ਭਾਰਤ ਦੇ 3 ਵਿਅਕਤੀਆਂ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਹੁਣ ਕਿਸ ਅਧਿਐਨ ਲਈ ਭੇਜਿਆ ਜਾ ਰਿਹਾ

ਸਮੁੰਦਰਯਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਪਣਡੁੱਬੀ ਜ਼ਰੀਏ ਤਿੰਨ ਵਿਅਕਤੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਅਧਿਐਨ ਲਈ ਭੇਜਿਆ ਜਾਵੇਗਾ
    • ਲੇਖਕ, ਜਾਨ੍ਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਨੇ ਹੁਣ ਸਮੁੰਦਰ ਦੀ ਡੂੰਘਾਈ ਵਿੱਚ ਲੁਕੇ ਰਹੱਸਾਂ ਨੂੰ ਜਾਣਨ ਲਈ ਇੱਕ ਨਵੇਂ ਮਿਸ਼ਨ ਦੀ ਤਿਆਰੀ ਕਰ ਲਈ ਹੈ।

ਇਸ ਲਈ ਇੱਕ ਪਣਡੁੱਬੀ ਜ਼ਰੀਏ ਤਿੰਨ ਵਿਅਕਤੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਅਧਿਐਨ ਲਈ ਭੇਜਿਆ ਜਾਵੇਗਾ।

ਇਸ ਪਣਡੁੱਬੀ ਦਾ ਨਾਂ ‘ਮਤਸਿਆ 6000’ ਰੱਖਿਆ ਗਿਆ ਹੈ।

ਚੰਦਰਯਾਨ, ਅਦਿੱਤਿਆ ਐਲ-1 ਅਤੇ ਗਗਨਯਾਨ ਵਾਂਗ ਇਹ ਵੀ ਭਾਰਤ ਦਾ ਇੱਕ ਵੱਡਾ ਵਿਗਿਆਨਕ ਮਿਸ਼ਨ ਹੈ।

ਸੰਸਾਰ ਦੇ ਬਹੁਤ ਘੱਟ ਮੁਲਕ ਸਮੁੰਦਰ ਦੀ ਇੰਨੀ ਡੂੰਘਾਈ ਵਿੱਚ ਮਨੁੱਖਾਂ ਨੂੰ ਭੇਜਣ ਵਿੱਚ ਸਫ਼ਲ ਹੋ ਸਕੇ ਹਨ। ਜੇਕਰ ਇਹ ਮਿਸ਼ਨ ਸਫ਼ਲ ਰਹਿੰਦਾ ਹੈ ਤਾਂ ਭਾਰਤ, ਅਮਰੀਕਾ, ਰੂਸ, ਜਾਪਾਨ, ਫ਼ਰਾਂਸ ਅਤੇ ਚੀਨ ਵਰਗੇ ਮੁਲਕਾਂ ਦੇ ਸਮੂਹ ਵਿੱਚ ਸ਼ਾਮਲ ਹੋ ਜਾਵੇਗਾ।

ਚੇਨਈ ਵਿੱਚ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਨਾਲ-ਨਾਲ ਇਸਰੋ (ਭਾਰਤੀ ਪੁਲਾੜ ਏਜੰਸੀ) ਇਸ ਅਭਿਆਨ ’ਚ ਖ਼ਾਸ ਭੂਮਿਾਕ ਨਿਭਾ ਰਿਹਾ ਹੈ।

ਸਮੁੰਦਰਯਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਭਾਰਤ ਸਮੁੰਦਰੀ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ

ਇਸ ਮਿਸ਼ਨ ਦਾ ਮੁੱਢਲਾ ਟੀਚਾ ਸਮੁੰਦਰ ਦੀ ਛੇ ਕਿਲੋਮੀਟਰ ਡੂੰਘਾਈ ਤੱਕ ਅਧਿਐਨ ਕਰਨਾ ਹੈ।

ਇਹ ਮਿਸ਼ਨ ਸਮੁੰਦਰ ਵਿਚਲੀ ਜੈਵ ਵਿਭਿੰਨਤਾ ਦਾ ਨਿਰੀਖਣ ਵੀ ਕਰੇਗਾ।

ਸਮੁੰਦਰ ਵਿੱਚ ਮੌਜੂਦ ਅਜਿਹੇ ਸਰੋਤਾਂ ਦੀ ਵਰਤੋਂ ਦੀ ਸੰਭਾਵਨਾ ਵੀ ਤਲਾਸ਼ੇਗਾ ਜੋ ਭਾਰਤ ਦੀ ਤਰੱਕੀ ਵਿੱਚ ਸਹਾਈ ਹੋ ਸਕਦੇ ਹਨ।

