ਦਿੱਲੀ ਦੀਆਂ ਸੜਕਾਂ 'ਤੇ ਡੁੱਲ੍ਹੇ ਮਾਵਾਂ ਦੇ ਖ਼ੂਨ ਦੇ ਹੰਝੂ

- ਲੇਖਕ, ਦਲਜੀਤ ਅਮੀ,
- ਰੋਲ, ਪੱਤਰਕਾਰ, ਬੀਬੀਸੀ
ਚਾਰ ਸੂਬਿਆਂ ਤੋਂ ਚਾਰ ਮਾਵਾਂ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਸੁਆਲ ਤਿੰਨ ਸ਼ਬਦਾਂ ਦੁਆਲੇ ਘੁੰਮਦੇ ਹਨ, " … ਕਿੱਥੇ … ਕਿਉਂ … ਕਿਵੇਂ …" ।
ਇਹ ਤਿੰਨੇ ਸ਼ਬਦ ਉਨ੍ਹਾਂ ਦੇ ਮਾਂ ਹੋਣ ਦੀ ਹੈਸੀਅਤ ਨਾਲ ਜੁੜੇ ਹੋਏ ਹਨ। ਫਾਤਿਮਾ ਨਫ਼ੀਸ ਦਾ ਪੁੱਤਰ ਨਜੀਬ ਅਹਿਮਦ ਪਿਛਲੇ ਦੋ ਸਾਲਾਂ ਤੋਂ ਲਾਪਤਾ ਹੈ ਅਤੇ ਸੀਬੀਆਈ ਨੇ ਅਦਾਲਤ ਵਿੱਚ ਇਸ ਮਾਮਲੇ ਨੂੰ ਬੰਦ ਕਰਨ ਦੀ ਰਪਟ ਦਰਜ ਕਰਵਾਈ ਹੈ।
22 ਸਾਲਾਂ ਦੀ ਆਸ਼ਿਆਨਾ ਠੇਵਾ ਮਾਂ ਬਣਨ ਵਾਲੀ ਹੈ ਅਤੇ ਆਪਣੇ ਹੋਣ ਵਾਲੇ ਬੱਚੇ ਦੇ ਬਾਪ (ਮਾਜਿਦ ਠੇਵਾ) ਨੂੰ ਲੱਭ ਰਹੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਸਾਹਮਣੇ ਗੁਜਰਾਤ ਪੁਲਿਸ ਨੇ ਮਾਜਿਦ ਠੇਵਾ ਨੂੰ ਚੁੱਕਿਆ ਸੀ। ਸਾਇਰਾ ਬਾਨੋ ਦੇ ਪੁੱਤ ਜੂਨੈਦ ਖ਼ਾਨ ਨੂੰ 22 ਜੂਨ 2017 ਨੂੰ ਗਾਜ਼ਿਆਬਾਦ ਤੋਂ ਮਥੁਰਾ ਜਾ ਰਹੀ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਰਾਧਿਕਾ ਵੇਮੂਲਾ ਦੇ ਪੁੱਤ ਰੋਹਿਤ ਵੇਮੂਲਾ ਨੇ 17 ਜਨਵਰੀ 2016 ਨੂੰ ਹੈਦਰਾਵਾਦ ਯੂਨੀਵਰਸਿਟੀ ਦੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਸੀ। ਰੋਹਿਤ ਦੀ ਮੌਤ ਤੋਂ ਬਾਅਦ ਪੂਰੇ ਮੁਲਕ ਵਿੱਚ ਉਭਰੀ ਵਿਦਿਆਰਥੀ ਲਹਿਰ ਉਸ ਦੀ ਮੌਤ ਨੂੰ 'ਸੰਸਥਾਗਤ ਕਤਲ' ਕਰਾਰ ਦਿੰਦੀ ਰਹੀ ਹੈ।
