ਰੋਹਿਤ ਵੇਮੁਲਾ: ਦਲਿਤ ਵਿਦਿਆਰਥੀ ਦੀ ਖੁਦਕੁਸ਼ੀ ਮਾਮਲੇ ਦੀ ਕਲੋਜਰ ਰਿਪੋਰਟ ਵਿੱਚ ਅਜਿਹਾ ਕੀ ਕਿਹਾ ਗਿਆ,ਜੋ ਸਵਾਲ ਖੜ੍ਹੇ ਕਰਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਨਾਮਦੇਵ ਕਾਟਕਰ
- ਰੋਲ, ਬੀਬੀਸੀ ਪੱਤਰਕਾਰ
ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਮਾਮਲੇ ਵਿੱਚ ਤੇਲੰਗਾਨਾ ਪੁਲਿਸ ਦੀ ਕਲੋਜ਼ਰ ਰਿਪੋਰਟ ਆਖ਼ਰਕਾਰ ਸਾਹਮਣੇ ਆ ਗਈ ਹੈ।
ਇਸ ਕਲੋਜ਼ਰ ਰਿਪੋਰਟ ਦੇ ਅਨੁਸਾਰ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਇਸ ਦੇ ਨਾਲ ਹੀ ਇਸ ਕਲੋਜ਼ਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੋਹਿਤ ਵੇਮੁਲਾ ‘ਦਲਿਤ’ ਨਹੀਂ ਸਨ।
ਤੇਲੰਗਾਨਾ ਪੁਲਿਸ ਵੱਲੋਂ ਦਾਇਰ ਕੀਤੀ ਗਈ, ਇਸ ਕਲੋਜ਼ਰ ਰਿਪੋਰਟ ਉੱਤੇ ਹੁਣ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।
ਕਲੋਜ਼ਰ ਰਿਪੋਰਟ ਦੇ ਦੋ ਬਿੰਦੂ ਕਿ ‘ਰੋਹਿਤ ਵੇਮੁਲਾ ਦਲਿਤ ਨਹੀਂ ਹਨ’ ਅਤੇ ‘ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ’ ਨੂੰ ਲੈ ਕੇ ਹੁਣ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚੋਂ ਪ੍ਰਤੀਕਰਮ ਆ ਰਹੇ ਹਨ।
ਇਸ ਤੋਂ ਪਹਿਲਾਂ ਕਿ ਅਸੀਂ ਇਸ ਕਲੋਜ਼ਰ ਰਿਪੋਰਟ ਦੇ ਨਤੀਜਿਆਂ ਉੱਤੇ ਚੁੱਕੇ ਗਏ ਸਵਾਲਾਂ ਉੱਤੇ ਝਾਤ ਮਾਰੀਏ, ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਇਹ ਰਿਪੋਰਟ ਅਸਲ ਵਿੱਚ ਕਹਿੰਦੀ ਕੀ ਹੈ।
ਕਲੋਜ਼ਰ ਰਿਪੋਰਟ ਵਿੱਚ ਹੈ ਕੀ?
ਰੋਹਿਤ ਵੇਮੁਲਾ ਦੀ ਖੁਦਕੁਸ਼ੀ ਤੋਂ ਬਾਅਦ ਹੈਦਰਾਬਾਦ ਯੂਨੀਵਰਸਿਟੀ ਦੇ ਪੀਐੱਚਡੀ ਦੇ ਵਿਦਿਆਰਥੀ ਡੋਂਥਾ ਪ੍ਰਸ਼ਾਤ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 306 ਦੇ ਨਾਲ-ਨਾਲ ਅਨੁਸੂਚਿਤ ਜਾਤੀ ਅਤੇ ਜਨਜਾਤੀ (ਅਤਿਆਚਾਰ ਰੋਕੂ) ਐਕਟ ਤਹਿਤ ਦਰਜ ਕੀਤਾ ਗਿਆ ਸੀ।
ਇਸ ਸ਼ਿਕਾਇਤ ਤੋਂ ਬਾਅਦ ਤੇਲੰਗਾਨਾ ਪੁਲਿਸ ਨੇ ਇੱਕ ਜਾਂਚ ਕਮੇਟੀ ਬਣਾਈ। ਇਸ ਕਮੇਟੀ ਵਿੱਚ ਸਾਈਬਰਾਬਾਦ ਕਮਿਸ਼ਨਰੇਟ ਦੇ ਤਹਿਤ ਮਾਧਾਪੁਰ ਡਿਵੀਜ਼ਨ ਦੇ ਤਤਕਾਲੀ ਏਐੱਸਪੀ ਐੱਮ ਰੰਮਨਾ ਕੁਮਾਰ, ਤਤਕਾਲੀ ਏਸੀਪੀ ਐੱਨ ਸ਼ਿਆਮ ਪ੍ਰਸਾਦ ਰਾਓ ਅਤੇ ਏਸੀਪੀ ਸ਼੍ਰੀਕਾਂਤ ਸ਼ਾਮਲ ਸਨ।
ਇਸ ਕਮੇਟੀ ਦੀ ਜਾਂਚ ਤੋਂ ਬਾਅਦ 21 ਮਾਰਚ 2024 ਨੂੰ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ। ਜਾਂਚ ਵਿੱਚ ਕੀ ਸਾਹਮਣੇ ਆਇਆ ਅਤੇ ਉਸ ਦੇ ਕੀ ਨਤੀਜੇ ਨਿਕਲੇ, ਇਸ ਸਭ ਨੂੰ ਸਾਈਬਰਾਬਾਦ ਦੇ ਮਾਧਾਪੁਰ ਡਿਵੀਜ਼ਨ ਦੇ ਸਹਾਇਕ ਪੁਲਿਸ ਕਮਿਸ਼ਨਰ ਨੇ 60 ਪੰਨਿਆਂ ਦੀ ਕਲੋਜ਼ਰ ਰਿਪੋਰਟ ਵਿੱਚ ਵਿਸਥਾਰ ਨਾਲ ਪੇਸ਼ ਕੀਤਾ ।

ਇਸ ਕਲੋਜ਼ਰ ਰਿਪੋਰਟ ਦੇ ਅਨੁਸਾਰ ਪੁਲਿਸ ਨੇ ਕੁੱਲ 59 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਕਲੋਜ਼ਰ ਰਿਪੋਰਟ ਦਾ ਸਿੱਟਾ ਇਹ ਰਿਹਾ ਹੈ ਕਿ ਰੋਹਿਤ ਵੇਮੁਲਾ ਖੁਦਕੁਸ਼ੀ ਮਾਮਲੇ ਵਿੱਚ ਮੁਲਜ਼ਮਾਂ ਦੇ ਵਿਰੁੱਧ ‘ਸਬੂਤਾਂ ਦੀ ਘਾਟ’ ਹੈ। ਇਸ ਲਈ ਕਿਸੇ ਵੀ ਮੁਲਜ਼ਮ ਦੇ ਖਿਲਾਫ ਕੋਈ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ ਹੈ।
