ਲੋਕ ਸਭਾ ਚੋਣਾਂ 2024: ਸਮ੍ਰਿਤੀ ਇਰਾਨੀ ਨੂੰ ਅਮੇਠੀ ਤੋਂ ਹਰਾਉਣ ਵਾਲੇ ਲੁਧਿਆਣਾ ਦੇ ਕਿਸ਼ੋਰੀ ਲਾਲ ਕੌਣ ਹਨ

ਤਸਵੀਰ ਸਰੋਤ, ANI
ਕਾਂਗਰਸ ਨੇ ਅਮੇਠੀ ਸੀਟ ਨੂੰ ਜਿੱਤ ਲਿਆ ਹੈ। ਅਮੇਠੀ ਤੋਂ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਨੇ ਸਮ੍ਰਿਤੀ ਇਰਾਨੀ ਨੂੰ ਇੱਕ ਲੱਖ 67 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਇਸ ਸੀਟ ਤੋਂ ਪਹਿਲਾਂ ਗਾਂਧੀ ਪਰਿਵਾਰ ਦਾ ਉਮੀਦਵਾਰ ਹੀ ਚੋਣਾਂ ਲੜਦਾ ਰਿਹਾ ਹੈ। ਪਿਛਲੀ ਵਾਰ ਸਮ੍ਰਿਤੀ ਇਰਾਨੀ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਹਰਾਇਆ ਸੀ।
ਇਸ ਵਾਰ ਰਾਹੁਲ ਗਾਂਧੀ ਨੇ ਵਾਇਨਾਡ ਤੇ ਰਾਇਬਰੇਲੀ ਤੋਂ ਚੋਣ ਲੜੀ ਤੇ ਦੋਵੇਂ ਸੀਟਾਂ ਜਿੱਤੀਆਂ ਹਨ।
ਇਸ ਵਾਰ ਅਮੇਠੀ ਸੀਟ ਤੋਂ ਕਾਂਗਰਸ ਨੇ ਕਿਸ਼ੋਰੀ ਲਾਲ ਸ਼ਰਮਾ ਨੂੰ ਉਮੀਦਵਾਰ ਬਣਾਇਆ ਸੀ। ਅਮੇਠੀ ਸੀਟ ਤੋਂ ਭਾਜਪਾ ਵੱਲੋਂ ਸਮ੍ਰਿਤੀ ਇਰਾਨੀ ਚੋਣ ਮੈਦਾਨ ਵਿੱਚ ਸਨ।
ਕਿਸ਼ੋਰੀ ਲਾਲ ਨੂੰ ਗਾਂਧੀ ਪਰਿਵਾਰ ਦੇ ਬੇਹੱਦ ਨਜ਼ਦੀਕ ਮੰਨਿਆ ਜਾਂਦਾ ਹੈ।
ਇਸ ਵਾਰ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਿਅੰਕਾ ਗਾਂਧੀ ਵਾਡਰਾ ਅਮੇਠੀ ਜਾਂ ਰਾਏਬਰੇਲੀ ਤੋਂ ਚੋਣ ਲੜ ਸਕਦੇ ਹਨ।
ਪ੍ਰਿਅੰਕਾ ਨੇ ਕਿਸ਼ੋਰੀ ਲਾਲ ਦੀ ਸਿਫ਼ਤ ਵਿੱਚ ਕੀ ਕਿਹਾ ਸੀ
ਪ੍ਰਿਅੰਕਾ ਗਾਂਧੀ ਵਾਡਰਾ ਨੇ ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਉਮੀਦਵਾਰ ਬਣਾਏ ਜਾਣ 'ਤੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, ''ਕਿਸ਼ੋਰੀ ਲਾਲ ਸ਼ਰਮਾ ਜੀ ਨਾਲ ਸਾਡੇ ਪਰਿਵਾਰ ਦਾ ਕਈ ਸਾਲਾਂ ਦਾ ਰਿਸ਼ਤਾ ਹੈ। ਉਹ ਅਮੇਠੀ, ਰਾਏਬਰੇਲੀ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਨ-ਮਨ ਨਾਲ ਲੱਗੇ ਰਹੇ। ਲੋਕ ਸੇਵਾ ਲਈ ਉਨ੍ਹਾਂ ਦਾ ਜਨੂੰਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ।''
