ਜੇਕਰ ਤੁਹਾਨੂੰ ਇੱਕ ਸਾਲ ਲਈ ਪੁਲਾੜ ਰਹਿਣਾ ਪੈ ਜਾਵੇ ਤਾਂ ਤੁਹਾਡੇ ਸਰੀਰ ’ਚ ਕੀ ਬਦਲਾਅ ਆ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਰਿਚਰਡ ਗ੍ਰੇਅ
- ਰੋਲ, ਬੀਬੀਸੀ ਪੱਤਰਕਾਰ
ਨਾਸਾ ਦੇ ਐਸਟਰੋਨਾਟ ਫਰੈਂਕ ਰੁਬੀਓ, ਕੌਮਾਂਤਰੀ ਪੁਲਾੜ ਸਟੇਸ਼ਨ ਉੱਪਰ ਰਿਕਾਰਡ ਤੋੜ 371 ਦਿਨ ਬਿਤਾ ਕੇ ਧਰਤੀ ’ਤੇ ਆਏ ਹਨ। ਇਸ ਫੇਰੀ ਨੇ ਉਨ੍ਹਾਂ ਦੀਆਂ ਮਾਸਪੇਸ਼ੀਆਂ, ਦਿਮਾਗ ਅਤੇ ਸਰੀਰ ਦੇ ਅੰਦਰ ਰਹਿ ਰਹੇ ਸੂਖਮਜੀਵ ਵੀ ਬਦਲ ਦਿੱਤੇ ਹਨ।
ਕੁਝ ਲੋਕਾਂ ਨਾਲ ਰਸਮੀ ਹੱਥ ਮਿਲਾਉਣ ਅਤੇ ਇੱਕ ਸੰਖੇਪ ਜਿਹੇ ਫ਼ੋਟੋ ਸੈਸ਼ਨ ਤੋਂ ਬਾਅਦ ਨਾਸਾ ਦੇ ਪੁਲਾੜ ਯਾਤਰੀ ਫਰੈਂਕ ਰੂਬੀਓ ਅਮਰੀਕੀ-ਫੁਟਬਾਲ ਗਰਾਊਂਡ ਦੇ ਅਕਾਰ ਦੇ ਉਸ ਪੁਲਾੜ ਯਾਨ ਤੋਂ ਬਾਹਰ ਨਿਕਲੇ ਜੋ ਪਿਛਲੇ 371 ਦਿਨਾਂ ਤੋਂ ਉਨ੍ਹਾਂ ਦਾ ਘਰ ਸੀ।
ਰੁਬੀਓ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਧਰਤੀ ਤੱਕ ਦਾ ਸਫ਼ਰ ਇੱਕ ਸਿੱਧੀ ਉਡਾਣ ਵਿੱਚ ਪੂਰਾ ਕਰਨ ਵਾਲੇ ਪਹਿਲੇ ਅਮਰੀਕੀ ਪੁਲਾੜ ਯਾਤਰੀ ਬਣ ਗਏ ਹਨ।
ਇਸ ਤੋਂ ਪਿਛਲਾ ਰਿਕਾਰਡ 355 ਦਿਨਾਂ ਦਾ ਹੈ, ਜੋ ਕਿ ਫਰੈਂਕ ਨੇ ਮਾਰਚ ਵਿੱਚ ਤੋੜ ਦਿੱਤਾ ਸੀ।
ਹੋਇਆ ਇਹ ਕਿ ਫਰੈਂਕ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਪੇਸਕ੍ਰਾਫਟ ਵਿੱਚ ਕੂਲੈਂਟ ਲੀਕ ਹੋਣ ਦੀ ਸਮੱਸਿਆ ਖੜ੍ਹੀ ਹੋਣ ਕਾਰਨ ਉਨ੍ਹਾਂ ਦੀ ਧਰਤੀ ਉੱਤੇ ਵਾਪਸੀ ਟਲ ਗਈ।
ਇਨ੍ਹਾਂ ਵਾਧੂ ਮਹੀਨਿਆਂ ਦੌਰਾਨ ਉਨ੍ਹਾਂ ਨੇ ਧਰਤੀ ਦੀ 5,963 ਵਾਰ ਪਰਿਕਰਮਾ ਕਰਦਿਆਂ 157.4 ਮਿਲੀਅਨ ਮੀਲ (253.3 ਕਿਲੋਮੀਟਰ) ਦੀ ਦੂਰੀ ਤੈਅ ਕੀਤੀ।
ਹਾਲਾਂਕਿ ਫਰੈਂਕ ਅਜੇ ਵੀ ਪੁਲਾੜ ਵਿੱਚ ਰਹਿਣ ਦੇ ਵਿਸ਼ਵ ਰਿਕਾਰਡ ਤੋਂ ਦੂਰ ਹਨ। ਰੂਸੀ ਪੁਲਾੜ ਯਾਤਰੀ ਵੇਰਲੇਰੀ ਪੋਲੀਆਕੋਵ ਨੇ ਮੀਰ ਸਪੇਸ ਸਟੇਸ਼ਨ ਵਿੱਚ 437 ਦਿਨ ਬਿਤਾਏ ਸਨ।
ਫਰੈਂਕ ਦਾ ਐੱਮਐੱਸ-23 ਸਪੇਸਕ੍ਰਾਫਟ ਕਜ਼ਾਕਿਸਤਾਨ ਵਿੱਚ ਉੱਤਰਿਆ ਤਾਂ ਬਚਾਅ ਕਰਮੀਆਂ ਨੇ ਫਰੈਂਕ ਨੂੰ ਸਪੇਸਕ੍ਰਾਫਟ ਦੇ ਕੈਪਸੂਲ ਵਿੱਚੋਂ ਬਾਹਰ ਕੱਢਿਆ।
ਧਰਤੀ ਦੀ ਗੁਰੂਤਾ ਖਿੱਚ ਤੋਂ ਬਿਨਾਂ ਇੰਨਾ ਲੰਬਾ ਸਮਾਂ ਰਹਿਣ ਦਾ ਉਨ੍ਹਾਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਉੱਪਰ ਅਸਰ ਪੈਣਾ ਸੁਭਾਵਕ ਹੀ ਹੈ।
