ਇਜ਼ਰਾਈਲ: ਆਇਰਨ ਡੋਮ ਕੀ ਹੈ, ਜੋ ਹਵਾ 'ਚ ਹੀ ਢਾਲ਼ ਬਣ ਜਾਂਦੀ ਹੈ

ਤਸਵੀਰ ਸਰੋਤ, Getty Images
ਹਵਾਈ ਮਿਜ਼ਾਈਲਾਂ ਜਾਂ ਰਾਕੇਟ ਦੇ ਹਮਲੇ ਨਾਲ ਹੋਣ ਵਾਲੇ ਨੁਕਸਾਨ ਤੋਂ ਖ਼ੁਦ ਨੂੰ ਬਚਾਉਣ ਲਈ ਇਜ਼ਰਾਈਲ ਵੱਲੋਂ ਇੱਕ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਤਕਨੀਕ ਰਾਹੀਂ ਇਜ਼ਰਾਈਲ ਆਪਣੇ ਉੱਤੇ ਦਾਗ਼ੇ ਗਏ ਰਾਕੇਟ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੰਦਾ ਹੈ।
ਇਸ ਨੂੰ ਆਇਰਨ ਡੋਮ ਤਕਨੀਕ ਕਿਹਾ ਜਾਂਦਾ ਹੈ।
ਇਸ ਦੀ ਵਰਤੋਂ ਨਾਲ ਹੀ ਇਜ਼ਰਾਈਲ ਨੇ ਹਮਾਸ ਵੱਲੋਂ ਗਾਜ਼ਾ ਵਿੱਚੋਂ ਕੀਤੇ ਗਏ ਹਜ਼ਾਰਾਂ ਰਾਕੇਟ ਹਮਲਿਆਂ ਤੋਂ ਖ਼ੁਦ ਨੂੰ ਸੁਰੱਖਿਅਤ ਰੱਖਿਆ।
ਕੁਝ ਰਾਕੇਟ ਰੋਕੇ ਨਹੀਂ ਜਾ ਸਕੇ ਅਤੇ ਕਈ ਇਲਾਕਿਆਂ ਵਿੱਚ ਨੁਕਸਾਨ ਹੋਇਆ।
ਆਇਰਨ ਡੋਮ ਕੀ ਹੈ ?

ਤਸਵੀਰ ਸਰੋਤ, Reuters
ਆਇਰਨ ਡੋਮ ਇੱਕ ਅਜਿਹੀ ਹਵਾਈ ਸੁਰੱਖਿਆ ਵਿਵਸਥਾ ਹੈ ਜੋ ਕਈ ਕਿਸਮ ਦੇ ਘੱਟ ਰੇਂਜ ਵਾਲੇ ਰਾਕੇਟ ਤੋਂ ਬਚਾਅ ਲਈ ਇੱਕ ਢਾਲ ਵਜੋਂ ਕੰਮ ਕਰਦੀ ਹੈ।
ਇਹ ਹਰੇਕ ਮੌਸਮ ਵਿੱਚ ਕੰਮ ਕਰਦੀ ਹੈ।
ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਇਜ਼ਰਾਈਲ ਉੱਤੇ ਦਾਗ਼ੇ ਗਏ ਰਾਕੇਟ ਨੂੰ ਰਡਾਰ ਰਾਹੀਂ ਟਰੈਕ ਕਰ ਲੈਂਦੀ ਹੈ।
ਇਹ ਇਸ ਗੱਲ ਦਾ ਵੀ ਅੰਦਾਜ਼ਾ ਲਗਾ ਲੈਂਦੀ ਹੈ ਕਿ ਕਿਹੜੇ ਰਾਕੇਟ ਰਿਹਾਇਸ਼ੀ ਇਲਾਕਿਆਂ ਉੱਤੇ ਡਿੱਗਣਗੇ ਅਤੇ ਨੁਕਸਾਨ ਪਹੁੰਚਾਉਣਗੇ ਅਤੇ ਕਿਹੜੇ ਨਹੀਂ।