ਦਿੱਲੀ ਪਹੁੰਚੀਆਂ ਚਾਰੋਂ ਮਾਵਾਂ
ਇਹ ਚਾਰੇ ਮਾਵਾਂ ਆਪਣੇ-ਆਪਣੇ (ਰਾਧਿਕਾ ਵੇਮੂਲਾ ਆਂਧਰਾਪ੍ਰਦੇਸ਼ ਤੋਂ, ਫਾਤਿਮਾ ਨਫ਼ੀਸ ਉੱਤਰ ਪ੍ਰਦੇਸ਼ ਤੋਂ, ਸਾਇਰਾ ਬਾਨੋ ਹਰਿਆਣਾ ਤੋਂ ਅਤੇ ਆਸ਼ਿਆਨਾ ਠੇਵਾ ਗੁਜਰਾਤ ਤੋਂ) ਸੂਬਿਆਂ ਤੋਂ ਦਿੱਲੀ ਆਈਆਂ ਹਨ ਅਤੇ ਰੋਸ ਮਾਰਚ ਦੀ ਪਹਿਲੀ ਕਤਾਰ ਵਿੱਚ ਇਕੱਠੀਆਂ ਚੱਲ ਰਹੀਆਂ ਹਨ।
ਉਨ੍ਹਾਂ ਦੇ ਅੱਗੇ-ਅੱਗੇ ਪੁੱਠੇ ਪੈਰੀਂ ਕਦਮੀਂ ਮੀਡੀਆ ਕਰਮੀਆਂ ਦਾ ਕਾਫ਼ਲਾ ਚੱਲ ਰਿਹਾ ਹੈ। ਕੁਝ (ਸ਼ਾਇਦ) ਮੀਡੀਆ ਕਰਮੀਆਂ ਦੇ ਦੋਵਾਂ ਹੱਥਾਂ ਵਿੱਚ ਮੋਬਾਈਲ ਫੋਨ ਸਨ ਜਿਨ੍ਹਾਂ ਉੱਤੇ ਸ਼ਾਇਦ ਫੇਸਬੁੱਕ ਲਾਇਵ ਚੱਲ ਰਹੇ ਹਨ। ਇੱਕ ਮੀਡੀਆ ਕਰਮੀ ਦੇ ਹੱਥਾਂ ਵਿੱਚ ਤਿੰਨ ਮੋਬਾਈਲ ਫੋਨ ਸਨ; ਇੱਕ ਹੱਥ ਵਿੱਚ ਟਰਾਈਪੌਡ ਉੱਤੇ ਦੋ ਮੋਬਾਈਲ ਫੋਨ ਹਨ ਅਤੇ ਦੂਜੇ ਹੱਥ ਵਿੱਚ ਇੱਕ ਮੋਬਾਈਲ ਫੋਨ ਹੈ।

ਇਨ੍ਹਾਂ ਤਿੰਨਾ ਮੋਬਾਇਲਾਂ ਉੱਤੇ ਉਹ ਮਾਰਚ ਵਿੱਚ ਸ਼ਾਮਿਲ ਕਾਰਕੁਨਾਂ ਦੀਆਂ ਮੁਲਾਕਾਤ ਸਿੱਧੀਆਂ ਨਸ਼ਰ ਕਰ ਰਹੇ ਹਨ। ਉਸ ਮਾਹੌਲ ਵਿੱਚ ਨਾਅਰੇ ਗੂੰਜ ਰਹੇ ਹਨ: ਹਮ ਕਿਆ ਚਾਹਤੇ? ਨਾਜੀਬ! ਹਮ ਸਭ! ਨਾਜੀਬ! ਨਾਜੀਬ ਅਹਿਮਦ ਦਾ ਨਾਮ ਹਵਾ ਵਿੱਚ ਲਗਾਤਾਰ ਗੂੰਜ ਰਿਹਾ ਹੈ।
ਇਹ ਵੀ ਪੜ੍ਹੋ:
