ਈਰਾਨ ਇਜ਼ਰਾਈਲ ਤੋਂ ਕਿੰਨਾ ਦੂਰ ਹੈ ਤੇ ਦੋਵਾਂ ਦੀ ਫੌਜੀ ਤਾਕਤ ਇੱਕ-ਦੂਜੇ ਤੋਂ ਕਿੰਨੀ ਵੱਖਰੀ ਹੈ, ਦੋਵਾਂ ਮੁਲਕਾਂ ਬਾਰੇ ਹਰੇਕ ਗੱਲ ਸਮਝੋ

ਤਸਵੀਰ ਸਰੋਤ, Getty Images
- ਲੇਖਕ, ਆਰਿਫ ਸ਼ਮੀਮ
- ਰੋਲ, ਬੀਬੀਸੀ ਪੱਤਰਕਾਰ
ਸ਼ਨੀਵਾਰ 13 ਅਪ੍ਰੈਲ ਦੀ ਰਾਤ ਤੋਂ ਇਜ਼ਰਾਈਲ 'ਤੇ ਈਰਾਨ ਦੇ ਸ਼ੁਰੂ ਹੋਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਇੱਕ ਵਾਰ ਫਿਰ ਮੱਧ ਪੂਰਬ ਵਿੱਚ ਵੱਡੇ ਪੱਧਰ ਦੇ ਤਣਾਅ ਦਾ ਖੌਫ਼ ਪੈਦਾ ਕਰ ਦਿੱਤਾ ਹੈ।
ਹਾਲਾਂਕਿ ਇਸ ਨਾਲ ਇਜ਼ਰਾਈਲ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ, ਪਰ 300 ਤੋਂ ਵੱਧ ਵਿਸਫੋਟਕ ਮਿਜ਼ਾਇਲਾਂ ਦੀ ਬਾਛੜ ਨੇ ਦੂਰੀ ਤੋਂ ਹਮਲਾ ਕਰਨ ਦੀ ਈਰਾਨ ਦੀ ਸਮਰੱਥਾ ਦਾ ਪ੍ਰਦਰਸ਼ਨ ਜ਼ਰੂਰ ਕੀਤਾ ਹੈ।
ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਇਹ ਟਕਰਾਅ ਹੋਰਾਂ ਵੱਲੋਂ ਉਕਸਾਇਆ ਗਿਆ ਹੈ ਜੋ ਸਿੱਧੇ ਤੌਰ ’ਤੇ ਖ਼ੁਦ ਇਸ ਵਿੱਚ ਸ਼ਾਮਲ ਨਹੀਂ ਹਨ। ਇਸ ਕਾਰਨ ਇਹ ਟਕਰਾਅ ਡੂੰਘਾ ਹੋ ਗਿਆ ਹੈ ਜਿਸ ਵਿੱਚ ਈਰਾਨ ਦੇ ਸਹਿਯੋਗੀ ਸਮੂਹਾਂ ਨੇ ਇਜ਼ਰਾਈਲ ’ਤੇ ਹਮਲੇ ਕੀਤੇ ਅਤੇ ਈਰਾਨ ’ਤੇ ਹੋਏ ਹਮਲੇ ਲਈ ਵਿਆਪਕ ਤੌਰ 'ਤੇ ਇਜ਼ਰਾਈਲ ਜ਼ਿੰਮੇਵਾਰ ਹੈ।

ਤਸਵੀਰ ਸਰੋਤ, Getty Images
ਇਜ਼ਰਾਈਲ ਪਹਿਲਾਂ ਹੀ ਗਾਜ਼ਾ ਵਿੱਚ ਜੰਗ ਜਾਰੀ ਰੱਖਣ ਲਈ ਵਚਨਬੱਧ ਹੈ ਅਤੇ ਲੇਬਨਾਨੀ ਸਮੂਹ ਹਿਜ਼ਬੁੱਲ੍ਹਾ ਨਾਲ ਵਧ ਰਹੀ ਸੀਮਾ ਪਾਰ ਲੜਾਈ ਦਾ ਵੀ ਸਾਹਮਣਾ ਕਰ ਰਿਹਾ ਹੈ, ਇਸ ਲਈ ਉਸ ਨੂੰ ਅੱਗੇ ਵਧਣ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ।
ਇਜ਼ਰਾਈਲੀ ਫੌਜ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਕਰਨਲ ਹਰਜ਼ੇਈ ਹਲੇਵੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸ਼ਨੀਵਾਰ ਨੂੰ ਕੀਤੇ ਗਏ ਹਮਲੇ ਦਾ ਜਵਾਬ ਦੇਵੇਗਾ, ਪਰ ਉਨ੍ਹਾਂ ਨੇ ਵਿਸਥਾਰ ਨਾਲ ਨਹੀਂ ਦੱਸਿਆ।
ਇਸ ਦੌਰਾਨ, ਈਰਾਨ ਦੇ ਉਪ ਵਿਦੇਸ਼ ਮੰਤਰੀ ਅਲੀ ਬਘੇਰੀ ਕਾਨੀ ਨੇ ਸਰਕਾਰੀ ਟੀਵੀ ਨੂੰ ਕਿਹਾ ਹੈ ਕਿ ਇਜ਼ਰਾਈਲੀ ਹਮਲੇ ਦਾ ਜਵਾਬ ਘੰਟਿਆਂ ਵਿੱਚ ਨਹੀਂ, ਬਲਕਿ ਸਕਿੰਟਾਂ ਵਿੱਚ ਦਿੱਤਾ ਜਾਵੇਗਾ।

ਤਸਵੀਰ ਸਰੋਤ, TASNIM NEWS AGENCY
ਕਿਸ ਦਾ ਪਲੜਾ ਭਾਰਾ ਹੈ?
