‘ਧਰਤੀ ਦਾ ਸਿਰਾ’ ਲੱਭਣ ਗਿਆ ਯੂਟਿਊਬਰ ਆਖਰ ਕਿਵੇਂ ਮੰਨਿਆ ਕਿ ਇਹ ਤਾਂ ‘ਗੋਲ’ ਹੈ

ਤਸਵੀਰ ਸਰੋਤ, GIOVANNI BELLO/ BBC BRAZIL
- ਲੇਖਕ, ਵਿਨੀਸੀਅਸ ਲੇਮੋਸ
- ਰੋਲ, ਬੀਬੀਸੀ ਬ੍ਰਾਜ਼ੀਲ
ਪਿਛਲੇ ਸਾਲ ਜੁਲਾਈ ਵਿੱਚ 36 ਸਾਲਾ ਯੂਟਿਊਬਰ ਲਿਓਨਾਰਡੋ ਬਟਿਸਟਾ ਨੇ ਇੱਕ ਫੈਸਲਾ ਲਿਆ। ਉਹ ਇਹ ਸੀ ਕਿ ਉਹ ਧਰਤੀ ਦਾ ਸਫਰ ਕਰਨਗੇ ਅਤੇ ਸਾਬਤ ਕਰ ਦੇਣਗੇ ਕਿ ਧਰਤੀ ਗੋਲ ਨਹੀਂ ਸਗੋਂ ਚਪਟੀ ਹੈ।
ਲਿਓਨਾਰਡੋ ਸੋਸ਼ਲ ਮੀਡੀਆ ਅਤੇ ਆਪਣੇ ਯੂਟਿਊਬ ਚੈਨਲ ਰਾਹੀਂ ਇਸ ਸਾਜਿਸ਼ੀ ਸਿਧਾਂਤ ਦਾ ਪ੍ਰਚਾਰ ਕਰਦੇ ਹਨ ਕਿ ਆਮ ਵਿਗਿਆਨਕ ਸੱਚ ਦੇ ਉਲਟ ਧਰਤੀ ਥਾਲ ਵਰਗੀ ਚਪਟੀ ਹੈ।
ਧਰਤੀ ਗੇਂਦ ਵਰਗੀ ਗੋਲ ਨਹੀਂ ਸਗੋਂ ਥਾਲ ਵਰਗੀ ਚਪਟੀ ਹੈ। ਇਸ ਸਿਧਾਂਤ ਨੂੰ ਚਪਟੀ-ਧਰਤ-ਵਾਦ ਕਿਹਾ ਜਾਂਦਾ ਹੈ।
ਹਾਲਾਂਕਿ ਆਪਣੇ ਸਫਰ ਤੋਂ ਵਾਪਸ ਆ ਕੇ ਹੁਣ ਉਹ ਕਾਇਲ ਹੋ ਚੁੱਕੇ ਹਨ ਕਿ ਧਰਤੀ ਚਪਟੀ ਨਹੀਂ ਸਗੋਂ ਗੋਲ ਹੀ ਹੈ। ਹੁਣ ਉਹ ਲੋਕਾਂ ਨੂੰ ਵੀ ਸਮਝਾ ਰਹੇ ਹਨ ਕਿ ਬਈ ਧਰਤੀ ਸਿੱਧੀ ਨਹੀਂ ਗੋਲ ਹੈ।
ਗੱਲ ਕੁਝ ਇਸ ਤਰ੍ਹਾਂ ਸ਼ੁਰੂ ਹੋਈ ਕਿ ਲਿਓਨਾਰਡੋ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਆਪਣੇ ਫੌਲੋਅਰਾਂ ਨੂੰ ਬੇਨਤੀ ਕੀਤੀ ਕਿ ਉਹ “ਚਪਟੀ-ਧਰਤ-ਵਾਦ ਮੁਤਾਬਕ” ਦੁਨੀਆਂ ਦੀ ਘੋਖ ਕਰਨੀ ਚਾਹੁੰਦੇ ਹਨ। ਇਸ ਲਈ ਫੌਲੋਅਰ ਉਨ੍ਹਾਂ ਦੇ ਸਫਰ ਦਾ ਖਰਚ ਚੁੱਕਣ।
ਫਿਰ ਦੁਹਰਾ ਦੇਈਏ ਚਪਟੀ-ਧਰਤ-ਵਾਦ ਧਰਤੀ ਦੇ ਅਕਾਰ ਬਾਰੇ ਆਮ ਵਿਗਿਆਨਕ ਸਮਝ ਦਾ ਵਿਰੋਧੀ ਹੈ। ਇਹ ਮੰਨਦੇ ਹਨ ਕਿ ਧਰਤੀ ਚਪਟੀ ਹੈ ਜਦਕਿ ਸਾਇੰਸ ਨੇ ਸਿੱਧ ਕੀਤਾ ਹੈ ਕਿ ਧਰਤੀ ਗੋਲ ਹੈ।
ਆਖਰ ਲਿਓਨਾਰਡੋ ਧਰਤੀ ਨੂੰ ਚਪਟੀ ਮੰਨ ਕੇ ਦੁਨੀਆਂ ਦੇਖਣ ਦੇ ਆਪੂ-ਮਿੱਥੇ ਮਿਸ਼ਨ ਮੁਤਾਬਕ ਯਾਤਰਾ ਉੱਤੇ ਨਿਕਲ ਪਏ।
ਉਨ੍ਹਾਂ ਦਾ ਮੌਜੂਦਾ ਖੋਜ, ਤਸਵੀਰਾਂ ਅਤੇ ਵੀਡੀਓ ਉੱਪਰ ਕੋਈ ਭਰੋਸਾ ਨਹੀਂ ਸੀ ਕਿ ਧਰਤੀ ਗੋਲ ਹੈ। ਧਰਤੀ ਗੋਲ ਨਹੀਂ ਚਪਟੀ ਹੈ ਇਹ ਸਿੱਧ ਕਰਨ ਲਈ ਉਹ ਆਪਣੇ ਸਬੂਤ ਇਕੱਠੇ ਕਰਨਾ ਚਾਹੁੰਦੇ ਸਨ।

ਤਸਵੀਰ ਸਰੋਤ, Getty Images
ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਸਫ਼ਰ ਧਰਤੀ ਦੇ ਚਪਟੀ ਹੋਣ ਬਾਰੇ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿੱਚ ਇੱਕ ਨਿਰਣਾਇਕ ਬਿੰਦੂ ਹੋਵੇਗਾ। ਹਾਲਾਂਕਿ ਇਸ ਸਫਰ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ।
