ਯੂਟਿਊਬਰ ਇਰਫਾਨ, ਜੋ ਕਦੇ ਆਟੋ-ਰਿਕਸ਼ਾ ਚਲਾਉਂਦਾ ਸੀ, ਅੱਜ ਕਿਵੇਂ ਹੋ ਗਏ ਉਸਦੇ 60 ਲੱਖ ਫੌਲੋਅਰਜ਼

ਤਸਵੀਰ ਸਰੋਤ, MOHAMED IRFAN/FB
- ਲੇਖਕ, ਅਸ਼ਫਾਕ ਅਹਿਮਦ
- ਰੋਲ, ਬੀਬੀਸੀ ਪੱਤਰਕਾਰ, ਤਮਿਲ
ਇਰਫਾਨ ਵਿਊ ਨਾਂ ਦਾ ਯੂ-ਟਿਊਬ ਚੈਨਲ ਚਲਾਉਣ ਵਾਲੇ ਇਰਫਾਨ ਕਦੇ ਆਟੋ ਰਿਕਸ਼ਾ ਚਲਾਉਂਦੇ ਸਨ।
ਹੁਣ ਉਹ ਤਾਮਿਲਨਾਡੂ ਵਿੱਚ ਹੀ ਨਹੀਂ ਸਗੋਂ ਤੋਂ ਬਾਹਰ ਵੀ ਖਾਣ ਪੀਣ ਦੇ ਸ਼ੌਕੀਨਾਂ ਲਈ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ।
ਚੇਨਈ ਦੇ ਰਹਿਣ ਵਾਲੇ ਇਰਫਾਨ ਸਕੂਲ-ਕਾਲਜ ਦੇ ਹੋਰਨਾਂ ਵਿਦਿਆਰਥੀਆਂ ਵਾਂਗ ਪੜ੍ਹਾਈ ਵਿੱਚ ਔਸਤ ਰਹੇ ਹਨ।
ਇੱਕ ਮੱਧ ਵਰਗੀ ਪਰਿਵਾਰ ਵਿੱਚ ਵੱਡੇ ਹੋਏ ਇਰਫਾਨ ਨੂੰ ਅਦਾਕਾਰੀ ਦਾ ਸ਼ੌਂਕ ਸੀ। ਅਜਿਹਾ ਇਸ ਲਈ ਕਿਉਂਕਿ ਉਹ ਇਸ ਰਾਹੀਂ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਸਨ।
ਉਨ੍ਹਾਂ ਨੇ ਨਵੰਬਰ 2016 ਵਿੱਚ ਇੱਕ ਬਲਾਗਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਸ ਸਮੇਂ, ਹੁਣ ਦੇ ਮੁਕਾਬਲੇ ਬਹੁਤ ਘੱਟ ਲੋਕ ਯੂਟਿਊਬ ਵੱਲ ਰੁਖ ਕਰਦੇ ਸਨ।
ਇਰਫਾਨ ਵਿਊ ਚੈਨਲ ਲਈ ਇਰਫਾਨ ਨੇ ਕਾਫੀ ਮਿਹਨਤ ਕੀਤੀ ਹੈ। ਉਸਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਯੂਟਿਊਬ ਚੈਨਲ ਲਈ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜ ਤੱਕ ਉਸ ਦੇ ਚੈਨਲ ਦੇ ਕਰੀਬ 40 ਲੱਖ ਸਬਸਕ੍ਰਾਈਬਰ ਹਨ।
ਜੇਕਰ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮ ਦੀ ਗੱਲ ਕਰੀਏ ਤਾਂ ਇਰਫਾਨ ਦੇ ਕੁੱਲ 60 ਲੱਖ ਫੌਲੋਅਰਜ਼ ਹਨ। ਇਹ ਅੰਕੜਾ ਸਿੰਗਾਪੁਰ ਦੀ ਕੁੱਲ ਆਬਾਦੀ ਦੇ ਬਰਾਬਰ ਹੈ।