ਬੀਬੀਸੀ ਨੇ ਹੇਠਾਂ ਸੂਚੀਬੱਧ ਕੀਤੇ ਗਏ ਸਰੋਤਾਂ ਦੀ ਵਰਤੋਂ ਕਰਕੇ ਇਸ ਪ੍ਰਸ਼ਨ ਦਾ ਮੁਲਾਂਕਣ ਕੀਤਾ ਹੈ, ਹਾਲਾਂਕਿ ਹਰੇਕ ਦੇਸ਼ ਕੋਲ ਮਹੱਤਵਪੂਰਨ ਸਮਰੱਥਾ ਹੋ ਸਕਦੀ ਹੈ ਜਿਸ ਨੂੰ ਗੁਪਤ ਰੱਖਿਆ ਜਾਂਦਾ ਹੈ।
ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈਆਈਐੱਸਐੱਸ) ਸਟੀਕ ਅੰਦਾਜ਼ਾ ਲਾਉਣ ਲਈ ਵਿਭਿੰਨ ਅਧਿਕਾਰਤ ਅਤੇ ਓਪਨ ਸੋਰਸ ਤਰੀਕਿਆਂ ਦੀ ਵਰਤੋਂ ਕਰਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਹਥਿਆਰਾਂ ਦੀ ਸਮਰੱਥਾ ਦੀ ਤੁਲਨਾ ਕਰਦਾ ਹੈ।
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਵਰਗੇ ਹੋਰ ਸੰਗਠਨ ਵੀ ਮੁਲਾਂਕਣ ਕਰਦੇ ਹਨ, ਪਰ ਉਨ੍ਹਾਂ ਦੇਸ਼ਾਂ ਲਈ ਸਟੀਕਤਾ ਵੱਖਰੀ ਹੋ ਸਕਦੀ ਹੈ ਜੋ ਅਕਸਰ ਅੰਕੜੇ ਜਾਰੀ ਨਹੀਂ ਕਰਦੇ।
ਹਾਲਾਂਕਿ, ਪੀਸ ਰਿਸਰਚ ਇੰਸਟੀਚਿਊਟ ਓਸਲੋ (ਪੀਆਰਆਈਓ) ਦੇ ਨਿਕੋਲਸ ਮਾਰਸ਼ ਦਾ ਕਹਿਣਾ ਹੈ ਕਿ ਆਈਆਈਐੱਸਐੱਸ ਨੂੰ ਦੁਨੀਆ ਭਰ ਦੇ ਦੇਸ਼ਾਂ ਦੀ ਫੌਜੀ ਤਾਕਤ ਦਾ ਮੁਲਾਂਕਣ ਕਰਨ ਲਈ ਬੈਂਚਮਾਰਕ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਆਈਆਈਐੱਸਐੱਸ ਦਾ ਕਹਿਣਾ ਹੈ ਕਿ ਇਜ਼ਰਾਈਲ ਆਪਣੇ ਰੱਖਿਆ ਬਜਟ ’ਤੇ ਈਰਾਨ ਨਾਲੋਂ ਜ਼ਿਆਦਾ ਖਰਚ ਕਰਦਾ ਹੈ, ਜੋ ਉਸ ਨੂੰ ਕਿਸੇ ਵੀ ਸੰਭਾਵੀ ਟਕਰਾਅ ਦੀ ਸਥਿਤੀ ਵਿੱਚ ਮਹੱਤਵਪੂਰਨ ਤਾਕਤ ਪ੍ਰਦਾਨ ਕਰਦਾ ਹੈ।
ਆਈਆਈਐੱਸਐੱਸ ਦਾ ਕਹਿਣਾ ਹੈ ਕਿ 2022 ਅਤੇ 2023 ਵਿੱਚ ਈਰਾਨ ਦਾ ਰੱਖਿਆ ਬਜਟ ਲਗਭਗ 7.4 ਬਿਲੀਅਨ ਡਾਲਰ ਸੀ, ਜਦੋਂ ਕਿ ਇਜ਼ਰਾਈਲ ਦਾ ਇਸ ਤੋਂ ਦੁੱਗਣਾ ਲਗਭਗ 19 ਬਿਲੀਅਨ ਡਾਲਰ ਸੀ।
ਆਪਣੇ ਕੁੱਲ ਘਰੇਲੂ ਉਤਪਾਦ ਦੀ ਤੁਲਨਾ ਵਿੱਚ ਇਜ਼ਰਾਈਲ ਦਾ ਰੱਖਿਆ ਖਰਚ ਵੀ ਈਰਾਨ ਤੋਂ ਦੁੱਗਣਾ ਹੈ।

ਤਸਵੀਰ ਸਰੋਤ, Reuters
ਤਕਨੀਕੀ ਲਾਭ
ਆਈਆਈਐੱਸਐੱਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲ ਕੋਲ ਲੜਾਈ ਲਈ 340 ਫੌਜੀ ਜਹਾਜ਼ ਤਿਆਰ ਹਨ, ਜੋ ਇਸ ਨੂੰ ਸਟੀਕ ਹਵਾਈ ਹਮਲਿਆਂ ਦੀ ਤਾਕਤ ਪ੍ਰਦਾਨ ਕਰਦੇ ਹਨ।