21 ਮਾਰਚ 2024 ਨੂੰ ਸੌਂਪੀ ਗਈ ਕਲੋਜ਼ਰ ਰਿਪੋਰਟ ਹੁਣ 3 ਮਈ 2024 ਨੂੰ ਸਾਹਮਣੇ ਆਈ ਹੈ ਅਤੇ ਇਸ ਦੇ ਸਿੱਟਿਆਂ ਉੱਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਕਲੋਜ਼ਰ ਰਿਪੋਰਟ ਦੋ ਮੁੱਦਿਆਂ ਕੇਂਦਰਿਤ ਹੈ ਅਤੇ ਇਹ ਗੱਲ ਹੀ ਇਸ ਰਿਪੋਰਟ ਨੂੰ ਵਿਵਾਦਪੂਰਨ ਬਣਾਉਂਦੀ ਹੈ।
ਇੱਕ ਤਾਂ ਇਹ ਕਿ ਰੋਹਿਤ ਵੇਮੁਲਾ ਦਲਿਤ ਜਾਤੀ ਨਾਲ ਸਬੰਧ ਨਹੀਂ ਰੱਖਦੇ ਸਨ ਬਲਕਿ ਉਹ ਪਛੜੇ ਵਰਗ ਤੋਂ ਸਨ ਅਤੇ ਦੂਜੀ ਗੱਲ ਇਹ ਕਿ ਰੋਹਿਤ ਵੇਮੁਲਾ ਨੂੰ ਕਿਸੇ ਨੇ ਵੀ ਖੁਦਕੁਸ਼ੀ ਦੇ ਲਈ ਕਿਸੇ ਨੇ ਨਹੀਂ ਉਕਸਾਇਆ।
ਕੀ ਰੋਹਿਤ ਵੇਮੁਲਾ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ ਅਤੇ ਕੀ ਇਸ ਮਾਮਲੇ ਵਿੱਚ ਅਨੁਸੂਚਿਤ ਜਾਤੀ ਅਤੇ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਲਾਗੂ ਹੋ ਸਕਦਾ ਹੈ?
ਇਸ ਸਵਾਲ ਦੇ ਜਵਾਬ ਵਿੱਚ ਪੁਲਿਸ ਨੇ ਕਿਹਾ, "ਰੋਹਿਤ ਵੇਮੂਲਾ ਵਡੇਰਾ ਜਾਤੀ ਦੇ ਸਨ। ਤੇਲੰਗਾਨਾ ਵਿੱਚ ਵਡੇਰਾ ਜਾਤੀ ਨੂੰ ਹੋਰ ਪਛੜੀ ਸ਼੍ਰੇਣੀ ਮੰਨਿਆ ਜਾਂਦਾ ਹੈ। ਇਸ ਲਈ ਰੋਹਿਤ ਵੇਮੂਲਾ ਅਨੁਸੂਚਿਤ ਜਾਤੀ ਤੋਂ ਨਹੀਂ ਹੈ, ਇਸ ਲਈ ਉਨ੍ਹਾਂ ਦੇ ਖੁਦਕੁਸ਼ੀ ਮਾਮਲੇ ਵਿੱਚ ਅਨੁਸੂਚਿਤ ਜਾਤੀ ਅਤੇ ਜਨਜਾਤੀ (ਅੱਤਿਆਚਾਰ ਰੋਕੂ ਐਕਟ) ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।"
ਰਿਪੋਰਟ ਵਿੱਚ ਕਿਹਾ ਗਿਆ ਹੈ, "ਰੋਹਿਤ ਵੇਮੁਲਾ ਦੀ ਜਾਤੀ ਨੂੰ ਉਸਦੇ ਪਿਛਲੇ ਕਾਲਜ ਵਿੱਚ 'ਮਾਲਾ (ਐਸਸੀ)' ਵਜੋਂ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਜਾਤੀ ਜਾਂਚ ਵਿਭਾਗ ਦੁਆਰਾ ਜਾਂਚ ਵਿੱਚ ਪਾਇਆ ਗਿਆ ਕਿ ਰੋਹਿਤ ਵੇਮੁਲਾ 'ਵਡੇਰਾ' ਜਾਤੀ ਨਾਲ ਸਬੰਧਤ ਸੀ।"
ਕਲੋਜ਼ਰ ਰਿਪੋਰਟ ਵਿੱਚ ਕਿਹਾ ਗਿਆ ਹੈ, "ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਮਾਲ ਵਿਭਾਗ ਤੋਂ ਧੋਖੇ ਨਾਲ ਲਿਆ ਗਿਆ ਸੀ।"
‘ਰੋਹਿਤ ਨੂੰ ਖੁਦਕੁਸ਼ੀ ਲਈ ਕਿਸੇ ਨੇ ਨਹੀਂ ਉਕਸਾਇਆ’

ਇਸ ਕਲੋਜ਼ਰ ਰਿਪੋਰਟ ਦੇ ਅਨੁਸਾਰ, ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਨੂੰ ਮਿਲਿਆ ਕਿ ਖੁਦਕੁਸ਼ੀ ਨੋਟ ਦੀ ਲਿਖਤ ਰੋਹਿਤ ਵੇਮੁਲਾ ਨਾਲ ਮਿਲਦੀ-ਜੁਲਦੀ ਸੀ।
ਇਸ ਤੋਂ ਇਲਾਵਾ ਕਲੋਜ਼ਰ ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਰੋਹਿਤ ਵੇਮੁਲਾ ਅਤੇ ਬਾਕੀ ਸਾਰਿਆਂ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਗਈ ਸੀ।
ਕਲੋਜ਼ਰ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੋਹਿਤ ਵੇਮੁਲਾ ਅਤੇ ਉਸ ਦੇ ਕਿਸੇ ਵੀ ਸਾਥੀ ਵਿਰੁੱਧ ਕੋਈ ਗੈਰ-ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਰੋਹਿਤ ਵੇਮੁਲਾ ਨੂੰ ਕਿਸੇ ਵੀ ਸਕਾਲਰਸ਼ਿਪ ਤੋਂ ਇਨਕਾਰ ਨਹੀਂ ਕੀਤਾ ਗਿਆ ਸੀ।
ਹੈਦਰਾਬਾਦ ਯੂਨੀਵਰਸਿਟੀ ਦੀ ਪ੍ਰੀ-ਕਲੋਜ਼ਰ ਰਿਪੋਰਟ ਵਿੱਚ, ਪੁਲਿਸ ਨੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਅੱਪਾ ਰਾਓ ਨੇ ਰੋਹਿਤ ਵੇਮੂਲਾ ਨੂੰ ਤੰਗ ਕੀਤਾ ਕਿਉਂਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ।
ਕੀ ਰੋਹਿਤ ਵੇਮੁਲਾ ਨੇ ਹੋਸਟਲ ਤੋਂ ਕੱਢੇ ਜਾਣ ਕਾਰਨ ਖੁਦਕੁਸ਼ੀ ਕੀਤੀ?
