'ਅਮਿਤ ਸ਼ਾਹ ਕੋਲ ਰੱਬੀ ਦੇਣ ਹੈ, ਚਾਣਕਿਆ ਤੋਂ ਵੀ ਤੇਜ਼ ਦਿਮਾਗ'...ਮੋਦੀ ਦੀ ਚੜ੍ਹਤ ਕਰਵਾਉਣ ਵਾਲੇ ਖਾਮੋਸ਼ ਰਣਨੀਤੀਕਾਰ ਸ਼ਾਹ ਨੂੰ ਨੇੜਿਓਂ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਨਰਿੰਦਰ ਮੋਦੀ ਨੂੰ ਜੂਨ ਵਿੱਚ ਪਤਾ ਲੱਗੇਗਾ ਕੀ ਉਨ੍ਹਾਂ ਨੂੰ ਭਾਰਤ ਦਾ ਲੋਕਤੰਤਰ ਲਗਾਤਾਰ ਤੀਜਾ ਦੁਰਲਭ ਮੌਕਾ ਦਿੰਦਾ ਹੈ ਜਾਂ ਨਹੀਂ। ਇੱਕ ਦਹਾਕਾ ਸਰਕਾਰ ਵਿੱਚ ਰਹਿਣ ਮਗਰੋਂ ਮੋਦੀ ਦੇਸ ਵਿੱਚ ਇੱਕ ਤਰ੍ਹਾਂ ਨਾਲ ਸਰਬ ਵਿਆਪੀ ਹੋ ਗਏ ਹਨ।
ਹਾਲਾਂਕਿ ਅਕਸਰ ਉਨ੍ਹਾਂ ਦੇ ਨਾਲ ਇੱਕ ਸਿਆਸਤਦਾਨ ਨਜ਼ਰ ਆਉਂਦਾ ਹੈ, ਜਿਸਦੀ ਬਹੁਤ ਘੱਟ ਚਰਚਾ ਹੁੰਦੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਾਜਪਾ ਦੀ ਇਸ ਲਾਮਿਸਾਲੀ ਚੜ੍ਹਤ ਦੀ ਪਟਕਥਾ ਦਾ ਲੇਖਕ ਹੈ।
ਅਮਿਤ ਸ਼ਾਹ- ਜਿਨ੍ਹਾਂ ਨੂੰ ਅਕਸਰ ਭਾਰਤ ਦਾ ਦੂਜਾ ਸਭ ਤੋਂ ਤਾਕਤਵਰ ਵਿਅਕਤੀ ਕਿਹਾ ਜਾਂਦਾ ਹੈ। ਉਹ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਭਰੋਸੇਯੋਗ, ਪੁਰਾਣੇ ਦੋਸਤ ਅਤੇ ਮੋਦੀ ਦੇ ਚੋਣ ਰੱਥ ਦੇ ਸਾਰਥੀ ਵੀ ਹਨ।
ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਜਿਨ੍ਹਾਂ ਨੂੰ ਅਮਿਤ ਭਾਈ ਵੀ ਕਿਹਾ ਜਾਂਦਾ ਹੈ। ਸ਼ਾਹ ਨੇ ਭਾਜਪਾ ਨੂੰ ਕਈ ਚੋਣਾਂ ਜਿਤਵਾਈਆਂ ਹਨ। ਹਾਲਾਂਕਿ ਉਨ੍ਹਾਂ ਵਿੱਚ ਮੋਦੀ ਵਰਗੀ ਚਮਕ ਦਮਕ ਨਹੀਂ ਹੈ ਅਤੇ ਆਪਣੇ-ਆਪ ਵਿੱਚ ਰਹਿਣਾ ਪਸੰਦ ਕਰਦੇ ਹਨ।
ਫਿਰ ਵੀ ਉਹ ਇੱਕ ਕੁਸ਼ਲ ਪ੍ਰਬੰਧਕ, ਰਣਨੀਤੀਕਾਰ ਅਤੇ ਘਾਗ ਸਿਆਸਤਦਾਨ ਹਨ ਅਤੇ ਮੋਦੀ ਵਾਂਗ ਹੀ ਧਰੁਵੀਕਰਨ ਕਰਨ ਵਾਲੇ ਲੀਡਰ ਹਨ।

ਤਸਵੀਰ ਸਰੋਤ, REUTERS
ਉਨ੍ਹਾਂ ਦੇ ਪ੍ਰਸ਼ੰਸਕ ਸ਼ਾਹ ਨੂੰ 'ਹਿੰਦੂ ਧਰਮ ਦੇ ਮਹਾਨ ਰਾਖੇ' ਵਜੋਂ ਦੇਖਦੇ ਹਨ ਪਰ ਜੋ ਉਨ੍ਹਾਂ ਦੇ ਸਾਹਮਣੇ ਅੜਨ ਦੀ ਕੋਸ਼ਿਸ਼ ਕਰਦਾ ਹੈ ਉਸ ਲਈ ਉਹ ਖ਼ਤਰਨਾਕ ਦੁਸ਼ਮਣ ਹਨ।
ਆਲੋਚਕਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੀ ਅੰਸ਼ਕ-ਖੁਦਮੁਖ਼ਤਿਆਰੀ ਨੂੰ ਖ਼ਤਮ ਕਰਨ ਦੇ ਵਿਵਾਦਿਤ ਕਾਨੂੰਨ ਪਿੱਛੇ ਉਨ੍ਹਾਂ ਦਾ ਹੀ ਦਿਮਾਗ ਹੈ, ਜੋ ਭਾਜਪਾ ਦਾ ਕਈ ਦਹਾਕਿਆਂ ਤੋਂ ਚੋਣ ਵਾਅਦਾ ਰਿਹਾ ਹੈ। ਨਵਾਂ ਨਾਗਰਿਕਤਾ ਕਾਨੂੰਨ ਜਿਸ ਨੂੰ ਮੁਸਲਮਾਨਾਂ ਲਈ ਵਿਤਕਰੇਪੂਰਨ ਕਿਹਾ ਜਾਂਦਾ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ, ਅਮਿਤ ਸ਼ਾਹ ਦੇ ਦੋਸਤਾਂ, ਸਹਿਕਰਮੀਆਂ ਅਤੇ ਜੋ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੇ ਹਨ, ਜਿਨ੍ਹਾਂ ਨੇ ਅਮਿਤ ਸ਼ਾਹ ਦਾ ਉਨ੍ਹਾਂ ਦੇ ਜੇਲ੍ਹ ਦੇ ਦਿਨਾਂ ਦੌਰਾਨ ਵੀ ਸਾਥ ਦਿੱਤਾ, ਨੇ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਦੱਸਿਆ।
ਅਮਿਤ ਸ਼ਾਹ ਦੇ ਦੋਸਤਾਂ ਮੁਤਾਬਕ ਉਨ੍ਹਾਂ ਦੀ ਸਫ਼ਲਤਾ ਪਿੱਛੇ ਉਨ੍ਹਾਂ ਦੀ ਡੂੰਘੀ ਵਫਾਦਾਰੀ, ਪਾਰਟੀ ਅਤੇ ਵਰਕਰਾਂ ਲਈ ਪਿਆਰ ਅਤੇ ਮਿਹਨਤ ਕਰਨ ਦੀ ਭੁੱਖ ਹੈ।