ਇਸ ਦੌਰਾਨ ਚਾਰਾਂ ਬੀਬੀਆਂ ਦੀਆਂ ਨਜ਼ਰਾਂ ਖਾਲੀ-ਖਾਲੀ ਨਜ਼ਰ ਆਉਂਦੀਆਂ ਹਨ। ਚੱਲਦੇ ਮਾਰਚ ਨੂੰ ਘੇਰ ਕੇ ਮੀਡੀਆ ਕਰਮੀ ਖੜ੍ਹੇ ਹੋ ਜਾਂਦੇ ਹਨ ਅਤੇ ਸੁਆਲ ਪੁੱਛਣ ਲੱਗਦੇ ਹਨ। ਇਹ ਬੀਬੀਆਂ ਧੱਕਾ-ਮੁੱਕੀ ਵਾਲੇ ਹਾਲਾਤ ਵਿੱਚ ਮੀਡੀਆ ਦੇ ਸੁਆਲਾਂ ਦੇ ਜੁਆਬ ਦਿੰਦੀਆਂ ਹਨ। ਮਾਰਚ ਕਈ ਵਾਰ ਰੁਕ ਕੇ ਆਖ਼ਰ ਸੰਸਦ ਮਾਰਗ ਪਹੁੰਚ ਕੇ ਇੱਕ ਰੈਲੀ ਵਿੱਚ ਤਬਦੀਲ ਹੋ ਗਿਆ।
ਸਭ ਤੋਂ ਪਹਿਲਾਂ ਜੂਨੈਦ ਖ਼ਾਨ ਦੀ ਮਾਂ ਸਾਇਰਾ ਬਾਨੋ ਨੂੰ ਬੋਲਣ ਲਈ ਬੁਲਾਇਆ ਗਿਆ। ਕਾਲੇ ਰੰਗ ਦੇ ਲਿਵਾਸ ਵਾਲੀ ਸਾਇਰਾ ਬਾਨੋ ਨੇ ਆਪਣਾ ਬੁਰਕਾ ਸਿਰ ਦੇ ਉੱਤੇ ਪਿੱਛੇ ਨੂੰ ਸੁੱਟਿਆ ਹੋਇਆ ਹੈ। ਉਨ੍ਹਾਂ ਦੇ ਹਾਵ-ਭਾਵ ਦੱਸਦੇ ਹਨ ਕਿ ਉਹ ਰੋਜ਼ਾਨਾ ਜ਼ਿੰਦਗੀ ਵਿੱਚ ਬੁਰਕਾ ਪਾ ਕੇ ਰੱਖਦੀ ਹੈ।
ਉਨ੍ਹਾਂ ਨੇ ਠੇਠ ਹਰਿਆਣਵੀ ਲਹਿਜ਼ੇ ਵਿੱਚ ਬੋਲਣਾ ਸ਼ੁਰੂ ਕੀਤਾ ਅਤੇ ਸਾਰੀ ਤਕਰੀਰ ਕੇਂਦਰ ਸਰਕਾਰ ਦੀਆਂ ਨਾਕਾਮਯਾਬੀਆਂ ਅਤੇ ਨਾਇਨਸਾਫ਼ੀ ਬਾਬਤ ਕੀਤੀ। ਉਨ੍ਹਾਂ ਨੇ ਨਜੀਬ ਅਹਿਮਦ ਦਾ ਨਾਮ ਵਾਰ-ਵਾਰ ਲਿਆ ਪਰ ਜੂਨੈਦ ਖ਼ਾਨ ਦਾ ਜ਼ਿਕਰ ਤੱਕ ਨਹੀਂ ਕੀਤਾ।
ਪੁੱਤ ਜੂਨੈਦ ਖ਼ਾਨ ਦਾ ਜ਼ਿਕਰ ਤੱਕ ਨਹੀਂ
ਨਾਜੀਬ ਦੀ ਅੰਮੀ ਫਾਤਿਮਾ ਨਫ਼ੀਸ ਦੀਆਂ ਅੱਖਾਂ ਸਾਇਰਾ ਬਾਨੋ ਉੱਤੇ ਟਿਕ ਗਈਆਂ ਹਨ। ਸਾਇਰਾ ਬਾਨੋ ਕਹਿ ਰਹੀ ਹੈ, "ਕੋਈ ਨਾਜੀਬ ਸੇ ਅਣਜਾਣ ਨਾ ਹੈ, ਆਜ ਕੀ ਸਰਕਾਰ ਸਾਰਾ ਸਮੁੰਦਰ ਰੋਕ ਲੇਵੇ, ਯੋ ਯਮੁਨਾ ਕਾ ਰੇਤ ਛਾਣੈ ਤੋ ਏਕ ਸੂਈ ਤੱਕ ਕੋ ਹਾਜ਼ਿਰ ਕਰ ਲੇਵੇ। ਲੇਕਿਨ ਦੋ ਸਾਲ ਹੋ ਗਏ, ਅਭੀ ਤੱਕ ਨਾਜੀਬ ਕੋ ਹਾਜ਼ਿਰ ਨਾ ਕੀਆ ਹੈ। ਹਮ ਬਿਲਕੁਲ ਖਾਮੋਸ਼ ਨਾ ਬੈਂਠੇਗੇ। ਜਬ ਤੱਕ ਨਾਜੀਬ ਕੋ ਹਾਜ਼ਿਰ ਨਾ ਕਰੇਂਗੇ ਤਬ ਤੱਕ ਹਮ ਸੜਕ ਪਰ ਜੂੰ ਹੀ ਚੱਕਰ ਲਗਾਵੇਂਗੀ।"

