ਧਤੂਰੇ ਦੇ ਫੁੱਲਾਂ ਵਾਲੇ 'ਸ਼ੈਤਾਨੀ ਸਾਹ', ਜਿਨ੍ਹਾਂ ਨੂੰ ਸੁੰਘਣ ਤੋਂ ਬਾਅਦ ਲੋਕ ਗਹਿਣੇ ਤੇ ਪੈਸੇ ਆਪੇ ਦੇ ਜਾਂਦੇ ਹਨ

ਤਸਵੀਰ ਸਰੋਤ, Getty Images
ਢਾਕਾ ਦੀ ਰਹਿਣ ਵਾਲੀ ਤਹਮੀਨਾ ਬੇਗਮ (ਬਦਲਿਆ ਹੋਇਆ ਨਾਂ) ਕੁਝ ਦਿਨ ਪਹਿਲਾਂ ਧੋਖਾਧੜੀ ਦੀ ਅਨੋਖੀ ਘਟਨਾ ਦਾ ਸ਼ਿਕਾਰ ਹੋ ਗਈ ਸੀ।
ਬਜ਼ਾਰ ਤੋਂ ਘਰ ਪਰਤਦੇ ਸਮੇਂ ਅਚਾਨਕ ਇੱਕ ਅਣਪਛਾਤੀ ਲੜਕੀ ਸੜਕ ਪਾਰ ਕਰਦੀ ਹੋਈ ਉਸਦੇ ਸਾਹਮਣੇ ਆ ਕੇ ਖੜ੍ਹੀ ਹੋ ਗਈ ਸੀ। ਉਸ ਨੇ ਤਹਿਮੀਨਾ ਦੇ ਸਰੀਰ ਨਾਲ ਛੂਹਦੇ ਹੋਏ ਕੋਈ ਪਤਾ ਪੁੱਛਿਆ।
ਇਸ ਤੋਂ ਬਾਅਦ ਇੱਕ ਹੋਰ ਨੌਜਵਾਨ ਅੱਗੇ ਆਇਆ। ਦੋ-ਤਿੰਨ ਮਿੰਟਾਂ ਵਿੱਚ ਤਹਿਮੀਨਾ ਨੂੰ ਪਤਾ ਨਹੀਂ ਕੀ ਹੋ ਗਿਆ।
ਤਹਿਮੀਨਾ ਕਹਿੰਦੀ ਹੈ, "ਇਹ ਘਟਨਾ ਅਜੀਬ ਅਤੇ ਭਿਆਨਕ ਹੈ। ਨੌਜਵਾਨ ਮੇਰੇ ਤੋਂ ਜਾਣਨਾ ਚਾਹੁੰਦਾ ਸੀ ਕਿ ਉਸ ਇਲਾਕੇ ਵਿੱਚ ਕੋਈ ਗਰੀਬ ਜਾਂ ਅਨਾਥ ਹੈ ਜਾਂ ਨਹੀਂ। ਉਹ ਉਸ ਦੀ ਮਦਦ ਕਰੇਗਾ। ਮੇਰੇ ਘਰ ਦੇ ਨੇੜੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਇਸ ਲਈ ਮੈਂ ਨੋਜਵਾਨ ਤੋਂ ਚੰਗੀ ਤਰ੍ਹਾ ਪੁੱਛਿਆ। ਮੈਂ ਉਸ ਨੌਜਵਾਨ ਨਾਲ ਕੁਝ ਮਿੰਟਾਂ ਲਈ ਗੱਲ ਕੀਤੀ। ਇਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ। ਮੇਰਾ ਦਿਮਾਗ਼ ਕੰਮ ਨਹੀਂ ਕਰ ਰਿਹਾ ਸੀ।"
ਇਸ ਤੋਂ ਬਾਅਦ ਅਣਪਛਾਤੀ ਔਰਤ ਅਤੇ ਨੌਜਵਾਨ ਦੇ ਕਹਿਣ ਮੁਤਾਬਕ ਤਹਿਮੀਨਾ ਨੇ ਆਪਣੇ ਕੰਨਾਂ ਦੀਆਂ ਵਾਲੀਆਂ, ਗਲੇ ਦੀ ਚੇਨ ਅਤੇ ਆਪਣੇ ਕੋਲ ਰੱਖੇ ਕੁਝ ਹਜ਼ਾਰ ਰੁਪਏ ਉਨ੍ਹਾਂ ਨੂੰ ਸੌਂਪ ਦਿੱਤੇ।
