ਅਨੀਤਾ ਮੀਤ: 'ਰਿਸ਼ਤੇਦਾਰ ਤਾਂ ਇਹ ਵੀ ਕਹਿੰਦੇ ਸੀ ਕਿ ਇਸ ਦਾ ਸਾਡੀਆਂ ਕੁੜੀਆਂ 'ਤੇ ਪਰਛਾਵਾਂ ਨਾ ਪਏ'

ਤਸਵੀਰ ਸਰੋਤ, Anita Meet/FB
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਥੀਏਟਰ, ਟੈਲੀਵਿਜ਼ਨ ਅਤੇ ਸਿਨੇਮਾ, ਹਰ ਮਾਧਿਅਮ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਅਨੀਤਾ ਮੀਤ ਨਾਲ ਜਦੋਂ ਉਨ੍ਹਾਂ ਦੇ ਪਟਿਆਲ਼ਾ ਸਥਿਤ ਘਰ ਵਿੱਚ ਮੁਲਾਕਾਤ ਹੋਈ ਤਾਂ ਉਹ ਆਪਣੇ ਬੱਚਿਆਂ ਦੇ ਸਕੂਲੋਂ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ।
ਬੱਚਿਆਂ ਦੇ ਪਰਤਣ ਤੋਂ ਪਹਿਲਾਂ ਅਸੀਂ ਜ਼ਿੰਦਗੀਨਾਮਾ ਲੜੀ ਤਹਿਤ ਇਹ ਇੰਟਰਵਿਊ ਰਿਕਾਰਡ ਕੀਤਾ।
ਤਕਰੀਬਨ 50 ਸਾਲ ਦੀ ਉਮਰ ਵਿੱਚ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੇ ਅਨੀਤਾ ਨੇ ਜਦੋਂ ਬੱਚਿਆਂ ਲਈ ਕਰੀਅਰ ਤੋਂ ਕਰੀਬ ਇੱਕ-ਦੋ ਸਾਲ ਦਾ ਵਕਫ਼ਾ ਲਿਆ ਤਾਂ ਉਸ ਦਾ ਕੀ ਅਸਰ ਪਿਆ।
ਉਨ੍ਹਾਂ ਨੇ ਇਸ ਇੰਟਰਵਿਊ ਵਿੱਚ ਦੱਸਿਆ। ਉਨ੍ਹਾਂ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਨੂੰ ਵੀ ਯਾਦ ਕੀਤਾ ਅਤੇ ਅਨੀਤਾ ਤੋਂ ਅਨੀਤਾ ਮੀਤ ਬਣ ਜਾਣ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ।

ਤਸਵੀਰ ਸਰੋਤ, Anita Meet/FB
ਪਰਿਵਾਰਕ ਪਿਛੋਕੜ ਤੇ ਮਾਪਿਆਂ ਨਾਲ਼ ਰਿਸ਼ਤਾ
ਅਨੀਤਾ ਦਾ ਜਨਮ 21 ਦਸੰਬਰ 1967 ਨੂੰ ਹੋਇਆ। ਉਨ੍ਹਾਂ ਦਾ ਪੇਕਾ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਨਾਲ ਸਬੰਧ ਰੱਖਦਾ ਹੈ । ਉਨ੍ਹਾਂ ਦੇ ਪਿਤਾ ਸ੍ਰੀ ਦੇਵਰਾਜ ਇੱਕ ਫ਼ੋਰਮੈਨ ਵਜੋਂ ਕੰਮ ਕਰਦੇ ਸਨ। ਅਨੀਤਾ ਆਪਣੀ ਮਾਤਾ ਬਾਰੇ ਕਹਿੰਦੇ ਹਨ ਕਿ ਨਿਮਰਤਾ ਅਤੇ ਹਲੀਮੀ ਵਾਲੀ ਔਰਤ ਸਨ।
ਅਨੀਤਾ, ਪਰਿਵਾਰ ਵਿੱਚ ਸਭ ਤੋਂ ਵੱਡੀ ਧੀ ਹਨ। ਉਨ੍ਹਾਂ ਦੇ ਛੋਟੇ ਦੋ ਭਰਾ ਅਤੇ ਇੱਕ ਭੈਣ ਹਨ।