ਨਾਜੀਬ ਅਹਿਮਦ ਨੂੰ ਸਾਇਰਾ ਬਾਨੋ ਆਪਣਾ ਬੇਟਾ ਕਰਾਰ ਦਿੰਦੀ ਹੈ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਵੀ 'ਆਪਣਾ' ਕਹਿੰਦੀ ਹੈ ਪਰ ਆਪਣੇ ਪੁੱਤ ਜੂਨੈਦ ਖ਼ਾਨ ਦਾ ਨਾਮ ਵੀ ਉਨ੍ਹਾਂ ਦੀ ਜੁਬਾਨ ਉੱਤੇ ਨਹੀਂ ਆਉਂਦਾ।
ਆਸ਼ਿਆਨਾ ਠੇਵਾ ਨੂੰ ਬੋਲਣ ਲਈ ਮੰਚ ਉੱਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਦਿੱਲੀ ਵਿੱਚ ਪਹਿਲਾ ਚੱਕਰ ਹੈ। ਉਨ੍ਹਾਂ ਨੇ ਆਪਣੀ ਗੱਲ ਸ਼ੁਰੂ ਕੀਤੀ, "ਜਦੋਂ ਮੈਂ ਭੁੱਜ ਵਿੱਚ ਸੀ ਤਾਂ ਲੱਗਦਾ ਸੀ ਕਿ ਆਪਣੇ ਪਤੀ ਲਈ ਇਸ ਤਰ੍ਹਾਂ ਲੜ ਰਹੀ ਮੈਂ ਇਕੱਲੀ ਔਰਤ ਹਾਂ। ਜਦੋਂ ਮੈਂ ਨਾਜੀਬ ਦੇ ਮਾਮਲੇ ਬਾਬਤ ਸੁਣਿਆ ਤਾਂ ਪਤਾ ਲੱਗਿਆ ਕਿ ਮੇਰੇ ਵਾਂਗ ਹੋਰ ਵੀ ਮਾਵਾਂ ਹਨ।"

ਬੋਲਦਿਆਂ-ਬੋਲਦਿਆਂ ਆਸ਼ਿਆਨਾ ਦਾ ਗਲ ਭਰ ਆਇਆ। ਉਨ੍ਹਾਂ ਨੇ ਇੱਕ ਵਾਰ ਫਾਤਿਮਾ ਨਫ਼ੀਸ ਅਤੇ ਸ਼ਾਇਰਾ ਬਾਨੋ ਨੂੰ ਦੇਖਿਆ। ਮੁੜ ਕੇ ਆਪਣਾ-ਆਪ ਸੰਭਾਲ ਕੇ ਬੋਲੀ, "ਜਦੋਂ ਕੋਈ ਪੁੱਤ ਮਾਂ ਤੋਂ ਵੱਖ ਕਰ ਲਿਆ ਜਾਂਦਾ ਹੈ ਜਾਂ ਜਦੋਂ ਕਿਸੇ ਦਾ ਪਤੀ ਉਸ ਤੋਂ ਖੋਹਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ਉੱਤੇ ਜੋ ਬੀਤਦੀ ਹੈ ਉਹ ਸਿਰਫ਼ ਮਾਂ ਦੇ ਹੀ ਦਿਲ ਤੋਂ ਹੀ ਪੁੱਛਿਆ ਜਾ ਸਕਦਾ ਹੈ। ਉਹ ਜਦੋਂ ਰਾਤ ਨੂੰ ਰੋਟੀ ਖਾਂਦੀਆਂ ਹਨ ਤਾਂ ਉਨ੍ਹਾਂ ਨੂੰ ਆਪਣਾ ਪੁੱਤ ਯਾਦ ਨਹੀਂ ਆਉਂਦਾ?"