ਸਫਰ ਤੋਂ ਵਾਪਸ ਆਕੇ ਕਈ ਮਹੀਨੇ ਲਿਓਨਾਰਡੋ ਪਰੇਸ਼ਾਨ ਰਹੇ ਕਿ ਹੁਣ ਉਹ ਧਰਤੀ ਬਾਰੇ ਆਪਣੇ ਪੁਰਾਣੇ ਵਿਸ਼ਵਾਸ ਨਾਲ ਹੋਰ ਚਿਪਕੇ ਨਹੀਂ ਰਹਿ ਸਕਦੇ। ਉਨ੍ਹਾਂ ਦੇ ਸਫਰ ਨੇ ਉਸੇ ਦੀ ਪੁਸ਼ਟੀ ਕੀਤੀ ਜੋ ਸਾਇੰਸਦਾਨ ਸਦੀਆਂ ਤੋਂ ਪੁਕਾਰ ਰਹੇ ਹਨ।
ਲਿਓਨਾਰਡੋ ਨੇ ਸਾਓ ਪੋਲੋ ਦੇ ਮਿਊਜ਼ੀਅਮ ਵਿੱਚ ਗੱਲਬਾਤ ਦੌਰਾਨ ਬੀਬੀਸੀ ਬ੍ਰਾਜ਼ੀਲ ਨੂੰ ਦੱਸਿਆ, ਦਸੰਬਰ ਦੇ ਅਖੀਰ ਵਿੱਚ ਮੈਂ ਆਪਣੇ ਚੈਨਲ ਉੱਤੇ ਇੱਕ ਵੀਡੀਓ ਰਿਕਾਰਡ ਕੀਤੀ। ਮੈਂ ਕਿਹਾ: ਸਾਥੀਓ, ਧਰਤੀ ਕਿਸੇ ਵੀ ਤਰ੍ਹਾਂ ਚਪਟੀ ਨਹੀਂ ਹੈ।
ਕੇਟਾਵੈਂਟੋ ਮਿਊਜ਼ੀਅਮ, ਸਾਓ ਪੋਲੋ ਵਿੱਚ ਬ੍ਰਹਿਮੰਡ ਦੀ ਉਤਪਤੀ ਬਾਰੇ ਸਦੀਵੀ ਪ੍ਰਦਰਸ਼ਨੀ ਹੈ।
ਲਿਓਨਾਰਡੋ ਕਹਿੰਦੇ ਹਨ ਹੁਣ ਉਹ ਵੀ ਬਹੁਗਿਣਤੀ ਵਾਂਗ ਇਹੀ ਮੰਨਦੇ ਹਨ ਕਿ ਧਰਤੀ ਗੋਲ ਹੈ।
ਉਹ ਕਹਿੰਦੇ ਹਨ ਕਿ ਹੁਣ ਉਹ ਚਪਟੀ-ਧਰਤ-ਵਾਦ ਦੇ ਆਲੋਚਕ ਬਣ ਗਏ ਹਨ। ਜੋ ਕਿ ਭਾਵੇਂ ਛੋਟੀ ਪਰ ਹੋ-ਹੱਲੇ ਵਾਲੀ ਲਹਿਰ ਹੈ ਪਰ ਲੰਬੇ ਸਮੇਂ ਦੌਰਾਨ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਆਪਣੀ ਨਵੀਂ ਭੂਮਿਕਾ ਵਿੱਚ ਯੂਟਿਊਬਰ ਨੂੰ ਆਪਣੇ ਸਾਹਮਣੇ ਚੁਣੌਤੀ ਨਜ਼ਰ ਆਉਂਦੀ ਹੈ।
ਆਪਣੇ ਇੱਕ ਲੱਖ ਚਾਲੀ ਹਜ਼ਾਰ ਸਬਸਕ੍ਰਾਈਬਰਾਂ ਨੂੰ ਸਮਝਾਉਣ ਦੀ ਕਿ ਇੰਨੇ ਸਮੇਂ ਤੋਂ ਉਹ ਜੋ ਕੁਝ ਵੀ ਆਪਣੇ ਚੈਨਲ ਉੱਤੇ ਕਹਿ ਰਹੇ ਸਨ, ਉਸਦਾ ਕੋਈ ਸਿਰ-ਪੈਰ ਨਹੀਂ ਹੈ। ਉਹ ਇਸ ਕਾਰਨ ਹੋਏ ਨੁਕਸਾਨ ਦੀ ਭਰਭਾਈ ਕਰਨਾ ਚਾਹੁੰਦੇ ਹਨ।
ਉਹ ਕਹਿੰਦੇ ਹਨ,“ਪਿਛਲੇ ਛੇ ਸਾਲਾਂ ਦੌਰਾਨ ਮੈਂ ਲਗਭਗ ਤਿੰਨ ਹਜ਼ਾਰ ਵੀਡੀਓ ਬਣਾ ਕੇ ਚਪਟੀ-ਧਰਤੀ ਦੇ ਸਿਧਾਂਤ ਦੀ ਪੈਰਵਾਈ ਕੀਤੀ ਹੈ।”
“ਹੁਣ ਮੈਂ ਤਿੰਨ ਹਜ਼ਾਰ ਹੋਰ ਵੀਡੀਓ ਬਣਾ ਕੇ ਜੋ ਕੁਝ ਵੀ ਮੈਂ ਕਹਿੰਦਾ ਰਿਹਾ ਹਾਂ ਉਸ ਨੂੰ ਰੱਦ ਕਰਨਾ ਚਾਹੁੰਦਾ ਹੈ, ਤੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਧਰਤੀ ਚਪਟੀ ਕਿਉਂ ਨਹੀਂ ਹੈ।”
ਸਾਇੰਸ ਉੱਤੇ ਸ਼ੱਕ

ਤਸਵੀਰ ਸਰੋਤ, GIOVANNI BELLO/ BBC BRAZIL
ਸਾਲ 2016 ਵਿੱਚ ਲਿਓਨਾਰਡੋ ਨੇ ਚਪਟੀ-ਧਰਤ ਲਹਿਰ ਵਿੱਚ ਯਕੀਨ ਕਰਨਾ ਸ਼ੁਰੂ ਕੀਤਾ।
“ਮੇਰੀ ਕੰਮ ਤੋਂ ਛੁੱਟੀ ਸੀ ਅਤੇ ਮੈਂ ਚਪਟੀ-ਧਰਤੀ ਬਾਰੇ ਇੱਕ ਵੀਡੀਓ ਦੇਖੀ। ਇਹ ਇੰਨੀ ਅਜੀਬ ਸੀ ਕਿ ਇਸ ਨੇ ਮੈਨੂੰ ਫੜ ਲਿਆ।”