ਅਨੀਤਾ ਆਪਣੇ ਪਿਤਾ ਬਾਰੇ ਕਹਿੰਦੇ ਹਨ, “ਪਿਤਾ ਨੇ ਵੀ ਕਦੇ ਸਾਨੂੰ ਦੇਖ ਕੇ ਮੱਥੇ ਵੱਟ ਨਹੀਂ ਸੀ ਪਾਇਆ, ਮੈਂ ਹਮੇਸ਼ਾ ਉਨ੍ਹਾਂ ਨੂੰ ਮੁਸਕਰਾਉਂਦੇ ਹੀ ਦੇਖਿਆ ਹੈ।”
ਅਨੀਤਾ ਦੱਸਦੇ ਹਨ ਕਿ ਮਾਂ ਨਾਲ ਉਨ੍ਹਾਂ ਦਾ ਰਿਸ਼ਤਾ ਵਿਆਹ ਤੋਂ ਪਹਿਲਾਂ ਤੱਕ ਇੰਨਾਂ ਗਹਿਰਾ ਨਹੀਂ ਸੀ, ਪਰ ਹੌਲੀ ਹੌਲੀ ਉਨ੍ਹਾਂ ਦਾ ਰਿਸ਼ਤਾ ਗਹਿਰਾ ਹੋਇਆ। ਅਨੀਤਾ ਕਹਿੰਦੇ ਹਨ, “ਬਚਪਨ ਤੋਂ ਪਿਤਾ ਨਾਲ ਹੀ ਮੇਰੀ ਸਾਂਝ ਇੰਨੀ ਸੀ ਕਿ ਕਦੇ ਧਿਆਨ ਹੀ ਨਹੀਂ ਆਇਆ ਕਿ ਮਾਂ ਕਿੰਨੀ ਚੰਗੀ ਹੈ।”
ਅਨੀਤਾ ਨੇ ਫਤਿਹਗੜ੍ਹ ਸਾਹਿਬ ਤੋਂ ਹੀ ਸਕੂਲ ਦੀ ਪੜ੍ਹਾਈ ਕੀਤੀ ਅਤੇ ਫਿਰ ਬੀ.ਏ. ਕੀਤੀ। ਗੁਰਮੀਤ ਮੀਤ ਹੁਰਾਂ ਨਾਲ ਵਿਆਹ ਤੋਂ ਬਾਅਦ ਥੀਏਟਰ ਵਿੱਚ ਐਮ.ਏ ਉਨ੍ਹਾਂ ਨੇ ਪਟਿਆਲ਼ਾ ਦੀ ਪੰਜਾਬੀ ਯੁਨੀਵਰਸਿਟੀ ਤੋਂ 1998 ਵਿੱਚ ਕੀਤੀ।

ਤਸਵੀਰ ਸਰੋਤ, Anita Meet/FB
ਕਵੀ ਨਾਲ ਹੋਇਆ ਪਿਆਰ
ਅਨੀਤਾ ਦੱਸਦੇ ਹਨ ਕਿ ਜਦੋਂ ਉਹ ਬੀ.ਏ. ਕਰ ਰਹੇ ਸੀ ਤਾਂ ਉਨ੍ਹਾਂ ਦੇ ਕਾਲਜ ਵਿੱਚ ਇੱਕ ਨਾਟਕ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਵਿਦਿਆਰਥੀ ਵਜੋਂ ਗੁਰਮੀਤ ਮੀਤ ਆਏ, ਜਿੱਥੇ ਪਹਿਲੀ ਵਾਰ ਉਨ੍ਹਾਂ ਨਾਲ ਅਨੀਤਾ ਦੀ ਮੁਲਾਕਾਤ ਹੋਈ।
ਅਨੀਤਾ ਦੱਸਦੇ ਹਨ, “ਉਹ ਇੱਕ ਕਵੀ ਸਨ, ਉਨ੍ਹਾਂ ਦੀ 12 ਕਿਤਾਬਾਂ ਆਈਆਂ ਸੀ। ਮੈਂ ਉਸ ਤੋਂ ਪਹਿਲਾਂ ਕਦੇ ਕਿਸੇ ਕਵੀ ਨੂੰ ਨਹੀਂ ਸੀ ਮਿਲੀ।”
ਉਹ ਕਹਿੰਦੇ ਹਨ ਉਨ੍ਹਾਂ ਦੇ ਪਤੀ ਇਸ ਦਰਜੇ ਦੇ ਕਵੀ ਸਨ ਕਿ ਉਨ੍ਹਾਂ ਦੀਆਂ ਕਵਿਤਾਵਾਂ ਅੰਮ੍ਰਿਤਾ ਪ੍ਰੀਤਮ ਦੇ ‘ਨਾਗਮਣੀ’ ਰਸਾਲੇ ਵਿੱਚ ਵੀ ਛਪਦੀਆਂ ਸੀ।
ਅਨੀਤਾ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਾਰ ਇਸ ਰਸਾਲੇ ਵਿੱਚ ਦੇਖਿਆ ਕਿ ਉਨ੍ਹਾਂ ਦੇ ਪਤੀ ਦੀ ਕਵਿਤਾ ਉਨ੍ਹਾਂ ਦੀ ਅੰਮ੍ਰਿਤਾ ਪ੍ਰੀਤਮ ਨੂੰ ਭੇਜੀ ਚਿੱਠੀ ਸਮੇਤ ਛਪੀ ਹੋਈ ਸੀ।
“ਅੰਮ੍ਰਿਤਾ ਪ੍ਰੀਤਮ ਕਹਿੰਦੇ ਕਿ ਇਸ ਮੁੰਡੇ ਦੀ ਚਿੱਠੀ ਵੀ ਨਜ਼ਮ ਜਿਹੀ ਹੁੰਦੀ ਹੈ, ਇਸ ਲਈ ਮੈਂ ਇੱਕ ਵੀ ਸਤਰ ਕੱਟ ਕੇ ਛਾਪਣਾ ਨਹੀਂ ਚਾਹੁੰਦੀ, ਇਸ ਲਈ ਚਿੱਠੀ ਵੀ ਨਾਲ ਹੀ ਛਾਪ ਰਹੀ ਹਾਂ।”