ਫਰੈਂਕ ਦੇ ਇੰਨਾ ਲੰਬਾ ਸਮਾਂ ਪੁਲਾੜ ਵਿੱਚ ਰਹਿਣ ਤੋਂ ਅਸੀਂ ਸਿੱਖ ਸਕਾਂਗੇ ਕਿ ਭਵਿੱਖ ਵਿੱਚ ਪੁਲਾੜੀ ਸਫ਼ਰ ਦੇ ਸਰੀਰ ’ਤੇ ਪੈਣ ਵਾਲੇ ਅਸਰ ਪ੍ਰਤੀ ਕੀ ਤਿਆਰੀ ਕਰਨੀ ਪਵੇਗੀ।
ਇੱਕ ਅਧਿਐਨ ਜਿਸ ਦਾ ਵਿਸ਼ਾ ਜਿੰਮ ਦੇ ਸੀਮਤ ਉਪਕਰਣਾਂ ਨਾਲ ਕਸਰਤ ਕਰਨ ਦਾ ਸਰੀਰ ’ਤੇ ਪੈਣ ਵਾਲਾ ਅਸਰ ਹੈ। ਫਰੈਂਕ ਇਸ ਅਧਿਐਨ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪੁਲਾੜ ਯਾਤਰੀ ਹਨ।
ਅਧਿਐਨ ਤੋਂ ਮਿਲੀ ਜਾਣਕਾਰੀ ਸੂਰਜ ’ਤੇ ਇਨਸਾਨੀ-ਮਿਸ਼ਨ ਵਿੱਚ ਸਾਡੀ ਮਦਦਗਾਰ ਹੋਵੇਗੀ। ਸਮਝਿਆ ਜਾਂਦਾ ਹੈ ਕਿ ਮੌਜੂਦਾ ਵਿਉਂਤ ਮੁਤਾਬਕ ਸ਼ੁੱਕਰ ਗ੍ਰਹਿ ਤੱਕ ਆਉਣ-ਜਾਣ ਵਿੱਚ 1100 ਦਿਨ ਲੱਗਣਗੇ (ਤਿੰਨ ਸਾਲ ਤੋਂ ਕੁਝ ਜ਼ਿਆਦਾ)।
ਇਸ ਵਿੱਚ ਵਰਤਿਆ ਜਾਣ ਵਾਲਾ ਪੁਲਾੜੀ-ਵਾਹਨ ਕੌਮਾਂਤਰੀ ਸਪੇਸ ਸਟੇਸ਼ਨ ਤੋਂ ਛੋਟਾ ਹੋਵੇਗਾ। ਮਤਲਬ ਉਸ ਵਿੱਚ ਕਸਰਤ ਦੇ ਉਪਕਰਣ ਹੋਰ ਵੀ ਸੀਮਤ ਹੋਣਗੇ।
ਸਿਹਤਮੰਦ ਰਹਿਣ ਦੇ ਰਾਹ ਦੇ ਰੋੜੇ ਤਾਂ ਇੱਕ ਪਾਸੇ, ਪੁਲਾੜ ਵਿੱਚ ਰਹਿਣ ਭਰ ਦੇ ਮਨੁੱਖੀ ਸਰੀਰ ’ਤੇ ਕੀ ਅਸਰ ਪੈਂਦੇ ਹਨ? ਆਓ ਸਮਝਣ ਦਾ ਯਤਨ ਕਰਦੇ ਹਾਂ-
ਮਾਸਪੇਸ਼ੀਆਂ ਅਤੇ ਹੱਡੀਆਂ

ਤਸਵੀਰ ਸਰੋਤ, Getty Images
ਗੁਰੂਤਾ ਖਿੱਚ ਦੀ ਅਣਹੋਂਦ ਕਾਰਨ ਸਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀਆਂ ਹਨ।
ਖ਼ਾਸ ਕਰ ਜੋ ਸਾਡੀ ਮੁਦਰਾ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੇ ਹਨ। ਜਿਵੇਂ ਪਿੱਠ, ਗਰਦਨ, ਖੱਲੀਆਂ ਅਤੇ ਪੱਟਾਂ ਦੀਆਂ ਮਾਸਪੇਸ਼ੀਆਂ। ਗੁਰੂਤਾ ਖਿੱਚ ਦੀ ਅਣਹੋਂਦ ਵਿੱਚ ਇਨ੍ਹਾਂ ਨੂੰ ਧਰਤੀ ਨਾਲੋਂ ਅੱਧਾ ਕੰਮ ਵੀ ਨਹੀਂ ਕਰਨਾ ਪੈਂਦਾ।
ਸ਼ੁਰੂਆਤੀ ਦੋ ਹਫ਼ਤਿਆਂ ਵਿੱਚ ਹੀ ਮਾਸਪੇਸ਼ੀਆਂ ਦਾ ਭਾਰ 20% ਤੱਕ ਅਤੇ ਤਿੰਨ ਤੋਂ ਛੇ ਮਹੀਨਿਆਂ ਦੇ ਪੁਲਾੜੀ ਮਿਸ਼ਨਾਂ ਦੌਰਾਨ ਤਾਂ ਇਹ 30% ਵੀ ਡਿੱਗ ਸਕਦਾ ਹੈ।
ਇਸੇ ਤਰ੍ਹਾਂ ਜਦੋਂ ਕੰਕਾਲ ਉੱਪਰ ਧਰਤੀ ਜਿੰਨਾ ਦਬਾਅ ਨਹੀਂ ਪੈਂਦਾ ਤਾਂ ਹੱਡੀਆਂ ਵੀ ਆਪਣੇ ਖਣਿਜ ਗੁਆ ਕੇ ਕਮਜ਼ੋਰ ਹੋਣ ਲੱਗਦੀਆਂ ਹਨ।
ਪੁਲਾੜ ਯਾਤਰੀਆਂ ਦੀਆਂ ਇੱਕ ਮਹੀਨੇ ਵਿੱਚ 1%-2% ਹੱਡੀਆਂ ਖੁਰ ਸਕਦੀਆਂ ਹਨ। ਹਰ ਛੇ ਮਹੀਨਿਆਂ ਵਿੱਚ 10% ਤੋਂ ਜ਼ਿਆਦਾ।