“ਵੀਡੀਓ ਵਾਲੇ ਨੇ ਕਿਹਾ ਕਿ ਸਰਕਾਰ ਝੂਠ ਬੋਲਦੀ ਹੈ, ਨਾਸਾ ਝੂਠੀ ਹੈ ਅਤੇ ਅਸੀਂ ਸਾਰੇ ਇੱਕ ਚਪਟੀ ਧਰਤੀ ਦੇ ਵਾਸੀ ਹਾਂ। ਮੇਰੇ ਵਿੱਚ ਇਸ ਬਾਰੇ ਹੋਰ ਜਾਨਣ ਦੀ ਜਿਗਿਆਸਾ ਪੈਦਾ ਹੋਈ।”
ਲਿਓਨਾਰਡੋ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਇੱਕ ਸਮੈਸਟਰ ਵਿੱਚ ਰਸਾਇਣ ਸ਼ਾਸਤਰ ਵੀ ਪੜ੍ਹਿਆ ਹੈ। ਉਹ ਹੁਣ ਇੰਟਰਨੈੱਟ ਉੱਤੇ ਬੈਠ ਕੇ ਉਹ ਸਾਰੀ ਸਮੱਗਰੀ ਪੜ੍ਹ ਰਹੇ ਸਨ ਜੋ ਵਿਗਿਆਨਕ ਤੌਰ ਉੱਤੇ ਸਾਬਤ ਤੱਥ ਨੂੰ ਕਈ ਦਹਾਕਿਆਂ ਤੋਂ ਝੁਠਲਾ ਰਹੀ ਸੀ।
ਧਰਤੀ ਉੱਤੇ ਅਜਿਹੇ ਬਹੁਤ ਸਾਰੇ ਸਮੂਹ ਹਨ ਜੋ ਵਿਗਿਆਨਕ ਤੱਥਾਂ ਨੂੰ ਮੰਨਣ ਤੋਂ ਇਨਕਾਰੀ ਹਨ। ਅਜਿਹਾ ਹੀ ਇੱਕ ਸਮੂਹ ਧਰਤੀ ਦੇ ਅਕਾਰ ਬਾਰੇ ਵਿਗਿਆਨਕ ਖੋਜ ਤੋਂ ਸਿਧਾਂਤ ਦਾ ਪ੍ਰਚਾਰ ਕਰਦਾ ਹੈ।
ਸਾਓ ਪੋਲੋ ਦੇ ਇੰਸਟੀਚਿਊਟ ਕੁਏਸਟਾਓ ਦ ਸਿਐਨਸਿਆ (ਸਾਇੰਸ ਸਵਾਲ ਸੰਸਥਾ) ਦੇ ਮੋਢੀ ਕਾਰਲੋਸ ਓਰਿਸ ਦੱਸਦੇ ਹਨ, “ਇਸ ਵਿਚਾਰ ਦੇ ਪ੍ਰਚਾਰ ਨੂੰ ਸਮਰਪਿਤ ਪਹਿਲਾ ਸੰਗਠਨ ਸੰਨ 1984 ਵਿੱਚ ਇੰਗਲੈਂਡ ਵਿੱਚ ਕਾਇਮ ਕੀਤਾ ਗਿਆ ਜਿੱਥੇ 1956 ਵਿੱਚ ਚਪਟੀ-ਧਰਤ ਸੁਸਾਈਟੀ ਬਣਾਈ ਗਈ ਸੀ।“
ਓਰਿਸ ਦੱਸਦੇ ਹਨ ਕਿ ਸੋਸਾਇਟੀ 2001 ਤੱਕ ਚਲਦੀ ਰਹੀ ਪਰ ਫਿਰ ਮੈਂਬਰੀ ਦੀ ਦਿਲਚਸਪੀ ਨਾ ਹੋਣ ਕਾਰਨ ਖਤਮ ਹੋ ਗਈ।
ਕੁਝ ਸਾਲ ਬਾਅਦ ਇਹ ਸੁਰਜੀਤ ਹੋ ਗਈ ਅਤੇ ਉਦੋਂ ਤੋਂ ਹੀ ਮੁੱਖ ਰੂਪ ਵਿੱਚ ਯੂਟਿਊਬ ਅਤੇ ਸੋਸ਼ਲ ਮੀਡੀਆ ਸਦਕਾ ਵਧ-ਫੁੱਲ ਰਹੀ ਹੈ।
ਸਾਲ 2010 ਤੋਂ ਇਸ ਲਹਿਰ ਨੇ ਪ੍ਰੈੱਸ ਦਾ ਧਿਆਨ ਖਿੱਚਣਾ ਸ਼ੁਰੂ ਕੀਤਾ। ਸਾਲ 2016 ਆਉਂਦੇ-ਆਉਂਦੇ ਕਈ ਮਸ਼ਹੂਰ ਲੋਕਾਂ ਨੇ ਧਰਤੀ ਦੇ ਚਪਟੀ ਹੋਣ ਦੇ ਹੱਕ ਵਿੱਚ ਬਿਆਨ ਦੇਣੇ ਸ਼ੁਰੂ ਕਰ ਦਿੱਤੇ।
ਸਾਜਿਸ਼ੀ ਸਿਧਾਂਤਾਂ ਦੇ ਖਤਰੇ

ਤਸਵੀਰ ਸਰੋਤ, GIOVANNI BELLO/ BBC BRAZIL
ਚਪਟੀ-ਧਰਤ-ਵਾਦ ਅਤੇ ਇਸ ਕਿਸਮ ਦੇ ਹੋਰ ਸਾਜਿਸ਼ੀ ਸਿਧਾਂਤਾਂ ਦੇ ਖਤਰੇ ਵੀ ਹਨ। ਇਹ ਦਾਅਵਾ ਕਰਦੇ ਹਨ ਕਿ ਜੋ ਦੱਸਿਆ ਦਿਖਾਇਆ ਜਾ ਰਿਹਾ ਹੈ ਉਸ ਤੋਂ ਇਲਾਵਾ ਵੀ ਚੀਜ਼ਾਂ ਦੀ ਹੋਂਦ ਹੁੰਦੀ ਹੈ।
ਇਸ ਨਾਲ ਲੋਕਾਂ ਵਿੱਚ ਇੱਕ ਸ਼ੱਕੀ ਪ੍ਰਵਿਰਤੀ ਨੂੰ ਤਾਕਤ ਮਿਲਦੀ ਹੈ। ਉਹ ਕਿਸੇ ਮੁੱਦੇ ਉੱਪਰ ਸਾਇੰਸ ਅਤੇ ਸਰਕਾਰ ਦੇ ਰੁਖ ਉੱਪਰ ਸ਼ੱਕ ਕਰਦੇ ਹਨ, ਉਸ ਤੋਂ ਇਨਕਾਰੀ ਹੁੰਦੇ ਹਨ।