ਇਹ ਕਿਹਾ ਜਾਂਦਾ ਹੈ ਕਿ ਇਸ ਸਿਸਟਮ ਵਿੱਚ ਕੁੱਲ 10 ਬੈਟਰੀਆਂ ਅਤੇ ਇੱਕ ਬੈਟਰੀ ਵਿੱਚ ਤਿੰਨ ਤੋਂ ਚਾਰ ਲਾਂਚਰ ਹਨ। ਹਰੇਕ ਲਾਂਚਰ ਵਿੱਚ 20 ਮਿਜ਼ਾਈਲਾਂ ਹੁੰਦੀਆਂ ਹਨ।
ਇਜ਼ਰਾਈਲ ਲਈ ਖ਼ਤਰਾ ਸਮਝੇ ਜਾਂਦੇ ਰਾਕੇਟ ਨੂੰ ਦੋ ‘ਤਾਮੀਰ ਇੰਟਰਸੈਪਟਰ’ ਮਿਜ਼ਾਈਲਾਂ ਰਾਹੀਂ ਤਬਾਹ ਕਰ ਦਿੱਤਾ ਜਾਂਦਾ ਹੈ।
‘ਸੈਂਟਰ ਫਾਰ ਸਟਰੈਟੀਜਿਕ ਅਤੇ ਇੰਟਰਨੈਸ਼ਨਲ ਸਟਡੀਜ਼’ ਮੁਤਾਬਕ ਅਜਿਹੀ ਇੱਕ ਬੈਟਰੀ ਨੂੰ ਬਣਾਉਣ ਵਿੱਚ ਤਕਰੀਬਨ 10 ਕਰੋੜ ਡਾਲਰ ਦਾ ਖਰਚਾ ਹੁੰਦਾ ਹੈ।
ਹਾਲਾਂਕਿ, ਇਸ ਤਕਨੀਕ ਨੂੰ ਘੱਟ ਲਾਗਤ ਵਾਲਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਸ ਰਾਕੇਟ ਨੂੰ ਨਿਸ਼ਾਨਾ ਨਹੀਂ ਬਣਾਉਂਦਾ, ਜਿਸ ਤੋਂ ਆਬਾਦੀ ਨੂੰ ਕੋਈ ਖ਼ਤਰਾ ਨਹੀਂ ਹੁੰਦਾ।
ਆਇਰਨ ਡੋਮ ਤਕਨੀਕ ਕਿਸ ਨੇ ਵਿਕਸਿਤ ਕੀਤੀ?

ਤਸਵੀਰ ਸਰੋਤ, Getty Images
ਇਸ ਨੂੰ 2006 ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾਹ ਵਿਚਾਲੇ ਹੋਏ ਜੰਗੀ ਤਕਰਾਰ ਤੋਂ ਬਾਅਦ ਵਿਕਸਿਤ ਕੀਤਾ ਗਿਆ ਸੀ।
ਹਿਜ਼ਬੁੱਲਾਹ ਲੈਬਨਾਨ ਵਿੱਚ ਕੇਂਦਰਿਤ ਇੱਕ ਹਥਿਆਰਬੰਦ ਰਾਜਨੀਤਕ ਸਮੂਹ ਹੈ, ਇਸ ਨੂੰ ਈਰਾਨ ਦਾ ਸਮਰਥਨ ਹਾਸਲ ਹੈ।