ਕਲੋਜ਼ਰ ਰਿਪੋਰਟ ਵਿੱਚ ਪੁਲਸ ਨੇ ਰੋਹਿਤ ਵੇਮੁਲਾ ਦਾ ਸੁਸਾਈਡ ਨੋਟ ਦਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਲ ਵਿੱਚ ਰੋਹਿਤ ਵੇਮੁਲਾ ਉਨ੍ਹਾਂ ਸੰਗਠਨਾਂ (ਏਐੱਸਏ ਅਤੇ ਐੱਸਐੱਫਆਈ) ਤੋਂ ਨਾਖੁਸ਼ ਸਨ, ਜਿਨ੍ਹਾਂ ਵਿੱਚ ਉਹ ਸਰਗਰਮ ਸੀ।
ਕਲੋਜ਼ਰ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਰੋਹਿਤ ਵੇਮੁਲਾ ਦੇ ਸੁਸਾਈਡ ਨੋਟ ਤੋਂ ਲੱਗਦਾ ਹੈ ਕਿ ਉਹ ਕਾਫੀ ਡਿਪ੍ਰੈਸ਼ਨ ਵਿੱਚ ਸਨ।
ਰੋਹਿਤ ਵੇਮੁਲਾ ਦੀ ਅਸਲ ਜਾਤੀ ਕਿਹੜੀ ਹੈ?

ਤਸਵੀਰ ਸਰੋਤ, Getty Images
ਰੋਹਿਤ ਵੇਮੁਲਾ ਦੀ ਮਾਂ ਵੀ ਰਾਧਿਕਾ ਨੇ ਕਿਹਾ ਸੀ, "ਆਪਣੇ ਪਤੀ ਮਨੀ ਕੁਮਾਰ ਤੋਂ ਵੱਖ ਹੋਣ ਤੋਂ ਬਾਅਦ, ਮੈਂ ਤਿੰਨੋਂ ਬੱਚਿਆਂ ਨੂੰ ਲੈ ਕੇ ਚਲੀ ਗਈ ਸੀ। ਅਸੀਂ ਅਨੁਸੂਚਿਤ ਜਾਤੀ ਦੀਆਂ ਸਾਰੀਆਂ ਪਰੰਪਰਾਵਾਂ ਦਾ ਪਾਲਣ ਕੀਤਾ ਹੈ।"
ਪੁਲਿਸ ਨੇ ਕਲੋਜ਼ਰ ਰਿਪੋਰਟ ਵਿੱਚ ਕਿਹਾ ਹੈ ਕਿ ਰੋਹਿਤ ਵੇਮੁਲਾ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ 'ਧੋਖੇ ਨਾਲ' ਹਾਸਲ ਕੀਤਾ ਗਿਆ ਸੀ।
2012 ਵਿੱਚ ਇੱਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਪਿਤਾ ਜਾਂ ਮਾਂ ਦਲਿਤ ਹਨ ਤਾਂ ਉਨ੍ਹਾਂ ਦਾ ਪੁੱਤਰ ਵੀ ਦਲਿਤ ਮੰਨਿਆ ਜਾਵੇਗਾ।
ਰੋਹਿਤ ਵੇਮੁਲਾ ਦਾ ਕੇਸ ਲੜਨ ਵਾਲੇ ਵਕੀਲ ਨੇ ਕੀ ਕਿਹਾ?
ਰੋਹਿਤ ਵੇਮੁਲਾ ਦਾ ਕੇਸ ਲੜ ਰਹੇ ਵਕੀਲ ਜੈ ਭੀਮ ਰਾਓ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਰੋਹਿਤ ਵੇਮੁਲਾ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਜਾਂਚ ਬੇਹੱਦ ਖਾਮੀਆਂ ਅਤੇ ਲਾਪਰਵਾਹੀ ਭਰੀ ਹੈ।
ਰੋਹਿਤ ਨੇ ਆਪਣੀ ਮੌਤ ਤੋਂ ਪਹਿਲਾਂ ਜੋ ਦੋ ਚਿੱਠੀਆਂ ਲਿਖੀਆਂ ਸਨ, ਉਨ੍ਹਾਂ ਵਿੱਚ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਵਿਤਕਰੇ ਦੇ ਸਬੰਧ ਵਿੱਚ ਸਪੱਸ਼ਟ ਤੌਰ ਉੱਤੇ ਲਿਖਿਆ ਸੀ। ਇਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਉੱਤੇ ਭਾਵਨਾਤਮਕ ਤੌਰ ਪਰੇਸ਼ਾਨ ਕੀਤਾ ਜਾ ਰਿਹਾ ਹੈ।”
ਪਰ ਪੁਲਿਸ ਨੇ ਆਪਣੀ ਕਲੋਜ਼ਰ ਰਿਪੋਰਟ ਕਿਹਾ ਹੈ ਕਿ ਕਾਨੂੰਨ ਕਿੱਥੇ ਕਹਿੰਦਾ ਹੈ ਕਿ ਭਵਿੱਖ ਕੁਝ ਹੋਵੇਗਾ ਅਤੇ ਉਸ ਦੀ ਮੌਤ ਹੋ ਸਕਦੀ ਹੈ, ਕਿਉਂਕਿ ਉਸ ਦੇ ਕੋਲ ਜਾਤੀ ਪ੍ਰਮਾਣ ਪੱਤਰ ਨਹੀਂ ਸੀ?

