ਸਿੰਥੈਟਿਕ ਡਰੱਗਜ਼ ਕੀ ਹਨ, ਜੋ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਦੁਨੀਆਂ ਲਈ ਵੱਡੀ ਸਮੱਸਿਆ ਬਣ ਰਹੇ ਹਨ

ਤਸਵੀਰ ਸਰੋਤ, Getty Images
ਮਾਰਚ 2024 ਵਿੱਚ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵਿਆਨਾ ਵਿੱਚ ਸੰਯੁਕਤ ਰਾਸ਼ਟਰ ਦੇ ਨਾਰਕੋਟਿਕਸ ਜਾਂ ਨਸ਼ੀਲੇ ਪਦਾਰਥਾਂ ਬਾਰੇ ਕਮਿਸ਼ਨ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਵਿੱਚ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਸਿੰਥੈਟਿਕ ਡਰੱਗਜ਼ ਜਾਂ ਓਪੀਔਡਜ਼ ਹਨ।
ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ 2022 ਵਿੱਚ ਸਿੰਥੈਟਿਕ ਦਵਾਈਆਂ ਦੀ ਓਵਰਡੋਜ਼ ਕਾਰਨ ਇੱਕ ਲੱਖ ਅੱਠ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਹੀ ਨਹੀਂ ਕੈਨੇਡਾ ਵੀ ਸ਼ਕਤੀਸ਼ਾਲੀ ਸਿੰਥੈਟਿਕ ਡਰੱਗਜ਼ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਲੈਬ ਵਿੱਚ ਬਣੇ ਸਿੰਥੈਟਿਕ ਓਪੀਔਡਜ਼ ਦੀ ਲਤ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ ਅਤੇ ਸਿੰਥੈਟਿਕ ਓਪੀਔਡਜ਼ ਦੀ ਦੁਰਵਰਤੋਂ ਦੀ ਸਮੱਸਿਆ ਹੁਣ ਦੁਨੀਆਂ ਦੇ ਕਈ ਦੇਸਾਂ ਵਿੱਚ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਦੁਨੀਆਂ ਦਾ ਕੋਈ ਵੀ ਦੇਸ ਇਕੱਲੇ ਇਸ ਸਮੱਸਿਆ ਨਾਲ ਨਹੀਂ ਨਜਿੱਠ ਸਕਦਾ।
ਯੂਨਾਇਟਿਡ ਨੇਸ਼ਨਜ਼ ਆਫ਼ਿਸ ਆਨ ਡਰੱਗਜ਼ ਐਂਡ ਕਰਾਈਮ ਦੀ ਇੱਕ ਰਿਪੋਰਟ ਮੁਤਾਬਕ ਦੱਖਣ ਏਸ਼ੀਆ ਵਿੱਚ ਸਿੰਥੇਟਿਕ ਡਰੱਗ ਦੇ ਉਤਪਾਦਨ ਅਤੇ ਤਸਕਰੀ ਦਾ ਮੁੱਖ ਕੇਂਦਰ ਭਾਰਤ ਹੈ। ਭਾਰਤ ਤੋਂ ਕੰਬੋਡੀਆ, ਕੈਨੇਡਾ, ਸਪੇਨ, ਤਾਇਵਾਨ, ਫਿਲੀਪੀਨਜ਼ ਅਤੇ ਯੂਕੇ ਤੱਕ ਸਿੰਥੈਟਿਕ ਡਰੱਗ ਦੀ ਤਸਕਰੀ ਕੀਤੀ ਜਾਂਦੀ ਹੈ।
ਰਿਪੋਰਟ ਮੁਤਾਬਕ ਭਾਰਤ ਦੀਆਂ ਇੰਫ਼ੋਰਸਮੈਂਟ ਏਂਜੰਸੀਜ਼ ਵੱਲੋਂ ਪਿਛਲੇ ਕੁਝ ਸਾਲਾਂ ਵਿੱਚ ਮੁੱਖ ਤੌਰ ਉੱਤੇ ਐਫ਼ੇਡਰਾਇਨ ਅਤੇ ਸੂਡੋਫੇਡਰਾਇਨ ਡਰੱਗ ਜ਼ਬਤ ਕੀਤਾ ਗਿਆ ਹੈ। ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਭਾਰਤ ਸਰਕਾਰ ਵਲੋਂ ਇਨ੍ਹਾਂ ਉਤਪਾਦਾਂ ਦੀ ਵਰਤੋਂ ’ਤੇ ਪਾਬੰਦੀ ਦੇ ਬਾਵਜੂਦ ਦੇਸ਼ ਵਿੱਚ ਉਤਪਦਾਨ ਅਤੇ ਵਪਾਰ ਜਾਰੀ ਹੈ।
ਓਪੀਔਡਜ਼ ਕੀ ਹਨ?

