ਪਰਵਾਸੀ ਮਜ਼ਦੂਰ ਦਾ ਪੁੱਤ: ਨਾ ਆਪਣਾ ਘਰ, ਨਾ ਘਰ ਦਾ ਖਾਣਾ, ਫ਼ਿਰ ਵੀ ਬਾਹਰਵੀਂ ਦੀ ਮੈਰਿਟ ਲਿਸਟ ’ਚ ਨਾਂ

ਰਾਮ ਲਾਲ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਰਾਮ ਲਾਲ ਦੀ ਕਾਮਯਾਬੀ ਨੂੰ ਪਰਿਵਾਰ ਦੇ ਨਾਲ-ਨਾਲ ਸਕੂਲ ਨੇ ਵੀ ਸਰਾਹਿਆ ਹੈ।
    • ਲੇਖਕ, ਬਿਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਅਧੀਨ ਪੈਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀ ਰਾਮ ਲਾਲ ਨੇ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆਂ 'ਚ ਆਪਣਾ ਨਾਮ ਮੈਰਿਟ ਸੂਚੀ ਦੇ ਵਿੱਚ ਦਰਜ ਕਰਵਾਇਆ ਹੈ।

ਵਿਦਿਆਰਥੀ ਦਾ ਨਾਮ ਹੈ ਰਾਮ ਲਾਲ ਅਤੇ ਉਸ ਨੇ ਜੇਈਈ ਦੀ ਮੁੱਖ ਪ੍ਰੀਖਿਆ ਵੀ ਪਾਸ ਕਰ ਲਈ ਹੈ।

ਰਾਮ ਲਾਲ ਦੇ ਪਿਤਾ ਬੁੱਧ ਪਾਲ ਇੱਕ ਪ੍ਰਵਾਸੀ ਮਜ਼ਦੂਰ ਹਨ ਅਤੇ ਰਾਮ ਲਾਲ ਨੌਵੀਂ ਕਲਾਸ ਵਿੱਚ ਸਨ ਜਦੋਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ।

ਰਾਮ ਲਾਲ ਆਪਣੇ ਪਿਤਾ ਬੁੱਧ ਪਾਲ ਅਤੇ ਆਪਣੇ ਭਰਾ ਸ਼ਿਵ ਦਿਆਲ ਦੇ ਨਾਲ ਝੁੱਗੀ ਝੌਂਪੜੀ ਵਿੱਚ ਰਹਿੰਦੇ ਸਨ। ਜਿੱਥੇ ਲਾਈਟ ਦਾ ਵੀ ਪ੍ਰਬੰਧ ਨਹੀਂ ਸੀ, ਜਿਸ ਮਗਰੋਂ ਸਕੂਲ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਸਕੂਲ ਵਿੱਚ ਹੀ ਰਹਿਣ ਲਈ ਇੱਕ ਕਮਰਾ ਦੇ ਦਿੱਤਾ ਤੇ ਬੁੱਧ ਪਾਲ ਨੂੰ ਨੌਕਰੀ ਦੇ ਦਿੱਤੀ।

ਪਿਤਾ ਨੇ ਪੰਜਾਬ ਆਉਣ ਤੋਂ ਬਾਅਦ ਆਪਣੇ ਦੋਵਾਂ ਪੁੱਤਾਂ ਰਾਮ ਲਾਲ ਤੇ ਸ਼ਿਵ ਦਿਆਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਅਤੇ ਉਨਾਂ ਦੇ ਸਟਾਫ ਦੇ ਕਹਿਣ ’ਤੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ।

ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨਾਲ ਰਾਮ ਲਾਲ ਅਤੇ ਸ਼ਿਵ ਦਿਆਲ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨਾਲ ਰਾਮ ਲਾਲ ਅਤੇ ਸ਼ਿਵ ਦਿਆਲ

ਰੋਜ਼ੀ ਰੋਟੀ ਲਈ ਪੰਜਾਬ ਆਉਣਾ

ਬੁੱਧ ਪਾਲ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਬੁੱਧ ਪਾਲ ਨੇ ਦੋਵੇਂ ਬੱਚੇ ਇਕੱਲ਼ਿਆਂ ਪਾਲ਼ੇ