“ਗੁੰਟੂਰ ਦੇ ਕਲੈਕਟੋਰੇਟ ਵਿੱਚ ਜਾਤੀ ਪ੍ਰਮਾਣ ਪੱਤਰ ਦੀ ਅਜੇ ਵੀ ਜਾਂਚ ਚੱਲ ਰਹੀ ਹੈ। ਇਹ ਅਜੇ ਵੀ ਤੈਅ ਨਹੀਂ ਹੋਇਆ ਹੈ। ਜਾਤੀ ਸਰਟੀਫਿਕੇਟ ਉੱਤੇ ਸਵਾਲ ਚੁੱਕਣ ਵਾਲੇ ਅਧਿਆਪਕ ਵੀ ਗੁੰਟੂਰ ਦੇ ਕਲੈਕਟਰ ਦੇ ਸਾਹਮਣੇ ਪੇਸ਼ ਨਹੀਂ ਹੋਏ ਹਨ। ਦੂਜੇ ਪਾਸੇ ਪੁਲਿਸ ਦੇ ਸਾਹਮਣੇ 18 ਸਬੂਤ ਹਨ, ਜੋ ਸਾਬਤ ਕਰਦੇ ਹਨ ਕਿ ਰੋਹਿਤ ਵੇਮੁਲ ਦਲਿਤ ਹਨ।”
ਜੈ ਭੀਮ ਰਾਓ ਨੇ ਅੱਗੇ ਕਿਹਾ, “ਅਜਿਹੇ ਹਾਲਾਤ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਗੁੰਟੂਰ ਕਲੈਕਟਰੇਟ ਵਿੱਚ ਕਾਰਵਾਈ ਦੀ ਅਣਦੇਖੀ ਕਰਦੇ ਹੋਏ, ਲਾਪਰਵਾਹੀ ਨਾਲ ਬਿਨ੍ਹਾਂ ਕੋਈ ਜਾਣਕਾਰੀ ਲਏ ਹੀ ਅਦਾਲਤ ਨੂੰ ਰਿਪੋਰਟ ਦਿੱਤੀ ਹੈ। ਜਦੋਂ ਤੱਕ ਕਲੇਕਟਰ ਦਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਜਾਤੀ ਦਾ ਸਵਾਲ ਹੀ ਨਹੀਂ ਉੱਠਦਾ ਹੈ।”
ਉਹ ਕਹਿੰਦੇ ਹਨ, “ਕਿਉਂਕਿ ਪੁਲਿਸ ਨੇ ਅਚਾਨਕ ਹੀ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕੀਤੀ ਹੈ, ਜੋ ਕਿ 2018 ਤੋਂ 2024 ਤੱਕ ਰੁਕਿਆ ਹੋਇਆ ਸੀ। ਤਾਂ ਇਹ ਤਾਂ ਸਾਫ਼ ਹੈ ਪੁਲਿਸ ਕਿਸੇ ਨੂੰ ਕਲੀਨ ਚਿੱਟ ਦੇਣ ਲਈ ਹੀ ਅਜਿਹਾ ਕਰ ਰਹੀ ਹੈ। ਪੁਲਿਸ ਦੇ ਜਾਂਚ ਅਧਿਕਾਰੀਆਂ ਨੇ ਆਪਣੀ ਡਿਊਟੀ ਪ੍ਰਤੀ ਪੂਰੀ ਅਣਗਹਿਲੀ ਕੀਤੀ ਹੈ। ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ ਅਤੇ ਅਪਮਾਨਜਨਕ ਤਰੀਕੇ ਨਾਲ ਕੀਤੀ ਹੈ।
ਵਕੀਲ ਜੈ ਭੀਮ ਰਾਓ ਨੇ ਬੀਬੀਸੀ ਨੂੰ ਕਿਹਾ,“ਮ੍ਰਿਤਕ ਰੋਹਿਤ ਵੇਮੁਲਾ ਦਾ ਅਪਮਾਨ ਕੀਤਾ ਗਿਆ ਹੈ। ਕਲੋਜ਼ਰ ਰਿਪੋਰਟ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ ਅਤੇ ਇਸ ਦੇ ਨਤੀਜੇ ਸਵੀਕਾਰਯੋਗ ਨਹੀਂ ਹਨ। ਸਰਕਾਰ ਦਾ ਕਹਿਣਾ ਹੈ ਕਿ ਅਸੀਂ ਦੋਬਾਰਾ ਜਾਂਚ ਕਰਾਂਗੇ। ਹੁਣ ਵੇਖਦੇ ਹਾਂ ਕਿ ਉਹ ਕੀ ਕਰਦੇ ਹਨ। ਨਹੀਂ ਤਾਂ ਅਸੀਂ ਕਾਨੂੰਨੀ ਤਰੀਕੇ ਨਾਲ ਅੱਗੇ ਵਧਾਂਗੇ।”
ਪੁਲਿਸ ਦੀ ਕਲੋਜ਼ਰ ਰਿਪੋਰਟ ਉੱਤੇ ਸਵਾਲ

ਤਸਵੀਰ ਸਰੋਤ, Getty Images
ਬੀਬੀਸੀ ਮਰਾਠੀ ਨੇ ਇਸ ਮਾਮਲੇ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਸ਼ਿਨ (ਯੂਜੀਸੀ) ਦੇ ਸਾਬਕਾ ਚੇਅਰਮੈਨ ਡਾ. ਸੁਖਦੇਵ ਥੋਰਾਟ ਨਾਲ ਗੱਲਬਾਤ ਕੀਤੀ
ਉਨ੍ਹਾਂ ਨੇ ਦੱਸਿਆ,“ਰੋਹਿਤ ਵੇਮੁਲਾ ਦਲਿਤ ਸੀ ਜਾਂ ਓਬੀਸੀ, ਇਸ ਪਤਾ ਲਗਾਉਣ ਵਿੱਚ ਸਿਸਟਮ ਦਾ ਸਮਾਂ ਬਰਬਾਦ ਕਰਨਾ ਸਰਾਸਰ ਪਾਗਲਪਨ ਹੀ ਹੈ। ਰੋਹਿਤ ਵੇਮੁਲਾ ਨੂੰ ਇੱਕ ਦਲਿਤ ਹੋਣ ਕਰਕੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੇ ਖੁਦਕੁਸ਼ੀ ਵਰਗਾ ਸਖ਼ਤ ਕਦਮ ਚੁੱਕਿਆ। ਇਸ ਲਈ ਇਸ ਸਬੰਧ ਵਿੱਚ ਜਾਂਚ ਜ਼ਰੂਰੀ ਸੀ ਅਤੇ ਹੈ।”
ਤੇਲੰਗਾਨਾ ਦੇ ਡੀਜੀਪੀ ਨੇ ਰੋਹਿਤ ਵੇਮੁਲਾ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਰੋਹਿਤ ਵੇਮੁਲਾ ਖੁਦਕੁਸ਼ੀ ਮਾਮਲੇ ਮੁੜ ਜਾਂਚ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਡਾ. ਸੁਖਦੇਵ ਥੋਰਾਟ ਨੇ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ, “ਇਸ ਮਾਮਲੇ ਦੀ ਦੁਬਾਰਾ ਮੁੱਢ ਤੋਂ ਜਾਂਚ ਹੋਣੀ ਚਾਹੀਦੀ ਹੈ।”
ਡਾ. ਥੋਰਾਟ ਨੇ ਅੱਗੇ ਕਿਹਾ ਕਿ “ ਰੋਹਿਤ ਵੇਮੁਲਾ ਨੇ ਅਨੁਸੂਚਿਤ ਜਾਤੀ ਦੇ ਪ੍ਰਮਾਣ ਪੱਤਰ ਦੇ ਆਧਾਰ ਉੱਤੇ ਹੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ ਅਤੇ ਇਸ ਦੇ ਆਧਾਰ ਉੱਤੇ ਹੀ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਸਨ। ਇਸ ਦਾ ਮਤਲਬ ਇਹ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ, ਅਧਿਆਪਕ ਅਤੇ ਹਰ ਕੋਈ ਜਾਣਦਾ ਸੀ ਕਿ ਰੋਹਿਤ ਵੇਮੁਲਾ ਦਲਿਤ ਸਨ। ਕੀ ਹੁਣ ਬਾਅਦ ਵਿੱਚ ਇਹ ਸਾਬਤ ਕਰਕੇ ਕਿ ਉਹ ਦਲਿਤ ਨਹੀਂ ਹਨ, ਉਨ੍ਹਾਂ ਨਾਲ ਪਹਿਲਾਂ ਹੋਏ ਵਿਤਕਰੇ ਨੂੰ ਮਿਟਾਇਆ ਜਾ ਸਕਦਾ ਹੈ?