ਤਸਵੀਰ ਸਰੋਤ, Getty Images
ਰਿਕ ਟ੍ਰੇਬਲ ਇੱਕ ਫੋਰੈਂਸਿਕ ਕੈਮਿਸਟ ਹਨ ਜੋ ਡਰੱਗਜ਼ ਦੀ ਦੁਰਵਰਤੋਂ ਬਾਰੇ ਯੂਕੇ ਸਰਕਾਰ ਦੀ ਕਮੇਟੀ ਦੇ ਸਲਾਹਕਾਰ ਹਨ। ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸਿੰਥੈਟਿਕ ਓਪੀਔਡ ਇੱਕ ਅਜਿਹਾ ਪਦਾਰਥ ਹੈ ਜਿਸਦਾ ਅਸਰ ਅਫ਼ੀਮ ਤੋਂ ਕੱਢੇ ਜਾਣ ਵਾਲੇ ਪਦਾਰਥ ਜਿੰਨਾ ਹੀ ਹੁੰਦਾ ਹੈ।
“ਜਿਹੜੇ ਪਦਾਰਥ ਪੌਪੀ ਜਾਂ ਅਫ਼ੀਮ ਤੋਂ ਕੱਢ ਕੇ ਬਣਾਏ ਜਾਂਦੇ ਹਨ ਉਨ੍ਹਾਂ ਨੂੰ ਓਪੀਔਡ ਕਿਹਾ ਜਾਂਦਾ ਹੈ। ਮਿਸਾਲ ਲਈ, ਮੋਰਫਿਨ ਅਤੇ ਹੈਰੋਇਨ। ਇਹ ਅਫ਼ੀਮ ਪੌਪੀ ਵਰਗੇ ਕੁਦਰਤੀ ਪਦਾਰਥਾਂ ਤੋਂ ਬਣੇ ਹੁੰਦੇ ਹਨ। ਜਦੋਂ ਕਿ ਸਿੰਥੈਟਿਕ ਓਪੀਔਡਜ਼ ਲੈਬੌਰਟਰੀ ਵਿੱਚ ਬਣਾਏ ਜਾਂਦੇ ਹਨ। ਮਾਰਫੀਨ ਦੇ ਮੁਕਾਬਲੇ ਸਿੰਥੈਟਿਕ ਓਪੀਔਡਜ਼ ਸੈਂਕੜੇ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਹਨ।"
ਸਿੰਥੈਟਿਕ ਡਰੱਗਜ਼ ਜਾਂ ਸਿੰਥੈਟਿਕ ਓਪੀਔਡਜ਼ ਸਾਡੇ ਦਿਮਾਗ ਦੇ ਉਸੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਉੱਤੇ ਪੌਦਿਆਂ ਤੋਂ ਬਣੇ ਓਪੀਔਡਜ਼ ਅਸਰ ਕਰਦੇ ਹਨ। ਓਪੀਓਡਜ਼ ਦੀ ਵਰਤੋਂ ਦਰਦ ਦੀ ਦਵਾਈ ਵਜੋਂ ਕੀਤੀ ਜਾਂਦੀ ਹੈ।
ਰਿਕ ਟ੍ਰੇਬਲ ਕਹਿੰਦੇ ਹਨ, "ਸਿੰਥੈਟਿਕ ਓਪੀਔਡਜ਼ ਵਿੱਚ ਇੱਕ ਰੀਸੈਪਟਰ ਹੁੰਦਾ ਹੈ ਜਿਸਦੀ ਵਰਤੋਂ ਦਰਦ ਘਟਾਉਣ ਜਾਂ ਮਰੀਜ਼ ਨੂੰ ਬੇਹੋਸ਼ ਕਰਨ ਲਈ ਕੀਤੀ ਜਾਂਦੀ ਹੈ।ਲੇਕਿਨ ਇਸ ਰੀਸੈਪਟਰ ਦਾ ਇੱਕ ਬੁਰਾ ਪ੍ਰਭਾਵ ਇਹ ਹੈ ਕਿ ਇਹ ਵਿਅਕਤੀ ਦੀ ਸਾਹ ਪ੍ਰਣਾਲੀ ਨੂੰ ਦਬਾ ਦਿੰਦਾ ਹੈ। ਜੇਕਰ ਇਸ ਓਪੀਔਡ ਦੀ ਵਰਤੋਂ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਹੈ, ਤਾਂ ਉਸ ਵਿਅਕਤੀ ਦੀ ਦਮ ਘੁੱਟਣ ਨਾਲ ਮੌਤ ਹੋ ਸਕਦੀ ਹੈ।"
ਸਿੰਥੈਟਿਕ ਓਪੀਔਡਜ਼ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ
1950 ਦੇ ਦਹਾਕੇ ਵਿੱਚ, ਦਵਾਈ ਕੰਪਨੀਆਂ ਨੇ ਓਪੀਔਡਜ਼ ਦੇ ਲਾਭਦਾਇਕ ਗੁਣਾਂ ਦੀ ਨਕਲ ਕਰਨ ਦੇ ਅਧਾਰ ਤੇ ਸਿੰਥੈਟਿਕ ਓਪੀਔਡ ਬਣਾਉਣੇ ਸ਼ੁਰੂ ਕਰ ਦਿੱਤੇ। ਹੁਣ ਬਾਜ਼ਾਰ ਵਿੱਚ ਸੈਂਕੜੇ ਕਿਸਮਾਂ ਦੇ ਸਿੰਥੈਟਿਕ ਓਪੀਔਡ ਉਪਲੱਬਧ ਹਨ।
ਫੈਂਟਾਨਿਲ ਇੱਕ ਅਜਿਹਾ ਮਸ਼ਹੂਰ ਸਿੰਥੈਟਿਕ ਓਪੀਔਡ ਹੈ।
ਰਿਕ ਟ੍ਰੇਬਲ ਨੇ ਕਿਹਾ ਕਿ 'ਕਈ ਵਾਰ ਸਰਜਰੀ ਤੋਂ ਪਹਿਲਾਂ ਮਰੀਜ਼ ਨੂੰ ਬੇਹੋਸ਼ ਕਰਨ ਲਈ ਸਿੰਥੈਟਿਕ ਓਪੀਔਡਜ਼ ਦਿੱਤੀ ਜਾਂਦੀ ਹੈ। ਉਸ ਸਮੇਂ, ਮਰੀਜ਼ ਦਾ ਸਾਹ ਚਲਦਾ ਰੱਖਣ ਲਈ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ। ਮੋਰਫਿਨ ਦੀ ਵਰਤੋਂ ਨਾਲ ਮਰੀਜ਼ ਨੂੰ ਲੰਬੇ ਸਮੇਂ ਤੱਕ ਚੱਕਰ ਆਉਂਦੇ ਰਹਿੰਦੇ ਹਨ ਪਰ ਸਿੰਥੈਟਿਕ ਓਪੀਔਡਜ਼ ਦੀ ਵਰਤੋਂ ਨਾਲ ਅਜਿਹਾ ਨਹੀਂ ਹੁੰਦਾ। ਸਿੰਥੈਟਿਕ ਓਪੀਔਡਸ ਦੀ ਵਰਤੋਂ ਜਣੇਪਾ ਦਰਦਾਂ ਨੂੰ ਘਟਾਉਣ ਲਈ ਵੀ ਕੀਤੀ ਜਾਂਦੀ ਹੈ।
ਕੈਂਸਰ ਦੇ ਮਰੀਜ਼ਾਂ ਦੇ ਦਰਦ ਨੂੰ ਘਟਾਉਣ ਲਈ ਸਿੰਥੈਟਿਕ ਓਪੀਔਡ ਪੈਚ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਦੇਸਾਂ ਵਿੱਚ, ਸਿੰਥੈਟਿਕ ਓਪੀਔਡ ਦੀ ਵਰਤੋਂ ਦਰਦ ਦੀ ਦਵਾਈ ਵਜੋਂ ਕੀਤੀ ਜਾਂਦੀ ਹੈ। ਲੇਕਿਨ 1990 ਦੇ ਦਹਾਕੇ ਵਿੱਚ ਇਸ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਉਣ ਲੱਗੇ।
ਰਿਕ ਟ੍ਰੇਬਲ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕੁਝ ਡਾਕਟਰਾਂ ਦੁਆਰਾ ਸਿੰਥੈਟਿਕ ਓਪੀਔਡਜ਼ ਦੀ ਓਵਰਸਬਸਕ੍ਰਿਪਸ਼ਨ ਕਾਰਨ, ਇੱਕ ਭਾਈਚਾਰੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਦੇ ਆਦੀ ਹੋ ਗਏ।