ਤਹਿਮੀਨਾ ਕਹਿੰਦੀ ਹੈ, “ਉਨ੍ਹਾਂ ਨੇ ਕਿਹਾ, ਆਂਟੀ, ਤੁਸੀਂ ਆਪਣੇ ਗਹਿਣੇ ਅਤੇ ਪੈਸੇ ਬੈਗ ਵਿੱਚ ਰੱਖੋ, ਨਹੀਂ ਤਾਂ ਗੁਆਚ ਜਾਣਗੇ। ਮੈਂ ਉਵੇਂ ਹੀ ਕੀਤਾ। ਮੇਰੇ ਮਨ ਵਿੱਚ ਇਹ ਨਹੀਂ ਆਇਆ ਕਿ ਮੈਂ ਗਹਿਣੇ ਕਿਉਂ ਲਾਹਾਂ ਅਤੇ ਉਹ ਕਿਵੇਂ ਗੁਆਚ ਜਾਣਗੇ ਜਾਂ ਮੈਂ ਬੈਗ ਵਿਚ ਕਿਉਂ ਰੱਖਾਂ। ਮੈਂ ਆਪਣਾ ਬੈਗ ਉਸ ਕੁੜੀ ਨੂੰ ਫੜਾ ਕੇ ਉਸਦੇ ਮਗਰ ਤੁਰਨ ਲੱਗੀ।"
ਥੋੜ੍ਹੀ ਦੇਰ ਬਾਅਦ ਆਈ ਹੋਸ਼
ਕੁਝ ਦੂਰ ਤੁਰਨ ਤੋਂ ਬਾਅਦ ਤਹਿਮੀਨਾ ਨੂੰ ਹੋਸ਼ ਆਈ। ਹੁਣ ਉਹ ਨੌਜਵਾਨ ਕਿਤੇ ਨਜ਼ਰ ਨਹੀਂ ਆਇਆ। ਪਿਛਲੀ ਥਾਂ 'ਤੇ ਵਾਪਸ ਜਾਣ ਤੋਂ ਬਾਅਦ ਉਹ ਕੁੜੀ ਵੀ ਕਿਧਰੇ ਨਜ਼ਰ ਨਹੀਂ ਆਈ, ਜਿਸ ਦਿਨ ਉਹ ਆਪਣੀ ਸੋਨੇ ਦੀ ਚੇਨ, ਝੁਮਕੇ, ਹਜ਼ਾਰਾਂ ਰੁਪਏ ਅਤੇ ਮੋਬਾਈਲ ਗੁਆ ਕੇ ਘਰ ਪਰਤੀ ਸੀ।
ਉਹ ਕਹਿੰਦੀ ਹੈ, "ਮੈਨੂੰ ਅਜੇ ਵੀ ਸਮਝ ਨਹੀਂ ਆਈ ਕਿ ਕੀ ਹੋਇਆ। ਉਨ੍ਹਾਂ ਲੋਕਾਂ ਨੇ ਮੇਰੇ ਨਾਲ ਕੁਝ ਵੀ ਨਹੀਂ ਕੀਤਾ। ਉਹ ਦੋਵੇਂ ਮੇਰੇ ਨੇੜੇ ਖੜ੍ਹੇ ਸਨ ਅਤੇ ਲੜਕੀ ਨੇ ਮੇਰੇ ਚਿਹਰੇ ਦੇ ਸਾਹਮਣੇ ਆਪਣਾ ਹੱਥ ਹਿਲਾ ਕੇ ਇੱਕ ਕਾਗਜ਼ 'ਤੇ ਲਿਖੇ ਕਿਸੇ ਪਤੇ ਬਾਰੇ ਪੁੱਛਿਆ ਸੀ।"