“ਇਸ ਲਈ ਇਹ ਕਹਿਣਾ ਕਿ ਰੋਹਿਤ ਵੇਮੁਲਾ ਨੇ ਖ਼ੁਦਕੁਸ਼ੀ ਦਾ ਕਦਮ ਇਸ ਲਈ ਚੁੱਕਿਆ ਕਿਉਂਕਿ ਉਨ੍ਹਾਂ ਨੂੰ ਡਰ ਸੀ ਉਹ ਗੈਰ-ਦਲਿਤ ਵਜੋਂ ਪਛਾਣ ਲਏ ਜਾਣਗੇ, ਸਰਾਸਰ ਗਲਤ ਹੈ।”
ਡਾ. ਥੋਰਾਟ ਨੇ ਕਿਹਾ,“ ਇਹ ਮੰਦਭਾਗਾ ਹੈ ਕਿ ਕੁਝ ਲੋਕਾਂ ਨੂੰ ਬਚਾਉਣ ਦੀ ਖਾਤਰ ਰੋਹਿਤ ਵੇਮੁਲਾ ਮਾਮਲੇ ਵਿੱਚ ਅਜਿਹੀ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ ਹੈ। ਹਾਲਾਂਕਿ, ਹੁਣ ਜਦੋਂ ਤੇਲੰਗਾਨਾ ਸਰਕਾਰ ਨੇ ਮੁੜ ਜਾਂਚ ਦਾ ਵਾਅਦਾ ਕੀਤਾ ਹੈ ਤਾਂ ਉਮੀਦ ਹੈ ਕਿ ਸਚਾਈ ਸਾਹਮਣੇ ਆ ਜਾਵੇਗੀ।”
ਸਾਬਕਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਅਤੇ ਦਲਿਤ ਅੰਦੋਲਨ ਦੇ ਆਗੂ ਡਾ. ਸੰਜੇ ਪਾਸਵਾਨ ਨਾਲ ਬੀਬੀਸੀ ਮਰਾਠੀ ਨੇ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ, “ ਮੈਂ ਰੋਹਿਤ ਵੇਮੁਲਾ ਮਾਮਲੇ ਉੱਤੇ ਪਹਿਲੇ ਦਿਨੋਂ ਨਜ਼ਰ ਰੱਖ ਰਿਹਾ ਹਾਂ। ਜਿੱਥੋਂ ਤੱਕ ਮੈਨੂੰ ਪਤਾ ਹੈ, ਰੋਹਿਤ ਬਹੁਤ ਹੀ ਗੰਭੀਰ ਵਿਦਿਆਰਥੀ ਸਨ। ਇਹ ਕਹਿਣਾ ਦੁਰਸਾਹਸਪੂਰਨ ਹੈ ਕਿ ਉਨ੍ਹਾਂ ਨੇ ਆਪਣੀ ਜਾਤੀ ਦੀ ਪਛਾਣ ਉਜਾਗਰ ਹੋਣ ਦੇ ਡਰੋਂ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ।”
ਉਨ੍ਹਾਂ ਨੇ ਕਿਹਾ “ਮੈਂ ਵੇਖ ਸਕਦਾ ਹਾਂ ਕਿ ਪੁਲਿਸ ਨੇ ਇਸ ਮਾਮਲੇ ਦੀ ਸਹੀ ਜਾਂਚ ਨਹੀਂ ਕੀਤੀ ਹੈ। ਜਾਂਚ ਦੀ ਦਿਸ਼ਾ ਸਹੀ ਰੱਖਣੀ ਚਾਹੀਦੀ ਹੈ। ਹੁਣ ਜਦੋਂ ਤੁਸੀਂ ਦੁਬਾਰਾ ਜਾਂਚ ਕਰਨ ਦੀ ਤਿਆਰੀ ਦਿਖਾਈ ਹੈ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਜਾਂਚ ਵਿੱਚ ਕਮੀ ਸਵੀਕਾਰ ਕਰ ਲਈ ਹੈ। ਇਹ ਸਾਬਤ ਹੋ ਗਿਆ ਹੈ।”

ਤਸਵੀਰ ਸਰੋਤ, ROHITH VEMULA'S FACEBOOK PAGE
ਉਨ੍ਹਾਂ ਨੇ ਕਿਹਾ,“ਇਸ ਮਾਮਲੇ ਨੂੰ ਸਿਆਸੀ ਮੁੱਦਿਆਂ ਤੋਂ ਪਰੇ ਦੇਖਿਆ ਜਾਣਾ ਚਾਹੀਦਾ ਹੈ। ਇੱਕ ਹੁਸ਼ਿਆਰ ਵਿਦਿਆਰਥੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਹੀ ਖੁਦਕੁਸ਼ੀ ਕਰ ਲਈ, ਇਹ ਇੱਕ ਗੰਭੀਰ ਘਟਨਾ ਹੈ। ਦੁਬਾਰਾ ਜਾਂਚ ਹੋਵੇ ਸਮਾਜ ਵਿੱਚ ਸਹੀ ਸੰਦੇਸ਼ ਜਾਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।”
ਸੀਨੀਅਰ ਵਕੀਲ ਸੰਘਰਾਜ ਰੂਪਵਤੇ ਦਾ ਕਹਿਣਾ ਹੈ, “ਕਲੋਜ਼ਰ ਰਿਪੋਰਟ ਨੂੰ ਦੇਖਦੇ ਹੋਏ ਮੈਨੂੰ ਲਗਦਾ ਹੈ ਕਿ ਰੋਹਿਤ ਵੇਮੁਲਾ ਨੂੰ ਸਿਸਟਮ ਨੇ ਦੂਜੀ ਵਾਰ ਮਾਰਿਆ ਹੈ।”
ਉਨ੍ਹਾਂ ਦਾ ਕਹਿਣਾ ਹੈ, “ਇਹ ਭੁੱਲ ਜਾਓ ਕਿ ਰੋਹਿਤ ਵੇਮੁਲਾ ਦਾ ਸਮਾਜਿਕ ਸਥਿਤੀ ਦਲਿਤ ਦੀ ਸੀ ਜਾਂ ਹੋਰ ਪਛੜੇ ਵਰਗ ਦੀ। ਲੇਕਿਨ ਉਨ੍ਹਾਂ ਦੀ ਖੁਦਕੁਸ਼ੀ ਦਾ ਮਾਮਲਾ ਯੂਨੀਵਰਸਿਟੀ ਕੈਂਪਸ ਦੇ ਅੰਦਰ ਵਾਪਰਿਆ ਹੈ ਅਤੇ ਜੇਕਰ ਉਸ ਮਾਮਲੇ ਵਿੱਚ ਪਿਛਲੀਆਂ ਘਟਨਾਵਾਂ ਦਾ ਕੋਈ ਪਿਛੋਕੜ ਹੈ ਤਾਂ ਇਸਦੀ ਜਾਂਚ ਸਹੀ ਕੀਤੀ ਜਾਣੀ ਚਾਹੀਦੀ ਸੀ। ਹਾਲਾਂਕਿ ਇਹ ਇਸ ਕਲੋਜ਼ਰ ਰਿਪੋਰਟ ਵਿੱਚ ਇਹ ਦਿਖਾਈ ਨਹੀਂ ਦੇ ਰਿਹਾ ਹੈ।”
