ਇਸਰੋ ਲਈ ਲਾਂਚਪੈਡ ਬਣਾਉਣ ਵਾਲੇ ਚਾਹ-ਇਡਲੀ ਵੇਚ ਰਹੇ ਹਨ, 18 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ: ਗਰਾਊਂਡ ਰਿਪੋਰਟ

ਤਸਵੀਰ ਸਰੋਤ, Anand Dutt
- ਲੇਖਕ, ਆਨੰਦ ਦੱਤ
- ਰੋਲ, ਬੀਬੀਸੀ ਲਈ ਰਾਂਚੀ ਤੋਂ
23 ਅਗਸਤ, 2023 ਦੇ ਦਿਨ ਭਾਰਤ ਦਾ ਚੰਨ ਉੱਤੇ ਉਤਰਨ ਦਾ ਸੁਪਨਾ ਪੂਰਾ ਹੋਇਆ। ਚੰਦਰਯਾਨ-3 ਨੇ ਚੰਨ ਦੇ ਦੱਖਣੀ ਧੁਰੇ ਦੀ ਸਤਹਿ ਉੱਤੇ ਸਾਫਟ ਲੈਂਡਿੰਗ ਕੀਤੀ। ਇਸਦੇ ਨਾਲ ਹੀ ਭਾਰਤ ਅਜਿਹਾ ਕਰਨ ਵਾਲਾ ਸੰਸਾਰ ਦਾ ਪਹਿਲਾ ਦੇਸ ਬਣ ਗਿਆ।
ਲੈਂਡਿੰਗ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਵਾਰਤਾ ਲਈ ਦੱਖਣੀ ਅਫ਼ਰੀਕਾ ਵਿੱਚ ਸਨ ਅਤੇ ਜੌਹਨਸਬਰਗ ਤੋਂ ਹੀ ਉਨ੍ਹਾਂ ਨੇ ਇਸਰੋ ਦੇ ਵਿਗਿਆਨੀਆਂ ਅਤੇ ਦੇਸਵਾਸੀਆਂ ਨੂੰ ਵਧਾਈ ਦਿੰਦਿਆਂ ਸੰਬੋਧਨ ਕੀਤਾ।
ਠੀਕ ਉਸੇ ਵੇਲੇ ਚੰਦਰਯਾਨ ਲਈ ਲਾਂਚਪੈਡ ਬਣਾਉਣ ਵਾਲੇ ਮੁਲਾਜ਼ਮ ਆਪਣੀ 18 ਮਹੀਨਿਆਂ ਦੀ ਬਕਾਇਆ ਤਨਖ਼ਾਹ ਲੈਣ ਲਈ ਅੰਦੋਲਨ ਕਰ ਰਹੇ ਸਨ।
ਅੰਦੋਲਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰਾਂਚੀ ਦੇ ਧੁਰਵਾ ਸਥਿਤ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਟਿਡ (ਐੱਚਈਸੀ) ਦੇ 2800 ਮੁਲਾਜ਼ਮਾਂ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ।
ਐੱਚਈਸੀ ਇੱਕ ਸਰਕਾਰੀ ਅਦਾਰਾ ਹੈ। ਐੱਚਈਸੀ ਨੇ ਚੰਦਰਯਾਨ ਦੇ ਲਈ 810 ਟਨ ਦੇ ਲਾਂਚਪੈਡ ਤੋਂ ਇਲਾਵਾ ਫੋਲਡਿੰਗ ਪਲੇਟਫਾਰਮ, ਡਬਲਿਊ.ਯੂ.ਬੀ.ਐੱਸ, ਸਲਾਈਡਿੰਗ ਡੋਰ ਵੀ ਬਣਾਇਆ ਹੈ।
ਇਸ ਦੇ ਨਾਲ ਹੀ ਐੱਚਈਸੀ ਇਸਰੋ ਲਈ ਇੱਕ ਹੋਰ ਲਾਂਚਪੈਡ ਬਣਾ ਰਹੀ ਹੈ।

ਤਸਵੀਰ ਸਰੋਤ, Anand Dutt
ਕੋਈ ਚਾਹ ਵੇਚ ਰਿਹਾ ਹੈ ਤਾਂ ਕੋਈ ਇਡਲੀ
ਐੱਚਈਸੀ ਦੇ ਟੈਕਨੀਸ਼ੀਅਨ ਦੀਪਕ ਕੁਮਾਰ ਉਪਰਾਰੀਆ ਪਿਛਲੇ ਕੁਝ ਦਿਨਾਂ ਤੋਂ ਇਡਲੀ ਵੇਚ ਰਹੇ ਹਨ। ਉਹ ਰਾਂਚੀ ਦੇ ਧੁਰਵਾ ਇਲਾਕੇ ਵਿੱਚ ਪੁਰਾਣੀ ਵਿਧਾਨਸਭਾ ਦੇ ਠੀਕ ਸਾਹਮਣੇ ਇਡਲੀ ਦੀ ਦੁਕਾਨ ਲਗਾਉਂਦੇ ਹਨ।
ਉਹ ਸਵੇਰੇ ਇਡਲੀ ਵੇਚਦੇ ਹਨ, ਦੁਪਹਿਰੇ ਦਫ਼ਤਰ ਜਾਂਦੇ ਹਨ ਅਤੇ ਸ਼ਾਮ ਨੂੰ ਫਿਰ ਇਡਲੀ ਵੇਚ ਕੇ ਘਰ ਚਲੇ ਜਾਂਦੇ ਹਨ।
ਬੀਬੀਸੀ ਨੂੰ ਦੀਪਕ ਨੇ ਦੱਸਿਆ, “ਮੈਂ ਪਹਿਲਾਂ ਕ੍ਰੈਡਿਟ ਕਾਰਡ ਨਾਲ ਘਰ ਚਲਾਇਆ। ਉਸ ਤੋਂ ਦੋ ਲੱਖ ਕਰਜ਼ਾ ਚੜ੍ਹ ਗਿਆ ਅਤੇ ਮੈਨੂੰ ਡਿਫਾਲਟਰ ਕਰਾਰ ਦੇ ਦਿੱਤਾ ਗਿਆ। ਇਸ ਤੋਂ ਬਾਅਦ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਘਰ ਚਲਾਇਆ।”
“ਹੁਣ ਤੱਕ ਚਾਰ ਲੱਖ ਰੁਪਏ ਦਾ ਕਰਜ਼ ਲੈ ਚੁੱਕਿਆ ਹਾਂ ਕਿਉਂਕਿ ਮੈਂ ਕਿਸੇ ਨੂੰ ਪੈਸੇ ਨਹੀਂ ਮੋੜੇ। ਇਸ ਲਈ ਹੁਣ ਲੋਕਾਂ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਹੈ। ਫਿਰ ਪਤਨੀ ਦੇ ਗਹਿਣੇ, ਗਹਿਣੇ ਰੱਖ ਕੇ ਕੁਝ ਦਿਨ ਲੰਘਾਏ।”