11 ਸਤੰਬਰ ਨੂੰ ਭਾਰਤ ਦੇ ‘ਭੂ-ਵਿਗਿਆਨ’ ਮੰਤਰੀ ਕਿਰਨ ਰਿਜੀਜੂ ਨੇ ਚੇਨਈ ਸਥਿਤ ਐੱਨਆਈਓਟੀ ਦੇ ਕੇਂਦਰੀ ਦਫ਼ਤਰ ਦੇ ਫ਼ੇਰੇ ਤੋਂ ਬਾਅਦ ਸੋਸ਼ਲ ਮੀਡਿਆ ਉੱਤੇ ਜਾਣਕਾਰੀ ਸਾਂਝੀ ਕੀਤੀ, “ਦੇਸ਼ ਇਸ ਮਿਸ਼ਨ ਲਈ ਤਿਆਰ ਹੈ।”

ਉਨ੍ਹਾਂ ਕਿਹਾ, “ਇਹ ਪਣਡੁੱਬੀ ਸਮੁੰਦਰ ਦੇ ਵਾਤਾਵਰਣ ਨਾਲ ਛੇੜਛਾੜ ਨਹੀਂ ਕਰੇਗੀ। ਇਹ ਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਲੂ ਅਰਥਵਿਸਥਾ ਦੇ ਟੀਚਿਆਂ ਨੂੰ ਹੋਰ ਮਜ਼ਬੂਤ ਕਰੇਗਾ।”

ਭਾਰਤ ਦਾ ‘ਗਗਨਯਾਨ’ ਮਨੁੱਖ ਨੂੰ ਪੁਲਾੜ ਵਿੱਚ ਭੇਜ ਰਿਹਾ ਹੈ ਤਾਂ ‘ਸਮੁੰਦਰਯਾਨ’ ਮਨੁੱਖ ਨੂੰ ਸਮੁੰਦਰ ਨੂੰ ਦੀ ਗਹਿਰਾਈ ਦੇ ਭੇਤਾਂ ਨੂੰ ਸਮਝਣ ਵਿੱਚ ਮਦਦਗਾਰ ਹੋ ਸਕਦਾ ਹੈ।

ਸਮੁੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਮੌਜੂਦਾ ਮਿਸ਼ਨ ਦਾ ਮੁੱਢਲਾ ਟੀਚਾ ਸਮੁੰਦਰ ਦੀ ਛੇ ਕਿਲੋਮੀਟਰ ਡੂੰਘਾਈ ਤੱਕ ਅਧਿਐਨ ਕਰਨਾ ਹੈ
ਇਹ ਵੀ ਪੜ੍ਹੋ-

ਸਮੁੰਦਰੀ ਲਾਈਨਰ ਕੀ ਹੈ?

ਸਮੁੰਦਰਯਾਨ ਪ੍ਰੋਜੈਕਟ ਭਾਰਤ ਸਰਕਾਰ ਦੇ ‘ਇੰਡੀਆ ਡੀਪ ਓਸ਼ੀਅਨ ਮਿਸ਼ਨ’ (ਭਾਰਤ ਦੇ ਸਮੁੰਦਰ ਦੀ ਗਹਿਰਾਈ ਵਿਚਲੇ ਮਿਸ਼ਨ) ਦਾ ਅਹਿਮ ਹਿੱਸਾ ਹੈ, ਇਸ ਤਹਿਤ ਸਮੁੰਦਰ ਦੀ ਡੂੰਘਾਈ ਵਿੱਚ ਜਾ ਕੇ ਅਧਿਐਨ ਕੀਤਾ ਜਾਵੇਗਾ।

ਐੱਨਆਈਓਟੀ ਵੱਲੋਂ ਇਸ ਮਿਸ਼ਨ ਲਈ 4,077 ਕਰੋੜ ਰੁਪਏ ਖਰਚੇ ਜਾ ਰਹੇ ਹਨ।

ਐੱਨਆਈਓਟੀ ਨੇ ਦਸੰਬਰ 2022 ਵਿੱਚ ਸਾਗਰ ਨਿਧੀ ਨਾਂ ਦਾ ਸਮੁੰਦਰੀ ਜਹਾਜ਼ ਕੇਂਦਰੀ ਭਾਰਤੀ ਸਮੁੰਦਰ ਵਿੱਚ ਭੇਜਿਆ ਸੀ।