ਮਾਹਰ ਰਣਨੀਤੀਕਾਰ

ਤਸਵੀਰ ਸਰੋਤ, Getty Images
ਅਮਿਤ ਸ਼ਾਹ ਕੇਂਦਰੀ ਸੁਰਖੀਆਂ ਵਿੱਚ ਉਦੋਂ ਆਏ ਜਦੋਂ ਦਸ ਸਾਲ ਪਹਿਲਾਂ ਉਨ੍ਹਾਂ ਨੇ ਭਾਜਪਾ ਨੂੰ ਚੋਣਾਂ ਦੇ ਲਿਹਾਜ਼ ਤੋਂ ਭਾਰਤ ਦੇ ਸਭ ਤੋਂ ਅਹਿਮ ਸੂਬੇ ਵਿੱਚ ਸ਼ਾਨਦਾਰ ਜਿੱਤ ਦਵਾਈ।
ਕਈ ਸਾਲਾਂ ਤੋਂ ਉੱਤਰ ਪ੍ਰਦੇਸ਼ ਭਾਜਪਾ ਲਈ ਇੱਕ ਦੁਰਗਮ ਗੜ੍ਹ ਰਿਹਾ ਹੈ। ਹਾਲਾਂਕਿ 2014 ਦੀਆਂ ਆਮ ਚੋਣਾਂ ਦੌਰਾਨ ਪਾਰਟੀ ਨੇ 80 ਵਿੱਚੋਂ 71 ਸੀਟਾਂ ਉੱਤੇ ਜਿੱਤ ਹਾਸਲ ਕੀਤੀ।
ਅਮਿਤ ਸ਼ਾਹ ਨਾਲ ਕਈ ਦਹਾਕਿਆਂ ਤੱਕ ਮਿਲ ਕੇ ਕੰਮ ਕਰਨ ਵਾਲੇ ਸਾਬਕਾ ਭਾਜਪਾ ਆਗੂ ਅਤੇ ਵਕੀਲ ਯਤਿਨ ਓਜ਼ਾ ਕਹਿੰਦੇ ਹਨ, “ਸ਼ਾਹ ਕੋਲ ਇੱਕ ਰੱਬੀ ਦੇਣ ਹੈ— ਚਾਣਕਿਆ ਤੋਂ ਵੀ ਤੇਜ਼ ਦਿਮਾਗ”।
ਚਾਣਕਿਆ ਨੇ ਕਰੀਬ 2000 ਸਾਲ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਸਥਾਪਿਤ ਪਹਿਲੇ ਸਾਮਰਾਜ ਦੇ ਪਿਛਲੇ ਰਣਨੀਤੀਕਾਰ ਸਨ। ਅਮਿਤ ਸ਼ਾਹ ਦੇ ਦੋਸਤ ਅਤੇ ਦੁਸ਼ਮਣ ਦੋਵੇਂ ਮੰਨਦੇ ਹਨ ਕਿ ਚੋਣਾਂ ਦੌਰਾਨ ਉਨ੍ਹਾਂ ਦਾ ਦਿਮਾਗ ਬਹੁਤ ਵਧੀਆ ਕੰਮ ਕਰਦਾ ਹੈ।
ਸਾਲ 2014 ਦੇ ਵਿਜੇ ਰੱਥ ਨੂੰ ਉਨ੍ਹਾਂ ਨੇ ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਗਤੀ ਦੇ ਕੇ ਰੱਖੀ ਅਤੇ ਸਾਲ 2019 ਦੀਆਂ ਆਮ ਚੋਣਾਂ ਵਿੱਚ ਪਾਰਟੀ ਨੂੰ ਦੂਜੀ ਸਭ ਤੋਂ ਵੱਡੀ ਸਫਲਤਾ ਦਵਾਈ।
ਯਤਿਨ ਓਜ਼ਾ ਕਹਿੰਦੇ ਹਨ ਕਿ ਉਹ ਜਾਣਦੇ ਸਨ ਕਿ ਕਦੇ ਨਾ ਕਦੇ ਅਮਿਤ ਸ਼ਾਹ ਸੱਤਾ ਦੇ “ਸਿਖਰ ਉੱਤੇ” ਹੋਣਗੇ।
“ਮੈਂ ਉਨ੍ਹਾਂ ਵਿੱਚ ਉਹ ਚਿੰਗਾਰੀ, ਸਿਆਸੀ ਚਤੁਰਾਈ ਦੇਖੀ ਹੈ। ਮੈਂ ਇੱਕ ਘੋੜਾ ਵੱਡੀਆਂ ਦੌੜਾਂ ਜਿੱਤਦਾ ਦੇਖਿਆ।”
ਦੇਵਾਂਗ ਦਾਨੀ, ਅਹਿਮਦਾਬਾਦ ਤੋਂ ਭਾਜਪਾ ਦੇ ਕਾਊਂਸਲਰ ਹਨ ਅਤੇ ਅਮਿਤ ਸ਼ਾਹ ਨੂੰ ਪਿਛਲੇ 30 ਤੋਂ ਜ਼ਿਆਦਾ ਸਾਲਾਂ ਤੋਂ ਜਾਣਦੇ ਹਨ। ਉਹ ਕਹਿੰਦੇ ਹਨ “ਉਨ੍ਹਾਂ ਦੀ ਪਹਿਲਤਾ ਹਮੇਸ਼ਾ ਹੁੰਦੀ ਹੈ ਕਿ ਉਮੀਦਵਾਰ ਜਿੱਤੇ”।
“ਉਹ ਭਾਵੇਂ ਪਿੰਡ ਦੀ ਪੰਚਾਇਤ ਹੋਵੇ ਤੇ ਭਾਵੇਂ ਪਾਰਲੀਮੈਂਟ, ਕੋਈ ਵੀ ਚੋਣ ਛੋਟੀ ਨਹੀਂ ਹੈ। ਅਮਿਤ ਭਾਈ ਲਈ ਹਰ ਜੰਗ ਜਿੱਤਣੀ ਜ਼ਰੂਰੀ ਹੈ। ਮੋਦੀ ਅਤੇ ਸ਼ਾਹ ਕਾਰਨ ਹੀ ਬੀਜੇਪੀ 1984 ਵਿੱਚ ਦੋ ਸੀਟਾਂ ਤੋਂ 2019 ਵਿੱਚ 303 ਸੀਟਾਂ ਤੱਕ ਪਹੁੰਚੀ ਹੈ।”

ਤਸਵੀਰ ਸਰੋਤ, Getty Images
ਸ਼ੁਰੂਆਤ ਇੱਥੋਂ ਹੋਈ
ਅਮਿਤ ਸ਼ਾਹ ਦਾ ਜਨਮ ਗੁਜਰਾਤ ਦੇ ਮਾਨਸਾ ਕਸਬੇ ਵਿੱਚ 22 ਅਕਤੂਬਰ 1964 ਨੂੰ ਹੋਇਆ। ਉਨ੍ਹਾਂ ਦੇ ਪਿਤਾ ਅਨਿਲ ਚੰਦਰਾ ਦਾ ਪੀਵੀਸੀ ਪਾਈਪਾਂ ਬਣਾਉਣ ਦਾ ਛੋਟਾ ਜਿਹਾ ਕਾਰੋਬਾਰ ਸੀ। ਜਦਕਿ ਉਨ੍ਹਾਂ ਦੀ ਮਾਂ ਕੁਸਮਬੇਨ ਇੱਕ ਘਰੇਲੂ ਸੁਆਣੀ ਸੀ।
ਬਚਪਨ ਦੇ ਦੋਸਤ ਦਾਰਜੀ ਅਮਿਤ ਸ਼ਾਹ ਦੇ ਆਪਣੇ ਜੱਦੀ ਜ਼ਮੀਨ ਨਾਲ ਮਜ਼ਬੂਤ ਲਗਾਅ ਅਤੇ ਵਾਰ-ਵਾਰ ਮਾਨਸਾ ਆਉਂਦੇ ਰਹਿਣ ਬਾਰੇ ਦੱਸਦੇ ਹਨ।
ਉਨ੍ਹਾਂ ਨੇ ਸਾਨੂੰ ਅਮਿਤ ਸ਼ਾਹ ਦਾ ਉਹ ਪੁਸ਼ਤੈਨੀ ਘਰ ਦਿਖਾਇਆ, ਜਿੱਥੇ ਉਨ੍ਹਾਂ ਦਾ ਬਚਪਨ ਬੀਤਿਆ ਸੀ। ਉਹ ਮੈਦਾਨ ਜਿੱਥੇ ਉਹ ਆਪਣੇ ਦੋਸਤਾਂ ਨਾਲ ਕੰਚੇ ਅਤੇ ਕ੍ਰਿਕਟ ਖੇਡਦੇ ਸਨ।