ਜਦੋਂ ਅਮਰੀਕੀ ਸਰਕਾਰ ਨੇ ਓਵਰ-ਸਬਸਕ੍ਰਿਪਸ਼ਨ ਨੂੰ ਰੋਕਣ ਲਈ ਕਦਮ ਚੁੱਕੇ, ਤਾਂ ਜੋ ਲੋਕ ਨਸ਼ੇ ਦੇ ਆਦੀ ਹੋ ਗਏ ਸਨ, ਉਨ੍ਹਾਂ ਨੇ ਬਦਲ ਲੱਭਣਾ ਸ਼ੁਰੂ ਕਰ ਦਿੱਤਾ। ਇਸ ਓਪੀਔਡ ਨੇ ਅਮਰੀਕੀ ਡਰੱਗ ਮਾਰਕੀਟ ਵਿੱਚ ਹੈਰੋਇਨ ਦੀ ਥਾਂ ਲੈ ਲਈ। ਲੋਕ ਹੈਰੋਇਨ ਦੀ ਥਾਂ ਫੈਂਟਾਨਾਇਲ ਦੀ ਵਰਤੋਂ ਕਰਨ ਲੱਗੇ।

ਤਸਵੀਰ ਸਰੋਤ, Getty Images
ਸਮੱਸਿਆ ਦੁਨੀਆ ਦੇ ਕਈ ਦੇਸਾਂ ਵਿੱਚ ਫੈਲ ਚੁੱਕੀ ਹੈ
ਕਈ ਦੇਸਾਂ ਦੀਆਂ ਸਰਕਾਰਾਂ ਨੇ ਗੈਰ-ਕਾਨੂੰਨੀ ਓਪੀਔਡਜ਼ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਪਰ ਗੈਰ-ਕਾਨੂੰਨੀ ਉਤਪਾਦਕਾਂ ਨੇ ਇਹਨਾਂ ਪਦਾਰਥਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਨੂੰ ਬਦਲ ਕੇ ਨਵੇਂ ਓਪੀਔਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਰਿਕ ਟ੍ਰੇਬਲ ਦਾ ਕਹਿਣਾ ਹੈ ਕਿ ਨੇਟਾਜ਼ਿਨ ਓਪੀਔਡਜ਼ ਹੁਣ ਕਈ ਥਾਵਾਂ 'ਤੇ ਵੇਚੇ ਜਾ ਰਹੇ ਹਨ। ਨੇਟਾਜ਼ਿਨ ਫੈਂਟਾਨਿਲ ਨਾਲੋਂ ਇੱਕ ਤਾਕਤਵਰ ਡਰੱਗ ਹੈ।
ਯੂਕੇ ਵਿੱਚ ਨੇਟਾਜ਼ਿਨ ਦੀ ਓਵਰਡੋਜ਼ ਕਾਰਨ ਮੌਤਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਯੂਕੇ ਸਰਕਾਰ ਨੇ ਫੈਂਟਾਨਿਲ ਅਤੇ ਨੇਟਾਜ਼ੀਨ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਬਹੁਤ ਸਾਰੇ ਲੋਕ ਇਹ ਦਵਾਈਆਂ ਇੰਟਰਨੈਟ ਰਾਹੀਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੇਚਦੇ ਹਨ।
ਦਰਅਸਲ, ਹੁਣ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਸਿੰਥੈਟਿਕ ਓਪੀਔਡਜ਼ ਦੀ ਦੁਰਵਰਤੋਂ ਦੀ ਸਮੱਸਿਆ ਫੈਲ ਰਹੀ ਹੈ।
ਸਿੰਥੈਟਿਕ ਡਰੱਗ ਦੀ ਸਮੱਸਿਆ

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਸੰਘ ਦੀ ਸਟੱਡੀ ਆਫ਼ ਡਰੱਗਜ਼ ਐਂਡ ਕ੍ਰਾਈਮ ਦੇ ਖੋਜ ਵਿਭਾਗ ਦੀ ਮੁਖੀ ਡਾ. ਐਂਜੇਲਾ ਮੇਅ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਡਰੱਗ ਅਤੇ ਓਪੀਔਡ ਦੀ ਦੁਰਵਰਤੋਂ ਬਾਰੇ ਬਹੁਤ ਘੱਟ ਜਾਣਕਾਰੀ ਉਪਲੱਬਧ ਹੈ।
"ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੁਨੀਆਂ ਭਰ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ 70 ਪ੍ਰਤੀਸ਼ਤ ਮੌਤਾਂ ਓਪੀਔਡ ਦੀ ਦੁਰਵਰਤੋਂ ਕਾਰਨ ਹੁੰਦੀਆਂ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਦੂਜੇ ਨਸ਼ਿਆਂ ਦੇ ਮੁਕਾਬਲੇ ਓਪੀਔਡ ਦੀ ਸਮੱਸਿਆ ਕਿੰਨੀ ਭਿਆਨਕ ਹੈ।"
ਅਮਰੀਕਾ ਵਿਚ ਇਸ ਸਮੱਸਿਆ ਦਾ ਮੁੱਖ ਕਾਰਨ ਫੈਂਟਾਨਿਲ ਦੀ ਵਰਤੋਂ ਹੈ ਪਰ ਦੁਨੀਆਂ ਦੇ ਹੋਰ ਦੇਸਾਂ ਵਿੱਚ ਇਹ ਸਮੱਸਿਆ ਹੋਰ ਸਿੰਥੈਟਿਕ ਓਪੀਔਡਜ਼ ਕਾਰਨ ਫੈਲ ਰਹੀ ਹੈ।
ਡਾ: ਐਂਜੇਲਾ ਮੇਅ ਦੇ ਅਨੁਸਾਰ, ਨਸ਼ੇ ਲਈ ਸਿੰਥੈਟਿਕ ਓਪੀਔਡਜ਼ ਦੀ ਵਰਤੋਂ ਪੂਰੀ ਦੁਨੀਆਂ ਵਿੱਚ ਕੀਤੀ ਜਾ ਰਹੀ ਹੈ। ਉਦਾਹਰਨ ਲਈ, ਮੱਧ ਪੂਰਬ ਅਤੇ ਪੱਛਮੀ ਅਫ਼ਰੀਕਾ ਦੇ ਖੇਤਰਾਂ ਵਿੱਚ ਟਰਾਮਾਡੋਲ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, “ਸਾਡੇ ਕੋਲ ਠੋਸ ਅੰਕੜੇ ਸਿਰਫ ਨਾਈਜੀਰੀਆ ਬਾਰੇ ਹੀ ਹਨ ਜਿੱਥੇ ਘੱਟੋ-ਘੱਟ 50 ਲੱਖ ਲੋਕ ਨਸ਼ਾ ਕਰਨ ਲਈ ਟ੍ਰਾਮਾਡੋਲ ਲੈਂਦੇ ਹਨ। ਇਹ ਸਮੱਸਿਆ ਘਾਨਾ, ਸੇਨੇਗਲ ਅਤੇ ਬੇਨਿਨ ਵਿੱਚ ਵੀ ਮੌਜੂਦ ਹੈ।"
ਅਫ਼ੀਮ ਦੀ ਖੇਤੀ 'ਤੇ ਪਾਬੰਦੀ ਲੱਗਣ 'ਤੇ ਕੀ ਹੋਇਆ?