ਹਿਜ਼ਬੁੱਲਾਹ ਨੇ 2006 ਵਿੱਚ ਇਜ਼ਰਾਈਲ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਰਾਕੇਟ ਚਲਾਏ ਜਿਸ ਵਿੱਚ ਦਰਜਨਾ ਲੋਕਾਂ ਦੀ ਮੌਤ ਹੋ ਗਈ ਅਤੇ ਇਜ਼ਰਾਇਲ ਨੂੰ ਭਾਰੀ ਨੁਕਸਾਨ ਹੋਇਆ।
ਇੱਕ ਸਾਲ ਬਾਅਦ ਇਜ਼ਰਾਈਲ ਨੇ ਇਹ ਐਲਾਨ ਕੀਤਾ ਕਿ ਇਸਦੀ ਸਰਕਾਰੀ ਸੁਰੱਖਿਆ ਕੰਪਨੀ ‘ਰਾਫੇਲ ਅਡਵਾਂਸਡ ਡਿਫੈਂਸ ਸਿਸਟਮਸ’ ਵੱਲੋਂ ਮਿਜ਼ਾਈਲਾਂ ਤੋਂ ਇਜ਼ਰਾਈਲ ਦੀ ਰੱਖਿਆ ਕਰਨ ਵਾਲੀ ਇੱਕ ਸੁਰੱਖਿਆ ਢਾਲ ਬਣਾਈ ਜਾਵੇਗੀ।
ਇਸ ਉੱਤੇ ਹੋਣ ਵਾਲੇ ਖਰਚੇ ਵਿੱਚ ਅਮਰੀਕਾ ਨੇ 200 ਮਿਲੀਅਨ ਡਾਲਰ ਦੀ ਗਰਾਂਟ ਦਿੱਤੀ।
ਇਸ ਦੀ ਪਹਿਲੀ ਵਾਰ ਵਰਤੋਂ 2011 ਵਿੱਚ ਕੀਤੀ ਗਈ ਸੀ, ਜਦੋਂ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚੋਂ ਦੱਖਣੀ ਇਲਾਕੇ ਵਿੱਚ ਸਥਿਤ ਬੀਰਸ਼ੇਬਾ ਸ਼ਹਿਰ ਉੱਤੇ ਦਾਗ਼ੀ ਗਈ ਮਿਜ਼ਾਈਲ ਨੂੰ ਹਵਾ ਵਿੱਚ ਹੀ ਰੋਕ ਦਿੱਤਾ ਸੀ। ਗਾਜ਼ਾ ਪੱਟੀ 2007 ਤੋਂ ਹਮਾਸ ਦੇ ਅਧੀਨ ਹੈ।
2019 ਵਿੱਚ ਅਮਰੀਕਾ ਨੇ ਇਹ ਐਲਾਨ ਕੀਤਾ ਕਿ ਉਹ 'ਆਇਰਨ ਡੋਮ' ਤਕਨੀਕ ਨੂੰ ਆਪਣੇ ਪੈਟਰੀਅਟ ਮਿਜ਼ਾਈਲ ਡਿਫੈਂਸ ਸਿਸਟਮ' ਵਿੱਚ ਜੋੜਨ ਲਈ ਇਸਨੂੰ ਖ਼ਰੀਦੇਗਾ ਅਤੇ ਪ੍ਰੀਖਣ ਕਰੇਗਾ।
ਪੈਟਰੀਅਟ ਵੀ ਆਇਰਨ ਡੋਮ ਵਾਂਗ ਹੀ ਕੰਮ ਕਰਦਾ ਹੈ, ਪਰ ਘੱਟ-ਰੇਂਜ ਵਾਲੀਆਂ ਮਿਜ਼ਾਈਲਾਂ ਦੀ ਥਾਂ ਇਸਦਾ ਮੁੱਖ ਮੰਤਵ ਹਵਾਈ ਜਹਾਜ਼, ਕਰੂਜ਼ ਮਿਜ਼ਾਈਲਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣਾ ਹੈ।
ਤਕਨੀਕ ਕਿੰਨੀ ਕਾਰਗਰ?