ਅਨੀਤਾ ਨੂੰ ਇਸ ਕਵੀ ਦਾ ਅੰਦਾਜ ਬਹੁਤ ਅਕਰਸ਼ਿਤ ਲੱਗਿਆ ਸੀ। ਅਨੀਤਾ ਅਤੇ ਮੀਤ ਇੱਕ ਦੂਜੇ ਦੇ ਕਰੀਬ ਆਏ ਅਤੇ ਦੋਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ।
ਅਨੀਤਾ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਅਨੀਤਾ ਦਾ ਪਤੀ ਕਲਾਕਾਰ ਜਾਂ ਕਵੀ ਹੋਣ ਦੀ ਬਜਾਏ ‘ਕੋਈ ਕਮਾਈ ਵਾਲਾ ਕੰਮ’ ਕਰਦਾ ਹੋਵੇ।
ਅਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਪੰਜਾਬੀ ਵਿੱਚ ਪੀ.ਐਚ.ਡੀ. ਕੀਤੀ ਸੀ, ਫਿਰ ਉਨ੍ਹਾਂ ਨੇ ਥੀਏਟਰ ਛੱਡ ਕੇ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪੰਜ ਸਾਲ ਦੇ ਸੰਘਰਸ਼ ਬਾਅਦ ਮਾਪੇ ਵਿਆਹ ਲਈ ਮੰਨ ਗਏ। ਅਨੀਤਾ ਨੇ ਆਪਣੇ ਨਾਮ ਨਾਲ ਆਪਣੇ ਪਤੀ ਦਾ ਨਾਮ ਲਗਾ ਲਿਆ ਅਤੇ ਉਹ ਅਨੀਤਾ ਮੀਤ ਬਣ ਗਏ।

ਤਸਵੀਰ ਸਰੋਤ, Anita Meet/FB
ਪਤੀ ਨੇ ਦਿਖਾਇਆ ਅਦਾਕਾਰੀ ਦਾ ਰਾਹ
ਅਨੀਤਾ ਦੱਸਦੇ ਹਨ ਕਿ ਉਸ ਦੌਰ ਵਿੱਚ ਉਨ੍ਹਾਂ ਦੇ ਪਰਿਵਾਰਾਂ ਵਿੱਚ ਕੁੜੀਆਂ ਨੂੰ ਬਹੁਤਾ ਪੜ੍ਹਾਇਆ ਨਹੀਂ ਸੀ ਜਾਂਦਾ।
ਉਨ੍ਹਾਂ ਨੂੰ ਵੀ ਦਸਵੀਂ ਤੋਂ ਬਾਅਦ ਪੜ੍ਹਾਈ ਛੱਡਣ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਅੱਗੇ ਪੜ੍ਹਣ ਦੀ ਜ਼ਿੱਦ ਕੀਤੀ ਤਾਂ ਪਰਿਵਾਰ ਉਨ੍ਹਾਂ ਨੂੰ ਬੀ.ਏ. ਤੱਕ ਪੜ੍ਹਾਉਣ ਲਈ ਰਾਜ਼ੀ ਹੋ ਗਿਆ।
ਉਹ ਕਹਿੰਦੇ ਹਨ, “ਬੀ.ਏ. ਕਰਦਿਆਂ ਜਦੋਂ ਮੇਰੇ ਜ਼ਿੰਦਗੀ ਵਿੱਚ ਮੀਤ ਆਏ ਤਾਂ ਰਿਸ਼ਤੇਦਾਰਾਂ ਨੇ ਮਾਪਿਆ ਨੂੰ ਤਾਅਨੇ ਵੀ ਮਾਰੇ ਕਿ ਇਹ ਕੁੜੀ ਨੂੰ ਪੜ੍ਹਾਉਣ ਦਾ ਨਤੀਜਾ ਹੈ ਕਿ ਗ਼ਲਤ ਰਾਹ ’ਤੇ ਤੁਰ ਪਈ ਹੈ। ਉਸ ਵੇਲੇ ਆਪਣੀ ਪਸੰਦ ਦਾ ਸਾਥੀ ਲੱਭਣਾ ਉਨ੍ਹਾਂ ਨੂੰ ਗ਼ਲਤ ਲਗਦਾ ਸੀ।”
ਬੀ.ਏ. ਤੋਂ ਬਾਅਦ ਉਨ੍ਹਾਂ ਨੇ ਬੀ.ਐੱਡ. ਵੀ ਕਰ ਲਈ ਸੀ ਅਤੇ ਉਹ ਸੋਚਦੇ ਸੀ ਕਿ ਟੀਚਰ ਬਣ ਜਾਣਗੇ ਪਰ ਵਿਆਹ ਤੋਂ ਬਾਅਦ ਉਨ੍ਹਾਂ ਲਈ ਕਰੀਅਰ ਦਾ ਰਸਤਾ ਬਦਲ ਗਿਆ।
