ਵਿਸ਼ਵ ਵਾਤਾਵਰਨ ਦਿਵਸ : ਧਰਤੀ ਦਾ ਉਹ ਖ਼ਜ਼ਾਨਾ ਜਿਸ ਲਈ ਭਵਿੱਖ 'ਚ ਛਿੜ ਸਕਦੀ ਹੈ ਜੰਗ

ਤਸਵੀਰ ਸਰੋਤ, Getty Images
- ਲੇਖਕ, ਸੇਸਿਲਿਆ ਬਾਰਿਆ
- ਰੋਲ, ਬੀਬੀਸੀ ਨਿਊਜ਼
ਤੇਲ ਅਤੇ ਗੈਸ ਇਸ ਸਮੇਂ ਪੂਰੀ ਦੁਨੀਆਂ ਵਿੱਚ ਕਈ ਵਿਵਾਦਾਂ ਦਾ ਕਾਰਨ ਬਣੇ ਹੋਏ ਹਨ ਪਰ ਆਉਣ ਵਾਲੇ ਸਮੇਂ 'ਚ ਇਹ ਦੌੜ ਕੁਝ ਹੋਰ ਖਣਿਜਾਂ ਲਈ ਵੀ ਹੋ ਸਕਦੀ ਹੈ।
ਗੱਲ 8 ਮਾਰਚ ਦੀ ਹੈ, ਜਦੋਂ ਸਵੇਰੇ 5:42 ਵਜੇ ਨਿੱਕਲ ਦੀ ਕੀਮਤ ਇੰਨੀ ਤੇਜ਼ੀ ਨਾਲ ਵਧਣੀ ਸ਼ੁਰੂ ਹੋਈ ਕਿ ਲੰਡਨ ਮੈਟਲ ਐਕਸਚੇਂਜ 'ਚ ਖੌਰੂ ਪੈ ਗਿਆ।
ਮਹਿਜ਼ 18 ਮਿੰਟਾਂ ਦੇ ਅੰਦਰ ਹੀ ਨਿੱਕਲ ਦੀ ਕੀਮਤ ਇੱਕ ਲੱਖ ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਸੀ। ਇਸ ਕਾਰਨ ਨਿੱਕਲ ਦੇ ਕੰਮ ਨੂੰ ਰੋਕਣਾ ਵੀ ਪਿਆ।
ਇਸ ਦੇ ਨਾਲ ਹੀ, ਇਹ ਰਿਕਾਰਡ ਤੋੜਨ ਤੋਂ ਪਹਿਲਾਂ ਹੀ ਨਿੱਕਲ ਦੀ ਕੀਮਤ ਪਿਛਲੇ 24 ਘੰਟਿਆਂ ਦੌਰਾਨ 250% ਵਧ ਗਈ ਸੀ।
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਬਾਜ਼ਾਰ 'ਚ ਕਿਸੇ ਧਾਤ ਦਾ ਵੱਡਾ ਸੰਕਟ ਪੈਦਾ ਹੋ ਗਿਆ ਸੀ।
ਕੀਮਤਾਂ 'ਚ ਆਏ ਇਸ ਉਛਾਲ ਦਾ ਕਾਰਨ ਪੱਛਮੀ ਦੇਸਾਂ ਵੱਲੋਂ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਨਿੱਕਲ ਵਰਗੀ ਧਾਤੂ ਦੁਨੀਆ ਵਿੱਚ ਮਹੱਤਵਪੂਰਨ ਹੋ ਗਈ ਹੈ। ਇਹ ਘੱਟ ਪ੍ਰਦੂਸ਼ਣ ਵਾਲੀ ਆਰਥਿਕਤਾ ਵੱਲ ਵਧਣ ਲਈ ਮਹੱਤਵਪੂਰਨ ਹੈ।