ਪ੍ਰਿਅੰਕਾ ਨੇ ਜਿੱਤ ਤੋਂ ਬਾਅਦ ਵੀ ਕਿਸ਼ੋਰੀ ਲਾਲ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਕਿਸ਼ੋਰੀ ਲਾਲ ਵੱਡੇ ਫਰਕ ਨਾਲ ਚੋਣ ਜਿੱਤਣਗੇ।
ਕਿਸ਼ੋਰੀ ਲਾਲ ਨੇ ਟਿਕਟ ਮਿਲਣ ਤੋਂ ਬਾਅਦ ਕਿਹਾ ਸੀ, "ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਮਿਹਨਤ ਕਰਾਂ। ਮੈਂ ਇੱਥੇ 40 ਸਾਲਾਂ ਤੋਂ ਸੇਵਾ ਕਰ ਰਿਹਾ ਹਾਂ। 1983 ਵਿੱਚ ਕਾਂਗਰਸ ਦੇ ਯੂਥ ਵਰਕਰ ਵਜੋਂ ਇੱਥੇ ਆਇਆ ਅਤੇ ਉਦੋਂ ਤੋਂ ਲਗਾਤਾਰ ਇੱਥੇ ਕੰਮ ਕਰ ਰਿਹਾ ਹਾਂ। ਰਾਜੀਵ ਜੀ ਮੈਨੂੰ ਇੱਥੇ ਲੈ ਕੇ ਆਏ ਸਨ ਅਤੇ ਉਸ ਤੋਂ ਬਾਅਦ ਮੈਂ ਇੱਥੇ ਹੀ ਰਹਿ ਗਿਆ।''
ਉਹ ਕਹਿੰਦੇ ਹਨ, ''ਅਸੀਂ ਸੋਨੀਆ ਜੀ ਨੂੰ ਸਾਰੀਆਂ ਚੋਣਾਂ ਲੜਾਈਆਂ। ਸੰਨ 1981 ਦੀਆਂ ਚੋਣਾਂ ਨੂੰ ਛੱਡ ਦੇਈਏ ਤਾਂ ਮੈਂ ਹਮੇਸ਼ਾ ਉਨ੍ਹਾਂ ਨਾਲ ਕੰਮ ਕੀਤਾ।”
ਕੀ ਰਾਹੁਲ ਗਾਂਧੀ ਨੇ ਲੜਾਈ ਛੱਡ ਦਿੱਤੀ ਹੈ? ਇਸ ਸਵਾਲ 'ਤੇ ਉਨ੍ਹਾਂ ਕਿਹਾ, "ਰਾਹੁਲ ਗਾਂਧੀ ਲੜਾਈ ਛੱਡਣ ਵਾਲੇ ਨਹੀਂ ਹਨ, ਉਹ ਪੂਰੇ ਦੇਸ ਦੀ ਲੜਾਈ ਲੜ ਰਹੇ ਹਨ।"
ਕਿਸ਼ੋਰੀ ਲਾਲ ਸ਼ਰਮਾ ਕੌਣ ਹਨ?

ਤਸਵੀਰ ਸਰੋਤ, Getty Images
ਕਿਸ਼ੋਰੀ ਲਾਲ ਸ਼ਰਮਾ ਦੇ ਭਾਣਜੇ ਮਨੀਸ਼ ਸ਼ਰਮਾ ਵੱਲੋਂ ਬੀਬੀਸੀ ਪੰਜਾਬੀ ਨੂੰ ਦਿੱਤੀ ਜਾਣਕਾਰੀ ਮੁਤਾਬਕ—
ਕਿਸ਼ੋਰੀ ਲਾਲ ਸ਼ਰਮਾ ਦਾ ਪਰਿਵਾਰ ਲੁਧਿਆਣਾ ਵਿੱਚ ਰਹਿੰਦਾ ਹੈ ਜਦਕਿ ਉਨ੍ਹਾਂ ਦਾ ਪਿਛੋਕੜ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਝੁੰਗੀਆਂ ਦੇ ਭਵਾਨੀਪੁਰ ਕਸਬੇ ਦਾ ਹੈ।
ਉਨ੍ਹਾਂ ਦੇ ਪਿਤਾ ਬੇਕਰੀ ਦਾ ਕੰਮ ਕਰਦੇ ਸਨ ਅਤੇ ਗੜ੍ਹਸ਼ੰਕਰ ਤੋਂ ਮਲੇਰਕੋਟਲਾ ਚਲੇ ਗਏ ਸਨ। ਪਿਤਾ ਵੱਲੋਂ ਉੱਥੇ ਸ਼ੁਰੂ ਕੀਤੀ ਗਈ ਬੇਕਰੀ ਅਜੇ ਵੀ ਚੱਲ ਰਹੀ ਹੈ।
