ਦੇਸ਼ ਨਿਕਾਲਾ ਹੰਢਾ ਰਹੇ ਬੀਬੀਸੀ ਪੱਤਰਕਾਰਾਂ ਦੀ ਕਹਾਣੀ, ‘ਮੇਰੇ ਭਰਾ ਦੀ ਮੌਤ ਹੋ ਗਈ, ਸਦਮੇ ’ਚ ਪਿਤਾ ਵੀ ਮਰ ਗਏ ਪਰ ਮੈਂ ਆਪਣੇ ਘਰ ਨਾ ਜਾ ਸਕੀ’

- ਲੇਖਕ, ਸਟੀਫ਼ਨੀ ਹੇਗਰਟੀ
- ਰੋਲ, ਬੀਬੀਸੀ ਪੱਤਰਕਾਰ
ਸਾਲ 2020 ਤੋਂ ਦੇਸ਼ ਨਿਕਾਲਾ ਹੰਢਾ ਰਹੇ ਬੀਬੀਸੀ ਪੱਤਰਕਾਰਾਂ ਦੀ ਗਿਣਤੀ ਹੁਣ ਦੁਗਣੀ ਹੋ ਕੇ 310 ਤੱਕ ਪਹੁੰਚ ਗਈ ਹੈ। ਵਿਸ਼ਵ ਪ੍ਰੈਸ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਜਾਰੀ ਕੀਤੇ ਗਏ ਇਹ ਅੰਕੜੇ ਰੂਸ, ਅਫ਼ਗ਼ਾਨਿਸਤਾਨ ਅਤੇ ਇਥੋਪੀਆ ਵਿੱਚਲੇ ਕਰੈਕਡਾਊਨ ਨੂੰ ਦਰਸਾਉਂਦੇ ਹਨ। ਈਰਾਨ ਸਮੇਤ ਹੋਰ ਦੇਸ਼ਾਂ ਦੇ ਪੱਤਰਕਾਰ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਹਨ।
ਕਈ ਜੇਲ੍ਹਾਂ ਵਿੱਚ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਕਈ ਮੌਤ ਦੀਆਂ ਧਮਕੀਆਂ ਦਾ ਅਤੇ ਕਈਆਂ ਨੂੰ ਆਨਲਈਨ ਤੇ ਆਫਲਾਈਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਲੀਲਿਐਨ ਲੈਂਡੋਰ ਕਹਿੰਦੇ ਹਨ, ”ਉਨ੍ਹਾਂ ਕੋਲ ਰਿਪੋਰਟਿੰਗ ਕਰਦੇ ਰਹਿਣ ਦਾ ਸਿਰਫ਼ ਇਹੀ ਜ਼ਰੀਆ ਹੈ ਕਿ ਉਹ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਦੇਸ਼ ਤੋਂ ਬਾਹਰ ਕੱਢੇ ਜਾਣ ਵਾਲੇ ਪੱਤਰਕਾਰਾਂ ਦੀ ਵਧਦੀ ਗਿਣਤੀ ਪ੍ਰੈਸ ਦੀ ਅਜ਼ਾਦੀ ਲਈ ਬੇਹੱਦ ਚਿੰਤਾਜਨਕ ਵਿਸ਼ਾ ਹੈ।”