ਰੂਸ, ਗੈਸ ਅਤੇ ਤੇਲ ਦਾ ਵੱਡਾ ਸਪਲਾਇਰ ਹੈ। ਰੂਸ-ਯੂਕਰੇਨ ਯੁੱਧ ਦੌਰਾਨ, ਗੈਸ ਅਤੇ ਤੇਲ ਲਈ ਯੂਰਪੀਅਨ ਦੇਸ਼ਾਂ ਦੀ ਰੂਸ 'ਤੇ ਨਿਰਭਰਤਾ ਨੇ ਦਿਖਾਇਆ ਹੈ ਕਿ ਬਾਲਣ ਨੂੰ ਹਥਿਆਰ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਯੂਕਰੇਨ 'ਤੇ ਹਮਲਾ ਰੋਕਣ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਰੂਸ 'ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਈਆਂ ਹਨ। ਹਾਲਾਂਕਿ ਇਸ ਦੇ ਬਾਵਜੂਦ ਵੀ ਯੂਰਪ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਲਈ ਮਜਬੂਰ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 31 ਮਾਰਚ ਨੂੰ ਕਿਹਾ ਸੀ, "ਅਮਰੀਕਾ ਵਿੱਚ ਬਣੀ ਸਵੱਛ ਊਰਜਾ ਨਾਲ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲੇਗੀ।''
ਵੀਡੀਓ: ਕਿਤੇ ਪੰਜਾਬ ਵੀ ਸ਼੍ਰੀਲੰਕਾ ਵਾਂਗ ਸੰਕਟ ਵਿੱਚ ਤਾਂ ਨਹੀਂ ਘਿਰ ਜਾਵੇਗਾ
ਉਨ੍ਹਾਂ ਨੇ ਕਿਹਾ, "ਸਾਨੂੰ ਭਵਿੱਖ ਨਿਰਧਾਰਤ ਕਰਨ ਵਾਲੀਆਂ ਚੀਜ਼ਾਂ ਲਈ ਚੀਨ ਅਤੇ ਹੋਰ ਦੇਸ਼ਾਂ ਉੱਪਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਨਿਰਭਰਤਾ ਨੂੰ ਖਤਮ ਕਰਨ ਦੀ ਲੋੜ ਹੈ।''
ਇਸ ਤੋਂ ਪਹਿਲਾਂ ਬਾਇਡਨ ਨੇ ਇਲੈਕਟ੍ਰਿਕ ਬੈਟਰੀਆਂ ਦੇ ਨਿਰਮਾਣ ਅਤੇ ਨਵਿਆਉਣਯੋਗ ਊਰਜਾ ਭੰਡਾਰਣ ਲਈ ਵਰਤੇ ਜਾਂਦੇ ਖਣਿਜਾਂ ਦੇ ਸਥਾਨਕ ਉਤਪਾਦਨ ਅਤੇ ਪ੍ਰੋਸੈਸਿੰਗ ਵਿੱਚ ਸਹਾਇਤਾ ਲਈ ਇੱਕ ਰੱਖਿਆ ਉਤਪਾਦਨ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਸੀ।
ਵ੍ਹਾਈਟ ਹਾਊਸ ਨੇ ਦੱਸਿਆ ਕਿ ਇਨ੍ਹਾਂ ਖਣਿਜਾਂ ਵਿੱਚ ਲੀਥਿਅਮ, ਨਿਕਲ, ਗ੍ਰੇਫਾਈਟ, ਮੈਗਨੀਜ਼ ਅਤੇ ਕੋਬਾਲਟ ਸ਼ਾਮਲ ਹਨ।