ਬੀਬੀਸੀ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਰਾਮ ਲਾਲ ਦੇ ਪਿਤਾ ਬੁੱਧ ਪਾਲ ਨੇ ਦੱਸਿਆ ਕਿ ਉਹ ਸਾਲ 2007 ਦੇ ਵਿੱਚ ਪੰਜਾਬ ਆਏ ਸਨ।

ਪਿਤਾ ਨੇ ਪੰਜਾਬ ਆਉਣ ਤੋਂ ਬਾਅਦ ਆਪਣੇ ਦੋਵਾਂ ਪੁੱਤਾਂ ਰਾਮ ਲਾਲ ਤੇ ਸ਼ਿਵ ਦਿਆਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਅਤੇ ਉਨਾਂ ਦੇ ਸਟਾਫ ਦੇ ਕਹਿਣ ਉੱਤੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ।

ਸਕੂਲ ਦੇ ਵਿੱਚ ਪੜ੍ਹਾਈ ਚੰਗੀ ਸੀ ਪਰ ਸਕੂਲ ਤੋਂ ਬਾਅਦ ਝੁੱਗੀਆਂ ਵਿੱਚ ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਦੋਵੇਂ ਭਰਾ ਦੀਵੇ ਦੀ ਲੋਅ ਵਿੱਚ ਆਪਣੀ ਪੜ੍ਹਾਈ ਕਰਦੇ ਸਨ।

ਬੁੱਧਪਾਲ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਦੋਵਾਂ ਪੁੱਤਰਾਂ ਤੋਂ ਕਦੇ ਵੀ ਕੰਮ ਨਹੀਂ ਕਰਵਾਇਆ, ਉਹ ਮਜ਼ਦੂਰੀ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗਾ ਅਫ਼ਸਰ ਬਣਾਉਣਾ ਚਾਹੁੰਦੇ ਹਨ।

ਉਹ ਮਾਣ ਮਹਿਸੂਸ ਕਰ ਦੇ ਹਨ ਕਿ ਜੋ ਸੁਪਨਾ ਉਨ੍ਹਾਂ ਨੇ ਦੇਖਿਆ ਸੀ ਉਹ ਉਨ੍ਹਾਂ ਦੇ ਦੋਵੇਂ ਪੁੱਤ ਮਿਹਨਤ ਨਾਲ ਪੜ੍ਹਾਈ ਕਰਕੇ ਪੂਰਾ ਕਰ ਰਹੇ ਹਨ।

ਉਨਾਂ ਨੇ ਅੱਗੇ ਭਾਵੁਕ ਹੋ ਕੇ ਦੱਸਿਆ ਕਿ ਜਦੋਂ ਬਾਰਵੀਂ ਕਲਾਸ ਦਾ ਨਤੀਜਾ ਆਇਆ ਸੀ ਅਤੇ ਉਸ ਦੇ ਪੁੱਤਰ ਰਾਮ ਲਾਲ ਨੇ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕੀਤਾ ਸੀ। ਉਹ ਉਸ ਦਿਨ ਖੇਤ ਵਿੱਚ ਕਣਕ ਦੀ ਵਾਢੀ ਕਰਨ ਗਏ ਹੋਏ ਸਨ। ਇਸ ਪ੍ਰਾਪਤੀ ਬਾਰੇ ਸੁਣਦਿਆਂ ਹੀ ਉਨ੍ਹਾਂ ਨੇ ਰਾਮ ਲਾਲ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਭਾਵੁਕਤਾ ਵਿੱਚ ਉਨ੍ਹਾਂ ਦੇ ਅਥਰੂ ਵੀ ਵਹਿਣ ਲੱਗੇ।

ਰਾਮ ਲਾਲ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਰਾਮ ਲਾਲ ਸਕੂਲ ਤੋਂ ਬਾਅਦ ਘਰ ਆ ਕੇ ਰਾਤ ਭਰ ਪੜ੍ਹਦੇ ਸਨ