ਇਹ ਵੀ ਪੜ੍ਹੋ:
ਇਹ ਸਵਾਲ ਨਾ ਸਿਰਫ਼ ਆਸ਼ਿਆਨਾ ਸਗੋਂ ਰਾਧਿਕਾ ਵੇਮੂਲਾ ਅਤੇ ਫਾਤਿਮਾ ਨਫ਼ੀਸ ਦਾ ਜਬਤ ਤੋੜ ਦਿੰਦਾ ਹੈ। ਉਨ੍ਹਾਂ ਦੀਆਂ ਅੱਖਾਂ ਛਲਕਦੀਆਂ ਹਨ ਤਾਂ ਕੁਝ ਦੇਰ ਪਹਿਲਾਂ ਗੁੱਸੇ ਅਤੇ ਜ਼ੋਸ਼ ਨਾਲ ਨਾਅਰੇ ਲਗਾ ਰਹੇ ਮੁੰਡੇ-ਕੁੜੀਆਂ ਵੀ ਅੱਖਾਂ ਪੂੰਝਣ ਲੱਗੇ ਸਨ।
ਆਸ਼ਿਆਨਾ ਠੇਵਾ ਨੇ ਦਿੱਲੀ ਦੇ ਮੰਡੀ ਹਾਉਸ ਤੋਂ ਸੰਸਦ ਮਾਰਗ ਤੱਕ ਪੈਦਲ ਮਾਰਚ ਤੱਕ ਦਾ ਪੈਂਡਾ ਪਹਿਲੀ ਵਾਰ ਤੈਅ ਕੀਤਾ ਹੈ ਪਰ ਫਾਤਿਮਾ ਨਫ਼ੀਸ ਨੇ ਇਸ ਰਾਹ ਨੂੰ ਪਿਛਲੇ ਦੋ ਸਾਲਾਂ ਦੌਰਾਨ ਕਈ ਵਾਰ ਆਪਣੇ ਪੈਰਾਂ ਨਾਲ ਨਾਪਿਆ ਹੈ।
ਫਾਤਿਮਾ ਦਾ ਪੁੱਤ ਨਾਜੀਬ 16 ਅਕਤੂਬਰ 2016 ਤੋਂ ਲਾਪਤਾ ਹੈ ਪਰ ਹੁਣ ਸੀਬੀਆਈ ਨੇ ਅਦਾਲਤ ਵਿੱਚ ਉਸ ਦੇ ਮਾਮਲੇ ਨੂੰ ਬੰਦ ਕਰਨ ਦੀ ਰਪਟ ਦਰਜ ਕਰਵਾ ਦਿੱਤੀ ਹੈ। ਸੀਬੀਆਈ ਮੁਤਾਬਕ ਇਸ ਮਾਮਲੇ ਦੇ ਹਰ ਪੱਖ ਦੀ ਜਾਂਚ ਹਨੇਰੀ ਗਲੀ ਵਿੱਚ ਗੁੰਮ ਹੋ ਜਾਂਦੀ ਹੈ, ਇਸ ਲਈ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਰਾਧਿਕਾ ਵੇਮੂਲਾ ਨੂੰ ਹਿੰਦੀ ਨਹੀਂ ਆਉਂਦੀ ਪਰ ਉਨ੍ਹਾਂ ਦੀ ਇਹ ਘਾਟ ਦਿੱਲੀ ਆਉਣ ਦੇ ਰਾਹ ਵਿੱਚ ਰੋੜਾ ਨਹੀਂ ਬਣੀ ਸਗੋਂ ਸਿਰਫ਼ ਹਿੰਦੀ-ਊਰਦੂ ਬੋਲਣ ਵਾਲੀ ਫਾਤਿਮਾ ਨਫ਼ੀਸ ਦੀ ਭਾਲ ਵਿੱਚ ਸ਼ਰੀਕ ਹੋ ਗਈ ਹੈ। ਆਸ਼ਿਆਨਾ ਠੇਵਾ ਨਾ ਸਿਰਫ਼ ਪਹਿਲੀ ਵਾਰ ਦਿੱਲੀ ਆ ਗਈ ਹੈ ਸਗੋਂ ਫਾਤਿਮਾ ਨਫ਼ੀਸ ਨਾਲ ਦੁੱਖਾਂ ਦੀ ਸਾਂਝ ਪਾ ਚੁੱਕੀ ਹੈ।
ਜਦੋਂ ਜੂਨੈਦ ਦਾ ਕਤਲ ਹੋਇਆ ਸੀ ਤਾਂ ਉਸ ਦੀ ਮਾਂ, ਸ਼ਾਇਰਾ ਬਾਨੋ ਦਾ ਮਾਤਮ ਮੀਡੀਆ ਵਿੱਚ ਨਸ਼ਰ ਹੋਇਆ ਸੀ। ਜਦੋਂ ਕੁਝ ਮਹੀਨੇ ਪਹਿਲਾਂ ਈਦ ਆਈ ਸੀ ਤਾਂ ਸ਼ਾਇਰਾ ਦੀ ਇਹ ਬਿਆਨ ਵੀ ਮੀਡੀਆ ਵਿੱਚ ਨਸ਼ਰ ਹੋਇਆ ਸੀ ਕਿ 'ਹੁਣ ਅਸੀਂ ਕਾਹਦੀ ਈਦ ਮਨਾਉਣੀ ਹੈ?'
ਇਸ ਵਾਰ ਉਨ੍ਹਾਂ ਦਾ ਚਿਹਰਾ ਬੁਰਕੇ ਤੋਂ ਬਾਹਰ ਆ ਗਿਆ ਹੈ ਅਤੇ ਜੂਨੈਦ ਖ਼ਾਨ ਦਾ ਮਾਤਮ ਨਾਜੀਬ ਅਹਿਮਦ ਅਤੇ ਮਾਜਿਦ ਠੇਵਾ ਦੀ ਭਾਲ ਵਿੱਚ ਤਬਦੀਲ ਹੋ ਗਿਆ ਹੈ।
ਸੀਬੀਆਈ ਹੈ ਕਿ ਉਨ੍ਹਾਂ ਨੂੰ ਹਰ ਰਾਹ ਬੰਦ ਗਲੀ ਵਿੱਚ ਜਾਂਦਾ ਜਾਪਦਾ ਹੈ ਪਰ ਮਾਵਾਂ ਹਨ ਕਿ ਹਨੇਰੀਆਂ ਗਲੀਆਂ ਵਿੱਚ ਇੱਕ-ਦੂਜੀ ਦੀ ਹੱਥ ਫੜੀ ਖੜੀਆਂ ਹਨ ਅਤੇ ਪੁੱਛ ਰਹੀਆਂ ਹਨ, " … ਕਿੱਥੇ … ਕਿਉਂ … ਕਿਉਂ …"
ਇਹ ਸਿਰਫ਼ ਦਿਲ ਅਤੇ ਕਾਨੂੰਨ ਦੇ ਵਿਚਕਾਰ ਦਾ ਫ਼ਾਸਲਾ ਮਾਤਰ ਨਹੀਂ ਜਾਪਦਾ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