ਇਸ ਨਾਲ ਗੈਰ-ਲੋਕਤੰਤਰੀ ਰੁਝਾਨਾਂ ਨੂੰ ਬਲ ਮਿਲਦਾ ਹੈ। ਜਿਵੇਂ ਕਿ ਚੋਣਾਂ ਦੇ ਨਤੀਜਿਆਂ ਨੂੰ ਝੁਠਲਾਉਣਾ, ਜਾਂ ਮਹਾਮਾਰੀਆਂ ਨੂੰ ਝੁਠਲਾ ਕੇ ਅਤੇ ਟੀਕਾਕਰਨ ਖਿਲਾਫ ਦਾਅਵੇ ਕਰਕੇ ਅਬਾਦੀ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਣਾ।
ਓਰਿਸ ਮੁਤਾਬਕ ਖੋਜ ਦੱਸਦੀ ਹੈ ਕਿ ਜੇ ਕੋਈ ਕਿਸੇ ਇੱਕ ਸਾਜਿਸ਼ੀ ਸਿਧਾਂਤ ਦਾ ਵਿਸ਼ਵਾਸੀ ਹੈ ਤਾਂ ਉਸਦੇ ਹੋਰ ਸਾਜਿਸ਼ੀ ਸਿਧਾਂਤਾਂ ਵਿੱਚ ਵੀ ਯਕੀਨ ਕਰਨ ਦੀ ਸੰਭਾਵਨਾ ਜ਼ਿਆਦਾ ਹੈ।
“ਭਾਵੇਂ ਚਪਟੀ-ਧਰਤ-ਵਾਦ ਦੇ ਆਪਣੇ ਆਪ ਵਿੱਚ ਕੋਈ ਨੁਕਸਾਨ ਨਹੀਂ ਹਨ ਪਰ ਇਹ ਵਧੇਰੇ ਨੁਕਸਾਨਦੇਹ ਸਾਜਿਸ਼ੀ ਸਿਧਾਂਤਾਂ ਲਈ ਰਾਹ ਮੋਕਲਾ ਜ਼ਰੂਰ ਕਰਦਾ ਹੈ। ਜਿਨ੍ਹਾਂ ਦੇ ਜ਼ਿਆਦਾ ਗੰਭੀਰ ਸਿੱਟੇ ਹੋ ਸਕਦੇ ਹਨ। ਮਿਸਾਲ ਵਜੋਂ ਜੇ ਸਾਇੰਸਦਾਨ ਧਰਤੀ ਦੇ ਅਕਾਰ ਬਾਰੇ ਝੂਠ ਬੋਲ ਸਕਦੇ ਹਨ ਤਾਂ ਉਹ ਟੀਕਾਕਰਨ ਬਾਰੇ ਵੀ ਝੂਠ ਬੋਲ ਸਕਦੇ ਹਨ।”
ਲਿਓਨਾਰਡੋ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਦੀਆਂ ਵੀਡੀਓ ਕਾਰਨ ਬਹੁਤ ਸਾਰੇ ਲੋਕ ਸਾਇੰਸ ਉੱਤੇ ਸ਼ੱਕ ਕਰਨ ਲੱਗ ਪਏ ਹੋਣਗੇ।
ਮੈਂ ਕਦੇ ਵੀ ਸਮੁੱਚੀ ਸਾਇੰਸ ਉੱਪਰ ਸ਼ੱਕ ਨਹੀਂ ਕੀਤਾ। ਸਿਵਾਏ ਧਰਤੀ ਦੇ ਅਕਾਰ ਦੇ। ਪਰ ਮੈਨੂੰ ਲਗਦਾ ਹੈ ਕਿ (ਦੂਜੇ ਮੁੱਦਿਆਂ ਬਾਰੇ ਉੱਪਰ ਸਾਇੰਸ ਉੱਪਰ ਸ਼ੱਕ ਪੈਦਾ ਕਰਨ ਵਿੱਚ) ਮੇਰਾ ਪ੍ਰਭਾਵ ਰਿਹਾ ਹੈ।
ਇਸਦੇ ਬਾਵਜੂਦ ਉਹ ਕਹਿੰਦੇ ਹਨ ਕਿ ਇਸ ਸਾਜਿਸ਼ੀ-ਸਿਧਾਂਤ ਦੀ ਵਕਾਲਤ ਕਰਨ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।
ਉਹ ਕਹਿੰਦੇ ਹਨ,“ਬੇਸ਼ੱਕ ਮੈਂ ਮੰਨਿਆ ਕਿ ਧਰਤੀ ਚਪਟੀ ਹੈ। ਇਸ ਮਾਮਲੇ ਵਿੱਚ ਮੈਂ ਸਾਇੰਸ ਉੱਪਰ ਸ਼ੱਕ ਕੀਤਾ ਪਰ ਫਿਰ ਮੈਂ ਖੁਦ ਨੂੰ ਸਾਬਤ ਵੀ ਕੀਤਾ ਕਿ ਇਹ (ਸਾਇੰਸ) ਸਹੀ ਸੀ।"
ਇਸ ਵਿਚਾਰ ਬਾਰੇ ਇੱਕ ਸਾਲ ਖੋਜ ਕਰਨ ਤੋਂ ਬਾਅਦ ਲਿਓਨਾਰਡੋ ਨੇ ਇਸ ਬਾਰੇ ਯੂਟਿਊਬ ਉੱਪਰ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ।
ਆਪਣੇ ਚੈਨਲ ਉੱਪਰ ਉਹ ਜੋਰ-ਸ਼ੋਰ ਨਾਲ ਧਰਤੀ ਦੇ ਚਪਟੀ ਹੋਣ ਦੀ ਵਕਾਲਤ ਕਰਦੇ ਸਨ। ਉਹ ਨਾਸਾ, ਸਮੇਤ ਧਰਤੀ ਦੇ ਗੋਲ ਹੋਣ ਬਾਰੇ ਗੱਲ ਕਰਨ ਵਾਲੇ ਮਾਹਰਾਂ ਦੀ ਆਲੋਚਨਾ ਕਰਿਆ ਕਰਦੇ ਸਨ।
ਉਨ੍ਹਾਂ ਨੇ ਨਾ ਸਿਰਫ਼ ਇਸ ਸੰਬੰਧ ਵਿੱਚ ਸਰਕਾਰੀ ਦਸਤਾਵੇਜ਼ਾਂ ਨੂੰ ਝੂਠ ਦੱਸਿਆ ਸਗੋਂ ਉਨ੍ਹਾਂ ਨੇ ਕੁਦਰਤੀ ਵਰਤਾਰਿਆਂ ਨੂੰ ਵੀ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।