ਇਸ ਜਹਾਜ ਰਾਹੀਂ ਰੌਬੋਟਿਕ ਪਣਡੁੱਬੀ ਓਐੱਮਈ 6000 ਓਯੂਵੀ (ਓਸ਼ੀਅਨ ਮਿਨਰਲ ਐਕਸਪਲੋਰਰ) 5271 ਮੀਟਰ ਤੱਕ ਦੀ ਡੂੰਘਾਈ ਤੱਕ ਗਈ ਅਤੇ ਇਸ ਨੇ ‘ਮੈਗਨੀਜ਼’ ਧਾਤੂ ਦੀ ਖੋਜ ਕੀਤੀ।

ਇਸ ਮਿਸ਼ਨ ਦੇ ਨਵੇਂ ਪੜਾਅ ਅਧੀਨ ਇੱਕ ਛੋਟੀ ਸਵੈ-ਚਲਿਤ ਪਣਡੁੱਬੀ ਵਿੱਚ ਤਿੰਨ ਲੋਕਾਂ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਭੇਜਿਆ ਜਾਵੇਗਾ।

ਇਸ ਸਾਰੇ ਪ੍ਰੋਜੈਕਟ ਨੂੰ ਸਮੁੰਦਰਯਾਨ ਨਾਂਅ ਦੇ ਨਾਲ ਜਾਣਿਆ ਜਾਂਦਾ ਹੈ।

2019 ਵਿੱਚ ਮੁੱਢਲੇ ਵਿਚਾਰ ਤੋਂ ਬਾਅਦ ਸਮੁੰਦਰਯਾਨ ਮਿਸ਼ਨ ਉੱਤੇ 2020 ਵਿੱਚ ਕੰਮ ਸ਼ੁਰੂ ਹੋਇਆ।

2025-26 ਤੱਕ ਇਸ ਪਣਡੁੱਬੀ ਨੂੰ ਗਹਿਰੇ ਸਮੁੰਦਰ ਵਿੱਚ ਭੇਜਿਆ ਜਾਵੇਗਾ।

ਇਸ ਪਣਡੁੱਬੀ ਦਾ ਨਾਂ ਮਤਸਿਆ 6000 ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਮੱਛੀ’।

ਸਮੁੰਦਰ

ਤਸਵੀਰ ਸਰੋਤ, @ESSO_INCOIS

ਤਸਵੀਰ ਕੈਪਸ਼ਨ, ਸਮੁੰਦਰ ਵਿੱਚ ਇਸ ਵਾਰ ਇੱਕ ਪਣਡੁੱਬੀ ਭੇਜੀ ਜਾਵੇਗੀ

ਮਤਸਿਆ 6000 ਦੀਆਂ ਖੂਬੀਆਂ ਕੀ ਹਨ ?

ਇਸ ਪਣਡੁੱਬੀ ਦਾ ਨਾਂ ਮਤਸਿਆ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਇਸ ਵਿੱਚ ਸਮੁੰਦਰ ਵਿੱਚ 6000 ਮੀਟਰ ਦੀ ਡੂੰਘਾਈ ਤੱਕ ਜਾਣ ਦੀ ਸਮਰੱਥਾ ਹੈ।

ਸਮੁੰਦਰ ਦੇ 6000 ਮੀਟਰ ਅੰਦਰ ਪਾਣੀ ਦਾ ਦਬਾਅ ਵੀ 600 ਗੁਣਾ ਵੱਧ ਹੁੰਦਾ ਹੈ। ਇਸ ਦਬਾਅ ਦਾ ਮੁਕਾਬਲਾ ਕਰਨ ਲਈ ਇਸ ਪਣਡੁੱਬੀ ਨੂੰ ਟਾਈਟੈਨੀਅਮ ਧਾਤ ਨਾਲ ਬਣਾਇਆ ਗਿਆ ਹੈ।

ਇਸ ਪਣਡੁੱਬੀ ਦਾ ਘੇਰਾ 2.1 ਮੀਟਰ ਹੋਵੇਗਾ, ਇਸ ਵਿੱਚ ਇੱਕ ਚਾਲਕ ਦੇ ਨਾਲ ਨਾਲ ਦੋ ਹੋਰ ਲੋਕ ਸਵਾਰ ਹੋ ਸਕਦੇ ਹਨ।