ਜਦਕਿ ਧਰਤੀ ਉੱਪਰ ਬੁੱਢੀ ਉਮਰ ਦੀਆਂ ਇਸਤਰੀਆਂ ਅਤੇ ਮਰਦਾਂ ਦੀਆਂ ਹਰ ਸਾਲ ਮਹਿਜ਼ 0.5% ਤੋਂ 1% ਹੱਡੀਆਂ ਹੀ ਖੁਰਦੀਆਂ ਹਨ।
ਉਨ੍ਹਾਂ ਦੀਆਂ ਹੱਡੀਆਂ ਜਲਦੀ ਟੁੱਟਣ ਲਗਦੀਆਂ ਹਨ ਜਦਕਿ ਜੁੜਨ ਵਿੱਚ ਲੱਗਣ ਵਾਲਾ ਸਮਾਂ ਵੀ ਲੰਮੇਰਾ ਹੋ ਜਾਂਦਾ ਹੈ।
ਇੱਕ ਵਾਰ ਧਰਤੀ ’ਤੇ ਪਰਤਣ ਮਗਰੋਂ, ਹੱਡੀਆਂ ਦਾ ਸਧਾਰਨ ਭਾਰ ਹਾਸਲ ਕਰਨ ਵਿੱਚ ਕਿਸੇ ਪੁਲਾੜ ਯਾਤਰੀ ਨੂੰ ਚਾਰ ਸਾਲ ਵੀ ਲੱਗ ਸਕਦੇ ਹਨ।
ਇਸ ਨੂੰ ਰੋਕਣ ਲਈ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਰੋਜ਼ਾਨਾ 2.5 ਘੰਟਿਆਂ ਦੀ ਕਸਰਤ ਅਤੇ ਕਠਿਨ ਸਿਖਲਾਈ ਕਰਦੇ ਹਨ।
ਇਸ ਵਿੱਚ ਉਹ ਸਕੁਐਟਸ, ਡੈਡਲਿਫਟਸ ਅਤੇ ਬੈਂਚਪ੍ਰੈੱਸ ਵਰਗੀਆਂ ਕਸਰਤਾਂ ਕਰਦੇ ਹਨ।
ਇਸ ਸਭ ਲਈ ਪੁਲਾੜ ਸਟੇਸ਼ਨ ਵਿੱਚ ਇੱਕ ਖ਼ਾਸ ਬਹੁ-ਮੰਤਵੀ ਉਪਕਰਣ ਲਗਾਇਆ ਗਿਆ ਹੈ।
ਨਿਯਮਤ ਕਸਰਤ ਤੋਂ ਇਲਾਵਾ ਉਹ ਇੱਕ ਟਰੈਡਮਿਲ ਅਤੇ ਕਸਰਤ ਵਾਲੀ ਸਾਈਕਲ ਵੀ ਚਲਾਉਂਦੇ ਹਨ।
ਆਪਣੀਆਂ ਹੱਡੀਆਂ ਨੂੰ ਯਥਾ ਸੰਭਵ ਨਰੋਈਆਂ ਰੱਖਣ ਲਈ ਉਹ ਖੁਰਾਕੀ-ਪੂਰਕ ਵੀ ਖਾਂਦੇ ਹਨ।
ਇੱਕ ਤਾਜ਼ਾ ਅਧਿਐਨ ਮੁਤਾਬਕ ਹਾਲਾਂਕਿ ਇਹ ਕਸਰਤ ਵੀ ਮਾਸਪੇਸ਼ੀਆਂ ਦੀ ਕਾਰਜ-ਸ਼ਕਤੀ ਅਤੇ ਅਕਾਰ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾਉਣ ਲਈ ਨਾਕਾਫ਼ੀ ਸੀ।
ਅਧਿਐਨ ਵਿੱਚ ਭਾਰੀ ਭਾਰ ਚੁੱਕਣ ਅਤੇ ਔਖੀ ਰਜਿਸਟੈਂਸ ਵਰਜਿਸ਼ ਆਦਿ ਕਰਨ ਨੂੰ ਕਿਹਾ ਗਿਆ ਤਾਂ ਜੋ ਮਾਸਪੇਸ਼ੀਆਂ ਦੇ ਇਸ ਘਾਟੇ ਦੀ ਭਰਪਾਈ ਕੀਤੀ ਜਾ ਸਕੇ।
ਗੁਰੂਤਾ ਖਿੱਚ ਦੀ ਅਣਹੋਂਦ ਵਿੱਚ (ਜੋ ਕਿ ਸਾਡੀਆਂ ਹੱਡੀਆਂ ਨੂੰ ਖਿੱਚ ਕੇ ਰੱਖਦੀ ਹੈ) ਪੁਲਾੜ ਯਾਤਰੀਆਂ ਦੀ ਰੀੜ੍ਹ ਦੀ ਹੱਡੀ ਕੁਝ ਲੰਬੀ ਹੋ ਜਾਂਦੀ ਹੈ। ਇਸ ਕਾਰਨ ਉਹ ਲੰਬੇ ਲਗ ਸਕਦੇ ਹਨ।
ਇਸੇ ਕਾਰਨ ਉਨ੍ਹਾਂ ਨੂੰ ਪੁਲਾੜ ਵਿੱਚ ਪਿੱਠ ਦੇ ਦਰਦ ਅਤੇ ਧਰਤੀ ’ਤੇ ਵਾਪਸੀ ਮਗਰੋਂ ਸਲਿੱਪ-ਡਿਸਕ ਦੀ ਸ਼ਿਕਾਇਤ ਹੋ ਸਕਦੀ ਹੈ।
ਧਰਤੀ ਵੱਲ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਕ ਨੇ ਵੀ ਇੱਕ ਵਾਰ ਕਿਹਾ ਕਿ ਉਨ੍ਹਾਂ ਨੂੰ ਆਪਣੀ ਰੀੜ੍ਹ ਦੀ ਹੱਡੀ ਲੰਬੀ ਹੋਈ ਲਗਦੀ ਹੈ। ਉਨ੍ਹਾਂ ਨੂੰ ਲਗਦਾ ਸੀ ਕਿ ਇਸ ਕਾਰਨ ਸ਼ਾਇਦ ਉਹ ਪੁਲਾੜ ਯਾਤਰੀਆਂ ਦੀ ਧੌਣ ਦੀ ਸਧਾਰਨ ਮੋਚ ਬਚ ਜਾਣਗੇ।