ਚਪਟੀ-ਧਰਤ ਦੇ ਵਿਸ਼ਵਾਸੀਆਂ ਵਿੱਚ ਉਨ੍ਹਾਂ ਦਾ ਚੈਨਲ ਮਸ਼ਹੂਰੀ ਖੱਟਣ ਲੱਗਿਆ। ਉਹ ਇਸ ਲਹਿਰ ਦੀ ਇੱਕ ਰਸੂਖਦਾਰ ਅਵਾਜ਼ ਬਣ ਕੇ ਉੱਭਰੇ। ਬੀਤੇ ਸਾਲਾਂ ਦੌਰਾਨ ਕਈ ਹਜ਼ਾਰ ਲੋਕ ਉਨ੍ਹਾਂ ਨਾਲ ਜੁੜੇ।
ਉਹ ਭਾਵੇਂ ਧਰਤੀ ਦੇ ਗੋਲ ਹੋਣ ਦੇ ਵਿਚਾਰ ਨੂੰ ਰੱਦ ਕਰਦੇ ਸਨ ਪਰ ਹੋਰ ਦਲੀਲਪੂਰਨ ਢੰਗ ਨਾਲ ਇਹ ਕਰਨ ਲਈ ਉਨ੍ਹਾਂ ਨੇ ਇਸ ਬਾਰੇ ਆਪਣਾ ਅਧਿਐਨ ਵਧਾਇਆ।
ਯੂਟਿਊਬਰ ਨੇ ਕਿਹਾ, “ਜੇ ਅੱਧੀ-ਰਾਤ ਦਾ ਸੂਰਜ ਵਰਗਾ ਵਰਤਾਰਾ ਹੋ ਰਿਹਾ ਹੈ ਤਾਂ ਚਪਟੀ-ਧਰਤ ਦੇ ਵਿਚਾਰ ਨੂੰ ਜ਼ਿੰਦਾ ਰੱਖਣਾ ਸੰਭਵ ਹੀ ਨਹੀਂ ਹੈ।”
ਅੱਧੀ ਰਾਤ ਦੇ ਸੂਰਜ ਦੇ ਵਰਤਾਰੇ ਨੂੰ ਸਮਝਣ ਲਈ ਤੁਹਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਧਰਤੀ ਆਪਣੇ ਧੁਰੇ ਉੱਤੇ ਸੂਰਜ ਤੋਂ 23.5 ਡਿਗਰੀ ਝੁਕੀ ਹੋਈ ਹੈ।
ਇਸ ਦਾ ਮਤਲਬ ਹੈ ਕਿ ਕੁਝ ਸਮਿਆਂ ਉੱਪਰ ਸੂਰਜ ਚੌਵੀ ਘੰਟੇ ਧਰਤੀ ਦੇ ਉੱਪਰ ਬਣਿਆ (ਚੜ੍ਹਿਆ) ਰਹਿੰਦਾ ਹੈ। ਉਦੋਂ ਇਹ ਛਿਪਦਾ ਨਹੀਂ।

ਤਸਵੀਰ ਸਰੋਤ, GIOVANNI BELLO/ BBC BRAZIL
ਇੱਕ ਸਾਲ ਦੌਰਾਨ ਅੱਧੀ ਰਾਤ ਦਾ ਸੂਰਜ ਦੋ ਵਾਰ ਦੋ ਥਾਵਾਂ (ਉੱਤਰੀ ਧਰੁਵ ਅਤੇ ਦੱਖਣੀ ਧਰੁਵ) ਉੱਤੇ ਦੇਖਿਆ ਜਾਂਦਾ ਹੈ।
ਮਾਰਚ ਦੇ ਮਹੀਨੇ ਵਿੱਚ ਇਹ ਵਰਤਰਾ ਦੱਖਣੀ ਅਰਧ-ਗੋਲੇ ਵਿੱਚ ਵਾਪਰਦਾ ਹੈ, ਜਿੱਥੇ ਅੰਟਰਾਕਟਿਕਾ ਸਥਿਤ ਹੈ।
ਜਿਵੇਂ (ਅਪਰੈਲ ਤੋਂ ਸਤੰਬਰ ਦੌਰਾਨ) ਮਹੀਨੇ ਬੀਤਦੇ ਹਨ, ਵਰਤਾਰਾ ਦੱਖਣ ਤੋਂ ਉੱਤਰੀ ਆਰਕਟਿਕ ਸਰਕਲ ਵੱਲ ਵਧਦਾ ਹੈ। ਧਰਤੀ ਦੇ ਇਸ ਹਿੱਸੇ ਵਿੱਚ ਅਮਰੀਕਾ, ਕੈਨੇਡਾ ਅਤੇ ਰੂਸ, ਨਾਰਵੇ, ਸਵੀਡਨ ਅਤੇ ਫਿਨਲੈਂਡ ਵਰਗੇ ਦੇਸ ਹਨ।
ਨਤੀਜੇ ਵਜੋਂ ਜਦੋਂ ਧਰਤੀ ਦੇ ਇੱਕ ਹਿੱਸੇ ਵਿੱਚ 24 ਘੰਟੇ ਸੂਰਜ ਚੜ੍ਹਿਆ ਰਹਿੰਦਾ ਹੈ ਤਾਂ ਦੂਜੇ ਪਾਸੇ ਕੋਈ ਕੁਦਰਤੀ ਪ੍ਰਕਾਸ਼ ਨਹੀਂ ਪਹੁੰਚਦਾ।
ਇਹ ਵਰਤਾਰਾ ਚਪਟੀ ਧਰਤੀ ਉੱਪਰ ਨਹੀਂ ਹੋ ਸਕਦਾ। ਲਿਓਨਾਰਡੋ ਦੱਸਦੇ ਹਨ ਕਿ ਚਪਟੀ-ਧਰਤੀ ਦੇ ਨਕਸ਼ੇ ਮੁਤਾਬਕ ਧਰਤੀ ਦਾ ਇੱਕ ਹੀ (ਉੱਤਰੀ) ਧੁਰਾ ਹੈ। ਜਦਕਿ ਦੱਖਣੀ (ਭਾਵ ਥੱਲੇ) ਬਰਫ਼ ਦਾ ਅਥਾਹ ਸਮੁੰਦ ਹੈ।
ਲਿਓਨਾਰਡੋ ਅੱਧੀ ਰਾਤ ਦੇ ਸੂਰਜ ਬਾਰੇ ਮਿਲਦੀਆਂ ਵੀਡੀਓ ਨੂੰ ਇਹ ਕਹਿ ਕੇ ਰੱਦ ਕਰਦੇ ਸਨ ਕਿ ਸਾਇੰਸਦਾਨ ਝੂਠ ਬੋਲ ਰਹੇ ਹਨ।
ਫਿਰ ਵੀ ਯੂਟਿਊਬਰ ਨੇ ਫੈਸਲਾ ਕੀਤਾ ਕਿ ਉਹ ਇਸ ਵਰਤਾਰੇ ਦੀ ਖੁਦ ਜਾਂਚ ਕਰਨਗੇ।