ਹਾਲ ਹੀ ਦੇ ਸਾਲਾਂ ਵਿੱਚ, ਬੰਗਲਾਦੇਸ਼ ਵਿੱਚ ਕਈ ਹੋਰ ਲੋਕ ਵੀ ਤਹਿਮੀਨਾ ਬੇਗਮ ਵਰਗੇ ਕੌੜੇ ਅਨੁਭਵਾਂ ਵਿੱਚੋਂ ਗੁਜ਼ਰ ਚੁੱਕੇ ਹਨ। ਇਨ੍ਹਾਂ ਘਟਨਾਵਾਂ ਦਾ ਕਾਰਨ ਸਕੋਪੋਲਾਮਾਈਨ ਨਾਂ ਦੀ ਦਵਾਈ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦਵਾਈ ਤਰਲ ਅਤੇ ਪਾਊਡਰ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਅਪਰਾਧਿਕ ਇਰਾਦੇ ਨਾਲ ਇਸ ਨਸ਼ੀਲੇ ਪਦਾਰਥ ਨੂੰ ਕਾਗਜ਼, ਕੱਪੜੇ, ਹੱਥ ਜਾਂ ਮੋਬਾਈਲ ਦੀ ਸਕਰੀਨ 'ਤੇ ਲਗਾਉਣ ਨਾਲ ਇਸ ਦੀ ਖੁਸ਼ਬੂ ਕਿਸੇ ਦੇ ਵੀ ਮਨ ਨੂੰ ਕੁਝ ਸਮੇਂ ਲਈ ਕਾਬੂ ਕਰ ਸਕਦੀ ਹੈ।
ਲੇਕਿਨ ਕੀ ਸੱਚਮੁੱਚ ਅਜਿਹੀ ਕੋਈ ਨਸ਼ੀਲੀ ਦਵਾਈ ਹੈ? ਜੇਕਰ ਅਜਿਹਾ ਹੈ ਵੀ, ਤਾਂ ਇਹ ਕਿਵੇਂ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਇਹ ਬੰਗਲਾਦੇਸ਼ ਵਿੱਚ ਇਹੀ ਵਰਤੀ ਜਾ ਰਹੀ ਹੈ?
ਬੰਗਲਾਦੇਸ਼ ਵਿੱਚ ਸਕੋਪੋਲਾਮਾਈਨ ਦੀ ਵਰਤੋਂ ਦੇ ਸਬੂਤ

ਤਸਵੀਰ ਸਰੋਤ, Getty Images
ਸਤੰਬਰ 2023 ਵਿੱਚ, ਬੰਗਲਾਦੇਸ਼ ਦੇ ਨਰਾਇਣਗੰਜ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਉਸ ਕਤਲ ਦੀ ਜਾਂਚ ਦੇ ਸਬੰਧ ਵਿੱਚ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਢਾਕਾ ਤੋਂ ਇੱਕ ਹੋਰ ਵਿਅਕਤੀ ਨੂੰ ਫੜਿਆ ਗਿਆ।
ਪੁਲਿਸ ਨੇ ਪਹਿਲੀ ਵਾਰ ਇਨ੍ਹਾਂ ਵਿੱਚੋਂ ਇੱਕ ਦੇ ਕਬਜ਼ੇ ਵਿੱਚੋਂ ਸਕੋਪੋਲਾਮਾਈਨ ਬਰਾਮਦ ਕਰਨ ਦੀ ਗੱਲ ਕਬੂਲੀ ਸੀ। ਉਕਤ ਵਿਅਕਤੀ ਦੇ ਕਬਜ਼ੇ 'ਚੋਂ ਬੋਤਲਾਂ 'ਚ ਪਾਊਡਰ ਦੇ ਰੂਪ 'ਚ ਭਰੀ ਸਕੋਪੋਲਾਮਾਈਨ ਸਮੇਤ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਬਾਅਦ ਵਿੱਚ ਅਦਾਲਤ ਦੀਆਂ ਹਦਾਇਤਾਂ ’ਤੇ ਸੀਆਈਡੀ ਲੈਬ ਵਿੱਚ ਕੀਤੇ ਗਏ ਟੈਸਟਾਂ ਜ਼ਰੀਏ ਸਕੋਪੋਲਾਮਾਈਨ ਦੀ ਪੁਸ਼ਟੀ ਹੋਈ ਸੀ।