ਦੀਪਕ ਆਪਣੇ ਪਰਿਵਾਰ ਦੀ ਬੇਵਸੀ ਬਾਰੇ ਕਹਿੰਦੇ ਹਨ, “ਜਦੋਂ ਲੱਗਿਆ ਭੁੱਖੇ ਮਰ ਜਾਵਾਂਗੇ, ਤਾਂ ਮੈਂ ਇਡਲੀ ਦੀ ਦੁਕਾਨ ਖੋਲ੍ਹ ਲਈ। ਮੇਰੀ ਪਤਨੀ ਵਧੀਆ ਇਡਲੀ ਬਣਾਉਂਦੀ ਹੈ। ਹੁਣ ਹਰ ਰੋਜ਼ 300 ਤੋਂ 400 ਰੁਪਏ ਦੀ ਇਡਲੀ ਵੇਚ ਰਿਹਾ ਹਾਂ। ਜਿਸ ਨਾਲ ਕਈ ਵਾਰ 50 ਰੁਪਏ ਅਤੇ ਕਦੇ 100 ਰੁਪਏ ਮੁਨਾਫ਼ਾ ਹੋ ਜਾਂਦਾ ਹੈ। ਅਜੇ ਇਸੇ ਨਾਲ ਘਰ ਚਲਾ ਰਿਹਾ ਹਾਂ।”

ਤਸਵੀਰ ਸਰੋਤ, Anand Dutt
ਦੀਪਕ ਉਪਰਾਰੀਆ ਦਾ ਪਿਛੋਕੜ ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਤੋਂ ਹੈ। ਉਨ੍ਹਾਂ ਨੇ ਸਾਲ 2012 ਵਿੱਚ ਇੱਕ ਨਿੱਜੀ ਕੰਪਨੀ ਦੀ 25 ਹਜ਼ਾਰ ਰੁਪਏ ਦੀ ਨੌਕਰੀ ਛੱਡ ਕੇ ਐੱਚਈਸੀ ਵਿੱਚ ਅੱਠ ਹਜ਼ਾਰ ਰੁਪਏ ਦੀ ਤਨਖ਼ਾਹ ’ਤੇ ਨੌਕਰੀ ਕੀਤੀ।
ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰੀ ਕੰਪਨੀ ਹੈ। ਭਵਿੱਖ ਰੌਸ਼ਨ ਰਹੇਗਾ ਪਰ ਹੁਣ ਸਭ ਕੁਝ ਧੁੰਦਲਾ ਨਜ਼ਰ ਆ ਰਿਹਾ ਹੈ।

ਉਹ ਅੱਗੇ ਦੱਸਦੇ ਹਨ, “ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਧੀਆਂ ਮੇਰੀਆਂ ਰੋਂਦੀਆਂ ਘਰ ਆਉਂਦੀਆਂ ਹਨ। ਉਨ੍ਹਾਂ ਨੂੰ ਰੋਂਦਿਆਂ ਦੇਖ ਕੇ ਮੇਰਾ ਕਾਲਜਾ ਫਟਦਾ ਹੈ। ਪਰ ਮੈਂ ਉਨ੍ਹਾਂ ਦੇ ਸਾਹਮਣੇ ਰੋਂਦਾ ਨਹੀਂ।”
ਇੰਨਾ ਕਹਿੰਦੇ ਹੀ ਉਨ੍ਹਾਂ ਦਾ ਦਰਦ ਅੱਖਾਂ ਵਿੱਚੋਂ ਫੁੱਟ ਪੈਂਦਾ ਹੈ।
ਇਹ ਹਾਲ ਸਿਰਫ ਦੀਪਕ ਦਾ ਹੀ ਨਹੀਂ ਹੈ। ਦੀਪਕ ਵਾਂਗ ਹੀ ਐੱਚਈਸੀ ਨਾਲ ਜੁੜੇ ਹੋਰ ਲੋਕ ਵੀ ਇਸੇ ਤਰ੍ਹਾਂ ਦੇ ਕੰਮ ਕਰਕੇ ਗੁਜ਼ਾਰਾ ਕਰ ਰਹੇ ਹਨ।
ਮਿਸਾਲ ਵਜੋਂ ਮਧੁਰ ਕੁਮਾਰ ਮੋਮੋਜ਼ ਵੇਚ ਰਹੇ ਹਨ।
ਪ੍ਰਸੰਨਾ ਭੋਈ ਚਾਹ ਵੇਚ ਰਹੇ ਹਨ।
ਮਿਥਿਲੇਸ਼ ਕੁਮਾਰ ਫ਼ੋਟੋਗ੍ਰਾਫ਼ੀ ਕਰ ਰਹੇ ਹਨ।
ਸੁਭਾਸ਼ ਕੁਮਾਰ ਕਾਰ ਲੋਨ ਲੈ ਕੇ ਬੈਂਕ ਦੇ ਡਿਫ਼ਾਲਟਰ ਬਣ ਚੁੱਕੇ ਹਨ।
ਸੰਜੇ ਤਿਰਕੀ ਛੇ ਲੱਖ ਦੇ ਕਰਜ਼ ਹੇਠ ਹਨ। ਪੈਸਿਆਂ ਦੀ ਤੰਗੀ ਅਤੇ ਸਹੀ ਇਲਾਜ ਤੋਂ ਬਿਨਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ।
ਇਨ੍ਹਾਂ ਵਰਗੇ ਕਰੀਬ 2800 ਮੁਲਾਜ਼ਮ ਹਨ। ਇੱਕ ਪਰਿਵਾਰ ਵਿੱਚ ਪੰਜ ਜਣਿਆਂ ਦੀ ਔਸਤ ਨਾਲ ਵੀ 14,000 ਲੋਕ, ਇਸ ਸੰਕਟ ਨਾਲ ਸਿੱਧੇ-ਸਿੱਧੇ ਦੋ-ਹੱਥ ਕਰ ਰਹੇ ਹਨ।

ਤਸਵੀਰ ਸਰੋਤ, Anand Dutt
ਅੰਦੋਲਨਕਾਰੀਆਂ ਨੂੰ ਮਿਲਿਆ ‘ਇੰਡੀਆ’ ਗਠਜੋੜ ਦਾ ਸਾਥ
ਪਿਛਲੀ 14 ਸਤੰਬਰ ਨੂੰ ਰਾਜ ਭਵਨ ਦੇ ਸਾਹਮਣੇ ‘ਇੰਡੀਆ’ ਗਠਜੋੜ ਦੇ ਆਗੂਆਂ ਨੇ ਐੱਚਈਸੀ ਦੇ ਮੁੱਦੇ ’ਤੇ ਧਰਨਾ ਦਿੱਤਾ।
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ, “ਐੱਚਈਸੀ ਪੰਡਿਤ ਨਹਿਰੂ ਦੀ ਦੇਣ ਹੈ। ਅਜਿਹੇ ਵਿੱਚ ਇਸ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਮਜ਼ਦੂਰਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਤਨਖ਼ਾਹ ਉਨ੍ਹਾਂ ਨੂੰ ਮਿਲ ਜਾਵੇ, ਇਸ ਲਈ ਅਸੀਂ ਲੜਾਈ ਲੜ ਰਹੇ ਹਾਂ।“
ਸੀਨੀਅਰ ਕਾਂਗਰਸੀ ਆਗੂ ਸੁਬੋਧਕਾਂਤ ਸਹਾਇ ਨੇ ਕਿਹਾ, “ਐੱਚਈਸੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਹੈ। ਦੁਕਾਨਦਾਰ ਉਨ੍ਹਾਂ ਨੂੰ ਰਾਸ਼ਨ ਨਹੀਂ ਦੇ ਰਹੇ। ਕੇਂਦਰ ਸਰਕਾਰ ਦੀ ਨੀਤੀ ਨੇ ਐੱਚਈਸੀ ਦਾ ਗਲ ਘੁੱਟ ਦਿੱਤਾ ਹੈ।"