ਜਦੋਂ ਅਗਸਤ 2011 ਵਿੱਚ ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕੀਤਾ ਤਾਂ ਬੀਬੀਸੀ ਨੇ ਉੱਥੋਂ ਆਪਣੀ ਜ਼ਿਆਦਾਤਰ ਟੀਮ ਨੂੰ ਬਾਹਰ ਕੱਢ ਲਿਆ ਸੀ। ਮਹਿਲਾ ਸਟਾਫ਼ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਉਨ੍ਹਾਂ ਦੇ ਮਰਦ ਸਹਿਕਰਮੀ ਧਮਕੀਆਂ ਦਾ ਸਾਹਮਣਾ ਕਰ ਰਹੇ ਸਨ।
ਮਿਆਂਮਾਰ ਅਤੇ ਇਥੋਪੀਆ ਵਿੱਚ ਵੀ ਪੱਤਰਕਾਰਾਂ ’ਤੇ ਵਧਦਾ ਦਬਾਅ ਦੇਖਿਆ ਗਿਆ ਹੈ, ਜਿਸ ਕਰਕੇ ਉਹ ਅਜ਼ਾਦੀ ਨਾਲ ਰਿਪੋਰਟਿੰਗ ਨਹੀਂ ਕਰ ਸਕਦੇ।
ਪੱਤਰਕਾਰਾਂ ਦੀ ਹੱਡਬੀਤੀ
ਬੀਬੀਸੀ ਪਰਸ਼ੀਅਨ ਪੱਤਰਕਾਰ ਜੀਆਰ ਗੋਲ ਕਮਰੇ ਵਿੱਚ ਦਾਖਲ ਹੁੰਦਿਆਂ ਹੀ ਬਚਣ ਦਾ ਰਾਹ ਲੱਭਦੇ ਹਨ। ਉਹ ਕਹਿੰਦੇ ਹਨ, “ਮੈਨੂੰ ਆਪਣਾ ਧਿਆਨ ਰੱਖਣਾ ਪੈਂਦਾ ਹੈ। ਮੇਰੇ ਘਰ ਵਿੱਚ ਬਹੁਤ ਸਾਰੇ ਸਕਿਉਰਟੀ ਕੈਮਰੇ ਹਨ। ਮੈਨੂੰ ਸਲਾਹ ਦਿੱਤੀ ਗਈ ਹੈ ਕਿ ਮੈਂ ਆਪਣੀ ਧੀ ਦਾ ਸਕੂਲ ਵੀ ਬਦਲ ਦੇਵਾਂ।”
ਜੀਆਰ ਸਾਲ 2007 ਤੋਂ ਈਰਾਨ ਨਹੀਂ ਗਏ। ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਤਾਂ ਉਹ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ ਸਨ।
ਪਰ ਚਾਰ ਸਾਲ ਪਹਿਲਾਂ ਕੈਂਸਰ ਕਾਰਨ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਜਾਣ ਦੇ ਬਾਅਦ ਉਹ ਵਧੇਰੇ ਸੁਚੇਤ ਹੋ ਗਏ ਹਨ। ਉਹ ਕਹਿੰਦੇ ਹਨ, “ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਧੀ ਦਾ ਕੀ ਹੋਏਗਾ। ਇਹ ਗੱਲ ਹਮੇਸ਼ਾ ਮੇਰੇ ਦਿਮਾਗ ਵਿੱਚ ਰਹਿੰਦੀ ਹੈ।”
“ਈਰਾਨੀ ਸ਼ਾਸਨ ਹੋਰ ਦਲੇਰ ਹੋ ਗਿਆ ਹੈ। ਉਹ ਸਖ਼ਤ ਪਾਬੰਦੀਆਂ ਹੇਠ ਹਨ, ਕੌਮਾਂਤਰੀ ਪੱਧਰ ’ਤੇ ਉਨ੍ਹਾਂ ਬਾਰੇ ਕੀ ਸੋਚਿਆ ਜਾ ਰਿਹਾ ਹੈ ਉਨ੍ਹਾਂ ਨੂੰ ਇਸ ਦੀ ਪਰਵਾਹ ਨਹੀਂ ਹੈ ਕਿਉਂਕਿ ਉਹ ਅਲੱਗ-ਥਲੱਗ ਹਨ।”