ਅਨੀਤਾ ਦੱਸਦੇ ਹਨ ਕਿ ਵਿਆਹ ਤੋਂ ਪਹਿਲਾਂ ਤੱਕ ਉਨ੍ਹਾਂ ਦਾ ਅਦਾਕਾਰੀ ਨਾਲ ਕੋਈ ਨਾਤਾ ਨਹੀਂ ਸੀ, ਉਨ੍ਹਾਂ ਦੇ ਪਤੀ ਨੇ ਪਟਿਆਲ਼ਾ ਦੀ ਪੰਜਾਬੀ ਯੁਨੀਵਰਸਿਟੀ ਦੇ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਵਿੱਚ ਉਨ੍ਹਾਂ ਦਾ ਦਾਖਲਾ ਐਮ.ਏ ਵਿੱਚ ਕਰਵਾ ਦਿੱਤਾ।
“ਮੇਰੇ ਪਤੀ ਆਪਣਾ ਥੀਏਟਰ ਦਾ ਸੁਫ਼ਨਾ ਹੁਣ ਮੇਰੇ ਵਿੱਚੋਂ ਪੂਰਾ ਕਰਨਾ ਚਾਹੁੰਦੇ ਸੀ। ਹੁਣ ਮੈਂ ਜਦੋਂ ਆਪਣੇ ਸਫਰ ਨੂੰ ਦੇਖਦੀ ਹਾਂ ਤਾਂ ਮਹਿਸੂਸ ਕਰਦੀ ਹਾਂ ਕਿ ਉਨ੍ਹਾਂ ਦਾ ਮੇਰੇ ਲਈ ਲਿਆ ਫ਼ੈਸਲਾ ਕਿੰਨਾ ਸਹੀ ਰਿਹਾ ਹੈ। ਉਨ੍ਹਾਂ ਨੇ ਮੇਰੀ ਕਲਾ ਨੂੰ ਪਰਖਿਆ ਕਿ ਮੈਂ ਇੱਕ ਅਦਾਕਾਰਾ ਵੀ ਹਾਂ।”
ਅਨੀਤਾ ਕਹਿੰਦੇ ਹਨ ਕਿ ਉਹ ਖੁਸ਼ੀ ਮਹਿਸੂਸ ਕਰਦੇ ਹਨ ਕਿ ਉਹ ਇੱਕ ਅਦਾਕਾਰ ਹਨ ਅਤੇ ਇਸ ਜ਼ਰੀਏ ਕਿੰਨੇ ਹੀ ਕਿਰਦਾਰਾਂ ਨੂੰ ਜਿਓਂ ਸਕਦੇ ਹਨ। ਉਹ ਕਹਿੰਦੇ ਹਨ ਕਿ ਸ਼ਾਇਦ ਉਹ ਇੱਕ ਅਧਿਆਪਕ ਬਣ ਜਾਂਦੇ ਪਰ ਇਸ ਤਰ੍ਹਾਂ ਆਪਣੇ ਕੰਮ ਨੂੰ ਮਾਣ ਨਹੀਂ ਸੀ ਸਕਣਾ ਜੋ ਇੱਕ ਅਦਾਕਾਰ ਵਜੋਂ ਮਾਣ ਰਹੇ ਹਨ।
ਅਨੀਤਾ ਦੇ ਪਰਿਵਾਰ ਨੂੰ ਲੰਬਾ ਸਮਾਂ ਉਨ੍ਹਾਂ ਦੇ ਸਟੇਜ ਦੇ ਕੰਮ ਕਰਨਾ ਨਾਪਸੰਦ ਰਿਹਾ ਸੀ। ਉਹ ਕਹਿੰਦੇ ਹਨ ਕਿ ਪਹਿਲਾਂ ਕੁਝ ਰਿਸ਼ਤੇਦਾਰ ਆਪਣੇ ਬੱਚਿਆਂ ਨੂੰ ਉਨ੍ਹਾਂ ਨਾਲ ਰਿਸ਼ਤਾ ਰੱਖਣ ਤੋਂ ਵਰਜਦੇ ਸੀ ਅਤੇ ਕਹਿੰਦੇ ਸੀ ਕਿ ਉਨ੍ਹਾਂ ਦੀਆਂ ਕੁੜੀਆਂ ’ਤੇ ਵੀ ਅਨੀਤਾ ਦਾ ਬੁਰਾ ਅਸਰ ਪਏਗਾ।
''ਕੁਝ ਤਾਂ ਸ਼ੁਰੂ ਵਿੱਚ ਇਹ ਵੀ ਕਹਿੰਦੇ ਸੀ ਕਿ ਸਾਡੀਆਂ ਕੁੜੀਆਂ ਉੱਤੇ ਇਸ ਦਾ ਪਰਛਾਵਾਂ ਨਾ ਪਵੇ, ਉਹ ਕਹਿੰਦੇ ਸੀ ਕੀ ਇਹ ਮਰਾਸੀਆਂ ਵਾਲੇ ਕੰਮ ਨੇ, ਸਾਡੇ ਪਰਿਵਾਰਾਂ ਦੀਆਂ ਕੁੜੀਆਂ ਸਟੇਜਾਂ ਉੱਤੇ ਨਹੀਂ ਚੜ੍ਹਦੀਆਂ ।''
ਫਿਰ ਹੌਲੀ ਹੌਲੀ ਲੋਕ ਆਪਣੇ ਬੱਚਿਆਂ ਨੂੰ ਟੀਵੀ ਵਿੱਚ ਕੰਮ ਦਵਾਉਣ ਦੀਆਂ ਸਿਫ਼ਾਰਸ਼ਾਂ ਕਰਨ ਲੱਗੇ ਜਿਸ ਤੋ ਬਾਅਦ ਹੌਲੀ ਹੌਲੀ ਉਨ੍ਹਾਂ ਦੇ ਮਾਪਿਆ ਨੇ ਮਾਣ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Anita Meet/FB