ਰੂਸ ਦਾ ਊਰਜਾ ਹਥਿਆਰ
ਹਾਲਾਂਕਿ ਆਪਣੀਆਂ ਜ਼ਰੂਰਤਾਂ ਦੇ ਲਿਹਾਜ਼ ਨਾਲ ਹਰ ਦੇਸ਼ ਲਈ ਵੱਖੋ-ਵੱਖਰੇ ਖਣਿਜ ਮਹੱਤਵਪੂਰਨ ਹਨ।
ਮਾਹਰਾਂ ਨੇ ਸਾਵਧਾਨ ਕੀਤਾ ਹੈ ਕਿ ਅੱਗੇ ਜਾ ਕੇ ਤੇਲ, ਗੈਸ ਅਤੇ ਕੋਲੇ ਦੀ ਸਪਲਾਈ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਦੇਸ਼ਾਂ ਲਈ ਮੁਕਾਬਲੇ ਵਿੱਚ ਪਿੱਛੇ ਰਹਿ ਜਾਣ ਦਾ ਖ਼ਤਰਾ ਹੈ।

ਤਸਵੀਰ ਸਰੋਤ, Getty Images
ਮਿਸਾਲ ਵਜੋਂ ਰੂਸ, ਜਿਸਦੀ ਆਰਥਿਕ ਸ਼ਕਤੀ ਮੁੱਖ ਤੌਰ 'ਤੇ ਜੈਵਿਕ ਬਾਲਣ 'ਤੇ ਨਿਰਭਰ ਕਰਦੀ ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗੈਸ ਉਤਪਾਦਕ ਅਤੇ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ।
ਹਾਲਾਂਕਿ, ਭਵਿੱਖ ਵਿੱਚ ਖਣਿਜਾਂ ਲਈ ਹੋਣ ਵਾਲੇ ਮੁਕਾਬਲੇ ਤੋਂ ਰੂਸ ਨੂੰ ਲਾਭ ਮਿਲ ਸਕਦਾ ਹੈ, ਕਿਉਂਕਿ ਰੂਸ ਦੁਨੀਆ ਵਿੱਚ ਕੋਬਾਲਟ ਅਤੇ ਪਲੈਟੀਨਮ ਦਾ ਦੂਜਾ ਸਭ ਤੋਂ ਵੱਡਾ ਅਤੇ ਨਿੱਕਲ ਦਾ ਤੀਜਾ ਸਭ ਤੋਂ ਵੱਡਾ ਸਪਲਾਇਰ ਹੈ।
ਭਾਵੇਂ ਰੂਸ ਕੋਲ ਕੁਝ ਖਣਿਜ ਬੇਸ਼ੁਮਾਰ ਮਾਤਰਾ ਵਿੱਚ ਹਨ ਪਰ ਮਾਹਰਾਂ ਮੁਤਾਬਕ ਇਹ ਮਹੱਤਵਪੂਰਨ ਖਣਿਜ ਦੂਜੇ ਦੇਸ਼ਾਂ ਵਿੱਚ ਜ਼ਿਆਦਾ ਪਾਏ ਜਾਂਦੇ ਹਨ।
ਦੁਨੀਆ ਵਿੱਚ ਮੌਜੂਦ ਕੋਬਾਲਟ ਦਾ ਸਭ ਤੋਂ ਵੱਡਾ ਹਿੱਸਾ ਕਾਂਗੋ ਗਣਰਾਜ, ਨਿੱਕਲ ਦਾ ਇੰਡੋਨੇਸ਼ੀਆ, ਲਿਥੀਅਮ ਦਾ ਆਸਟ੍ਰੇਲੀਆ, ਤਾਂਬੇ ਦੀਆਂ ਚਿਲੇ ਅਤੇ ਕੁਝ ਹੋਰ ਦੁਰਲੱਭ ਖਣਿਜਾਂ ਦਾ ਚੋਖਾ ਹਿੱਸਾ ਚੀਨ ਤੋਂ ਨਿਕਲਦਾ ਹੈ।