ਪੁਲਾੜ ਯਾਤਰੀਆਂ ਦੀ ਧੌਣ ਵਿੱਚ ਅਕਸਰ ਵਲ ਪੈ ਜਾਂਦਾ ਹੈ ਜਦੋਂ ਉਹ ਧਰਤੀ ਵੱਲ ਵਧਦੇ ਰਾਕਟ ਵਿੱਚੋਂ ਆਪਣੀਆਂ ਸੀਟਾਂ ਤੋਂ ਉੱਠ ਕੇ ਬਾਹਰ ਦੇਖਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਮੇਰੀ ਰੀੜ੍ਹ ਸ਼ਾਇਦ ਕੁਝ ਵਧ ਗਈ ਹੈ ਕਿ ਮੈਂ ਆਪਣੀ ਸੀਟ ’ਤੇ ਬੈਠਾ ਹੀ ਬਾਹਰ ਦੇਖ ਸਕਾਂਗਾ ਕਿ ਮੈਨੂੰ ਜ਼ਿਆਦਾ ਹਿੱਲਣਾ ਨਾ ਪਵੇ।”
ਭਾਰ ਘਟਣਾ

ਤਸਵੀਰ ਸਰੋਤ, Getty Images
ਪੁਲਾੜ ਵਿੱਚ ਮੁਕੰਮਲ ਭਾਰ ਹੀਣਤਾ ਹੁੰਦੀ ਹੈ। ਸਪੇਸ ਸਟੇਸ਼ਨ ਵਿੱਚ ਮਨੁੱਖਾਂ ਸਮੇਤ ਜੋ ਵੀ ਚੀਜ਼ ਬੰਨ੍ਹੀ ਨਾ ਹੋਵੇ ਤੈਰਦੀ ਹੈ। ਉੱਥੇ ਸਰੀਰ ਦਾ ਸਹੀ ਭਾਰ ਬਣਾ ਕੇ ਰੱਖਣਾ ਪੁਲਾੜ ਯਾਤਰੀਆਂ ਲਈ ਇੱਕ ਵੱਡੀ ਚੁਣੌਤੀ ਹੈ।
ਹਾਲਾਂਕਿ ਨਾਸਾ ਪੁਲਾੜ ਯਾਤਰੀਆਂ ਨੂੰ ਪੋਸ਼ਣ ਭਰਭੂਰ ਖੁਰਾਕ ਦੇਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਹਾਲ ਹੀ ਵਿੱਚ ਪਰਾਬੈਂਗਣੀ ਰੌਸ਼ਨੀ ਦੀ ਮਦਦ ਨਾਲ ਸਪੇਸ ਸਟੇਸ਼ਨ ’ਤੇ ਕੁਝ ਸਲਾਦ ਪੱਤੇ ਉਗਾਏ ਗਏ।
ਸਕੌਟ ਕੈਲੀ ਨਾਸਾ ਦੇ ਇੱਕ ਪੁਲਾੜ ਯਾਤਰੀ ਹਨ। ਪਿੱਛੇ ਜਿਹੇ ਉਹ ਪੁਲਾੜ ਵਿੱਚ 340 ਦਿਨ ਰਹੇ। ਇਸ ਮਗਰੋਂ ਉਨ੍ਹਾਂ ਨੇ ਪੁਲਾੜ ਯਾਤਰੀਆਂ ਦੀ ਸਿਹਤ ਬਾਰੇ ਅਧਿਐਨ ਵਿੱਚ ਹਿੱਸਾ ਲਿਆ। ਅਧਿਐਨ ਵਿੱਚ ਦੇਖਿਆ ਗਿਆ ਕਿ ਪੁਲਾੜ ਵਿੱਚ ਰਹਿਣ ਦਾ ਇਨ੍ਹਾਂ ਲੋਕਾਂ ਦੇ ਸਰੀਰ/ਸਿਹਤ ’ਤੇ ਕੀ ਅਸਰ ਪੈਂਦਾ ਹੈ।
ਕੈਲੀ ਦਾ ਜੁੜਵਾਂ ਭਰਾ ਧਰਤੀ ਉੱਪਰ ਹੀ ਸੀ। ਉਹ ਵੀ ਅਧਿਐਨ ਦਾ ਹਿੱਸਾ ਸੀ। ਪੁਲਾੜ ਵਿੱਚ ਰਹਿਣ ਦੌਰਾਨ ਸਕੌਟ ਦਾ ਭਾਰ 7% ਘਟਿਆ।
ਨਜ਼ਰ

ਤਸਵੀਰ ਸਰੋਤ, Getty Images
ਧਰਤੀ ਦੀ ਗੁਰੂਤਾ ਖਿੱਚ ਖੂਨ ਨੂੰ ਹੇਠਾਂ ਵੱਲ ਖਿੱਚਦੀ ਹੈ ਜਦਕਿ ਸਾਡਾ ਦਿਲ ਪੰਪ ਕਰਕੇ ਇਸ ਨੂੰ ਉੱਪਰ ਵੱਲ ਭੇਜਦਾ ਹੈ। (ਪੁਲਾੜ ਵਿੱਚ ਇਹ ਸਭ ਉਲਟ-ਪੁਲਟ ਜਾਂਦਾ ਹੈ। ਹਾਂ, ਸਰੀਰ ਨਵੀਂ ਸਥਿਤੀ ਮੁਤਾਬਕ ਕੁਝ ਹੱਦ ਤੱਕ ਢਲਦਾ ਵੀ ਹੈ।)
ਇਸ ਸਥਿਤੀ ਵਿੱਚ ਖੂਨ ਦਿਮਾਗ ਵੱਲ ਆਮ ਨਾਲੋਂ ਜ਼ਿਆਦਾ ਇਕੱਠਾ ਹੋ ਜਾਂਦਾ ਹੈ। ਇਸ ਵਿੱਚੋਂ ਕੁਝ ਮਾਤਰਾ ਅੱਖਾਂ ਦੇ ਪਿੱਛੇ ਆਪਟਿਕ ਨਰਵ ਕੋਲ ਵੀ ਜਮ੍ਹਾਂ ਹੋ ਜਾਂਦੀ ਹੈ। ਜੋ ਓਇਡਿਮਾ ਦਾ ਕਾਰਨ ਬਣ ਸਕਦੀ ਹੈ।
ਇਸ ਕਾਰਨ ਨਜ਼ਰ ਦਾ ਤਿੱਖਾਪਣ ਘੱਟ ਸਕਦਾ ਹੈ ਜਾਂ ਅੱਖ ਦੀ ਬਣਤਰ ਵੀ ਬਦਲ ਸਕਦੀ ਹੈ।