"ਇਸ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਨੀਤੀ ਆਯੋਗ ਨੇ ਅੱਜ 48 ਸਰਕਾਰੀ ਕੰਪਨੀਆਂ ਦੀ ਸੂਚੀ ਵੇਚਣ ਲਈ ਕੇਂਦਰ ਸਰਕਾਰ ਨੂੰ ਭੇਜੀ ਹੈ।”
ਜੇਐੱਮਐੱਮ ਦੇ ਕੇਂਦਰੀ ਜਨਰਲ ਸਕੱਤਰ ਸੁਪ੍ਰਿਓ ਭੱਟਾਚਾਰਿਆ ਦਾ ਕਹਿਣਾ ਸੀ, “ਜਿਸ ਮਾਂ (ਐੱਚਈਸੀ) ਨੇ ਦੇਸ਼ ਨੂੰ ਘੜਨ ਦਾ ਕੰਮ ਕੀਤਾ, ਮੋਦੀ ਸਰਕਾਰ ਨੇ ਉਸ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ ਹੈ। ਅਸੀਂ ਉਸਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ।“
ਕਿਉਂ ਨਹੀਂ ਮਿਲ ਰਹੀਆਂ ਤਨਖ਼ਾਹਾਂ
ਰਾਜ ਸਭਾ ਮੈਂਬਰ ਪਰਮਲ ਨਾਥਵਾਨੀ ਨੇ ਪਿਛਲੇ ਮਾਨਸੂਨ ਇਜਲਾਸ (ਅਗਸਤ 2023) ਵਿੱਚ ਭਾਰੀ ਉਦਯੋਗ ਮੰਤਰਾਲੇ ਤੋਂ ਐੱਚਈਸੀ ਬਾਰੇ ਕੁਝ ਸਵਾਲ ਪੁੱਛੇ ਸਨ।
ਜਵਾਬ ਵਿੱਚ ਸਰਕਾਰ ਨੇ ਦੱਸਿਆ ਸੀ ਕਿ ਐੱਚਈਸੀ ਕੰਪਨੀਜ਼ ਐਕਟ ਦੇ ਤਹਿਤ ਰਜਿਸਟਰਡ ਇੱਕ ਵੱਖਰੀ ਅਤੇ ਅਜ਼ਾਦ ਇਕਾਈ ਹੈ। ਉਸਦੇ ਕਰਮਚਾਰੀ ਤਨਖ਼ਾਹਾਂ ਲੈਣ ਲਈ ਆਪ ਸਰੋਤ ਜੁਟਾਉੰਦੇ ਹਨ ਅਤੇ ਲਗਾਤਾਰ ਘਾਟੇ ਦੇ ਕਾਰਨ ਉਹ ਤਨਖ਼ਾਹਾਂ ਦੇ ਬਕਾਏ ਨਾਲ ਜੂਝ ਰਹੀ ਹੈ।
ਇਸੇ ਜਵਾਬ ਵਿੱਚ ਮੰਤਰਾਲੇ ਨੇ ਦੱਸਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਐੱਚਈਸੀ ਲਗਾਤਾਰ ਘਾਟੇ ਵਿੱਚ ਰਹੀ ਹੈ।
ਉਨ੍ਹਾਂ ਮੁਤਾਬਕ, ਸਾਲ 2018-19 ਵਿੱਚ 93.67 ਕਰੋੜ ਰੁਪਏ, ਸਾਲ 2019-20 ਵਿੱਚ 405 ਕਰੋੜ ਰੁਪਏ, ਸਾਲ 2020-21 ਵਿੱਚ 175.78 ਕਰੋੜ ਰੁਪਏ, ਸਾਲ 2021-22 ਵਿੱਚ 256.07 ਕਰੋੜ ਰੁਪਏ ਅਤੇ ਸਾਲ 2022-23 ਵਿੱਚ 283.58 ਕਰੋੜ ਰੁਪਏ ਘਾਟੇ ਵਿੱਚ ਰਹੀ।
ਇਸ ਦਾ ਮਤਲਬ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਟਰਨਓਵਰ 356.21 ਕਰੋੜ ਰੁਪਏ ਤੋਂ ਘਟ ਕੇ 87.52 ਕਰੋੜ ਰਹਿ ਗਿਆ ਹੈ। ਸਾਲ 2018 ਵਿੱਚ ਕੰਪਨੀ ਆਪਣੀ ਕੁੱਲ ਸਮਰੱਥਾ ਦਾ 18% ਹੀ ਵਰਤ ਰਹੀ ਸੀ। ਜਦਕਿ ਇਸ ਸਾਲ 2022-23 ਦੀ ਅਣ-ਆਡਿਟਡ ਰਿਪੋਰਟ ਦੇ ਮੁਤਾਬਕ ਇਸ ਸਮੇਂ ਆਪਣੀ ਸਮਰੱਥਾ ਦਾ 1.39% ਹੀ ਵਰਤ ਰਹੀ ਹੈ।
ਸਿਰਫ਼ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਹੀ ਐੱਚਈਸੀ ਨੂੰ ਫੌਰੀ ਤੌਰ ’ਤੇ 153 ਕਰੋੜ ਰੁਪਏ ਦੀ ਦਰਕਾਰ ਹੈ।
ਇਸ ਤੋਂ ਇਲਾਵਾ ਬਿਜਲੀ ਦਾ ਬਿੱਲ ਭਰਨ ਲਈ ਲਗਭਗ 125 ਕਰੋੜ ਰੁਪਏ ਅਤੇ ਕੇਂਦਰੀ ਸੁਰੱਖਿਆ ਦਸਤਿਆਂ ਦੇ ਭੁਗਤਾਨ ਦਾ ਬਕਾਇਆ ਵੀ ਖੜ੍ਹਾ ਹੈ।
ਐੱਚਈਸੀ ਆਫ਼ਿਸਰਜ਼ ਐਸੋਸੀਏਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਐੱਚਈਸੀ ਉੱਪਰ ਕੁੱਲ ਮਿਲਾ ਕੇ ਲਗਭਗ 2,000 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ।

ਤਸਵੀਰ ਸਰੋਤ, Anand Dutt
ਆਖ਼ਰ ਐੱਚਈਸੀ ਲਗਾਤਾਰ ਘਾਟੇ ਵਿੱਚ ਕਿਉਂ ਚੱਲ ਰਹੀ ਹੈ?