ਜੈੱਟ ਜਹਾਜ਼ਾਂ ਵਿੱਚ ਲੰਬੀ ਦੂਰੀ ਦੀ ਮਾਰ ਦੀ ਸਮਰੱਥਾ ਵਾਲੇ ਐੱਫ਼-15 ਜਹਾਜ਼, ਐੱਫ਼-35s - ਉੱਚ ਤਕਨੀਕ ਵਾਲੇ ‘ਸਟੀਲਥ’ ਜਹਾਜ਼ ਹਨ ਜੋ ਰਾਡਾਰ ਤੋਂ ਬਚ ਸਕਦੇ ਹਨ ਅਤੇ ਤੇਜ਼ੀ ਨਾਲ ਹਮਲਾ ਕਰਨ ਵਾਲੇ ਹੈਲੀਕਾਪਟਰ ਹਨ।
ਆਈਆਈਐੱਸਐੱਸ ਦਾ ਅੰਦਾਜ਼ਾ ਹੈ ਕਿ ਈਰਾਨ ਕੋਲ ਤਕਰੀਬਨ 320 ਲੜਾਕੂ ਜਹਾਜ਼ ਹਨ।
ਇਹ ਜੈੱਟ 1960 ਦੇ ਦਹਾਕੇ ਦੇ ਹਨ ਅਤੇ ਇਨ੍ਹਾਂ ਵਿੱਚ ਐੱਫ਼-4ਐੱਸ, ਐੱਫ਼-5ਐੱਸ ਅਤੇ ਐੱਫ਼-14ਐੱਸ ਸ਼ਾਮਲ ਹਨ (ਐੱਫ਼-14ਐੱਸ ਜਹਾਜ਼ 1986 ਦੀ ਫਿਲਮ ਟਾਪ ਗਨ ਵਿੱਚ ਪ੍ਰਸਿੱਧ ਹੋਇਆ ਸੀ)।
ਪਰ ਪੀਆਰਆਈਓ ਦੇ ਨਿਕੋਲਸ ਮਾਰਸ਼ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਪੁਰਾਣੇ ਜਹਾਜ਼ ਅਸਲ ਵਿੱਚ ਉਡਾਣ ਭਰ ਸਕਦੇ ਹਨ, ਕਿਉਂਕਿ ਇਨ੍ਹਾਂ ਦੀ ਮੁਰੰਮਤ ਲਈ ਪੁਰਜ਼ੇ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੋਵੇਗਾ।

ਤਸਵੀਰ ਸਰੋਤ, Getty Images
ਆਇਰਨ ਡੋਮ ਅਤੇ ਐਰੋ
ਇਜ਼ਰਾਈਲ ਦੀ ਰੱਖਿਆ ਦੀ ਰੀੜ੍ਹ ਉਸ ਦੇ ਆਇਰਨ ਡੋਮ ਅਤੇ ਐਰੋ ਸਿਸਟਮ ਹਨ।
ਮਿਜ਼ਾਈਲ ਇੰਜੀਨੀਅਰ ਉਜ਼ੀ ਰੁਬਿਨ ਦੇਸ਼ ਦੇ ਰੱਖਿਆ ਮੰਤਰਾਲੇ ਵਿੱਚ ਇਜ਼ਰਾਈਲ ਮਿਜ਼ਾਈਲ ਰੱਖਿਆ ਸੰਗਠਨ ਦੇ ਸੰਸਥਾਪਕ ਹਨ।
ਉਹ ਹੁਣ ਯੇਰੂਸ਼ਲਮ ਇੰਸਟੀਚਿਊਟ ਫਾਰ ਸਟ੍ਰੈਟਜੀ ਐਂਡ ਸਕਿਓਰਿਟੀ ਦੇ ਸੀਨੀਅਰ ਖੋਜਕਾਰ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਉਦੋਂ ਬਹੁਤ ‘ਸੁਰੱਖਿਅਤ’ ਮਹਿਸੂਸ ਕੀਤਾ ਜਦੋਂ ਉਨ੍ਹਾਂ ਨੇ ਅਤੇ ਕੌਮਾਂਤਰੀ ਸਹਿਯੋਗੀਆਂ ਨੇ ਆਇਰਨ ਡੋਮ (ਇਜ਼ਰਾਈਲੀ ਏਅਰ ਡਿਫੈਂਸ ਸਿਸਟਮ) ਨੂੰ ਤਕਰੀਬਨ ਸਾਰੀਆਂ ਮਿਜ਼ਾਇਲਾਂ ਅਤੇ ਡਰੋਨਾਂ ਨੂੰ ਨਸ਼ਟ ਕਰਦੇ ਦੇਖਿਆ ਜੋ ਈਰਾਨ ਵੱਲੋਂ ਸ਼ਨੀਵਾਰ ਨੂੰ ਇਜ਼ਰਾਈਲ 'ਤੇ ਦਾਗੀਆਂ ਗਈਆਂ ਸਨ।
‘‘ਮੈਨੂੰ ਬਹੁਤ ਸੰਤੁਸ਼ਟੀ ਅਤੇ ਬਹੁਤ ਖੁਸ਼ੀ ਮਹਿਸੂਸ ਹੋਈ... ਇਹ ਆਪਣੇ ਟੀਚਿਆਂ ਪ੍ਰਤੀ ਬਹੁਤ ਸਟੀਕ ਹੈ। ਇਹ ਇੱਕ ਛੋਟੀ ਦੂਰੀ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਕਿਸੇ ਹੋਰ ਸਿਸਟਮ ਵਿੱਚ ਇਸ ਵਰਗਾ ਕੁਝ ਵੀ ਨਹੀਂ ਹੈ।’’
ਈਰਾਨ, ਇਜ਼ਰਾਈਲ ਤੋਂ ਕਿੰਨਾ ਦੂਰ ਹੈ?