ਤਸਵੀਰ ਸਰੋਤ, Getty
ਸਾਲ 2012 ਵਿੱਚ ਇਜ਼ਰਾਈਲ ਨੇ ਇਹ ਦਾਅਵਾ ਕੀਤਾ ਕਿ 'ਆਇਰਨ ਡੋਮ' ਰਾਹੀਂ ਹਮਾਸ ਵੱਲੋਂ ਗਾਜ਼ਾ ਵਿੱਚੋਂ ਦਾਗੇ ਗਏ ਰਾਕੇਟ ਵਿੱਚੋਂ 84 ਫ਼ੀਸਦ ਰੋਕੇ ਗਏ ਸਨ।
ਇਜ਼ਰਾਈਲ ਵੱਲੋਂ 573 ਵਾਰੀ ਜਵਾਬ ਦਿੱਤਾ ਗਿਆ ਅਤੇ 421 ਰਾਕੇਟ ਫੁੰਡੇ ਗਏ।
ਹਾਲਾਂਕਿ, ਮੈਸਾਚੁਸੈੱਟ ਇੰਸਟੀਟਊਟ ਆਫ ਟੈਕਨਾਲਜੀ ਤੋਂ ਸੁਰੱਖਿਆ ਮਾਹਰ ਪ੍ਰੋਫ਼ੈਸਰ ਥਿਓਡੋਰ ਪੋਸਟੋਲ ਨੇ ਸਾਲ 2013 ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਇਜ਼ਰਾਈਲ ਦਾ ਆਇਰਨ ਡੋਮ ਆਪਣੇ 10 ਫ਼ੀਸਦ ਨਿਸ਼ਾਨਿਆਂ ਨੂੰ ਰੋੋਕਣ ਵਿੱਚ ਸਫ਼ਲ ਹੋਇਆ ਹੋਵੇ ਅਤੇ ਇਹ ਵੀ ਸੰਭਵ ਹੈ ਕਿ ਇਹ ਕਿਸੇ ਵੀ ਨਿਸ਼ਾਨੇ ਨੂੰ ਰੋਕ ਨਾ ਸਕਿਆ ਹੋਵੇ।
2021 ਵਿੱਚ ਜਦੋਂ ਹਮਾਸ ਵੱਲੋਂ ਗਾਜ਼ਾ ਪੱਟੀ ਤੋਂ 3,000 ਮਿਜ਼ਾਈਲਾਂ ਦਾਗ਼ੀਆਂ ਗਈਆਂ ਤਾਂ ਇਜ਼ਰਾਈਲ ਦੀ ਫੌਜ ਨੇ ਇਹ ਦਾਅਵਾ ਕੀਤਾ ਕਿ ਆਇਰਨ ਡੋਮ ਤਕਨੀਕ ਦੀ ਸਫ਼ਲਤਾ ਦਰ 90 ਫ਼ੀਸਦ ਹੈ।
ਹੁਣ ਚੱਲ ਰਹੀ ਹਿੰਸਾ ਦੀ ਸ਼ੁਰੂਆਤ ਵਿੱਚ ਹਮਾਸ ਨੇ ਇਹ ਦਾਅਵਾ ਕੀਤਾ ਕਿ ਇਸ ਵੱਲੋਂ 5,000 ਰਾਕੇਟ ਦਾਗ਼ੇ ਗਏ ਹਾਲਾਂਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਗਿਣਤੀ ਇਸ ਨਾਲੋਂ ਅੱਧੀ ਹੋ ਸਕਦੀ ਹੈ।
ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਆਇਰਨ ਡੋਮ ਤਕਨੀਕ ਨਾਲ 153 ਰਾਕੇਟ ਰੋਕੇ ਗਏ ਅਤੇ ਹੋਰ ਰਾਕੇਟ ਖਾਲੀ ਥਾਵਾਂ ਜਾਂ ਗਾਜ਼ਾ ਪੱਟੀ ਦੇ ਵਿੱਚ ਹੀ ਜਾ ਡਿੱਗੇ।
ਇਜ਼ਰਾਈਲੀ ਮੀਡੀਆ ਮੁਤਾਬਕ ਗ੍ਰੇਟਰ ਤਲ ਅਵੀਵ ਅਤੇ ਦੱਖਣੀ ਇਜ਼ਰਾਈਲ ਵਿੱਚ ਰਾਕੇਟ ਹਮਲੇ ਕਾਰਨ ਕਈ ਮੌਤਾਂ ਹੋਈਆਂ ਹਨ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ।
ਹਮਾਸ ਕੀ ਹੈ?