ਵਿੱਤੀ ਅਤੇ ਕਾਨੂੰਨੀ ਸਹਾਇਤਾ ’ਤੇ ਨਿਰਭਰ ਪੱਤਰਕਾਰ
ਪੱਤਰਕਾਰਾਂ ਦੀ ਰੱਖਿਆ ਲਈ ਬਣੀ ਕਮੇਟੀ ਦੇ ਜੋਡੀ ਗਿਨਸਬਰਗ ਕਹਿੰਦੇ ਹਨ ਕਿ ਪਿਛਲੇ ਤਿੰਨ ਸਾਲ ਵਿੱਚ ਉਨ੍ਹਾਂ ਵੱਲੋਂ ਦੇਸ਼ ਨਿਕਾਲਾ ਹੰਢਾ ਰਹੇ ਜਿਹੜੇ ਪੱਤਰਕਾਰਾਂ ਨੂੰ ਵਿੱਤੀ ਅਤੇ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਰਹੀ ਹੈ ਉਨ੍ਹਾਂ ਦੀ ਗਿਣਤੀ 225 ਫ਼ੀਸਦੀ ਵਧੀ ਹੈ।
ਉਹ ਕਹਿੰਦੇ ਹਨ, “ਸਾਡੇ ਕੋਲ ਜੇਲ੍ਹਾਂ ਵਿੱਚ ਪੱਤਰਕਾਰਾਂ ਦੀ ਰਿਕਾਰਡ ਗਿਣਤੀ ਹੈ। ਪੱਤਰਕਾਰਾਂ ਦੇ ਕਤਲਾਂ ਦੀ ਗਿਣਤੀ 2015 ਤੋਂ ਬਾਅਦ ਬਹੁਤ ਵਧ ਗਈ ਹੈ।”
ਉਹ ਕਹਿੰਦੇ ਹਨ ਕਿ ਰੂਸ, ਈਰਾਨ ਅਤੇ ਸ਼ਾਉਦੀ ਅਰਬ ਵਰਗੇ ਦੇਸ਼ਾਂ ਦੇ ਸ਼ਾਸ਼ਕ ਆਪਣੇ ਦੇਸ਼ਾਂ ਦੇ ਅੰਦਰ ਤੇ ਬਾਹਰ ਬਿਰਤਾਂਤ ਨੂੰ ਕਾਬੂ ਕਰਨ ਲਈ ਲਗਾਤਾਰ ਬੇਚੈਨ ਰਹਿੰਦੇ ਹਨ।

ਤਸਵੀਰ ਸਰੋਤ, Getty Images
ਘਰ ਛੱਡ ਜ਼ਿੰਦਗੀ ਦੀ ਭਾਲ
ਯੁਕਰੇਨ ਦੇ ਵੱਡੇ ਹਮਲੇ ਤੋਂ ਬਾਅਦ ਬੀਬੀਸੀ ਰਸ਼ੀਅਨ ਦੀ ਨੀਨਾ ਨਾਜ਼ਰੋਵਾ ਨੇ ਆਪਣਾ ਘਰ ਛੱਡ ਦਿੱਤਾ ਸੀ।
ਮਾਸਕੋ ਤੋਂ ਉਡਣ ਭਰਦਿਆਂ ਉਨ੍ਹਾਂ ਨੇ ਆਪਣੇ ਪੱਤਰਕਾਰ ਪਤੀ ਵੱਲ ਦੇਖਿਆ। ਇਹ ਅਜਿਹੇ ਪਲ ਸਨ ਕਿ ਉਨ੍ਹਾਂ ਦਾ ਪਤੀ ਆਪਣਾ ਰੋਣਾ ਕਾਬੂ ਨਾ ਕਰ ਸਕਿਆ।
ਉਹ ਕਹਿੰਦੇ ਹਨ, “ਮੈਂ ਬੱਸ ਸੁੰਨ ਹੋ ਗਈ।’
ਉਹ ਕਹਿੰਦੇ ਹਨ, “4 ਮਾਰਚ, 2022 ਦਾ ਦਿਨ ਸੀ ਜਦੋਂ ਨਵਾਂ ਸੈਂਸਰਸ਼ਿਪ ਕਾਨੂੰਨ ਲਾਗੂ ਹੋਇਆ ਸੀ। ਮੈਂ ਇੱਕ ਜੰਗ ਨੂੰ ਜੰਗ ਕਹਿ ਰਹੀ ਸੀ ਅਤੇ ਇਸ ਲਈ ਮੈਨੂੰ ਅਸਾਨੀ ਨਾਲ ਜੇਲ੍ਹ ਹੋ ਸਕਦੀ ਸੀ।”