ਐੱਚਈਸੀ ਆਫਿਸਰਜ਼ ਐਸੋਸੀਏਸ਼ਨ ਦੇ ਮੁਖੀ ਪ੍ਰੇਮਸ਼ੰਕਰ ਪਾਸਵਾਨ ਕਹਿੰਦੇ ਹਨ, ਇੱਥੇ “ਪਿਛਲੇ ਚਾਰ ਸਾਲ ਤੋਂ ਕੋਈ ਸਥਾਈ ਸੀਐੱਮਡੀ ਨਹੀਂ ਹੈ। ਚਾਰ ਸਾਲ ਤੋਂ ਪ੍ਰੋਡਕਸ਼ਨ ਡਾਇਰੈਕਟਰ ਨਹੀਂ ਹੈ। ਮਸ਼ੀਨਾਂ ਦਾ ਆਧੁਨਿਕੀਕਰਨ ਨਹੀਂ ਹੋਇਆ ਹੈ।”
ਉਨ੍ਹਾਂ ਨੇ ਦੱਸਿਆ, “ਸਥਾਈ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਨਾ ਹੋਣ ਕਾਰਨ ਫਾਈਲ ਮਹੀਨਿਆਂ ਤੱਕ ਘੁੰਮਦੀ ਰਹਿੰਦੀ ਹੈ। ਸਾਡੇ ਸੀਐੱਮਡੀ ਡਾ. ਅਨੁਸ ਸਿੰਘਲ ਮੁੱਖ ਰੂਪ ਨਾਲ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਡ (ਭੇਲ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਨ। ਐੱਚਈਸੀ ਵਿੱਚ ਬਤੌਰ ਪ੍ਰਭਾਰੀ ਸੀਐੱਮਡੀ ਹਨ। ਉਹ ਪਿਛਲੇ ਚਾਰ ਸਾਲ ਵਿੱਚ ਸਿਰਫ਼ ਚਾਰ ਵਾਰ ਰਾਂਚੀ ਆਏ ਹਨ।”
ਪ੍ਰੇਮਸ਼ੰਕਰ ਕਹਿੰਦੇ ਹਨ, “ਇੱਥੇ ਤਿੰਨ ਪਲਾਂਟ- ਹੈਵੀ ਮਸ਼ੀਨ ਬਿਲਡਿੰਗ ਪਲਾਂਟ (ਐੱਚਐੱਮਬੀਪੀ), ਹੈਵੀ ਮਸ਼ੀਨ ਟੂਲਜ਼ ਪਲਾਂਟ (ਐਚਐਮਟੀਪੀ), ਫਾਊਂਡਰੀ ਫੋਰਜ਼ ਪਲਾਂਟ (ਐੱਫ਼ਐੱਫ਼ਪੀ) ਅਤੇ ਇੱਕ ਪ੍ਰੋਜੈਕਟ ਡਿਵੀਜ਼ਨ ਹੈ। ਜੋ ਪ੍ਰੋਡਕਸ਼ਨ ਡਾਇਰੈਕਟਰ ਹੁੰਦੇ ਹਨ। ਉਹੀ ਹੀ ਤਿੰਨਾਂ ਪਲਾਂਟਾਂ ਵਿੱਚ ਮਿਲੇ ਆਰਡਰ, ਕੰਮਕਾਜ ਨੂੰ ਕੋਆਰਡੀਨੇਟ ਕਰਦੇ ਹਨ।”
ਉਹ ਕਹਿੰਦੇ ਹਨ, “ਜਾਣੀ ਜਿਹੜਾ ਕੰਮ ਡਾਇਰੈਕਟਰ ਦੇ ਪੱਧਰ ’ਤੇ ਹੋ ਜਾਣਾ ਚਾਹੀਦਾ ਹੈ। ਉਸ ਲਈ ਸਾਨੂੰ ਸੀਐੱਮਡੀ ਦੇ ਕੋਲ ਜਾਣਾ ਪੈਂਦਾ ਹੈ। ਪ੍ਰੋਡਕਸ਼ਨ ਪ੍ਰਭਾਵਿਤ ਹੋਣ ਦਾ ਮੁੱਖ ਕਾਰਨ ਇਹੀ ਹੈ।”

ਤਸਵੀਰ ਸਰੋਤ, Anand Dutt
ਆਧੁਨਿਕ ਮਸ਼ੀਨਾਂ ਦਾ ਨਾ ਹੋਣਾ ਵੱਡੀ ਸਮੱਸਿਆ
ਪ੍ਰੇਮਸ਼ੰਕਰ ਦੱਸਦੇ ਹਨ, “ਐੱਚਈਸੀ ਦੇ ਕੋਲ 6000 ਟਨ ਦਾ ਹਾਈਡ੍ਰੋਲਿਕ ਪ੍ਰੈੱਸ ਹੈ। ਇਹ ਖ਼ਰਾਬ ਪਿਆ ਹੈ। ਇਸ ਨਾਲ਼ ਡਿਫ਼ੈਂਸ ਸੈਕਟਰ ਦਾ ਸਮਾਨ ਬਣਾਇਆ ਜਾਂਦਾ ਹੈ। ਭਾਭਾ ਟੌਮਿਕ ਰਿਸਰਚ ਸੈਂਟਰ (ਬਾਰਕ) ਵੱਲੋਂ ਇੱਕ ਨਿਊਕਲੀਅਰ ਰਿਐਕਟਰ ਦਾ 300 ਕਰੋੜ ਰੁਪਏ ਦਾ ਆਰਡਰ ਇਸ ਸਮੇਂ ਕੰਪਨੀ ਦੇ ਕੋਲ ਹੈ।"
"ਹੁਣ ਅਸੀਂ ਇਹ ਆਰਡਰ ਇੱਕ ਨਿੱਜੀ ਕੰਪਨੀ ਐੱਲਐਂਡਟੀ ਕੰਪਨੀ ਨੂੰ ਦੇ ਦਿੱਤਾ ਹੈ। ਜੇ ਸਾਡੀ ਹਾਈਡ੍ਰੋਲਿਕ ਪ੍ਰੈੱਸ ਠੀਕ ਹੁੰਦੀ ਤਾਂ ਆਰਡਰ ਐੱਲਐਂਡਟੀ ਨੂੰ ਦੇਣ ਦੀ ਨੌਬਤ ਨਾ ਆਉਂਦੀ ਅਤੇ ਅਸੀਂ ਮੁਨਾਫ਼ੇ ਵੱਲ ਜਾਂਦੇ।”
ਉੱਥੇ ਹੀ ਐੱਚਈਸੀ ਮਜ਼ਦੂਰ ਸੰਘ ਦੇ ਜਰਨਲ ਸਕੱਤਰ ਰਮਾ ਸ਼ੰਕਰ ਪ੍ਰਸਾਦ ਇਸਦੇ ਪਿੱਛੇ ਇੱਕ ਹੋਰ ਕਾਰਣ ਵੱਲ ਇਸ਼ਾਰਾ ਕਰਦੇ ਹਨ।