“ਕਈ ਵਾਰ ਟਰੱਕ ਵਿੱਚ ਬਹਿ ਕੇ ਘਰ ਪਹੁੰਚਦੇ ਸੀ”
ਅਨੀਤਾ ਮੀਤ ਨੇ ਐਮ.ਏ ਬਾਅਦ ਪੰਜਾਬੀ ਯੁਨੀਵਰਸਿਟੀ ਦੀ ਆਰਟ ਰੈਪੋਰਟਰੀ ਥੇਟਰ ਵਿੱਚ ਵੀ 1998 ਤੱਕ ਕੰਮ ਕੀਤਾ। ਕਈ ਥੀਏਟਰ ਗਰੁੱਪਾਂ ਨਾਲ ਪਿੰਡ-ਪਿੰਡ ਜਾ ਕੇ ਨਾਟਕ ਖੇਡੇ।
ਫਿਰ 1999 ਦੇ ਕਰੀਬ ਟੈਲੀਵਿਜ਼ਨ ਵਿੱਚ ਕਰੀਅਰ ਸ਼ੁਰੂ ਹੋ ਗਿਆ। ਰੇਡੀਓ ਵਿੱਚ ਵੀ ਉਨ੍ਹਾਂ ਨੇ ਕਲਾਕਾਰ ਵਜੋਂ ਕੰਮ ਕੀਤਾ ਅਤੇ ਫਿਰ ਕੁਝ ਸਾਲਾਂ ਬਾਅਦ ਫ਼ਿਲਮਾਂ ਵਿੱਚ ਵੀ ਕੰਮ ਮਿਲ਼ ਲੱਗਿਆ।
ਅਨੀਤਾ ਮੀਤ ਦੇ ਸ਼ੁਰੂਆਤੀ ਟੈਲੀਵਿਜ਼ਨ ਨਾਟਕਾਂ ਵਿੱਚ ਗੁਰਬੀਰ ਗਰੇਵਾਲ ਜੀ ਦਾ ‘ਪਰਛਾਵੇਂ’, ਸੁਖਵਿੰਦਰ ਧੰਜਲ ਹੁਰਾਂ ਦਾ ‘ਸਰਹੱਦ’ ਸ਼ਾਮਲ ਹਨ। ਇਸ ਵਿੱਚ ਉਨ੍ਹਾਂ ਨੇ ਸਰਦਾਰ ਸੋਹੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।
ਅਨੀਤਾ ਦੱਸਦੇ ਹਨ ਕਿ ਕਰੀਅਰ ਦੇ ਸ਼ੁਰੂਆਤੀ ਸਮੇਂ ਵਿੱਚ ਵੈਨਿਟੀ ਵੈਨ ਜਿਹੀਆਂ ਅਜੋਕੀਆਂ ਸਹੂਲਤਾਂ ਨਹੀਂ ਸਨ। “ਰੁੱਖ ਹੇਠਾਂ ਬੈਠ ਕੇ ਆਪਣੇ ਸ਼ੌਟ ਦਾ ਇੰਤਜ਼ਾਰ ਕਰਦੇ ਸੀ, ਪਰ ਉਸ ਵੇਲੇ ਕੰਮ ਦੇ ਜਜ਼ਬੇ ਨੇ ਗਰਮੀ ਜਾਂ ਭੁੱਖ ਮਹਿਸੂਸ ਹੀ ਨਹੀਂ ਸੀ ਹੋਣ ਦਿੱਤੀ।”
ਉਹ ਦੱਸਦੇ ਹਨ ਕਿ ਅਕਸਰ ਉਹ ਮਲੋਟ ਤੋਂ ਸਵੇਰ ਤਿੰਨ ਵਜੇ ਦੀ ਬੱਸ ਵਿੱਚ ਸਵਾਰ ਹੋ ਕੇ ਕੰਮ ’ਤੇ ਪਹੁੰਚਦੇ ਸੀ, ਜਿਨ੍ਹਾਂ ਬੱਸਾਂ ਦੀਆਂ ਖਿੜਕੀਆਂ ਵਿੱਚੋਂ ਸਰਦੀਆਂ ਦੇ ਮੌਸਮ ਵਿੱਚ ਠੰਡੀ ਹਵਾ ਆਉਂਦੀ ਸੀ ਅਤੇ ਗਰਮੀ ਦੇ ਮੌਸਮ ਵਿੱਚ ਉਹ ਪੂਰੀ ਤਰ੍ਹਾਂ ਖੁੱਲ੍ਹਦੀਆਂ ਨਾ ਹੋ ਕਾਰਨ ਗਰਮੀ ਹੁੰਦੀ ਸੀ।
ਅਨੀਤਾ ਨੇ ਦੱਸਿਆ ਕਿ ਵਾਪਸੀ ਵੇਲੇ ਕਈ ਵਾਰ ਬੱਸ ਰਾਹ ਵਿੱਚ ਖਰਾਬ ਹੋ ਜਾਂਦੀ ਸੀ, ਫਿਰ ਕਦੇ ਕਿਸੇ ਟਰੱਕ ’ਤੇ ਬੈਠ ਕੇ ਘਰ ਪਹੁੰਚਦੇ ਸੀ।

ਤਸਵੀਰ ਸਰੋਤ, Anita Meet/FB
ਮਹਿਲਾ ਅਦਾਕਾਰ ਵਜੋਂ ਇਸ ਖੇਤਰ ਦੀਆਂ ਚੁਣੌਤੀਆਂ
ਅਨੀਤਾ ਮੀਤ ਕਹਿੰਦੇ ਹਨ ਕਿ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਸੁਣਦੇ ਸੀ ਕਿ ਟੀਵੀ ਅਤੇ ਫ਼ਿਲਮਾਂ ਵਿੱਚ ਲੜਕੀਆਂ ਦਾ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ, ਪਰ ਇਸ ਲਾਈਨ ਵਿੱਚ ਵਿਚਰਦਿਆਂ ਉਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਮਹਿਸੂਸ ਨਹੀਂ ਕੀਤਾ।