“ਇਹ ਕਹਿਣਾ ਕਿ ਰੋਹਿਤ ਨੇ ਆਪਣੀ ਸਮਾਜਿਕ ਸਥਿਤੀ ਨੂੰ ਉਜਾਗਰ ਕਰਨ ਲਈ ਖੁਦਕੁਸ਼ੀ ਕੀਤੀ, ਇੱਕ ‘ਮਨਘੜਤ’ ਕਹਾਣੀ ਹੈ। ਉਨ੍ਹਾਂ ਦੇ ਬਿਆਨਾਂ ਅਤੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਪਰ ਇੱਥੇ ਤਰਜੀਹ ਤਾਂ ਪ੍ਰਸ਼ਾਸਨ ਜਾਂ ਹੋਰਨਾਂ ਨੂੰ ਬਚਾਉਣ ਨੂੰ ਦਿੱਤੀ ਜਾ ਰਹੀ ਹੈ।
“ਇਸ ਤਰ੍ਹਾਂ ਦੀ ਕਲੋਜ਼ਰ ਰਿਪੋਰਟ ਨਾਲ ਕਾਨੂੰਨ ਦਾ ਡਰ ਖ਼ਤਮ ਹੋ ਜਾਵੇਗਾ ਅਤੇ ਯੂਨੀਵਰਸਿਟੀ ਵਿੱਚ ਕੋਈ ਵੀ ਵਿਦਿਆਰਥੀ ਗਲਤ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਹੀ ਨਹੀਂ ਕਰੇਗਾ। ਇਹ ਵਿਦਿਅਕ ਸੰਸਥਾਵਾਂ ਵਿੱਚ ਲੋਕਤੰਤਰੀ ਮਾਹੌਲ ਦੇ ਅਨੁਕੂਲ ਨਹੀਂ ਹੈ।”

ਹੈਦਰਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਵੀ ਚੁੱਕੇ ਸਵਾਲ
ਹੈਦਰਾਬਾਦ ਯੂਨੀਵਰਸਿਟੀ ਦੇ ਸਮਾਜਿਕ ਬਹਿਸ਼ਕਾਰ ਅਤੇ ਸਮਾਵੇਸ਼ੀ ਨੀਤੀ ਵਿਭਾਗ ਦੇ ਮੁਖੀ ਪ੍ਰੋ. ਸ਼੍ਰੀਪਤੀ ਰਾਮੂਡੂ ਦਾ ਕਹਿਣਾ ਹੈ ਕਿ ਜੇਕਰ ਪ੍ਰੋਫੈਸਰ ਅੱਪਾ ਰਾਓ ਕੁਲਪਤੀ ਨਾ ਬਣਦੇ ਤਾਂ ਰੋਹਿਤ ਅੱਜ ਜ਼ਿੰਦਾ ਹੁੰਦੇ।
ਉਨ੍ਹਾਂ ਦਾ ਕਹਿਣਾ ਹੈ, “ਅੱਪਾ ਰਾਓ ਨੇ ਆਸਾਨੀ ਨਾਲ ਹੱਲ ਹੋ ਸਕਣ ਵਾਲੀ ਸਮੱਸਿਆ ਨੂੰ ਖ਼ਤਮ ਹੀ ਨਹੀਂ ਹੋਣ ਦਿੱਤਾ। ਇਸ ਦੇ ਦੋ ਕਾਰਨ ਹਨ। ਇੱਕ ਤਾਂ ਦਲਿਤਾਂ ਪ੍ਰਤੀ ਉਨ੍ਹਾਂ ਦੀ ਨਫ਼ਰਤ ਅਤੇ ਵਿਤਕਰਾ ਅਤੇ ਦੂਜਾ ਕੁਝ ਸ਼ਕਤੀਸ਼ਾਲੀ ਲੋਕਾਂ ਤੋਂ ਹਮਾਇਤ ਮਿਲਣਾ।”
ਇਸ ਪੂਰੇ ਮਾਮਲੇ ਦਾ ਘਟਨਾਕ੍ਰਮ ਦੱਸਦੇ ਹੋਏ ਪ੍ਰੋ. ਰਾਮੂਡੂ ਕਹਿੰਦੇ ਹਨ, “ਦਰਅਸਲ ਇਹ ਮਾਮਲਾ ਅੱਪਾ ਰਾਓ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਹੀ ਸੁਣਵਾਈ ਲਈ ਆਇਆ ਸੀ। ਤਤਕਾਲੀ ਵੀਸੀ ਸ਼ਰਮਾ ਨੇ ਕਿਹਾ ਸੀ ਕਿ
ਵਿਦਿਆਰਥੀਆਂ ਦੇ ਦੋਵਾਂ ਸਮੂਹਾਂ ਦੀ ਗਲਤੀ ਸੀ ਅਤੇ ਸਖ਼ਤ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹ ਗਲਤੀ ਮੁੜ ਦੁਹਰਾਈ ਗਈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।”

“ਇਹ ਮਾਮਲਾ ਇੱਥੇ ਹੀ ਖ਼ਤਮ ਹੋ ਜਾਣਾ ਸੀ ਪਰ ਸ਼ਰਮਾ ਦੇ ਜਾਣ ਤੋਂ ਬਾਅਦ ਵੀਸੀ ਬਣ ਕੇ ਆਏ ਅੱਪਾ ਰਾਓ ਨੇ ਮਾਮਲੇ ਨੂੰ ਮੁੜ ਖੋਲ੍ਹ ਦਿੱਤਾ। ਉਨ੍ਹਾਂ ਨੇ ਆਪਣੇ ਪ੍ਰਤੀ ਵਫ਼ਾਦਾਰ ਲੋਕਾਂ ਦੀ ਇੱਕ ਕਮੇਟੀ ਬਣਾਈ ਅਤੇ ਪੰਜ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ। ਇਹ ਪੰਜੇ ਅਨੁਸੂਚਿਤ ਜਾਤੀ ਦੇ ਹਨ।”
ਉਨ੍ਹਾਂ ਨੇ ਕਿਹਾ, “ਰੋਹਿਤ ਵੇਮੁਲਾ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਵੀਸੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਫਾਂਸੀ ਦੇਣ ਜਾਂ ਸਾਈਨਾਈਡ ਦੇਣ ਦੀ ਗੁਜ਼ਾਰਿਸ਼ ਕੀਤੀ, ਪਰ ਅੱਪਾ ਰਾਓ ਨੇ ਕੋਈ ਜਵਾਬ ਨਾ ਦਿੱਤਾ। ਜੇਕਰ ਯੂਨੀਵਰਸਿਟੀ ਦੇ ਮੁਖੀ ਹੀ ਅਜਿਹੇ ਗੰਭੀਰ ਪੱਤਰ ਦਾ ਜਵਾਬ ਨਹੀਂ ਦੇਣਗੇ ਤਾਂ ਫਿਰ ਕੀ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਹੈ?”