ਇਰਫਾਨ ਅਕਸਰ ਆਪਣੇ ਚੈਨਲ 'ਤੇ ਵੱਖ-ਵੱਖ ਖਾਣੇ ਅਤੇ ਫਿਲਮਾਂ ਦੀ ਸਮੀਖਿਆ ਕਰਦੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਉਹ ਦੇਸ਼-ਵਿਦੇਸ਼ ਦਾ ਦੌਰਾ ਕਰਦੇ ਹਨ ਅਤੇ ਮਸ਼ਹੂਰ ਹਸਤੀਆਂ ਦੇ ਇੰਟਰਵਿਊ ਵੀ ਲੈਂਦੇ ਹਨ। ਇਸ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਨੌਜਵਾਨ ਹੀ ਨਹੀਂ ਸਗੋਂ ਬਾਲਗ ਵੀ ਸ਼ਾਮਲ ਹਨ।
ਇੱਕ ਸਵੇਰ ਅਸੀਂ ਇਰਫਾਨ ਨੂੰ ਚੇਨਈ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਮਿਲੇ। ਉਨ੍ਹਾਂ ਨੇ ਸਾਡੇ ਨਾਲ ਆਪਣੀ ਸ਼ੁਰੂਆਤੀ ਯਾਤਰਾ, ਯੂਟਿਊਬ ਚੈਨਲ ਦੇ ਵਾਧੇ, ਮਸ਼ਹੂਰ ਹਸਤੀਆਂ ਨਾਲ ਇੰਟਰਵਿਊ ਅਤੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬੈਸਟ ਕੰਟੈਂਟ ਕਿਰਿਏਟਰ ਅਵਾਰਡ ਪ੍ਰਾਪਤ ਕਰਨ ਬਾਰੇ ਗੱਲਬਾਤ ਕੀਤੀ।
ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸੁਪਨਿਆਂ ਦਾ ਪਿੱਛਾ ਕਰਨਾ

ਤਸਵੀਰ ਸਰੋਤ, MOHAMED IRFAN/FB
ਯੂਟਿਊਬ ਚੈਨਲ ਤੋਂ ਪਹਿਲਾਂ ਇਰਫਾਨ ਇੱਕ ਬੀਪੀਓ ਕੰਪਨੀ ਵਿੱਚ ਕੰਮ ਕਰਦੇ ਸਨ।
ਉਹ ਕਹਿੰਦੇ ਹਨ, "ਮੈਂ ਮਸ਼ਹੂਰ ਬਣਨਾ ਚਾਹੁੰਦਾ ਸੀ, ਪਰ ਹਰ ਕੋਈ ਜਾਣਦਾ ਹੈ ਕਿ ਇਹ ਇੰਨਾ ਆਸਾਨ ਨਹੀਂ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ।"
ਸ਼ੁਰੂ ਵਿੱਚ ਇਰਫਾਨ ਹਫ਼ਤੇ ਵਿੱਚ ਇੱਕ ਵੀਡੀਓ ਬਣਾਉਂਦੇ ਅਤੇ ਪੋਸਟ ਕਰਦੇ ਸੀ। ਉਹ ਦੱਸਦੇ ਹਨ, "ਮੈਂ ਫੈਸਲਾ ਕੀਤਾ ਸੀ ਕਿ ਮੈਂ ਜੋ ਵੀ ਸ਼ੁਰੂ ਕਰਾਂਗਾ, ਮੈਂ ਉਸ 'ਤੇ ਕਾਇਮ ਰਹਾਂਗਾ।"