ਉਹ ਕਹਿੰਦੇ ਹਨ, “ਕੰਪਨੀ ਕੋਲ ਬਲਕ ਆਰਡਰ ਬਹੁਤ ਥੋੜ੍ਹੇ ਹੁੰਦੇ ਹਨ। ਮਸਲਨ, ਲਾਂਚਪੈਡ ਬਣਾਉਣਾ ਹੈ ਤਾਂ ਇੱਕ ਹੀ ਬਣੇਗਾ। ਉੱਥੇ ਹੀ ਜੇ ਅਸੀਂ ਇੱਕ ਤੋਂ ਜ਼ਿਆਦਾ ਅਸੀਂ ਬਣਾਵਾਂਗੇ ਤਾਂ ਮੁਨਾਫ਼ਾ ਜ਼ਿਆਦਾ ਹੋਵੇਗਾ। ਕਿਉਂਕਿ ਜਿੰਨੇ ਪੈਸੇ ਵਿੱਚ ਇੱਕ ਉਪਕਰਣ ਤਿਆਰ ਹੋਵੇਗਾ, ਉਸ ਤੋਂ ਥੋੜ੍ਹੇ ਹੋਰ ਜ਼ਿਆਦਾ ਖਰਚੇ ਵਿੱਚ ਜ਼ਿਆਦਾ ਉਪਕਰਣ ਤਿਆਰ ਹੋ ਸਕਦੇ ਹਨ।”

ਤਸਵੀਰ ਸਰੋਤ, Anand Dutt
“ਇੱਕ ਉਪਕਰਣ ਲਈ ਅਸੀਂ ਜੋ ਸਾਂਚਾ ਬਣਾਉਂਦੇ ਹਾਂ, ਉਸਦੀ ਦੁਬਾਰਾ ਵਰਤੋਂ ਦਸ ਸਾਲ ਬਾਅਦ ਹੁੰਦੀ ਹੈ। ਉਦੋਂ ਤੱਕ ਉਹ ਸਾਂਚਾ ਵੀ ਖ਼ਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਮਸ਼ੀਨ ਨਾਲ਼ ਪੰਜਾਹ ਸਾਲ ਤੋਂ ਕੰਮ ਕਰ ਰਹੇ ਹਾਂ, ਕੀ ਅਗਲੇ ਪੰਜਾਹ ਸਾਲ ਵੀ ਉਸੇ ਮਸ਼ੀਨ ਨਾਲ਼ ਕੰਮ ਕਰ ਸਕਾਂਗੇ। ਜਵਾਬ ਹੈ ਨਹੀਂ। ਇਸ ਨੂੰ ਨਵੀਂ ਤਕਨੀਕ ਦੇ ਹਿਸਾਬ ਨਾਲ ਤਿਆਰ ਕਰਨਾ ਪਵੇਗਾ।”
ਰਮਾ ਸ਼ੰਕਰ ਪ੍ਰਸਾਦ ਦੱਸਦੇ ਹਨ, “31 ਦਸੰਬਰ, 1958 ਵਿੱਚ ਸਥਾਪਨਾ ਦੇ ਸਮੇਂ ਯੂਐੱਸਐੱਸਆਰ ਅਤੇ ਚੈਕੋਸਲੋਵਾਕੀਆ ਦੇ ਸਹਿਯੋਗ ਨਾਲ ਐੱਚਈਸੀ ਨੂੰ ਤਿਆਰ ਕੀਤਾ ਗਿਆ ਸੀ। ਉਸ ਸਮੇਂ ਜੋ ਮਸ਼ੀਨਾਂ ਲੱਗੀਆਂ, ਉਨ੍ਹਾਂ ਨੂੰ ਅੱਜ ਤੱਕ ਨਹੀਂ ਬਦਲਿਆ ਗਿਆ ਜਾਂ ਬਦਲਦੀ ਤਕਨੀਕ ਦੇ ਹਿਸਾਬ ਨਾਲ ਤਿਆਰ ਨਹੀਂ ਕੀਤਾ ਗਿਆ।”
ਆਫਿਸਰਜ਼ ਐਸੋਸਿਏਸ਼ਨ ਦਾ ਇੱਕ ਵਫ਼ਦ ਸਾਲ 2023 ਵਿੱਚ 7 ਫਰਵਰੀ ਅਤੇ ਫਿਰ 26 ਜੂਨ ਨੂੰ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡਿਆ ਨੂੰ ਮਿਲਿਆ। ਮੁਲਾਕਾਤ ਦੌਰਾਨ ਵਫ਼ਦ ਨੇ ਮੰਗ ਕੀਤੀ ਕਿ ਸਰਕਾਰ ਕੰਪਨੀ ਨੂੰ ਸਥਾਈ ਸੀਈਓ ਅਤੇ ਨਿਰਦੇਸ਼ਕਾਂ ਤੋਂ ਇਲਾਵਾ 3000 ਕਰੋੜ ਰੁਪਏ ਦੀ ਗ੍ਰਾਂਟ ਦੇਵੇ ਤਾਂ ਜੋ ਕੰਪਨੀ ਨੂੰ ਲੀਹ ’ਤੇ ਲਿਆਂਦਾ ਜਾ ਸਕੇ।
ਐਸੋਸੀਏਸ਼ਨ ਦੇ ਮੁਤਾਬਕ ਇਸ ਬਾਰੇ ਕੇਂਦਰੀ ਮੰਤਰੀ ਨੇ ਭਰੋਸਾ ਦਵਾਇਆ ਸੀ ਕਿ ਅਸੀਂ ਇਸ ਲਈ ਕੋਸ਼ਿਸ਼ ਕਰ ਰਹੇ ਹਾਂ।
ਪੀਐਮ ਮੋਦੀ ਵੀ ਜਦੋਂ ਪ੍ਰਧਾਨ ਮੰਤਰੀ ਨਹੀਂ ਬਣੇ ਸਨ ਤਾਂ ਐੱਚਈਸੀ ਕਾਰਖ਼ਾਨੇ ਨੂੰ ਅੱਗੇ ਵਧਾਉਣ ਦੀ ਖੂਬ ਵਕਾਲਤ ਕਰਦੇ ਸਨ।
ਸਾਲ 2013 ਵਿੱਚ ਚੋਣ ਪ੍ਰਚਾਰ ਦੇ ਸਮੇਂ ਪੀਐੱਮ ਮੋਦੀ ਨੇ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿੱਚ ਕਿਹਾ ਸੀ, “ਕੀ ਕਾਰਨ ਹੈ ਜਿਸ ਧਰਤੀ ਉੱਪਰ ਐੱਚਈਸੀ ਦਾ ਕਾਰਖ਼ਾਨਾ, ਜਿਸ ਉੱਪਰ ਕਦੇ ਬਹੁਤ ਫਖ਼ਰ ਕੀਤਾ ਜਾਂਦਾ ਸੀ। ਵਿਕਾਸ ਦੀ ਵਿਰਾਸਤ ਮੰਨਿਆ ਜਾਂਦਾ ਸੀ। ਕੀ ਵਜ੍ਹਾ ਹੋਈ ਕਿ ਉਹ ਡਗਮਗਾ ਗਈ।”