ਇਥੋਂ ਹੀ ਉਨ੍ਹਾਂ ਨੇ ਆਪਣੇ ਫੌਲੋਅਰਾਂ ਨੂੰ ਨਾਰਵੇ ਦੇ ਸਫਰ ਲਈ ਕਰਾਊਡ ਫੰਡਿੰਗ ਰਾਹੀਂ ਪੈਸੇ ਇਕੱਠੇ ਕਰਨ ਦੀ ਅਪੀਲ ਕੀਤੀ।
ਮੈਂ ਨਾਰਵੇ ਦੀ ਚੋਣ ਇਸ ਲਈ ਕੀਤੀ ਕਿਉਂਕਿ ਇਹ ਅੱਧੀ ਰਾਤ ਦਾ ਸੂਰਜ ਦੇਖਣ ਲਈ ਦੁਨੀਆਂ ਦੀ ਸਭ ਤੋਂ ਵਧੀਆ ਜਗ੍ਹਾ ਹੈ। ਉੱਥੇ ਮੇਰੇ ਕੁਝ ਜਾਣਕਾਰ ਵੀ ਹਨ, ਜਿਸ ਨਾਲ ਮੈਨੂੰ ਸਫਰ ਵਿੱਚ ਸੌਖ ਹੋਣੀ ਸੀ।
ਲਗਭਗ ਦੋ ਮਹੀਨਿਆਂ ਵਿੱਚ ਚਪਟੀ-ਧਰਤ ਦੇ ਵਿਸ਼ਵਾਸੀਆਂ ਨੇ ਉਨ੍ਹਾਂ ਵੱਲੋਂ ਮੰਗੀ ਗਈ ਤਿੰਨ ਹਜ਼ਾਰ ਡਾਲਰ ਦੀ ਰਕਮ ਇਕੱਠੀ ਕਰ ਦਿੱਤੀ। ਇਹ ਪੈਸਾ ਲਿਓਨਾਰਡੋ ਨੇ ਕਿਹਾ ਕਿ ਜਹਾਜ਼ ਦੀਆਂ ਟਿਕਟਾਂ ਅਤੇ ਵਰਤਾਰੇ ਨੂੰ ਰਿਕਾਰਡ ਕਰਨ ਵਿੱਚ ਖਰਚਿਆ ਜਾਣਾ ਸੀ।
ਲਿਓਨਾਰਡੋ ਦੱਸਦੇ ਹਨ ਕਿ ਜਦੋਂ ਜੁਲਾਈ ਵਿੱਚ ਉਹ ਨਾਰਵੇ ਪਹੁੰਚੇ ਤਾਂ ਉਨ੍ਹਾਂ ਨੂੰ ਫਾਲਵਰਾਂ ਤੋਂ ਹੋਰ ਪੈਸੇ ਮਿਲੇ। ਉਹ ਆਪਣੇ ਫਾਲਵਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਸੇ ਸੰਕਟ ਵਿੱਚ ਨਹੀਂ ਪੈਣ ਦਿੱਤਾ।
'ਦਿਲ ਟੁੱਟਣ ਵਰਗਾ ਸੀ'

ਤਸਵੀਰ ਸਰੋਤ, GIOVANNI BELLO/ BBC BRAZIL
ਨਾਰਵੇ ਦੇ ਟਰੌਮਸੋ ਸ਼ਹਿਰ ਵਿੱਚ ਲਿਓਨਾਰਡੋ ਦਾ ਸਾਹਣਾ ਉਸ ਸਚਾਈ ਨਾਲ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਯੂਟਿਊਬ ਉੱਪਰ ਪਾਈ ਆਪਣੀ ਸਾਰੀ ਸਮੱਗਰੀ ਨੂੰ ਨਵੇਂ ਸਿਰੇ ਤੋਂ ਦੇਖਣਾ ਸੀ।
ਪਹਾੜ ਦੀ ਚੋਟੀ ਉੱਪਰ, ਉਨ੍ਹਾਂ ਨੇ ਇਸ ਸੂਰਜੀ ਵਰਤਾਰੇ ਨੂੰ ਪੂਰੀ ਗਹੁ ਨਾਲ ਦੇਖਿਆ ਅਤੇ ਸਾਰਾ ਕੁਝ ਆਪਣੇ ਯੂਟਿਊਬ ਚੈਨਲ ਉੱਪਰ ਪਾਇਆ। ਸੂਰਜ 24 ਘੰਟੇ ਪੂਰਾ ਦਿਨ ਆਪਣੀ ਜਗ੍ਹਾ ਉੱਤੇ ਖੜ੍ਹਾ ਰਿਹਾ।
“ਤੁਹਾਨੂੰ ਪਤਾ ਹੈ ਇਹ ਮੇਰੇ ਲਈ ਦਿਲ ਟੁੱਟਣ ਵਰਗਾ ਸੀ। ਜਿਵੇਂ ਅੱਲ੍ਹੜ ਉਮਰੇ ਤੁਸੀਂ ਕਿਸੇ ਕੁੜੀ ਨੂੰ ਪੰਸਦ ਕਰਦੇ ਹੋ। ਤੁਹਾਨੂੰ ਉਸਦੇ ਪਿਆਰਾ ਦਾ ਬੁਖਾਰ ਚੜ੍ਹਿਆ ਰਹਿੰਦਾ ਹੈ। ਅਚਾਨਕ ਜਦੋਂ ਉਹ ਤੁਹਾਡੇ ਰੂਬਰੂ ਹੋਵੇ ਤਾਂ ਦੁਨੀਆਂ ਢਹਿ ਜਾਂਦੀ ਹੈ। ਅੱਧੀ ਰਾਤ ਦੇ ਸੂਰਜ ਨੇ ਵੀ ਚਪਟੀ ਧਰਤ ਲਈ ਮੇਰੇ ਜਨੂੰਨ ਨੂੰ ਵੱਢ ਸੁੱਟਿਆ।”
ਬ੍ਰਾਜ਼ੀਲ ਵਾਪਸ ਆ ਕੇ ਪਹਿਲਾਂ ਤਾਂ ਲਿਓਨਾਰਡੋ ਨੇ ਸੋਚਿਆ ਕਿ ਉਹ ਇਹ ਨਜ਼ਾਰਾ ਉੱਤਰੀ ਅਮਰੀਕਾ ਵਿੱਚ ਜਾ ਕੇ ਵੀ ਇੱਕ ਵਾਰ ਜ਼ਰੂਰ ਦੇਖਣਗੇ। ਹਾਲਾਂਕਿ ਜਦੋਂ ਕੁਝ ਮਹੀਨੇ ਲੰਘੇ ਤਾਂ ਉਨ੍ਹਾਂ ਨੂੰ ਇਹਿਸਾਸ ਹੋ ਗਿਆ ਕਿ ਉਹ ਹੋਰ ਇਸ ਧਾਰਨਾ ਦੀ ਵਿੱਚ ਵਿਸ਼ਵਾਸ ਨਹੀਂ ਕਰ ਸਕਦੇ।