ਤਸਵੀਰ ਸਰੋਤ, Getty Images
ਦੋ ਦਹਾਕੇ ਪਹਿਲਾਂ, ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਅਫ਼ੀਮ ਦੀ ਖੇਤੀ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਕਈ ਯੂਰਪੀਅਨ ਦੇਸਾਂ ਵਿੱਚ ਨਸ਼ੇ ਲਈ ਸਿੰਥੈਟਿਕ ਓਪੀਔਡਜ਼ ਦੀ ਵਰਤੋਂ ਵਧ ਗਈ ਸੀ।
ਡਾਕਟਰ ਐਂਜੇਲਾ ਮੇਅ ਦਾ ਕਹਿਣਾ ਹੈ ਕਿ 2000 ਵਿੱਚ ਤਾਲਿਬਾਨ ਵੱਲੋਂ ਅਫ਼ੀਮ ਦੀ ਖੇਤੀ 'ਤੇ ਪਾਬੰਦੀ ਲਾਉਣ ਤੋਂ ਬਾਅਦ ਹੈਰੋਇਨ ਦੀ ਕਮੀ ਹੋ ਗਈ ਸੀ। ਉੱਤਰੀ ਯੂਰਪ ਦੇ ਕੁਝ ਦੇਸਾਂ ਵਿੱਚ - ਉਦਾਹਰਨ ਲਈ, ਐਸਟੋਨੀਆ ਵਿੱਚ, ਨਸ਼ੇ ਲਈ ਸਿੰਥੈਟਿਕ ਓਪੀਔਡਜ਼ ਦੀ ਵਰਤੋਂ ਵਧ ਗਈ ਸੀ।
ਪਰ 2001 ਦੇ ਅੰਤ ਵਿਚ ਅਮਰੀਕਾ ਨੇ ਅਫਗਾਨਿਸਤਾਨ 'ਤੇ ਹਮਲਾ ਕਰਕੇ ਤਾਲਿਬਾਨ ਨੂੰ ਹਟਾ ਦਿੱਤਾ ਅਤੇ ਅਫ਼ੀਮ ਦੀ ਖੇਤੀ 'ਤੇ ਪਾਬੰਦੀ ਹਟਾ ਦਿੱਤੀ ਗਈ। ਪਰ 2022 ਵਿੱਚ, ਅਫਗਾਨਿਸਤਾਨ ਵਿੱਚ ਤਾਲਿਬਾਨ ਦੁਬਾਰਾ ਸੱਤਾ ਵਿੱਚ ਆਇਆ ਅਤੇ ਅਫ਼ੀਮ ਦੀ ਖੇਤੀ 'ਤੇ ਪਾਬੰਦੀ ਲਗਾ ਦਿੱਤੀ ਗਈ।
ਡਾ. ਐਂਜੇਲਾ ਮੇਅ ਨੇ ਕਿਹਾ, “ਚਿੰਤਾ ਦੀ ਗੱਲ ਇਹ ਹੈ ਕਿ ਸ਼ਕਤੀਸ਼ਾਲੀ ਸਿੰਥੈਟਿਕ ਓਪੀਔਡਜ਼ ਬਹੁਤ ਸਾਰੇ ਦੇਸਾਂ ਦੇ ਬਾਜ਼ਾਰਾਂ ਵਿੱਚ ਹੈਰੋਇਨ ਦੀ ਥਾਂ ਲੈ ਰਹੇ ਹਨ। ਜੇਕਰ ਦੁਨੀਆਂ ਭਰ ਵਿੱਚ ਦੇਖਿਆ ਜਾਵੇ ਤਾਂ ਹੈਰੋਇਨ ਦੀ ਵਰਤੋਂ ਕਰਨ ਵਾਲਿਆਂ ਵਿੱਚ 25 ਫੀਸਦੀ ਔਰਤਾਂ ਹਨ, ਜਿਸ ਦਾ ਮਤਲਬ ਹੈ ਕਿ ਮਰਦ ਹੈਰੋਇਨ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਪਰ ਨਸ਼ੇ ਲਈ ਸਿੰਥੈਟਿਕ ਓਪੀਔਡਸ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ।
"ਇਸਦਾ ਇੱਕ ਕਾਰਨ ਇਹ ਹੈ ਕਿ ਕਈ ਥਾਵਾਂ 'ਤੇ ਇਹ ਦਵਾਈਆਂ ਦੀਆਂ ਦੁਕਾਨਾਂ ਤੋਂ ਖਰੀਦਿਆ ਜਾ ਸਕਦਾ ਹੈ, ਦੂਜਾ ਕਾਰਨ ਇਹ ਹੈ ਕਿ ਔਰਤਾਂ ਗੈਰ-ਕਾਨੂੰਨੀ ਥਾਵਾਂ ਤੋਂ ਹੈਰੋਇਨ ਖਰੀਦਣ ਤੋਂ ਝਿਜਕਦੀਆਂ ਹਨ।"
ਪਰ ਸਿੰਥੈਟਿਕ ਓਪੀਔਡਜ਼ ਦੇ ਵਧ ਰਹੇ ਪ੍ਰਸਾਰ ਦਾ ਕਾਰਨ ਕੀ ਹੈ? ਐਂਜੇਲਾ ਮੇਅ ਦਾ ਕਹਿਣਾ ਹੈ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਪੌਦਿਆਂ ਤੋਂ ਬਣੀ ਹੈਰੋਇਨ ਵਰਗੀ ਨਸ਼ੀਲੀ ਦਵਾਈ ਅਫਗਾਨਿਸਤਾਨ, ਮਿਆਂਮਾਰ ਅਤੇ ਮੈਕਸੀਕੋ ਵਿੱਚ ਹੀ ਪੈਦਾ ਹੁੰਦੀ ਹੈ ਕਿਉਂਕਿ ਇਹ ਉੱਥੇ ਦੇ ਮੌਸਮ ਅਤੇ ਜ਼ਮੀਨ 'ਤੇ ਵੀ ਨਿਰਭਰ ਕਰਦੀ ਹੈ, ਜਦੋਂ ਕਿ ਸਿੰਥੈਟਿਕ ਓਪੀਔਡ ਕਿਤੇ ਵੀ ਪੈਦਾ ਕੀਤਾ ਜਾ ਸਕਦਾ ਹੈ। ਕਿਸੇ ਵੀ ਦੇਸ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਘੱਟ ਕੀਮਤ 'ਤੇ ਬਣਾਇਆ ਜਾ ਸਕਦਾ ਹੈ ਅਤੇ ਇਸਦੀ ਤਸਕਰੀ ਵੀ ਸੌਖੀ ਹੈ।
ਫੈਂਟਾਨਿਲ ਕਿੱਥੇ ਪੈਦਾ ਹੁੰਦਾ ਹੈ?