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, “ਹਿੰਦੁਸਤਾਨ ਵਿੱਚ ਜੋ ਪੀਐੱਸਯੂ ਬਣਦੇ ਹਨ, ਦੇਖਦੇ ਹੀ ਦੇਖਦੇ ਉਹ ਲੜਖੜਾ ਜਾਂਦੇ ਹਨ। ਡਿੱਗ ਪੈਂਦੇ ਹਨ। ਜਾਂ ਤਾਂ ਉਨ੍ਹਾਂ ਨੂੰ ਵੇਚਣ ਦੀ ਨੌਬਤ ਆ ਜਾਂਦੀ ਹੈ, ਜਾਂ ਤਾਂ ਉਸ ਨੂੰ ਜਿੰਦਰਾ ਲਾਉਣ ਦੀ ਨੌਬਤ ਆ ਜਾਂਦੀ ਹੈ ਅਤੇ ਲੋਕ ਬੇਰੁਜ਼ਗਾਰ ਹੋ ਜਾਂਦੇ ਹਨ।”

ਤਸਵੀਰ ਸਰੋਤ, ANI
‘ਚੰਦਰਯਾਨ-3 ਵਿੱਚ ਐੱਚਈਸੀ ਦਾ ਯੋਗਦਾਨ ਨਹੀਂ’
ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਪੁੱਛਿਆ ਸੀ ਕਿ ਕੀ ਚੰਦਰਯਾਨ-3 ਦੇ ਲਈ ਲਾਂਚਪੈਡ ਸਮੇਤ ਹੋਰ ਉਪਕਰਣ ਬਣਾਉਣ ਲਈ ਐੱਚਈਸੀ ਨੂੰ ਕਿਹਾ ਗਿਆ ਹੈ?
ਜਵਾਬ ਵਿੱਚ ਭਾਰੀ ਉਦਯੋਗ ਮੰਤਰਾਲੇ ਦੇ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਚੰਦਰਯਾਨ-3 ਦੇ ਲਈ ਕੋਈ ਵੀ ਉਪਕਰਣ ਨੂੰ ਬਣਾਉਣ ਲਈ ਐੱਚਈਸੀ ਨੂੰ ਨਹੀਂ ਕਿਹਾ ਗਿਆ ਸੀ।
ਹਾਲਾਂਕਿ ਉਨ੍ਹਾਂ ਨੇ ਆਪਣੇ ਜਵਾਬ ਵਿੱਚ ਇਹ ਜ਼ਰੂਰ ਸਵੀਕਾਰ ਕੀਤਾ ਹੈ ਕਿ ਸਾਲ 2003 ਤੋਂ 2010 ਦੌਰਾਨ ਐੱਚਈਸੀ ਨੇ ਇਸਰੋ ਨੂੰ ਮੋਬਾਈਲ ਲਾਂਚਿੰਗ ਸਟੇਸ਼ਨ, ਹੈਮਰ ਹੈਡ ਟਾਵਰ ਕਰੇਨ, ਈਓਟੀ ਕਰੇਨ, ਫੋਲਡਿੰਗ ਕਮ ਵਰਟੀਕਲ ਰੀਪੁਜ਼ੇਸ਼ਨੇਬਲ ਪਲੇਟਫਾਰਮ, ਹਾਰਿਜਾਂਟਲ ਸਲਾਈਡਿੰਗ ਡੋਰਸ ਸਪਲਾਈ ਕੀਤੇ ਹਨ।
ਐੱਚਈਸੀ ਵਿੱਚ ਬਤੌਰ ਮੈਨੇਜਰ ਕੰਮ ਕਰ ਰਹੇ ਪੁਰੇਂਦੂ ਦੱਤ ਮਿਸ਼ਰਾ ਕਹਿੰਦੇ ਹਨ, “ਤਕਨੀਕੀ ਤੌਰ ’ਤੇ ਕੇਂਦਰ ਸਰਕਾਰ ਸਹੀ ਹੋ ਸਕਦੀ ਹੈ ਕਿਉਂਕਿ ਚੰਦਰਯਾਨ-3 ਦੇ ਲਈ ਵੱਖ ਤੋਂ ਕੋਈ ਲਾਂਚਪੈਡ ਨਹੀਂ ਬਣਾਇਆ ਗਿਆ ਹੈ। ਪਰ ਸੱਚਾਈ ਇਹ ਹੈ ਕਿ ਸਾਡੇ ਤੋਂ ਸਿਵਾ ਭਾਰਤ ਵਿੱਚ ਹੋਰ ਕੋਈ ਕੰਪਨੀ ਲਾਂਚਪੈਡ ਬਣਾਉਂਦੀ ਹੀ ਨਹੀਂ ਹੈ।”
“ਸਾਫ਼ ਹੈ, ਜੋ ਲਾਂਚਪੈਡ ਅਤੇ ਹੋਰ ਉਪਕਰਣ ਅਸੀਂ ਪਹਿਲਾਂ ਇਸਰੋ ਨੂੰ ਬਣਾ ਕੇ ਦਿੱਤੇ ਹਨ। ਉਸੇ ਦੀ ਵਰਤੋਂ ਚੰਦਰਯਾਨ-2 ਅਤੇ ਚੰਦਰਯਾਨ-3 ਨੂੰ ਲਾਂਚ ਕਰਨ ਲਈ ਕੀਤੀ ਗਈ ਹੈ। ਅਜਿਹੇ ਵਿੱਚ ਜੇ ਸਰਕਾਰ ਇਹ ਕਹਿੰਦੀ ਹੈ ਕਿ ਐੱਚਈਸੀ ਦਾ ਇਸ ਮਿਸ਼ਨ ਵਿੱਚ ਕੋਈ ਯੋਗਦਾਨ ਨਹੀਂ ਹੈ ਤਾਂ ਭਲਾ ਦੁੱਖ ਕਿਵੇਂ ਨਹੀਂ ਹੋਵੇਗਾ।”
ਉਹ ਵੀ ਦੱਸਦੇ ਹਨ ਕਿ ਜਿਹੜੇ ਉਪਕਰਣ ਈਐਚਸੀ ਨੇ ਇਸਰੋ ਨੂੰ ਬਣਾ ਕੇ ਦਿੱਤੇ ਇਸ ਵਾਰ ਲਾਂਚਿੰਗ ਦੇ ਸਮੇਂ ਉਨ੍ਹਾਂ ਉਪਕਰਣਾਂ ਨੂੰ ਇੰਸਟਾਲ ਕਰਨ ਲਈ ਐੱਚਈਸੀ ਦੇ ਹੀ ਦੋ ਇੰਜੀਨੀਅਰ ਵੀ ਗਏ ਸਨ।

ਤਸਵੀਰ ਸਰੋਤ, Anand Dutt
ਸਰਕਾਰ ਐੱਚਈਸੀ ਦੀ ਬਾਂਹ ਕਿਉਂ ਨਹੀਂ ਫੜ ਰਹੀ
ਕੀ ਕੇਂਦਰ ਸਰਕਾਰ ਇਸ ਕੰਪਨੀ ਨੂੰ ਬਚਾਉਣ ਅਤੇ ਅੱਗੇ ਵਧਾਉਣ ਲਈ ਮਹਿਜ਼ ਕੁਝ ਕਰੋੜ ਰੁਪਏ ਦੇ ਮਦਦ ਨਹੀਂ ਕਰ ਸਕਦੀ?