ਮਾਹਰ ਇਸ ਸੰਸਾਰ ਵਿੱਚ ਊਰਜਾ ਤਬਦੀਲੀ ਲਈ ਘੱਟੋ-ਘੱਟ 17 ਖਣਿਜਾਂ ਨੂੰ ਮਹੱਤਵਪੂਰਨ ਮੰਨਦੇ ਹਨ। ਇਸ ਲਈ ਜਿਹੜੇ ਦੇਸ਼ ਇਨ੍ਹਾਂ ਖਣਿਜਾਂ ਨੂੰ ਕੱਢਣ ਅਤੇ ਪ੍ਰੋਸੈੱਸ ਕਰਨ ਦੀ ਸਮਰੱਥਾ ਰੱਖਦੇ ਹਨ, ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੋਣ ਵਾਲਾ ਹੈ।
ਅੰਤਰਰਾਸ਼ਟਰੀ ਊਰਜਾ ਏਜੰਸੀ ਦਾ ਅਨੁਮਾਨ ਹੈ ਕਿ ਇਨ੍ਹਾਂ 17 ਖਣਿਜਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਲਿਥੀਅਮ, ਨਿੱਕਲ, ਕੋਬਾਲਟ, ਤਾਂਬਾ, ਗ੍ਰੈਫਾਈਟ ਅਤੇ ਰੇਅਰ ਅਰਥ ਹਨ।

ਤਸਵੀਰ ਸਰੋਤ, Getty Images
ਉਤਪਾਦਨ ਵਿੱਚ ਕਿਹੜਾ ਦੇਸ਼ ਹੈ ਮੋਹਰੀ?
ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਮਾਹਰ ਤਾਏ-ਯੁਨ-ਕਿਮ ਦਾ ਕਹਿਣਾ ਹੈ ਕਿ 2040 ਤੱਕ ਇਨ੍ਹਾਂ ਖਣਿਜਾਂ ਦੀ ਮੰਗ ਤੇਜ਼ੀ ਨਾਲ ਵਧੇਗੀ।
ਊਰਜਾ ਬਦਲਾਅ ਨਾਲ ਕਿਹੜੇ ਦੇਸ਼ਾਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ, ਇਸ ਨੂੰ ਤਾਏ-ਯੁਨ-ਕਿਮ ਦੋ ਹਿੱਸਿਆਂ ਵਿੱਚ ਵੰਡਦੇ ਹਨ। ਇੱਕ ਤਾਂ ਉਹ ਦੇਸ਼ ਹੈ ਜਿੱਥੇ ਇਹ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਅਤੇ ਦੂਜੇ ਉਹ ਜੋ ਇਨ੍ਹਾਂ ਦੀ ਪ੍ਰੋਸੈਸਿੰਗ ਵਿੱਚ ਸਭ ਤੋਂ ਅੱਗੇ ਹਨ।
ਜਿੱਥੋਂ ਤੱਕ ਖਣਿਜਾਂ ਦੀ ਭਰਪੂਰਤਾ ਅਤੇ ਉਨ੍ਹਾਂ ਨੂੰ ਕੱਢਣ ਦਾ ਸਵਾਲ ਹੈ, ਤਾਂ ਇਸ 'ਚ ਬਹੁਤ ਸਾਰੇ ਦੇਸ਼ ਅੱਗੇ ਹਨ। ਹਾਲਾਂਕਿ ਖਣਿਜਾਂ ਦੀ ਪ੍ਰੋਸੈਸਿੰਗ ਵਿੱਚ ਚੀਨ ਦਾ ਦਬਦਬਾ ਹੈ।