ਇਹ ਸਵੈ-ਚਲਿਤ ਪਣਡੁੱਬੀ 12 ਘੰਟੇ ਤੱਕ ਪਾਣੀ ਵਿੱਚ ਰਹਿ ਸਕਦੀ ਹੈ।

ਪੁਣਡੁੱਬੀ ਵਿੱਚ ਕਿਸੇ ਅਣਸੁਖਾਵੇਂ ਹਾਲਾਤ ਦੌਰਾਨ ਜਾਨੀ ਨੁਕਸਾਨ ਦੇ ਬਚਾਅ ਲਈ ਆਕਸੀਜਨ ਦੀ ਸਪਲਾਈ 96 ਘੰਟੇ ਤੱਕ ਉਪਲਬਧ ਰਹੇਗੀ।

ਇਸ ਪਣਡੁੱਬੀ ਨੂੰ ਤਿਰੁਵਨੰਤਪੁਰਮ ਵਿੱਚ ਸਥਿਤ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਫ਼ਿਲਹਾਲ ਇਸ ਪਣਡੁੱਬੀ ਦਾ ਵੱਖ-ਵੱਖ ਪੜਾਵਾਂ ਉੱਤੇ ਨਿਰੀਖਣ ਚੱਲ ਰਿਹਾ ਹੈ।

ਮਤਸਿਆ 6000

ਤਸਵੀਰ ਸਰੋਤ, @KIRENRIJIJU

ਤਸਵੀਰ ਕੈਪਸ਼ਨ, ਮਤਸਿਆ ਸਮੁੰਦਰ ਦੇ ਪਾਣੀ ਵਿੱਚ 6 ਹਜ਼ਾਰ ਮੀਟਰ ਅੰਦਰ ਤੱਕ ਜਾਣ ਦਾ ਮਿਸ਼ਨ ਹੈ
BBC

ਮਤਸਿਆ ਦੀ ਖ਼ਾਸੀਅਤ

  • ਇਸ ਪਣਡੁੱਬੀ ਦਾ ਨਾਂ ਮਤਸਿਆ 6000 ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਮੱਛੀ’।
  • ਪਣਡੁੱਬੀ ਦਾ ਨਾਂ ਮਤਸਿਆ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਸ ਵਿੱਚ ਸਮੁੰਦਰ ਵਿੱਚ 6000 ਮੀਟਰ ਦੀ ਡੂੰਘਾਈ ਤੱਕ ਜਾਣ ਦੀ ਸਮਰੱਥਾ ਹੈ।
  • ਇਸ ਪਣਡੁੱਬੀ ਦਾ ਘੇਰਾ 2.1 ਮੀਟਰ ਹੋਵੇਗਾ, ਇਸ ਵਿੱਚ ਇੱਕ ਚਾਲਕ ਦੇ ਨਾਲ ਨਾਲ ਦੋ ਹੋਰ ਲੋਕ ਸਵਾਰ ਹੋ ਸਕਦੇ ਹਨ।
  • ਇਹ ਸਵੈ-ਚਲਿਤ ਪਣਡੁੱਬੀ 12 ਘੰਟੇ ਤੱਕ ਪਾਣੀ ਵਿੱਚ ਰਹਿ ਸਕਦੀ ਹੈ।
  • ਪੁਣਡੁੱਬੀ ਵਿੱਚ ਕਿਸੇ ਅਣਸੁਖਾਵੇਂ ਹਾਲਾਤ ਦੌਰਾਨ ਜਾਨੀ ਨੁਕਸਾਨ ਦੇ ਬਚਾਅ ਲਈ ਆਕਸੀਜਨ ਦੀ ਸਪਲਾਈ 96 ਘੰਟੇ ਤੱਕ ਉਪਲਬਧ ਰਹੇਗੀ।
BBC

ਇਹ ਸਫ਼ਰ ਕਿਉਂ ਜ਼ਰੂਰੀ ਹੈ

ਮਤਸਿਆ 6000 ਪਣਡੁੱਬੀ ਵਿੱਚ ਅਜਿਹੇ ਵਿਗਿਆਨਕ ਯੰਤਰ ਲਾਏ ਗਏ ਹਨ ਜਿਨ੍ਹਾਂ ਵਿੱਚ ਸੰਚਾਰ ਦੇ ਨਾਲ-ਨਾਲ ਜਾਣਕਾਰੀ ਸੰਭਾਲੀ ਵੀ ਜਾ ਸਕਦੀ ਹੈ।