ਇਹ ਬਦਲਾਅ ਸ਼ੁਰੂਆਤੀ ਦੋ ਹਫ਼ਤਿਆਂ ਵਿੱਚ ਹੀ ਆਉਣੇ ਸ਼ੁਰੂ ਹੋ ਸਕਦੇ ਹਨ। ਸਮਾਂ ਬੀਤਣ ਨਾਲ ਖ਼ਤਰਾ ਵਧ ਜਾਂਦਾ ਹੈ।
ਪੁਲਾੜ ਯਾਤਰੀਆਂ ਦੀ ਨਜ਼ਰ ਧਰਤੀ ’ਤੇ ਵਾਪਸ ਆਉਣ ਤੋਂ ਕੁਝ ਸਾਲਾਂ ਵਿੱਚ ਠੀਕ ਹੋ ਜਾਂਦੀ ਹੈ ਪਰ ਕੁਝ ਬਦਲਾਅ ਸਥਾਈ ਵੀ ਹੋ ਜਾਂਦੇ ਹਨ।
ਗਲੈਕਟਿਕ ਕੌਸਮਿਕ ਕਿਰਨਾਂ ਅਤੇ ਸ਼ਕਤੀਸ਼ਾਲੀ ਸੂਰਜੀ ਕਿਰਨਾਂ ਵੀ ਅੱਖਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਧਰਤੀ ਦਾ ਵਾਯੂਮੰਡਲ ਇਹਨਾਂ ਕਿਰਨਾਂ ਤੋਂ ਸਾਨੂੰ ਬਚਾਉਂਦਾ ਹੈ ਪਰ ਪੁਲਾੜ ਵਿੱਚ ਇਹ ਸੁਰੱਖਿਆ ਕਵਚ ਨਹੀਂ ਹੈ।
ਹਾਲਾਂਕਿ ਪੁਲਾੜੀ-ਵਾਹਨਾਂ ਵਿੱਚ ਕੌਸਮਿਕ ਕਿਰਨਾਂ ਅਤੇ ਅਤਿ ਦੀਆਂ ਵਿਕਰਣਾਂ ਤੋਂ ਢਾਲ ਹੁੰਦੀ ਹੈ ਪਰ ਫਿਰ ਵੀ ਕੁਝ ਪੁਲਾੜ ਯਾਤਰੀਆਂ ਨੇ ਅੱਖਾਂ ਵਿੱਚ ਤੇਜ਼ ਰੌਸ਼ਨੀ ਆਦਿ ਦੀ ਸ਼ਿਕਾਇਤ ਕੀਤੀ ਹੈ। ਇਸ ਦੀ ਵਜ੍ਹਾ ਸੂਰਜੀ ਵਿਕਰਣਾਂ ਦਾ ਉਨ੍ਹਾਂ ਦੀਆਂ ਅੱਖਾਂ ਦੇ ਰੈਟੀਨਾ ਦੇ ਸੰਪਰਕ ਵਿੱਚ ਆਉਣਾ ਹੋ ਸਕਦਾ ਹੈ।
ਦਿਮਾਗੀ ਬਦਲਾਅ

ਤਸਵੀਰ ਸਰੋਤ, NASA
ਕੈਲੀ ਦਾ ਦਿਮਾਗ ਪੁਲਾੜ ਫੇਰੀ ਤੋਂ ਬਾਅਦ ਉਨ੍ਹਾਂ ਦੇ ਭਰਾ ਵਰਗਾ ਹੀ ਸੀ ਤੇ ਜ਼ਿਆਦਾ ਨਹੀਂ ਸੀ ਬਦਲਿਆ।
ਹਾਲਾਂਕਿ ਦਿਮਾਗੀ ਫੁਰਤੀ ਅਤੇ ਸਟੀਕਤਾ ਆਮ ਵਰਗੀ ਹੋਣ ਨੂੰ ਛੇ ਮਹੀਨੇ ਦਾ ਸਮਾਂ ਲੱਗ ਗਿਆ ਸੀ।
ਸੰਭਵ ਹੈ ਕਿ ਸਾਡੇ ਦਿਮਾਗ ਦੇ ਸਹੀ ਕੰਮ ਵਿੱਚ ਗੁਰੂਤਾ ਖਿੱਚ ਦੀ ਭੂਮਿਕਾ ਹੋਵੇ। ਜਦੋਂ ਉਹ ਵਾਪਸ ਆਏ ਅਤੇ ਉਨ੍ਹਾਂ ਦਾ ਦਿਮਾਗ ਮੁੜ ਪਹਿਲਾਂ ਵਰਗਾ ਹੋ ਗਿਆ।
ਇੱਕ ਰੂਸੀ ਪੁਲਾੜ ਯਾਤਰੀ ਸਪੇਸ ਸਟੇਸ਼ਨ ’ਤੇ 169 ਦਿਨ ਰਹੇ ਸਨ। ਉਨ੍ਹਾਂ ਦੇ ਦਿਮਾਗ ਦੇ ਅਧਿਐਨ ਤੋਂ ਦਿਮਾਗ ਵਿੱਚ ਵੀ ਕੁਝ ਬਦਲਾਅ ਆਉਣ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਦੇ ਦਿਮਾਗ ਦੇ ਮੋਟਰ-ਗਤੀਵਿਧੀ ਨਾਲ ਜੁੜੇ ਹਿੱਸੇ ਦੇ ਨਿਊਰਲ-ਨੈਟਵਰਕ ਵਿੱਚ ਕੁਝ ਤਬਦੀਲੀ ਆਈ ਸੀ।
ਦੂਸਰੇ ਸ਼ਬਦਾਂ ਵਿੱਚ ਹਿੱਲਣ-ਜੁੱਲਣ ਅਤੇ ਦਿਮਾਗ ਦੇ ਸਰੀਰ ਅਤੇ ਸੋਚ ਦਾ ਤਾਲਮੇਲ ਬਣਾਉਣ, ਬੈਲੰਸ, ਪ੍ਰਤੀਤੀ ਵਾਲੇ ਹਿੱਸੇ ਵੈਸਟੀਬੁਲਰ ਕੋਰਟੈਕਸ ਵਿੱਚ ਵੀ ਬਦਲਾਅ ਆਇਆ ਸੀ।