16 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਮਾਂ-ਬਾਪ ਇੱਥੋਂ ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਿਮਦਾਬਾਦ ਚਲੇ ਗਏ।
ਉਹ ਸਾਨੂੰ ਅਮਿਤ ਸ਼ਾਹ ਦੇ ਅੰਕਲ ਦੇ ਘਰ ਵਿੱਚੋਂ ਦੀ ਉਨ੍ਹਾਂ ਦੇ ਪੁਰਾਣੇ ਘਰ ਲੈ ਗਏ- ਜੋ ਨਾਲ ਹੀ - ਇੱਕ ਖੁੱਲ੍ਹਾ- ਮੱਧ ਵਰਗੀ ਘਰ ਸੀ।
ਨਾਲ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਇਹ ਦੋਵੇਂ ਪੜ੍ਹੇ ਸਨ। ਇੱਥੇ ਜਮਾਤ ਕਮਰੇ, ਖੇਡ ਦਾ ਮੈਦਾਨ, ਖਿਡੌਣਿਆਂ ਵਾਲੀ ਅਲਮਾਰੀ ਅਤੇ ਘੰਟੀ ਪਿਛਲੇ 50 ਸਾਲਾਂ ਤੋਂ ਉਵੇਂ ਹੀ ਹੈ।
ਦਾਰਜੀ ਦਾ ਕਹਿਣਾ ਹੈ ਕਿ ਬਚਪਨ ਵਿੱਚ ਅਮਿਤ ਸ਼ਾਹ ਬਹੁਤ ਕੋਮਲ ਭਾਵੀ ਸਨ, ਦੂਜੇ ਬੱਚੇ ਉਨ੍ਹਾਂ ਦੀ ਸਲੇਟ ਤੋੜ ਦਿੰਦੇ ਅਤੇ ਤੰਗ ਕਰਦੇ ਸਨ, ਖਾਣਾ ਚੋਰੀ ਕਰ ਲੈਂਦੇ ਸਨ। ਦੋਵਾਂ ਜਣਿਆਂ ਨੂੰ ਅਕਸਰ ਬੁਰੇ ਵਿਹਾਰ ਲਈ ਪ੍ਰਿੰਸੀਪਲ ਦੇ ਦਫ਼ਤਰ ਸੱਦਿਆ ਜਾਂਦਾ ਸੀ।

ਤਸਵੀਰ ਸਰੋਤ, amit shah/fb
‘ਇੱਕ ਗੱਡੀ ਦੇ ਦੋ ਪਹੀਏ’
ਅਮਿਤ ਸ਼ਾਹ ਜਦੋਂ 1982 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਦੀ ਮੁਲਾਕਾਤ ਨਰਿੰਦਰ ਮੋਦੀ ਨਾਲ ਅਹਿਮਦਬਾਦ ਵਿੱਚ ਹੋਈ।
ਮੋਦੀ ਉਸ ਸਮੇਂ ਸੰਘ ਦੇ ਪ੍ਰਚਾਰਕ ਸਨ, ਉਨ੍ਹਾਂ ਨੇ ਸ਼ਾਹ ਨੂੰ ਭਾਜਪਾ ਦਾ ਵਿਦਿਆਰਥੀ ਵਿੰਗ ਏਬੀਵੀਪੀ ਜੁਆਇਨ ਕਰਨ ਦੀ ਸਲਾਹ ਦਿੱਤੀ।
ਦੋਵਾਂ ਵਿੱਚ ਗੂੜ੍ਹੀ ਦੋਸਤੀ ਹੋ ਗਈ, ਜਿਵੇਂ-ਜਿਵੇਂ ਮੋਦੀ ਨੇ ਸਿਆਸੀ ਤਰੱਕੀ ਦੀਆਂ ਪੌੜੀਆਂ ਚੜ੍ਹੀਆਂ ਉਸੇ ਤਰ੍ਹਾਂ ਸ਼ਾਹ ਵੀ ਤਰੱਕੀ ਕਰਦੇ ਰਹੇ।
ਹਮਾਇਤੀਆਂ ਮੁਤਾਬਕ ਦੋਵੇਂ ਇੱਕ ਗੱਡੀ ਦੇ ਦੋ ਚੱਕਿਆਂ ਵਰਗੇ ਹਨ। ਲੋਕ ਉਨ੍ਹਾਂ ਦੋਵਾਂ ਨੂੰ ਰਾਮ-ਲਛਮਣ ਦੀ ਜੋੜੀ ਵੀ ਕਹਿੰਦੇ ਹਨ।
ਸੀਨੀਅਰ ਪੱਤਰਕਾਰ ਕਿੰਗਸ਼ੁਕ ਨਾਗ, 2000 ਦੇ ਦਹਾਕੇ ਦੇ ਸ਼ੁਰੂਆਤੀ ਸਮੇਂ ਤੋਂ ਗੁਜਰਾਤ ਵਿੱਚ ਟਾਈਮਜ਼ ਆਫ ਇੰਡੀਆ ਦੇ ਸੰਪਾਦਕ ਹਨ। ਉਹ ਕਹਿੰਦੇ ਹਨ ਦੋਵੇਂ ਇੱਕ ਦੂਜੇ ਦੇ ਪੂਰਕ ਸਨ। ਨਰਿੰਦਰ ਮੋਦੀ ਨੂੰ ਜਨਤਕ ਪ੍ਰਸ਼ੰਸਾ ਵਿੱਚ ਖੁਸ਼ੀ ਮਿਲਦੀ ਸੀ, ਅਮਿਤ ਸ਼ਾਹ ਇੱਕ ਸ਼ਰਮੀਲੇ ਵਿਅਕਤੀ ਸਨ ਜੋ ਚਕਾਚੌਂਧ ਤੋਂ ਦੂਰ ਰਹਿੰਦੇ ਸਨ।
ਉਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕੀਤਾ, ਦੋਸਤ ਅਤੇ ਹਮਾਇਤੀ ਬਣਾਏ, ਅਤੇ ਚੋਣਾਂ ਵਿੱਚ ਵਿਰੋਧੀਆਂ ਨੂੰ ਮਾਤ ਦਿੱਤੀ।

ਤਸਵੀਰ ਸਰੋਤ, Getty Images
ਨਾਗ ਕਹਿੰਦੇ ਹਨ,“ਸ਼ਾਹ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਉਹ ਮੋਦੀ ਲਈ ਹਰ ਕੰਮ ਕਰ ਸਕਦੇ ਹਨ। ਉਹ ਅਜਿਹੇ ਬਹੁਤ ਸਾਰੇ ਕੰਮ ਕਰ ਸਕਦੇ ਹਨ ਜੋ ਮੋਦੀ ਨਹੀਂ ਕਰ ਸਕਦੇ। ਉਹ ਮੋਦੀ ਲਈ ਉਪਯੋਗੀ ਹਨ। ਉਹ ਇੱਕ ਰੋਡ ਰੋਲਰ ਹਨ ਜੋ ਉਨ੍ਹਾਂ ਦੇ ਰਾਹ ਦੀਆਂ ਰੁਕਾਵਟਾਂ ਨੂੰ ਪੱਧਰਾ ਕਰਦਾ ਹੈ।”