ਅਨੀਤਾ ਦੱਸਦੇ ਹਨ ਕਿ ਹੁਣ ਤੱਕ ਦੇ ਸਫਰ ਵਿੱਚ ਉਨ੍ਹਾਂ ਨੂੰ ਕਦੇ ਕਿਸੇ ਗਲਤ ਇਸ਼ਾਰੇ ਦਾ ਵੀ ਸਾਹਮਣਾ ਨਹੀਂ ਕਰਨਾ ਪਿਆ।
ਉਹ ਕਹਿੰਦੇ ਹਨ ਕਿ ਉਹ ਅਕਸਰ ਸਵੇਰੇ ਤਿੰਨ ਵਜੇ ਘਰੋਂ ਨਿਕਲਦੇ ਸੀ ਅਤੇ ਰਾਤ ਨੂੰ ਇੱਕ-ਦੋ ਵਜੇ ਵਾਪਸ ਆਉਂਦੇ ਸੀ, ਪਰ ਉਨ੍ਹਾਂ ਨੇ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ।
ਉਹ ਦੱਸਦੇ ਹਨ ਕਿ ਕੰਮ ਤੋਂ ਆਉਂਦੇ-ਜਾਂਦੇ ਇੱਕ ਵਾਰ ਬੱਸ ਵਿੱਚ ਕਿਸੇ ਨੇ ਉਨ੍ਹਾਂ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੇ ਉਸ ਸ਼ਖ਼ਸ ਨੂੰ ਥੱਪੜ ਜੜਿਆ ਅਤੇ ਬੱਸ ਵਾਲਿਆਂ ਨੇ ਉਸ ਸ਼ਖ਼ਸ ਨੂੰ ਬੱਸ ਵਿੱਚੋਂ ਉਤਾਰ ਦਿੱਤਾ।
ਅਨੀਤਾ ਮੀਤ ਇਹ ਜ਼ਰੂਰ ਕਹਿੰਦੇ ਹਨ ਕਿ ਪੁਰਸ਼ ਅਦਾਕਾਰਾਂ ਅਤੇ ਮਹਿਲਾ ਅਦਾਕਾਰਾਂ ਦੇ ਵੇਤਨ ਵਿੱਚ ਫ਼ਰਕ ਰਿਹਾ ਹੈ ਜੋ ਕਿ ਉਹ ਸ਼ੁਰੂਆਤ ਵਿੱਚ ਵੀ ਮਹਿਸੂਸ ਕਰਦੇ ਸੀ ਅਤੇ ਹੁਣ ਵੀ।
ਫ਼ਿਲਮਾਂ ਵਿੱਚ ਕਿਰਦਾਰਾਂ ਦੇ ਮਸਲੇ ਬਾਰੇ ਉਹ ਕਹਿੰਦੇ ਹਨ ਕਿ ਹੁਣ ਭਾਵੇਂ ਔਰਤਾਂ ਲਈ ਵੀ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ, ਪਹਿਲਾਂ ਔਰਤ ਅਦਾਕਾਰਾਂ ਸਿਰਫ਼ ਖਾਲੀ ਥਾਂ ਭਰਨ ਲਈ ਹੀ ਹੁੰਦੀਆਂ ਸੀ ਅਤੇ ਕਹਾਣੀਆਂ ਆਦਮੀਆਂ ਦੇ ਆਲੇ-ਦੁਆਲੇ ਘੁੰਮਦੀਆਂ ਸੀ।
ਨਾਲ ਹੀ ਉਹ ਕਹਿੰਦੇ ਹਨ ਕਿ ਪੁਰਸ਼ ਅਦਕਾਰਾ ਕਈ ਵਾਰ ਡਾਇਰੈਕਟਰਾਂ-ਪ੍ਰੋਡਿਊਸਰਾਂ ਨਾਲ ਬਹਿ ਕੇ ਖਾਣ-ਪੀਣ ਕਰਕੇ ਉਨ੍ਹਾਂ ਦੇ ਦੋਸਤ ਬਣ ਜਾਂਦੇ ਹਨ ਅਤੇ ਮਹਿਲਾਵਾਂ ਇਸ ਲੌਬਿੰਗ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ ਹਨ।

ਤਸਵੀਰ ਸਰੋਤ, Anita Meet/FB
ਵਿਆਹ ਦੇ ਤਿੰਨ ਦਹਾਕੇ ਬਾਅਦ ਬਣੀ ਮਾਂ
ਅਨੀਤਾ ਮੀਤ ਅਤੇ ਉਨ੍ਹਾਂ ਦੇ ਪਤੀ ਗੁਰਮੀਤ ਮੀਤ ਵਿਆਹ ਤੋਂ ਤਕਰੀਬਨ ਤਿੰਨ ਦਹਾਕਿਆਂ ਬਾਅਦ ਮਾਪੇ ਬਣੇ ਹਨ।
