ਰੋਹਿਤ ਵੇਮੁਲਾ ਖੁਦਕੁਸ਼ੀ ਮਾਮਲਾ: ਦਲਿਤ ਮਾਂ ਦਾ ਪੁੱਤ ਦਲਿਤ ਨਹੀਂ ਕਹਿ ਪੁਲਿਸ ਨੇ ਬੰਦ ਕੀਤੀ ਜਾਂਚ, ਖੜ੍ਹੇ ਹੋਏ ਇਹ ਸਵਾਲ

ਮਰਹੂਮ ਪੀਐੱਚਡੀ ਸਕਾਲਰ ਰੋਹਿਤ ਵੇਮੁਲਾ

ਤਸਵੀਰ ਸਰੋਤ, ROHITH VEMULA'S FACEBOOK PAGE

ਤਸਵੀਰ ਕੈਪਸ਼ਨ, ਮਰਹੂਮ ਪੀਐੱਚਡੀ ਸਕਾਲਰ ਰੋਹਿਤ ਵੇਮੁਲਾ

ਰੋਹਿਤ ਵੇਮੁਲਾ ਦੀ ਖੁਦਕੁਸ਼ੀ ਮਾਮਲੇ ਵਿੱਚ ਤੇਲੰਗਾਨਾ ਪੁਲਿਸ ਦੀ ਕਲੋਜ਼ਰ ਰਿਪੋਰਟ ਤੋਂ ਬਾਅਦ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿੱਚ ਵਿਦਿਆਰਥੀ ਮੁਜ਼ਾਹਰੇ ਕਰ ਰਹੇ ਹਨ।

ਸ਼ੁੱਕਰਵਾਰ ਰਾਤ ਨੂੰ ਯੂਨੀਵਰਸਿਟੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵਿਰੁੱਧ ਨਾਅਰੇਬਾਜ਼ੀ ਕੀਤੀ

ਰੋਹਿਤ ਵੇਮੁਲਾ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ ਕੀਤੀ ਗਈ ਕਲੋਜ਼ਰ ਰਿਪੋਰਟ ਦੇ ਵਿਰੋਧ ਵਿੱਚ ਵਿਦਿਆਰਥੀ ਇਹ ਮੁਜ਼ਾਹਰੇ ਕਰ ਰਹੇ ਹਨ।

ਸ਼ੁੱਕਰਵਾਰ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਆਪਣੀ ਕਲੋਜ਼ਰ ਰਿਪੋਰਟ ਵਿੱਚ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਕਲੋਜ਼ਰ ਰਿਪੋਰਟ ਮੁਤਾਬਕ ਰੋਹਿਤ ਵੇਮੁਲਾ ਅਨੁਸੂਚਿਤ ਜਾਤੀ ਨਾਲ ਸਬੰਧਤ ਨਹੀਂ ਸੀ। ਭਾਵ ਉਹ ਦਲਿਤ ਨਹੀਂ ਸੀ।

ਰਿਪੋਰਟ ਮੁਤਾਬਕ ਰੋਹਿਤ ਵੇਮੁਲਾ ਵਡੇਰਾ ਜਾਤੀ ਨਾਲ ਸਬੰਧਤ ਹੈ, ਜੋ ਅਨੁਸੂਚਿਤ ਜਾਤੀਆਂ ਵਿੱਚ ਨਹੀਂ ਆਉਂਦੀ। ਇਸ ਦੇ ਆਧਾਰ 'ਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਐੱਸਸੀ-ਐੱਸਟੀ ਅੱਤਿਆਚਾਰ ਰੋਕਥਾਮ ਐਕਟ ਲਾਗੂ ਨਹੀਂ ਹੁੰਦਾ।

ਮੁਜ਼ਾਹਰਾਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਰੋਹਿਤ ਵੇਮੁਲਾ ਦੇ ਮਾਮਲੇ ਵਿੱਚ ਹੈਦਰਾਬਾਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅੱਪਾ ਰਾਓ ਪਿੰਦਲੇ, ਸਾਬਕਾ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ ਅਤੇ ਸਮ੍ਰਿਤੀ ਇਰਾਨੀ ਦੀ ਭੂਮਿਕਾ ਦੀ ਜਾਂਚ ਨਹੀਂ ਕੀਤੀ ਹੈ।