ਇਹ ਸ਼ਾਇਦ ਭਾਰ ਹੀਣਤਾ ਕਾਰਨ ਹੈ। ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਹਿੱਲ-ਜੁੱਲ ਕਰਨ ਦੀ ਜਾਂਚ ਸਿੱਖਣੀ ਪੈਂਦੀ ਹੈ। ਕਿਉਂਕਿ ਉੱਥੇ ਗੁਰੂਤਾਕਰਸ਼ਣ ਵਰਗੀ ਕੋਈ ਚੀਜ਼ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਇੱਕ ਥਾਂ ਟਿਕੇ ਰਹਿਣ ਵਿੱਚ ਮਦਦ ਕਰੇ। ਉਹ ਜ਼ਿਆਦਾਤਰ ਸੱਖਣਤਾ ਵਿੱਚ ਤੈਰਦੇ ਹੋਏ ਸਮਾਂ ਬਤੀਤ ਕਰਦੇ ਹਨ।
ਇੱਕ ਹੋਰ ਤਾਜ਼ਾ ਅਧਿਐਨ ਨੇ ਲੰਬਾ ਸਮਾਂ ਪੁਲਾੜ ਵਿੱਚ ਰਹਿਣ ਕਾਰਨ ਦਿਮਾਗੀ ਬਣਤਰ ਵਿੱਚ ਆਉਣ ਵਾਲੇ ਬਦਲਾਅ ਨੂੰ ਲੈਕੇ ਸ਼ੰਕੇ ਖੜ੍ਹੇ ਕੀਤੇ ਹਨ।
ਦਿਮਾਗ ਦੇ ਸੱਜੇ ਲੇਟਰਲ ਅਤੇ ਤੀਜੇ ਵੈਂਟਰੀਕਲਸ ਵਜੋਂ ਜਾਣੀਆਂ ਜਾਂਦੀਆਂ, ਵਿੱਥਾਂ। ਇਨ੍ਹਾਂ ਵਿੱਥਾਂ ਵਿੱਚੋਂ ਹੀ ਖੋਪੜੀ ਦਾ ਤਰਲ ਪੋਸ਼ਕ ਤੱਤਾਂ ਦਾ ਦਿਮਾਗ ਵਿੱਚ ਸੰਚਾਰ ਕਰਦਾ ਹੈ। ਇਸੇ ਤਰਲ ਰਾਹੀਂ ਦਿਮਾਗ ਦੀ ਸਫ਼ਾਈ ਹੁੰਦੀ ਹੈ।
ਅਧਿਐਨ ਮੁਤਾਬਕ ਇਹ ਵਿੱਥਾਂ ਸੁੱਜ ਜਾਂਦੀਆਂ ਹਨ ਤੇ ਠੀਕ ਹੋਣ ਨੂੰ ਤਿੰਨ ਸਾਲ ਵੀ ਲੱਗ ਸਕਦੇ ਹਨ।
ਮਿੱਤਰ ਸੂਖਮ ਜੀਵ

ਤਸਵੀਰ ਸਰੋਤ, Getty Images
ਪਿਛਲੀ ਖੋਜ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਚੰਗੀ ਸਿਹਤ ਲਈ ਸਾਡੇ ਢਿੱਡ ਵਿੱਚ ਰਹਿ ਰਹੇ ਸੂਖਮ-ਜੀਵਾਂ ਦੀ ਵੰਨ-ਸੁਵੰਨਤਾ ਅਤੇ ਤੰਦਰੁਸਤੀ ਬਹੁਤ ਜ਼ਰੂਰੀ ਹੈ।
ਇਨ੍ਹਾਂ ਸੂਖਮ ਜੀਵਾਂ ਤੋਂ ਨਾ ਸਿਰਫ਼ ਸਾਡੀ ਪਾਚਨ ਪ੍ਰਣਾਲੀ ਸਗੋਂ ਸੋਜਿਸ਼ ਦਾ ਪੱਧਰ ਅਤੇ ਸਾਡੇ ਦਿਮਾਗ ਦਾ ਕੰਮ ਕਾਜ ਵੀ ਪ੍ਰਭਾਵਿਤ ਹੁੰਦਾ ਹੈ।
ਕੈਲੀ ਦੀ ਜਾਂਚ ਕਰ ਰਹੇ ਵਿਗਿਆਨੀਆਂ ਨੇ ਦੇਖਿਆ ਕਿ ਪੁਲਾੜ ਵਿੱਚ ਰਹਿਣ ਦੌਰਾਨ ਉਨ੍ਹਾਂ ਦੇ ਢਿੱਡ ਦੇ ਸੂਖਮ ਜੀਵ ਅਤੇ ਫੰਗਸ ਬਹੁਤ ਜ਼ਿਆਦਾ ਬਦਲ ਗਏ ਸਨ।
ਕੋਈ ਹੈਰਾਨੀ ਨਹੀਂ ਹੈ ਕਿਉਂਕਿ ਉਹ ਖਾਣਾ ਵੀ ਧਰਤੀ ਨਾਲੋਂ ਬਹੁਤ ਵੱਖਰਾ ਖਾ ਰਹੇ ਸਨ। ਜਿਨ੍ਹਾਂ ਲੋਕਾਂ ਨਾਲ ਰਹਿ ਰਹੇ ਸਨ ਉਹ ਵੀ ਬਿਲਕੁਲ ਵੱਖਰੇ ਸਨ।
ਆਪਣੇ ਆਲੇ-ਦੁਆਲੇ ਵਾਲਿਆਂ ਨਾਲ ਅਸੀਂ ਬਹੁਤ ਵੱਡੀ ਮਾਤਰਾ ਵਿੱਚ ਢਿੱਡ ਅਤੇ ਮੂੰਹ ਵਿੱਚ ਰਹਿਣ ਵਾਲੇ ਸੂਖਮ ਜੀਵਾਂ ਦਾ ਲੈਣ-ਦੇਣ ਕਰਦੇ ਹਾਂ।
ਚਮੜੀ
ਹਾਲਾਂਕਿ ਹੁਣ ਤੱਕ ਨਾਸਾ ਦੇ ਪੰਜ ਪੁਲਾੜ ਯਾਤਰੀ, 300 ਤੋਂ ਜ਼ਿਆਦਾ ਦਿਨ ਪੁਲਾੜ ਵਿੱਚ ਰਹਿ ਕੇ ਵਾਪਸ ਆਏ ਹਨ। ਜਦਕਿ ਚਮੜੀ ਦੇ ਸੰਬੰਧ ਵਿੱਚ ਅਸੀਂ ਇੱਕ ਵਾਰ ਫਿਰ ਤੋਂ ਕੈਲੀ ਦੇ ਧੰਨਵਾਦੀ ਹਾਂ।
ਵਾਪਸ ਧਰਤੀ ’ਤੇ ਆਉਣ ਮਗਰੋਂ ਉਨ੍ਹਾਂ ਦੀ ਚਮੜੀ ਛੇ ਦਿਨਾਂ ਤੱਕ ਅਤੀ ਸੰਵੇਦਨਸ਼ੀਲ ਰਹੀ ਅਤੇ ਨੀਲ ਵੀ ਪਏ ਸਨ।