“ਅਗਸਤ, ਸਤੰਬਰ, ਅਕਤੂਬਰ, ਨਵੰਬਰ ਅਤੇ ਦਸੰਬਰ ਲੰਘਿਆ। ਮੈਂ ਪਹਿਲਾਂ ਹੀ ਥੱਕ ਚੁੱਕਿਆ ਸੀ। ਅੱਧੀ ਰਾਤ ਦੇ ਸੂਰਜ ਤੋਂ ਬਾਅਦ ਮੈਂ ਇਨਕਾਰੀ ਬਣ ਕੇ ਥੱਕ ਚੁੱਕਿਆ ਸੀ। ਮੈਂ ਇਹ ਹੋਰ ਨਹੀਂ ਸਹਿ ਸਕਦਾ ਸੀ।”
ਆਖਰ ਪਿਛਲੇ ਸਾਲ ਉਨ੍ਹਾਂ ਨੇ ਇੱਕ ਵੀਡੀਓ ਰਿਕਾਰਡ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਕਦੇ “ਚਪਟੀ-ਧਰਤ ਦੇ ਵਿਸ਼ਵਾਸੀ” ਸਨ।
ਉਨ੍ਹਾਂ ਨੇ ਕਿਹਾ, “ਸਾਥੀਓ ਮੈਂ ਇਸ ਵਿਚਾਰ ਦੀ ਹੋਰ ਹਮਾਇਤ ਨਹੀਂ ਕਰ ਸਕਦਾ।”
ਚਪਟੀ-ਧਰਤ ਦੇ ਵਿਸ਼ਵਾਸੀ ਦੀ ਜ਼ਿੰਦਗੀ

ਤਸਵੀਰ ਸਰੋਤ, GIOVANNI BELLO/ BBC BRAZIL
ਜਦੋਂ ਉਨ੍ਹਾਂ ਨੇ ਐਲਾਨ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਸਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਯੂਟਿਊਬ ਉੱਤੇ ਉਨ੍ਹਾਂ ਦੇ ਦਸ ਹਜ਼ਾਰ ਸਬਸਕਰਾਈਬਰ ਘਟ ਗਏ।
ਉਹ ਕਹਿੰਦੇ ਹਨ ਕਿ ਇਸ ਹਲਚਲ ਤੋਂ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਸਗੋਂ ਉਹ ਆਪਣੇ ਚੈਨਲ ਦੇ ਭਵਿੱਖ ਉੱਤੇ ਧਿਆਨ ਦੇ ਰਹੇ ਹਨ।
ਹੁਣ ਉਹ ਅੰਟਰਾਕਟਿਕਾ ਜਾ ਕੇ ਅੱਧੀ ਰਾਤ ਦੇ ਸੂਰਜ ਦਾ ਦੂਜਾ ਪਾਸਾ ਵੀ ਦੇਖਣਾ ਚਾਹੁੰਦੇ ਹਨ। ਅਜਿਹਾ ਕਰਕੇ ਉਹ ਆਪਣੇ ਉਨ੍ਹਾਂ ਪਸੰਦ ਕਰਨ ਵਾਲਿਆਂ ਨੂੰ ਦਿਖਾਉਣਾ ਚਾਹੁੰਦੇ ਹਨ ਜੋ ਅਜੇ ਵੀ ਚਪਟੀ-ਧਰਤੀ ਵਿੱਚ ਯਕੀਨ ਕਰਦੇ ਹਨ।
ਉਨ੍ਹਾਂ ਦੀ ਦਲੀਲ ਹੈ, “ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਉਦੋਂ ਹੀ ਯਕੀਨ ਕਰਨਗੇ ਜਦੋਂ ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਅੱਧੀ ਰਾਤ ਦਾ ਸੂਰਜ ਅੰਟਰਾਕਟਿਕਾ ਵਿੱਚ ਵੀ ਚੜ੍ਹਦਾ ਹੈ।”
ਆਪਣੇ ਇਸ ਸਫਰ ਲਈ ਉਨ੍ਹਾਂ ਨੂੰ 20,000 ਡਾਲਰ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੂੰ ਪੈਸਾ ਇਕੱਠਾ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਦੋ ਮਹੀਨਿਆਂ ਵਿੱਚ ਉਹ ਸਿਰਫ਼ 13 ਸੌ ਡਾਲਰ ਜੋੜ ਸਕੇ ਹਨ।
ਉਹ ਕਹਿੰਦੇ ਹਨ,“ਮੈਂ ਹੌਂਸਲਾ ਛੱਡਣ ਵਾਲਾ ਨਹੀਂ ਹਾਂ ਪਰ ਚਪਟੀ-ਧਰਤ ਦੇ ਵਿਸ਼ਵਾਸੀ ਹੋਰ ਸਹਿਯੋਗ ਕਰਨ ਤੋਂ ਦਿਲ ਹਾਰ ਚੁੱਕੇ ਹਨ।”
ਕੁਝ ਲੋਕ ਇਹ ਟਿੱਪਣੀਆਂ ਵੀ ਕਰਦੇ ਹਨ ਕਿ ਯੂਟਿਊਬ ਪਿਛਲੇ ਸਾਲਾਂ ਦੌਰਾਨ ਨੇ ਚਪਟੀ-ਧਰਤ ਦੇ ਵਿਸ਼ਵਾਸੀਆਂ ਦਾ ਫਾਇਦਾ ਚੁੱਕਿਆ ਹੈ।