ਉਨ੍ਹਾਂ ਦੇ ਕਈ ਆਲੋਚਕ ਉਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਮਿਤ ਸ਼ਾਹ ਤੋਂ ਸੱਚੀਂ ਡਰ ਲਗਦਾ ਹੈ।
ਕਈ ਅਫਸਰ ਸ਼ਾਹਾਂ ਨੇ ਕਿਹਾ ਕਿ ਉਨ੍ਹਾਂ ਦੀ “ਭਿਆਨਕ ਘੂਰੀ, ਪੱਥਰੀਲੀਆਂ ਅੱਖਾਂ ਅਤੇ ਭਾਵ ਰਹਿਤ ਚਿਹਰੇ ਤੋਂ” ਘਬਰਾ ਜਾਂਦੇ ਹਨ।
ਗੁਜਰਾਤ ਹਾਸਲ ਕੀਤੇ ਸਿਆਸੀ ਗੁਰ
ਅਮਿਤ ਸ਼ਾਹ ਨੇ ਸਿਆਸਤ ਆਪਣੇ ਗ੍ਰਹਿ ਸੂਬੇ ਗੁਜਰਾਤ ਵਿੱਚ ਸਿੱਖੀ ਅਤੇ ਆਉਣ ਵਾਲੇ ਸਾਲਾਂ ਦੌਰਾਨ ਆਪਣੇ-ਆਪ ਨੂੰ ਮੋਦੀ ਦੇ ਸੱਜੇ ਹੱਥ ਵਜੋਂ ਸਥਾਪਿਤ ਕਰ ਲਿਆ।
ਆਰਡੀ ਦੇਸਾਈ, ਅਮਿਤ ਸ਼ਾਹ ਦੇ ਨਜ਼ਦੀਕੀ ਹਨ ਅਤੇ ਉਨ੍ਹਾਂ ਨੂੰ 1987 ਤੋਂ ਜਾਣਦੇ ਹਨ। ਉਨ੍ਹਾਂ ਨੇ ਦੱਸਿਆ, “ਉਹ ਪ੍ਰਤਿਭਾ ਨੂੰ ਪਛਾਨਣਾ ਜਾਣਦੇ ਹਨ ਅਤੇ ਸਿਆਸਤ ਵਿੱਚ ਸੰਭਾਵਨਾ ਵਾਲੇ ਨੌਜਵਾਨਾਂ ਦੀ ਹਮਾਇਤ ਕਰਦੇ ਸਨ।”
ਹਾਲਾਂਕਿ ਸਿਆਸਤ ਜੁਆਇਨ ਕਰਨ ਤੋਂ ਲਗਭਗ ਦਸ ਸਾਲ ਤੱਕ ਉਨ੍ਹਾਂ ਨੇ ਕੋਈ ਚੋਣ ਨਹੀਂ ਲੜੀ। ਉਹ ਕਹਿੰਦੇ ਸਨ 'ਮੈਂ ਪਹਿਲਾਂ ਸੰਗਠਨ ਬਣਾ ਰਿਹਾ ਹਾਂ।'
ਉਨ੍ਹਾਂ ਦੇ ਸਾਰੇ ਸ਼ੁਰੂਆਤੀ ਸਾਥੀ ਮੰਨਦੇ ਹਨ ਕਿ ਸ਼ਾਹ ਹਮੇਸ਼ਾ ਲੰਬੀ ਖੇਡ ਖੇਡਦੇ ਹਨ।
ਉਹ ਪਹਿਲੀ ਵਾਰ 1997 ਵਿੱਚ ਗੁਜਰਾਤ ਵਿਧਾਨ ਸਭਾ ਲਈ ਚੁਣੇ ਗਏ ਜਦੋਂ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸਰਖੇਜ ਹਲਕੇ ਤੋਂ ਉਮੀਦਵਾਰ ਬਣਾਇਆ।
ਉਹ ਇਸ ਹਲਕੇ ਤੋਂ 1998, 2002 ਜਿੱਤਦੇ ਰਹੇ ਅਤੇ ਸਾਲ 2008 ਵਿੱਚ ਨਜ਼ਦੀਕੀ ਹਲਕੇ ਨਾਰਨਪੁਰਾ ਚਲੇ ਗਏ।
ਉਨ੍ਹਾਂ ਨੇ 2014 ਦੀਆਂ ਆਮ ਚੋਣਾਂ ਨਹੀਂ ਲੜੀਆਂ ਪਰ 2019 ਵਿੱਚ ਗਾਂਧੀ ਨਗਰ ਤੋਂ ਸਾਂਸਦ ਬਣੇ, ਇਸ ਵਾਰ ਵੀ ਉਹ ਉੱਥੋਂ ਹੀ ਮੈਦਾਨ ਵਿੱਚ ਹਨ।
ਫਰਵਰੀ 2002 ਵਿੱਚ ਗੁਜਰਾਤ ਫਿਰਕੂ ਦੰਗਿਆਂ ਦੀ ਅੱਗ ਵਿੱਚ ਸੜ ਰਿਹਾ ਸੀ। ਇਸ ਤੋਂ ਬਾਅਦ ਦੇ ਸਾਲਾਂ ਵਿੱਚ ਉਸ ਸੁਆਹ ਉੱਪਰ ਮੋਦੀ-ਸ਼ਾਹ ਦੀ ਜੋੜੀ ਨੇ ਵਿਕਾਸ ਕੀਤਾ।
ਇਨ੍ਹਾਂ ਦੰਗਿਆਂ ਵਿੱਚ 1000 ਤੋਂ ਜ਼ਿਆਦਾ ਜਾਨਾਂ ਗਈਆਂ ਸਨ ਅਤੇ ਜ਼ਿਆਦਾਤਰ ਮਰਨ ਵਾਲੇ ਮੁਸਲਮਾਨ ਸਨ।

ਤਸਵੀਰ ਸਰੋਤ, Getty Images
ਨਰਿੰਦਰ ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ। ਦੰਗੇ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਨਾ ਕਰਨ ਲਈ ਉਨ੍ਹਾਂ ਦੀ ਆਲੋਚਨਾ ਹੋਈ। ਉਨ੍ਹਾਂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਬਾਅਦ ਵਿੱਚ ਅਦਾਲਤਾਂ ਨੇ ਵੀ ਉਨ੍ਹਾਂ ਨੂੰ ਦੋਸ਼ ਮੁਕਤ ਕਰ ਦਿੱਤਾ।
ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਮੋਦੀ ਨੂੰ ਸਲਾਹ ਦਿੱਤੀ ਕਿ ਇਸ ਸਥਿਤੀ ਵਿੱਚ "ਉਹ ਆਪਣਾ ਰਾਜ ਧਰਮ ਨਿਭਾਉਣ"।
ਦੰਗਿਆਂ ਤੋਂ ਕੁਝ ਮਹੀਨਿਆਂ ਬਾਅਦ ਹੀ ਜਦੋਂ ਧਰੁਵੀਕਰਨ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਏ ਗੁਜਰਾਤ ਵਿੱਚ ਭਾਜਪਾ ਵਿਧਾਨ ਸਭਾ ਚੋਣਾਂ ਜਿੱਤੀ ਤਾਂ ਅਮਿਤ ਸ਼ਾਹ ਨੂੰ ਮੰਤਰੀ ਦਾ ਰੈਂਕ ਦਿੱਤਾ ਗਿਆ ਅਤੇ ਕਈ ਅਹਿਮ ਵਿਭਾਗ ਉਨ੍ਹਾਂ ਦੇ ਹਵਾਲੇ ਕੀਤੇ ਗਏ।