ਇੱਕ ਵਿਦਿਆਰਥੀ ਨੇ ਕਿਹਾ, "ਪੁਲਿਸ ਨੇ ਆਪਣੀ 60 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਜਾਂਚ ਦਾ ਕੇਂਦਰ ਖ਼ੁਦਕੁਸ਼ੀ ਉੱਤੇ ਨਹੀਂ ਬਲਕਿ ਰੋਹਿਤ ਵੇਮੁਲਾ ਦੀ ਜਾਤ ਉੱਤੇ ਹੈ।"

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਪਛਾਣ ਕਾਰਨ ਰੋਹਿਤ ਵੇਮੁਲਾ ਨੂੰ ਜ਼ਿੰਦਗੀ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਉਹ ਵੀ ਉਸ ਤੋਂ ਖੋਹ ਲਈ ਗਈ ਹੈ।

ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਭਾਜਪਾ ਅਤੇ ਆਰਐੱਸਐੱਸ ਦੇ ਵਿਦਿਆਰਥੀ ਸੰਗਠਨ ਏਬੀਵੀਪੀ ਦੀਆਂ ਗੱਲਾਂ ਨੂੰ ਹੀ ਦੁਹਰਾਇਆ ਹੈ।

ਉਹ ਇਹ ਵੀ ਕਹਿ ਰਹੇ ਹਨ ਕਿ ਪੁਲਿਸ ਨੇ ਗਲਤ ਤਰੀਕੇ ਨਾਲ ਇਹ ਸਾਬਤ ਕੀਤਾ ਹੈ ਕਿ ਰੋਹਿਤ ਵੇਮੁਲਾ ਦਲਿਤ ਨਹੀਂ ਸਨ।

ਰੋਹਿਤ ਵੇਮੂਲਾ ਦੇ ਭਰਾ ਰਾਜਾ ਵੇਮੂਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰੋਹਿਤ ਵੇਮੁਲਾ ਦੇ ਭਰਾ ਰਾਜਾ ਵੇਮੁਲਾ

ਪਰਿਵਾਰ ਨੇ ਕੀ ਕਿਹਾ

ਰੋਹਿਤ ਵੇਮੁਲਾ ਦੇ ਭਰਾ ਰਾਜਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ , "ਕਲੋਜ਼ਰ ਰਿਪੋਰਟ ਪੇਸ਼ ਕਰਨ ਤੋਂ ਬਾਅਦ, ਡੀਜੀਪੀ ਨੇ ਖੁਦ ਬਿਆਨ ਦਿੱਤਾ ਹੈ ਕਿ ਕੇਸ ਦੀ ਮੁੜ ਜਾਂਚ ਕੀਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਈ ਜਾਵੇਗੀ।"

"ਅਸੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਉਨ੍ਹਾਂ ਨੇ ਰੋਹਿਤ ਨੂੰ ਇਨਸਾਫ਼ ਦਿਵਾਉਣ ਲਈ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ।"

"ਕਾਂਗਰਸ ਸਰਕਾਰ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਸਾਨੂੰ ਭਰੋਸਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ। ਅਸੀਂ ਉਸਦੀ ਉਡੀਕ ਕਰ ਰਹੇ ਹਾਂ।"

ਤੇਲੰਗਾਨਾ ਦੇ ਡੀਜੀਪੀ ਰਵੀ ਗੁਪਤਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਤੇਲੰਗਾਨਾ ਦੇ ਡੀਜੀਪੀ ਰਵੀ ਗੁਪਤਾ

ਤੇਲੰਗਾਨਾ ਪੁਲਿਸ ਦਾ ਬਿਆਨ

ਤੇਲੰਗਾਨਾ ਪੁਲਿਸ ਨੇ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਨੂੰ ਲੈ ਕੇ ਮੀਡੀਆ ਰਿਪੋਰਟਾਂ ਬਾਰੇ ਬਿਆਨ ਜਾਰੀ ਕੀਤਾ ਹੈ।

ਤੇਲੰਗਾਨਾ ਪੁਲਿਸ ਦੇ ਡੀਜੀਪੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਆਈ ਕਲੋਜ਼ਰ ਰਿਪੋਰਟ 'ਤੇ ਅਗਲੀ ਜਾਂਚ ਕੀਤੀ ਜਾਵੇਗੀ।