ਅਨੀਤਾ ਦੱਸਦੇ ਹਨ ਕਿ ਉਨ੍ਹਾਂ ਕਰੀਬ 50 ਸਾਲ ਦੀ ਉਮਰ ਵਿੱਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬੱਚਾ ਨਹੀਂ ਸੀ ਹੋਇਆ, ਕਈ ਵਾਰ ਲੋਕਾਂ ਦੀਆਂ ਗੱਲਾਂ ਚੁਭ ਜਾਂਦੀਆਂ ਸਨ।
ਉਨ੍ਹਾਂ ਦੱਸਿਆ ਕਿ ਉਹ ਕਿਸੇ ਪਿੰਡ ਵਿੱਚ ਸ਼ੂਟਿੰਗ ਕਰਦੇ ਤਾਂ ਕਈ ਵਾਰ ਪਿੰਡ ਦੀਆਂ ਔਰਤਾਂ ਬੱਚਿਆਂ ਬਾਰੇ ਪੁੱਛ ਲੈਂਦੀਆਂ ਸੀ।
ਅਨੀਤਾ ਨੇ ਦੱਸਿਆ ਕਿ ਇੱਕ ਵਾਰ ਇੱਕ ਨਾਟਕ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਕਿਹਾ ਸੀ ਕਿ ਇਸ ਦੇ ਬੱਚੇ ਨਹੀਂ ਹਨ, ਇਸ ਲਈ ਇਹ ਮਾਂ ਦਾ ਕਿਰਦਾਰ ਮਹਿਸੂਸ ਨਹੀਂ ਕਰ ਸਕੇਗੀ।
ਉਨ੍ਹਾਂ ਦੱਸਿਆ ਕਿ ਕਈ ਵਾਰ ਉਨ੍ਹਾਂ ਨੂੰ ਲੋਕ ਬੱਚਾ ਗੋਦ ਲੈਣ ਦੀ ਵੀ ਸਲਾਹ ਦਿੰਦੇ ਸੀ, ਪਰ ਉਹ ਮਹਿਸੂਸ ਕਰਦੇ ਸੀ ਕਿ ਕਦੇ ਨਾ ਕਦੇ ਉਹ ਬੱਚੇ ਨੂੰ ਜਨਮ ਜ਼ਰੂਰ ਦੇ ਸਕਣਗੇ।
ਅਨੀਤਾ ਕਹਿੰਦੇ ਹਨ ਕਿ 2018 ਵਿੱਚ ਜਦੋਂ ਉਨ੍ਹਾਂ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਆਉਣ ਬਾਅਦ ਉਹ ਪ੍ਰੈਗਨੈਂਟ ਹੋ ਗਏ ਸੀ।
ਉਹ ਦੱਸਦੇ ਹਨ ਕਿ ਮਾਂ-ਪੁੱਤ ਦੇ ਰਿਸ਼ਤੇ ’ਤੇ ਅਧਾਰਤ ਇਹ ਫ਼ਿਲਮ ਹਿੱਟ ਹੋਣ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਫ਼ਿਲਮਾਂ ਦੀ ਪੇਸ਼ਕਸ਼ ਆਈ, ਪਰ ਉਹ ਪ੍ਰੈਗਨੈਂਟ ਹੋਣ ਕਰਕੇ ਇਨਕਾਰ ਕਰਦੇ ਰਹੇ।
ਉਨ੍ਹਾਂ ਨੇ ਕਿਸੇ ਨੂੰ ਪ੍ਰੈਗਨੈਂਸੀ ਦੀ ਖ਼ਬਰ ਵੀ ਨਹੀਂ ਦਿੱਤੀ ਕਿ ਫ਼ਿਲਮਾਂ ਕਿਉਂ ਨਹੀਂ ਕਰ ਰਹੇ, ਜਿਸ ਕਰਕੇ ਫ਼ਿਲਮ ਨਹੀਂ ਕਰ ਸਕਦੇ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਉਸ ਵੇਲੇ 35 ਫ਼ਿਲਮਾਂ ਨੂੰ ਮਨਾਂ ਕੀਤਾ ਸੀ।
ਛੇ ਮਹੀਨਿਆਂ ਦੀ ਪ੍ਰੈਗਨੈਂਸੀ ਬਾਅਦ ਹੀ ਉਨ੍ਹਾਂ ਦੇ ਜੁੜਵਾ ਬੱਚਿਆਂ ਨੇ ਜਨਮ ਲੈ ਲਿਆ। ਪਰੀ-ਮਚਿਊਰ ਹੋਣ ਕਰਕੇ ਉਨ੍ਹਾਂ ਦੀ ਦੇਖਭਾਲ ਵਿੱਚ ਉਹ ਪੂਰੀ ਤਰ੍ਹਾਂ ਰੁੱਝ ਗਏ ਅਤੇ ਉਨ੍ਹਾਂ ਦਾ ਕਰੀਅਰ ਵਿੱਚ ਵੀ ਇੱਕ-ਦੋ ਸਾਲ ਦਾ ਵਕਫ਼ਾ ਪੈ ਗਿਆ।