ਇਜ਼ਰਾਈਲ ਦੀ ਈਰਾਨ ਤੋਂ ਦੂਰੀ 2,100 ਕਿਲੋਮੀਟਰ ਤੋਂ ਵੱਧ ਹੈ। ਡਿਫੈਂਸ ਆਈ ਦੇ ਸੰਪਾਦਕ ਟਿਮ ਰਿਪਲੇ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਦੀਆਂ ਮਿਜ਼ਾਈਲਾਂ ਦੇਸ਼ ’ਤੇ ਹਮਲਾ ਕਰਨ ਦਾ ਮੁੱਖ ਜ਼ਰੀਆ ਹਨ।
ਈਰਾਨ ਦਾ ਮਿਜ਼ਾਈਲ ਪ੍ਰੋਗਰਾਮ ਮੱਧ ਪੂਰਬ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਵਿਭਿੰਨ ਮੰਨਿਆ ਜਾਂਦਾ ਹੈ।
ਸਾਲ 2022 ਵਿੱਚ ਯੂਐੱਸ ਸੈਂਟਰਲ ਕਮਾਂਡ ਦੇ ਜਨਰਲ ਕੈਨੇਥ ਮੈਕੇਂਜੀ ਨੇ ਕਿਹਾ ਸੀ ਕਿ ਈਰਾਨ ਕੋਲ ‘3,000 ਤੋਂ ਵੱਧ’ ਬੈਲਿਸਟਿਕ ਮਿਜ਼ਾਈਲਾਂ ਹਨ।
ਸੀਐੱਸਆਈਐੱਸ ਮਿਜ਼ਾਈਲ ਡਿਫੈਂਸ ਪ੍ਰੋਜੈਕਟ ਦੇ ਮੁਤਾਬਕ ਇਜ਼ਰਾਈਲ ਕਈ ਦੇਸ਼ਾਂ ਨੂੰ ਮਿਜ਼ਾਈਲਾਂ ਬਰਾਮਦ ਵੀ ਕਰਦਾ ਹੈ।

ਤਸਵੀਰ ਸਰੋਤ, Getty Images
ਈਰਾਨ ਦੀਆਂ ਮਿਜ਼ਾਈਲਾਂ ਅਤੇ ਡਰੋਨ
ਈਰਾਨ ਨੇ 1980 ਤੋਂ 1988 ਤੱਕ ਆਪਣੇ ਗੁਆਂਢੀ ਦੇਸ਼ ਈਰਾਕ ਨਾਲ ਲੜਾਈ ਤੋਂ ਬਾਅਦ ਆਪਣੇ ਮਿਜ਼ਾਈਲ ਸਿਸਟਮ ਅਤੇ ਡਰੋਨਾਂ ’ਤੇ ਵਿਆਪਕ ਕੰਮ ਕੀਤਾ ਹੈ।
ਇਸ ਨੇ ਛੋਟੀ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਡਰੋਨ ਵਿਕਸਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਾਲ ਹੀ ਵਿੱਚ ਇਜ਼ਰਾਈਲ ’ਤੇ ਦਾਗੇ ਗਏ ਸਨ।
ਹੂਤੀ ਵਿਦਰੋਹੀਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮਿਜ਼ਾਈਲਾਂ ਦਾ ਅਧਿਐਨ ਕਰਨ ਵਾਲੇ ਵਿਸ਼ਲੇਸ਼ਕਾਂ ਨੇ ਸਿੱਟਾ ਕੱਢਿਆ ਹੈ ਕਿ ਉਹ ਈਰਾਨ ਵਿੱਚ ਬਣੀਆਂ ਸਨ।

ਤਸਵੀਰ ਸਰੋਤ, Getty Images
ਲੰਬੀ ਦੂਰੀ ਦੇ ਹਮਲੇ ਰਾਹੀਂ ‘ਸਜ਼ਾ’ ਦਿਓ
ਡਿਫੈਂਸ ਆਈ ਦੇ ਟਿਮ ਰਿਪਲੇ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਈਰਾਨ ਨਾਲ ਜ਼ਮੀਨੀ ਲੜਾਈ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ, ਇਜ਼ਰਾਈਲ ਦਾ ਵੱਡਾ ਫਾਇਦਾ ਇਸ ਦੀ ਹਵਾਈ ਸ਼ਕਤੀ ਅਤੇ ਇਸ ਦੇ ਮਾਰਗਦਰਸ਼ਨ ਕਰਨ ਵਾਲੇ ਹਥਿਆਰ ਹਨ।
''ਇਸ ਲਈ ਇਸ ਦੀ ਈਰਾਨ ਵਿੱਚ ਮੁੱਖ ਟੀਚਿਆਂ ਖ਼ਿਲਾਫ਼ ਹਵਾਈ ਹਮਲੇ ਕਰਨ ਦੀ ਸਮਰੱਥਾ ਹੈ।’’
ਰਿਪਲੇ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਅਧਿਕਾਰੀਆਂ ਨੂੰ ਮਾਰਨ ਅਤੇ ਹਵਾ ਵਿੱਚੋਂ ਹੀ ਤੇਲ ਦੇ ਸਥਾਨਾਂ ਨੂੰ ਨਸ਼ਟ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਹੈ।