ਇਰਫਾਨ ਦੱਸਦੇ ਹਨ, "ਮੈਂ 2016 ਵਿੱਚ ਇੱਕ ਰੈਸਟੋਰੈਂਟ ਵਿੱਚ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਛੁੱਟੀਆਂ ਦੇ ਦੌਰਾਨ, ਮੈਂ ਵੀਡੀਓ ਬਣਾਉਂਦਾ ਅਤੇ ਪੋਸਟ ਕਰਦਾ ਸੀ, ਜੋ ਬਾਅਦ ਵਿੱਚ ਮੇਰੀ ਆਦਤ ਬਣ ਗਈ। ਇੱਕ ਸਮਾਂ ਅਜਿਹਾ ਆਇਆ ਜਦੋਂ ਮੈਨੂੰ ਅਜਿਹਾ ਕਰਨ ਲਈ ਆਪਣੀ ਨੌਕਰੀ ਛੱਡਣੀ ਪਈ। ਇਸ ਨੂੰ ਛੱਡ ਦਿੱਤਾ ਅਤੇ ਯੂਟਿਊਬ ਨੂੰ ਪੂਰੀ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ।"
ਉਹ ਦੱਸਦੇ ਹਨ, "ਜਦੋਂ ਮੈਂ ਨੌਕਰੀ ਛੱਡ ਦਿੱਤੀ ਤਾਂ ਮੇਰੇ ਪਰਿਵਾਰ ਵਾਲਿਆਂ ਨੇ ਵੀ ਇਸ ਦਾ ਵਿਰੋਧ ਕੀਤਾ। ਉਸ ਸਮੇਂ ਮੇਰੀ ਆਰਥਿਕ ਹਾਲਤ ਠੀਕ ਨਹੀਂ ਸੀ। ਮੈਂ ਕਿਰਾਇਆ ਦੇਣ ਲਈ ਸੰਘਰਸ਼ ਕਰ ਰਿਹਾ ਸੀ। ਆਰਥਿਕ ਤੰਗੀ ਕਾਰਨ ਘਰ ਵਿੱਚ ਰਾਸ਼ਨ ਖਰੀਦਣ ਵਿੱਚ ਮੁਸ਼ਕਲ ਆ ਰਹੀ ਸੀ। ਪਰ ਮੇਰਾ ਮੰਨਣਾ ਹੈ ਕਿ ਸਖ਼ਤ ਮਿਹਨਤ ਨਾਲ ਸਭ ਕੁਝ ਠੀਕ ਕੀਤਾ ਜਾ ਸਕਦਾ ਹੈ।''
ਇਰਫਾਨ ਕਹਿੰਦੇ ਹਨ, "ਨੌਕਰੀ ਛੱਡਣ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਹਫ਼ਤੇ ਵਿੱਚ ਇੱਕ ਵੀਡੀਓ ਬਣਾਉਣਾ ਕੰਮ ਨਹੀਂ ਕਰੇਗਾ। ਇਸ ਲਈ ਮੈਂ ਰੋਜ਼ਾਨਾ ਵੀਡੀਓ ਬਣਾ ਕੇ ਆਪਣੇ ਚੈਨਲ 'ਤੇ ਪੋਸਟ ਕਰਨਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਮੈਂ ਅੱਜ ਇੱਥੇ ਪਹੁੰਚ ਗਿਆ।"
ਦਿਨੇ ਆਟੋ ਰਿਕਸ਼ਾ ਅਤੇ ਸ਼ਾਮ ਨੂੰ ਕਾਲਜ

ਤਸਵੀਰ ਸਰੋਤ, MOHAMED IRFAN/FB
ਇਰਫਾਨ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਇੱਕ ਵੈਨ ਡਰਾਈਵਰ ਸਨ, ਜਿਨ੍ਹਾਂ ਕੋਲ ਇੱਕ ਓਮਨੀ ਵੈਨ ਅਤੇ ਆਟੋ ਰਿਕਸ਼ਾ ਸੀ। ਉਹ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਹਨ।