ਸਿੰਥੈਟਿਕ ਓਪੀਔਡਜ਼ ਦੇ ਉਤਪਾਦਨ ਅਤੇ ਤਸਕਰੀ ਬਾਰੇ ਵਿਸਤ੍ਰਿਤ ਜਾਣਕਾਰੀ ਲਈ, ਬੀਬੀਸੀ ਨੇ ਇੱਕ ਖੋਜੀ ਪੱਤਰਕਾਰ ਅਤੇ ਲੇਖਕ, ਬੈਨ ਵੈਸਟਹੌਫ ਨਾਲ ਗੱਲ ਕੀਤੀ। ਉਨ੍ਹਾਂ ਦੀ ਕਿਤਾਬ ਫੈਂਟਾਨਿਲ ਇੰਕ. ਦੀ ਬਹੁਤ ਚਰਚਾ ਹੋਈ ਹੈ।
ਉਨ੍ਹਾਂ ਅਨੁਸਾਰ ਅਮਰੀਕਾ ਵਿੱਚ ਵਰਤੀ ਜਾਣ ਵਾਲੀ ਜ਼ਿਆਦਾਤਰ ਗੈਰ-ਕਾਨੂੰਨੀ ਫੈਂਟਾਨਿਲ ਚੀਨ ਵਿੱਚ ਪੈਦਾ ਹੁੰਦੀ ਹੈ। ਗੁਪਤ ਰੂਪ ਵਿੱਚ, ਉਹ ਚੀਨ ਦੀਆਂ ਫੈਂਟਾਨਿਲ ਫੈਕਟਰੀਆਂ ਵਿੱਚ ਗਏ ਜਿੱਥੇ ਫੈਂਟਾਨਿਲ ਵਿੱਚ ਵਰਤੇ ਜਾਣ ਵਾਲੇ ਰਸਾਇਣ ਤਿਆਰ ਕੀਤੇ ਜਾਂਦੇ ਹਨ।
ਇਨ੍ਹਾਂ ਪ੍ਰਯੋਗਸ਼ਾਲਾਵਾਂ ਤੱਕ ਪਹੁੰਚਣ ਲਈ, ਉਨ੍ਹਾਂ ਨੇ ਖ਼ੁਦ ਨੂੰ ਇੱਕ ਤਸਕਰ ਵਜੋਂ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਵੱਡੀ ਮਾਤਰਾ ਵਿੱਚ ਫੈਂਟਾਨਿਲ ਖਰੀਦਣਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ, “ਮੈਂ ਸ਼ੰਘਾਈ ਸ਼ਹਿਰ ਦੇ ਨੇੜੇ ਇੱਕ ਪ੍ਰਯੋਗਸ਼ਾਲਾ ਵਿੱਚ ਗਿਆ ਜੋ ਬਹੁਤ ਛੋਟੀ ਸੀ ਅਤੇ ਉੱਥੇ 5-6 ਜਣੇ ਕੰਮ ਕਰਦੇ ਸਨ ਪਰ ਉੱਥੇ ਵੱਡੀ ਮਾਤਰਾ ਵਿੱਚ ਫੈਂਟਾਨਿਲ ਉਤਪਾਦ ਬਣਾਏ ਜਾ ਰਹੇ ਸਨ। ਮੈਂ ਉਨ੍ਹਾਂ ਨਾਲ ਸਾਮਾਨ ਖਰੀਦਣ ਬਾਰੇ ਗੱਲ ਕੀਤੀ ਪਰ ਸਾਡੇ ਵਿਚਕਾਰ ਪੈਸਿਆਂ ਦਾ ਲੈਣ-ਦੇਣ ਨਹੀਂ ਹੋਇਆ।"
"ਫਿਰ ਮੈਂ ਵੁਹਾਨ ਵਿੱਚ ਇੱਕ ਅਜਿਹੀ ਲੈਬ ਦੇਖੀ ਜੋ ਫੈਂਟਾਨਿਲ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਸ਼ਾਇਦ ਦੁਨੀਆਂ ਦੀ ਸਭ ਤੋਂ ਵੱਡੀ ਫੈਕਟਰੀ ਸੀ। ਉਸ ਕੰਪਨੀ ਵਿੱਚ ਲਗਭਗ 700 ਜਣੇ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇੱਕ ਹੋਟਲ ਤੋਂ ਕੰਮ ਕਰਦੇ ਸਨ। ਉੱਥੇ ਸੈਂਕੜੇ ਲੋਕਾਂ ਦੀ ਵਿਕਰੀ ਟੀਮ ਸੀ। .

ਤਸਵੀਰ ਸਰੋਤ, Getty Images
ਚੀਨ ਕਿਵੇਂ ਬਣਿਆ ਕੇਂਦਰ ?
ਫਿਰ ਕੀ ਕਾਰਨ ਹੈ ਕਿ ਚੀਨ ਇਸ ਸਿੰਥੈਟਿਕ ਓਪੀਔਡ ਦੇ ਉਤਪਾਦਨ ਦਾ ਕੇਂਦਰ ਬਣ ਗਿਆ ਹੈ?