ਰੋਹਿਤ ਵੇਮੁਲਾ ਦੀ ਮਾਂ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਪਹਿਲਾਂ ਦੀ ਜਾਂਚ ਉੱਤੇ ਸਵਾਲ ਖੜ੍ਹੇ ਕੀਤੇ ਸਨ, ਜਿਸ ਤੋਂ ਬਾਅਦ ਤੇਲੰਗਾਨਾ ਪੁਲਿਸ ਨੇ ਇਹ ਫੈਸਲਾ ਲਿਆ ਹੈ।

ਡੀਜੀਪੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਜਿਸ ਰਿਪੋਰਟ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਹ 2018 ਵਿੱਚ ਤਿਆਰ ਕੀਤੀ ਗਈ ਸੀ ਅਤੇ 21 ਮਾਰਚ, 2024 ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤੀ ਗਈ ਸੀ।"

ਬਿਆਨ ਵਿੱਚ ਕਿਹਾ ਗਿਆ ਹੈ, ''ਰੋਹਿਤ ਵੇਮੁਲਾ ਦੀ ਮਾਂ ਨੇ ਕੀਤੀ ਗਈ ਜਾਂਚ ਉੱਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਸ ਲਈ ਅਸੀਂ ਮਾਮਲੇ ਦੀ ਹੋਰ ਜਾਂਚ ਕਰਾਂਗੇ।

ਜਾਂਚ ਨੂੰ ਅੱਗੇ ਵਧਾਉਣ ਲਈ ਸਬੰਧਤ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਜਾਜ਼ਤ ਲਈ ਜਾਵੇਗੀ।

ਕਲੋਜ਼ਰ ਰਿਪੋਰਟ ਦਾ ਉਹ ਹਿੱਸਾ, ਜਿੱਥੇ ਰੋਹਿਤ ਵੇਮੁਲਾ ਵਡੇਰਾ ਜਾਤੀ ਨਾਲ ਸਬੰਧਤ ਹੈ
ਤਸਵੀਰ ਕੈਪਸ਼ਨ, ਕਲੋਜ਼ਰ ਰਿਪੋਰਟ ਦਾ ਉਹ ਹਿੱਸਾ, ਜਿੱਥੇ ਰੋਹਿਤ ਵੇਮੁਲਾ ਵਡੇਰਾ ਜਾਤੀ ਨਾਲ ਸਬੰਧਤ ਹੈ।

ਰੋਹਿਤ ਦੀ ਜਾਤ ਬਾਰੇ ਕਲੋਜ਼ਰ ਰਿਪੋਰਟ ਵਿੱਚ ਕੀ ਕਿਹਾ ਗਿਆ?

ਕਲੋਜ਼ਰ ਰਿਪੋਰਟ ਵਿੱਚ ਕਈ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਰੋਹਿਤ ਵੇਮੁਲਾ ਵਡੇਰਾ ਜਾਤੀ ਨਾਲ ਸਬੰਧਤ ਹੈ, ਜੋ ਕਿ ਪੱਛੜੀ ਸ਼੍ਰੇਣੀ ਵਿੱਚ ਆਉਂਦੀ ਹੈ ਪਰ ਐੱਸਸੀ ਨਹੀਂ ਹੈ।

ਰਿਪੋਰਟ ਵਿੱਚ ਗੁੰਟੂਰ ਜ਼ਿਲ੍ਹੇ ਦੀ ਤਹਿਸੀਲਦਾਰ ਬੀ ਰਜਨੀ ਕੁਮਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਰਾਧਿਕਾ ਵੇਮੁਲਾ (ਰੋਹਿਤ ਦੀ ਮਾਂ) ਅਤੇ ਉਨ੍ਹਾਂ ਦੇ ਦੋ ਭਰਾਵਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੀ ਜਾਤ ਵਡੇਰਾ ਦੱਸੀ ਗਈ ਸੀ।