"ਮੇਰੇ ਪਿਤਾ ਵਾਂਗ ਮੈਂ ਵੀ ਤਿੰਨ ਸਾਲ ਆਟੋ ਰਿਕਸ਼ਾ ਚਲਾਇਆ। ਮੈਂ ਸਵੇਰੇ ਅਤੇ ਦੁਪਹਿਰ ਦੋ ਵਾਰ ਸਕੂਲੀ ਬੱਚਿਆਂ ਨੂੰ ਛੱਡਦਾ ਸੀ। ਇਹ ਕੰਮ ਹਰ ਰੋਜ਼ ਕਰਨਾ ਪੈਂਦਾ ਸੀ। ਇਸ ਦੌਰਾਨ ਮੈਂ ਇੱਕ ਓਮਨੀ ਵੈਨ ਵੀ ਚਲਾਈ। ਉਸ ਸਮੇਂ ਮੈਂ ਵੀ ਆਪਣੇ ਕਾਲਜ ਜਾਂਦਾ ਸੀ।
ਇਰਫਾਨ ਕਹਿੰਦੇ ਹਨ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਐਵਾਰਡ ਮਿਲਣਗੇ। ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਯੂ-ਟਿਊਬ ਰਾਹੀਂ ਕੋਈ ਇੰਨੀ ਕਮਾਈ ਕਰ ਸਕਦਾ ਹੈ। ਮੈਨੂੰ ਅਕਸਰ ਲੱਗਦਾ ਹੈ ਕਿ ਜੇਕਰ ਮੈਂ ਐਕਟਰ ਹੁੰਦਾ ਤਾਂ ਮੈਨੂੰ ਇੰਨੀ ਪ੍ਰਸਿੱਧੀ ਨਾ ਮਿਲਦੀ। ਹੁਣ ਜਿੱਥੇ ਮਰਜ਼ੀ ਮੈਂ ਇੱਕ ਯੂਟਿਊਬਰ ਵਜੋਂ ਜਾਂਦਾ ਹਾਂ, ਮੈਨੂੰ ਲੋਕਾਂ ਤੋਂ ਬਹੁਤ ਪਿਆਰ ਮਿਲਦਾ ਹੈ।"
ਉਹ ਦੱਸਦੇ ਹਨ, "ਹੁਣ ਮੈਨੂੰ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ। ਉਹ ਮੈਨੂੰ ਯੂ-ਟਿਊਬ 'ਤੇ ਕਲਾਸਾਂ ਲੈਣ ਲਈ ਕਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਮੈਨੂੰ ਮਾਨਤਾ ਦਿੱਤੀ ਹੈ।"
'ਕੰਮ ਦੇ ਦਬਾਅ ਕਾਰਨ ਵਧਿਆ ਤਣਾਅ'

ਤਸਵੀਰ ਸਰੋਤ, X@MD_IRFAN10
ਇਰਫਾਨ ਕਹਿੰਦੇ ਹਨ, "ਜਦੋਂ ਮੈਂ ਕੰਪਨੀਆਂ ਵਿੱਚ ਕੰਮ ਕਰਦਾ ਸੀ ਤਾਂ ਮੈਨੂੰ ਦੋ ਦਿਨ ਦੀ ਛੁੱਟੀ ਮਿਲਦੀ ਸੀ। ਪੰਜ ਦਿਨ ਹਰ ਰੋਜ਼ 9 ਘੰਟੇ ਕੰਮ ਕਰਨ ਤੋਂ ਬਾਅਦ ਮੈਨੂੰ ਦੋ ਦਿਨ ਆਰਾਮ ਮਿਲਦਾ ਸੀ, ਪਰ ਯੂਟਿਊਬ ਦੇ ਕੰਮ ਵਿੱਚ ਮੈਨੂੰ ਇੱਕ ਦਿਨ ਦੀ ਵੀ ਛੁੱਟੀ ਨਹੀਂ ਹੈ।"
ਉਨ੍ਹਾਂ ਮੁਤਾਬਕ, "ਹਾਲਾਂਕਿ ਇਹ ਵੀ ਚੰਗੀ ਗੱਲ ਹੈ। ਇਸ ਤੋਂ ਕੋਈ ਪੈਸਾ ਕਮਾ ਸਕਦਾ ਹੈ ਪਰ ਕਿਸੇ ਨੂੰ ਸਮਾਂ ਨਹੀਂ ਮਿਲਦਾ। ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।"