ਰਾਂਚੀ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਜੇ ਸੇਠ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਨੂੰ ਲਗਾਤਾਰ ਭਾਰੀ ਉਦਯੋਗ ਮੰਤਰਾਲੇ ਦੇ ਸਾਹਮਣੇ ਚੁੱਕਦੇ ਰਹੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਸੰਜੇ ਕਹਿੰਦੇ ਹਨ, “ਮੈਂ ਇਸ ਮੁੱਦੇ ਨੂੰ ਕਈ ਵਾਰ ਸੰਬੰਧਿਤ ਮੰਤਰਾਲੇ ਦੇ ਮੰਤਰੀ ਕੋਲ ਚੁੱਕ ਚੁੱਕਿਆ ਹਾਂ। ਪ੍ਰਕਾਸ਼ ਜਾਵਡੇਕਰ, ਅਰਜੁਨ ਰਾਮ ਮੇਘਵਾਲ ਅਤੇ ਮਹਿੰਦਰ ਨਾਥ ਪਾਂਡਿਆ ਜਦੋਂ-ਜਦੋਂ ਵੀ ਮੰਤਰੀ ਰਹੇ, ਉਨ੍ਹਾਂ ਨੂੰ ਮਿਲਿਆ।”
19 ਜੁਲਾਈ 2022 ਨੂੰ ਸੰਜੇ ਸੇਠ ਨੇ ਲੋਕ ਸਭਾ ਵਿੱਚ ਪੁੱਛਿਆ ਸੀ ਕਿ ਐੱਚਈਸੀ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲ਼ਈ ਕੇਂਦਰ ਸਰਕਾਰ ਕੋਲ ਕੋਈ ਸਕੀਮ ਹੈ।
ਜਵਾਬ ਵਿੱਚ ਸਰਕਾਰ ਨੇ ਸਾਫ਼ ਕਹਿ ਦਿੱਤਾ ਸੀ ਕਿ ਇਸ ਲਈ ਕੋਈ ਸਕੀਮ ਨਹੀਂ ਹੈ।
ਸਾਬਕਾ ਕੇਂਦਰੀ ਮੰਤਰੀ ਅਤੇ ਐੱਚਈਸੀ ਦੇ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਵਾਲ਼ੇ ਕਾਂਗਰਸੀ ਆਗੂ ਸੁਬੋਧ ਕਾਂਤ ਸਹਾਇ ਨੇ ਬੀਬੀਸੀ ਨੂੰ ਕਿਹਾ, ਕਿ ਉਹ ਵਿਭਾਗ ਦੇ ਮੰਤਰੀ ਮਹਿੰਦਰ ਨਾਥ ਪਾਂਡਿਆ ਨੂੰ ਤਿੰਨ ਵਾਰ ਮਿਲ ਚੁੱਕੇ ਹਨ ਪਰ ਕੋਈ ਮਦਦ ਨਹੀਂ ਮਿਲੀ।
ਸੁਬੋਧ ਕਾਂਤ ਸਹਾਇ ਕਹਿੰਦੇ ਹਨ, “ਜੇ ਐੱਚਈਸੀ ਬੰਦ ਹੋ ਗਈ ਤਾਂ ਝਾਰਖੰਡ ਵਿੱਚ ਕੋਈ ਨਿਵੇਸ਼ ਨਹੀਂ ਆਵੇਗਾ। ਪੀਐੱਮ ਮੋਦੀ ਐੱਚਈਸੀ ਦੀ ਮਦਦ ਨਹੀਂ ਕਰ ਰਹੇ ਹਨ। ਅਜਿਹੇ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਅਪੀਲ ਕਰਦਾ ਹਾਂ ਕਿ ਸੂਬੇ ਦਾ ਮਾਣ ਬਚਾਉਣ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ।“

ਤਸਵੀਰ ਸਰੋਤ, Anand Dutt
ਐੱਚਈਸੀ ਕਿਉਂ ਜ਼ਰੂਰੀ ਹੈ
ਕੰਪਨੀ ਕੋਲ ਇਸ ਸਮੇਂ ਕੁੱਲ 1,356 ਕਰੋੜ ਦੇ ਵਰਕਿੰਗ ਆਰਡਰ ਹਨ। ਉਸ ਦੇ ਗਾਹਕਾਂ ਵਿੱਚ ਇਸਰੋ, ਬਾਰਕ, ਡੀਆਰਡੀਓ ਸਮੇਤ ਦੇਸ਼ ਦੀਆਂ ਕਈ ਵੱਡੀਆਂ ਸਰਕਾਰੀ, ਗੈਰ-ਸਰਕਾਰੀ ਕੰਪਨੀਆਂ ਸ਼ਾਮਲ ਹਨ। ਫਿਰ ਵੀ ਵਰਕਿੰਗ ਕੈਪੀਟਲ ਦੀ ਕਮੀ ਕਾਰਨ ਇਨ੍ਹਾਂ ਆਰਡਰਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਐੱਚਈਸੀ ਦੀਆਂ ਸਫ਼ਲਤਾਵਾਂ ਵੱਲ ਝਾਤ ਮਾਰੀਏ ਤਾਂ ਐੱਚਈਸੀ ਨੇ ਸੁਪਰ ਕੰਡਕਟਿੰਗ ਸਾਈਕਲੋਟ੍ਰਾਨ ਬਣਾਇਆ ਹੈ। ਇਹ ਪਰਮਾਣੂ ਅਤੇ ਊਰਜਾ ਖੋਜ ਵਿੱਚ ਕੰਮ ਆਉਂਦਾ ਹੈ।