ਵਿਗਿਆਨੀਆਂ ਦੀ ਰਾਇ ਹੈ ਕਿ ਪੁਲਾੜ ਵਿੱਚ ਚਮੜੀ ਨੂੰ ਉਤੇਜਿਤ ਕਰਨ ਵਾਲੀਆਂ ਚੀਜ਼ਾਂ ਦੀ ਕਮੀ ਕਾਰਨ ਧਰਤੀ ’ਤੇ ਉਨ੍ਹਾਂ ਨੂੰ ਸੰਵੇਦਨਾ ਜ਼ਿਆਦਾ ਮਹਿਸੂਸ ਹੋ ਰਹੀ ਸੀ।
ਜੀਨ

ਤਸਵੀਰ ਸਰੋਤ, Getty Images
ਕੈਲੀ ਦੇ ਅਧਿਐਨ ਦੀ ਸਭ ਤੋਂ ਅਹਿਮ ਪ੍ਰਾਪਤੀ ਤਾਂ ਪੁਲਾੜ ਯਾਤਰਾ ਦਾ ਉਨ੍ਹਾਂ ਦੇ ਡੀਐੱਨਏ ’ਤੇ ਪੈਣ ਵਾਲਾ ਅਸਰ ਸੀ।
ਡੀਐੱਨਏ ਸਟਰੈਂਡ ਦੇ ਹਰ ਸਿਰੇ ’ਤੇ ਕੁਝ ਸੰਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਟੇਲੋਮਰਸ ਕਿਹਾ ਜਾਂਦਾ ਹੈ। ਇਹ ਸੰਰਚਨਾਵਾਂ ਸਾਡੇ ਜਨੈਟਿਕ ਮਾਦੇ ਨੂੰ ਕਿਸੇ ਸੰਭਾਵੀ ਨੁਕਸਾਨ ਤੋਂ ਰਾਖੀ ਕਰਦੀਆਂ ਹਨ।
ਵਧਦੀ ਉਮਰ ਨਾਲ ਇਹ ਟੇਲੋਮਰਸ ਸੁੰਗੜਨ ਲੱਗਦੀਆਂ ਹਨ। ਹਾਲਾਂਕਿ ਕੈਲੀ ਸਮੇਤ ਹੋਰ ਪੁਲਾੜ ਯਾਤਰੀਆਂ ’ਤੇ ਕੀਤੇ ਅਧਿਐਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸੰਰਚਨਾਵਾਂ ਵੀ ਪੁਲਾੜੀ ਫੇਰੀ ਤੋਂ ਪ੍ਰਭਾਵਿਤ ਹੁੰਦੀਆਂ ਹਨ।
ਸੂਜ਼ੈਨ ਬੇਇਲੀ ਕੋਲੋਰਾਡੋ ਸਟੇਟ ਯੂਨੀਵਰਸਿਟੀ ਵਿੱਚ ਵਾਤਾਵਰਣਿਕ ਅਤੇ ਰੇਡੀਓਲੋਜੀਕਲ ਸਿਹਤ ਦੇ ਪ੍ਰੋਫ਼ੈਸਰ ਹਨ।
ਉਹ ਦੱਸਦੇ ਹਨ ਕਿ ਪੁਲਾੜੀ ਫੇਰੀ ਦੌਰਾਨ ਇਨ੍ਹਾਂ ਟੇਲੋਮਰਸ ਦੀ ਲੰਬਾਈ ਵਿੱਚ ਵਰਨਣਯੋਗ ਵਾਧਾ ਹੋਇਆ ਸੀ।
ਪ੍ਰੋਫ਼ੈਸਰ ਸੂਜ਼ੈਨ, ਕੈਲੀ ਅਤੇ ਉਨ੍ਹਾਂ ਦੇ ਭਰਾ ਦਾ ਅਧਿਐਨ ਕਰਨ ਵਾਲੀ ਵਿਗਿਆਨੀਆਂ ਦੀ ਟੀਮ ਦੀ ਮੈਂਬਰ ਸਨ।
ਇਸ ਤੋਂ ਇਲਾਵਾ ਸੂਜ਼ੈਨ ਨੇ ਉਨ੍ਹਾਂ 10 ਪੁਲਾੜ ਯਾਤਰੀਆਂ ਉੱਪਰ ਵੀ ਅਧਿਐਨ ਕੀਤੇ ਹਨ ਜੋ ਲਗਭਗ ਛੇ ਮਹੀਨਿਆਂ ਤੱਕ ਪੁਲਾੜ ਵਿੱਚ ਰਹੇ।
“ਇਸ ਤੋਂ ਇਲਾਵਾ ਸਾਰੇ ਕਰਿਊ ਮੈਂਬਰਾਂ ਦੇ ਟੇਲੋਮਰਸ ਧਰਤੀ ਉੱਪਰ ਆਉਣ ਮਗਰੋਂ ਤੇਜ਼ੀ ਨਾਲ ਸੁੰਘੜੇ ਸਨ। ਜਿਸ ਦੀ ਕਿ ਉਮੀਦ ਨਹੀਂ ਸੀ। ਇਸ ਦਾ ਸੰਬੰਧ ਬੁਢਾਪੇ ਅਤੇ ਸਿਹਤ ਨਾਲ ਵੀ ਸੀ। ਪੁਲਾੜ ਵਿੱਚ ਰਹਿ ਕੇ ਆਏ ਪੁਲਾੜ ਯਾਤਰੀਆਂ ਵਿੱਚ ਛੋਟੇ ਟੇਲੋਮਰਸ ਦੀ ਗਿਣਤੀ ਉਡਾਣ ’ਤੇ ਜਾਣ ਤੋਂ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ।”
ਇਸ ਵਰਤਾਰੇ ਦੇ ਕਾਰਨਾਂ ਬਾਰੇ ਅਜੇ ਪੂਰੀ ਜਾਣਕਾਰੀ ਤਾਂ ਨਹੀਂ ਹੈ।