ਇਹ ਯੰਤਰ ਸਮੁੰਦਰ ਵਿੱਚੋਂ ਵੱਖ-ਵੱਖ ਧਾਤਾਂ ਜਿਵੇਂ ਨਿੱਕਲ, ਕੋਬਾਲਟ, ਮੈਗਨੀਜ਼, ਹਾਈਡਰੋਥਰਮਲ ਸਲਫਾਈਡ ਵਗੈਰਾ ਨੂੰ ਲੱਭਣ ਵਿੱਚ ਸਹਾਇਤਾ ਕਰੇਗਾ।

ਇਸ ਤੋਂ ਇਲਾਵਾ ਇਹ ਯਾਤਰਾ ਸਮੁੰਦਰੀ ਲਹਿਰਾਂ ਅਤੇ ਉਸ ਖੇਤਰ ਵਿੱਚ ਜੈਵ ਵਿਭਿੰਨਤਾ ਬਾਰੇ ਅਧਿਐਨ ਦੇ ਲਿਹਾਜ਼ ਨਾਲ ਵੀ ਅਹਿਮ ਹੈ।

ਭਾਰਤ ਆਪਣੀ ਸਮੁੰਦਰੀ ਤਾਕਤ ਨੂੰ ਇਨ੍ਹਾਂ ਮਿਸ਼ਨਾਂ ਰਾਹੀ ਸਾਬਤ ਕਰੇਗਾ।

ਨਾਲ ਹੀ, ਭਾਰਤ ਸਰਕਾਰ ਦੇ ਭੂ-ਵਿਗਿਆਨ ਮੰਤਰਾਲੇ ਨੇ ਇਹ ਆਸ ਵੀ ਜ਼ਾਹਰ ਕੀਤੀ ਹੈ ਕਿ ਇਹ ਮੁਹਿੰਮ ਲੋਕਾਂ ਅੰਦਰ ਸਮੁੰਦਰ ਬਾਰੇ ਜਾਗਰੁਕਤਾ ਵੀ ਪੈਦਾ ਕਰੇਗੀ।

ਸਮੁੰਦਰ

ਤਸਵੀਰ ਸਰੋਤ, Getty Images

ਭਾਰਤ ਦੀ ਸਮੁੰਦਰੀ ਮੁਹਿੰਮ 1980 ਵਿੱਚ ਸ਼ੁਰੂ ਹੋਈ। ਉਸ ਸਮੇਂ ਭਾਰਤ ਨੇ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਧਾਤੂਆਂ ਦੇ ਭੰਡਾਰ ਬਾਰੇ ਖੋਜ ਕੀਤੀ ਸੀ।

ਪਰ ਅਜਿਹਾ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਪਣਡੁੱਬੀ ਵਿੱਚ ਮਨੁੱਖ ਸਵਾਰ ਹੋ ਕੇ ਸਮੁੰਦਰ ਦਾ ਗਹਿਰਾ ਸਫ਼ਰ ਕਰਨਗੇ।

ਸਮੁੰਦਰੀ ਜੀਵ ਵਿਗਿਆਨੀ ਡਾਕਟਰ ਅਭਿਸ਼ੇਕ ਸਾਤਮ ਕਹਿੰਦੇ ਹਨ, “ਹੁਣ ਤੱਕ ਸਮੁੰਦਰ ਵਿੱਚ ਅਧਿਐਨ ਲਈ ਭੇਜੇ ਗਏ ਸਾਰੇ ਮਿਸ਼ਨ ਸਕੂਬਾ ਡਾਈਵਿੰਗ ਜ਼ਰੀਏ ਕੀਤੇ ਗਏ ਹਨ।”

“ਸਕੂਬਾ ਡਾਈਵਿੰਗ ਇੱਕ ਮਹਿੰਗਾ ਸਾਧਨ ਹੈ, ਇਸ ਲਈ ਬਹੁਤ ਥੋੜ੍ਹੀਆਂ ਸੰਸਥਾਵਾਂ ਇਸ ਦਾ ਖਰਚਾ ਚੁੱਕ ਸਕਦੀਆਂ ਹਨ।”