ਲਿਓਨਾਰਡੋ ਅਜਿਹੀ ਕਿਸੇ ਮੁਹਿੰਮ ਦਾ ਹਿੱਸਾ ਹੋਣ ਤੋਂ ਇਨਕਾਰ ਕਰਦੇ ਹਨ। ਫਿਰ ਵੀ ਆਪਣੇ ਚੈਨਲ ਤੋਂ ਆਈਆਂ ਮਸ਼ਹੂਰੀਆਂ ਤੋਂ ਉਨ੍ਹਾਂ ਨੇ ਪੈਸੇ ਤਾਂ ਬਣਾਏ ਹਨ।
ਲਿਓਨਾਰਡੋ ਦੱਸ਼ਦੇ ਹਨ, “ਮਹਾਮਾਰੀ ਦੌਰਾਨ ਮੈਂ ਬੇਰੁਜ਼ਗਾਰ ਸੀ ਅਤੇ ਮੈਂ ਸਿਰਫ ਵੀਡੀਓ ਤੋਂ ਹੋਣ ਵਾਲੀ ਆਮਦਨੀ ਉੱਤੇ ਹੀ ਗੁਜ਼ਾਰਾ ਕੀਤਾ।”
ਉਹ ਆਪਣੇ ਯੂਟਿਊਬ ਚੈਨਲ ਤੋਂ ਹਰ ਮਹੀਨੇ 500 ਡਾਲਰ ਕਮਾਉਂਦੇ ਹਨ ਅਤੇ ਉਨ੍ਹਾਂ ਨੂੰ ਚਪਟੀ-ਧਰਤ ਦੇ ਸਿਧਾਂਤ ਨੂੰ ਛੱਡ ਦੇਣ ਕਾਰਨ ਪੈਣ ਵਾਲੇ ਅਸਰ ਤੋਂ ਫਿਕਰਮੰਦ ਨਹੀਂ ਹਨ।
ਲਿਓਨਾਰਡੋ ਇੱਕ ਸੇਲਜ਼ ਸਹਾਇਕ ਵੀ ਹਨ। ਯੂਟਿਊਬ ਤੋਂ ਆਪਣੀ ਆਮਦਨੀ ਬਾਰੇ ਉਹ ਦੱਸਦੇ ਹਨ, “ਯੂਟਿਊਬ ਸਥਿਰ ਆਮਦਨ ਨਹੀਂ ਦਿੰਦੀ। ਮੈਂ ਇਸ ਨੂੰ ਵਾਧੂ ਆਮਦਨੀ ਵਜੋਂ ਦੇਖਦਾ ਹਾਂ। ਚੈਨਲ ਦੇ ਬਾਵਜੂਦ ਮੈਂ ਆਮ ਵਾਂਗ ਕੰਮ ਕਰਦਾ ਰਿਹਾ ਹਾਂ ਕਿਉਂਕਿ ਇਹ ਸੁਰੱਖਿਅਤ ਹੈ।”
ਉਹ ਕਹਿੰਦੇ ਹਨ,“ਇਹ ਬਦਲਾਅ ਇਸ ਵਿਸ਼ਵਾਸ ਕਾਰਨ ਆਇਆ ਹੈ ਕਿ ਧਰਤੀ ਗੋਲ ਹੈ। ਮੈਂ ਖੁਦ ਨਾਲ ਜਾਂ ਆਪਣੇ ਸਬਸਕਰਾਈਬਰਾਂ ਨਾਲ ਹੋਰ ਝੂਠ ਨਹੀਂ ਬੋਲ ਸਕਦਾ। ਇੱਕ ਸਾਫ ਜ਼ਮੀਰ ਪੈਸੇ ਨਾਲੋਂ ਕਿਤੇ ਕੀਮਤੀ ਹੈ।”
ਦੂਸੇ ਪਾਸੇ ਲਿਓਨਾਰਡੋ ਦਾ ਕਹਿਣਾ ਹੈ ਕਿ ਕੁਝ ਅਜਿਹੇ ਫੌਲੋਵਰ ਵੀ ਹਨ ਜੋ ਉਨ੍ਹਾਂ ਵਾਲਾ ਕੰਮ ਹੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਚਪਟੀ-ਧਰਤ ਦਾ ਵਿਚਾਰ ਤਿਆਗ ਦਿੱਤਾ ਹੈ।
“ਇਹ ਹੋ ਰਿਹਾ ਹੈ। ਜਦੋਂ ਤੋਂ ਮੈਂ ਇਹ ਵਿਚਾਰ ਛੱਡਣ ਦਾ ਐਲਾਨ ਕੀਤਾ ਹੈ ਲੋਕ ਵੀ ਇਸ ਲਹਿਰ ਨੂੰ ਛੱਡ ਰਹੇ ਹਨ।”
ਹੁਣ ਜਦੋਂ ਉਹ ਚਪਟੀ-ਧਰਤ-ਵਾਦ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਉਹ ਸਮਝਦੇ ਹਨ ਕਿ ਜ਼ਿਆਦਾਤਰ ਲੋਕ ਜਾਣਕਾਰੀ ਦੀ ਕਮੀ ਕਾਰਨ ਇਸ ਨਾਲ ਜੁੜਦੇ ਹਨ।
ਉਹ ਦਸਦੇ ਹਨ, “ਮੇਰੇ ਲਈ ਅੱਜ (ਚਪਟੀ-ਧਰਤ-ਵਾਦ) ਇੱਕ ਧਾਰਮਿਕ ਸੰਪਰਦਾਇ ਵਰਗਾ ਹੈ। ਤੁਹਾਨੂੰ ਸਾਬਤ ਕਰਨ ਦੀ ਲੋੜ ਨਹੀਂ ਕਿ ਧਰਤੀ ਚਪਟੀ ਹੈ। ਉਹ ਮੰਨਦੇ ਹਨ ਕਿ ਇਸੇ ਤਰ੍ਹਾਂ ਹੈ।”
ਉਨ੍ਹਾਂ ਨੂੰ ਯਕੀਨ ਹੈ ਕਿ ਦੇਰ-ਸਵੇਰ ਹਰਕੋਈ ਇਸ ਸਾਜਿਸ਼ੀ ਸਿਧਾਂਤ ਨੂੰ ਤਿਲਾਂਜਲੀ ਦੇ ਦੇਵੇਗਾ।
“ਕੁਝ ਲੋਕਾਂ ਨੂੰ ਇਸ ਵਿੱਚ ਜ਼ਿਆਦਾ ਸਮਾਂ ਲਗਦਾ ਹੈ, ਕਈਆਂ ਨੂੰ ਘੱਟ। ਮੈਨੂੰ ਕੁਝ ਜ਼ਿਆਦਾ ਸਮਾਂ ਲੱਗਿਆ, ਛੇ ਸਾਲ। ਸ਼ਾਇਦ ਇਸ ਲਈ ਕਿਉਂਕਿ ਮੇਰੇ ਵਿੱਚ ਇਸ ਪ੍ਰਤੀ ਜਨੂੰਨ ਸੀ।”