ਨਰਾਇਣਗੰਜ ਦੇ ਪੁਲਿਸ ਸੁਪਰਡੈਂਟ ਗੁਲਾਮ ਮੁਸਤਫਾ ਰਸੇਲ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਇਸ ਸਕੋਪੋਲਾਮਾਈਨ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਉਹ ਦੱਸਦੇ ਹਨ, "ਰਸਾਇਣਕ ਜਾਂਚ ਤੋਂ ਬਾਅਦ, ਸਾਨੂੰ ਜੋ ਰਿਪੋਰਟ ਮਿਲੀ ਸੀ, ਉਸ ਵਿੱਚ ਸਕੋਪੋਲਾਮਾਈਨ, ਪੋਟਾਸ਼ੀਅਮ ਸਾਇਨਾਈਡ ਅਤੇ ਕਲੋਰੋਫਾਰਮ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਵਿੱਚੋਂ, ਸਕੋਪੋਲਾਮਾਈਨ ਸਾਡੇ ਲਈ ਬਿਲਕੁਲ ਨਵੀਂ ਚੀਜ਼ ਸੀ। ਅਸੀਂ ਇਸਦਾ ਨਾਮ ਵੀ ਨਹੀਂ ਜਾਣਦੇ ਸੀ। ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਇਸਦੀ ਵਰਤੋਂ ਕਿਵੇਂ ਅਤੇ ਕਿੱਥੇ-ਕਿੱਥੇ ਕੀਤੀ ਜਾ ਸਕਦੀ ਹੈ। ਬਾਅਦ ਵਿੱਚ ਅਧਿਐਨ ਕਰਕੇ ਪਤਾ ਲੱਗਿਆ ਕਿ ਅਸਲ ਵਿੱਚ ਕਈ ਲੋਕ ਇਸ ਨੂੰ ਡੈਵਿਲਜ਼ ਬ੍ਰੀਥ ਜਾਂ ਸ਼ੈਤੀਨੀ ਸਾਹ ਕਹਿੰਦੇ ਹਨ।"
ਮੁਸਤਫਾ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਕੋਰੀਅਰ ਜਾਂ ਹੋਰ ਤਰੀਕਿਆਂ ਨਾਲ ਇਨ੍ਹਾਂ ਨਸ਼ੀਲੀਆਂ ਦਵਾਈਆਂ ਨੂੰ ਦੇਸ਼ ਵਿੱਚ ਲਿਆ ਰਹੇ ਹਨ।
ਧਤੂਰੇ ਦੇ ਫੁੱਲਾਂ ਤੋਂ ਸਕੋਪੋਲਾਮਾਈਨ ਕੌਣ ਬਣਾਉਂਦਾ ਹੈ?