ਮਾਹਰ ਨੇ ਬੀਬੀਸੀ ਮੁੰਡੋ ਨਾਲ ਗੱਲਬਾਤ ਵਿੱਚ ਕਿਹਾ, ''ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਊਰਜਾ ਤਬਦੀਲੀ ਦਾ ਸਭ ਤੋਂ ਵੱਧ ਫਾਇਦਾ ਕਿਸ ਦੇਸ਼ ਨੂੰ ਹੋਵੇਗਾ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਉਤਪਾਦਨ ਲੜੀ ਵਿੱਚ ਕਿੱਥੇ ਸਥਿਤ ਹਨ।''
ਫਿਰ ਵੀ, ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਇੱਕ ਅਹਿਮ ਮੋੜ 'ਤੇ ਹਾਂ। ਜਿਸ ਤਰ੍ਹਾਂ ਤੇਲ ਨੇ 20ਵੀਂ ਸਦੀ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਊਰਜਾ ਪਰਿਵਰਤਨ ਦੇ ਖਣਿਜ 21ਵੀਂ ਸਦੀ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਸ ਲਈ ਮਾਹਰ ਕਹਿੰਦੇ ਹਨ, "ਇਹ ਭਵਿੱਖ ਦੇ ਖਣਿਜ ਹਨ।"

ਤਸਵੀਰ ਸਰੋਤ, Getty Images
ਚਾਰ ਸਭ ਤੋਂ ਮਹੱਤਵਪੂਰਨ ਧਾਤਾਂ
ਚਾਹੇ ਇਲੈਕਟ੍ਰਿਕ ਬੈਟਰੀਆਂ ਵਿੱਚ ਧਾਤੂ ਦੀ ਲੋੜ ਹੁੰਦੀ ਹੈ, ਉਹ ਉਦਯੋਗਿਕ ਗਤੀਵਿਧੀਆਂ ਲਈ ਕਈ ਕਿਸਮਾਂ ਦੀ ਊਰਜਾ ਨੂੰ ਸਟੋਰ ਕਰਨ ਵਿੱਚ ਵੀ ਮਹੱਤਵਪੂਰਨ ਹਨ।
ਜਰਮਨ ਇੰਸਟੀਚਿਊਟ ਫ਼ਾਰ ਇਕਨਾਮਿਕ ਰਿਸਰਚ ਵਿੱਚ ਖੋਜਕਾਰ ਲੁਕਾਸ ਬੋਅਰ ਕਹਿੰਦੇ ਹਨ, "ਜੇਕਰ ਇਨ੍ਹਾਂ ਧਾਤਾਂ ਦੀ ਸਪਲਾਈ ਮੰਗ ਮੁਤਾਬਕ ਨਹੀਂ ਹੁੰਦੀ ਤਾਂ ਇਨ੍ਹਾਂ ਦੀਆਂ ਕੀਮਤਾਂ ਅਸਮਾਨੀ ਪਹੁੰਚ ਜਾਣਗੀਆਂ।"
ਐਂਡਰੀਆ ਪੇਸਕਾਟੋਰੀ ਅਤੇ ਮਾਰਟਿਨ ਸਟਰਮਰ ਦੇ ਨਾਲ ਲੁਕਾਸ ਬੋਅਰ ਦੁਆਰਾ ਇੱਕ ਖੋਜ ਪਿਛਲੇ ਸਾਲ ਦੇ ਅਖੀਰ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ - "ਊਰਜਾ ਤਬਦੀਲੀ ਦੀ ਧਾਤੂ" ਅਧਿਐਨ।
ਉਹ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਕਾਰਕ ਇਨ੍ਹਾਂ ਧਾਤਾਂ ਨੂੰ ਕੱਢਣ ਦੀ ਪ੍ਰਕਿਰਿਆ ਹੈ।