‘‘ਵਿਰੋਧੀ ਨੂੰ ਸਜ਼ਾ ਦੇਣਾ ਇਸ ਦੇ ਕੇਂਦਰ ਵਿੱਚ ਹੈ... ਇਜ਼ਰਾਈਲੀ ਫੌਜੀ ਅਤੇ ਰਾਜਨੀਤਿਕ ਨੇਤਾ ਹਰ ਸਮੇਂ ਇਸ ਸ਼ਬਦ ਦੀ ਵਰਤੋਂ ਕਰਦੇ ਹਨ।”
‘‘ਇਹ ਉਨ੍ਹਾਂ ਦੇ ਫ਼ਲਸਫੇ ਦਾ ਹਿੱਸਾ ਹੈ ਕਿ ਉਨ੍ਹਾਂ ਨੂੰ ਆਪਣੇ ਵਿਰੋਧੀਆਂ ਨੂੰ ਇਜ਼ਰਾਈਲ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਲਈ ਮਜਬੂਰ ਕਰਨ ਦਾ ਕਸ਼ਟ ਦੇਣਾ ਹੈ।’’
ਪਿਛਲੇ ਸਮੇਂ ਵਿੱਚ ਹਵਾਈ ਹਮਲਿਆਂ ਵਿੱਚ ਉੱਚੇ ਅਹੁਦਿਆਂ ਵਾਲੇ ਈਰਾਨੀ ਫੌਜੀ ਅਤੇ ਨਾਗਰਿਕ ਮਾਰੇ ਗਏ ਹਨ, ਜਿਸ ਵਿੱਚ 1 ਅਪ੍ਰੈਲ ਨੂੰ ਸੀਰੀਆ ਦੀ ਰਾਜਧਾਨੀ ਵਿੱਚ ਇੱਕ ਈਰਾਨੀ ਵਣਜ ਦੂਤਘਰ ਦੀ ਇਮਾਰਤ ਨੂੰ ਤਬਾਹ ਕਰਨਾ ਵੀ ਸ਼ਾਮਲ ਹੈ, ਜਿਸਨੇ ਈਰਾਨ ਨੂੰ ਹਮਲਾ ਕਰਨ ਲਈ ਉਕਸਾਇਆ ਸੀ।
ਇਜ਼ਰਾਈਲ ਨੇ ਪ੍ਰਮੁੱਖ ਈਰਾਨੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਰ ਨਾ ਹੀ ਇਸ ਨੇ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ।
ਆਈਆਈਐੱਸਐੱਸ ਦੀਆਂ ਰਿਪੋਰਟਾਂ ਮੁਤਾਬਕ ਈਰਾਨ ਦੀ ਜਲ ਸੈਨਾ ਕੋਲ ਲਗਭਗ 220 ਜਹਾਜ਼ ਹਨ, ਜਦੋਂ ਕਿ ਇਜ਼ਰਾਈਲ ਕੋਲ ਤਕਰੀਬਨ 60 ਜਹਾਜ਼ ਹਨ।

ਤਸਵੀਰ ਸਰੋਤ, Getty Images
ਸਾਈਬਰ ਹਮਲੇ
ਸਾਈਬਰ ਹਮਲੇ ਵਿੱਚ ਈਰਾਨ ਦੀ ਤੁਲਨਾ ਵਿੱਚ ਇਜ਼ਰਾਈਲ ਕੋਲ ਗੁਆਉਣ ਲਈ ਹੋਰ ਵੀ ਬਹੁਤ ਕੁਝ ਹੈ।
ਈਰਾਨ ਦੀ ਰੱਖਿਆ ਪ੍ਰਣਾਲੀ ਇਜ਼ਰਾਈਲ ਦੇ ਮੁਕਾਬਲੇ ਤਕਨੀਕੀ ਤੌਰ 'ਤੇ ਘੱਟ ਵਿਕਸਿਤ ਹੈ, ਇਸ ਲਈ ਇਜ਼ਰਾਈਲ ਦੀ ਫੌਜ ’ਤੇ ਇਲੈਕਟ੍ਰਾਨਿਕ ਹਮਲੇ ਨਾਲ ਬਹੁਤ ਕੁਝ ਹਾਸਲ ਹੋ ਸਕਦਾ ਹੈ।
ਇਜ਼ਰਾਈਲ ਦੀ ਸਰਕਾਰ ਦੇ ਨੈਸ਼ਨਲ ਸਾਈਬਰ ਡਾਇਰੈਕਟੋਰੇਟ ਦਾ ਕਹਿਣਾ ਹੈ, “ਸਾਈਬਰ ਹਮਲਿਆਂ ਦੀ ਤੀਬਰਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ, ਇਹ ਘੱਟੋ ਘੱਟ ਤਿੰਨ ਗੁਣਾ ਜ਼ਿਆਦਾ ਹੈ ਅਤੇ ਹਰ ਇਜ਼ਰਾਈਲ ਖੇਤਰ ਵਿੱਚ ਹਮਲੇ ਹੋ ਰਹੇ ਹਨ।”
‘‘ਯੁੱਧ ਦੇ ਦੌਰਾਨ ਈਰਾਨ ਅਤੇ ਹਿਜ਼ਬੁੱਲ੍ਹਾ (ਲੇਬਨਾਨੀ ਅੱਤਵਾਦੀ ਅਤੇ ਰਾਜਨੀਤਿਕ ਸੰਗਠਨ) ਵਿਚਕਾਰ ਸਹਿਯੋਗ ਵਧਿਆ ਹੈ।’’
ਉਨ੍ਹਾਂ ਦੱਸਿਆ ਕਿ 7 ਅਕਤੂਬਰ ਦੇ ਹਮਲਿਆਂ ਤੋਂ 2023 ਦੇ ਅੰਤ ਤੱਕ 3,380 ਸਾਈਬਰ ਹਮਲੇ ਹੋਏ ਸਨ।