ਤਸਵੀਰ ਸਰੋਤ, Social Media
ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।
ਹਮਾਸ ਨੇ ਇਜ਼ਰਾਈਲ ਦੇ ਵਿਨਾਸ਼ ਦੀ ਸਹੁੰ ਖਾਧੀ ਹੋਈ ਹੈ ਅਤੇ 2007 ਵਿੱਚ ਗਾਜ਼ਾ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਉਹ ਇਜ਼ਰਾਈਲ ਨਾਲ ਕਈ ਯੁੱਧ ਲੜ ਚੁੱਕੇ ਹਨ।
ਉਨ੍ਹਾਂ ਯੁੱਧਾਂ ਦੇ ਵਿਚਾਲੇ, ਇਸ ਨੇ ਗੋਲੀਬਾਰੀ ਕੀਤੀ ਹੈ ਜਾਂ ਦੂਜੇ ਸਮੂਹਾਂ ਨੂੰ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗਣ ਦੀ ਇਜਾਜ਼ਤ ਦਿੱਤੀ ਹੈ ਅਤੇ ਕਈ ਹੋਰ ਘਾਤਕ ਹਮਲੇ ਕੀਤੇ ਹਨ।
ਇਜ਼ਰਾਈਲ ਨੇ ਵੀ ਵਾਰ-ਵਾਰ ਹਮਾਸ 'ਤੇ ਹਵਾਈ ਹਮਲੇ ਕੀਤੇ ਅਤੇ ਮਿਸਰ ਦੇ ਨਾਲ ਮਿਲ ਕੇ, 2007 ਤੋਂ ਗਾਜ਼ਾ ਪੱਟੀ ਦੀ ਨਾਕਾਬੰਦੀ ਕੀਤੀ ਹੋਈ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਆਪਣੀ ਸੁਰੱਖਿਆ ਲਈ ਹੈ।
ਸਮੁੱਚੇ ਤੌਰ 'ਤੇ ਹਮਾਸ ਜਾਂ ਕੁਝ ਮਾਮਲਿਆਂ ਵਿੱਚ ਇਸ ਦੀ ਫੌਜੀ ਸ਼ਾਖ਼ਾ, ਸੰਯੁਕਤ ਰਾਜ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਯੂਕੇ ਦੇ ਨਾਲ-ਨਾਲ ਹੋਰ ਸ਼ਕਤੀਆਂ ਦੁਆਰਾ ਇੱਕ ਕੱਟੜਵਾਦੀ ਸਮੂਹ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਹਮਾਸ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ ਜੋ ਇਸ ਨੂੰ ਫੰਡ ਦਿੰਦਾ ਹੈ ਅਤੇ ਹਥਿਆਰ ਅਤੇ ਸਿਖਲਾਈ ਪ੍ਰਦਾਨ ਕਰਦਾ ਹੈ।
ਗਾਜ਼ਾ ਪੱਟੀ ਕੀ ਹੈ?

ਤਸਵੀਰ ਸਰੋਤ, EPA