ਇਰਫਾਨ ਕਹਿੰਦੇ ਹਨ, "ਮੈਨੂੰ ਹਰ ਸਮੇਂ ਕਾਰੋਬਾਰ ਬਾਰੇ ਸੋਚਣਾ ਪੈਂਦਾ ਹੈ, ਜਿਸ ਨਾਲ ਤਣਾਅ ਵਧਦਾ ਹੈ। ਕਦੇ-ਕਦੇ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਕਦੇ-ਕਦੇ ਮੈਂ ਇਸ ਦਬਾਅ ਕਾਰਨ ਰੋਣਾ ਚਾਹੁੰਦਾ ਹਾਂ।"
ਉਹ ਅਕਸਰ ਆਪਣੇ ਯੂਟਿਊਬ ਚੈਨਲ 'ਤੇ ਖਾਣੇ ਨਾਲ ਸਬੰਧਤ ਵੀਡੀਓਜ਼ ਬਣਾਉਂਦਾ ਹੈ, ਜਿਸ ਨੂੰ ਲੱਖਾਂ ਲੋਕ ਦੇਖਦੇ ਹਨ।
ਇਰਫਾਨ ਕਹਿੰਦੇ ਹਨ, "ਕਈ ਵਾਰ ਜ਼ਿਆਦਾ ਖਾਣ ਨਾਲ ਭੋਜਨ 'ਚ ਇਨਫੈਕਸ਼ਨ ਹੋ ਜਾਂਦੀ ਹੈ। ਮੈਂ ਨਿਯਮਿਤ ਤੌਰ 'ਤੇ ਹਸਪਤਾਲ ਜਾਂਦਾ ਹਾਂ। ਜਦੋਂ ਮੈਂ ਹਸਪਤਾਲ ਜਾਂਦਾ ਹਾਂ ਤਾਂ ਡਾਕਟਰ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਮੇਰੇ ਨਾਲ ਕੀ ਗਲਤ ਹੈ। ਹਾਲਾਂਕਿ ਇਲਾਜ ਦੌਰਾਨ ਮੈਨੂੰ ਦੋ ਦਿਨ ਦੀ ਛੁੱਟੀ ਮਿਲਦੀ ਹੈ, ਜਿਸਦਾ ਮੈਂ ਅਨੰਦ ਲੈਂਦਾ ਹਾਂ।"
'ਫਿਲਮ ਇੰਡਸਟਰੀ ਵੀ ਸਾਡੇ 'ਤੇ ਨਜ਼ਰ ਰੱਖ ਰਹੀ ਹੈ'

ਤਸਵੀਰ ਸਰੋਤ, X@MD_IRFAN10
ਇਰਫਾਨ ਕਹਿੰਦੇ ਹਨ, "ਇਹ ਤਜਰਬਾ ਬਹੁਤ ਖਾਸ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਫਿਲਮਾਂ 'ਚ ਦੇਖਦੇ ਹਾਂ, ਉਹ ਸਾਡੇ ਕੋਲ ਆਉਂਦੇ ਹਨ ਅਤੇ ਅਸੀਂ ਇਕੱਠੇ ਇੰਟਰਵਿਊ ਕਰਦੇ ਹਾਂ। ਪਹਿਲਾਂ ਯੂਟਿਊਬ 'ਤੇ ਫਿਲਮਾਂ ਦੇ ਸਿਰਫ ਟ੍ਰੇਲਰ ਅਤੇ ਸਮੀਖਿਆਵਾਂ ਹੀ ਮਿਲਦੀਆਂ ਸਨ, ਪਰ ਹੁਣ ਇਹ ਬਦਲ ਗਿਆ ਹੈ।"
ਉਹ ਕਹਿੰਦੇ ਹਨ, "ਜਦੋਂ ਅਸੀਂ ਆਪਣੇ ਚੈਨਲ 'ਤੇ ਫਿਲਮੀ ਸਿਤਾਰਿਆਂ ਦਾ ਇੰਟਰਵਿਊ ਕਰਦੇ ਹਾਂ ਤਾਂ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਸ ਨਾਲ ਅਸੀਂ ਹੋਰ ਕੰਮ ਕਰਨ ਦੀ ਇੱਛਾ ਰੱਖਦੇ ਹਾਂ।"
ਇਰਫਾਨ ਕਹਿੰਦੇ ਹਨ, "ਹੁਣ ਜਦੋਂ ਅਸੀਂ ਇਸ ਫਿਲਮ ਵਿੱਚ ਖੁਦ ਨੂੰ ਸਥਾਪਿਤ ਕਰ ਲਿਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਿਤਾਰਿਆਂ ਦਾ ਇੰਟਰਵਿਊ ਲੈਣਾ ਸਹੀ ਹੈ। ਅੱਜ-ਕੱਲ੍ਹ ਫਿਲਮ ਇੰਡਸਟਰੀ ਵੀ ਸਾਡੇ 'ਤੇ ਨਜ਼ਰ ਰੱਖ ਰਹੀ ਹੈ।"