ਈਰਾਨ ਦੇ ਨਾਗਰਿਕ ਸੁਰੱਖਿਆ ਸੰਗਠਨ ਦੇ ਮੁਖੀ, ਬ੍ਰਿਗੇਡੀਅਰ ਜਨਰਲ ਘੋਲਮਰੇਜ਼ਾ ਜਲਾਲੀ ਨੇ ਕਿਹਾ ਕਿ ਈਰਾਨ ਨੇ ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਤੋਂ ਪਹਿਲਾਂ ਮਹੀਨੇ ਵਿੱਚ ਤਕਰੀਬਨ 200 ਸਾਈਬਰ-ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਦਸੰਬਰ ਵਿੱਚ, ਈਰਾਨ ਦੇ ਤੇਲ ਮੰਤਰੀ ਜਾਵੇਦ ਓਜੀ ਨੇ ਕਿਹਾ ਕਿ ਇੱਕ ਸਾਈਬਰ ਹਮਲੇ ਕਾਰਨ ਦੇਸ਼ ਭਰ ਵਿੱਚ ਪੈਟਰੋਲ ਸਟੇਸ਼ਨਾਂ ਨੂੰ ਵਿਘਨ ਦਾ ਸਾਹਮਣਾ ਕਰਨਾ ਪਿਆ ਸੀ।

ਤਸਵੀਰ ਸਰੋਤ, Getty Images
ਪਰਮਾਣੂ ਖਤਰਾ
ਮੰਨਿਆ ਜਾਂਦਾ ਹੈ ਕਿ ਇਜ਼ਰਇਲ ਕੋਲ ਆਪਣੇ ਪਰਮਾਣੂ ਹਥਿਆਰ ਹਨ, ਪਰ ਉਹ ਜਾਣਬੁਝ ਕੇ ਅਸਪੱਸ਼ਟਤਾ ਦੀ ਅਧਿਕਾਰਤ ਨੀਤੀ ਬਣਾਈ ਰੱਖਦਾ ਹੈ।
ਇਹ ਨਹੀਂ ਮੰਨਿਆ ਜਾਂਦਾ ਕਿ ਈਰਾਨ ਕੋਲ ਪਰਮਾਣੂ ਹਥਿਆਰ ਹਨ ਅਤੇ ਇਸ ਦੇ ਉਲਟ ਦੋਸ਼ਾਂ ਦੇ ਬਾਵਜੂਦ, ਉਹ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਹ ਪਰਮਾਣੂ ਹਥਿਆਰਬੰਦ ਦੇਸ਼ ਬਣਨ ਲਈ ਆਪਣੇ ਸਿਵਿਲ ਪਰਮਾਣੂ ਪ੍ਰੋਗਰਾਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਭੂਗੋਲ ਅਤੇ ਜਨ ਸੰਖਿਆ
ਈਰਾਨ ਇਜ਼ਰਾਈਲ ਨਾਲੋਂ ਬਹੁਤ ਵੱਡਾ ਦੇਸ਼ ਹੈ ਅਤੇ ਇਸ ਦੀ ਆਬਾਦੀ (ਤਕਰੀਬਨ 890 ਲੱਖ) ਇਜ਼ਰਾਈਲ (1 ਕਰੋੜ) ਨਾਲੋਂ ਤਕਰੀਬਨ 10 ਗੁਣਾ ਹੈ।
ਈਰਾਨ ਕੋਲ ਇਜ਼ਰਾਈਲ ਦੇ ਮੁਕਾਬਲੇ ਛੇ ਗੁਣਾ ਵੱਧ ਫ਼ੌਜੀ ਹਨ। ਆਈਆਈਐੱਸਐੱਸ ਦਾ ਕਹਿਣਾ ਹੈ ਕਿ ਈਰਾਨ ਵਿੱਚ 600,000 ਕਾਰਜਕਾਰੀ ਸੈਨਿਕ ਹਨ, ਜਦੋਂ ਕਿ ਇਜ਼ਰਾਈਲ ਵਿੱਚ 1,70,000 ਹਨ।

ਤਸਵੀਰ ਸਰੋਤ, Getty Images
ਇਜ਼ਰਾਈਲ ਜਵਾਬੀ ਕਾਰਵਾਈ ਕਿਵੇਂ ਕਰ ਸਕਦਾ ਹੈ?
ਤਲ ਅਵੀਵ ਯੂਨੀਵਰਸਿਟੀ ਨਾਲ ਜੁੜੇ ਮੱਧ ਪੂਰਬ ਦੇ ਖੋਜਕਰਤਾ ਡਾਕਟਰ ਐਰਿਕ ਰੌਂਡਸਕੀ ਦਾ ਕਹਿਣਾ ਹੈ ਕਿ ਜਦੋਂ ਈਰਾਨ ਨੇ ਹਮਲਾ ਕੀਤਾ ਤਾਂ ਇਜ਼ਰਾਈਲ ਅਲਰਟ ਦੀ ਉੱਚੀ ਸਥਿਤੀ ਦਾ ਐਲਾਨ ਕਰਕੇ ਅਸਫਲਤਾ ਦੀ ਜ਼ਿੰਮੇਵਾਰੀ ਸਵੀਕਾਰ ਕਰ ਸਕਦਾ ਹੈ।
ਗੁਆਂਢੀ ਦੇਸ਼ਾਂ ਵਿੱਚ ਈਰਾਨ ਸਮਰਥਿਤ ਅੱਤਵਾਦੀ ਨਿਯਮਿਤ ਤੌਰ 'ਤੇ ਇਜ਼ਰਾਈਲੀ ਹਿੱਤਾਂ ’ਤੇ ਹਮਲੇ ਕਰਦੇ ਹਨ ਅਤੇ ਨਿਸ਼ਾਨਾ ਬਣ ਸਕਦੇ ਹਨ।
ਜੇਨਜ ਦੇ ਮੱਧ ਪੂਰਬ ਦੇ ਰੱਖਿਆ ਮਾਹਿਰ, ਜੇਰੇਮੀ ਬਿੰਨੀ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਤੁਰੰਤ ਜਵਾਬੀ ਕਾਰਵਾਈ ਕਰਨ ਦੀ ਸੰਭਾਵਨਾ ਨਹੀਂ ਹੈ, ‘‘ਸੰਭਾਵਿਤ ਤੌਰ ’ਤੇ, ਜੇਕਰ ਉਹ ਜਵਾਬੀ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲ ਕਈ ਬਦਲ ਹਨ, ਜਿਵੇਂ ਕਿ ਲੇਬਨਾਨ ਜਾਂ ਸੀਰੀਆ ’ਤੇ ਬੰਬ ਸੁੱਟਣਾ।”