ਉਨ੍ਹਾਂ ਨੇ ਆਪਣੇ 16 ਮਹੀਨਿਆਂ ਦੇ ਬੇਟੇ ਨੂੰ ਚੁੱਕਿਆ, ਦੋ ਸੂਟਕੇਸ ਪੈਕ ਕੀਤੇ ਅਤੇ ਸਭ ਤੋਂ ਸਸਤੀ ਟਿਕਟ ਲੈ ਕੇ ਰੂਸ ਤੋਂ ਬਾਹਰ ਜਾਣ ਦੀ ਸੋਚੀ। ਉਹ ਤੁਰਕੀ ਲਈ ਰਵਾਨਾ ਹੋ ਗਏ।
ਉਨ੍ਹਾਂ ਨੇ ਦੁਬਈ ਵਿੱਚ ਇੱਕ ਹਫ਼ਤਾ ਬਿਤਾਇਆ, ਜਿਸ ਬਾਰੇ ਉਨ੍ਹਾਂ ਨੇ ਜੰਗ ਤੋਂ ਕਾਫ਼ੀ ਸਮਾਂ ਪਹਿਲਾਂ ਯੋਜਨਾ ਬਣਾਈ ਸੀ।
ਉਥੋਂ ਉਹ ਮੈਂਟੇਨੇਗਰੋ ਚਲੇ ਗਏ ਅਤੇ ਉਸ ਤੋਂ ਬਾਅਦ ਉਹ ਲਾਤਵੀਅਨ ਦੀ ਰਾਜਧਾਨੀ ਰੀਗਾ ਪਹੁੰਚੇ, ਜਿੱਥੇ ਬੀਬੀਸੀ ਨੇ ਰੂਸੀ ਸਟਾਫ਼ ਲਈ ਦਫ਼ਤਰ ਤਿਆਰ ਕੀਤਾ ਸੀ।
ਇਸ ਸਾਲ ਅਪ੍ਰੈਲ ਵਿੱਚ ਨੀਨਾ ਦੀ ਸਹਿਕਰਮੀ ਬੀਬੀਸੀ ਰਸ਼ੀਅਨ ਦੀ ਪੱਤਰਕਾਰ ਈਲਿਆ ਬਾਰਾਬਾਨੋਵ ਨੂੰ ਇੱਕ ‘ਵਿਦੇਸ਼ੀ ਏਜੰਟ’ ਕਰਾਰ ਦਿੱਤਾ ਗਿਆ ਅਤੇ ਗਲਤ ਜਾਣਕਾਰੀਆਂ ਫੈਲਾਉਣ ਅਤੇ ਜੰਗ ਦਾ ਵਿਰੋਧ ਕਰਨ ਦਾ ਇਲਜ਼ਾਮ ਲਗਾਇਆ ਗਿਆ।
ਉਨ੍ਹਾਂ ਪੱਤਰਕਾਰ ਦੇ ਨਾਲ-ਨਾਲ ਬੀਬੀਸੀ ਨੇ ਵੀ ਨਕਾਰਿਆ ਹੈ। ਹੁਣ ਮਾਮਲਾ ਅਦਾਲਤ ਵਿੱਚ ਹੈ।

ਲਗਾਤਾਰ ਮਿਲਦੀਆਂ ਧਮਕੀਆਂ
ਪੱਤਰਕਾਰਾਂ ਨੂੰ ਧਮਕੀਆਂ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਜਾਰੀ ਰਹਿੰਦੀਆਂ ਹਨ।
ਮਾਰਚ ਵਿੱਚ ਇੱਕ ਬਰੌਡਕਾਸਟਰ ਈਰਾਨ ਇੰਟਰਨੈਸ਼ਨ ਦੇ ਨਿਊਜ਼ ਪਰੈਜ਼ੈਂਟਰ ਨੂੰ ਉਸ ਦੇ ਲੰਡਨ ਸਥਿਤ ਘਰ ਦੇ ਬਾਹਰ ਲੱਤ ‘ਤੇ ਛੁਰਾ ਮਾਰਿਆ ਗਿਆ ਅਤੇ ਹਾਲ ਹੀ ਵਿੱਚ ਬ੍ਰਿਟਿਸ਼ ਦੇ ਅੱਤਵਾਦ ਵਿਰੋਧੀ ਪੁਲਿਸ ਨੇ ਯੂਕੇ ਵਿੱਚ ਰਹਿੰਦੇ ਬੀਬੀਸੀ ਪਰਸ਼ੀਅਨ ਸਟਾਫ਼ ਨੂੰ ਵਧਦੇ ਖ਼ਤਰੇ ਬਾਰੇ ਚੌਕਸ ਕੀਤਾ ਹੈ।