ਆਗੂਆਂ ਨਾਲ ਮੁਲਾਕਾਤ ਕੀਤੀ

ਤਸਵੀਰ ਸਰੋਤ, X@MD_IRFAN10
ਇਰਫਾਨ ਕਹਿੰਦੇ ਹਨ, "ਮੇਰਾ ਪਹਿਲਾ ਸਿਆਸੀ ਇੰਟਰਵਿਊ ਡੀਐੱਮਕੇ ਸਾਂਸਦ ਕਨੀਮੋਝੀ ਨਾਲ ਸੀ। ਮੈਨੂੰ ਤੂਤੀਕੋਰਿਨ ਵਿੱਚ ਇੱਕ ਫੂਡ ਫੈਸਟੀਵਲ ਵਿੱਚ ਬੁਲਾਇਆ ਗਿਆ ਸੀ। ਉੱਥੇ ਮੈਨੂੰ ਉਨ੍ਹਾਂ ਦਾ ਇੰਟਰਵਿਊ ਕਰਨ ਦਾ ਮੌਕਾ ਮਿਲਿਆ।"
"ਡੀਐਮਕੇ ਦੇ ਸੰਸਦ ਮੈਂਬਰ ਨੇ ਮੇਰੇ ਨਾਲ ਖਾਣੇ ਦੀ ਚੁਣੌਤੀ ਵਿੱਚ ਹਿੱਸਾ ਲਿਆ। ਜਦੋਂ ਉਹ ਖਾਣਾ ਖਾ ਰਹੀ ਸੀ ਤਾਂ ਅਸੀਂ ਵੀਡੀਓ ਸ਼ੂਟ ਕਰਨ ਲਈ ਘਬਰਾ ਗਏ।"
ਉਹ ਕਹਿੰਦੇ ਹਨ,"ਨੇਤਾਵਾਂ ਕੋਲ ਆਉਣਾ ਕਈ ਵਾਰ ਡਰਾਉਣਾ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
ਇਰਫਾਨ ਨੇ ਦੱਸਿਆ ਕਿ ਉਨ੍ਹਾਂ ਨੇ ਡੀਐੱਮਕੇ ਨੇਤਾ ਉਧਯਨਿਧੀ ਸਟਾਲਿਨ ਦਾ ਇੰਟਰਵਿਊ ਵੀ ਲਿਆ ਸੀ।
ਇਹ ਪਹਿਲੀ ਵਾਰ ਸੀ ਜਦੋਂ ਕਿਸੇ ਸਿਆਸੀ ਨੇਤਾ ਨੇ ਵੀ ਕਿਸੇ ਭੋਜਨ ਚੈਲੰਜ ਵਿੱਚ ਹਿੱਸਾ ਲਿਆ ਸੀ।
'ਧਮਕੀਆਂ ਵੀ ਮਿਲ ਰਹੀਆਂ ਹਨ'
ਇਰਫਾਨ ਕਹਿੰਦੇ ਹਨ, "ਮੈਂ ਦੋ ਹਜ਼ਾਰ ਤੋਂ ਵੱਧ ਵੀਡੀਓਜ਼ ਪੋਸਟ ਕੀਤੇ ਹਨ। ਕਈ ਵਾਰ ਆਲੋਚਨਾ ਵੀ ਹੁੰਦੀ ਹੈ ਅਤੇ ਦੁੱਖ ਵੀ ਹੁੰਦਾ ਹੈ। ਕਈ ਵਾਰ ਬਿਨਾਂ ਪੁਸ਼ਟੀ ਕੀਤੇ ਮੇਰੇ ਬਾਰੇ ਖ਼ਬਰਾਂ ਪ੍ਰਕਾਸ਼ਿਤ ਹੋ ਜਾਂਦੀਆਂ ਹਨ।"
ਉਹ ਦੱਸ਼ਦੇ ਹਨ, "ਕਈ ਵਾਰ ਸਾਨੂੰ ਧਮਕੀ ਭਰੇ ਕਾਲ ਆਉਂਦੇ ਹਨ ਅਤੇ ਕਈ ਵਾਰ ਸਾਨੂੰ ਵੀਡੀਓ ਹਟਾਉਣ ਲਈ ਕਿਹਾ ਜਾਂਦਾ ਹੈ।"
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਾਂ, ਕਿਉਂਕਿ ਬੱਚੇ ਵੀ ਸਾਡੀ ਸਮੱਗਰੀ ਨੂੰ ਦੇਖ ਰਹੇ ਹਨ।