ਤਸਵੀਰ ਸਰੋਤ, Getty Images
ਸਕੋਪੋਲਾਮਾਈਨ ਅਸਲ ਵਿੱਚ ਇੱਕ ਸਿੰਥੈਟਿਕ ਡਰੱਗ ਹੈ। ਇਸਦੀ ਵਰਤੋਂ ਮੈਡੀਕਲ ਵਿਗਿਆਨ ਵਿੱਚ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸਦੀ ਵਰਤੋਂ ਮਤਲੀ, ਮੋਸ਼ਨ ਸਿਕਨੇਸ ਅਤੇ ਕੁਝ ਮਾਮਲਿਆਂ ਵਿੱਚ ਓਪਰੇਸ਼ਨਾਂ ਤੋਂ ਬਾਅਦ ਪੀੜਤ ਮਰੀਜ਼ਾਂ ਲਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਇਹ ਕੋਈ ਕੁਦਰਤੀ ਚੀਜ਼ ਨਹੀਂ ਹੈ। ਸਕੋਪੋਲਾਮਾਈਨ ਨੂੰ ਕੁਦਰਤੀ ਪਦਾਰਥਾਂ ਵਿੱਚ ਕੁਝ ਹੋਰ ਸਮੱਗਰੀ ਰਲਾ ਕੇ ਨਕਲੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਤਰਲ ਅਤੇ ਪਾਊਡਰ ਦੋਵਾਂ ਰੂਪਾਂ ਵਿੱਚ ਮਿਲਦੀ ਹੈ।
ਇਸ ਦੀ ਤਿਆਰੀ ਲਈ ਮਹੱਤਵਪੂਰਨ ਜਾਂ ਮੂਲ ਸਮੱਗਰੀ ਧਤੂਰਾ ਦੇ ਫੁੱਲ ਤੋਂ ਮਿਲਦੀ ਹੈ।
ਨਾਰਕੋਟਿਕਸ ਕੰਟਰੋਲ ਵਿਭਾਗ ਦੇ ਚੀਫ ਕੈਮੀਕਲ ਐਗਜ਼ਾਮੀਨਰ ਡਾ. ਦੁਲਾਲ ਕ੍ਰਿਸ਼ਨ ਸਾਹਾ ਦੱਸਦੇ ਹਨ, "ਇੱਕ ਸਮੇਂ ਦੇਸ ਵਿੱਚ, ਲੋਕਾਂ ਨੂੰ ਪਾਗਲ ਬਣਾਉਣ ਲਈ, ਧਤੂਰੇ ਨੂੰ ਪੀਸ ਕੇ ਦੁੱਧ ਵਿੱਚ ਪਾ ਦਿੱਤਾ ਜਾਂਦਾ ਸੀ। ਧਤੂਰੇ ਦਾ ਫੁੱਲ ਇੱਕ ਕਿਸਮ ਦਾ ਜ਼ਹਿਰ ਹੈ। ਇਸ ਵਿੱਚੋਂ ਕੁਝ ਹਿੱਸਾ ਕੱਢ ਕੇ ਸਕੋਪੋਲਾਮਾਈਨ ਨੂੰ ਸਿੰਥੈਟਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਮੈਕਸੀਕੋ ਵਿੱਚ ਡਰੱਗ ਗੈਂਗ ਇਹ ਦਵਾਈ ਬਣਾ ਰਹੇ ਹਨ ਅਤੇ ਇਸਨੂੰ ਪੂਰੀ ਦੁਨੀਆ ਵਿੱਚ ਫੈਲਾ ਰਹੇ ਹਨ।"
ਸਕੋਪੋਲਾਮਾਈਨ ਕਦੋਂ ਅਤੇ ਕਿਵੇਂ ਕੰਮ ਕਰਦਾ ਹੈ?