ਕਿਸ਼ੋਰੀ ਲਾਲ ਦੋ ਭਰਾ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੇ ਹਨ। ਉਨ੍ਹਾਂ ਨੇ ਲੁਧਿਆਣੇ ਤੋਂ ਹੀ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ।
ਸੰਨ 1981 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਦੇ ਕੇਡਰ ਦਾ ਵਿਕਾਸ ਕਰਨ ਲਈ ਖਾਸ 21 ਨੁਕਾਤੀ ਮੁਹਿੰਮ ਚਲਾਈ ਸੀ।
ਉਨ੍ਹਾਂ ਵੱਲੋਂ ਦੇਸ ਭਰ ਵਿੱਚੋਂ ਗਰੈਜੂਏਟ ਵਿਦਿਆਰਥੀਆਂ ਨੂੰ ਕਾਂਗਰਸ ਦਾ ਮੈਂਬਰ ਬਣਨ ਲਈ ਅਪੀਲ ਕੀਤੀ ਗਈ ਸੀ।
ਕਿਸ਼ੋਰੀ ਲਾਲ ਨੇ ਵੀ ਅਰਜ਼ੀ ਦਿੱਤੀ। ਇਸ ਪ੍ਰਕਿਰਿਆ ਵਿੱਚੋਂ 450 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਕਿਸ਼ੋਰੀ ਲਾਲ ਉਨ੍ਹਾਂ ਵਿੱਚੋਂ ਇੱਕ ਸਨ।
ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਮੱਧ ਪ੍ਰਦੇਸ਼ ਸਿਖਲਾਈ ਲਈ ਭੇਜਿਆ ਗਿਆ।

ਤਸਵੀਰ ਸਰੋਤ, AFP/GETTY IMAGES
ਉੱਥੇ ਉਨ੍ਹਾਂ ਨੇ ਜ਼ਮੀਨੀ ਪੱਧਰ ਉੱਤੇ ਪਾਰਟੀ ਦਾ ਪ੍ਰਚਾਰ ਕਰਨਾ ਸੀ ਅਤੇ ਇਸ ਦੌਰਾਨ ਉਨ੍ਹਾਂ ਲਈ ਨਾ ਖਾਣੇ ਅਤੇ ਨਾ ਹੀ ਰਿਹਾਇਸ਼ ਦਾ ਕੋਈ ਪ੍ਰਬੰਧ ਹੀ ਕੀਤਾ ਗਿਆ। ਉਨ੍ਹਾਂ ਨੇ ਸਾਧੂਆਂ ਵਾਂਗ ਰਹਿੰਦਿਆਂ ਪਾਰਟੀ ਦਾ ਪ੍ਰਚਾਰ ਕਰਨਾ ਸੀ ਅਤੇ ਆਪਣੇ ਆਪ ਨੂੰ ਸਾਬਤ ਕਰਨਾ ਸੀ।
ਦੋ ਮਹੀਨੇ ਦੀ ਸਿਖਲਾਈ ਮਗਰੋਂ ਇਸ ਵਿੱਚੋਂ 100 ਜਣੇ ਹੋਰ ਸ਼ੌਰਟ ਲਿਸਟ ਕੀਤੇ ਗਏ ਅਤੇ ਕਿਸ਼ੋਰੀ ਲਾਲ ਉਨ੍ਹਾਂ ਵਿੱਚ ਫਿਰ ਚੁਣ ਲਏ ਗਏ।
ਕਿਸ਼ੋਰੀ ਲਾਲ ਸਾਬਕਾ ਪੈਟ੍ਰੋਲੀਅਮ ਮੰਤਰੀ ਸਤੀਸ਼ ਸ਼ਰਮਾ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ।
ਗਾਂਧੀ ਪਰਿਵਾਰ ਨਾਲ ਨੇੜਤਾ ਦਾ ਰਿਸ਼ਤਾ

ਤਸਵੀਰ ਸਰੋਤ, AFP