ਇਸ ਤੋਂ ਇਲਾਵਾ ਗੁੰਟੂਰ ਜ਼ਿਲ੍ਹੇ ਦੇ ਤਹਿਸੀਲਦਾਰ ਜੀਵੀਏ ਫਨੇਂਦਰ ਬਾਬੂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਰੋਹਿਤ ਵੇਮੁਲਾ ਦੇ ਪਿਤਾ ਵੇਮੁਲਾ ਮਨੀ ਕੁਮਾਰ ਨੂੰ ਵਡੇਰਾ (ਪੱਛੜੀ ਸ਼੍ਰੇਣੀ) ਜਾਤੀ ਸਰਟੀਫਿਕੇਟ ਜਾਰੀ ਕੀਤਾ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੁੰਟੂਰ ਜ਼ਿਲ੍ਹੇ ਦੇ ਜ਼ਿਲ੍ਹਾ ਕੁਲੈਕਟਰ ਕਾਂਤੀਲਾਲ ਨੇ ਰੋਹਿਤ ਵੇਮੁਲਾ ਦੇ ਮਾਮਲੇ ਵਿੱਚ ਜਾਤੀ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ, ਜਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰੋਹਿਤ ਵੇਮੁਲਾ ਅਤੇ ਉਨ੍ਹਾਂ ਦੀ ਮਾਂ ਵਡੇਰਾ ਜਾਤੀ ਨਾਲ ਸਬੰਧਤ ਹਨ।

ਕਲੋਜ਼ਰ ਰਿਪੋਰਟ ਦੇ ਪੰਨਾ ਨੰਬਰ 55 'ਤੇ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਰੋਹਿਤ ਦੇ ਪਿਤਾ ਮਨੀ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਉਨ੍ਹਾਂ ਨੇ ਆਪਣੀ ਪਤਨੀ ਅਤੇ ਪੁੱਤਰ ਤੋਂ ਵੱਖ ਹੋਣ ਬਾਰੇ ਗੱਲ ਕੀਤੀ। ਰਿਪੋਰਟ ਮੁਤਾਬਕ ਰੋਹਿਤ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਵਡੇਰਾ ਜਾਤੀ ਨਾਲ ਸਬੰਧਤ ਹਨ।

ਇਸ ਤੋਂ ਇਲਾਵਾ ਰਿਪੋਰਟ 'ਚ ਕਈ ਹੋਰ ਲੋਕਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜੋ ਦੱਸ ਰਹੇ ਹਨ ਕਿ ਰੋਹਿਤ ਵੇਮੁਲਾ ਵਡੇਰਾ ਜਾਤੀ ਨਾਲ ਸਬੰਧਤ ਸੀ।

ਰੋਹਿਤ ਦੀ ਮਾਂ ਵੀ.ਰਾਧਿਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਹਿਤ ਦੀ ਮਾਂ ਵੀ ਰਾਧਿਕਾ

ਜਾਤ ਬਾਰੇ ਰੋਹਿਤ ਦੀ ਮਾਂ ਦਾ ਪੱਖ

ਰੋਹਿਤ ਦਲਿਤ ਸੀ ਜਾਂ ਨਹੀਂ? ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

ਰੋਹਿਤ ਦੀ ਮਾਂ ਵੀ ਰਾਧਿਕਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਅਨੁਸੂਚਿਤ ਜਾਤੀ (ਮਾਲਾ) ਵਿੱਚ ਪੈਦਾ ਹੋਏ ਸੀ, ਪਰ ਉਸਦਾ ਵਿਆਹ ਵਡੇਰਾ ਭਾਈਚਾਰੇ ਦੇ ਮਨੀ ਕੁਮਾਰ ਨਾਲ ਹੋਇਆ ਸੀ।

ਤੇਲੰਗਾਨਾ ਵਿੱਚ ਵਡੇਰਾ ਭਾਈਚਾਰੇ ਨੂੰ ਪੱਛੜੀ ਜਾਤੀ ਦਾ ਦਰਜਾ ਪ੍ਰਾਪਤ ਹੈ।

ਵੀ ਰਾਧਿਕਾ ਦੇ ਅਨੁਸਾਰ, ਉਹ ਆਪਣੇ ਆਖਰੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਨਿੱਜੀ ਕਾਰਨਾਂ ਕਰਕੇ ਆਪਣੇ ਪਤੀ ਤੋਂ ਵੱਖ ਹੋ ਗਏ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਉਹ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਅਨੁਸੂਚਿਤ ਜਾਤੀ (ਮਾਲੀ) ਖੇਤਰ ਵਿੱਚ ਰਹਿਣ ਲਈ ਚਲੇ ਗਏ ਸਨ, ਕਿਉਂਕਿ ਉਹ ਖੁਦ ਜਨਮ ਤੋਂ ਮਾਲਾ ਭਾਈਚਾਰੇ ਨਾਲ ਸਬੰਧਤ ਸੀ।