ਇਹ ਵੀ ਪੜ੍ਹੋ :
ਦਰਅਸਲ, ਇਨ੍ਹਾਂ ਧਾਤਾਂ ਨੂੰ ਕੱਢਣ ਲਈ ਸ਼ੁਰੂ ਹੋਣ ਵਾਲੇ ਮਾਈਨਿੰਗ ਪ੍ਰੋਜੈਕਟਾਂ ਨੂੰ ਪੂਰੀ ਤਰ੍ਹਾਂ ਚਾਲੂ ਹੋਣ ਵਿੱਚ ਡੇਢ ਦਹਾਕੇ (ਔਸਤਨ 16 ਸਾਲ) ਦਾ ਸਮਾਂ ਲੱਗ ਜਾਂਦਾ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਧਾਤਾਂ ਦੀ ਹੋਰ ਕਮੀ ਹੋ ਸਕਦੀ ਹੈ।
ਖੋਜ ਅਨੁਸਾਰ, ਰੇਅਰ ਅਰਥ ਦੇ ਨਾਲ-ਨਾਲ ਚਾਰ ਸਭ ਤੋਂ ਮਹੱਤਵਪੂਰਨ ਧਾਤਾਂ ਹਨ - ਨਿੱਕਲ, ਕੋਬਾਲਟ, ਲਿਥੀਅਮ ਅਤੇ ਤਾਂਬਾ। ਇਨ੍ਹਾਂ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਇਤਿਹਾਸਕ ਤੌਰ 'ਤੇ ਵਧ ਸਕਦੀਆਂ ਹਨ। ਇਹ ਕੋਈ ਆਮ ਵਾਧਾ ਨਹੀਂ ਹੋਵੇਗਾ ਜਿਸ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕੁਝ ਦਿਨਾਂ ਲਈ ਵਧ ਜਾਂਦੀ ਹੈ ਅਤੇ ਫਿਰ ਘੱਟ ਜਾਂਦੀ ਹੈ।
ਇਨ੍ਹਾਂ ਚਾਰ ਧਾਤਾਂ ਦੇ ਉਤਪਾਦਕ ਅਗਲੇ 20 ਸਾਲਾਂ ਵਿੱਚ ਇਕੱਲਿਆਂ ਹੀ ਤੇਲ ਖੇਤਰ ਦੇ ਬਰਾਬਰ ਦੀ ਕਮਾਈ ਕਰ ਸਕਦੇ ਹਨ।
ਬੋਅਰ ਕਹਿੰਦੇ ਹਨ, "ਇਹ ਧਾਤਾਂ ਨਵਾਂ ਤੇਲ ਹੋ ਸਕਦੀਆਂ ਹਨ ਅਤੇ ਚੀਨ ਕੋਬਾਲਟ ਦੇ ਉਤਪਾਦਨ ਵਾਲੇ ਕਾਂਗੋ ਵਿੱਚ ਨਿਵੇਸ਼ ਕਰਕੇ ਸਭ ਤੋਂ ਵੱਡਾ ਖਿਡਾਰੀ ਬਣ ਗਿਆ ਹੈ।''

ਤਸਵੀਰ ਸਰੋਤ, Getty Images
ਪੱਛਮੀ ਦੇਸ਼ਾਂ ਦੇ ਫ਼ਾਡੀ ਰਹਿ ਜਾਣ ਦਾ ਡਰ
ਜੰਗ ਦੀਆਂ ਨਵੀਆਂ ਸਥਿਤੀਆਂ ਵਿੱਚ ਜਦੋਂ ਪੱਛਮੀ ਦੇਸ਼ਾਂ ਨੂੰ ਆਪਣੀ ਊਰਜਾ ਨਿਰਭਰਤਾ ਨੂੰ ਘਟਾਉਣ ਦੀ ਲੋੜ ਹੈ, ਉਦੋਂ ਕੁਝ ਅਜਿਹੇ ਦੇਸ਼ ਹਨ ਜੋ ਇਸ ਵੱਧ ਰਹੀ ਲੋੜ ਦਾ ਕੁਝ ਹਿੱਸਾ ਪੂਰਾ ਕਰ ਸਕਦੇ ਹਨ।