ਸੂਜ਼ੈਨ ਦਾ ਕਹਿਣਾ ਹੈ, “ਸਾਡੇ ਕੋਲ ਕੁਝ ਸੁਰਾਗ ਹਨ। ਪੁਲਾੜ ਯਾਤਰੀ ਜੋ ਲੰਬਾ ਸਮਾਂ ਪੁਲਾੜ ਵਿੱਚ ਰਹਿ ਚੁੱਕੇ ਹਨ ਜਿਵੇਂ- ਰੂਬੀਓ, ਜਿਨ੍ਹਾਂ ਨੇ ਪੁਲਾੜ ਵਿੱਚ ਇੱਕ ਸਾਲ ਬਿਤਾਇਆ ਹੈ। ਉਹ ਇਸ ਵਰਤਾਰੇ ਨੂੰ ਅਤੇ ਸਿਹਤ ’ਤੇ ਇਸ ਦੇ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦਗਾਰ ਹੋਣਗੇ।”
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸੰਭਾਵੀ ਕਾਰਨ ਵਿਕਰਨਾਂ ਦੇ ਇੱਕ ਪੇਚੀਦਾ ਮਿਸ਼ਰਣ ਦੇ ਸੰਪਰਕ ਵਿੱਚ ਆਉਣਾ ਹੋ ਸਕਦਾ ਹੈ। ਪੁਲਾੜ ਵਿੱਚ ਲੰਬਾ ਸਮਾਂ ਰੁਕੇ ਯਾਤਰੀਆਂ ਦੇ ਡੀਐੱਨਏ ਨੂੰ ਨੁਕਸਾਨ ਪਹੁੰਚਾਉਣ ਦੇ ਸੰਕੇਤ ਦੇਖੇ ਗਏ ਹਨ।
ਸਾਡੇ ਜੀਨ ਸਾਡੇ ਸਰੀਰ ਦੀ ਬਣਤਰ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਜਦੋਂ ਇਨ੍ਹਾਂ ਪੁਲਾੜ ਯਾਤਰੀਆਂ ਦੇ ਡੀਐੱਨਏ ਵਿੱਚ ਬਦਲਾਅ ਆਇਆ ਤਾਂ ਉਨ੍ਹਾਂ ਦੀਆਂ ਹੱਡੀਆਂ ਦੀ ਬਣਤਰ ਅਤੇ ਤਣਾਅ ਪ੍ਰਤੀ ਪ੍ਰਤੀਕਿਰਿਆ ਵੀ ਪ੍ਰਭਾਵਿਤ ਹੋਈ। ਹਾਲਾਂਕਿ ਇਹ ਸਭ ਛੇ ਮਹੀਨਿਆਂ ਵਿੱਚ ਮੁੜ ਪਹਿਲਾਂ ਵਰਗਾ ਹੋ ਜਾਂਦਾ ਹੈ, ਅਜਿਹਾ ਦੇਖਿਆ ਗਿਆ ਹੈ।
ਬੀਮਾਰੀਆਂ ਨਾਲ ਲੜਨ ਦੀ ਸ਼ਕਤੀ

ਤਸਵੀਰ ਸਰੋਤ, Getty Images
ਕੈਲੀ ਨੂੰ ਫੇਰੀ ’ਤੇ ਜਾਣ ਤੋਂ ਪਹਿਲਾਂ, ਦੌਰਾਨ ਅਤੇ ਵਾਪਸੀ ਮਗਰੋਂ ਕੁਝ ਵੈਕਸੀਨ ਲਗਾਏ ਗਏ ਸਨ। ਦੇਖਿਆ ਗਿਆ ਕਿ ਵੈਕਸੀਨਾਂ ਪ੍ਰਤੀ ਸਰੀਰ ਨੇ ਸਧਾਰਣ ਪ੍ਰਤੀਕਿਰਿਆ ਹੀ ਕੀਤੀ।
ਪੁਲਾੜ ਯਾਤਰੀਆਂ ਵਿੱਚ ਚਿੱਟੇ ਲਹੂ ਸੈੱਲਾਂ ਦੀ ਕਮੀ ਵੀ ਦੇਖੀ ਗਈ ਹੈ ਜੋ ਕਿ ਪੁਲਾੜੀ ਵਿਕਰਣਾਂ ਦੇ ਪ੍ਰਭਾਵ ਕਾਰਨ ਵੀ ਹੋ ਸਕਦੀ ਹੈ।
ਅਜੇ ਵੀ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਵਿਗਿਆਨ ਕੋਲ ਨਹੀਂ ਹਨ। ਪੁਲਾੜ ਦੀ ਫੇਰੀ ਦਾ ਲੱਖਾਂ ਸਾਲਾਂ ਦੇ ਕ੍ਰਮ ਵਿਕਾਸ ਵਜੋਂ ਧਰਤੀ ਉੱਪਰ ਰਹਿਣ ਲਈ ਵਿਕਸਿਤ ਹੋਏ (ਬੁੱਧੀਮਾਨ) ਜੀਵਾਂ ’ਤੇ ਆਖਰ ਕੀ ਅਸਰ ਪੈਂਦਾ ਹੈ?
ਰੂਬੀਓ ਆਪਣੀ 371 ਦਿਨਾਂ ਦੀ ਪੁਲਾੜ ਫੇਰੀ ਦੀ ਥਕਾਨ ਵਿੱਚੋਂ ਉੱਭਰ ਰਹੇ ਹਨ। ਇਸ ਦੌਰਾਨ ਵਿਗਿਆਨੀ ਲਗਾਤਾਰ ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ, ਖੂਨ ਦੇ ਸੈਂਪਲਾਂ ਅਤੇ ਸਕੈਨਾਂ ’ਤੇ ਇਹ ਦੇਖਣ ਲਈ ਨਜ਼ਰ ਰੱਖਣਗੇ ਕਿ ਇਸ ਡੇਟਾ ਤੋਂ ਮਨੁੱਖੀ ਸਰੀਰ ਉੱਪਰ ਪੁਲਾੜੀ ਫੇਰੀ ਦੇ ਪ੍ਰਭਾਵ ਬਾਰੇ ਹੋਰ ਕੀ ਸਿੱਖਿਆ-ਸਮਝਿਆ ਜਾ ਸਕਦਾ ਹੈ।