ਰਾਮ ਲਾਲ ਦਾ ਸਮਰਪਣ

ਰਾਮ ਲਾਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਸਕੂਲ ਦੇ ਕਮਰੇ ਵਿੱਚ ਅਸੀਂ ਰਾਤ-ਰਾਤ ਭਰ ਬੈਠ ਕੇ ਪੜ੍ਹਦੇ ਸਾਂ ਅਤੇ ਸਾਡੇ ਪਿਤਾ ਸਾਰੀ ਰਾਤ ਚੌਂਕੀਦਾਰੀ ਦੀ ਡਿਊਟੀ ਨਿਭਾਉਂਦੇ ਸਨ।”

ਰਾਮ ਲਾਲ ਨੇ ਕਦੇ ਵੀ ਕੋਈ ਟਿਊਸ਼ਨ ਨਹੀਂ ਰੱਖੀ ਅਤੇ ਜੋ ਕੰਮ ਸਕੂਲ ਅਧਿਆਪਕਾਂ ਵਲੋਂ ਕਰਵਾਇਆ ਜਾਂਦਾ ਸੀ ਉਸ ਨੂੰ ਰੋਜ਼ਾਨਾ ਦੁਹਰਾਉਂਦੇ ਸਨ ਅਤੇ ਯੂਟਿਊਬ ਦੀ ਮਦਦ ਲੈਂਦੇ ਸਨ।

ਰਾਮ ਲਾਲ ਸਿਵਲ ਇੰਜੀਨੀਅਰ ਬਣਨਾ ਚਾਹੁੰਦੇ ਹਨ ਅਤੇ ਆਪਣਾ ਘਰ ਬਣਾਉਣਾ ਉਨ੍ਹਾਂ ਦਾ ਸੁਫ਼ਨਾ ਹੈ।

ਰਾਮ ਆਪਣੇ ਸਕੂਲ ਅਧਿਆਪਕਾਂ ਖ਼ਾਸਕਰ ਪ੍ਰਿੰਸੀਪਲ ਵਲੋਂ ਉਤਸ਼ਾਹਿਤ ਕੀਤੇ ਜਾਣ ਅਤੇ ਆਰਥਿਕ ਮਦਦ ਕਰਨ ਨੂੰ ਆਪਣੀ ਸਫ਼ਲਤਾ ਪਿੱਛਲੀ ਤਾਕਤ ਦੱਸਦੇ ਹਨ।

ਰਾਮ ਮੁਤਾਬਕ ਉਨ੍ਹਾਂ ਦੇ ਦੁਪਿਹਰ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਸਕੂਲ ਵਿੱਚਲੀ ਮਿਡ-ਡੇ ਸਕੀਮ ਨਾਲ ਹੀ ਹੋ ਜਾਂਦਾ ਸੀ।

ਇਹ ਵੀ ਪੜ੍ਹੋ-

ਸਕੂਲ ਵਿੱਚ ਸਨਮਾਨ

ਰਾਮ ਦੀ ਕਾਮਯਾਬੀ ਨੂੰ ਪਰਿਵਾਰ ਦੇ ਨਾਲ-ਨਾਲ ਸਕੂਲ ਨੇ ਵੀ ਸਰਾਹਿਆ ਹੈ। ਸਕੂਲ ਦੀ ਸਵੇਰ ਦੀ ਸਭਾ ਦੇ ਵਿੱਚ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।

ਰਾਮ ਦੇ ਭਾਈ ਸ਼ਿਵ ਦਿਆਲ ਨੇ ਦੱਸਿਆ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਰੋਜ਼ੀ-ਰੋਟੀ ਲਈ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਆ ਗਏ ਸਨ।

ਪੰਜਵੀਂ ਕਲਾਸ ਦੇ ਵਿੱਚ ਦੋਹਾਂ ਭਰਾਵਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਦਾ ਟੈਸਟ ਵੀ ਕਲੀਅਰ ਕੀਤਾ ਸੀ ਪਰ ਕਿਸੇ ਕਾਰਨ ਉੱਥੇ ਦਾਖਲਾ ਨਹੀਂ ਸਨ ਲੈ ਸਕੇ।