ਬੈਨ ਵੈਸਟਹੌਫ ਦਾ ਕਹਿਣਾ ਹੈ, “ਇਸ ਦਾ ਕਾਰਨ ਇਹ ਹੈ ਕਿ ਉੱਥੇ ਇਸ ਦਾ ਉਤਪਾਦਨ ਕਰਨਾ ਸਭ ਤੋਂ ਸਸਤਾ ਹੈ। ਚੀਨ ਵਿੱਚ ਵੱਡੀ ਗਿਣਤੀ ਵਿੱਚ ਸਿਖਲਾਈ ਪ੍ਰਾਪਤ ਕੈਮਿਸਟ ਅਤੇ ਵਿਗਿਆਨੀ ਮਿਲ ਜਾਂਦੇ ਹਨ। ਚੀਨ ਵਿੱਚ ਬਹੁਤ ਸਾਰੀਆਂ ਦਵਾਈ ਕੰਪਨੀਆਂ ਹਨ ਜੋ ਜਾਇਜ਼ ਦਵਾਈਆਂ ਬਣਾਉਂਦੀਆਂ ਹਨ। ਉਨ੍ਹਾਂ ਦੇ ਨਾਲ ਅਜਿਹੀਆਂ ਕੰਪਨੀਆਂ ਵੀ ਹਨ ਜੋ ਉਹ ਕੈਮੀਕਲ ਅਤੇ ਦਵਾਈਆਂ ਬਣਾਉਂਦੀਆਂ ਹਨ ਜੋ ਚੀਨ ਵਿੱਚ ਕਾਨੂੰਨੀ ਹਨ ਪਰ ਅਮਰੀਕਾ ਵਰਗੇ ਹੋਰ ਦੇਸਾਂ ਵਿੱਚ ਗੈਰ-ਕਾਨੂੰਨੀ ਹਨ।"
ਇਹ ਰਸਾਇਣ ਸਿੱਧੇ ਅਮਰੀਕਾ ਨਹੀਂ ਪਹੁੰਚਦੇ। ਉਨ੍ਹਾਂ ਨੂੰ ਪਹਿਲਾਂ ਮੈਕਸੀਕੋ ਭੇਜਿਆ ਜਾਂਦਾ ਹੈ।
ਬੇਨ ਵੈਸਟਹੌਫ ਦਾ ਕਹਿਣਾ ਹੈ ਕਿ ਇਹ ਰਸਾਇਣ ਇੰਨੇ ਤੇਜ਼ ਅਤੇ ਅਸਰਦਾਰ ਹਨ ਕਿ ਇੱਕ ਕਿਲੋਗ੍ਰਾਮ ਕੈਮੀਕਲ ਤੋਂ ਲੱਖਾਂ ਗੋਲੀਆਂ ਬਣਾਈਆਂ ਜਾ ਸਕਦੀਆਂ ਹਨ। ਇਸ ਲਈ ਡੱਬਿਆਂ ਵਿੱਚ ਲਕੋ ਕੇ ਦਸ ਤੋਂ ਵੀਹ ਕਿਲੋ ਕੈਮੀਕਲ ਭੇਜਣਾ ਬਹੁਤ ਸੌਖਾ ਹੈ। ਮੈਕਸੀਕੋ ਵਿੱਚ, ਡਰੱਗ ਕਾਰਟੈਲ ਜਾਂ ਤਸਕਰੀ ਕਰਨ ਵਾਲੇ ਗਰੋਹ ਫੈਂਟਾਨਿਲ ਦੀਆਂ ਗੋਲੀਆਂ ਬਣਾਉਣ ਲਈ ਆਪਣੀਆਂ ਫੈਕਟਰੀਆਂ ਵਿੱਚ ਇਸ ਰਸਾਇਣ ਦੀ ਵਰਤੋਂ ਕਰਦੇ ਹਨ।
ਬੈਨ ਵੈਸਟਹੌਫ ਨੇ ਕਿਹਾ, “ਮੈਕਸੀਕੋ ਵਿੱਚ ਕਾਰਟੇਲ ਜੰਗਲਾਂ ਵਿੱਚ ਛੋਟੀਆਂ ਫੈਕਟਰੀਆਂ ਲਗਾ ਕੇ ਗੈਰ-ਕਾਨੂੰਨੀ ਸਿੰਥੈਟਿਕ ਡਰੱਗਜ਼ ਬਣਾਉਂਦੇ ਹਨ। ਇਸ ਨੂੰ ਬਣਾਉਣ ਵਾਲੇ ਲੋਕ ਨਾ ਤਾਂ ਸਿੱਖਿਅਤ ਹਨ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਹੈ ਕਿ ਉਹ ਕੀ ਬਣਾ ਰਹੇ ਹਨ। ਮੈਂ ਸੁਣਿਆ ਹੈ ਕਿ ਹੁਣ ਕਾਰਟੈਲ ਸ਼ਹਿਰਾਂ ਵਿੱਚ ਵੀ ਇਹ ਪ੍ਰਯੋਗਸ਼ਾਲਾਵਾਂ ਬਣਾ ਰਹੇ ਹਨ।”
ਇਸ ਤੋਂ ਬਾਅਦ ਉੱਥੇ ਬਣੇ ਗੈਰ-ਕਾਨੂੰਨੀ ਸਿੰਥੈਟਿਕ ਡਰੱਗ ਨੂੰ ਅਮਰੀਕਾ ਭੇਜਿਆ ਜਾਂਦਾ ਹੈ। ਬੈਨ ਵੈਸਟਹੌਫ ਦਾ ਕਹਿਣਾ ਹੈ ਕਿ ਅਮਰੀਕਾ ਦੀ ਸੀਮਾ ਸੁਰੱਖਿਆ ਬਲ ਨੇ ਇਸ ਤਸਕਰੀ ਨੂੰ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਹਨ ਪਰ ਇਸ ਨੂੰ ਰੋਕਣਾ ਬਹੁਤ ਮੁਸ਼ਕਲ ਹੈ। ਕਿਉਂਕਿ ਫੈਂਟਾਨਿਲ ਹੈਰੋਇਨ ਨਾਲੋਂ ਪੰਜਾਹ ਗੁਣਾ ਜ਼ਿਆਦਾ ਅਸਰਦਾਰ ਜਾਂ ਸ਼ਕਤੀਸ਼ਾਲੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਕਿਲੋ ਫੈਂਟਾਨਿਲ ਨੂੰ ਫੜਨਾ ਮੁਸ਼ਕਲ ਹੈ ਕਿਉਂਕਿ ਇਸਨੂੰ ਆਸਾਨੀ ਨਾਲ ਲਕੋਇਆ ਜਾ ਸਕਦਾ ਹੈ।