ਰੋਹਿਤ ਦੀ ਮਾਂ ਨੇ ਦੱਸਿਆ ਕਿ ਪੰਜ ਸਾਲ ਦੀ ਉਮਰ ਤੋਂ ਹੀ ਉਹ ਵਡੇਰਾ ਭਾਈਚਾਰੇ ਨਾਲ ਸਬੰਧਤ ਪਰਿਵਾਰ ਵਿੱਚ ਵੱਡਾ ਹੋਇਆ ਸੀ।

ਰਾਧਿਕਾ ਦੇ ਅਨੁਸਾਰ, "ਉਹ ਅਤੇ ਉਨ੍ਹਾਂ ਦੇ ਬੱਚੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਸਾਰੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਦਾ ਪਾਲਣ ਕਰਦੇ ਹਨ।"

ਹਾਲਾਂਕਿ ਸੁਪਰੀਮ ਕੋਰਟ ਨੇ ਸਾਲ 2012 'ਚ ਆਪਣੇ ਇੱਕ ਫੈਸਲੇ 'ਚ ਕਿਹਾ ਸੀ ਕਿ ਜੇਕਰ ਮਾਤਾ-ਪਿਤਾ 'ਚੋਂ ਕੋਈ ਵੀ ਦਲਿਤ ਹੈ ਤਾਂ ਉਸ ਦਾ ਬੱਚਾ ਵੀ ਦਲਿਤ ਮੰਨਿਆ ਜਾਵੇਗਾ।

ਰੋਹਿਤ ਵੇਮੂਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਹਿਤ ਵੇਮੂਲਾ

ਕੀ ਹੈ ਪੂਰਾ ਮਾਮਲਾ?

17 ਜਨਵਰੀ 2016 ਨੂੰ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਪੀਐੱਚਡੀ ਵਿਦਿਆਰਥੀ ਰੋਹਿਤ ਵੇਮੁਲਾ ਨੇ ਖੁਦਕੁਸ਼ੀ ਕਰ ਲਈ। ਉਹ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਮੈਂਬਰ ਸਨ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਰੋਹਿਤ ਵੇਮੁਲਾ ਅਤੇ ਉਨ੍ਹਾਂ ਦੇ ਚਾਰ ਦੋਸਤਾਂ ਨੂੰ ਯੂਨੀਵਰਸਿਟੀ ਨੇ ਹੋਸਟਲ ਤੋਂ ਬਾਹਰ ਕੱਢ ਦਿੱਤਾ ਸੀ।

ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਮੈਂਬਰ ਨੇ ਇਨ੍ਹਾਂ ਵਿਦਿਆਰਥੀਆਂ ਉੱਤੇ ਹਮਲੇ ਦਾ ਇਲਜ਼ਾਮ ਲਗਾਇਆ ਸੀ।

ਹਾਲਾਂਕਿ ਯੂਨੀਵਰਸਿਟੀ ਦੀ ਪਹਿਲੀ ਜਾਂਚ ਵਿੱਚ ਇਹ ਇਲਜ਼ਾਮ ਬੇਬੁਨਿਆਦ ਪਾਇਆ ਗਿਆ, ਜਿਸ ਤੋਂ ਬਾਅਦ ਰੋਹਿਤ ਅਤੇ ਉਸ ਦੇ ਹੋਰ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਨਵੇਂ ਵਾਈਸ ਚਾਂਸਲਰ ਆ ਗਏ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਿਨਾਂ ਕੋਈ ਨਵਾਂ ਕਾਰਨ ਦੱਸੇ ਪੁਰਾਣੇ ਫੈਸਲੇ ਨੂੰ ਉਲਟਾ ਦਿੱਤਾ ਗਿਆ। ਫਿਰ ਤੋਂ ਰੋਹਿਤ ਅਤੇ ਉਸਦੇ ਦੋਸਤਾਂ ਨੂੰ ਯੂਨੀਵਰਸਿਟੀ ਦੇ ਹੋਸਟਲਾਂ ਅਤੇ ਹੋਰ ਜਨਤਕ ਥਾਵਾਂ ਉੱਤੇ ਜਾਣ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।