ਬਿੰਨੀ ਨੂੰ ਸ਼ੱਕ ਹੈ ਕਿ ਇੱਥੇ ਰਵਾਇਤੀ ਪੱਧਰ ’ਤੇ ਜੰਗ ਹੋਵੇਗੀ।
“ਫੌਜ ਲੜਨ ਨਹੀਂ ਜਾ ਰਹੀ, ਜਲ ਸੈਨਾ ਨਹੀਂ ਲੜ ਰਹੀ, ਉਹ (ਈਰਾਨ ਅਤੇ ਇਜ਼ਰਾਈਲ) ਇੱਕ ਦੂਜੇ ਤੋਂ ਬਹੁਤ ਦੂਰ ਹਨ।”
“ਅਸੀਂ ਅਜਿਹੀ ਸਥਿਤੀ ’ਤੇ ਵਿਚਾਰ ਕਰ ਰਹੇ ਹਾਂ ਜਿੱਥੇ ਦੋਵੇਂ ਧਿਰਾਂ ਕੋਲ ਦੂਜੇ ਪਾਸੇ ਦੀ ਹਵਾਈ ਰੱਖਿਆ ਦੇ ਮੁਕਾਬਲੇ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਹੋਵੇ।”
‘‘ਅਸੀਂ ਸ਼ਨੀਵਾਰ ਅਤੇ ਐਤਵਾਰ ਨੂੰ ਈਰਾਨ ਦੀ ਲੰਬੀ ਦੂਰੀ ਦੀ ਮਾਰਨ ਦੀ ਸਮਰੱਥਾ ਬਨਾਮ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਨਾਲ ਇਸ ਦਾ ਇੱਕ ਪੱਖ ਦੇਖਿਆ ਹੈ।’’
ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਨੂੰ ਇਸ ਲਈ ਸੀਰੀਆ, ਜਾਰਡਨ ਅਤੇ ਇਰਾਕ ਵਰਗੇ ਪ੍ਰਭੂਸੱਤਾ ਸੰਪੰਨ ਦੇਸ਼ਾਂ ਦੇ ਹਵਾਈ ਖੇਤਰ ਦੀ ਉਲੰਘਣਾ ਕਰਨੀ ਪਵੇਗੀ।
ਹਾਲਾਂਕਿ, ਇਜ਼ਰਾਈਲ ਕੋਲ ਇੱਕ ਤਜਰਬੇਕਾਰ ਗੁਪਤ ਸੇਵਾ ਹੈ ਜੋ ਈਰਾਨ ਦੇ ਅੰਦਰ ਗੁਪਤ ਕਾਰਵਾਈਆਂ ਕਰ ਸਕਦੀ ਹੈ।

ਤਸਵੀਰ ਸਰੋਤ, Getty Images
‘ਈਰਾਨ ਕਾਰਡ’
ਮੱਧ ਪੂਰਬ ਮਾਮਲਿਆਂ ਦੇ ਮਾਹਰ ਤਾਰਿਕ ਸੁਲੇਮਾਨ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਜੰਗ ਦੇ ਹੋਰ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ।
ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਇਜ਼ਰਇਲ ਦੀ ਸੰਸਦ ਅਤੇ ਕੈਬਨਿਟ ਵਿੱਚ ਯੁੱਧ ਪੱਖੀ ਮੈਂਬਰ ਹਨ ਜੋ ਯੁੱਧ ਚਾਹੁੰਦੇ ਹਨ, ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ’ਤੇ ਕਾਰਵਾਈ ਕਰਨ ਲਈ ਦਬਾਅ ਪਾ ਰਹੇ ਹਨ।
‘‘ਜਦੋਂ ਵੀ ਨੇਤਨਯਾਹੂ ਖ਼ੁਦ ਨੂੰ ਰਾਜਨੀਤਿਕ ਤੌਰ ’ਤੇ ਕਮਜ਼ੋਰ ਮਹਿਸੂਸ ਕਰਦੇ ਹਨ, ਉਹ ਤੁਰੰਤ ਈਰਾਨ ਕਾਰਡ ਖੇਡਦੇ ਹਨ।’’
ਇਜ਼ਰਾਈਲ ਦੀ ਹਿਬਰੂ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਜੇਕਰ ਅਜਿਹੀ ਕਾਰਵਾਈ ਨਾਲ ਸਹਿਯੋਗੀਆਂ ਨਾਲ ਇਜ਼ਰਾਈਲ ਦੇ ਸੁਰੱਖਿਆ ਗਠਜੋੜ ਨੂੰ ਨੁਕਸਾਨ ਹੋਣ ਦੀ ਸੂਰਤ ਵਿੱਚ ਲਗਭਗ ਤਿੰਨ- ਚੌਥਾਈ ਇਜ਼ਰਾਈਲੀ ਜਨਤਾ ਈਰਾਨ ’ਤੇ ਜਵਾਬੀ ਹਮਲੇ ਦਾ ਵਿਰੋਧ ਕਰਦੀ ਹੈ।
ਯੂਨੀਵਰਸਿਟੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਵੇਖਣ 14 ਅਤੇ 15 ਅਪ੍ਰੈਲ ਨੂੰ ਇੰਟਰਨੈੱਟ ਅਤੇ ਟੈਲੀਫ਼ੋਨ ਜ਼ਰੀਏ ਕੀਤਾ ਗਿਆ ਸੀ। ਇਸ ਵਿੱਚ ਯਹੂਦੀ ਅਤੇ ਅਰਬ ਦੋਵਾਂ ਬਾਲਗ ਇਜ਼ਰਾਈਲੀਆਂ ਦੀ ਨੁਮਾਇੰਦਗੀ ਕਰਨ ਵਾਲੇ 1,466 ਮਰਦਾਂ ਅਤੇ ਔਰਤਾਂ ਦੇ ਵਿਚਾਰ ਲਏ ਗਏ ਸਨ।
ਇਜ਼ਰਾਈਲ ਅਤੇ ਈਰਾਨ ਦੀ 'ਪ੍ਰੌਕਸੀ ਜੰਗ' ਕੀ ਹੈ
ਹਾਲਾਂਕਿ ਇਜ਼ਰਾਈਲ ਅਤੇ ਈਰਾਨ ਨੇ ਅੱਜ ਤੱਕ ਕੋਈ ਰਸਮੀ ਜੰਗ ਨਹੀਂ ਲੜੀ ਹੈ, ਪਰ ਦੋਵੇਂ ਦੇਸ਼ ਅਣਅਧਿਕਾਰਤ ਸੰਘਰਸ਼ ਵਿੱਚ ਰਹੇ ਹਨ।
ਈਰਾਨ ਸਮੇਤ ਹੋਰ ਦੇਸ਼ਾਂ ਦੇ ਮਹੱਤਵਪੂਰਨ ਈਰਾਨੀ ਵਿਅਕਤੀ ਵਿਆਪਕ ਤੌਰ ’ਤੇ ਇਜ਼ਰਾਈਲ ਦੇ ਕਥਿਤ ਹਮਲਿਆਂ ਵਿੱਚ ਮਾਰੇ ਜਾਂਦੇ ਹਨ, ਜਦੋਂ ਕਿ ਈਰਾਨ ਆਪਣੇ ਨੁਮਾਇੰਦਿਆਂ ਜ਼ਰੀਏ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦਾ ਹੈ।
ਅੱਤਵਾਦੀ ਅਤੇ ਰਾਜਨੀਤਿਕ ਸਮੂਹ ਹਿਜ਼ਬੁੱਲ੍ਹਾ ਲੇਬਨਾਨ ਤੋਂ ਇਜ਼ਰਾਈਲ ਦੇ ਖ਼ਿਲਾਫ਼ ਈਰਾਨ ਦੀ ਸਭ ਤੋਂ ਵੱਡੀ ਪ੍ਰੌਕਸੀ ਜੰਗ ਲੜ ਰਿਹਾ ਹੈ। ਈਰਾਨ ਹਿਜ਼ਬੁੱਲਾ ਨੂੰ ਸਮਰਥਨ ਦੇਣ ਤੋਂ ਇਨਕਾਰ ਨਹੀਂ ਕਰਦਾ ਹੈ।
ਗਾਜ਼ਾ ਵਿੱਚ ਹਮਾਸ ਲਈ ਇਸ ਦਾ ਸਮਰਥਨ ਅਜਿਹਾ ਹੀ ਹੈ। ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲੇ ਕੀਤੇ ਸਨ, ਅਤੇ ਦਹਾਕਿਆਂ ਤੋਂ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਖੇਤਰਾਂ ’ਤੇ ਰਾਕੇਟ ਦਾਗ਼ੇ ਜਾ ਰਹੇ ਹਨ।
ਇਜ਼ਰਾਈਲ ਅਤੇ ਪੱਛਮੀ ਸ਼ਕਤੀਆਂ ਦਾ ਮੰਨਣਾ ਹੈ ਕਿ ਈਰਾਨ ਹਮਾਸ ਨੂੰ ਹਥਿਆਰ, ਗੋਲਾ ਬਾਰੂਦ ਅਤੇ ਸਿਖਲਾਈ ਪ੍ਰਦਾਨ ਕਰਦਾ ਹੈ।
ਯਮਨ ਵਿੱਚ ਹੂਤੀ ਨੂੰ ਵਿਆਪਕ ਤੌਰ 'ਤੇ ਇੱਕ ਹੋਰ ਈਰਾਨੀ ਪ੍ਰਤੀਨਿਧ (ਪ੍ਰੌਕਸੀ) ਵਜੋਂ ਦੇਖਿਆ ਜਾਂਦਾ ਹੈ। ਸਾਊਦੀ ਅਰਬ ਦਾ ਕਹਿਣਾ ਹੈ ਕਿ ਉਸ ’ਤੇ ਦਾਗੀਆਂ ਗਈਆਂ ਹੂਤੀ ਮਿਜ਼ਾਈਲਾਂ ਈਰਾਨ ਵਿੱਚ ਬਣੀਆਂ ਸਨ।
ਈਰਾਨ ਸਮਰਥਿਤ ਸਮੂਹ ਈਰਾਕ ਅਤੇ ਸੀਰੀਆ ਵਿੱਚ ਵੀ ਕਾਫ਼ੀ ਤਾਕਤ ਰੱਖਦੇ ਹਨ। ਈਰਾਨ ਸੀਰੀਆ ਦੀ ਸਰਕਾਰ ਦਾ ਸਮਰਥਨ ਕਰਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਇਜ਼ਰਾਈਲ ’ਤੇ ਹਮਲਿਆਂ ਲਈ ਸੀਰੀਆ ਦੇ ਖੇਤਰ ਦੀ ਵਰਤੋਂ ਕਰਦਾ ਹੈ।
ਐਡੀਸ਼ਨਲ ਰਿਪੋਰਟਿੰਗ: ਅਹਿਮਨ ਖ਼ਵਾਜਾ, ਕਾਰਲਾ ਰੋਸ਼, ਰੇਜ਼ਾ ਸਬੇਟੀ ਅਤੇ ਕ੍ਰਿਸ ਪਾਰਟਰਿਜ