ਸੁਪਰੀਮ ਕੋਰਟ ਨੇ ਢਿੱਲੀ ਜਾਂਚ ਲਈ ਸੂਬੇ ਦੀ ਪੁਲਿਸ ਅਤੇ ਸਰਕਾਰੀ ਪੱਖ ਨੂੰ ਫਟਕਾਰ ਲਾਈ ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਸਨ।
ਅਦਾਲਤ ਨੇ ਇਸ ਨੂੰ 'ਨਿਆਂ ਦਾ ਗਰਭਪਾਤ' ਦੱਸਿਆ ਅਤੇ ਇਸ ਕੇਸ ਨੂੰ ਗੁਜਰਾਤ ਤੋਂ ਬਾਹਰ ਤਬਦੀਲ ਕਰ ਦਿੱਤਾ।
ਗੁਜਰਾਤ ਸਰਕਾਰ ਨੇ ਅਦਾਲਤ ਵਿੱਚ ਮੰਨਿਆ ਕਿ “ਕੇਸ ਦਰਜ ਕਰਨ ਅਤੇ ਸਰਕਾਰੀ ਪੱਖ ਵੱਲੋਂ ਗਵਾਹਾਂ ਦੇ ਸਬੂਤ ਰਿਕਾਰਡ ਕਰਨ ਵਿੱਚ ਕੁਤਾਹੀਆਂ ਹੋਈਆਂ ਹਨ”।
ਬੀਤੇ ਸਾਲਾਂ ਦੌਰਾਨ, ਅਮਿਤ ਸ਼ਾਹ ਉੱਪਰ ਵੀ ਦੰਗਿਆਂ ਵਿੱਚ ਭੂਮਿਕਾ ਦੇ ਇਲਜ਼ਾਮ ਲਗਦੇ ਰਹੇ ਹਨ। ਹਾਲਾਂਕਿ ਇਨ੍ਹਾਂ ਇਲਜ਼ਾਮਾਂ ਤੋਂ ਜਿਨ੍ਹਾਂ ਬਾਰੇ ਉਹ ਲਗਤਾਰ ਇਨਕਾਰੀ ਰਹੇ ਹਨ, ਕਦੇ ਵੀ ਸਹੀ ਤਰ੍ਹਾਂ ਜਾਂਚ ਨਹੀਂ ਹੋਈ ਹੈ।
ਸੀਨੀਅਰ ਪੱਤਰਕਾਰ, ਰਾਜੀਵ ਸ਼ਾਹ ਜਿਨ੍ਹਾਂ ਦਾ ਸੁਰਖੇਜ ਵਿੱਚ ਘਰ ਸੀ ਉਨ੍ਹਾਂ ਨੇ ਟਾਈਮਜ਼ ਆਫ਼ ਇੰਡੀਆ ਵਿੱਚ ਲਿਖਿਆ ਕਿ ਜਦੋਂ ਉਨ੍ਹਾਂ ਨੇ “ਦੰਗਿਆਂ ਤੋਂ ਬਾਅਦ ਇਲਾਕੇ ਵਿੱਚ ਸ਼ਾਂਤੀ ਬਹਾਲੀ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਕਿਹਾ ਤਾਂ ਸ਼ਾਹ ਨੇ ਪੁੱਛਿਆ ਕਿ ਉਨ੍ਹਾਂ ਦਾ ਘਰ ਹਿੰਦੂ ਇਲਾਕੇ ਵਿੱਚ ਸੀ ਜਾਂ ਮੁਸਲਿਮ ਇਲਾਕੇ ਵਿੱਚ?”
“ਜਦੋਂ ਮੈਂ ਉਨ੍ਹਾਂ ਨੂੰ ਆਪਣੀ ਥਾਂ ਦੱਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਘਬਰਾਓ ਨਾ, ਤੁਹਾਨੂੰ ਕੁਝ ਨਹੀਂ ਹੋਵੇਗਾ। ਜੋ ਕੁਝ ਵੀ ਹੋਵੇਗਾ ਉਹ ਦੂਜੇ ਪਾਸੇ ਹੋਵੇਗਾ।”
ਬੀਬੀਸੀ ਨੇ ਅਮਿਤ ਸ਼ਾਹ ਦੇ ਦਫ਼ਤਰ ਨੂੰ ਇਸ ਬਾਰੇ ਪ੍ਰਤੀਕਿਰਿਆ ਲਈ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਆਇਆ।

ਤਸਵੀਰ ਸਰੋਤ, amit shah/fb
ਕਤਲ ਦੇ ਇਲਜ਼ਾਮ ਅਤੇ ਜੇਲ੍ਹ ਵਿੱਚ ਸਮਾਂ
ਅਮਿਤ ਸ਼ਾਹ ਲਈ ਸਾਲ 2008 ਉਥਲਪੁਥਲ ਵਾਲਾ ਸੀ ਜਦੋਂ ਉਨ੍ਹਾਂ ਉੱਪਰ 2005 ਵਿੱਚ ਸ਼ਹਾਬੂਦੀਨ ਸ਼ੇਖ ਅਤੇ ਉਨ੍ਹਾਂ ਦੀ ਪਤਨੀ ਕਸੂਰ ਬੀ ਦੀਆਂ ਗੈਰ-ਨਿਆਂਇਕ ਹੱਤਿਆਵਾਂ ਦੇ ਇਲਜ਼ਾਮ ਲੱਗੇ।
ਸ਼ਾਹ ਨੇ ਇਲਜ਼ਾਮਾਂ ਨੂੰ “ਸਿਆਸੀ ਤੌਰ ਉੱਤੇ ਪ੍ਰੇਰਿਤ” ਦੱਸਿਦਿਆਂ ਇਨ੍ਹਾਂ ਦਾ ਖੰਡਨ ਕੀਤਾ ਪਰ ਸਾਲ 2010 ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉੱਪਰ ਅਗਵਾ, ਅਤੇ ਕਤਲ ਦੇ ਚਾਰਜ ਲਾਏ ਗਏ।
ਇਸ ਕੇਸ ਲਈ ਇਸ ਤੋਂ ਮਾੜਾ ਸਮਾਂ ਉਨ੍ਹਾਂ ਲਈ ਸ਼ਾਇਦ ਨਹੀਂ ਹੋ ਸਕਦਾ ਸੀ। ਉਸ ਸਮੇਂ ਤੱਕ ਉਨ੍ਹਾਂ ਨੂੰ ਗੁਜਰਾਤ ਵਿੱਚ ਨਰਿੰਦਰ ਮੋਦੀ ਦੇ ਉਤਰਾ-ਅਧਿਕਾਰੀ ਅਤੇ ਨਵੇਂ ਮੁੱਖ ਮੰਤਰੀ ਵਜੋਂ ਦੇਖਿਆ ਜਾ ਰਿਹਾ ਸੀ।
ਜਦਕਿ ਕੇਸ ਕਾਰਨ ਉਨ੍ਹਾਂ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਅਤੇ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ।

ਤਸਵੀਰ ਸਰੋਤ, Getty Images