ਸ਼ਿਵ ਦਿਆਲ ਦੱਸਦੇ ਹਨ ਕਿ 2021 ਦੇ ਵਿੱਚ ਉਨ੍ਹਾਂ ਦੇ ਮਾਤਾ ਜੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਦੋਵਾਂ ਭਰਾਵਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਪਿਤਾ ਨੇ ਹੀ ਕੀਤਾ ਹੈ।

ਸ਼ਿਵ ਦਿਆਲ ਕਹਿੰਦੇ ਹਨ ਕਿ ਪਿਤਾ ਦੇ ਨਾਲ ਨਾਲ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਵੀ ਉਨ੍ਹਾਂ ਦੀ ਜ਼ਿੰਦਗੀ ਨੂੰ ਲੀਹ ’ਤੇ ਰੱਖਣ ਵਿੱਚ ਮਦਦ ਕੀਤੀ ਹੈ।

ਸ਼ਿਵ ਦਿਆਲ ਨੇ ਪਿਛਲੇ ਸਾਲ ਨਾਨ ਮੈਡੀਕਲ ਵਿਸ਼ਿਆਂ ਨਾਲ ਬਾਹਰਵੀਂ ਪਾਸ ਕੀਤੀ ਸੀ ਅਤੇ ਇਸ ਵਾਰ ਜੇਈ ਮੇਨ ਟੈਸਟ ਕਲੀਅਰ ਕੀਤਾ ਹੈ।

ਪ੍ਰਿੰਸੀਪਲ ਅਨਿਲ ਜੋਸ਼ੀ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਪ੍ਰਿੰਸੀਪਲ ਅਨਿਲ ਜੋਸ਼ੀ ਨੂੰ ਯਕੀਨ ਹੈ ਕਿ ਰਾਮ ਅਤੇ ਸ਼ਿਵ ਦਿਆਲ ਦੋਵੇਂ ਮਿਹਨਤ ਸਦਕਾ ਕਾਮਯਾਬ ਹੋਣਗੇ

ਪ੍ਰਿੰਸੀਪਲ ਦਾ ਭਰੋਸਾ

ਸ਼ਿਵ ਦਿਆਲ ਦੂਜੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਿਰਫ਼ ਸਕੂਲ ਵਿੱਚ ਅਧਿਆਪਕਾਂ ਵੱਲੋਂ ਕਰਵਾਇਆ ਜਾਣ ਵਾਲਾ ਕੰਮ ਹੀ ਘਰ ਆ ਕੇ ਮਨ ਲਾ ਕੇ ਕਰ ਲਿਆ ਜਾਵੇ ਤਾਂ ਕਿਸੇ ਵੀ ਇਮਤਿਹਾਨ ਵਿੱਚ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ।

ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਦੱਸਦੇ ਹਨ ਕਿ ਚਾਰ ਸਾਲ ਪਹਿਲਾਂ ਜਦੋਂ ਸਾਨੂੰ ਪਤਾ ਲੱਗਿਆ ਕਿ ਦੋ ਹੋਣਹਾਰ ਵਿਦਿਆਰਥੀ ਬਹੁਤ ਮੁਸ਼ਕਿਲ ਹਾਲਾਤ ਦੇ ਬਾਵਜੂਦ ਆਪਣੀ ਪੜ੍ਹਾਈ ਕਰ ਰਹੇ ਹਨ ਤਾਂ ਸਕੂਲ ਨੇ ਉਨ੍ਹਾਂ ਦੀ ਮਦਦ ਦੀ ਕੋਸ਼ਿਸ਼ ਵਜੋਂ ਰਿਹਾਇਸ਼ ਅਤੇ ਪਿਤਾ ਨੂੰ ਚੌਂਕੀਦਾਰ ਦੀ ਨੌਕਰੀ ਦਿੱਤੀ ਸੀ।

ਉਨ੍ਹਾਂ ਨੂੰ ਆਸ ਹੈ ਕਿ ਦੋਵੇਂ ਭਰਾ ਜ਼ਿੰਦਗੀ ਵਿੱਚ ਕਾਮਯਾਬ ਜ਼ਰੂਰ ਹੋਣਗੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)