ਗਾਜ਼ਾ ਪੱਟੀ ਇਜ਼ਰਾਈਲ, ਮਿਸਰ ਅਤੇ ਭੂਮੱਧ ਸਾਗਰ ਦੇ ਵਿਚਕਾਰ 41 ਕਿਲੋਮੀਟਰ (25-ਮੀਲ) ਲੰਬਾ ਅਤੇ 10 ਕਿਲੋਮੀਟਰ-ਚੌੜਾ ਖੇਤਰ ਹੈ। ਇਹ ਲਗਭਗ 23 ਲੱਖ ਲੋਕਾਂ ਦਾ ਘਰ ਹੈ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਦੀ ਘਣਤਾ ਵਿੱਚੋਂ ਇੱਕ ਹੈ।
ਗਾਜ਼ਾ ਦੇ ਸਮੁੰਦਰੀ ਕੰਢੇ 'ਤੇ ਹਵਾਈ ਖੇਤਰ ਇਜ਼ਰਾਈਲ ਦੇ ਅਧੀਨ ਹਨ।
ਇਸ ਦੇ ਨਾਲ ਹੀ ਇਹ ਇਸ 'ਤੇ ਵੀ ਪਾਬੰਦੀ ਲਾਉਂਦਾ ਹੈ ਕਿ ਇਸ ਦੀਆਂ ਸਰਹੱਦੀ ਕ੍ਰਾਸਿੰਗਾਂ ਰਾਹੀਂ ਕਿਸ ਨੂੰ ਅਤੇ ਕਿਸ ਸਾਮਾਨ ਨੂੰ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ, ਮਿਸਰ, ਗਾਜ਼ਾ ਨਾਲ ਲੱਗਦੀ ਆਪਣੀ ਸਰਹੱਦ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਨੂੰ ਨਿਯੰਤਰਿਤ ਕਰਦਾ ਹੈ।
ਇਜ਼ਰਾਈਲ ਅਤੇ ਈਰਾਨ ਵਿਚਕਾਰ ਦੁਸ਼ਮਣੀ ਕਿਵੇਂ ਸ਼ੁਰੂ ਹੋਈ

ਤਸਵੀਰ ਸਰੋਤ, EPA
ਅਸਲ ਵਿੱਚ, ਇਜ਼ਰਾਈਲ ਅਤੇ ਈਰਾਨ ਵਿਚਕਾਰ ਸਬੰਧ 1979 ਤੱਕ ਕਾਫ਼ੀ ਦੋਸਤਾਨਾ ਸਨ ਜਦੋਂ ਅਯਾਤੁੱਲਾ ਦੀ ਅਖੌਤੀ ਇਸਲਾਮੀ ਕ੍ਰਾਂਤੀ ਨੇ ਈਰਾਨ ਵਿੱਚ ਸੱਤਾ ਹਾਸਲ ਕੀਤੀ ਸੀ।
ਹਾਲਾਂਕਿ ਇਸ ਨੇ ਅਸਲ ਵਿੱਚ ਫਲਸਤੀਨ ਦੀ ਵੰਡ ਦੀ ਯੋਜਨਾ ਦਾ ਵਿਰੋਧ ਕੀਤਾ ਸੀ ਜਿਸ ਕਾਰਨ 1948 ਵਿੱਚ ਇਜ਼ਰਾਈਲ ਦੀ ਸਿਰਜਣਾ ਹੋਈ। ਮਿਸਰ ਤੋਂ ਬਾਅਦ ਈਰਾਨ ਇਸ ਨੂੰ ਮਾਨਤਾ ਦੇਣ ਵਾਲਾ ਦੂਜਾ ਇਸਲਾਮੀ ਦੇਸ਼ ਸੀ।
ਉਸ ਸਮੇਂ, ਈਰਾਨ ਪਹਿਲਵੀ ਰਾਜਵੰਸ਼ ਦੇ ਸ਼ਾਹਾਂ ਦੁਆਰਾ ਸ਼ਾਸਿਤ ਇੱਕ ਰਾਜਸ਼ਾਹੀ ਸੀ ਅਤੇ ਮੱਧ ਪੂਰਬ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਮੁੱਖ ਸਹਿਯੋਗੀਆਂ ਵਿੱਚੋਂ ਇੱਕ ਸੀ।