ਜਦੋਂ ਅਮਿਤ ਸ਼ਾਹ ਨੂੰ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ ਤਾਂ ਅਦਾਲਤ ਨੇ ਉਨ੍ਹਾਂ ਨੂੰ ਗਵਾਹਾਂ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਲਈ ਗੁਜਰਾਤ ਤੋਂ ਬਾਹਰ ਚਲੇ ਜਾਣ ਦੇ ਹੁਕਮ ਦਿੱਤੇ।
ਪਿਛਲੇ ਸਾਲ ਦਸੰਬਰ ਵਿੱਚ ਆਪਣੇ ਜੇਲ੍ਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਉਹ ਇੱਕ ਮੁਸ਼ਕਲ ਸਮਾਂ ਸੀ”, ਜਦੋਂ ਉਹ “ਜੇਲ੍ਹ ਮੰਤਰੀ ਤੋਂ ਪੰਜ ਮਿੰਟਾਂ ਵਿੱਚ ਹੀ ਇੱਕ ਕੈਦੀ ਬਣ ਗਏ ਸਨ।”
ਹਿਤੇਸ਼ ਬਾਰੂਟ ਦੀ ਅਮਿਤ ਸ਼ਾਹ ਨਾਲ ਪਹਿਲੀ ਮੁਲਾਕਾਤ 1988 ਵਿੱਚ ਸੰਘ ਵਿੱਚ ਹੀ ਹੋਈ ਸੀ।
ਉਹ ਕਹਿੰਦੇ ਹਨ, “ਰੱਬ ਉਨ੍ਹਾਂ ਦੀ ਪਰਖ ਕਰ ਰਿਹਾ ਸੀ ਪਰ ਉਹ ਉੱਭਰ ਕੇ ਬਾਹਰ ਆਏ। ਉਨ੍ਹਾਂ ਦਾ ਕੇਸ ਨਾਲ ਕੋਈ ਸਬੰਧ ਨਹੀਂ ਸੀ।” ਦੇਸਾਈ ਨੇ ਸ਼ਾਹ ਨਾਲ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਮਗਰੋਂ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ, ਉਹ ਕਹਿੰਦੇ ਹਨ “ਸ਼ਾਹ ਨੇ ਮੁਸ਼ਕਲ ਨੂੰ ਮੌਕੇ ਵਿੱਚ ਬਦਲ ਲਿਆ।”
“ਉਨ੍ਹਾਂ ਨੇ ਕਿਹਾ ਮੈਂ ਇਸ ਸਮੇਂ ਦੀ ਵਰਤੋਂ ਆਪਣੇ ਆਪ ਨੂੰ ਦਿੱਲੀ ਵਿੱਚ ਸਥਾਪਿਤ ਕਰਨ ਲਈ ਵਰਤਾਂਗਾ ਅਤੇ ਕਾਂਗਰਸ ਪਾਰਟੀ ਨੂੰ ਸੱਤਾ ਵਿੱਚੋਂ ਬਾਹਰ ਕਰਕੇ ਮੋਦੀ ਨੂੰ ਤਖ਼ਤ ਉੱਤੇ ਬਿਠਾਵਾਂਗਾ।”
ਉਸ ਤੋਂ ਛੇ ਮਹੀਨੇ ਬਾਅਦ ਸਾਲ 2014 ਦੇ ਦੰਸਬਰ ਵਿੱਚ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ। ਅਦਾਲਤ ਨੇ ਅਮਿਤ ਸ਼ਾਹ ਨੂੰ ਬਰੀ ਕਰ ਦਿੱਤਾ। ਜੱਜ ਐੱਮਬੀ ਗੋਸਾਵੀ ਨੇ ਕਿਹਾ ਕਿ ਉਹ ਸਵੀਕਾਰ ਕਰਦੇ ਹਨ ਕਿ ਅਮਿਤ ਸ਼ਾਹ ਖਿਲਾਫ਼ ਲਾਏ ਗਏ ਇਲਜ਼ਾਮ ਸਿਆਸੀ ਤੌਰ ਉੱਤੇ ਪ੍ਰੇਰਿਤ ਸਨ।
ਹਾਲਾਂਕਿ ਸੀਬੀਆਈ ਨੇ ਜੁਲਾਈ 2010 ਵਿੱਚ ਅਮਿਤ ਸ਼ਾਹ ਉੱਪਰ ਜਾਂਚ ਵਿੱਚ ਦਖ਼ਲ ਦੇਣ ਦੇ ਇਲਜ਼ਾਮ ਲਾਏ। ਉਨ੍ਹਾਂ ਨੇ ਕਦੇ ਬਰੀ ਕੀਤੇ ਜਾਣ ਖਿਲਾਫ਼ ਅਪੀਲ ਨਹੀਂ ਕੀਤੀ। ਇਸ ਕਾਰਨ ਇਹ ਇਲਜ਼ਾਮ ਵੀ ਲੱਗੇ ਹਨ ਕਿ ਸੰਘੀ ਜਾਂਚ ਏਜੰਸੀ ਸੱਤਾਧਾਰੀ ਪਾਰਟੀ ਤੋਂ ਪ੍ਰਭਾਵਿਤ ਹੈ। ਇਸ ਇਲਜ਼ਾਮ ਨੂੰ ਬੀਜੇਪੀ ਰੱਦ ਕਰਦੀ ਹੈ।
ਸ਼ਾਹ ਨੂੰ ਬਰੀ ਕੀਤਾ ਜਾਣਾ ਵੀ ਵਿਵਾਦ ਵਿੱਚ ਘਿਰਿਆ ਰਿਹਾ। ਕੁਝ ਦਿਨ ਪਹਿਲਾਂ, ਕੇਸ ਦੀ ਸੁਣਵਾਈ ਕਰ ਰਹੇ ਜੱਜ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਜੱਜ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਮੌਤ ਸ਼ੱਕੀ ਸਥਿਤੀਆਂ ਵਿੱਚ ਹੋਈ ਹੈ ਅਤੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।
ਹਾਲਾਂਕਿ ਇਹ ਸਾਰੇ ਇਲਜ਼ਾਮ ਕਦੇ ਸਾਬਤ ਨਹੀਂ ਹੋਏ ਅਤੇ ਸੁਪਰੀਮ ਕੋਰਟ ਨੇ ਜਾਂਚ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਹਨ।
ਪਰਿਵਾਰ ਦੇ ਇਲਜ਼ਾਮਾਂ ਬਾਰੇ ਅਮਿਤ ਸ਼ਾਹ ਦੇ ਦਫ਼ਤਰ ਨੂੰ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲਆ।
'ਉਹ ਅਤੇ ਅਸੀਂ'

ਤਸਵੀਰ ਸਰੋਤ, amit shah/fb