ਦੂਜੇ ਵਿਸ਼ਵ ਯੁੱਧ ਦੌਰਾਨ ਖੁਫੀਆ ਏਜੰਸੀਆਂ ਦੁਆਰਾ ਸਕੋਪੋਲਾਮਾਈਨ ਦੀ ਵਰਤੋਂ ਦੀ ਇੱਕ ਉਦਾਹਰਣ ਮਿਲਦੀ ਹੈ। ਉਸ ਸਮੇਂ ਇਸ ਨੂੰ ਇੰਜੈਕਸ਼ਨ ਰਾਹੀਂ ਤਰਲ ਰੂਪ ਵਿੱਚ ਵਰਤਿਆ ਜਾਂਦਾ ਸੀ।
ਬੰਗਬੰਧੂ ਸ਼ੇਖ ਮੁਜੀਬ ਮੈਡੀਕਲ ਯੂਨੀਵਰਸਿਟੀ, ਬੰਗਲਾਦੇਸ਼ ਦੇ ਫਾਰਮਾਕੋਲੋਜੀ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ (ਡਾ.) ਸੈਦੁਰ ਰਹਿਮਾਨ ਕਹਿੰਦੇ ਹਨ, "ਇੱਕ ਦਵਾਈ ਦੇ ਤੌਰ 'ਤੇ ਸਕੋਪੋਲਾਮਾਈਨ ਦੀ ਵਰਤੋਂ ਅਜੇ ਵੀ ਕੀਤੀ ਜਾਂਦੀ ਹੈ।ਇਹ ਸੱਚ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ, ਖੁਫੀਆ ਏਜੰਸੀਆਂ ਨੇ ਇਸ ਨੂੰ ਸੀਰਮ ਦੇ ਰੂਪ ਵਿੱਚ ਵਰਤਦੀਆਂ ਸਨ। ਜਾਣੀ ਇਸ ਦਵਾਈ ਦਾ ਟੀਕਾ ਲਾਉਣ ਦੀ ਸੂਰਤ ਵਿੱਚ ਸੰਬੰਧਿਤ ਵਿਅਕਤੀ ਸੱਚ ਬੋਲਣ ਲਗਦਾ ਸੀ। ਇਸਦਾ ਇਹੀ ਕਾਰਨ ਸੀ ਕਿ ਉਹ ਆਪਣੇ ਮਨ 'ਤੇ ਕਾਬੂ ਗੁਆ ਬੈਠਦਾ ਸੀ ਦੂਜਿਆਂ ਦੀ ਗੱਲ ਸੁਣਨੀ ਅਤੇ ਮੰਨਣੀ ਸ਼ੁਰੂ ਕਰ ਦਿੰਦਾ ਸੀ।"
ਰਹਿਮਾਨ ਦੱਸਦੇ ਹਨ, "ਜਦੋਂ ਤੁਸੀਂ ਕਿਸੇ ਤੋਂ ਸੱਚਾਈ ਕਢਵਾਉਣ ਲਈ ਇਸਦੀ ਵਰਤੋਂ ਕਰਦੇ ਹੋ, ਤਾਂ ਇਹ ਟਰੂਥ ਸੀਰਮ ਹੈ। ਲੇਕਿਨ ਜਦੋਂ ਤੁਸੀਂ ਕਿਸੇ ਨੂੰ ਪਾਊਡਰ ਦੇ ਰੂਪ ਵਿੱਚ ਇਸਦੀ ਖੁਸ਼ਬੂ ਨੂੰ ਸਾਹ ਲੈਣ ਲਈ ਮਜਬੂਰ ਕਰਦੇ ਹੋ, ਤਾਂ ਇਹ 'ਸ਼ੈਤਾਨ ਦਾ ਸਾਹ' ਜਾਂ 'ਡੈਵਿਲਜ਼ ਬ੍ਰੀਥ' ਹੈ। ਇਸੇ ਤਰ੍ਹਾਂ, ਜਦੋਂ ਇਹ ਮਤਲੀ, ਉਲਟੀਆਂ ਜਾਂ ਮੋਸ਼ਨ ਬਿਮਾਰੀ ਦੇ ਮਾਮਲਿਆਂ ਵਿੱਚ ਵਰਤਿਆ ਜਾਂਦਾ ਹੈ, ਤਾਂ ਇਹ ਅਸਲ ਵਿੱਚ ਇੱਕ ਦਵਾਈ ਵਜੋਂ ਵਰਤਿਆ ਜਾਂਦਾ ਹੈ।"
ਧੋਖਾਧੜੀ ਜਾਂ ਧੋਖਾਧੜੀ ਦੇ ਮਾਮਲਿਆਂ ਵਿੱਚ, ਸਕੋਪੋਲਾਮਾਈਨ ਮੁੱਖ ਤੌਰ 'ਤੇ ਪਾਊਡਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਨੂੰ ਵਿਜ਼ਿਟਿੰਗ ਕਾਰਡ, ਕਾਗਜ਼, ਕੱਪੜੇ ਜਾਂ ਮੋਬਾਈਲ ਦੀ ਸਕਰੀਨ ਉੱਤੇ ਲਗਾ ਕੇ ਬਹੁਤ ਹੀ ਚਲਾਕੀ ਨਾਲ ਪੀੜਤ ਦੇ ਨੱਕ ਦੇ ਸਾਹਮਣੇ ਲਿਆਂਦਾ ਜਾਂਦਾ ਹੈ।
ਨਾਰਕੋਟਿਕਸ ਕੰਟਰੋਲ ਵਿਭਾਗ ਦੇ ਚੀਫ਼ ਕੈਮੀਕਲ ਐਗਜ਼ਾਮੀਨਰ ਡਾ: ਦੁਲਾਲ ਕ੍ਰਿਸ਼ਨ ਸਾਹਾ ਦਾ ਕਹਿਣਾ ਹੈ, ''ਇਹ ਨਸ਼ਾ ਵਿਅਕਤੀ ਦੇ ਸਾਹ ਲੈਣ ਦੀ ਸੀਮਾ ਦੇ ਅੰਦਰ ਉਦੋਂ ਆਉਂਦਾ ਹੈ ਜਦੋਂ ਇਹ ਉਸ ਦੇ ਨੱਕ ਤੋਂ ਚਾਰ ਤੋਂ ਛੇ ਇੰਚ ਦੀ ਦੂਰੀ 'ਤੇ ਆਉਂਦਾ ਹੈ, ਯਾਨੀ ਕਿ ਕਿਸੇ ਨੂੰ ਇਸ ਦਾ ਸ਼ਿਕਾਰ ਬਣਾਉਣ ਲਈ ਦਵਾਈ ਉਸਦੇ ਨੱਕ ਤੋਂ ਚਾਰ ਤੋਂ ਛੇ ਇੰਚ ਦੀ ਦੂਰੀ ਤੱਕ ਰੱਖਣੀ ਜ਼ਰੂਰੀ ਹੈ।"
"ਇਹ ਸਾਹ ਰਾਹੀਂ ਅੰਦਰ ਜਾਣ ਤੋਂ 10 ਮਿੰਟ ਦੇ ਅੰਦਰ ਜਾਂ ਉਸ ਤੋਂ ਵੀ ਪਹਿਲਾਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ, ਚੇਤਾ ਅਤੇ ਦਿਮਾਗ ਸੁਚੇਤ ਤੌਰ 'ਤੇ ਕੰਮ ਨਹੀਂ ਕਰ ਸਕਦੇ। ਕੁਝ ਲੋਕਾਂ ਨੂੰ ਇਸਦੇ ਪ੍ਰਭਾਵ ਤੋਂ ਬਾਅਦ ਕੁਦਰਤੀ ਹੋਣ ਲਈ ਇੱਕ ਘੰਟਾ ਲੱਗ ਜਾਂਦਾ ਹੈ, ਜਦੋਂ ਕਿ ਕੁਝ ਲੋਕ ਤਿੰਨ-ਚਾਰ ਘੰਟੇ ਬਾਅਦ ਵੀ ਆਪਣੀ ਸੁਭਾਵਿਕ ਸਥਿਤੀ ਵਿੱਚ ਵਾਪਸ ਨਹੀਂ ਆ ਸਕਦੇ ਹਨ।"
ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਹਨ?