ਬੈਨ ਵੈਸਟਹੌਫ ਦਾ ਕਹਿਣਾ ਹੈ, "ਇਹ ਬਣਾਉਣਾ ਬਹੁਤ ਸਸਤਾ ਹੈ, ਇਸ ਲਈ ਸਿਰਫ਼ ਤਸਕਰਾਂ ਨੂੰ ਫੜਨ ਨਾਲ ਇਹ ਚੇਨ ਨਹੀਂ ਟੁੱਟੇਗੀ। ਇਸ ਦੀ ਬਜਾਏ, ਸਾਨੂੰ ਇਸਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਇਹ ਕਿੰਨਾ ਖਤਰਨਾਕ ਹੈ। ਕਿਸੇ ਪਾਰਟੀ ਵਿੱਚ ਖਾਧੀ ਗਈ ਗੈਰ-ਕਾਨੂੰਨੀ ਫੈਂਟਾਨਿਲ ਦੀ ਗੋਲੀ" ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।"
ਇਲਜ਼ਾਮ ਅਤੇ ਪਰਤਵੇਂ ਇਲਜ਼ਾਮ
ਬਰੁਕਿੰਗਜ਼ ਇੰਸਟੀਚਿਊਸ਼ਨ ਵਿੱਚ ਰਣਨੀਤੀ ਅਤੇ ਸੁਰੱਖਿਆ ਵਿੱਚ ਇੱਕ ਸੀਨੀਅਰ ਖੋਜਕਾਰ ਡਾ. ਵੇਂਡਾ ਫੇਲਬੇਬ ਬ੍ਰਾਊਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਦੇਸ ਨਾਜਾਇਜ਼ ਫੈਂਟਾਨਿਲ ਅਤੇ ਹੋਰ ਸਿੰਥੈਟਿਕ ਓਪੀਔਡਜ਼ ਦੀ ਸਮੱਸਿਆ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਪਿਛਲੇ ਤਿੰਨ ਸਾਲਾਂ ਵਿੱਚ, ਅਮਰੀਕਾ ਨੇ ਸਿੰਥੈਟਿਕ ਡਰੱਗਜ਼ ਦੀ ਸਮੱਸਿਆ ਨਾਲ ਨਜਿੱਠਣ ਲਈ 179 ਬਿਲੀਅਨ ਡਾਲਰ ਖਰਚ ਕੀਤੇ ਹਨ, ਪਰ ਉਹ ਇਕੱਲਾ ਇਸ ਨੂੰ ਕਾਬੂ ਨਹੀਂ ਕਰ ਸਕਦਾ ਹੈ।
ਉਹ ਕਹਿੰਦੇ ਹਨ, "ਦੇਸ ਵਿੱਚ ਗੈਰ-ਕਾਨੂੰਨੀ ਸਿੰਥੈਟਿਕ ਓਪੀਔਡਜ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਮਰੀਕਾ ਜੋ ਕਦਮ ਚੁੱਕ ਰਿਹਾ ਹੈ, ਉਹ ਜ਼ਰੂਰੀ ਹਨ ਅਤੇ ਉਹਨਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਵੀ ਜ਼ਰੂਰੀ ਹੈ। ਪਰ ਚੀਨ ਅਤੇ ਮੈਕਸੀਕੋ ਇਸ ਦਿਸ਼ਾ ਵਿੱਚ ਲੋੜੀਂਦੇ ਕਦਮ ਨਹੀਂ ਚੁੱਕ ਰਹੇ, ਜੋ ਕਿ ਚਿੰਤਾ ਦਾ ਵਿਸ਼ਾ ਹੈ।"
ਇਨ੍ਹਾਂ ਦੋਵਾਂ ਦੇਸਾਂ ਦੇ ਅਮਰੀਕਾ ਨਾਲ ਸਬੰਧ ਸਿਆਸੀ ਕਾਰਨਾਂ ਕਰਕੇ ਤਣਾਅਪੂਰਨ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਇਸ ਦਿਸ਼ਾ ਵਿੱਚ ਕੁਝ ਤਰੱਕੀ ਜ਼ਰੂਰ ਹੋਈ ਹੈ।
ਡਾ. ਵੇਂਡਾ ਫੇਲਬੇਬ ਬ੍ਰਾਊਨ ਨੇ ਅੱਗੇ ਕਿਹਾ, “2017 ਤੋਂ 2019 ਤੱਕ, ਚੀਨ ਨੇ ਇਸ ਦਿਸ਼ਾ ਵਿੱਚ ਸਹਿਯੋਗ ਵਧਾਇਆ ਹੈ। ਉਸ ਦੌਰਾਨ ਚੀਨ ਨੇ ਉੱਥੋਂ ਫੈਂਟਾਨਿਲ ਭੇਜਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ। 2019 ਵਿੱਚ, ਚੀਨ ਨੇ ਫੈਂਟਾਨਿਲ ਸ਼੍ਰੇਣੀ ਦੀਆਂ ਦਵਾਈਆਂ 'ਤੇ ਕੰਟਰੋਲ ਕੀਤਾ। ਬਦਲੇ 'ਚ ਚੀਨ ਚਾਹੁੰਦਾ ਸੀ ਕਿ ਤਤਕਾਲੀ ਰਾਸ਼ਟਰਪਤੀ ਟਰੰਪ ਦੀ ਸਰਕਾਰ ਚੀਨ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਘੱਟ ਕਰੇ ਅਤੇ ਚੀਨ ਦੇ ਨਿਰਯਾਤ 'ਤੇ ਲਗਾਈ ਗਈ ਟੈਕਸ ਦਰ ਨੂੰ ਘੱਟ ਕਰੇ।
ਚੀਨ ਹੁਣ ਇਸ ਦਿਸ਼ਾ ਵਿੱਚ ਕੀ ਕਰ ਰਿਹਾ ਹੈ?