ਇਸ ਕਰਕੇ, ਇਜ਼ਰਾਈਲ ਦੇ ਸੰਸਥਾਪਕ ਅਤੇ ਇਸ ਦੇ ਪਹਿਲੇ ਸਰਕਾਰ ਮੁਖੀ ਡੇਵਿਡ ਬੇਨ-ਗੁਰਿਅਨ ਨੇ ਆਪਣੇ ਅਰਬ ਗੁਆਂਢੀਆਂ ਵੱਲੋਂ ਨਵੇਂ ਯਹੂਦੀ ਰਾਸ਼ਟਰ ਵੱਲੋਂ ਇਸ ਨੂੰ ਅਸਵੀਕਾਰਨ ਦਾ ਮੁਕਾਬਲਾ ਕਰਨ ਦੇ ਤਰੀਕੇ ਵਜੋਂ ਈਰਾਨ ਨਾਲ ਦੋਸਤੀ ਕਰਨੀ ਚਾਹੀ ਅਤੇ ਇਹ ਹੋ ਵੀ ਗਈ।
ਪਰ 1979 ਵਿੱਚ ਰੂਹੁੱਲਾ ਖੁਮੈਨੀ ਦੀ ਕ੍ਰਾਂਤੀ ਨੇ ਸ਼ਾਹ ਦਾ ਤਖਤਾ ਪਲਟ ਦਿੱਤਾ ਅਤੇ ਇੱਕ ਇਸਲਾਮੀ ਗਣਰਾਜ ਲਾਗੂ ਕੀਤਾ ਜਿਸ ਨੇ ਖ਼ੁਦ ਨੂੰ ਦੱਬੇ-ਕੁਚਲੇ ਲੋਕਾਂ ਦੇ ਰਾਖੇ ਦੇ ਰੂਪ ਵਿੱਚ ਪੇਸ਼ ਕੀਤਾ।
ਸੰਯੁਕਤ ਰਾਜ ਅਮਰੀਕਾ ਅਤੇ ਉਸ ਦੇ ਸਹਿਯੋਗੀ ਇਜ਼ਰਾਈਲ ਦੇ ‘ਸਾਮਰਾਜਵਾਦ’ ਨੂੰ ਰੱਦ ਕਰਨ ਵਿੱਚ ਇਸ ਦੀ ਮੁੱਖ ਭੂਮਿਕਾ ਸੀ।

ਤਸਵੀਰ ਸਰੋਤ, Getty Images
ਅਯਾਤੁੱਲਾ ਦੇ ਨਵੇਂ ਸ਼ਾਸਨ ਨੇ ਇਜ਼ਰਾਈਲ ਨਾਲ ਸਬੰਧ ਤੋੜ ਦਿੱਤੇ, ਆਪਣੇ ਨਾਗਰਿਕਾਂ ਦੇ ਪਾਸਪੋਰਟਾਂ ਦੀ ਵੈਧਤਾ ਨੂੰ ਮਾਨਤਾ ਦੇਣੀ ਬੰਦ ਕਰ ਦਿੱਤੀ। ਤਹਿਰਾਨ ਵਿੱਚ ਇਜ਼ਰਾਈਲੀ ਦੂਤਘਰ ਨੂੰ ਆਪਣੇ ਕਬਜ਼ੇ ਹੇਠ ਕਰਕੇ ਇਸ ਨੂੰ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ.ਐੱਲ.ਓ.) ਨੂੰ ਸੌਂਪ ਦਿੱਤਾ, ਜੋ ਉਸ ਸਮੇਂ ਇਜ਼ਰਾਈਲੀ ਸਰਕਾਰ ਦੇ ਖਿਲਾਫ਼ ਫਲਸਤੀਨ ਦੀ ਲੜਾਈ ਦੀ ਅਗਵਾਈ ਕਰ ਰਿਹਾ ਸੀ।
ਇੱਕ ਵਿਸ਼ਲੇਸ਼ਣ ਕੇਂਦਰ, ਇੰਟਰਨੈਸ਼ਨਲ ਕਰਾਈਸਿਸ ਗਰੁੱਪ ਵਿੱਚ ਈਰਾਨ ਪ੍ਰੋਗਰਾਮ ਦੇ ਡਾਇਰੈਕਟਰ ਅਲੀ ਵਾਏਜ਼ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ‘ਇਜ਼ਰਾਈਲ ਪ੍ਰਤੀ ਦੁਸ਼ਮਣੀ ਨਵੇਂ ਈਰਾਨੀ ਸ਼ਾਸਨ ਦਾ ਇੱਕ ਅਧਾਰ ਸੀ ਕਿਉਂਕਿ ਇਸ ਦੇ ਕਈ ਨੇਤਾਵਾਂ ਨੇ ਫਲਸਤੀਨੀਆਂ ਨਾਲ ਗੁਰੀਲਾ ਯੁੱਧ ਵਿੱਚ ਸਿਖਲਾਈ ਲਈ ਅਤੇ ਲੇਬਨਾਨ ਵਰਗੀਆਂ ਥਾਵਾਂ ’ਤੇ ਯੁੱਧ ਵਿੱਚ ਹਿੱਸਾ ਲਿਆ ਸੀ। ਇਸ ਲਈ ਉਨ੍ਹਾਂ ਦੇ ਮਨ ਵਿੱਚ ਫਲਸਤੀਨੀਆਂ ਲਈ ਬਹੁਤ ਹਮਦਰਦੀ ਸੀ।’’