ਸਾਲ 2022 ਵਿੱਚ ਬੀਬੀਸੀ ਪਰਸ਼ੀਅਨ ਦੀ ਪਰੈਜ਼ੈਂਟਰ ਰਨਾ ਰਾਹੀਮਪੋਰ ਦੀ ਕਾਰ ਵਿੱਚ ਘਾਤ ਲਗਾਈ ਗਈ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਇੱਕ ਸੁਣਨ ਵਾਲਾ ਯੰਤਰ ਉਸ ਦੀ ਕਾਰ ਵਿੱਚ ਫਿੱਟ ਕੀਤਾ ਗਿਆ।
ਉਸ ਵੱਲੋਂ ਆਪਣੀ ਮਾਂ ਨਾਲ ਕੀਤੀ ਇੱਕ ਗੱਲਬਾਤ ਰਿਕਾਰਡ ਕੀਤੀ ਗਈ ਸੀ ਅਤੇ ਈਰਾਨ ਦੇ ਇੱਕ ਸਰਕਾਰੀ ਪਲੇਟਫ਼ਾਰਮ ‘ਤੇ ਪਬਲਿਸ਼ ਕੀਤੀ ਗਈ ਸੀ। ਉਸ ਨੂੰ ਇਸ ਤਰ੍ਹਾਂ ਐਡਿਟ ਕੀਤਾ ਗਿਆ ਸੀ ਅਤੇ ਦਿਖਾਇਆ ਗਿਆ ਸੀ ਜਿਵੇਂ ਉਹ ਸ਼ਾਸਨ ਦੇ ਪੱਖ ਵਿੱਚ ਹੋਵੇ।
ਜਦੋਂ ਵਿਰੋਧੀ ਨੈਟਵਰਕਾਂ ਨੇ ਉਸ ਦਾ ਨਾਮ ਖ਼ਰਾਬ ਕਰਨ ਲਈ ਇੰਟਰਵਿਊ ਵਰਤੀ ਤਾਂ ਰਨਾ ਨੇ ਪੱਤਰਕਾਰੀ ਤੋਂ ਬਰੇਕ ਲੈਣ ਦਾ ਫ਼ੈਸਲਾ ਲਿਆ।
ਉਹ ਕਹਿੰਦੇ ਹਨ, “ਸ਼ਾਸਨ ਆਪਣੇ ਇਰਾਦਿਆਂ ਵਿੱਚ ਵਧੇਰੇ ਤੇਜ਼ ਹੋ ਰਿਹਾ ਹੈ। ਜੋ ਮੇਰੇ ਨਾਲ ਹੋਇਆ, ਉਹ ਸਾਨੂੰ ਬਦਨਾਮ ਕਰਨ ਅਤੇ ਆਖਰਿਕਾਰ ਚੁੱਪ ਕਰਾਉਣ ਦੇ ਤਰੀਕਿਆਂ ਵਿੱਚੋਂ ਇੱਕ ਹੈ।”
ਬੀਬੀਸੀ ਪਰਸ਼ੀਅਨ ਦੀ ਇੱਕ ਹੋਰ ਪ੍ਰੀਜ਼ੈਂਟਰ ਫਰਨਾਜ਼ ਗਜ਼ੀਜ਼ਾਦੇਹ ਕਹਿੰਦੇ ਹਨ, “ਜਦੋਂ ਵੀ ਮੈਂ ਈਰਾਨ ਵਿੱਚ ਆਪਣੀ ਮਾਂ ਨੂੰ ਫ਼ੋਨ ਕਰਦੀ ਹਾਂ, ਮੈਂ ਜਾਣਦੀ ਹਾਂ ਕਿ ਕੋਈ ਹੋਰ ਸਾਨੂੰ ਸੁਣ ਰਿਹਾ ਹੈ। ਇਹ ਬਹੁਤ ਡਰਾਉਣਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਤੁਹਾਨੂੰ ਬਰਬਾਦ ਕਰਨ ਦਾ ਤਰੀਕਾ ਲੱਭ ਸਕਦੇ ਹਨ।”