ਉਨ੍ਹਾਂ ਨੇ ਕਿਹਾ, “ਪੁਲਿਸ ਨੂੰ ਇਹ ਪੱਖ ਨਜ਼ਰ ਨਹੀਂ ਆਇਆ? ਇਹ ਕੁਝ ਅਜਿਹਾ ਹੈ, ਜਿਸ ਦਾ ਕਿ ਜਾਤੀ ਸਰਟੀਫਿਕੇਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਕੋਈ ਵਿਦਿਆਰਥੀ ਅਜਿਹੀ ਚਿੱਠੀ ਲਿਖਦਾ ਹੈ ਅਤੇ ਵੀਸੀ ਉਸ ਦਾ ਜਵਾਬ ਨਹੀਂ ਦਿੰਦੇ ਹਨ ਤਾਂ ਉਹ ਇਸ ਲਈ ਜ਼ਿੰਮੇਵਾਰ ਹੋਣੇ ਚਾਹੀਦੇ ਹਨ। ਜੇਕਰ ਪੁਲਿਸ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਗੁਰੂ ਪ੍ਰੋਫੈਸਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਜਾਂਚ ਪੂਰੀ ਕਰ ਲੈਂਦੀ ਹੈ ਤਾਂ ਇਸ ਨੂੰ ਇੱਕ ਸਾਜਿਸ਼ ਮੰਨਿਆ ਜਾਣਾ ਚਾਹੀਦਾ ਹੈ।”
ਇਨ੍ਹਾਂ ਇਲਜ਼ਾਮਾਂ ਬਾਰੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਅੱਪਾ ਰਾਓ ਨੇ ਕਿਹਾ ਕਿ ਕੋਈ ਕੁਝ ਵੀ ਕਹੇ, ਮੈਂ ਇਸ ਪ੍ਰਤੀਕਿਰਿਆ ਨਹੀਂ ਦੇਣੀ ਚਾਹੁੰਦਾ ਹਾਂ। ਮੈਨੂੰ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਹੈ।
ਮਾਮਲੇ ਦੀ ਮੁੜ ਜਾਂਚ ਹੋਵੇਗੀ - ਤੇਲੰਗਾਨਾ ਪੁਲਿਸ

ਤਸਵੀਰ ਸਰੋਤ, ANI
ਇਸੇ ਦੌਰਾਨ ਤੇਲੰਗਾਨਾ ਪੁਲਿਸ ਦੀ ਕਲੋਜ਼ਰ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਰੋਹਿਤ ਵੇਮੁਲਾ ਦੀ ਮਾਂ ਅਤੇ ਭਰਾ ਨੇ ਨਾਰਾਜ਼ਗੀ ਜਤਾਈ ਹੈ। ਇਸ ਤੋਂ ਬਾਅਦ ਤੇਲੰਗਾਨਾ ਪੁਲਿਸ ਦੇ ਡੀਜੀਪੀ ਰਵੀ ਗੁਪਤਾ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਅਗਲੀ ਜਾਂਚ ਲਈ ਪਟੀਸ਼ਨ ਦਾਇਰ ਕਰਾਂਗੇ।
ਡੀਜੀਪੀ ਰਵੀ ਗੁਪਤਾ ਨੇ ਕਿਹਾ ਕਿ ਕਲੋਜ਼ਰ ਰਿਪੋਰਟ ਨਵੰਬਰ 2023 ਤੋਂ ਪਹਿਲਾਂ ਤਿਆਰ ਕੀਤੀ ਗਈ ਸੀ ਅਤੇ ਮਾਰਚ 2024 ਵਿੱਚ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀ।
ਉਨ੍ਹਾਂ ਨੇ ਪੱਤਰ ਵਿੱਚ ਅੱਗੇ ਕਿਹਾ, "ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਕੀਤੀ ਜਾਵੇਗੀ ਕਿਉਂਕਿ ਰੋਹਿਤ ਵੇਮੁਲਾ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਜਾਂਚ 'ਤੇ ਸਵਾਲ ਖੜ੍ਹੇ ਕੀਤੇ ਹਨ। ਅਜਿਹੀ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਜਾਵੇਗੀ।"
ਕਲੋਜ਼ਰ ਰਿਪੋਰਟ ਤੋਂ ਬਾਅਦ ਰੋਹਿਤ ਵੇਮੁਲਾ ਦੀ ਮਾਂ ਵੀ ਰਾਧਿਕਾ ਅਤੇ ਭਰਾ ਰਾਜਾ ਵੇਮੁਲਾ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਤੋਂ ਬਾਅਦ ਰੋਹਿਤ ਵੇਮੁਲਾ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।
ਵੀ ਰਾਧਿਕਾ ਨੇ ਕਿਹਾ, "ਅਸੀਂ ਮੁੱਖ ਮੰਤਰੀ ਨਾਲ ਰੋਹਿਤ ਦੇ ਨਾਲ ਹੋਰ ਮੁਅੱਤਲ ਕੀਤੇ ਵਿਦਿਆਰਥੀਆਂ ਬਾਰੇ ਵੀ ਚਰਚਾ ਕੀਤੀ ਹੈ। ਇਸ ਮਾਮਲੇ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਪੀਐੱਚਡੀ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਖੇਤੀ ਕਰਨੀ ਪੈ ਰਹੀ ਹੈ। ਮੁੱਖ ਮੰਤਰੀ ਨੇ ਇਸ 'ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ। ਸਾਨੂੰ ਭਰੋਸਾ ਹੈ ਕਿ ਇਹ ਸਰਕਾਰ ਸਾਨੂੰ ਨਿਆਂ ਦੇਵੇਗੀ।”
2016 ਵਿੱਚ ਅਸਲ ਵਿੱਚ ਕੀ ਹੋਇਆ ਸੀ?