ਗਰਾਫਿਕਸ

ਇਸ ਦੇ ਨਾਲ ਹੀ ਸਿਕੰਦਰਾਬਾਦ ਤੋਂ ਭਾਜਪਾ ਸੰਸਦ ਬੰਡਾਰੂ ਦੱਤਾਤ੍ਰੇਅ (ਮੌਜੂਦਾ ਸਮੇਂ ਵਿੱਚ ਹਰਿਆਣਾ ਦੇ ਰਾਜਪਾਲ) ਨੇ ਤਤਕਾਲੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਰਾਸ਼ਟਰ ਵਿਰੋਧੀਆਂ ਦਾ ਅੱਡਾ ਦੱਸਦੇ ਹੋਏ ਦਖ਼ਲ ਦੀ ਮੰਗ ਕੀਤੀ ਸੀ।

ਦੱਤਾਤ੍ਰੇਅ ਦੇ ਪੱਤਰ ਤੋਂ ਬਾਅਦ, ਮਨੁੱਖੀ ਸਰੋਤ ਮੰਤਰਾਲੇ ਨੇ ਯੂਨੀਵਰਸਿਟੀ ਨੂੰ ਇੱਕ ਪੈਨਲ ਬਣਾਉਣ ਦਾ ਆਦੇਸ਼ ਦਿੱਤਾ ਸੀ, ਜਿਸ ਨੇ ਰੋਹਿਤ ਵੇਮੁਲਾ ਨੂੰ ਹੋਰ ਵਿਦਿਆਰਥੀਆਂ ਦੇ ਨਾਲ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ।

ਇਸ ਪੱਤਰ ਦਾ ਹਵਾਲਾ ਦਿੰਦੇ ਹੋਏ ਅੰਬੇਡਕਰ ਸਟੂਡੈਂਟਸ ਯੂਨੀਅਨ ਨੇ ਇਲਜ਼ਾਮ ਲਾਇਆ ਸੀ ਕਿ ਦੱਤਾਤ੍ਰੇਅ ਦੇ ਪੱਤਰ ਤੋਂ ਬਾਅਦ ਯੂਨੀਵਰਸਿਟੀ ਵਿੱਚ ਸਮੱਸਿਆਵਾਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਬਾਅਦ ਕੁਝ ਹੋਰ ਦਲਿਤ ਵਿਦਿਆਰਥੀਆਂ ਨੇ ਸਮਾਜਿਕ ਵਿਤਕਰੇ ਕਾਰਨ ਖੁਦਕੁਸ਼ੀ ਕਰ ਲਈ ਸੀ।

ਇਸ ਮਾਮਲੇ ਵਿੱਚ ਬੰਡਾਰੂ ਦੱਤਾਤ੍ਰੇਅ ਖਿਲਾਫ ਖੁਦਕੁਸ਼ੀ ਦੇ ਮਾਮਲੇ 'ਚ ਐੱਫਆਈਆਰ ਦਰਜ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਦੇ ਖਿਲਾਫ ਐੱਸਸੀ-ਐੱਸਟੀ ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ।

ਹਾਲਾਂਕਿ ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਤਾਤ੍ਰੇਅ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਲਿਖੀ ਗਈ ਚਿੱਠੀ ਦਾ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਨਾਲ ਕੋਈ ਸਬੰਧ ਨਹੀਂ ਹੈ।

ਜੇਕਰ ਤੁਹਾਡੇ ਮਨ ਵਿੱਚ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਜਾਂ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ, ਤਾਂ ਤੁਸੀਂ ਭਾਰਤ ਵਿੱਚ ਆਸਰਾ ਵੈੱਬਸਾਈਟ ਜਾਂ BeFriends Worldwide ਰਾਹੀਂ ਸਹਾਇਤਾ ਦੀ ਮੰਗ ਕਰ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)