ਉਹ ਪਿਛਲੇ 21 ਸਾਲ ਤੋਂ ਈਰਾਨ ਨਹੀਂ ਗਈ ਅਤੇ ਹਾਲ ਹੀ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਅਤੇ ਉਸ ਦੇ ਨੌਂ ਸਾਥੀਆਂ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਹੀ ਇੱਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਇਹ ਜਾਣਕਾਰੀ ਉਨ੍ਹਾਂ ਨੂੰ ਈਰਾਨੀ ਜੁਡੀਸ਼ਅਰੀ ਤੋਂ ਜਾਣਕਾਰੀ ਲੀਕ ਕਰਨ ਵਾਲੇ ਹੈਕਰ ਤੋਂ ਮਿਲੀ।
ਇਸ ਤੋਂ ਪਹਿਲਾਂ, ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਬੀਬੀਸੀ ਪਰਸ਼ੀਅਨ ਸਟਾਫ਼ ’ਤੇ ਹਿੰਸਾ ਭੜਕਾਉਣ, ਨਫਰਤੀ ਭਾਸ਼ਣਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲ਼ੰਘਣਾ ਕਰਨ ਦੇ ਇਲਜ਼ਾਮ ਲਗਾਏ ਸਨ।

ਮਾਪਿਆਂ ਨੂੰ ਨਾ ਮਿਲ ਸਕਣ ਦੀ ਤਕਲੀਫ਼
ਫਰਨਾਜ਼ ਅਤੇ ਉਸ ਦੇ ਪਤੀ ਨੂੰ ਇੱਕ ਬਲੌਗ ਲਿਖਣ ਬਦਲੇ 25 ਦਿਨਾਂ ਦੀ ਜੇਲ੍ਹ ਕੀਤੀ ਗਈ ਜਿਸ ਤੋਂ ਬਾਅਦ ਉਹ ਦੋਵੇਂ ਆਪਣੇ ਛੇ ਮਹੀਨਿਆਂ ਦੇ ਬੇਟੇ ਨੂੰ ਲੈ ਕੇ ਉੱਥੋਂ ਆ ਗਏ ਸਨ।
ਉਨ੍ਹਾਂ ਦੇ ਉੱਥੋਂ ਆਉਣ ਤੋਂ ਬਾਅਦ ਉਸ ਦੇ ਪਿਤਾ ਨੂੰ ਲਗਾਤਾਰ ਈਰਾਨ ਦੀਆਂ ਸੁਰੱਖਿਆ ਏਜੰਸੀਆਂ ਡਰਾਉਂਦੀਆਂ ਧਮਕਾਉਂਦੀਆਂ ਹਨ ਕਿ ਆਪਣੀ ਬੇਟੀ ਨੂੰ ਵਾਪਸ ਬੁਲਾ ਲੈਣ ਅਤੇ ਕਹਿੰਦੇ ਸੀ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪੋਤੇ-ਪੋਤੀਆਂ ਕਿਹੜੇ ਸਕੂਲ ਜਾਂਦੇ ਹਨ।
ਸਾਲ 2022 ਵਿੱਚ, ਫਰਨਾਜ਼ ਦਾ ਭਰਾ ਕਾਫ਼ੀ ਬਿਮਾਰ ਹੋ ਗਿਆ ਅਤੇ ਬਜ਼ੁਰਗ ਮਾਪੇ ਉਸ ਦੀ ਦੇਖਭਾਲ ਨਹੀਂ ਕਰ ਪਾ ਰਹੇ ਸੀ। ਛੇ ਹਫ਼ਤੇ ਬਾਅਦ ਉਸ ਦੇ ਭਰਾ ਦੀ ਮੌਤ ਹੋ ਗਈ। ਉਸ ਦੇ ਛੇ ਮਹੀਨਿਆਂ ਦੇ ਅੰਦਰ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ।