ਪਰ ਇਸ ਤੋਂ ਇਲਾਵਾ, ਵਾਏਜ਼ ਦਾ ਮੰਨਣਾ ਹੈ, ‘‘ਨਵਾਂ ਈਰਾਨ ਖ਼ੁਦ ਨੂੰ ਇੱਕ ਪੈਨ-ਇਸਲਾਮਿਕ ਸ਼ਕਤੀ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਸੀ। ਉਸ ਨੇ ਇਜ਼ਰਾਈਲ ਖਿਲਾਫ਼ ਉਨ੍ਹਾਂ ਫਲਸਤੀਨੀ ਮੁੱਦਿਆਂ ਨੂੰ ਚੁੱਕਣਾ ਸੀ ਜਿਸ ਨੂੰ ਅਰਬ ਮੁਸਲਿਮ ਦੇਸ਼ਾਂ ਨੇ ਤਿਆਗ ਦਿੱਤਾ ਸੀ।’’
ਇਸ ਤਰ੍ਹਾਂ, ਖੁਮੈਨੀ ਨੇ ਫਲਸਤੀਨੀ ਮੁੱਦੇ ’ਤੇ ਆਪਣਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਈਰਾਨ ਵਿੱਚ ਅਧਿਕਾਰਤ ਸਮਰਥਨ ਨਾਲ ਵੱਡੇ ਫਲਸਤੀਨ ਪੱਖੀ ਪ੍ਰਦਰਸ਼ਨ ਆਮ ਹੋ ਗਏ ਸਨ।
ਵਾਏਜ਼ ਦੱਸਦੇ ਹਨ ਕਿ ‘‘ਇਜ਼ਾਰਾਈਲ ਵਿੱਚ ਬਾਅਦ ਵਿੱਚ 1990 ਦੇ ਦਹਾਕੇ ਤੱਕ ਈਰਾਨ ਪ੍ਰਤੀ ਦੁਸ਼ਮਣੀ ਸ਼ੁਰੂ ਨਹੀਂ ਹੋਈ ਕਿਉਂਕਿ ਸੱਦਾਮ ਹੁਸੈਨ ਦੀ ਅਗਵਾਈ ਵਾਲੇ ਇਰਾਕ ਨੂੰ ਪਹਿਲਾਂ ਇੱਕ ਵੱਡਾ ਖੇਤਰੀ ਖ਼ਤਰਾ ਮੰਨਿਆ ਜਾਂਦਾ ਸੀ।’’
ਇੰਨਾ ਹੀ ਨਹੀਂ ਇਜ਼ਰਾਈਲੀ ਸਰਕਾਰ ਉਨ੍ਹਾਂ ਸਾਲਸਾਂ ਵਿੱਚੋਂ ਇੱਕ ਸੀ ਜਿਸ ਨੇ ਕਥਿਤ ਈਰਾਨ-ਕੰਟਰਾ ਨੂੰ ਸੰਭਵ ਬਣਾਇਆ। ਈਰਾਨ-ਕੰਟਰਾ ਉਹ ਗੁਪਤ ਪ੍ਰੋਗਰਾਮ ਹੈ ਜਿਸ ਰਾਹੀਂ ਅਮਰੀਕਾ ਨੇ 1980 ਅਤੇ 1988 ਵਿਚਕਾਰ ਆਪਣੇ ਗੁਆਂਢੀ ਵਿਰੁੱਧ ਛੇੜੇ ਗਏ ਯੁੱਧ ਵਿੱਚ ਵਰਤਣ ਲਈ ਹਥਿਆਰ ਈਰਾਨ ਵੱਲ ਭੇਜ ਦਿੱਤੇ।
ਪਰ ਸਮੇਂ ਦੇ ਨਾਲ, ਇਜ਼ਰਾਈਲ ਨੇ ਈਰਾਨ ਨੂੰ ਆਪਣੀ ਹੋਂਦ ਲਈ ਮੁੱਖ ਖ਼ਤਰਿਆਂ ਵਿੱਚੋਂ ਇੱਕ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ਵਿਚਕਾਰ ਦੁਸ਼ਮਣੀ ਸ਼ਬਦਾਂ ਤੋਂ ਲੈ ਕੇ ਕਾਰਜਾਂ ਤੱਕ ਵੱਧ ਗਈ।