ਅਨੀਤਾ ਮੀਤ ਮਹਿਸੂਸ ਕਰਦੇ ਹਨ ਕਿ ਵਿਆਹ ਦੇ 29 ਸਾਲ ਬਾਅਦ ਪੈਦਾ ਹੋਏ ਹਨ।
ਉਹ ਦੱਸਦੇ ਹਨ ਕਿ ਵੱਡੀ ਉਮਰ ਦੇ ਬਾਵਜੂਦ ਬੱਚਾ ਪੈਦਾ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪ੍ਰੇਰਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਅਨੀਤਾ ਨੇ ਆਪਣਾ ਇਲਾਜ ਕਰਵਾਇਆ ਅਤੇ ਉਹ ਗਰਭਵਤੀ ਹੋ ਗਏ।

ਤਸਵੀਰ ਸਰੋਤ, Anita Meet/FB
ਅਨੀਤਾ ਦੇ ਹੁਣ ਦੋ ਬੱਚੇ ਹਨ, ਇੱਕ ਪੁੱਤ ਤੇ ਇੱਕ ਧੀ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਬੱਚਿਆਂ ਦੀ ਦੇਖਭਾਲ ਵੀ ਕਰਦੇ ਸੀ ਤਾਂ ਪਿਤਾ ਦੇ ਜਾਨ ਦਾ ਗਮ ਉਨ੍ਹਾਂ ਨੂੰ ਸਤਾਉਂਦਾ ਸੀ।
ਅਨੀਤਾ ਮੁਤਾਬਕ ਜਦੋਂ ਉਨ੍ਹਾਂ ਦੀ ਮਾਨਸਿਕ ਸਿਹਤ ਖਰਾਬ ਹੋਣ ਲੱਗੀ ਤਾਂ ਉਨ੍ਹਾਂ ਨੇ ਖੁਦ ਨੂੰ ਸੰਭਾਲ਼ਣ ਲਈ ਫ਼ਿਲਮਾਂ ਵਿੱਚ ਵਾਪਸੀ ਕਰਨੀ ਚਾਹੀ ਪਰ ਉਦੋਂ ਤੱਕ ਉਨ੍ਹਾਂ ਹੱਥੋਂ ਕੰਮ ਜਾ ਚੁੱਕਿਆ ਸੀ।
ਉਹ ਦੱਸਦੇ ਹਨ ਕਿ ਫਿਲਮ ਇੰਡਸਟਰੀ ਵਿੱਚ ਜਿਨ੍ਹਾਂ ਨੂੰ ਉਹ ਬਹੁਤ ਖ਼ਾਸ ਸਮਝਦੇ ਸੀ, ਉਨ੍ਹਾਂ ਨੇ ਵੀ ਕੰਮ ਲਈ ਨਾ ਬੁਲਾਇਆ।
ਉਹ ਕਹਿੰਦੇ ਹਨ, “ਮੈਨੂੰ ਲੱਗਦਾ ਸੀ ਕਿ ਮੈਂ ਜਿੰਨਾ ਕੰਮ ਕੀਤਾ ਹੈ, ਇੰਡਸਟਰੀ ਮੈਨੂੰ ਭੁੱਲ ਨਹੀਂ ਸਕਦੀ, ਪਰ ਜਦੋਂ ਮੈਨੂੰ ਕੰਮ ਨਹੀਂ ਸੀ ਮਿਲ ਰਿਹਾ ਤਾਂ ਮਹਿਸੂਸ ਹੋਇਆ ਕਿ ਚਲਦੀ ਦਾ ਨਾਮ ਹੀ ਗੱਡੀ ਹੈ।
ਮੈਨੂੰ ਕਰੀਅਰ ਵਿੱਚ ਉਸ ਵੇਲੇ ਦੁਬਾਰਾ ਸੰਘਰਸ਼ ਕਰਨਾ ਪਿਆ ਅਤੇ ਫਿਰ ‘ਜ਼ਿੰਦਗੀ ਜ਼ਿੰਦਾਬਾਦ’ ਨਾਮੀ ਫ਼ਿਲਮ ਨਾਲ ਮੁੜ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਦੁਬਾਰਾ ਕੰਮ ਮਿਲਣਾ ਸ਼ੁਰੂ ਹੋਇਆ।”
ਅਨੀਤਾ ਮੀਤ ਕਹਿੰਦੇ ਹਨ ਕਿ ਹੁਣ ਵੀ ਅਕਸਰ ਉਨ੍ਹਾਂ ਨੂੰ ਗਹਿਰੇ ਅਤੇ ਦੁਖਿਆਰੀ ਮਾਂ ਵਾਲੇ ਕਿਰਦਾਰਾਂ ਲਈ ਹੀ ਯਾਦ ਕੀਤਾ ਜਾਂਦਾ ਹੈ, ਪਰ ਉਹ ਇੱਕ ਅਦਾਕਾਰ ਹੋਣ ਨਾਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹਨ।