ਆਪਣੇ ਆਗੂ ਅਤੇ ਅਧਿਆਪਕ ਵਾਂਗ ਅਮਿਤ ਸ਼ਾਹ ਵੀ “ਇਤਿਹਾਸਕ ਗਲਤੀਆਂ ਨੂੰ ਠੀਕ ਕਰਨ” ਦੀ ਗੱਲ ਕਰਦੇ ਹਨ, ਜਿਨ੍ਹਾਂ ਦੀ ਸ਼ੁਰੂਆਤ ਭਾਰਤ ਦੀ ਅਜ਼ਾਦੀ ਦੇ ਨਾਲ ਹੀ ਸੰਨ 1947 ਵਿੱਚ ਹੋਈ ਸੀ।
ਕਸ਼ਮੀਰ ਦਾ ਖਾਸ ਦਰਜਾ ਖ਼ਤਮ ਕਰਨਾ ਅਤੇ ਵਿਵਾਦਤ ਨਾਗਰਿਕਤਾ ਕਾਨੂੰਨ ਲਿਆਉਣਾ ਜਿਸ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਧਾਰਿਮਕ ਤੌਰ ਉੱਤੇ ਸਤਾਏ ਹੋਏ ਗੈਰ-ਮੁਸਲਮਾਨ ਲੋਕਾਂ ਲਈ ਭਾਰਤੀ ਨਾਗਰਿਕਤਾ ਦੇ ਰਾਹ ਖੁੱਲ਼੍ਹ ਜਾਣ, ਵੀ “ਉਨ੍ਹਾਂ ਇਤਿਹਾਸਕ ਗਲਤੀਆਂ “ਨੂੰ ਸੁਧਾਰਨ ਦੇ ਹੀ ਯਤਨ ਸਨ।
ਨਾਗਰਿਕਤਾ ਕਾਨੂੰਨ ਦੀ ਵਿਸ਼ਵ ਪੱਧਰ ਉੱਤੇ ਨਿੰਦਾ ਹੋਈ। ਸਾਲ 2014 ਤੋਂ ਬਾਅਦ ਭਾਰਤ ਵਿੱਚ ਮੁਸਲਮਾਨਾਂ ਉੱਪਰ ਹਿੰਸਕ ਹਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ।
ਅਮਰੀਕਾ ਦੇ ਸਟੇਟ ਡਿਪਾਰਟਮੈਂਟ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਅਮਿਤ ਸ਼ਾਹ ਦੀ ਗੈਰ-ਕਾਨੂੰਨੀ ਮੁਸਲਿਮ ਪ੍ਰਵਾਸੀਆਂ ਨੂੰ "ਸਿਉਂਕ" ਕਹਿਣ ਅਤੇ “ਬੰਗਾਲ ਦੀ ਖਾੜੀ ਵਿੱਚ ਸੁੱਟਣ” ਵਰਗੀਆਂ ਧਮਕੀਆਂ ਦੇਣ ਕਰਕੇ ਨਿੰਦਾ ਕੀਤੀ।
ਆਪਣੇ ਚੋਣ ਜਲਸਿਆਂ ਵਿੱਚ ਉਹ ਆਮ ਹੀ “ਉਹ ਅਤੇ ਅਸੀਂ” ਸ਼ਬਦਾਂ ਦੀ ਵਰਤੋਂ ਕਰਦੇ ਹਨ ਜਿੱਥੇ ਉਹ ਦਾ ਭਾਵ ਮੁਸਲਮਾਨਾਂ ਤੋਂ ਹੁੰਦਾ ਹੈ।
ਕੁਝ ਵਿਸ਼ਲੇਸ਼ਕ ਇਸ ਨੂੰ ਰਣਨੀਤਿਕ ਬਿਆਨਬਾਜ਼ੀ ਮੰਨਦੇ ਹਨ ਜਦਕਿ ਓਜ਼ਾ ਦਾ ਮੰਨਣਾ ਹੈ ਕਿ ਇਹ ਅਮਿਤ ਸ਼ਾਹ ਦੇ ਆਪਣੇ ਅੰਦਰ ਘਰ ਕਰ ਚੁੱਕੇ ਨਿੱਜੀ ਵਿਚਾਰ ਹਨ।
“ਮੈਂ ਵਾਕਈ ਨਹੀਂ ਜਾਣਦਾ ਕਿ ਕਿਉਂ ਪਰ ਮੈਂ ਇਹ ਉਸੇ ਦਿਨ ਦੇਖ ਲਿਆ ਸੀ ਜਦੋਂ ਮੈਂ ਉਨ੍ਹਾਂ ਨੂੰ ਪਹਿਲੇ ਦਿਨ ਮਿਲਿਆ ਸੀ। ਅੱਜ ਤੱਕ ਵੀ, ਉਨ੍ਹਾਂ ਦਾ ਗੁੱਸਾ, ਪੱਖਪਾਤ, ਉਨ੍ਹਾਂ ਦੀ ਮੁਸਲਮਾਨਾਂ ਪ੍ਰਤੀ ਅਸੰਤੁਸ਼ਟੀ ਉਵੇਂ-ਜਿਵੇਂ ਹੈ। ਉਨ੍ਹਾਂ ਦੀ ਨਫ਼ਰਤ ਅਤੇ ਨਾ-ਸਵੀਕਾਰਨ ਦੀ ਉਨ੍ਹਾਂ ਦੀ ਨੀਤੀ ਵੀ ਉਵੇਂ ਹੈ ਅਤੇ ਬੇਹੱਦ ਸਖ਼ਤ ਹੈ।”
ਅਮਿਤ ਸ਼ਾਹ ਦੇ ਦਫ਼ਤਰ ਨੇ ਤਾਂ ਇਸ ਸਵਾਲ ਬਾਰੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੇ ਬਚਪਨ ਦੇ ਦੋਸਤ ਸੁਧੀਰ ਦਾਰਜੀ ਇਸ ਨਾਲ ਸਹਿਮਤ ਨਹੀਂ ਹਨ।
ਉਹ ਕਹਿੰਦੇ ਹਨ, “ਉਹ ਕਦੇ ਵੀ ਮੁਸਲਮਾਨਾਂ ਦੇ ਖਿਲਾਫ਼ ਨਾ ਕੁਝ ਕਹਿਣਗੇ ਅਤੇ ਨਾ ਕਰਨਗੇ। ਉਨ੍ਹਾਂ ਦਾ ਮਕਸਦ ਤਾ ਸਾਰਿਆਂ ਦੇ ਸਾਥ ਨਾਲ ਅੱਗੇ ਵਧਣ ਦਾ ਹੈ।”
ਜੁਨਾਪੁਰ ਅਮਿਤ ਸ਼ਾਹ ਦੇ ਹਲਕੇ ਵਿੱਚ ਪੈਂਦਾ ਹੈ ਅਤੇ ਗੁਜਰਾਤ ਦੀ ਸਭ ਤੋਂ ਵੱਡੀ ਮੁਸਲਿਮ ਅਬਾਦੀ ਦਾ ਘਰ ਹੈ। ਇੱਥੋਂ ਦੇ ਵਾਸੀਆਂ ਦਾ ਹਾਲਾਂਕਿ ਕਹਿਣਾ ਹੈ ਕਿ ਭਾਜਪਾ ਐੱਮਪੀ ਨੇ ਉਨ੍ਹਾਂ ਦੀ ਅਣਦੇਖੀ ਕੀਤੀ ਹੈ।
ਅਸੀਂ ਇਹ ਨੁਕਤਾ ਵੀ ਸ਼ਾਹ ਦੇ ਦਫ਼ਤਰ ਦੇ ਸਾਹਮਣੇ ਰੱਖਿਆ ਪਰ ਕੋਈ ਜਵਾਬ ਨਹੀਂ ਆਇਆ।
ਭ੍ਰਿਸ਼ਟਾਚਾਰ ਦੇ ਇਲਜ਼ਾਮ
ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਅਕਸਰ ਆਪਣੇ ਵਿਰੋਧੀਆਂ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨਾਲ ਘੇਰਦੇ ਹਨ। ਪਰ ਸਾਲ 2017 ਵਿੱਚ 'ਦਿ ਵਾਇਰ' ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਅਤੇ ਪੂਰੀ ਭਾਜਪਾ ਨੂੰ ਅਮਿਤ ਸ਼ਾਹ ਦੇ ਇਕਲੌਤੇ ਬੇਟੇ ਜੈ ਅਮਿਤ ਸ਼ਾਹ ਦਾ ਬਚਾਅ ਕਰਨ ਲਈ ਉਨ੍ਹਾਂ ਦੇ ਪਿੱਛੇ ਖੜਨਾ ਪਿਆ।
ਜੈ ਸ਼ਾਹ ਅਤੇ ਉਨ੍ਹਾਂ ਦੇ ਪਿਤਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਜਪਾ ਦੇ ਸਰਕਾਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ 16,000 ਗੁਣਾ ਵਧਿਆ ਹੈ। ਉਹ ਇਸ ਰਿਪੋਰਟ ਨੂੰ “ਝੂਠੀ, ਅਪਮਾਨਜਨਕ ਅਤੇ ਮਾਣਹਾਨੀ ਕਰਨ ਵਾਲੀ” ਦੱਸਦੇ ਹਨ। ਉਨ੍ਹਾਂ ਨੇ 'ਦਿ ਵਾਇਰ' ਉੱਪਰ ਮੁਕੱਦਮਾ ਵੀ ਕੀਤਾ ਜਿਸ ਦਾ ਅਜੇ ਫੈਸਲਾ ਹੋਣਾ ਬਾਕੀ ਹੈ।

ਤਸਵੀਰ ਸਰੋਤ, Getty Images
ਜਦੋਂ ਸਾਲ 2021 ਉਨ੍ਹਾਂ ਦੇ ਪੁੱਤਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਸੈਕਰੇਟਰੀ ਲਾਇਆ ਗਿਆ ਤਾਂ ਵਿਰੋਧੀ ਧਿਰ ਦੇ ਆਗੂਆਂ ਨੇ ਸਾਲ 2021 ਵਿੱਚ ਅਮਿਤ ਸ਼ਾਹ ਉੱਪਰ ਪਰਿਵਾਰਵਾਦ ਦੇ ਵੀ ਇਲਜ਼ਾਮ ਲਾਏ।
ਹਾਲਾਂਕਿ ਅਮਿਤ ਸ਼ਾਹ ਨੇ ਆਪਣੇ ਪੁੱਤਰ ਦਾ ਬਚਾਅ ਕੀਤਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਰੇ ਕੁਝ ਨਹੀਂ ਕਿਹਾ। ਕੁਝ ਲੋਕਾਂ ਦੀ ਰਾਇ ਹੈ ਕਿ ਇਹ ਸਾਬਤ ਕਰਦਾ ਹੈ ਕਿ ਉਹ ਮੋਦੀ ਲਈ ਕਿੰਨੇ ਅਹਿਮ ਹਨ।
ਭਵਿੱਖ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ?
ਪ੍ਰਧਾਨ ਮੰਤਰੀ ਮੋਦੀ 73 ਸਾਲ ਦੀ ਉਮਰ ਵਿੱਚ ਤੰਦਰੁਸਤ ਹਨ ਇਸ ਲਈ ਬਹੁਤ ਘੱਟ ਸੰਭਾਵਨਾ ਹੈ ਕਿ ਜਲਦੀ ਹੀ ਦੇਸ ਦੇ ਸਿਰਮੌਰ ਅਹੁਦੇ ਦੀ ਅਸਾਮੀ ਖਾਲੀ ਹੋਵੇਗੀ। ਹਾਲਾਂਕਿ ਜਦੋਂ ਵੀ ਮੋਦੀ ਦੇ ਉੱਤਰਾ-ਅਧਿਕਾਰੀ ਦਾ ਜ਼ਿਕਰ ਆਉਂਦਾ ਹੈ ਤਾਂ ਅਮਿਤ ਸ਼ਾਹ ਦਾ ਨਾਮ ਜ਼ਰੂਰ ਉੱਠਦਾ ਹੈ।
ਹਾਲਾਂਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵਿੱਚੋਂ ਲੰਘਣਾ ਪਿਆ ਹੈ ਪਰ 60 ਸਾਲਾਂ ਦੀ ਉਮਰ ਗ੍ਰਹਿ ਮੰਤਰੀ ਦੇ ਪੱਖ ਵਿੱਚ ਭੁਗਤਦੀ ਪ੍ਰਤੀਤ ਹੁੰਦੀ ਹੈ।
ਹਾਲਾਂਕਿ ਜੇ ਉਨ੍ਹਾਂ ਦੇ ਦਿਲ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਕੋਈ ਲਾਲਸਾ ਹੈ ਵੀ, ਤਾਂ ਉਨ੍ਹਾਂ ਨੇ ਇਹ ਕਦੇ ਬੋਲ ਕੇ ਪ੍ਰਗਟ ਨਹੀਂ ਕੀਤੀ। ਕਿਸੇ ਨੂੰ ਵੀ ਉਮੀਦ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਆਉਣਗੇ, ਜਿਨ੍ਹਾਂ ਨਾਲ ਮਿਲ ਕੇ ਉਹ ਪਿਛਲੇ ਚਾਰ ਦਹਾਕਿਆਂ ਤੋਂ ਕੰਮ ਕਰ ਰਹੇ ਹਨ।
ਨਾਗ ਦਾ ਕਹਿਣਾ ਹੈ,“ਉਹ ਮੋਦੀ ਦਾ ਸੱਜਾ ਹੱਥ ਹਨ ਅਤੇ ਕਮਾਂਡਰ ਇਨ ਚੀਫ਼ ਹਨ। ਮੋਦੀ ਉਨ੍ਹਾਂ ਉੱਤੇ ਪੂਰਾ ਭਰੋਸਾ ਕਰਦੇ ਹਨ ਅਤੇ ਸ਼ਾਹ ਕਦੇ ਉਨ੍ਹਾਂ ਦੇ ਰਸਤੇ ਵਿੱਚ ਨਹੀਂ ਆਉਣਗੇ।”
ਓਜ਼ਾ ਕਹਿੰਦੇ ਹਨ ਕਿ ਅਮਿਤ ਸ਼ਾਹ ਲਈ ਤਾਂ “ਹਮੇਸ਼ਾ ਹੀ ਇਹ ਰਿਹਾ ਹੈ ਕਿ ਮੋਦੀ ਨਹੀਂ ਤਾਂ ਕੋਈ ਵੀ ਨਹੀਂ।”