“ਇੱਕ ਵਾਰ ਤੁਸੀਂ ਸਕੂਬਾ ਡਾਈਵਿੰਗ ਰਾਹੀਂ ਇੱਕ ਆਕਸੀਜਨ ਦੇ ਸਿਲੰਡਰ ਨਾਲ ਪਾਣੀ ਅੰਦਰ ਜਾਂਦੇ ਹੋ, ਅਤੇ ਸਮੁੰਦਰ ਅੰਦਰ ਸਿਰਫ 45 ਮਿੰਟਾਂ ਤੋਂ ਲੈ ਕੇ ਇੱਕ ਘੰਟੇ ਤੱਕ ਰਹਿ ਸਕਦੇ ਹੋ।”

“ਇਸ ਤਰੀਕੇ ਨਾਲ ਡਾਈਵਿੰਗ ਦਿਨ ਵਿੱਚ ਮਹਿਜ਼ ਦੋ ਵਾਰ ਕੀਤੀ ਜਾ ਸਕਦੀ ਹੈ, ਕਿਉਂਕਿ ਜੇ ਕੋਈ ਬਹੁਤੀ ਦੇਰ ਘੱਟ ਆਕਸੀਜਨ ਨਾਲ ਰਹੇ ਅਤੇ ਸਰੀਰ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਜਾਵੇ ਤਾਂ ਇਸ ਦਾ ਸਿਹਤ ਉੱਤੇ ਅਸਰ ਹੋ ਸਕਦਾ ਹੈ।”

ਸਕੂਬਾ ਡਾਈਵਿੰਗ ਵਿੱਚ ਅਧਿਐਨ ਲਈ ਸਮਾਂ ਬਹੁਤ ਘੱਟ ਮਿਲਦਾ ਹੈ ਅਤੇ ਜ਼ਿਆਦਾ ਡੂੰਘਾਈ ਵਿੱਚ ਜਾਣਾ ਸੰਭਵ ਨਹੀਂ ਹੁੰਦਾ ਹੈ। ਇਸ ਲਈ ਸਮੁੰਦਰ ਦੀ ਡੂੰਘਾਈ ਵਿੱਚ ਅਧਿਐਨ ਲਈ ਪਣਡੁੱਬੀ ਦੀ ਸਹਾਇਤਾ ਲੈਣੀ ਵਧੇਰੇ ਢੁੱਕਵੀਂ ਹੈ।

ਪਣਡੁੱਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਣਡੁੱਬੀ ਰਾਹੀਂ ਪਾਣੀ ਅੰਦਰ ਬਹੁਤੀ ਦੇਰ ਨਹੀਂ ਰਿਹਾ ਜਾ ਸਕਦਾ

ਸਮੁੰਦਰ ਦੇ ਅਧਿਐਨ ਦੀ ਲੋੜ ਕੀ ਹੈ

ਧਰਤੀ ਦੇ 70 ਫ਼ੀਸਦੀ ਹਿੱਸੇ ਉੱਤੇ ਸਮੁੰਦਰ ਹਨ। ਮਨੁੱਖ ਡੂੰਘੇ ਸਾਗਰਾਂ ਦੇ 80 ਫ਼ੀਸਦ ਹਿੱਸੇ ਬਾਰੇ ਹਾਲੇ ਵੀ ਅਣਜਾਣ ਹਨ।

ਇਸੇ ਲਈ ਵਿਗਿਆਨੀ ਸਮੁੰਦਰ ਵਿੱਚ ਵੀ ਉਨੀਂ ਹੀ ਦਿਲਚਸਪੀ ਰੱਖਦੇ ਹਨ, ਜਿੰਨੀ ਕਿ ਪੁਲਾੜ ਵਿੱਚ।

ਸੰਯੁਕਤ ਰਾਸ਼ਟਰ ਦੀ ਸਮੁੰਦਰੀ ਕਾਨੂੰਨ ਬਾਰੇ ਕਨਵੈਸ਼ਨ ਦੌਰਾਨ, ਕਿਸੇ ਵੀ ਦੇਸ਼ ਦੇ ਕੰਢੇ ਤੋਂ ਲੈ ਕੇ 370 ਕਿਲੋਮੀਟਰ ਤੱਕ ਦੇ ਸਮੁੰਦਰ ਨੂੰ ਦੇਸ਼ ਦਾ ਐਕਸਲੂਸਿਵ ਇਕਾਨੋਮਿਕ ਜ਼ੋਨ (ਈਈਜ਼ੈੱਡ) ਐਲਾਨਿਆ ਗਿਆ ਸੀ ਯਾਨੀ ਉਹ ਸਮੁੰਦਰੀ ਇਲਾਕਾ ਜਿਸ ਉੱਤੇ ਦੇਸ਼ ਦਾ ਹੱਕ ਹੋਵੇ।