ਬੰਗਲਾਦੇਸ਼ ਵਿੱਚ ਸ਼ੁਰੂਆਤ ਵਿੱਚ ਰਾਜਧਾਨੀ ਢਾਕਾ ਵਿੱਚ ਹੀ ਇਸ ਡਰੱਗ ਦੀ ਵਰਤੋਂ ਰਾਹੀਂ ਧੋਖਾਧੜੀ ਦੀਆਂ ਸ਼ਿਕਾਇਤ ਮਿਲੀ ਸੀ। ਲੇਕਿਨ ਹੁਣ ਅਜਿਹੀਆਂ ਸ਼ਿਕਾਇਤਾਂ ਢਾਕਾ ਤੋਂ ਬਾਹਰ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮਿਲ ਰਹੀਆਂ ਹਨ।
ਹਾਲਾਂਕਿ ਪੁਲਿਸ ਕੋਲ ਅਜਿਹੀਆਂ ਘਟਨਾਵਾਂ ਬਾਰੇ ਕੋਈ ਠੋਸ ਅੰਕੜੇ ਉਪਲਬਧ ਨਹੀਂ ਹਨ। ਇੱਕ ਵੱਡਾ ਸਵਾਲ ਇਹ ਹੈ ਕਿ ਨਸ਼ਾ ਤਸਕਰ ਸੁਰੱਖਿਆ ਏਜੰਸੀਆਂ ਨੂੰ ਮੂਰਖ ਬਣਾ ਕੇ ਸਕੋਪੋਲਾਮਾਈਨ ਦੇਸ ਵਿੱਚ ਕਿਵੇਂ ਲਿਆ ਰਹੇ ਹਨ?
ਨਰਾਇਣਗੰਜ ਕਾਂਡ ਤੋਂ ਬਾਅਦ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਸਕੋਪੋਲਾਮਾਈਨ ਆਨਲਾਈਨ ਵੇਚੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਇਸ ਦਵਾਈ ਦੀ ਆਨਲਾਈਨ ਵਿਕਰੀ ਵਿੱਚ ਸ਼ਾਮਲ ਹਨ। ਇਹ ਨਸ਼ੀਲੀ ਦਵਾਈ ਮੂਲ ਰੂਪ ਵਿੱਚ ਦੇਸ ਤੋਂ ਬਾਹਰੋਂ ਇੱਥੇ ਪਹੁੰਚ ਰਹੀ ਹੈ।
ਇਸ ਦਵਾਈ ਨੂੰ ਦੇਸ ਵਿੱਚ ਲਿਆਉਣ ਲਈ ਕੋਰੀਅਰ ਸੇਵਾ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੋਈ ਸਕੋਪੋਲਾਮਾਈਨ ਨੂੰ ਦਵਾਈ ਦੇ ਕੱਚੇ ਮਾਲ ਵਜੋਂ ਜਾਂ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾ ਕੇ ਤਾਂ ਦੇਸ ਵਿੱਚ ਨਹੀਂ ਲਿਆ ਰਿਹਾ ਹੈ।
ਇਸ ਸਬੰਧੀ ਇੱਕ ਸਵਾਲ ਉੱਤੇ ਪੁਲਿਸ ਹੈੱਡਕੁਆਰਟਰ ਦੇ ਏਆਈਜੀ ਇਨਾਮੁਲ ਹੱਕ ਸਾਗਰ ਨੇ ਕਿਹਾ, "ਇਸ ਅਪਰਾਧ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅਸੀਂ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਨਰਾਇਣਗੰਜ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਹਨ। ਫਿਲਹਾਲ ਅਸੀਂ ਉਨ੍ਹਾਂ ਤੋਂ ਸੂਚਨਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ।
ਇਹ ਪਤਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਇਸ ਧੰਦੇ ਵਿਚ ਹੋਰ ਕੌਣ-ਕੌਣ ਸ਼ਾਮਲ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।"
ਲੇਕਿਨ ਸਭ ਤੋਂ ਵੱਡਾ ਖਦਸ਼ਾ ਇਹ ਹੈ ਕਿ ਇਸ ਸਮੇਂ ਦੌਰਾਨ ਸਕੋਪੋਲਾਮਾਈਨ ਦੀ ਵਰਤੋਂ ਰਾਹੀਂ ਧੋਖਾਧੜੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਆਪਣੀ ਜਮਾ-ਪੂੰਜੀ ਗੁਆ ਰਹੇ ਹਨ।