ਉਹ ਕਹਿੰਦੇ ਹਨ, “ਇਹ ਕੁਝ ਅਜਿਹਾ ਸੀ ਮੈਂ ਜਿਸ ਤੋਂ ਬਾਹਰ ਨਹੀਂ ਨਿਕਲ ਪਾ ਰਹੀ ਹਾਂ। ਮੈਂ ਸੱਚਮੁਚ ਆਪਣੇ ਪਰਿਵਾਰ ਅਤੇ ਮਾਂ ਲਈ ਉੱਥੇ ਜਾਣਾ ਚਾਹੁੰਦੀ ਸੀ ਪਰ ਮੈਂ ਨਹੀਂ ਜਾ ਸਕੀ।”
ਬੀਬੀਸੀ ਪਸ਼ਤੋ ਤੋਂ ਸਾਜੀਆ ਹਾਯਾ ਵੀ ਕੁਝ ਅਜਿਹੇ ਹੀ ਇਲਜ਼ਾਮਾਂ ਤਹਿਤ ਦੇਸ਼ ਨਿਕਾਲਾ ਹੰਢਾ ਰਹੇ ਹਨ।
ਉਨ੍ਹਾਂ ਨੂੰ 2022 ਵਿੱਚ ਯੂਕੇ ਲਿਆਂਦਾ ਗਿਆ ਸੀ ਜਦੋਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਉਸ ਦੇ ਮਾਪੇ ਅਤੇ ਭਰਾ ਕਾਬੁਲ ਵਿੱਚ ਹੀ ਸਨ।
ਉਹ ਕਹਿੰਦੇ ਹਨ, “ਜਿਸ ਰਾਤ ਕਰੀਬ 2 ਵਜੇ ਮੈਂ ਘਰੋਂ ਨਿਕਲੀ, ਪਤਾ ਨਹੀਂ ਕਿਉਂ ਪਰ ਮੈਂ ਆਪਣੇ ਛੋਟੇ ਭਰਾ ਨੂੰ ਜੱਫੀ ਨਹੀਂ ਪਾ ਸਕੀ ਅਤੇ ਮੈਨੂੰ ਇਸ ਦਾ ਪਛਤਾਵਾ ਅੱਜ ਤੱਕ ਹੋ ਰਿਹਾ ਹੈ। ਮੈਂ ਇੱਥੇ ਅਜ਼ਾਦ ਹਾਂ, ਪਰ ਉੱਥੇ ਉਹ ਇੱਕ ਤਰ੍ਹਾਂ ਕੈਦ ਵਿੱਚ ਹਨ।”
ਫਿਰ ਆਨਲਾਈਨ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈ।
ਫਰਨਾਜ਼ ਕਹਿੰਦੇ ਹਨ, “ਮੈਂ ਆਪਣੇ ਫ਼ੋਨ ਦੇ ਮੈਸੇਜ ਵੀ ਚੈੱਕ ਨਹੀਂ ਕਰਦੀ, ਇਹ ਮੌਤ ਦੀਆਂ ਧਮਕੀਆਂ ਨਾਲ ਭਰੇ ਹੁੰਦੇ ਹਨ। ਕਈ ਵਾਰ ਜਿਣਸੀ ਧਮਕੀਆਂ ਅਤੇ ਕਈ ਵਾਰ ਬਹੁਤ ਭੱਦੀਆਂ ਗੱਲਾਂ ਹੁੰਦੀਆਂ ਹਨ।”
ਵਰਲਡ ਸਰਵਿਸ ਦਾ ਇੱਕ ਪੱਤਰਕਾਰ ਜਿਸ ਨੇ ਉਸ ਦੇ ਦੇਸ਼ ਵਿੱਚ ਲੀਡਰਾਂ ਦੇ ਡਰੋਂ ਨਾਮ ਗੁਪਤ ਰੱਖਣ ਨੂੰ ਕਿਹਾ, ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਸਹਿਧਰਮੀਆਂ ਨੂੰ ਸਭ ਤੋਂ ਵੱਡਾ ਡਰ ਸਟੇਟਲੈੱਸ ਹੋਣ ਦਾ ਹੈ ਜੇ ਸਰਕਾਰ ਉਨ੍ਹਾਂ ਦੇ ਪਾਸਪੋਰਟ ਰੀਨਿਊ ਕਰਨ ਤੋਂ ਇਨਕਾਰ ਕਰ ਦਿੰਦੀ ਹੈ।