ਇਸ ਤੋਂ ਇਲਾਵਾ ਉਸ ਨੇ ਜੰਗੀ ਬੇੜਿਆਂ ਵਿੱਚ ਵਰਤੇ ਜਾਣ ਵਾਲੇ ਹਾਈ ਇੰਪੈਕਟ ਸਟੀਲ, ਆਈਐੱਨਐੱਸ ਵਿਕਰਾਂਤ ਦੇ ਨਿਰਮਾਣ ਵਰਤੇ ਗਏ ਏਬੀ ਗ੍ਰੇਡ ਸਟੀਲ ਨੂੰ ਬਣਾਉਣ ਲਈ ਤਕਨੀਕ, ਪਰਮਾਣੂ ਊਰਜਾ ਕਾਰਪੋਰੇਸ਼ਨ ਇੰਡੀਆ ਲਿਮਟਿਡ ਦੇ ਲਈ ਜੋ ਆਈਲ ਸਟੀਲ ਫੌਜਿੰਗ ਬਣਾਉਣ ਵਾਲੀ ਮਸ਼ੀਨ ਤਿਆਰ ਕੀਤੀ।
ਇੰਨਾ ਹੀ ਨਹੀਂ, ਇਸਰੋ ਦੇ ਲਈ ਸਪੈਸ਼ਲ ਗ੍ਰੇਡ ਸਾਫਟ ਸਟੀਲ, ਪੀਐੱਸਐੱਲਵੀ ਅਤੇ ਜੀਐੱਸਐੱਲਵੀ ਨੂੰ ਲਾਂਚ ਕਰਨ ਲਈ ਮੋਬਾਈਲ ਲਾਂਚਿੰਗ ਪੈਡਿਸਟਲ ਵੀ ਬਣਾਇਆ ਹੈ। ਇਸ ਨੇ ਛੇ ਐਕਸਿਸ ਸੀਐੱਨਸੀ ਮਸ਼ੀਨਾਂ ਵੀ ਬਣਾਈਆਂ ਹਨ।
ਇਸ ਤੋਂ ਇਲਾਵਾ ਰੱਖਿਆ ਖੇਤਰ ਵਿੱਚ 105 ਐੱਮਐੱਮ ਤੋਪ ਦਾ ਗੰਨ ਬੈਰਲ, ਟੀ-72 ਟੈਂਕ ਦੀ ਟਰੇਕ ਕਾਸਟਿੰਗ, ਇੰਡੀਅਨ ਮਾਊਂਟੇਡ ਗੰਨ ਮਾਰਕ-2, ਅਰਜੁਨ ਮੇਨ ਬੈਟਲ ਟੈਂਕ ਦੇ ਲਈ ਆਰਮਰ ਸਟੀਲ ਕਾਸਟਿੰਗ ਦਾ ਨਿਰਮਾਣ ਵੀ ਕੀਤਾ ਹੈ।
ਭਾਰਤੀ ਜਲ ਸੈਨਾ ਦੀਆਂ ਪਨਡੁਬੀਆਂ ਦੇ ਲਈ ਪ੍ਰੋਪੈਲਰ ਸ਼ਾਫ਼ਟ ਅਸੈਂਬਲੀ, ਰਡਾਰ ਅਸੈਂਬਲੀ ਅਤੇ ਮਰੀਨ ਡੀਜ਼ਲ ਇੰਜਣ ਬਲਾਕ ਨੂੰ ਐੱਚਈਸੀ ਨੇ ਬਣਾਇਆ ਹੈ। ਭਾਰਤੀ ਜਲ ਸੈਨਾ ਦੇ ਬੇੜੇ ਰਾਣਾ ਲਈ ਸਟਰਨ ਗੇਅਰ ਸਿਸਟਮ, 120 ਐੱਮਐੱਮ ਗੰਨ ਬੈਰਲ ਦੀ ਪੀਵਾਈਬੀ ਮਸ਼ੀਨਿੰਗ ਵੀ ਤਿਆਰ ਕੀਤੀ ਹੈ।
ਐੱਚਈਸੀ ਨੇ ਨਿਊਕਲੀਅਰ ਗਰੇਡ ਸਟੀਲ ਦਾ ਨਿਰਮਾਣ ਕਰਕੇ ਭਾਰਤ ਨੂੰ ਵਿਸ਼ਵ ਦੇ ਉਨ੍ਹਾ ਛੇ ਦੇਸ਼ਾਂ ਵਿੱਚ ਲਿਆ ਖੜ੍ਹਾ ਕੀਤਾ ਹੈ, ਜਿਨ੍ਹਾਂ ਕੋਲ ਅਜਿਹੀ ਤਕਨੀਕ ਹੈ।ਐੱਚਈਸੀ ਦੀ ਪਰਿਕਲਪਨਾ ਉਦਯੋਗਾਂ ਨੂੰ ਸਥਾਪਿਤ ਕਰਨ ਵਾਲੇ ਉਦਯੋਗ ਦੇ ਰੂਪ ਵਿੱਚ ਕੀਤੀ ਗਈ ਸੀ। ਮਤਲਬ, ਬਾਕੀ ਉਦਯੋਗਾਂ ਲਈ ਜਿਨ੍ਹਾਂ ਭਾਰੀ ਮਸ਼ੀਨਾਂ ਦੀ ਲੋੜ ਹੋਵੇਗੀ, ਉਨ੍ਹਾਂ ਦਾ ਨਿਰਮਾਣ ਇੱਥੇ ਹੁੰਦਾ ਰਿਹਾ ਹੈ।
ਇਹੀ ਕਾਰਨ ਹੈ ਕਿ ਆਪਣੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੀ ਐੱਚਈਸੀ ਨੇ ਹੁਣ ਤੱਕ ਦੇਸ਼ ਦੀਆਂ ਵੱਖ-ਵੱਖ ਉਦਯੋਗਿਕ ਸੰਸਥਾਵਾਂ ਲਈ 550 ਹਜ਼ਾਰ ਟਨ ਤੋਂ ਜ਼ਿਆਦਾ ਉਪਕਰਣਾਂ ਦਾ ਨਿਰਮਾਣ ਅਤੇ ਮੰਗ ਪੂਰਤੀ ਕੀਤੀ ਹੈ।