ਤਸਵੀਰ ਸਰੋਤ, Getty Images
ਅਮਰੀਕਾ ਨੇ ਚੀਨ ਦੀ ਇਹ ਮੰਗ ਪੂਰੀ ਨਹੀਂ ਕੀਤੀ। ਦੋ ਸਾਲ ਬਾਅਦ ਰਾਸ਼ਟਰਪਤੀ ਬਾਇਡੇਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਅਮਰੀਕਾ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਚੀਨ ਨੇ ਸਹਿਯੋਗ ਬੰਦ ਕਰ ਦਿੱਤਾ।
ਵੇਂਡਾ ਫੇਲਬੇਬ ਬ੍ਰਾਊਨ ਦਾ ਕਹਿਣਾ ਹੈ ਕਿ ਅਮਰੀਕਾ ਹੀ ਨਹੀਂ ਸਗੋਂ ਚੀਨ ਦਾ ਉਨ੍ਹਾਂ ਸਾਰੇ ਮੁਲਕਾਂ ਪ੍ਰਤੀ ਇਹ ਰਵੱਈਆ ਹੈ ਜਿਨ੍ਹਾਂ ਨਾਲ ਉਸ ਦੇ ਚੰਗੇ ਸਬੰਧ ਨਹੀਂ ਹਨ। ਇਸ ਦੇ ਨਾਲ ਹੀ ਚੀਨ ਫੈਂਟਾਨਿਲ ਦੀ ਲਤ ਨੂੰ ਅਮਰੀਕਾ ਦੀ ਘਰੇਲੂ ਸਮੱਸਿਆ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ।
ਫਿਰ ਪਿਛਲੇ ਸਾਲ ਨਵੰਬਰ ਵਿਚ ਕੈਲੀਫੋਰਨੀਆ ਵਿਚ ਰਾਸ਼ਟਰਪਤੀ ਜੋ ਬਾਇਡੇਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਪਸੀ ਸਹਿਯੋਗ 'ਤੇ ਸਹਿਮਤੀ ਬਣੀ ਸੀ। ਚੀਨ ਨੇ ਉਨ੍ਹਾਂ ਕੰਪਨੀਆਂ ਨੂੰ ਬੰਦ ਕਰ ਦਿੱਤਾ ਜੋ ਮੈਕਸੀਕਨ ਕਾਰਟੈਲਾਂ ਨੂੰ ਫੈਂਟਾਨਿਲ ਵਿੱਚ ਵਰਤੀਆਂ ਜਾਂਦੀਆਂ ਸਮੱਗਰੀਆਂ ਵੇਚਦੀਆਂ ਹਨ।
ਡਾਕਟਰ ਵੇਂਡਾ ਫੇਲਬੇਬ ਬ੍ਰਾਊਨ ਦੇ ਅਨੁਸਾਰ, ਭਾਵੇਂ ਚੀਨ ਨੇ ਫੈਂਟਾਨਿਲ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਸਪਲਾਈ ਨੂੰ ਸੱਚਮੁੱਚ ਰੋਕ ਦਿੱਤਾ ਹੈ, ਫਿਰ ਵੀ ਜ਼ਮੀਨ 'ਤੇ ਇਸ ਕਾਰਵਾਈ ਦਾ ਪ੍ਰਭਾਵ ਦੇਖਣ ਲਈ ਲੰਬਾ ਸਮਾਂ ਲੱਗੇਗਾ।
ਮੈਕਸੀਕੋ ਇਸ ਦਿਸ਼ਾ ਵਿੱਚ ਕੀ ਕਰ ਰਿਹਾ ਹੈ?

ਤਸਵੀਰ ਸਰੋਤ, EPA-EFE/REX/SHUTTERSTOCK
ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਕਾਰਟੈਲ ਦੇ ਖਿਲਾਫ ਕਾਰਵਾਈ ਦੇ ਸੰਦਰਭ ਵਿੱਚ ਕਿਹਾ ਕਿ ਮੈਕਸੀਕੋ ਕਿਸੇ ਵੀ ਵਿਦੇਸ਼ੀ ਸਰਕਾਰ ਲਈ ਪੁਲਿਸ ਵਜੋਂ ਕੰਮ ਨਹੀਂ ਕਰੇਗਾ।
ਪਿਛਲੇ ਸਾਲ, ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਕਿ ਉੱਥੇ ਫੈਂਟਾਨਿਲ ਦਾ ਉਤਪਾਦਨ ਕੀਤਾ ਜਾਂਦਾ ਹੈ।
ਡਾ. ਵੇਂਡਾ ਫੇਲਬੇਬ ਬ੍ਰਾਊਨ ਦਾ ਮੰਨਣਾ ਹੈ ਕਿ ਮੈਕਸੀਕੋ ਨੇ ਕੁਝ ਵੱਡੇ ਕਾਰਟੈਲਾਂ ਦੇ ਮੁਖੀਆਂ ਨੂੰ ਫੜ ਕੇ ਅਮਰੀਕਾ ਦੇ ਹਵਾਲੇ ਕੀਤਾ ਹੈ, ਪਰ ਉੱਥੋਂ ਫੈਂਟਾਨਿਲ ਦੀ ਤਸਕਰੀ ਵਿਰੁੱਧ ਬਹੁਤ ਘੱਟ ਕਾਰਵਾਈ ਕੀਤੀ ਗਈ ਹੈ।
ਉਹ ਕਹਿੰਦੇ ਹਨ ਕਿ ਤਸਕਰੀ ਹੀ ਨਹੀਂ ਸਗੋਂ ਲੋਕਾਂ ਵਿੱਚ ਸਿੰਥੈਟਿਕ ਓਪੀਔਡ ਦੀ ਲਤ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਇਸ ਲਈ ਹੁਣ ਸਾਡੇ ਮੁੱਖ ਸਵਾਲ 'ਤੇ ਵਾਪਸ ਆਉਂਦੇ ਹਾਂ - ਕੀ ਸਿੰਥੈਟਿਕ ਓਪੀਔਡਸ ਦੁਨੀਆਂ ਭਰ ਵਿੱਚ ਇੱਕ ਸਮੱਸਿਆ ਹੈ? ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਕਈ ਦੇਸਾਂ ਵਿੱਚ ਸਿੰਥੈਟਿਕ ਓਪੀਔਡਜ਼ ਦੀ ਲਤ ਅਤੇ ਦੁਰਵਰਤੋਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
ਜਿਵੇਂ ਹੀ ਇੱਕ ਦੇਸ ਵਿਚ ਇਨ੍ਹਾਂ ਦੀ ਤਸਕਰੀ ਅਤੇ ਉਤਪਾਦਨ 'ਤੇ ਪਾਬੰਦੀ ਲੱਗ ਜਾਂਦੀ ਹੈ, ਤਸਕਰ ਤੁਰੰਤ ਦੂਜੇ ਰਸਤਿਆਂ ਤੋਂ ਉਨ੍ਹਾਂ ਦਾ ਉਤਪਾਦਨ ਅਤੇ ਤਸਕਰੀ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਬਾਜ਼ਾਰਾਂ ਦੀ ਭਾਲ ਸ਼ੁਰੂ ਕਰ ਦਿੰਦੇ ਹਨ।
ਸਾਡੇ ਮਾਹਿਰ ਡਾਕਟਰ ਵੇਂਡਾ ਫੇਲਬੇਬ ਬ੍ਰਾਊਨ ਦਾ ਕਹਿਣਾ ਹੈ ਕਿ ਜਿਨ੍ਹਾਂ ਦੇਸਾ ਵਿੱਚ ਅੱਜ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ, ਉੱਥੇ ਵੀ ਇਹ ਸਮੱਸਿਆ ਭਵਿੱਖ ਵਿੱਚ ਫੈਲ ਸਕਦੀ ਹੈ।











