

ਇਹ ਸਾਮਾਨ ਕੁਝ ਅਜਿਹਾ ਹੀ ਸੀ, ਜੋ ਕਿ ਸਾਨੂੰ ਤਸਵੀਰਾਂ ’ਚ ਵਿਖਾਇਆ ਗਿਆ ਸੀ।

ਬੀਬੀਸੀ ਨੇ ਜੋ ਸਬੂਤ ਇੱਕਠੇ ਕੀਤੇ ਸਨ ਉਨ੍ਹਾਂ ਨੂੰ ਇੱਕ ਵਾਰ ਸੁਤੰਤਰ ਮਾਹਰਾਂ ਨੂੰ ਵਿਖਾਇਆ ਗਿਆ।

ਪ੍ਰੋਫੈਸਰ ਮਾਰਕੋ ਸਾਸੋਲੀ ਯੂਨੀਵਰਸਿਟੀ ਆਫ਼ ਜੇਨੇਵਾ ’ਚ ਅੰਤਰਰਾਸ਼ਟਰੀ ਕਾਨੂੰਨ ਦੇ ਮਾਹਰ ਹਨ।

ਉਨ੍ਹਾਂ ਦਾ ਕਹਿਣਾ ਹੈ, “ਭਾਵੇਂ ਮ੍ਰਿਤਕ ਨੂੰ ਕਾਨੂੰਨੀ ਢੰਗ ਨਾਲ ਹੀ ਕਿਉਂ ਨਾ ਮਾਰਿਆ ਗਿਆ ਹੋਵੇ, ਉਸ ਦੀ ਦੇਹ ਨਾਲ ਸਨਮਾਨ ਪੂਰਵਕ ਵਤੀਰਾ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਜੋ ਰਿਪੋਰਟ ਕਰ ਰਹੇ ਹੋ ਉਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਨੂੰ ਯੁੱਧ ਅਪਰਾਧ ਵੀ ਕਰਾਰ ਦਿੱਤਾ ਜਾਵੇ।”

ਦੂਜੇ ਪਾਸੇ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਮ੍ਰਿਤਕ ਮੁੰਡੇ ਦੇ ਸਰੀਰ ਦੀ ਜਾਂਚ ਤੋਂ ਬਾਅਦ ਵਿਸਫੋਟਕ ਪਾਏ ਗਏ ਸਨ ਅਤੇ ਰੈੱਡ ਕ੍ਰੀਸੈਂਟ ਦੇ ਲੋਕ ਵੀ ਉਸ ਦੀ ਮ੍ਰਿਤਮ ਦੇਹ ਨੂੰ ਹੱਥ ਨਹੀਂ ਲਗਾ ਰਹੇ ਸਨ।

ਫੌਜ ਨੇ ਕਿਹਾ, “ ਇਸੇ ਕਰਕੇ ਫੌਜ ਨੂੰ ਉਸ ਦੇ ਹੱਥ ਅਤੇ ਪੈਰ ਬੰਨ੍ਹਣੇ ਪਏ ਤਾਂ ਜੋ ਹਰ ਕਿਸੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਦੇ ਨਾਲ ਇਹ ਵੀ ਪਤਾ ਲੱਗ ਸਕੇ ਕਿ ਕਿਤੇ ਉਸ ਦੇ ਸਰੀਰ ’ਚ ਕੋਈ ਹਥਿਆਰ ਤਾਂ ਨਹੀਂ ਲੁਕਿਆ ਹੈ।”

ਜਿਹੜੇ ਸਾਬਕਾ ਇਜ਼ਰਾਇਲੀ ਸੈਨਿਕਾਂ ਨੂੰ ਬੀਬੀਸੀ ਨੇ ਸਾਰੇ ਸਬੂਤ ਵਿਖਾਏ, ਉਨ੍ਹਾਂ ’ਚੋਂ ਕੁਝ ਨੇ ਕਿਹਾ ਸੀ ਕਿ ਸੰਭਵ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਵੈਸਟ ਬੈਂਕ ’ਚ ਫਲਸਤੀਨੀਆਂ ਦਾ ਗੁੱਸਾ ਅਤੇ ਇਜ਼ਰਾਈਲ ਪ੍ਰਤੀ ਮੁਖ਼ਾਲਫ਼ਤ ਵਧਦੀ ਜਾ ਰਹੀ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)