17 ਜਨਵਰੀ 2016 ਨੂੰ ਹੈਦਰਾਬਾਦ ਯੂਨੀਵਰਸਿਟੀ ਦੇ ਪੀਐੱਚਡੀ ਵਿਦਿਆਰਥੀ ਰੋਹਿਤ ਵੇਮੁਲਾ ਨੇ ਖੁਦਕੁਸ਼ੀ ਕਰ ਲਈ ਸੀ। ਰੋਹਿਤ ਅੰਬੇਡਕਰ ਸਟੂਡੈਂਟ ਯੂਨੀਅਨ ਦੇ ਮੈਂਬਰ ਸੀ।
ਖੁਦਕੁਸ਼ੀ ਕਰਨ ਤੋਂ ਪਹਿਲਾਂ ਰੋਹਿਤ ਵੇਮੁਲਾ ਅਤੇ ਉਨ੍ਹਾਂ ਦੇ ਚਾਰ ਦੋਸਤਾਂ ਨੂੰ ਯੂਨੀਵਰਸਿਟੀ ਨੇ ਹੋਸਟਲ ਤੋਂ ਕੱਢ ਦਿੱਤਾ ਸੀ।
ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਇੱਕ ਮੈਂਬਰ ਨੇ ਵਿਦਿਆਰਥੀਆਂ ਉੱਤੇ ਹਮਲੇ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ ਯੂਨੀਵਰਸਿਟੀ ਵੱਲੋਂ ਪਹਿਲੀ ਜਾਂਚ ਵਿੱਚ ਇਲਜ਼ਾਮ ਬੇਬੁਨਿਆਦ ਪਾਏ ਗਏ, ਜਿਸ ਤੋਂ ਬਾਅਦ ਰੋਹਿਤ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਿਨਾਂ ਕੋਈ ਠੋਸ ਕਾਰਨ ਦੱਸੇ ਪੁਰਾਣੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਫਿਰ ਰੋਹਿਤ ਅਤੇ ਉਨ੍ਹਾਂ ਦੇ ਦੋਸਤਾਂ 'ਤੇ ਯੂਨੀਵਰਸਿਟੀ ਦੇ ਹੋਸਟਲਾਂ ਅਤੇ ਹੋਰ ਜਨਤਕ ਥਾਵਾਂ 'ਤੇ ਜਾਣ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਸਿਕੰਦਰਾਬਾਦ ਤੋਂ ਭਾਜਪਾ ਸੰਸਦ ਬੰਡਾਰੂ ਦੱਤਾਤ੍ਰੇਅ (ਮੌਜੂਦਾ ਸਮੇਂ ਵਿੱਚ ਹਰਿਆਣਾ ਦੇ ਰਾਜਪਾਲ) ਨੇ ਤਤਕਾਲੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਰਾਸ਼ਟਰ ਵਿਰੋਧੀਆਂ ਦਾ ਅੱਡਾ ਦੱਸਦੇ ਹੋਏ ਦਖ਼ਲ ਦੀ ਮੰਗ ਕੀਤੀ ਸੀ।
ਦੱਤਾਤ੍ਰੇਅ ਦੇ ਪੱਤਰ ਤੋਂ ਬਾਅਦ, ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਯੂਨੀਵਰਸਿਟੀ ਨੂੰ ਇੱਕ ਪੈਨਲ ਸਥਾਪਤ ਕਰਨ ਦਾ ਆਦੇਸ਼ ਦਿੱਤਾ, ਜਿਸ ਨੇ ਰੋਹਿਤ ਵੇਮੁਲਾ ਅਤੇ ਹੋਰ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ।
ਇਸ ਪੱਤਰ ਦਾ ਹਵਾਲਾ ਦਿੰਦੇ ਹੋਏ ਅੰਬੇਡਕਰ ਸਟੂਡੈਂਟਸ ਯੂਨੀਅਨ ਨੇ ਇਲਜ਼ਾਮ ਲਾਇਆ ਕਿ ਦੱਤਾਤ੍ਰੇਅ ਦੇ ਪੱਤਰ ਤੋਂ ਬਾਅਦ ਯੂਨੀਵਰਸਿਟੀ ਵਿੱਚ ਸਮੱਸਿਆਵਾਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਬਾਅਦ ਕੁਝ ਹੋਰ ਦਲਿਤ ਵਿਦਿਆਰਥੀਆਂ ਨੇ ਸਮਾਜਿਕ ਵਿਤਕਰੇ ਕਾਰਨ ਖੁਦਕੁਸ਼ੀ ਕਰ ਲਈ।
ਇਸ ਮਾਮਲੇ ਵਿੱਚ ਬੰਡਾਰੂ ਦੱਤਾਤ੍ਰੇਅ ਦੇ ਖਿਲਾਫ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੇ ਖਿਲਾਫ SC-ST ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਦੱਤਾਤ੍ਰੇਅ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਲਿਖੀ ਗਈ ਚਿੱਠੀ ਦਾ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਜੇਕਰ ਤੁਹਾਡੇ ਮਨ ਵਿੱਚ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਜਾਂ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ, ਤਾਂ ਤੁਸੀਂ ਭਾਰਤ ਵਿੱਚ ਆਸਰਾ ਵੈੱਬਸਾਈਟ ਜਾਂ BeFriends Worldwide ਰਾਹੀਂ ਸਹਾਇਤਾ ਦੀ ਮੰਗ ਕਰ ਸਕਦੇ ਹੋ।