ਇਨ੍ਹਾਂ ਪੱਤਰਕਾਰਾਂ ਨੂੰ ਧਮਕੀਆਂ ਤੋਂ ਵਧੇਰੇ ਨਿਰਾਸ਼ਾਜਨਕ ਦੂਰ ਰਹਿੰਦਿਆਂ ਉਨ੍ਹਾਂ ਦੇ ਦੇਸ਼ਾਂ ਬਾਰੇ ਰਿਪੋਰਟ ਕਰਨਾ ਲੱਗਦਾ ਹੈ।
ਸ਼ਾਜ਼ੀਆ, ਅਫ਼ਗ਼ਾਨਿਸਤਾਨ ਵਿੱਚ ਥਾਂ-ਥਾਂ ਘੁੰਮ ਕੇ ਲੋਕਾਂ ਨਾਲ ਗੱਲ ਕਰਦੇ ਸਨ। ਖ਼ਾਸ ਕਰਕੇ ਔਰਤਾਂ ਨਾਲ, ਉਨ੍ਹਾਂ ਦੀਆਂ ਜ਼ਿੰਦਗੀਆਂ ਬਾਰੇ। ਹੁਣ ਉਸ ਨੂੰ ਟੁੱਟਦੀ ਫ਼ੋਨ ਲਾਈਨ ਜ਼ਰੀਏ ਉਨ੍ਹਾਂ ਦਾ ਭਰੋਸਾ ਜਿੱਤਣਾ ਪੈਂਦਾ ਹੈ।
ਅਫ਼ਗ਼ਾਨਿਸਤਾਨ ਅਤੇ ਈਰਾਨ ਵਿੱਚ ਲੋਕਾਂ ਨੂੰ ਮਹਿਜ਼ ਬੀਬੀਸੀ ਨਾਲ ਗੱਲ ਕਰਨ ਕਰਕੇ ਹੀ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੀਨਾ ਵੀ ਕਹਿੰਦੇ ਹਨ ਕਿ ਉਸ ਦਾ ਕੰਮ ਵਧੇਰੇ ਮੁਸ਼ਕਿਲ ਹੋ ਗਿਆ ਹੈ। ਉਸ ਨੂੰ ਚਿੰਤਾ ਹੁੰਦੀ ਹੈ ਕਿ ਦਫ਼ਤਰ ਵਿੱਚ ਬਹਿ ਕੇ ਉਸ ਦਾਸੀ ਤੋਂ ਅਹਿਮ ਹੁਨਰ ਖੋਹਿਆ ਜਾਏਗਾ, ਜੋ ਕਿ ਲੋਕਾਂ ਤੋਂ ਉਨ੍ਹਾਂ ਦੇ ਦਿਲ ਦੀ ਗੱਲ ਕਢਵਾਉਣਾ ਸੀ।
ਅਤੇ ਉਹ ਸਭ ਤੋਂ ਆਮ ਚੀਜ਼ਾਂ ਯਾਦ ਕਰਦੀ ਹੈ ਜਿਵੇਂ ਕਿ ਪਰਿਵਾਰਕ ਇਕੱਠ ਜਿੱਥੇ ਕਿ ਹਰ ਕੋਈ ਉਸ ਦੇ ਛੋਟੇ ਮੁੰਡੇ ’ਤੇ ਪਿਆਰ ਜਤਾਉਂਦਾ ਸੀ।
ਉਹ ਕਹਿੰਦੇ ਹਨ, “ਪਿਆਰ ਹਾਲੇ ਵੀ ਹੈ ਪਰ ਹੁਣ ਦੂਰੋਂ ਦੂਰੋਂ ਹੈ।”
ਫਰਨਾਜ਼ ਕਹਿੰਦੇ ਹਨ, “ਦੇਸ਼ ਤੋਂ ਬਾਹਰ ਰਹਿਣਾ ਅਤੇ ਕੰਮ ਕਰਨਾ ਅੱਧੀ ਜ਼ਿੰਦਗੀ ਵਾਂਗ ਹੈ। ਤੁਸੀਂ ਅਸਲ ਵਿੱਚ ਆਪਣੀ ਜ਼ਿੰਦਗੀ ਨਹੀਂ ਜਿਉਂਦੇ। ਇਹ ਮਹਿਸੂਸ ਕਰਦਿਆਂ ਕਿ ਮੈਂ ਹੁਣ ਬ੍ਰਿਟਿਸ਼ ਹਾਂ, ਇਸ ਦੇਸ਼ ਵਿੱਚ ਰਹਿ ਰਹੀ ਹਾਂ। ਇਹ ਸਭ ਮਨ ਨੂੰ ਸਮਝਾਉਣ ਸੌਖਾ ਨਹੀਂ। ਤੁਸੀਂ ਦੇਸ਼ ਨਿਕਾਲਾ ਹੰਢਾ ਰਹੇ ਹੋ, ਪਰ ਫਿਰ ਵੀ ਉੱਥੇ ਹੋ।”