ਬਲੂਮਬਰਗ ਐੱਨਈਐੱਫ਼ ਰਿਸਰਚ ਸੈਂਟਰ ਦੇ ਧਾਤੂ ਅਤੇ ਮਾਈਨਿੰਗ ਦੇ ਮੁਖੀ, ਕਵਾਸੀ ਐੱਮਪੋਫੋ ਦਾ ਕਹਿਣਾ ਹੈ ਕਿ ਇਸ ਬਦਲਾਅ ਤੋਂ ਲਾਭ ਲੈਣ ਲਈ ਚੀਨ ਸਭ ਤੋਂ ਵਧੀਆ ਸਥਿਤੀ ਵਿੱਚ ਹੈ।
ਉਹ ਕਹਿੰਦੇ ਹਨ ਕਿ "ਜੇਕਰ ਚੀਨ ਰੂਸ ਦੇ ਧਾਤੂ ਉਤਪਾਦਨ ਨੂੰ ਆਪਣੀ ਰਿਫਾਇਨਰੀ ਵਿੱਚ ਲਿਆ ਕੇ ਇਸ ਨੂੰ ਦੂਜੇ ਦੇਸ਼ਾਂ ਨੂੰ ਵੇਚਣ ਵਿੱਚ ਸਫ਼ਲ ਹੋ ਜਾਂਦਾ ਹੈ, ਤਾਂ ਉਹ ਇਸ ਬਦਲਾਅ ਦਾ ਮੋਹਰੀ ਸਕਦਾ ਹੈ।''
ਹਾਲਾਂਕਿ, ਇਸ ਮਾਮਲੇ 'ਚ ਹੋਰ ਦੇਸ਼ ਵੀ ਮੈਦਾਨ 'ਚ ਹਨ। ਨਿੱਕਲ ਦੀ ਗੱਲ ਕਰੀਏ ਤਾਂ ਇੰਡੋਨੇਸ਼ੀਆ ਪਿਛਲੇ ਦੋ ਸਾਲਾਂ ਤੋਂ ਆਪਣੀ ਉਤਪਾਦਨ ਸਮਰੱਥਾ ਵਧਾ ਰਿਹਾ ਹੈ। ਰੂਸ ਤੋਂ ਹੋਣ ਵਾਲੀ ਕਮੀ ਨੂੰ ਪੂਰਾ ਕਰਨ ਲਈ ਉਹ ਅੱਗੇ ਵੀ ਇਸ ਨੂੰ ਵਧਾਉਣਾ ਜਾਰੀ ਰੱਖੇਗਾ।
ਨਿੱਕਲ ਅਜਿਹੀ ਧਾਤੂ ਹੈ ਜੋ ਰੂਸ-ਯੂਕਰੇਨ ਯੁੱਧ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਰੂਸ ਅਜਿਹਾ ਦੇਸ਼ ਹੈ ਜੋ ਇਸਦੇ ਵੈਸ਼ਵਿਕ ਉਤਪਾਦਨ ਦਾ ਨੌਂ ਫੀਸਦੀ ਪੈਦਾ ਕਰਦਾ ਹੈ।
ਦੂਜੇ ਪਾਸੇ, ਜੇਕਰ ਪਲੈਟੀਨਮ ਸਮੂਹ ਦੀਆਂ ਧਾਤਾਂ ਦੀ ਘਾਟ ਹੁੰਦੀ ਹੈ, ਤਾਂ ਦੱਖਣੀ ਅਫ਼ਰੀਕੀ ਉਤਪਾਦਕ ਉਸ ਘਾਟ ਨੂੰ ਪੂਰਾ ਕਰ ਸਕਦੇ ਹਨ।
ਭਵਿੱਖ ਦੀਆਂ ਧਾਤਾਂ ਨੂੰ ਕੰਟਰੋਲ ਕਰਨ ਦੀ ਲੜਾਈ ਵਿੱਚ ਅਜਿਹੇ ਪੱਖ ਹਨ ਜਿਨ੍ਹਾਂ ਵਿੱਚ ਚੀਨ ਅੱਗੇ ਹੈ।
ਅਜਿਹੀ ਸਥਿਤੀ 'ਚ ਜੇਕਰ ਪੱਛਮੀ ਦੇਸ਼ ਤੇਜ਼ੀ ਨਾਲ ਅੱਗੇ ਨਾ ਵਧੇ ਤਾਂ ਉਨ੍ਹਾਂ ਦੇ ਫਾਡੀ ਰਹਿ ਜਾਣ ਦਾ ਖਤਰਾ ਖੜ੍ਹਾ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