ਰਾਜੀਵ ਗਾਂਧੀ ਨੇ 1883 ਵਿੱਚ ਚੋਣ ਲੜਨ ਲਈ ਉਨ੍ਹਾਂ 100 ਜਣਿਆਂ ਵਿੱਚੋਂ ਸੱਤ ਜਣਿਆਂ ਦੀ ਚੋਣ ਕੀਤੀ। ਉਹ ਇਨ੍ਹਾਂ ਨੂੰ ਚੋਣਾਂ ਲੜਾ ਕੇ ਵਿਧਾਇਕ ਬਣਾ ਕੇ ਤਰੱਕੀ ਦੇਣਾ ਚਾਹੁੰਦੇ ਸਨ।
ਬਾਕੀ ਛੇ ਨੇ ਚੋਣਾਂ ਲੜੀਆਂ ਪਰ ਕਿਸ਼ੋਰੀ ਲਾਲ ਉਮਰ ਛੋਟੀ ਹੋਣ ਕਾਰਨ ਚੋਣਾਂ ਨਾ ਲੜ ਸਕੇ ਅਤੇ ਅਮੇਠੀ ਵਿੱਚ ਕਾਂਗਰਸ ਦੇ ਸੰਗਠਨ ਲਈ ਕੰਮ ਕਰਨ ਲੱਗੇ।
ਰਾਜੀਵ ਸਰਕਾਰ ਨੇ ਕਿਸ਼ੋਰੀ ਲਾਲ ਨੂੰ ਕਮਿਸ਼ਨਰ ਪੱਧਰ ਦੀ ਪੋਸਟ ਉੱਤੇ ਨਿਯੁਕਤ ਕੀਤਾ।
ਸੰਨ 1989 ਵਿੱਚ ਜਦੋਂ ਬੋਫੋਰਸ ਮਾਮਲੇ ਕਾਰਨ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਡਿੱਗੀ ਤਾਂ ਕਿਸ਼ੋਰੀ ਲਾਲ ਉਨ੍ਹਾਂ ਦੇ ਘਰ ਜਾ ਕੇ ਅਸਤੀਫ਼ਾ ਦੇ ਆਏ। ਉਨ੍ਹਾਂ ਨੇ ਕਿਹਾ ਕਿ ਅਸੀਂ ‘ਤੁਹਾਡੇ ਨਾਲ ਹੀ ਰਹਾਂਗੇ ਅਤੇ ਤੁਹਾਡੇ ਬਿਨਾਂ ਇਹ ਨੌਕਰੀ ਅਸੀਂ ਨਹੀਂ ਕਰਾਂਗੇ’।
ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਉਹ ਅਮੇਠੀ ਸੀਟ ਉੱਤੇ ਕਾਂਗਰਸ ਲਈ ਕੰਮ ਕਰਦੇ ਰਹੇ। ਜਦੋਂ ਗਾਂਧੀ ਪਰਿਵਾਰ 1990 ਦੇ ਦੌਰ ਵਿੱਚ ਅਮੇਠੀ ਦੀ ਚੋਣ ਸਿਆਸਤ ਤੋਂ ਦੂਰ ਰਿਹਾ, ਉਸ ਦੌਰਾਨ ਵੀ ਕਿਸ਼ੋਰੀ ਲਾਲ ਇਸ ਸੀਟ ਉੱਪਰ ਸਰਗਰਮ ਰਹੇ।
ਸੰਨ 1999 ਵਿੱਚ ਜਦੋਂ ਸੋਨੀਆ ਗਾਂਧੀ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਲੰਬੇ ਸਮੇਂ ਬਾਅਦ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਅਮੇਠੀ ਤੋਂ ਚੋਣ ਲੜਨ ਪਹੁੰਚਿਆ।
ਕਿਸ਼ੋਰੀ ਲਾਲ ਨੇ ਸੋਨੀਆ ਗਾਂਧੀ ਦੇ ਪ੍ਰਚਾਰ ਦਾ ਜ਼ਿੰਮਾਂ ਸੰਭਾਲਿਆ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਹੋਈ।
ਜਦੋਂ ਸੋਨੀਆ ਗਾਂਧੀ ਰਾਏਬਰੇਲੀ ਤੋਂ ਸਾਂਸਦ ਚੁਣੇ ਗਏ ਤਾਂ ਉਹ ਹਲਕੇ ਵਿੱਚ ਉਨ੍ਹਾਂ ਦੇ ਨੁਮਾਇੰਦੇ ਬਣ ਕੇ ਵੀ ਵਿਚਰੇ।
ਕਿਸ਼ੋਰੀ ਲਾਲ ਇੱਕ ਲੋਅ ਪ੍ਰੋਫਾਈਲ ਵਿਅਕਤੀ ਹਨ ਅਤੇ ਦਿੱਲੀ ਵਿੱਚ ਰਹਿੰਦੇ ਹਨ।