ਭਾਰਤ ਦਾ ਸਮੁੰਦਰ ਨਾਲ 7500 ਕਿਲੋਮੀਟਰ ਤੋਂ ਵੀ ਵੱਧ ਹਿੱਸਾ ਲੱਗਦਾ ਹੈ ਅਤੇ ਭਾਰਤ ਦਾ ਐਕਸਲੂਸਿਵ ਇਕਨੋਮਿਕ ਜ਼ੋਨ 235143 ਕਿਲੋਮੀਟਰ ਹੈ।

ਪਰ ਇਸ ਖੇਤਰ ਦਾ ਵੱਡਾ ਹਿੱਸਾ ਕਿਸੇ ਅਧਿਐਨ ਜਾਂ ਹੋਰ ਕੰਮ ਲਈ ਨਹੀਂ ਵਰਤਿਆ ਜਾ ਰਿਹਾ।

ਤੇਲ ਦੇ ਭੰਡਾਰ ਜਿਵੇਂ ਬੰਬਈ ਹਾਈ ਜਾਂ ਸਮੁੰਦਰੀ ਅਧਿਐਨ ਦੇ ਹੋਰ ਮਿਸ਼ਨ ਇੱਕ ਛੋਟੇ ਜਿਹੇ ਹਿੱਸੇ ਉੱਤੇ ਹੀ ਕੇਂਦਰਿਤ ਹਨ।

ਸਮੁੰਦਰੀ ਕੰਢੇ ਨੇੜਲੇ ਹਿੱਸੇ ਨੂੰ ‘ਕੌਂਟੀਨੈਂਟਲ ਸ਼ੈਲਫ਼’ ਕਿਹਾ ਜਾਂਦਾ ਹੈ। ਪਰ ਸਮੁੰਦਰਯਾਨ ਮਿਸ਼ਨ ਇਸ ਤੋਂ ਵੀ ਅੱਗੇ ਦਾ ਅਧਿਐਨ ਕਰੇਗਾ।

ਸਮੁੰਦਰ ਖਣਿਜ ਸਰੋਤਾਂ ਲਈ ਹੀ ਮਹੱਤਵਪੂਰਨ ਨਹੀਂ ਹਨ ਸਗੋਂ ਇਹ ਜੈਵ ਵਿਭਿੰਨਤਾ ਅਤੇ ਜਲਵਾਯੂ ਬਦਲਾਅ ਦਾ ਮੁਕਾਬਲਾ ਕਰਨ ਵਿੱਚ ਵੀ ਸਹਾਈ ਹੁੰਦੇ ਹਨ।

ਧਰਤੀ ਉੱਤੇ ਮੌਜੂਦ ਕਾਰਬਨ ਰਾਹੀਂ ਪੈਦਾ ਹੁੰਦੀ ਗਰਮੀ ਦਾ 90 ਫ਼ੀਸਦ ਸਮੁੰਦਰ ਵੱਲੋਂ ਸੋਖਿਆ ਜਾਂਦਾ ਹੈ।

ਭਾਰਤ ਅਜਿਹਾ ਦੇਸ਼ ਹੈ ਜਿੱਥੇ ਖੇਤੀਬਾੜੀ ਅਤੇ ਆਰਥਿਕਤਾ ਮਾਨਸੂਨ ਉੱਤੇ ਨਿਰਭਰ ਕਰਦੇ ਹਨ ਅਤੇ ਮਾਨਸੂਨ ਸਮੁੰਦਰਾਂ ਉੱਤੇ ਨਿਰਭਰ ਹੈ।

ਆਸ ਕੀਤੀ ਜਾ ਰਹੀ ਹੈ ਕਿ ਸਮੁੰਦਰੀ ਅਧਿਐਨ ਭਾਰਤ ਲਈ ਬਹੁਤ ਅਹਿਮ ਨਤੀਜੇ ਲਿਆਵੇਗਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)